23 April 2024

ਚਾਰ ਹਿੰਦੀ ਮਿੰਨੀ ਕਹਾਣੀਅਾਂ – – – ਅਨੁ : ਪ੍ਰੋ. ਨਵ ਸੰਗੀਤ ਸਿੰਘ  

1. ਚੰਗੇ ਘਰਾਂ ਦੀਆਂ ਕੁੜੀਆਂ * ਮੂਲ : ਡਾ. ਚੰਦਰਾ ਸਾਯਤਾ, 2. ਧਰਮ ਦੀਆਂ ਟੋਪੀਆਂ * ਮੂਲ : ਮਨੋਰਮਾ ਪੰਤ

3. ਇੱਕ ਸੀ ਅਖ਼ਬਾਰ * ਮੂਲ : ਸੁਰੇਸ਼ ਸੌਰਭ, 4. ਮੇਰਾ ਬੇਟਾ, ਮੇਰਾ ਲਾਲ * ਮੂਲ : ਡਾ. ਵੀਰੇਂਦਰ ਕੁਮਾਰ ਭਾਰਦਵਾਜ
-ਅਨੁ : ਪ੍ਰੋ. ਨਵ ਸੰਗੀਤ ਸਿੰਘ-  

1. ਚੰਗੇ ਘਰਾਂ ਦੀਆਂ ਕੁੜੀਆਂ — ਮੂਲ : ਡਾ. ਚੰਦਰਾ ਸਾਯਤਾ

 ਰਿੰਗ ਟੋਨ ਵੱਜਦੇ ਹੀ ਮੈਂ ਮੋਬਾਈਲ ਚੁੱਕਿਆ। ਟੀਵੀ ਦੀ ਆਵਾਜ਼ ਮਿਊਟ ਕਰਦਿਆਂ ਮੈਂ ‘ਹੈਲੋ’ ਕਿਹਾ।
 
“ਅੰਕਲ, ਮੈਂ ਨਿਸ਼ਾ ਬੋਲ ਰਹੀ ਹਾਂ। ਤੁਹਾਡੇ ਫਲੈਟ ਦੀ ਕਿਰਾਏਦਾਰ।”

“ਓ ਹਾਂ! ਦੱਸੋ ਬੇਟਾ, ਕੋਈ ਪ੍ਰੇਸ਼ਾਨੀ ਹੈ?”

“ਜੀ ਅੰਕਲ, ਤੁਸੀਂ ਠੀਕ ਸਮਝਿਆ। ਏਥੇ ਸਾਹਮਣੇ ਵਾਲੀ ਬਿਲਡਿੰਗ ਦੇ ਕੁਝ ਆਵਾਰਾ ਮੁੰਡੇ ਸਾਨੂੰ ਪ੍ਰੇਸ਼ਾਨ ਕਰ ਰਹੇ ਨੇ। ਉੱਤੇ ਰੋੜੇ ਸੁੱਟ ਰਹੇ ਨੇ। ਖਿੜਕੀ ਦਾ ਸ਼ੀਸ਼ਾ ਵੀ ਟੁੱਟ ਗਿਆ ਹੈ। ਸਾਨੂੰ ਘਟੀਆ ਸ਼ਬਦ ਵੀ ਬੋਲ ਰਹੇ ਨੇ। ਹੇਠਾਂ ਭੀੜ ਜਮਾਂ ਹੋ ਗਈ ਹੈ।”

“ਵੇਖੋ ਤੁਸੀਂ ਡਰੋ ਨਾ। ਅੰਦਰ ਜਾ ਕੇ ਦਰਵਾਜ਼ਾ ਬੰਦ ਕਰ ਲਓ। ਮੈਂ ਹੁਣੇ ਆਉਂਦਾ ਹਾਂ।”

ਮੈਨੂੰ ਤਿਆਰ ਹੁੰਦਾ ਵੇਖ ਕੇ ਨੀਰੂ ਨੇ ਟੋਕਿਆ, “ਸੁਣੋ, ਕੁੜੀਆਂ ਦਾ ਮਾਮਲਾ ਹੈ। ਰਾਤ ਦੇ ਗਿਆਰਾਂ ਵੱਜ ਰਹੇ ਨੇ। ਇਕੱਲੇ ਨਾ ਜਾਓ। ਪਲੀਜ਼, ਠਾਣੇ ਵਿੱਚ ਰਿਪੋਰਟ ਲਿਖਵਾ ਕੇ ਕਾਂਸਟੇਬਲ ਨੂੰ ਨਾਲ ਲੇੈ ਕੇ ਜਾਓ!”

