10 October 2024

ਮਿੰਨੀ ਹਿੰਦੀ ਕਹਾਣੀ: ਖੁੱਲ੍ਹੀ ਹਵਾ—* ਮੂਲ : ਪੂਜਾ ਭਾਰਦਵਾਜ/* ਅਨੁ : ਪ੍ਰੋ. ਨਵ ਸੰਗੀਤ ਸਿੰਘ

ਮਿੰਨੀ ਹਿੰਦੀ ਕਹਾਣੀ: ਖੁੱਲ੍ਹੀ ਹਵਾ

 “ਮਾਂ ਅੱਖਾਂ ਬੰਦ ਕਰੋ” ਇੰਨਾ ਕਹਿ ਕੇ ਪ੍ਰੇਮ ਨੇ ਹੱਥਾਂ ਨਾਲ ਮਾਂ ਦੀਆਂ ਅੱਖਾਂ ਨੂੰ ਢਕ ਦਿੱਤਾ।

“ਕੀ ਕਰ ਰਿਹੈਂ ਇਹ ਤੂੰ? ਏਸ ਉਮਰ ਵਿੱਚ ਵੀ ਤੈਨੂੰ ਮੇਰੇ ਨਾਲ ਸ਼ਰਾਰਤਾਂ ਸੁਝਦੀਆਂ ਨੇ?” ਮਾਂ ਨੇ ਨਾਟਕੀ ਗੁੱਸੇ ਵਿੱਚ ਕਿਹਾ।

“ਕੁਝ ਨਹੀਂ ਕਰ ਰਿਹਾ। ਬਸ ਗੇਟ ਤੱਕ ਚੱਲੋ।”

ਦੋਵੇਂ ਮੁੱਖ ਦਰਵਾਜ਼ੇ ਤੱਕ ਪਹੁੰਚੇ ਤਾਂ ਪ੍ਰੇਮ ਨੇ ਹੌਲੀ ਜਿਹੀ ਮਾਂ ਦੀਆਂ ਅੱਖਾਂ ਨੂੰ ਆਪਣੇ ਹੱਥਾਂ ਦੇ ਢੱਕਣ ਤੋਂ ਆਜ਼ਾਦ ਕਰ ਦਿੱਤਾ। ਮਾਂ ਨੇ ਅੱਖਾਂ ਖੋਲ੍ਹੀਆਂ ਤਾਂ ਸਾਹਮਣੇ ਸਕੂਟੀ ਸੀ,  ਬਿਲਕੁਲ ਨਵੀਂ ਤੇ ਚਮਕਦੀ।

“ਅੱਛਾ, ਤਾਂ ਇਹ ਗੱਲ ਸੀ! ਕਦੋਂ ਲਿਆਂਦੀ? ਦੱਸਿਆ ਵੀ ਨਹੀਂ? ਉਂਜ ਇਹਦੀ ਕੀ ਲੋੜ ਹੈ? ਘਰ ਵਿੱਚ ਤਾਂ ਪਹਿਲਾਂ ਹੀ ਦੋ ਬਾਈਕ ਨੇ। ਨੌਕਰੀ ਕੀ ਮਿਲੀ, ਹੋ ਗਈ ਜਨਾਬ ਦੀ ਫ਼ਜ਼ੂਲ ਖਰਚੀ ਸ਼ੁਰੂ।” ਮਾਂ ਹਮੇਸ਼ਾ ਵਾਂਗ ਸਭ ਕੁਝ ਇੱਕੋ ਸਾਹ ਵਿੱਚ ਬੋਲ ਗਈ।

“ਓ, ਠਹਿਰੋ ਮਾਈ ਡੀਅਰ ਐਕਸਪ੍ਰੈਸ! ਇਹ ਮੈਂ ਆਪਣੇ ਲਈ ਨਹੀਂ ਲਿਆਂਦੀ।”

“ਤਾਂ ਫਿਰ ਕੀਹਦੇ ਲਈ?” ਮਾਂ ਨੇ ਡੂੰਘੀ ਭੇਦਭਰੀ ਦ੍ਰਿਸ਼ਟੀ ਨਾਲ ਸੁਆਲ ਕੀਤਾ।

“ਤੁਹਾਡੇ ਲਈ” ਬੋਲਦੇ ਹੋਏ ਪ੍ਰੇਮ ਨੇ ਮਾਂ ਦਾ ਚਿਹਰਾ ਹੱਥਾਂ ਵਿੱਚ ਲੈ ਲਿਆ।

“ਮੇਰੇ ਲਈ? ਮੈਨੂੰ ਇਹਦੀ ਕੀ ਲੋੜ ਹੈ?”

“ਲੋੜ ਕਿਉਂ ਨਹੀਂ! ਪਾਪਾ ਕੰਮ ਵਿੱਚ ਬਿਜ਼ੀ ਰਹਿੰਦੇ ਨੇ ਤੇ ਹੁਣ ਮੈਨੂੰ ਵੀ ਨੌਕਰੀ ਮਿਲ ਗਈ ਹੈ। ਘਰ ਵਿੱਚ ਕਿੰਨੇ ਕੰਮ ਹੁੰਦੇ ਨੇ ਜੋ ਤੁਹਾਨੂੰ ਸਾਡੀ ਉਡੀਕ ਵਿੱਚ ਐਤਵਾਰ ਤੱਕ ਲਟਕਾਉਣੇ ਪੈਂਦੇ ਨੇ। ਹੁਣ ਤੁਸੀਂ ਸਾਡੇ ਤੇ ਨਿਰਭਰ ਨਹੀਂ ਰਹੋਗੇ।” 

“ਤੇਰਾ ਦਿਮਾਗ ਕੀ ਖਰਾਬ ਹੋ ਗਿਐ ਪ੍ਰੇਮ? ਇਹ ਸ਼ਹਿਰ ਨਹੀਂ, ਪਿੰਡ ਹੈ ਬੇਟਾ! ਲੋਕ ਹੱਸਣਗੇ ਮੇਰੇ ਤੇ। ‘ਬੁੱਢੀ ਘੋੜੀ ਲਾਲ ਲਗਾਮ’! ਤੇ ਫਿਰ ਮੈਂ ਕਿਹੜੀ ਜੌਬ ਕਰਦੀ ਹਾਂ ਜੋ ਇਹ ਸਕੂਟੀ ਤੇ ਘੁੰਮਾਂ!” ਮਾਂ ਨੇ ਆਪਣੀ ਚਿੰਤਾ ਪ੍ਰਗਟਾਈ।

“ਮਾਂ, ਤੁਸੀਂ ਲੋਕਾਂ ਤੋਂ ਕੀ ਲੈਣਾ ਹੈ! ਭੱਜ-ਦੌੜ ਕਰਕੇ ਜਦੋਂ ਇੰਨਾ ਥੱਕ ਜਾਂਦੇ ਹੋ ਤਾਂ ਕੀ ਲੋਕ ਆਉਂਦੇ ਨੇ ਹਾਲਚਾਲ ਪੁੱਛਣ? ਮੇਰੇ ਪਿਆਰੇ ਮਾਤਾ ਜੀ, ਇਹੋ ਤਾਂ ਉਮਰ ਹੈ ਇਨ੍ਹਾਂ ਸਹੂਲਤਾਂ ਦਾ ਲਾਭ ਲੈਣ ਦੀ! ਜਵਾਨੀ ਵਿੱਚ ਤਾਂ ਬੰਦਾ ਦੌੜ-ਦੌੜ ਕੇ ਵੀ ਕੰਮ ਕਰ ਲੈਂਦਾ ਹੈ ਪਰ ਕੀ ਹੁਣ ਕਰ ਸਕਦੇ ਹੋ…?”

“ਪਰ ਬੇਟੇ, ਏਸ ਉਮਰ ਵਿੱਚ…?”

ਮਾਂ ਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਪ੍ਰੇਮ ਨੇ ਆਪਣੀ ਉਂਗਲ ਮਾਂ ਦੇ ਬੁੱਲ੍ਹਾਂ ਤੇ ਰੱਖ ਦਿੱਤੀ।

“ਚੁੱਪ! ਕੋਈ ਉਮਰ ਨਹੀਂ। 50 ਸਾਲ ਦੇ ਹੋ, ਤੇ ਬੋਲ ਇਉਂ ਰਹੇ ਹੋ ਜਿਵੇਂ 100 ਦੇ ਹੋਵੋ!” ਕਹਿ ਕੇ ਪ੍ਰੇਮ ਹੱਸਿਆ।

“ਉਫ਼ਫ਼ੋ… ਤੂੰ ਸਮਝਦਾ ਨਹੀਂ। ਪਿੰਡ ਦੇ ਲੋਕ ਹੱਸਣਗੇ ਕਿ ਏਸ ਉਮਰ ਵਿੱਚ ਕੀ ਸੁੱਝੀ!”

“ਕੋਈ ਕੁਝ ਵੀ ਸਮਝੇ, ਤੁਸੀਂ ਬਸ ਉਹ ਸਮਝੋ ਜੋ ਮੈਂ ਕਹਿ ਰਿਹਾ ਹਾਂ” ਇਹ ਕਹਿ ਕੇ ਪ੍ਰੇਮ ਮਾਂ ਦਾ ਹੱਥ ਫੜ ਕੇ ਸਕੂਟੀ ਤੱਕ ਲੈ ਆਇਆ ਅਤੇ ਬੋਲਿਆ, “ਬੈਠੋ!”

