27 July 2024

ਤਿੰਨ ਹਿੰਦੀ ਮਿੰਨੀ ਕਹਾਣੀਅਾਂ: 1. ਬੀਮਾਰੀ–* ਮੂਲ : ਰਤਨਾ ਭਦੌਰੀਆ ਅਤੇ 2. ਆਪੋ-ਆਪਣੇ ਕਰਮ ‘ਤੇ 3. ਊਠ ਦੀ ਕਰਵਟ— ਮੂ਼ਲ: ਡਾ. ਲਤਾ ਅਗਰਵਾਲ ‘ਤੁਲਜਾ’—*ਅਨੁ : ਪ੍ਰੋ. ਨਵ ਸੰਗੀਤ ਸਿੰਘ 

1. ਬੀਮਾਰੀ–* ਮੂਲ : ਰਤਨਾ ਭਦੌਰੀਆ

ਸੋਮਵਾਰ ਦਾ ਦਿਨ ਸੀ। ਆਫ਼ਿਸ ਜਾਣਾ ਸੀ ਪਰ ਤਬੀਅਤ ਕੁਝ ਠੀਕ ਨਹੀਂ ਲੱਗੀ, ਇਸ ਲਈ ਸੋਚਿਆ ਕਿ ਅੱਜ ਅਰਾਮ ਕਰ ਲੈਂਦਾ ਹਾਂ। ਸ਼ਾਮ ਨੂੰ ਗੱਪਸ਼ੱਪ ਮਾਰਨ ਲਈ ਸ਼ਰਮਾ ਜੀ ਦੇ ਘਰ ਚਲਾ ਗਿਆ। ਪੰਚਾਇਤ ਚੋਣਾਂ ਤੇ ਚਰਚਾ ਹੋ ਰਹੀ ਸੀ ਕਿ ਸ਼ਰਮਾ ਜੀ ਦਾ ਬੇਟਾ ਨਿਤਿਨ ਵੀ ਆਫ਼ਿਸ ਤੋਂ ਆ ਗਿਆ।

“ਕਿਵੇਂ ਰਿਹਾ ਤੇਰਾ ਅੱਜ ਆਫ਼ਿਸ ਦਾ ਦਿਨ?” ਸ਼ਰਮਾ ਜੀ ਨੇ ਪੁੱਛਿਆ।

“ਬਹੁਤ ਵਧੀਆ, ਪਾਪਾ!” ਬੇਟੇ ਨੇ ਕਿਹਾ। ਫਿਰ ਕੁਝ ਰੁਕ ਕੇ ਬੋਲਿਆ, “ਪਾਪਾ ਅੱਜ ਮਜ਼ੇਦਾਰ ਗੱਲ ਦੱਸਦਾ ਹਾਂ। ਸਾਡੇ ਜੋ ਬੌਸ ਹਨ ਨਾ, ਉਹ ਕਹਿ ਰਹੇ ਸਨ ਕਿ ਉਨ੍ਹਾਂ ਦੇ ਪਿਤਾ ਜੀ ਨੀਂਦ ਵਿੱਚ ਤਾਂ ਬੁੜਬੁੜਾਉਂਦੇ ਹੀ ਹਨ, ਜਾਗਦੇ ਹੋਏ ਵੀ ਬੁੜਬੁੜ ਕਰਦੇ ਰਹਿੰਦੇ ਹਨ। ਦਿਮਾਗ਼ ਖਰਾਬ ਕਰ ਰੱਖਿਆ ਹੈ ਉਨ੍ਹਾਂ ਨੇ! ਕਦੇ ਕਦੇ ਇਉਂ ਲੱਗਦਾ ਹੈ ਕਿ ਉਨ੍ਹਾਂ ਨੂੰ ਸੜਕ ਤੇ ਛੱਡ ਆਵਾਂ।”

“ਛੱਡ ਆਓ ਸਰ, ਮੇਰੇ ਪਾਪਾ ਨੇ ਵੀ ਦਾਦਾ ਜੀ ਨਾਲ ਇਵੇਂ ਹੀ ਕੀਤਾ ਸੀ। ਕਿਉਂ ਪਾਪਾ ਠੀਕ ਕਿਹਾ ਨਾ!”

ਪਾਪਾ ਝੱਟ ਬੋਲੇ, “ਤੂੰ ਪਾਗਲ ਹੋ ਗਿਆ ਹੈਂ! ਬੇਜ਼ਤੀ ਕਰਵਾਉਂਦਾ ਹੈਂ!”

