9 October 2024

ਹਿੰਦੀ ਮਿੰਨੀ ਕਹਾਣੀ: ਰਿਸ਼ਤੇ—* ਮੂਲ : ਲਤਾ ਅਗਰਵਾਲ ‘ਤੁਲਜਾ’/* ਅਨੁ : ਪ੍ਰੋ. ਨਵ ਸੰਗੀਤ ਸਿੰਘ

ਅੱਜ ਸ਼ੁਭਾਂਗੀ ਦੀ ਸ਼ਾਦੀ ਹੈ, ਮਾਤਾ-ਪਿਤਾ ਦੀ ਇਕਲੌਤੀ ਲਾਡਲੀ ਸ਼ੁਭਾਂਗੀ। ਮਾਤਾ-ਪਿਤਾ ਨੇ ਇੱਕ ਤੋਂ ਵੱਧ ਕੇ ਇੱਕ ਸਜਾਵਟੀ ਸਮਾਨ, ਸ਼ਹਿਨਾਈ, ਮਹਿੰਗੀਆਂ ਡਰੈੱਸਿਜ਼, ਗਹਿਣੇ… ਕਿਸੇ ਚੀਜ਼ ਦੀ ਕਮੀ ਨਹੀਂ ਰੱਖੀ, ਪਰ ਫਿਰ ਵੀ ਸ਼ੁਭਾਂਗੀ ਦੇ ਚਿਹਰੇ ਤੇ ਉਹ ਮੁਸਕਰਾਹਟ ਨਹੀਂ ਸੀ, ਜੋ ਇੱਕ ਨਵ-ਵਿਆਹੁਤਾ ਦੇ ਚਿਹਰੇ ਤੇ ਹੋਣੀ ਚਾਹੀਦੀ ਹੈ। ਕਾਰਨ, ਇਕਲੌਤੀ ਬੇਟੀ ਹੈ, ਸ਼ੁਭਾਂਗੀ! ਕਾਸ਼, ਕੋਈ ਭਰਾ ਹੁੰਦਾ ਤੇ ਉਹਦੀ ਡੋਲੀ ਨੂੰ ਮੋਢਾ ਦਿੰਦਾ! ਉਹਦੇ ਪਿੱਛੋਂ ਮਾਂ-ਪਿਓ ਦੀ ਦੇਖਭਾਲ ਦਾ ਭਰੋਸਾ ਦਿੰਦਾ ਤਾਂ ਉਹ ਬੇਫਿਕਰ ਹੋ ਕੇ ਆਪਣੀ ਨਵੀਂ ਗ੍ਰਹਿਸਥੀ ਵਿੱਚ ਦਾਖਲ ਹੁੰਦੀ। ਪਰ ਹੁਣ ਮਾਂ ਅਤੇ ਦਿਲ ਦੇ ਮਰੀਜ਼ ਪਿਓ ਦੀ ਚਿੰਤਾ ਉਹਨੂੰ ਕਿਵੇਂ ਚੈਨ ਨਾਲ ਰਹਿਣ ਦੇਵੇਗੀ। ਇਸੇ ਚਿੰਤਾ ਵਿੱਚ ਸੀ ਕਿ ਮਾਂ ਨੇ ਆ ਕੇ ਕਿਹਾ, “ਬੇਟੀ,  ਤਿਆਰ ਹੋ ਗਈ? ਬਰਾਤ ਕੁਝ ਹੀ ਦੇਰ ਵਿੱਚ ਦਰਵਾਜ਼ੇ ਤੇ ਪਹੁੰਚ ਰਹੀ ਹੈ।”

“ਹਾਂ ਮਾਂ।” ਉਹ ਉਦਾਸ ਭਾਵ ਨਾਲ ਬੋਲੀ।

ਮਾਂ ਵੀ ਧੀ ਦ‍ਾ ਦਰਦ ਪੜ੍ਹ ਰਹੀ ਸੀ… ਪਰ ਕਰ ਕੀ ਸਕਦੀ ਸੀ। ਬਰਾਤ ਦਰਵਾਜ਼ੇ ਤੇ ਆਈ ਤਾਂ ਅਚਾਨਕ ਚਾਰ ਯੁਵਕਾਂ ਨੇ ਲਾੜੇ ਦੀ ਘੋੜੀ ਦੇ ਅੱਗੇ ਅਜਿਹਾ ਡਾਂਸ ਕੀਤਾ ਕਿ ਸਾਰੇ ਬਰਾਤੀ ਖੁਸ਼ ਹੋ ਗਏ।

“ਵਾਹ ਬਈ! ਜਵਾਈ ਜੀ, ਤੁਹਾਡੇ ਮਿੱਤਰਾਂ ਨੇ ਤਾਂ ਕਮਾਲ ਕਰ ਦਿੱਤੀ।” ਸ਼ੁਭਾਂਗੀ ਦੇ ਮਾਮਾ ਨੇ ਲਾੜੇ ਨੂੰ ਕਿਹਾ।

“ਜੀ, ਇਹ ਸਾਡੇ ਨਾਲ ਨਹੀਂ ਹਨ… ਸਾਨੂੰ ਨਹੀਂ ਪਤਾ ਕੌਣ ਹਨ?” 

ਉਨ੍ਹਾਂ ਦੇ ਇੰਨਾਂ ਕਹਿੰਦੇ ਹੀ ਕੁੜੀ ਵਾਲਿਆਂ ਦੇ ਚਿਹਰੇ ਤੇ ਚਿੰਤਾ ਉਭਰ ਆਈ।   

ਚਾਰੇ ਮੁੰਡਿਆਂ ਨੇ ਜਦੋਂ ਇਹ ਵੇਖਿਆ ਤਾਂ ਹੱਸਦੇ ਹੋਏ ਬੋਲੇ, “ਤੁਸੀਂ ਫਿਕਰ ਨਾ ਕਰੋ, ਅਸੀਂ ਚਾਰੇ ਸ਼ੁਭਾਂਗੀ ਦੇ ਭਰਾ ਹਾਂ… ਉਹ ਕੀ ਹੈ ਨਾ, ਸਾਨੂੰ ਬੜੀ ਮੁਸ਼ਕਿਲ ਨਾਲ ਛੁੱਟੀ ਮਿਲੀ ਹੈ, ਇਸਲਈ ਜ਼ਰਾ ਲੇਟ ਹੋ ਗਏ ਪਹੁੰਚਣ ਵਿੱਚ।” ਪਹਿਲਾ ਯੁਵਕ ਬੋਲਿਆ। 

“ਜੀ, ਜਦੋਂ ਆਏ ਤਾਂ ਵੇਖਿਆ ਕਿ ਭੈਣ ਦੀ ਬਰਾਤ ਦਰਵਾਜ਼ੇ ਤੇ ਪਹੁੰਚ ਗਈ ਹੈ ਤਾਂ ਜੀਜਾ ਜੀ ਦਾ ਸਵਾਗਤ ਤਾਂ ਹੋਣਾ ਚਾਹੀਦਾ ਹੈ ਨਾ, ਇਸਲਈ ਡਾਂਸ ਕਰਨ ਲੱਗ ਪਏ।” ਦੂਜਾ ਬੋਲਿਆ।

“ਹੁਣ ਚਲੋ, ਭੈਣ ਸ਼ੁਭਾਂਗੀ ਨੂੰ ਵੀ ਮਿਲ ਲਈਏ।” ਤੀਜੇ ਨੇ ਕਿਹਾ।

“ਹਾਂ ਹਾਂ, ਚਲੋ ਭੈਣ ਉਡੀਕ ਰਹੀ ਹੋਵੇਗੀ।”