ਮਾਂ ਹਿਚਕਿਚਾਈ।

ਪ੍ਰੇਮ ਨੇ ਪਿਆਰ ਨਾਲ ਜ਼ਬਰਦਸਤੀ ਬਿਠਾ ਦਿੱਤਾ ਅਤੇ ਆਪ ਪਿੱਛੇ ਬਹਿ ਗਿਆ।

“ਵੇਖੋ, ਇਸ ਤਰ੍ਹਾਂ ਸਟਾਰਟ ਕਰਨਾ ਹੈ, ਧਿਆਨ ਨਾਲ ਵੇਖ ਲਵੋ।”

ਮਾਂ ਅੰਦਰੋਂ-ਅੰਦਰੀ ਖੁਸ਼ ਵੀ ਸੀ ਤੇ ਬੇਚੈਨ ਵੀ! ਬੇਚੈਨੀ ਸਮਾਜ ਦੀਆਂ ਬਣੀਆਂ ਰੂੜ੍ਹੀਆਂ ਦੀ ਅਤੇ ਖੁਸ਼ੀ, ਜਿਸ ਬੇਟੇ ਨੂੰ ਜਨਮ ਤੋਂ ਲੈ ਕੇ ਅੱਜ ਤੱਕ ਸਿਖਾਇਆ, ਉਹ ਅੱਜ ਉਹਨੂੰ ਸਿਖਾ ਰਿਹਾ ਸੀ। ਸਕੂਟੀ ਸਟਾਰਟ ਕਰਕੇ ਪ੍ਰੇਮ ਮਾਂ ਨੂੰ ਸਮਝਾਉਂਦਾ ਜਾ ਰਿਹਾ ਸੀ ਅਤੇ ਮਾਂ ਬੜੇ ਧਿਆਨ ਨਾਲ ਸਭ ਸਮਝ ਰਹੀ ਸੀ। ਲੋਕਾਂ ਦੀਆਂ ਨਜ਼ਰਾਂ ਖੁਦ ਤੇ ਪੈਂਦੀਆਂ ਵੇਖ ਕੇ ਹਿਚਕਿਚਾ ਜਾਂਦੀ ਪਰ ਬੇਟੇ ਦਾ ਉਤਸ਼ਾਹ ਉਹਨੂੰ ਵੀ ਜੋਸ਼ ਅਤੇ ਉਮੰਗ ਨਾਲ ਭਰ ਦਿੰਦਾ। ਆਨੰਦ ਦੀ ਲਹਿਰ ਤੇ ਸਵਾਰ ਮਾਂ ਖੁਦ ਨੂੰ ਖੁੱਲ੍ਹੀ ਹਵਾ ਵਿੱਚ ਆਜ਼ਾਦ ਮਹਿਸੂਸ ਕਰ ਰਹੀ ਸੀ। ਉਹਨੂੰ ਯਾਦ ਆਇਆ ਕਿ ਉਹ ਬਚਪਨ ਵਿੱਚ ਚਿੜੀ ਬਣ ਕੇ ਉੱਡਣਾ ਚਾਹੁੰਦੀ ਸੀ। ਅੱਜ ਲੱਗਿਆ ਜਿਵੇਂ ਉਹ ਸੁਪਨਾ ਪੂਰਾ ਹੋ ਗਿਆ ਹੋਵੇ!

ਸਕੂਟੀ ਸਟਾਰਟ ਕਰ ਕੇ ਉਹ ਉੱਡ ਹੀ ਤਾਂ ਰਹੀ ਸੀ, ਇੱਕ ਤਾਜ਼ੀ ਖੁੱਲ੍ਹੀ ਹਵਾ ਵਿੱਚ ਚਿੜੀ ਵਾਂਗ ਚਹਿਕਦੀ ਹੋਈ।
   ***
# ਮੂਲ : ਪੂਜਾ ਭਾਰਦਵਾਜ 187, ਕਕਰਾਲਾ (ਮਹਿੰਦਰਗੜ੍ਹ) ਹਰਿਆਣਾ-123027

# ਅਨੁ : ਪ੍ਰੋ. ਨਵ ਸੰਗੀਤ ਸਿੰਘ, ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1119
***

 ਪੂਜਾ ਭਾਰਦਵਾਜ
187, ਕਕਰਾਲਾ

(ਮਹਿੰਦਰਗੜ੍ਹ)
ਹਰਿਆਣਾ-123027

ਪੂਜਾ ਭਾਰਦਵਾਜ

 ਪੂਜਾ ਭਾਰਦਵਾਜ 187, ਕਕਰਾਲਾ (ਮਹਿੰਦਰਗੜ੍ਹ) ਹਰਿਆਣਾ-123027

View all posts by ਪੂਜਾ ਭਾਰਦਵਾਜ →