ਪੁਲੀਸ ਨੇ ਮੁੰਡਿਆਂ ਨੂੰ ਧਮਕਾਇਆ। ਇੱਕ-ਦੋ ਦੇ ਡੰਡੇ ਵੀ ਮਾਰੇ ਤੇ ਉਨ੍ਹਾਂ ਨੂੰ ਹਦਾਇਤਾਂ ਦੇ ਕੇ ਭਜਾ ਦਿੱਤਾ। ਭੀੜ ਵੀ ਖਿੱਲਰ ਗਈ। ਸਥਿਤੀ ਆਮ ਵਰਗੀ ਹੋਣ ਤੇ ਮੈਂ ਘਰ ਮੁੜ ਆਇਆ।

ਅਗਲੇ ਦਿਨ ਮੈਂ ਉਨ੍ਹਾਂ ਕੁੜੀਆਂ ਤੋਂ ਕਿਰਾਇਆ ਲੈਣ ਜਾਣਾ ਸੀ। ਸੋਚਿਆ, ਉਨ੍ਹਾਂ ਦਾ ਹਾਲਚਾਲ ਵੀ ਪੁੱਛ ਆਵਾਂਗਾ। ਬੈੱਲ ਵਜਾਉਣ ਤੇ ਕੁਝ ਚਿਰ ਬਾਦ ਦਰਵਾਜ਼ਾ ਖੁੱਲ੍ਹਿਆ। ਉੱਥੇ ਨਿਸ਼ਾ ਇਕੱਲੀ ਸੀ, ਕਿਉਂਕਿ ਬਾਕੀ ਤਿੰਨ ਕਾਲਜ ਛੇਤੀ ਚਲੀਆਂ ਜਾਂਦੀਆਂ ਹਨ।

ਨਿਸ਼ਾ ਨੇ ਮੈਨੂੰ ਹਾਲ ਵਿੱਚ ਬਿਠਾਇਆ, ਪਾਣੀ ਲਈ ਪੁੱਛਿਆ। ਫਾਰਮੈਲਿਟੀ ਵਜੋਂ ਕਹਿਣ ਲੱਗੀ, “ਅੰਕਲ, ਅਸੀਂ ਚੰਗੇ ਘਰਾਂ ਦੀਆਂ ਕੁੜੀਆਂ ਹਾਂ। ਕਦੇ ਅਜਿਹਾ ਕੁਝ ਵੇਖਿਆ ਹੀ ਨਹੀਂ। ਰਾਤ ਤਾਂ ਉਨ੍ਹਾਂ ਮੁੰਡਿਆਂ ਨੇ ਤਮਾਸ਼ਾ ਹੀ ਖੜ੍ਹਾ ਕਰ ਦਿੱਤਾ ਸੀ।”

ਉਹ ਕਿਰਾਏ ਦੇ ਪੈਸੇ ਲੈਣ ਅੰਦਰ ਚਲੀ ਗਈ। ਨਿਸ਼ਾ ਦੇ ਆਉਣ ਤੱਕ ਮੇਰੀਆਂ ਨਜ਼ਰਾਂ ਹਾਲ ਦਾ ਜਾਇਜ਼ਾ ਲੈਣ ਲੱਗ ਪਈਆਂ। ਅਚਾਨਕ ਕੋਨੇ ਵਿੱਚ ਰੱਖੇ ਡਸਟਬਿਨ ਤੇ ਮੇਰੀ ਨਜ਼ਰ ਰੁਕ ਗਈ, ਜਿੱਥੇ ਕਾਗਜ਼ ਦੇ ਟੁਕੜਿਆਂ ਵਿੱਚੋਂ ‘ਯੂਜ਼ਡ ਕੰਡੋਮ’ ਝਾਕ ਰਿਹਾ ਸੀ।

