1.ਲੋਕਤੰਤਰ—ਮੂਲ : ਕਨਕ ਹਰਲਾਲਕਾ/ਅਨੁ: ਪ੍ਰੋ. ਨਵ ਸੰਗੀਤ ਸਿੰਘ
“ਬ੍ਹਊਂ…ਬ੍ਹਊਂ… ਬੜਾ ਸੁਖੀ ਹੈਂ ਬਈ!… ਪਰ ਤੇਰੇ ਗਲੇ ਵਿੱਚ ਪਈ ਇਹ ਜੰਜ਼ੀਰ ਤੇਰੀ ਆਜ਼ਾਦੀ ਦਾ ਬੰਧਨ ਹੈ।” “ਹਾ…ਹਾ…ਹਾ…ਹਾ…ਕਿਹੜੀ ਗੁਲਾਮੀ, ਕਿਹੜਾ ਬੰਧਨ? ਸੱਚ ਤਾਂ ਇਹ ਹੈ ਇਹ ਇਨਸਾਨ ਦੀ ਜ਼ਾਤ ਮੇਰੀ ਗੁਲਾਮ ਹੈ। ਇਹਨੂੰ ਮੇਰੇ ਲਈ ਸਵੇਰ ਦੀ ਨੀਂਦ ਤਿਆਗ ਕੇ ਉਠਣਾ ਪੈਂਦਾ ਹੈ, ਮੈਨੂੰ ਘੁਮਾਉਣ ਲਈ।” “ਖੁਦ ਨੂੰ ਖਾਣਾ ਮਿਲੇ ਜਾਂ ਨਾ, ਪਰ ਮੇਰੇ ਲਈ ਸਪੈਸ਼ਲ ਫੂਡ ਦਾ ਪ੍ਰਬੰਧ ਕਰਦਾ ਹੈ।” “ਮੈਨੂੰ ਆਪਣੇ ਹੱਥੀਂ ਨੁਹਾਉਂਦਾ ਹੈ, ਸਜਾਉਂਦਾ ਹੈ, ਸੰਵਾਰਦਾ ਹੈ। ਆਪਣੇ ਨਾਲ ਬੈੱਡ ਤੇ ਸੁਆਉਂਦਾ ਹੈ। ਮੈਂ ਜਿਵੇਂ ਮਰਜ਼ੀ ਇਹਨੂੰ ਚਲਾਉਂਦਾ ਹਾਂ। ਹੁਣ ਇੰਨੇ ਸੁਆਦੀ ਖਾਣੇ ਤੋਂ ਬਾਅਦ ਵੀ ਜੇ ਮੇਰਾ ਮਨ ਸੜਕ ਦੀ ਰੋਟੀ ਖਾਣ ਨੂੰ ਕਰਦਾ ਹੈ ਤਾਂ ਇਹ ਕੁਝ ਨਹੀਂ ਕਰ ਸਕਦਾ। ਮੈਂ ਜਿੱਧਰ ਜਾਂਦਾ ਹਾਂ, ਇਹ ਮੇਰੇ ਨਾਲ ਮੇਰੇ ਪਿੱਛੇ-ਪਿੱਛੇ ਦੌੜਨ ਲਈ ਮਜਬੂਰ ਹੈ। ਮੈਂ ਰੁਕਾਂ ਤਾਂ ਇਹ ਮੇਰੇ ਪਿੱਛੇ ਖੜ੍ਹਾ ਉਡੀਕ ਕਰਦਾ ਹੈ। ਮੈਂ ਜਿੱਧਰ ਚਾਹਾਂ ਜਾਂਦਾ ਹਾਂ, ਇਹ ਮੇਰੇ ਪਿੱਛੇ ਦੌੜਦਾ ਹੈ।” “ਪਰ ਇੰਨਾ ਸਭ ਕਰਕੇ ਇਸਨੂੰ ਮਿਲਦਾ ਕੀ ਹੈ, ਜੋ ਇਹ ਇੰਨੀ ਖੇਚਲ ਕਰਦਾ ਹੈ?” “ਹਾ…ਹਾ…ਹਾ… ਇੱਕ ਕਾਲਪਨਿਕ ਮਾਨਸਿਕ ਸੁਖ ਕਿ ਇਹ ਮੇਰਾ ਮਾਲਕ ਹੈ, ਤੇ ਮੈਂ ਇਹਦਾ ਪਾਲਤੂ…” ਕਹਿੰਦਾ ਹੋਇਆ ਉਹ ਦੌੜਨ ਲੱਗਿਆ ਅਤੇ ਉਹਦੀ ਜੰਜ਼ੀਰ ਫੜ੍ਹੀ ਉਹਦਾ ਮਾਲਕ ਉਹਦੇ ਪਿੱਛੇ-ਪਿੱਛੇ ਖਿਚਦਾ ਹੋਇਆ ਚੱਲ ਪਿਆ। 2. ਹਿੱਸੇਦਾਰ— ਮੂਲ : ਜਿਗਿਆਸਾ ਸਿੰਘ/ਅਨੁ : ਪ੍ਰੋ. ਨਵ ਸੰਗੀਤ ਸਿੰਘ