“ਪਾਪਾ, ਉਦੋਂ ਦਾਦਾ ਜੀ ਵੀ ਕਿੰਨਾ ਰੋਏ ਸਨ। ਉਨ੍ਹਾਂ ਦੀ ਕੀ ਗਲਤੀ ਸੀ। ਬੀਮਾਰ ਹੀ ਤਾਂ ਸਨ ਉਹ! ਉਦੋਂ ਸੜਕ ਤੇ ਛੱਡਦੇ ਸਮੇਂ ਬੇਜ਼ਤੀ ਕਿਉਂ ਨਹੀਂ ਮਹਿਸੂਸ ਹੋਈ? ਹੁਣ ਦੱਸਦੇ ਹੋਏ ਕਿਉਂ?”
 

ਸ਼ਰਮਾ ਜੀ ਨਿਰੁੱਤਰ ਸਿਰ ਹੇਠਾਂ ਕਰੀ ਬੈਠੇ ਸਨ।
                           ***
# ਮੂਲ : ਰਤਨਾ ਭਦੌਰੀਆ, ਉੱਤਰਪ੍ਰਦੇਸ਼
ratnasingh494@gmail.com
ਅਨੁ : ਪ੍ਰੋ. ਨਵ ਸੰਗੀਤ ਸਿੰਘ

***
ਦੋ ਹਿੰਦੀ ਮਿੰਨੀ ਕਹਾਣੀਆਂ:
1. ਆਪੋ-ਆਪਣੇ ਕਰਮ
* ਮੂਲ : ਡਾ. ਲਤਾ ਅਗਰਵਾਲ ‘ਤੁਲਜਾ’

ਬਸਤੀ ਵਿੱਚ ਭਿਆਨਕ ਤੂਫ਼ਾਨ ਆਇਆ ਹੋਇਆ ਸੀ। ਚਾਰੇ ਪਾਸੇ ਘੁੱਪ ਹਨੇਰਾ ਛਾ ਗਿਆ। ਰੁਕ-ਰੁਕ ਕੇ ਅਕਾਸ਼ ਵਿੱਚ ਤੇਜ਼ ਬਿਜਲੀ ਚਮਕ ਰਹੀ ਸੀ। ਬੱਦਲਾਂ ਦੀ ਗੜਗੜਾਹਟ ਨਾਲ ਸਭ ਦੀ ਜਾਨ ਮੁੱਠੀ ਵਿੱਚ ਆਈ ਹੋਈ ਸੀ। ਬਸਤੀ ਦੇ ਸਾਰੇ ਲੋਕ ਮੰਦਰ ਵਿੱਚ ਇਕੱਠੇ ਹੋ ਕੇ ਭਗਵਾਨ ਦੀ ਮੂਰਤੀ ਦੇ ਸਾਹਮਣੇ ਬਚਾਓ ਲਈ ਆਰਤੀ ਕਰ ਰਹੇ ਸਨ। ਉਦੋਂ ਹੀ ਇੱਕ ਔਰਤ ਆਪਣੇ ਦੋ ਬੱਚਿਆਂ ਨੂੰ ਲੈ ਕੇ ਘਬਰਾਹਟ ਵਿੱਚ ਉੱਥੇ ਆਈ ਤੇ ਲੋਕਾਂ ਨੂੰ ਬੇਨਤੀ ਕਰਨ ਲੱਗੀ, “ਕਿਰਪਾ ਕਰਕੇ ਸਾਨੂੰ ਵੀ ਮੰਦਰ ਵਿੱਚ ਆ ਜਾਣ ਦਿਓ।”

ਔਰਤ ਗਣਿਕਾ ਸੀ। ਮੰਦਰ ਦੇ ਪੁਜਾਰੀ ਨੇ ਉਹਨੂੰ ਝਿੜਕਦੇ ਹੋਏ ਕਿਹਾ, “ਚਲੀ ਜਾਹ ਏਥੋਂ! ਇਹ ਪਵਿੱਤਰ ਥਾਂ ਤੇਰੇ ਲਈ ਨਹੀਂ ਹੈ।”