ਨਿਸ਼ਾ ਨੇ ਕਿਰਾਇਆ ਦਿੱਤਾ। ਦਰਵਾਜ਼ੇ ਤੱਕ ਛੱਡਣ ਆਈ। ਬਾਹਰ ਨਿਕਲਦੇ-ਨਿਕਲਦੇ ਮੈਂ ਕਿਹਾ, “ਤੁਸੀਂ ਚੰਗੇ ਘਰਾਂ ਦੀਆਂ ਕੁੜੀਆਂ ਹੋ, ਚੰਗੀ ਤਰ੍ਹਾਂ ਰਹੋ! ਬਸ, ਇੰਨਾ ਹੀ ਕਹਿਣਾ ਚਾਹੁੰਦਾ ਹਾਂ।”
***

2. ਧਰਮ ਦੀਆਂ ਟੋਪੀਆਂ— ਮੂਲ : ਮਨੋਰਮਾ ਪੰਤ

ਮੇਰੇ ਆਫ਼ਿਸ ਦੇ ਰਾਹ ਵਿੱਚ ਮੰਦਰ, ਮਸਜਿਦ ਅਤੇ ਚਰਚ ਤਿੰਨੇ ਧਰਮ-ਅਸਥਾਨ ਆਉਂਦੇ ਹਨ। ਜਾਂਦੇ ਸਮੇਂ ਮੰਦਰ ਦੇ ਮੂਹਰੇ ਇੱਕ ਮਿੰਟ ਸਕੂਟਰ ਰੋਕ ਕੇ ਸਿਰ ਝੁਕਾ ਕੇ ਅੱਗੇ ਵਧ ਜਾਂਦਾ ਹਾਂ। ਅੱਜ ਉਹ ਫਿਰ ਮੈਨੂੰ ਦਿੱਸਿਆ, ਵੱਡਾ ਸਾਰਾ ਤਿਲਕ ਲਾਈ ਅਤੇ ਰਾਮਨਾਮ ਵਾਲਾ ਪਰਨਾ ਗਲ ਵਿੱਚ ਲਟਕਾਈ। ਕੱਲ੍ਹ ਟੋਪੀ ਲਾ ਕੇ ਮਸਜਿਦ ਦੇ ਸਾਹਮਣੇ ਅੱਲ੍ਹਾ ਦੇ ਨਾਂ ਤੇ ਭੀਖ ਮੰਗ ਰਿਹਾ ਸੀ ਅਤੇ ਅੱਜ ਰਾਮ ਦੇ ਨਾਂ ਤੇ।

ਹੁਣ ਮੈਂ ਉਹਦੇ ਚਿਹਰੇ ਨੂੰ ਚੰਗੀ ਤਰ੍ਹਾਂ ਪਛਾਣਨ ਲੱਗ ਪਿਆ ਸਾਂ। ਅੱਜ ਮੈਥੋਂ ਰਿਹਾ ਨਹੀਂ ਗਿਆ ਅਤੇ ਪੁੱਛ ਹੀ ਲਿਆ, “ਤੂੰ ਹਿੰਦੂ ਹੈਂ ਜਾਂ ਮੁਸਲਮਾਨ?”

ਅੱਖਾਂ ਵਿੱਚ ਹੰਝੂ ਭਰ ਕੇ ਉਹ ਬੋਲਿਆ, “ਮੇਰੇ ਵਰਗੇ ਗਰੀਬ ਦਾ ਕੋਈ ਧਰਮ ਨਹੀਂ ਹੁੰਦਾ। ਪਰ ਜਾਣਦਾ ਹਾਂ ਕਿ ਧਰਮ ਦੇ ਨਾਂ ਤੇ ਭੀਖ ਮਿਲ ਜਾਂਦੀ ਹੈ। ਮੇਰੇ ਕੋਲ ਸਭ ਧਰਮਾਂ ਦੀਆਂ ਟੋਪੀਆਂ ਹਨ, ਸਾਬ!”
***

3. ਇੱਕ ਸੀ ਅਖ਼ਬਾਰ — ਮੂਲ : ਸੁਰੇਸ਼ ਸੌਰਭ

ਬੇਟਾ : ਪਾਪਾ, ਅਖ਼ਬਾਰ ਕੀ ਹੁੰਦਾ ਹੈ?

