9 October 2024

ਨਵਾਂ ਸਾਲ—ਰਵਿੰਦਰ ਸਿੰਘ ਸੋਢੀ

ਨਵਾਂ ਸਾਲ

ਇਕ ਰਾਤ ਬਦਲਣ ਨਾਲ
ਜਦੋਂ ਨਵਾਂ ਸਾਲ ਚੜ੍ਹੇ
ਨਵੇਂ ਸਾਲ ਲਈ
ਸ਼ੋਰ ਸ਼ਰਾਬਾ ਕਿਉਂ ਪਵੇ?

ਨਵਾਂ ਦਿਨ, ਨਵਾਂ ਸਾਲ
ਭੁੱਖਿਆਂ ਨੂੰ
ਰੋਟੀ ਦੇਵੇ ਗਾ?
ਰੱਜਿਆਂ ਦੀ ਨੀਤ ਭਰੇਗਾ?

ਸਰਕਾਰੀ ਤੰਤਰ ਨੂੰ
ਕੁੰਭ ਕਰਨੀ ਨੀਂਦ ਤੋਂ ਜਗਾਵੇ ਗਾ
ਜਨਤਾ ਜਨਾਰਦਨ ਨੂੰ
ਜਿੰਮੇਵਾਰ ਬਣਾਵੇਗਾ
ਅਦਾਲਤਾਂ ਵਿਚ
ਦਹਾਕਿਆਂ ਬਦੀ ਲਟਕਦੇ ਮੁਕੱਦਮਿਆਂ ਦੀ
ਗਿਣਤੀ ਘਟਾਵੇ ਗਾ
ਵਕੀਲਾਂ ਦੀਆਂ ਮੂੰਹ ਮੰਗੀਆਂ ਫੀਸਾਂ ਤੋਂ
ਖਹਿੜਾ ਛੁਡਾਵੇ ਗਾ?
ਮਰੇ ਪਿਆਂ ਨੂੰ ਗਲੂਕੋਜ ਚੜ੍ਹਾਉਣ ਦਾ ਨਾਟਕ ਕਰ
ਲਾਲਚੀ ਡਾਕਟਰਾਂ ਦੀ ਜੇਬ ਭਰਣ ਦੀ
ਨਾਟਕ ਕਲਾ ਨੂੰ ਠੱਲ ਪਾਵੇ ਗਾ?
ਖਾਣ-ਪੀਣ ਦੀਆਂ ਚੀਜ਼ਾਂ ਵਿਚ
ਮਿਲਾਵਟ ਕਰ
ਲੋਕਾਂ ਨੂੰ ਰੱਬ ਕੋਲ ਜਲਦੀ ਪਹੁੰਚਾਉਣ ਦੀ
ਸਹਾਇਤਾ ਕਰਨ ਵਾਲਿਆਂ ਨੂੰ
ਕੁਝ ਸਮਝਾਵੇ ਗਾ?
ਘਰਾਂ ਦੇ ਬਾਹਰ
ਘਰ ਦਾ ਕੂੜਾ ਸੁੱਟ
ਸੜਕਾਂ ਤੇ ਗੰਦ ਖਿਡਾਉਣ ਦੀ ਰੀਤ ਨੂੰ
ਕੁਝ ਘਟਾਵੇ ਗਾ?

ਰੱਬ ਨੂੰ
ਜੋ ਪਤਾ ਨਹੀਂ ਕਿਥੇ ਰਹਿੰਦਾ
ਇਹ ਸੁਨੇਹਾ ਪਹੁੰਚਾਵੇ ਗਾ ਕਿ
ਮਾਂ-ਪਿਓ ਦੇ ਅੱਖਾਂ ਦੇ ਤਾਰਿਆਂ ਦੀ
ਉਮਰ ਦੀ ਡੋਰ
ਅੱਧ-ਵਾਟੇ ਤੋੜਣ ਦੇ ਸ਼ੋਕ ਨੂੰ ਬੰਦ ਕਰੇ
ਬੇ-ਸਹਾਰਾ
ਅਸਾਧ ਰੋਗਾਂ ਵਾਲਿਆਂ ਨੂੰ
ਦੁੱਖਾਂ ਤੋਂ ਛੁਟਕਾਰਾ ਦਿਵਾਉਣ ਲਈ
ਕੋਈ ਉਪਾਉ ਕਰੇ।

ਫਹਿਰਿਸਤ ਤਾਂ ਬਹੁਤ ਲੰਮੀ ਹੈ
ਜਿਸ ਦਾ ਲੇਖਾ-ਜੋਖਾ ਨਾ ਹੋ ਸਕੇ
ਜੇ ਇਹਨਾਂ ਵਿਚੋਂ ਕੁਝ ਦਾ ਜੁਆਬ ਵੀ ਮਿਲ ਜਾਵੇ
ਤਾਂ
‘ਨਵਾਂ ਸਾਲ ਮੁਬਾਰਕ’ ਦਾ ਗੀਤ
ਉੱਚੀ ਸੁਰ ਵਿਚ ਗਾ ਲੈਣਾ
ਇਕ ਦੂਜੇ ਨੂੰ ਗਲੇ ਲਾ ਲੈਣਾ
ਸਾਲ ਦੇ ਪਹਿਲੇ ਦਿਨ ਦੀ ਥਾਂ
ਹਰ ਦਿਨ ਹੀ ਜਸ਼ਨ ਮਨਾ ਲੈਣਾ।
**
(ਨਵੇਂ ਸਾਲ ਦੇ ਜਸ਼ਨ ਵਿਚ ਰੰਗ ਵਿਚ ਭੰਗ ਪਾਉਣ ਲਈ ਮੁਆਫ਼ੀ—ਰਵਿੰਦਰ ਸਿੰਘ ਸੋਢੀ )

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
977
***