“ਇਸ ਤਰ੍ਹਾਂ ਨਾ ਕਹੋ। ਮੇਰੀ ਮਜਬੂਰੀ ਨੂੰ ਸਮਝੋ। ਸਾਡੀ ਰੱਖਿਆ ਕਰੋ… ਭਿਆਨਕ ਰਾਤ ਹੈ ਅਤੇ ਤੂਫ਼ਾਨੀ ਬਾਰਿਸ਼ ਵਿੱਚ ਮੇਰੀ ਝੌਂਪੜੀ ਢਹਿ ਗਈ ਹੈ। ਬਸਤੀ ਵਿੱਚ ਮੈਂ ‘ਕੱਲੀ… ਬੇਘਰ…।”

“ਤੇਰੇ ਵਰਗੀਆਂ ਔਰਤਾਂ ‘ਕੱਲੀਆਂ ਹੀ ਰਹਿੰਦੀਆਂ ਹਨ। ਤੂੰ ਨਰਕ ਦੀ ਭਾਗੀਦਾਰ ਹੈਂ! ਤੇਰੇ ਵਰਗੀਆਂ ਔਰਤਾਂ ਕਰਕੇ ਹੀ ਇਹ ਕੁਦਰਤੀ ਆਫ਼ਤ ਆਈ ਹੈ।”
ਪੁਜਾਰੀ ਕੋਲ ਖੜ੍ਹੇ ਧਰਮ ਦੇ ਠੇਕੇਦਾਰਾਂ ਨੇ ਵੀ ਉਹਨੂੰ ਖ਼ੂਬ ਝਿੜਕਾਂ ਦਿੱਤੀਆਂ। ਔਰਤ ਲਾਚਾਰ ਹੋ ਕੇ ਆਪਣੇ ਬੱਚਿਆਂ ਨਾਲ ਮੰਦਰ ਦੀਆਂ ਪੌੜੀਆਂ ਉੱਤਰੀ ਹੀ ਸੀ ਕਿ ਭਿਆਨਕ ਗਰਜ ਨਾਲ ਬਿਜਲੀ ਮੰਦਰ ਤੇ ਡਿੱਗੀ ਅਤੇ ਪੁਜਾਰੀ ਸਮੇਤ ਹੋਰ ਲੋਕ ਤੜਪਣ ਲੱਗੇ। ਉਹ ਔਰਤ ਝੱਟ ਆਪਣੇ ਬੱਚਿਆਂ ਨੂੰ ਲੈ ਕੇ ਸਾਰਿਆਂ ਦੀ ਦੇਖਭਾਲ ਵਿੱਚ ਜੁਟ ਗਈ।

 *
* ਮੂਲ : ਡਾ. ਲਤਾ ਅਗਰਵਾਲ ‘ਤੁਲਜਾ’, ਭੋਪਾਲ (ਮੱਧਪ੍ਰਦੇਸ਼)
***

2. ਊਠ ਦੀ ਕਰਵਟ: 
* ਮੂਲ : ਡਾ. ਲਤਾ ਅਗਰਵਾਲ ‘ਤੁਲਜਾ’


ਚੋਣਾਂ ਦੇ ਮਾਹੌਲ ਵਿੱਚ ਉਹ ਘਰੋ-ਘਰੀ ਜਾ ਕੇ ਕਹਿੰਦਾ ਰਿਹਾ ਕਿ ਫਲਾਣੇ ਨੂੰ ਗਲਤੀ ਨਾਲ ਵੀ ਵੋਟ ਨਾ ਪਾਇਓ, ਬਹੁਤ ਪਛਤਾਓਗੇ। ਅੱਜ ਚੋਣ-ਨਤੀਜਾ ਆਇਆ ਅਤੇ ਫਲਾਣੇ ਦੇ ਹਿੱਸੇ ਹੀ ਗੱਦੀ ਦਾ ਐਲਾਨ ਸੁਣ ਕੇ ਉਹ ਦਿਨ-ਭਰ ਤੋਂ ਗਾਇਬ ਹੈ। ਸੋਚਿਆ ਕਿ ਉਹਦਾ ਹਾਲਚਾਲ ਪੁੱਛ ਆਵਾਂ। ਘਰੇ ਗਿਆ ਤਾਂ ਉਹਨੂੰ ਮੋਬਾਈਲ ਵਿੱਚ ਖੁੱਭੇ ਵੇਖਿਆ।

“ਕੀ ਹੋਇਆ ਬਈ! ਇੰਨੀ ਬੇਚੈਨੀ ਨਾਲ ਕੀ ਲੱਭ ਰਿਹੈਂ ਮੋਬਾਈਲ ਵਿੱਚ?”