ਪਾਪਾ : ਕਾਗਜ਼ ਦੇ ਵੱਡੇ ਵੱਡੇ ਤਰਤੀਬ ਨਾਲ ਤਹਿ ਕੀਤੇ ਪੰਨੇ ਹੁੰਦੇ ਸਨ। ਜਿਸ ਵਿੱਚ ਜਨਤਾ ਦੀ ਭਲਾਈ ਅਤੇ ਦੁਖ-ਸੁਖ ਦੇ ਕਿੱਸੇ ਛਪਦੇ ਹੁੰਦੇ ਸਨ।

ਬੇਟਾ : ਹੁਣ ਕਿਤੇ ਵਿਖਾਈ ਨਹੀਂ ਦਿੰਦੇ?

ਪਾਪਾ : ਬੇਟਾ, ਇਹਦੀ ਦੁਖਦਾਈ ਕਹਾਣੀ ਹੈ। ਜਦੋਂ ਜਨਤਾ ਦੀ ਭਲਾਈ ਨੂੰ ਪਾਸੇ ਕਰਕੇ ਸੰਪਾਦਕ ਆਪਣੀਆਂ ਸੁਖ-ਸੁਵਿਧਾਵਾਂ ਲਈ, ਆਪਣੀਆਂ ਅੱਯਾਸ਼ੀਆਂ ਲਈ ਸੱਤਾ-ਪੱਖ ਦੇ ਗੁਲਾਮ ਬਣ ਗਏ; ਤਾਨਾਸ਼ਾਹੀ ਸਰਕਾਰ ਦੇ ਗੁਣ-ਗਾਇਕ ਬਣ ਗਏ, ਉਦੋਂ ਜਨਤਾ ਨੇ ਹੌਲੀ-ਹੌਲੀ ਅਖ਼ਬਾਰਾਂ ਨੂੰ ਪੜ੍ਹਨਾ ਬੰਦ ਕਰ ਦਿੱਤਾ। ਜਿਸ ਨਾਲ ਅਖ਼ਬਾਰ ਬੰਦ ਹੋਣ ਲੱਗੇ। ਇੱਕ-ਦੋ ਸੱਤਾ ਦੀ ਤਾਨਾਸ਼ਾਹੀ ਦੇ ਖਿਲਾਫ ਲਿਖਦੇ ਰਹੇ, ਪਰ ਸਰਕਾਰ ਨੇ ਇੰਨੀਆਂ ਰੋਕਾਂ, ਇੰਨੀਆਂ ਬੰਦਿਸ਼ਾਂ ਉਨ੍ਹਾਂ ਤੇ ਲਾ ਦਿੱਤੀਆਂ ਕਿ ਉਹ ਵੀ ਹੌਲੀ-ਹੌਲੀ ਬੰਦ ਹੋ ਗਏ।

ਬੇਟਾ : ਪਾਪਾ, ਅਖ਼ਬਾਰ ਕਿਵੇਂ ਛਪਦਾ ਹੈ?

ਪਾਪਾ ਹੁਣ ਦੋਵੇਂ ਹੱਥ ਚੁੱਕ-ਚੁੱਕ ਕੇ ਦੱਸਣ ਲੱਗੇ – ਇੰਨੀਆਂ ਵੱਡੀਆਂ-ਵੱਡੀਆਂ ਮਸ਼ੀਨਾਂ ਹੋਇਆ ਕਰਦੀਆਂ ਸਨ। ਕਿਸੇ ਦਿਨ ਅਜਾਇਬਘਰ ਲੈ ਚੱਲਾਂਗਾ। ਵਿਖਾਵਾਂਗਾ ਕਿ ਅਖ਼ਬਾਰ ਕਿਨ੍ਹਾਂ ਮਸ਼ੀਨਾਂ ਨਾਲ ਛਪਦੇ ਸਨ।