“ਕੀ ਕੋਈ ਸਾਨੂੰ ਭੈਣ ਦੇ ਕਮਰੇ ਤੱਕ ਪਹੁੰਚਾ ਸਕਦਾ ਹੈ?” ਕਹਿੰਦੇ ਹੋਏ ਸਾਰੇ ਅੰਦਰ ਵੱਲ ਚੱਲ ਪਏ। ਜਿਉਂ ਹੀ ਸ਼ੁਭਾਂਗੀ ਦੇ ਸਾਹਮਣੇ ਪਹੁੰਚੇ, ਉਨ੍ਹਾਂ ਨੂੰ ਵੇਖ ਕੇ ਸ਼ੁਭਾਂਗੀ ਨਮ ਅੱਖਾਂ ਨਾਲ ਦੌੜੀ।

“ਰਿਤੇਸ਼ ਭੱਈਆ, ਜਸਵਿੰਦਰ ਭਾ ਜੀ, ਸ਼ਫ਼ੀਕ ਭਾਈ, ਬ੍ਰਦਰ ਜੌਨਸਨ… ਤੁਸੀਂ! ਬਿਨਾਂ ਦੱਸੇ…। ਮੈਂ ਤਾਂ ਸੋਚਿਆ ਸੀ ਕਿ ਤੁਸੀਂ ਭੈਣ ਨੂੰ ਭੁੱਲ ਗਏ ਹੋ!”

“ਲਾਹੌਲਵਿੱਲਾ ਕੂਵਤ! ਕਿਹੋ ਜਿਹੀ ਗੱਲ ਕਰ ਰਹੀ ਹੋ ਆਪਾ! ਚਾਰ-ਚਾਰ ਭਰਾਵਾਂ ਦੇ ਹੁੰਦਿਆਂ ਅਜਿਹਾ ਕਿਵੇਂ ਸੋਚਿਆ!”

“ਬਈ, ਤੁਸੀਂ ਆਉਣ ਦੀ ਸੂਚਨਾ ਕਿਉਂ ਨਹੀਂ ਦਿੱਤੀ?”

“ਉਹ ਇਸਲਈ ਭੈਣੇ, ਕਿ ਸਰਹੱਦ ਤੇ ਇਸ ਵੇਲੇ ਤਣਾਅ ਚੱਲ ਰਿਹਾ ਹੈ, ਛੁੱਟੀ ਮਿਲਣੀ ਬਹੁਤ ਮੁਸ਼ਕਿਲ ਸੀ। ਅਸੀਂ ਕਮਾਂਡਰ ਨੂੰ ਇਹ ਵਿਸ਼ਵਾਸ ਦਿਵਾ ਕੇ ਆਏ ਹਾਂ ਕਿ ਭੈਣ ਨੂੰ ਵਿਦਾ ਕਰਕੇ ਤੁਰੰਤ ਮੁੜ ਆਵਾਂਗੇ ਅਤੇ ਆਉਣ ਪਿੱਛੋਂ ਡਬਲ ਡਿਊਟੀ ਕਰਕੇ ਹਰਜਾਨਾ ਪੂਰਾ ਵੀ ਕਰਾਂਗੇ।”

ਸ਼ੁਭਾਂਗੀ ਨਾਲ ਉੱਥੇ ਖੜ੍ਹੀ ਉਹਦੀ ਮਾਂ ਦੀਆਂ ਅੱਖਾਂ ਵੀ ਨਮ ਹੋ ਗਈਆਂ। ਮਾਂ ਬੋਲੀ, “ਬੇਟੀ, ਤੂੰ ਇਨ੍ਹਾਂ ਬਾਰੇ ਕਦੇ ਦੱਸਿਆ ਹੀ ਨਹੀਂ।”