“ਯਾਰ, ਕੀ ਦੱਸਾਂ! ਪਿਛਲੇ ਦਿਨੀਂ ਇੱਕ ਸਮਾਗਮ ਵਿੱਚ ਕਿਸੇ ਫ਼ੋਟੋਗ੍ਰਾਫ਼ਰ ਦੀ ਮਿਹਰਬਾਨੀ ਨਾਲ ਫਲਾਣੇ ਕੋਲ ਖੜ੍ਹੇ ਦੀ ਇੱਕ ਫ਼ੋਟੋ ਆਈ ਸੀ। ਬਸ ਉਹੀ ਲੱਭ ਰਿਹਾ ਹਾਂ। ਪਰ ਮਿਲ ਹੀ ਨਹੀਂ ਰਹੀ। ਸਾਰੀ ਗੈਲਰੀ ਦੋ ਵਾਰੀ ਫਰੋਲ ਦਿੱਤੀ ਹੈ…।”

“ਪਰ ਤੈਨੂੰ ਉਹ ਫ਼ੋਟੋ ਕਿਉਂ ਚਾਹੀਦੀ ਹੈ…ਤੂੰ ਤਾਂ…!”

“ਓ ਸਮਝਿਆ ਕਰ! ਬੜੀ ਜ਼ਰੂਰੀ ਹੈ। ਸੋਚ ਰਿਹਾ ਹਾਂ ਕਿਸੇ ਤਰ੍ਹਾਂ ਮਿਲ ਜਾਵੇ। ਬਸ ਫਿਰ ਉਹਨੂੰ ਫਰੇਮ ਕਰਵਾ ਕੇ ਬੈਠਕ ਵਿੱਚ ਲਾਉਂਦਾ ਹਾਂ। ਸਪੈਸ਼ਲ ਮਿਠਾਈ ਦਾ ਡੱਬਾ ਵੀ ਮੰਗਵਾਇਆ ਹੈ, ਖੁਆ ਆਉਂਦਾ ਹਾਂ।”

“ਪਰ ਹੁਣੇ ਕੁਝ ਦਿਨ ਪਹਿਲਾਂ ਤਾਂ ਤੂੰ ਉਹਦੇ ਖਿਲਾਫ਼ ਪ੍ਰਚਾਰ…”

“ਸ਼…ਸ਼…ਹੌਲੀ ਬੋਲ ਯਾਰ, ਮਰਵਾਏਂਗਾ ਮੈਨੂੰ? ਬਹੁਤ ਸਾਰੀਆਂ ਫ਼ਾਈਲਾਂ ਦੱਬੀਆਂ ਪਈਆਂ ਨੇ ਮੇਰੀਆਂ ਦੋ ਨੰਬਰ ਦੀਆਂ। ਕੀ ਪਤਾ ਕਦੋਂ ਨਿਗਾਹ ਪੈ ਜਾਏ ਮੇਰੇ ਤੇ ਅਤੇ ਕਿਸੇ ਫਾਈਲ ਦੇ ਬਹਾਨੇ ਝਟਕਾ ਦੇਵੇ…।”
***
* ਮੂਲ : ਡਾ.ਲਤਾ ਅਗਰਵਾਲ ‘ਤੁਲਜਾ’, ਭੋਪਾਲ (ਮੱਧਪ੍ਰਦੇਸ਼)
* ਅਨੁ : ਪ੍ਰੋ. ਨਵ ਸੰਗੀਤ ਸਿੰਘ, ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ)  9417692015. 

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1299
***

ਪ੍ਰੋ. ਨਵ ਸੰਗੀਤ ਸਿੰਘ
ਅਕਾਲ ਯੂਨੀਵਰਸਿਟੀ,
ਤਲਵੰਡੀ ਸਾਬੋ, ਬਠਿੰਡਾ,
ਪੰਜਾਬ, ਭਾਰਤ
+91 9417692015

ਪ੍ਰੋ. ਨਵ ਸੰਗੀਤ ਸਿੰਘ

ਪ੍ਰੋ. ਨਵ ਸੰਗੀਤ ਸਿੰਘ ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ, ਬਠਿੰਡਾ, ਪੰਜਾਬ, ਭਾਰਤ +91 9417692015

View all posts by ਪ੍ਰੋ. ਨਵ ਸੰਗੀਤ ਸਿੰਘ →