ਹੁਣ ਬੇਟਾ ਖਾਮੋਸ਼ ਖਲਾਅ ਵਿੱਚ ਵੇਖਦਾ ਹੋਇਆ, ਅਖ਼ਬਾਰ ਦੀ ਬਣਤਰ ਬਾਰੇ ਸੋਚਦਿਆਂ, ਆਪਣੀਆਂ ਕਲਪਨਾਵਾਂ ਦੀਆਂ ਬੇਰੰਗ-ਕੰਧਾਂ ਵਿੱਚ ਬੀਤੇ-ਗੁਜ਼ਰੇ ਖੁਸ਼ਨੁਮਾ ਅਖ਼ਬਾਰਾਂ ਦੇ ਰੰਗ ਭਰਨ ਲੱਗਾ।
***

4. ਮੇਰਾ ਬੇਟਾ, ਮੇਰਾ ਲਾਲ — ਮੂਲ : ਡਾ. ਵੀਰੇਂਦਰ ਕੁਮਾਰ ਭਾਰਦਵਾ

“ਚਾਰੇ ਦੇ ਚਾਰੇ ਇੱਕ-ਦੂਜੇ ਦਾ ਮੂੰਹ ਵੇਖ ਕੇ ਚਲੇ ਗਏ। ‘ਬੀ ਪਾਜ਼ਿਟਿਵ ਗਰੁੱਪ’ ਤਾਂ ਕਈਆਂ ਦਾ ਹੁੰਦਾ ਹੈ। ਕਿਸੇ ਨਾ ਕਿਸੇ ਬੇਟੇ ਦ‍ਾ ਵੀ ਜ਼ਰੂਰ ਹੋਵੇਗਾ।” ਇੱਕ ਡਾਕਟਰ ਬੋਲਿਆ।
   
“ਹਾਂ ਡਾਕਟਰ ਕੌਸ਼ਲ, ਤੇ ਏਥੇ ਮਰੀਜ਼ ਦੀ ਹਾਲਤ ਵਿਗੜਦੀ ਜਾ ਰਹੀ ਹੈ। ਸਪਸ਼ਟ ਹੈ ਕਿ ਉਹ ਖੂਨ ਦੇਣਾ ਨਹੀਂ ਚਾਹੁੰਦੇ।  ਬਾਹਰੋਂ ਖੂਨ ਲਿਆਉਣ ਦਾ ਬਹਾਨਾ ਬਣਾ ਕੇ ਖਿਸਕ ਗਏ। ਤਿੰਨ ਘੰਟੇ ਹੋ ਗਏ ਉਨ੍ਹਾਂ ਨੂੰ ਗਿਆਂ ਹੋਇਆਂ।” ਦੂਜੇ ਡਾਕਟਰ ਨੇ ਵੀ ਚਿੰਤਾ ਪ੍ਰਗਟਾਈ।

“ਇਉਂ ਤਾਂ ਰੋਗੀ ਮਰ ਜਾਵੇਗਾ। ਸਮਝ ਨਹੀਂ ਆ ਰਹੀ, ਹੁਣ ਆਪਾਂ ਕੀ ਕਰੀਏ!” ਦੂਜੇ ਡਾਕਟਰ ਨੇ ਫਿਰ ਪੁੱਛਿਆ।

“ਤੁਸੀਂ ਕੌਣ ਹੋ?” ਇੱਕ ਆਦਮੀ ਨੂੰ ਉੱਥੇ ਆਇਆਂ ਵੇਖ ਕੇ ਇੱਕ ਡਾਕਟਰ ਨੇ ਪੁੱਛਿਆ।

“ਮੈਂ ਇਨ੍ਹਾਂ ਸਾਬ ਦਾ ਨੌਕਰ ਹਾਂ।” ਆਦਮੀ ਬੋਲਿਆ।
 
“ਪਰ ਤੇਰੇ ਮਾਲਕ ਦੀ ਤਾਂ ਜਾਨ ਖਤਰੇ ਵਿੱਚ ਹੈ! ਤੇ ਇਨ੍ਹਾਂ ਦੇ ਸਾਰੇ ਬੇਟੇ…।”
 