“ਓ ਬਈ, ਇਸ ਵਿੱਚ ਵੇਖਣ ਵਾਲੀ ਕੀ ਗੱਲ ਹੈ?” “ਕਿਉਂ ਮੈਮ, ਸਾਰੇ ਲੋਕ ਤਾਂ ਬੀਮਾਰ ਨੂੰ ਵੇਖਣ ਹਸਪਤਾਲ ਜਾਂਦੇ ਹਨ। ਬਸ ਇੱਕ ਤੁਸੀਂ ਹੀ ਹੋ, ਜੋ ਕਹਿ ਰਹੇ ਹੋ ਕਿ ਵੇਖਣ ਕੀ ਜਾਣਾ ਹੈ? ਮੈਨੂੰ ਤਾਂ ਤੁਹਾਡੀ ਗੱਲ ਦੀ ਸਮਝ ਨਹੀਂ ਆਈ।ਆਖਰ ਸੰਬੰਧ ਦਾ ਕੀ ਮਤਲਬ ਹੈ? ਅਤੇ ਫਿਰ ਉਹ ਤੁਹਾਡੇ ਸਕੂਲ ਦੀ ਇੰਨੀ ਪੁਰਾਣੀ ਤੇ ਤੁਹਾਡੀ ਚਹੇਤੀ ਟੀਚਰ ਵੀ ਹੈ!” “ਵੇਖ ਸ਼ੈਲੀ, ਇਸੇ ਲਈ ਤਾਂ ਨਹੀਂ ਜਾ ਰਹੀ ਕਿ ਉਹ ਮੇਰੀ ਅਜ਼ੀਜ਼, ਚਹੇਤੀ ਟੀਚਰ ਹੈ, ਉਹਨੂੰ ਵੇਖਣ ਕੀ ਜਾਣਾ ਹੈ… ਮੈਂ ਤਾਂ ਉਹਦੇ ਲਈ ਖਾਸ ਤੌਰ ਤੇ ਛੁੱਟੀ ਲਵਾਂਗੀ ਪੂਰੇ ਦਸ ਦਿਨਾਂ ਦੀ, ਬੈਂਕ ‘ਚੋਂ ਕੁਝ ਪੈਸੇ ਕਢਵਾਵਾਂਗੀ, ਉਹਦੇ ਵਾਸਤੇ ਕੁਝ ਤਿਆਰ ਕਰਾਂਗੀ ਆਪਣੇ ਹੱਥੀਂ, ਫਿਰ ਜਾਵਾਂਗੀ ਉਸ ਕੋਲ। ਵੇਖਣ ਨਹੀਂ, ਉਹਦੀ ਸੇਵਾ ਕਰਨ। ਖੁਆ-ਪਿਆ ਕੇ ਸਿਹਤਮੰਦ ਕਰਨ ਅਤੇ ਤੈਨੂੰ ਤਾਂ ਪਤਾ ਹੀ ਹੈ ਕਿ ਉਸ ਵਿਚਾਰੀ ਦੇ ਕੋਈ ਕਮਾਉਣ ਵਾਲਾ ਨਹੀਂ ਹੈ। ਵਾਪਸ ਮੁੜਨ ਤੋਂ ਪਹਿਲਾਂ ਕੁਝ ਰੁਪਏ ਵੀ ਉਹਦੇ ਹੱਥ ਤੇ ਰੱਖ ਕੇ ਆਵਾਂਗੀ।… ਸਾਨੂੰ ਕਿਸੇ ਦੇ ਦੁਖ ਵਿੱਚ ਸਿਰਫ ਖ਼ਾਨਾਪੂਰਤੀ ਦੀ ਥਾਂ ਤੇ ਤਨ, ਮਨ ਅਤੇ ਧਨ ਨਾਲ ਦਰਦ ਦਾ ‘ਹਿੱਸੇਦਾਰ’ ਬਣਨਾ ਚਾਹੀਦਾ ਹੈ।”
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਪ੍ਰੋ. ਨਵ ਸੰਗੀਤ ਸਿੰਘ
1, ਲਤਾ ਇਨਕਲੇਵ,
ਪਟਿਆਲਾ-147002
ਪੰਜਾਬ, ਭਾਰਤ
ਫੋਨ:+91 9417692015