“ਮਾਂ, ਕੋਰੋਨਾ ਸਮੇਂ ਮੈਂ ਅਤੇ ਅਰਪਣਾ ਨੇ ਸਰਹੱਦ ਤੇ ਤੈਨਾਤ ਆਪਣੇ ਭਰਾਵਾਂ ਨੂੰ ਰੱਖੜੀ ਭੇਜਣ ਦਾ ਮਨ ਬਣਾਇਆ। ਮੈਂ ਰੱਖੜੀ ਨਾਲ ਇੱਕ ਚਿੱਠੀ ਵੀ ਲਿਖੀ, “ਮੇਰਾ ਕੋਈ ਭਰਾ ਨਹੀਂ  ਹੈ, ਕੀ ਤੁਸੀਂ ਮੇਰੇ ਭਰਾ ਬਣੋਗੇ? ਮਾਂ, ਮੈਨੂੰ ਇੱਕ ਨਹੀਂ ਚਾਰ- ਚਾਰ ਭਰਾ ਮਿਲੇ। ਇਹ ਵੇਖੋ, ਉਦੋਂ ਤੋਂ ਮੈਂ ਹਰ ਸਾਲ ਇਨ੍ਹਾਂ ਨੂੰ ਰੱਖੜੀ ਭੇਜਦੀ ਹਾਂ।” 

ਉਦੋਂ ਹੀ ਸ਼ੁਭਾਂਗੀ ਦੀ ਇੱਕ ਰਿਸ਼ਤੇਦਾਰ ਨੇ ਹੌਲੀ ਜਿਹੀ ਉਹਦੇ ਕੰਨ ਵਿੱਚ ਕਿਹਾ, “ਸ਼ੁਭਾਂਗੀ, ਰਿਤੇਸ਼ ਤੱਕ ਤਾਂ ਠੀਕ ਸੀ… ਪਰ ਇਹ ਜਸਵਿੰਦਰ, ਸ਼ਫ਼ੀਕ, ਬ੍ਰਦਰ… ਇਹ ਆਪਣੇ ਧਰਮ ਦੇ…।” 

ਉਨ੍ਹਾਂ ਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਸ਼ੁਭਾਂਗੀ ਬੋਲ ਪਈ, “ਚਾਚੀ, ਸਰਹੱਦ ਤੇ ਸੈਨਿਕ ਸਿਰਫ ਸੈਨਿਕ ਹੁੰਦਾ ਹੈ, ਹਿੰਦੂ, ਮੁਸਲਿਮ, ਸਿੱਖ ਜਾਂ ਈਸਾਈ ਨਹੀਂ। ਉਵੇਂ ਹੀ ਭਰਾ ਸਿਰਫ ਭਰਾ ਹੁੰਦਾ ਹੈ, ਹਿੰਦੂ, ਮੁਸਲਿਮ, ਸਿੱਖ ਜਾਂ ਈਸਾਈ ਨਹੀਂ…।”
***
* ਮੂਲ : ਡਾ. ਲਤਾ ਅਗਰਵਾਲ ‘ਤੁਲਜਾ’,
ਭੋਪਾਲ (ਮੱਧਪ੍ਰਦੇਸ਼) 

* ਅਨੁ : ਪ੍ਰੋ. ਨਵ ਸੰਗੀਤ ਸਿੰਘ,
ਅਕਾਲ ਯੂਨੀਵਰਸਿਟੀ,
ਤਲਵੰਡੀ ਸਾਬੋ-151302 (ਬਠਿੰਡਾ)
9417692015

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1387
***

ਡਾ. ਲਤਾ ਅਗਰਵਾਲ 'ਤੁਲਜਾ'
ਭੋਪਾਲ (ਮੱਧਪ੍ਰਦੇਸ਼) 

ਡਾ. ਲਤਾ ਅਗਰਵਾਲ 'ਤੁਲਜਾ'

ਡਾ. ਲਤਾ ਅਗਰਵਾਲ 'ਤੁਲਜਾ' ਭੋਪਾਲ (ਮੱਧਪ੍ਰਦੇਸ਼) 

View all posts by ਡਾ. ਲਤਾ ਅਗਰਵਾਲ 'ਤੁਲਜਾ' →