“ਪਤਾ ਹੈ ਡਾਕਟਰ ਸਾਬ, ਸਾਰੇ ਘਰੇ ਜਾ ਕੇ ਇਸੇ ਗੱਲ ਤੇ ਆਪਸ ਵਿੱਚ ਝਗੜ ਰਹੇ ਹਨ। ਮੇਰਾ ਗਰੁੱਪ ਮਾਲਕ ਨਾਲ ਮਿਲਦਾ ਹੈ, ਤੁਸੀਂ ਮੇਰਾ ਖੂਨ ਇਨ੍ਹਾਂ ਨੂੰ ਚੜ੍ਹਾ ਦਿਓ।” ਇਸ ਗੱਲ ਤੇ ਦੋਵੇਂ ਡਾਕਟਰ ਹੈਰਾਨੀ ਨਾਲ ਉਹਨੂੰ ਉੱਤੇ-ਹੇਠਾਂ ਵੇਖਣ ਲੱਗੇ।

“ਦੇਰੀ ਨਾ ਕਰੋ ਸਰ, ਇਉਂ ਤਾਂ ਮੇਰੇ ਮਾਲਕ…।” ਨੌਕਰ ਨੇ ਬੇਚੈਨ ਹੋ ਕੇ ਕਿਹਾ।
 
“ਬੇਟਿਆਂ ਨੇ ਖੂਨ ਨਹੀਂ ਦਿੱਤਾ ਤੇ ਤੂੰ…?” ਇੱਕ ਡਾਕਟਰ ਹੈਰਾਨ ਹੋ ਕੇ ਬੋਲਿਆ।

“ਕਿਉਂ…? ਕੀ ਮੈਂ ਆਦਮੀ ਨਹੀਂ ਹਾਂ…?  ਮੇਰੇ ਥੋੜ੍ਹੇ ਜਿਹੇ ਖੂਨ ਨਾਲ ਮਾਲਕ ਦੀ ਜਾਨ ਬਚ ਜਾਵੇਗੀ ਤਾਂ ਇਸ ਵਿੱਚ ਕੀ ਹਰਜ ਹੈ? ਮੈਂ ਵੀ ਤਾਂ ਇਨ੍ਹਾਂ ਦਾ ਨਮਕ ਖਾਂਦਾ ਹਾਂ।” ਨੌਕਰ ਦੀ ਇਸ ਗੱਲ ਤੇ ਦੋਵੇਂ ਡਾਕਟਰਾਂ ਨੂੰ ਕਾਫੀ ਹੈਰਾਨੀ ਹੋਈ।

“ਮੇਰਾ ਬੇਟਾ… ਮੇਰਾ ਲਾਲ… ਤੇਰਾ ਮੇਰੇ ਨਾਲ ਕਿਸ ਜਨਮ ਦਾ ਰਿਸ਼ਤਾ ਸੀ ਬਈ…?” ਖੂਨ ਚੜ੍ਹਨ ਤੋਂ ਕੁਝ ਚਿਰ ਬਾਦ ਹੋਸ਼ ਵਿੱਚ ਆਇਆ ਮਾਲਕ (ਮਰੀਜ਼) ਆਪਣੇ ਉਸ ਨੌਕਰ ਦੇ ਗਲੇ ਲੱਗ ਕੇ ਰੋ ਰਿਹਾ ਸੀ।
***

# ਅਨੁ : ਪ੍ਰੋ. ਨਵ ਸੰਗੀਤ ਸਿੰਘ,
ਅਕਾਲ ਯੂਨੀਵਰਸਿਟੀ,
ਤਲਵੰਡੀ ਸਾਬੋ-151302
(ਬਠਿੰਡਾ) 9417692015

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1040
***

About the author

ਪ੍ਰੋ. ਨਵ ਸੰਗੀਤ ਸਿੰਘ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਪ੍ਰੋ. ਨਵ ਸੰਗੀਤ ਸਿੰਘ
ਅਕਾਲ ਯੂਨੀਵਰਸਿਟੀ,
ਤਲਵੰਡੀ ਸਾਬੋ, ਬਠਿੰਡਾ,
ਪੰਜਾਬ, ਭਾਰਤ
+91 9417692015

ਪ੍ਰੋ. ਨਵ ਸੰਗੀਤ ਸਿੰਘ

ਪ੍ਰੋ. ਨਵ ਸੰਗੀਤ ਸਿੰਘ ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ, ਬਠਿੰਡਾ, ਪੰਜਾਬ, ਭਾਰਤ +91 9417692015

View all posts by ਪ੍ਰੋ. ਨਵ ਸੰਗੀਤ ਸਿੰਘ →