24 May 2024

ਜਸਬੀਰ ਸਿੰਘ ਆਹਲੂਵਾਲੀਆ ਦਾ ਪਲੇਠਾ ਕਹਾਣੀ ਸੰਗ੍ਰਹਿ ‘ਦੋ ਕੱਪ ਚਾਹ’— ਰਵਿੰਦਰ ਸਿੰਘ ਸੋਢੀ

ਆਸਟਰੇਲੀਆ ਪਰਵਾਸ ਕਰ ਚੁੱਕੇ ਜਸਬੀਰ ਸਿੰਘ ਆਹਲੂਵਾਲੀਆ ਕਹਾਣੀਕਾਰ ਵੀ ਹਨ, ਕਵੀ ਵੀ, ਮੰਚ ਕਲਾਕਾਰ ਅਤੇ ਨਿਰਦੇਸ਼ਕ ਵੀ। ਉਹਨਾਂ ਦੀ ਖੁਸ਼ਕਿਸਮਤੀ ਕਹੀ ਜਾ ਸਕਦੀ ਹੈ ਕਿ ਉਹਨਾਂ ਨੂੰ ਬਚਪਨ ਅਤੇ ਜਵਾਨੀ ਵੇਲੇ ਪੰਜਾਬੀ ਸਾਹਿਤ ਦੇ ਕੁਝ ਨਾਮਵਰ ਸਾਹਿਤਕਾਰਾਂ(ਨਾਨਕ ਸਿੰਘ ਨਾਵਲਕਾਰ, ਗੁਰਦਿਆਲ ਸਿੰਘ ਫੁੱਲ, ਨਾਟਕਕਾਰ, ਬਲਰਾਜ ਸਾਹਨੀ, ਕਲਾਕਾਰ, ਲੇਖਕ ਅਤੇ ਗੁਰਸ਼ਰਨ ਸਿੰਘ ਭਾਅ ਜੀ)ਦੀ ਸੰਗਤ ਵਿਚ ਵਿਚਰਨ ਦਾ ਮੌਕਾ ਮਿਲਿਆ ਅਤੇ ਇਕ ਕਿਸਮ ਨਾਲ ਉਹਨਾਂ ਤੋਂ ਸਾਹਿਤਕ ਗੁੜ੍ਹਤੀ ਮਿਲੀ। ਆਪਣੇ ਸਮੇਂ ਦੇ ਪ੍ਰਸਿੱਧ ਸਾਹਿਤਕ ਰਸਾਲਿਆਂ, ਕਿਰਤੀ ਅਤੇ ਕਵਿਤਾ ਵਿਚ ਉਹਨਾਂ ਦੀਆਂ ਪਹਿਲੀਆਂ ਰਚਨਾਵਾਂ ਪ੍ਰਕਾਸ਼ਿਤ ਹੁੰਦੀਆਂ ਰਹੀਆਂ। ਗੁਰਸ਼ਰਨ ਭਾਅ ਜੀ ਦੀ ਅਗਵਾਈ ਵਿਚ ਕਈ ਨਾਟਕਾਂ ਵਿਚ ਅਦਾਕਾਰੀ ਕੀਤੀ ਅਤੇ ਬਾਅਦ ਵਿਚ ਕੁਝ ਨਾਟਕਾਂ ਦੀ ਨਿਰਦੇਸ਼ਨਾਂ ਵੀ ਕੀਤੀ। ਆਸਟਰੇਲੀਆ ਪਰਵਾਸ ਕਰਨ ਤੋਂ ਬਾਅਦ ਜ਼ਿੰਦਗੀ ਦੀ ਜੱਦੋ-ਜਹਿਦ ਕਰਦਿਆਂ ਕਲਮ ਦਾ ਸਫਰ ਵੀ ਜਾਰੀ ਰੱਖਿਆ। ਉਹਨਾਂ ਦੀਆਂ ਕਹਾਣੀਆਂ ਅਖਬਾਰਾਂ ਵਿਚ ਛਪਦੀਆਂ ਹੀ ਰਹਿੰਦੀਆਂ ਹਨ। ਪ੍ਰਸਤੁਤ ਕਹਾਣੀ ਸੰਗ੍ਰਹਿ ਤੋਂ ਪਹਿਲਾਂ ਉਹਨਾਂ ਦੀਆਂ ਕਹਾਣੀਆਂ, ਤਿੰਨ ਸਾਂਝੇ ਸੰਗ੍ਰਿਹਾਂ— ਪਰਵਾਸੀ ਕਲਮਾਂ, ਪੰਜ ਪਰਵਾਸੀ ਕਹਾਣੀਕਾਰ ਅਤੇ ਹੁੰਗਾਰਾ ਕੌਣ ਭਰੇ ਵਿਚ ਪ੍ਰਕਾਸ਼ਿਤ ਹੋਈਆਂ ਅਤੇ ਪਾਠਕਾਂ ਅਤੇ ਆਲੋਚਕਾਂ ਦੀ ਕਸਵੱਟੀ ਤੇ ਪ੍ਰਵਾਨ ਵੀ ਚੜ੍ਹੀਆਂ।

‘ਦੋ ਕੱਪ ਚਾਹ’ ਪੁਸਤਕ ਵਿਚ ਸੋਲਾਂ ਕਹਾਣੀਆਂ ਦਰਜ ਹਨ। ਕਹਾਣੀਆਂ ਦੇ ਵਿਸ਼ੇ ਮੱਧ ਸ਼੍ਰੇਣੀ ਦੇ ਲੋਕਾਂ ਦੀ ਜ਼ਿੰਦਗੀ ਵਿਚ ਵਾਪਰਨ ਵਾਲੀਆਂ ਘਟਨਾਵਾਂ ਤੇ ਅਧਾਰਿਤ ਹਨ। ਵਿਸ਼ਿਆਂ ਅਨੁਸਾਰ ਕਹਾਣੀਆਂ ਦੇ ਪਾਤਰ ਵੀ ਮੱਧ ਵਰਗ ਵਿਚ ਵਿਚਰਨ ਵਾਲੇ ਹੱਡ-ਮਾਸ ਦੇ ਪੁਤਲੇ ਹੀ ਹਨ ਭਾਵ ਜਿਉਂਦੇ ਜਾਗਦੇ ਪਾਤਰ ਲੱਗਦੇ ਹਨ। ਕਹਾਣੀਆਂ ਦੇ ਪਲਾਟ ਗੁੰਝਲਦਾਰ ਨਾ ਹੋ ਕੇ ਸਧਾਰਨ ਹਨ। ਇਕ ਤੋਂ ਬਾਅਦ ਇਕ ਵਾਪਰਦੀਆ ਘਟਨਾਵਾਂ ਇਕ ਦੂਜੇ ਨਾਲ ਜੁੜੀਆਂ ਹੋਈਆਂ ਹਨ। ਅਜਿਹੀਆਂ ਗੁੰਝਲਦਾਰ ਸਥਿਤੀਆਂ ਨਹੀਂ ਦਿਖਾਈਆਂ ਕਿ ਸਧਾਰਨ ਪੱਧਰ ਦੇ ਪਾਠਕਾਂ ਨੂੰ ਸਮਝ ਨਾ ਆਉਣ। ਅਸਲ ਵਿਚ ਕਹਾਣੀਕਾਰ ਆਪ ਵੀ ਆਪਣੇ ਆਲੇ-ਦੁਆਲੇ ਦੇ ਸਮਾਜ ਨਾਲ ਜੁੜਿਆ ਹੋਇਆ ਸਧਾਰਨ ਇਨਸਾਨ ਹੈ। ਉਹ ਆਪਣੇ ਹਮਸਾਇਆਂ ਦੇ ਦੁਖਾਂ-ਸੁਖਾਂ ਦਾ ਭਾਈਵਾਲ ਹੀ ਨਹੀਂ ਸਗੋਂ ਇਕ ਲੇਖਕ ਹੋਣ ਦੇ ਨਾਤੇ ਉਹਨਾਂ ਹਾਲਾਤ ਦੇ ਧੁਰ ਅੰਦਰ ਤੱਕ ਝਾਕ ਕੇ ਸਮੱਸਿਆ ਦੀ ਗਹਿਰਾਈ ਨੂੰ ਸਮਝਣ ਦਾ ਯਤਨ ਵੀ ਕਰਦਾ ਹੈ ਅਤੇ ਆਪਣੀ ਸੁਖਮ ਲਿਖਣ ਕਲਾ ਦੁਆਰਾ ਲੋੜ ਅਨੁਸਾਰ ਕਲਪਨਾ ਦਾ ਤੜਕਾ ਲਾ ਕੇ ਕਹਾਣੀ ਦੇ ਰੂਪ ਵਿਚ ਪਾਠਕਾਂ ਦੇ ਸਾਹਮਣੇ ਪਰੋਸਦਾ ਹੈ। ਇਹੋ ਕਾਰਨ ਹੈ ਕਿ ਆਮ ਪਾਠਕ ਉਸ ਦੀਆਂ ਕਹਾਣੀਆਂ ਨੂੰ ਆਪਣੀ ਜਾਂ ਆਪਣੇ ਵਰਗਿਆਂ ਦੀ ਕਹਾਣੀ ਸਮਝ ਕੇ ਪੜ੍ਹਦੇ ਹੀ ਨਹੀਂ ਬਲਕਿ ਮਾਣਦੇ ਵੀ ਹਨ। ਉਹਨਾਂ ਦੀਆਂ ਬਹੁਤੀਆਂ ਕਹਾਣੀਆਂ ਬਿਆਨੀਆਂ ਹਨ, ਭਾਵ ਲੇਖਕ ਵੱਲੋਂ ਪਾਠਕਾਂ ਨੂੰ ਸੁਣਾਈਆਂ ਜਾ ਰਹੀਆਂ ਹਨ। ਉਹ ਆਪਣੇ ਪਾਤਰਾਂ ਦੀ ਭਾਸ਼ਾ ਵੱਲ ਵਿਸ਼ੇਸ਼ ਧਿਆਨ ਦਿੰਦੇ ਹਨ। ਜਿਸ ਤਰਾਂ ਦੇ ਹਾਲਾਤ ਵਿਚ ਪਾਤਰ ਨੂੰ ਦਰਸਾਇਆ ਜਾ ਰਿਹਾ ਹੋਵੇ, ਉਸ ਪ੍ਰਕਾਰ ਦੀ ਭਾਸ਼ਾ ਦੀ ਹੀ ਵਰਤੋਂ ਕਰਦੇ ਹਨ।

ਪੁਸਤਕ ਦੇ ਸਿਰਲੇਖ ਵਾਲੀ ਪਹਿਲੀ ਹੀ ਕਹਾਣੀ ‘ਦੋ ਕੱਪ ਚਾਹ’ ਦਿਲ ਨੂੰ ਟੁੰਬਦੀ ਹੈ। ਕਹਾਣੀ ਦੀ ਨਾਇਕਾ ਆਪਣਾ ਜੀਵਨ ਸਾਥੀ ਖੋ ਚੁੱਕੀ ਹੈ। ਕੁਝ ਦੇਰ ਬਾਅਦ ਉਸ ਦੀ ਮੁਲਾਕਾਤ ਇਕ ਹੋਰ ਆਦਮੀ ਨਾਲ ਹੁੰਦੀ ਹੈ, ਜੋ ਉਸ ਦੀ ਹਾਜ਼ਰੀ ਵਿਚ ਹੀ ਨਹੀਂ ਸਗੋਂ ਗੈਰਹਾਜ਼ਰੀ ਵਿਚ ਵੀ ਉਸ ਦੇ ਘਰ ਦਾ ਧਿਆਨ ਰੱਖਦਾ ਹੈ। ਜਦੋਂ ਉਹ ਵਿਦੇਸ਼ ਤੋਂ ਆਉਂਦੀ ਹੈ ਤਾਂ ਉਸ ਨੂੰ ਏਅਰਪੋਰਟ ਤੇ ਜੀ ਆਇਆਂ ਕਹਿੰਦਾ ਹੈ। ਪਰ ਇਸ ਔਰਤ ਨਾਲ ਇਕ ਵਾਰ ਫੇਰ ਦੁਖਾਂਤ ਵਾਪਰਦਾ ਹੈ ਕਿ ਉਸ ਦਾ ਇਹ ਦੋਸਤ ਵੀ ਇਕ ਦੁਰਘਟਨਾ ਵਿਚ ਉਸ ਤੋਂ ਵਿਛੜ ਜਾਂਦਾ ਹੈ। ਉਸ ਸਮੇਂ ਉਹ ਆਪਣੀ ਲੜਕੀ ਕੋਲ ਅਮਰੀਕਾ ਗਈ ਹੋਈ ਸੀ। ਉਸ ਨੂੰ ਫੇਰ ਵੀ ਏਅਰਪੋਰਟ ਤੇ ਉਸ ਵਿਛੜ ਚੁੱਕੇ ਮਿੱਤਰ ਦਾ ਇੰਤਜ਼ਾਰ ਹੈ। ਉਹ ਏਅਰਪੋਰਟ ਤੋਂ ਬਾਹਰ ਆ ਕੇ ਇਕ ਰੈਸਟੋਰੈਂਟ ਵਿਚ ਜਾ ਕੇ ਦੋ ਕੱਪ ਚਾਹ ਦਾ ਆਡਰ ਦਿੰਦੀ ਹੈ। ਆਪਣੇ ਦੋਸਤ ਨੂੰ ਉਡੀਕਦੀ ਹੈ ਅਤੇ ਫੇਰ ਇਕ ਹਉਕਾ ਭਰ ਕੇ ਆਪਣਾ ਦੋ ਪਹੀਆਂ ਵਾਲਾ ਅਟੈਚੀ ਲੈ ਕੇ ਰੈਸਟੋਰੈਂਟ ਤੋਂ ਬਾਹਰ ਆ ਜਾਂਦੀ ਹੈ। ਅਸਲ ਵਿਚ ਲੇਖਕ ਨੇ ਦੋ ਪਹੀਆਂ ਵਾਲੇ ਅਟੈਚੀ ਨੂੰ ਇਕ ਪ੍ਰਤੀਕ ਦੇ ਤੌਰ ਤੇ ਵਰਤਿਆ ਹੈ। ਜਿਵੇਂ ਸਹੀ ਸਾਥੀ ਤੋਂ ਬਿਨਾਂ ਜ਼ਿੰਦਗੀ ਟਪਾਈ ਜਾਂਦੀ ਹੈ, ਵਧੀਆ ਢੰਗ ਨਾਲ ਜੀਵੀ ਨਹੀਂ ਜਾਂਦੀ, ਉਸੇ ਤਰਾਂ ਕਈ ਵਾਰ ਅਟੈਚੀ ਨੂੰ ਵੀ ਹੈਂਡਲ ਨਾਲ ਘਸੀਟਿਆ ਹੀ ਜਾਂਦਾ ਹੈ, ਠੀਕ ਤਰਾਂ ਰੇਹੜਿਆ ਨਹੀਂ ਜਾਂਦਾ। ਦੋ ਕੱਪ ਚਾਹ ਵੀ ਦੋ ਦਿਲਾਂ ਦੀ ਨੇੜਤਾ ਦੇ ਪ੍ਰਤੀਕ ਹਨ।

    ਰਵਿੰਦਰ ਸਿੰਘ ਸੋਢੀ,ਕੈਨੇਡਾ 

“ਮੈਂ ਅਤੇ ਮਿਸਿਜ ਸੰਧੂ’ ਦੋ ਪ੍ਰੋੜ ਉਮਰ ਦੇ ਪਾਤਰਾਂ ਦੀ ਕਹਾਣੀ ਹੈ। ਇਹਨਾਂ ਦੋਹਾਂ ਦੇ ਜੀਵਨ ਸਾਥੀਆਂ ਦੀ ਮੌਤ ਹੋ ਚੁੱਕੀ ਹੈ। ਨਾਇਕ ਅਤੇ ਮਿਸਿਜ ਸੰਧੂ ਇਕ ਪਾਰਟੀ ਵਿਚ ਮਿਲਦੇ ਹਨ ਅਤੇ ਉਸ ਤੋਂ ਬਾਅਦ ਇਹਨਾਂ ਦੀ ਦੋਸਤੀ ਅੱਗੇ ਵਧਦੀ ਹੈ, ਪਰ ਇਹਨਾਂ ਦੀ ਦੋਸਤੀ ਇਕ ਸੀਮਾ ਦੇ ਅੰਦਰ ਹੀ ਰਹਿੰਦੀ ਹੈ। ਇਕ ਵਾਰ ਨਾਇਕ, ਮਿਸਿਜ ਸੰਧੂ ਤੋਂ ਉਹਨਾਂ ਦਾ ਨਾਂ ਪੁੱਛਦਾ ਹੈ, ਪਰ ਉਸਦੇ ਚੁੱਪ ਰਹਿਣ ਤੋਂ ਨਾਇਕ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਉਹ ਦੋਹਾਂ ਦੀ ਦੋਸਤੀ ਵਿਚ ਬਹੁਤੀ ਖੁੱਲ੍ਹ ਨਹੀਂ ਲੈਣਾ ਚਾਹੁੰਦੀ। ਉਹ ਮਿਸਿਜ ਸੰਧੂ ਦੇ ਜਜ਼ਬਾਤਾਂ ਦੀ ਕਦਰ ਕਰਦਾ ਹੋਇਆ ਰਿਸ਼ਤਿਆਂ ਦੀ ਲਛਮਣ ਰੇਖਾ ਪਾਰ ਨਹੀਂ ਕਰਦਾ। ਦੋਵੇਂ ਪਾਤਰ ਆਪਣੇ ਵਿਛੜੇ ਹੋਏ ਸਾਥੀਆਂ ਪ੍ਰਤੀ ਇਮਾਨਦਾਰ ਰਹਿੰਦੇ ਹੋਏ ਹੀ ਦੋਸਤੀ ਨਿਭਾਉਂਦੇ ਹਨ। ਨਿਸ਼ਚੇ ਹੀ ਇਹ ਕਹਾਣੀ ਪਾਠਕਾਂ ਨੂੰ ਪ੍ਰਭਾਵਿਤ ਕਰਨ ਵਾਲੀ ਹੈ। ‘ਹਵਾਈ ਫਾਇਰ’ ਵਿਚ ਆਸਟਰੇਲੀਆ ਦੀ ਪੁਲਿਸ ਨੂੰ ਪਏ ਭੁਲੇਖੇ ਦਾ ਜ਼ਿਕਰ ਹੈ, ਪਰ ਕਹਾਣੀ ਦੇ ਅੰਤ ਵਿਚ ਇਹ ਦਰਸਾਇਆ ਹੈ ਕਿ ਪੁਲਿਸ ਨੂੰ ਜਦੋਂ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਹੈ ਤਾਂ ਉਹ ਮੁਆਫੀ ਮੰਗਦੇ ਹਨ। ‘ਇਮਾਨ’ ਕਹਾਣੀ ਵਿਚ ਲੇਖਕ ਨੇ ਇਕ ਅਜਿਹੇ ਪਾਤਰ ਨੂੰ ਪੇਸ਼ ਕੀਤਾ ਹੈ ਜੋ ਆਪਣੇ ਭਾਈਵਾਲ ਦੇ ਧੋਖੇ ਕਾਰਨ ਖੱਜਲ-ਖੁਆਰ ਹੋਣ ਤੋਂ ਬਾਅਦ ਵੀ ਰਵੀ ਸ਼ਰਮਾ ਨੂੰ ਮੁਆਫ ਕਰਦਾ ਹੈ। ‘ਇਹ ਕੈਸੀ ਅੱਗ’ ਕਹਾਣੀ ਨੂੰ ਜਸਬੀਰ ਸਿੰਘ ਆਹਲੂਵਾਲੀਆ ਨੇ ਬੜੀਆਂ ਕਲਾਤਮਕ ਛੋਹਾਂ ਨਾਲ ਸ਼ਿੰਗਾਰਿਆ ਹੈ। ਦੋ ਉਲਟ ਹਾਲਾਤ ਦੀ ਤੁਲਨਾ ਕਰਕੇ ਪਾਠਕਾਂ ਨੂੰ ਅਛੋਪਲੇ ਜਿਹੇ ਹੀ ਠੀਕ ਅਤੇ ਗਲਤ ਦਾ ਅਹਿਸਾਸ ਵੀ ਕਰਵਾ ਦਿੱਤਾ ਹੈ। ਪੰਜਾਬੀ ਪਰਿਵਾਰ ਦੇ ਆਸਟਰੇਲੀਅਨ ਜੰਮਪਲ ਮੁੰਡਾ-ਕੁੜੀ ਆਪਣੇ ਵਿਆਹ ਤੋਂ ਬਾਅਦ ਘੁੰਮਣ ਲਈ ਦਿੱਲੀ ਆਉਂਦੇ ਹਨ। ਜਦੋਂ ਉਹ ਆਸਟਰੇਲੀਆ ਤੋਂ ਚਲਦੇ ਹਨ ਤਾਂ ਉਸ ਸਮੇਂ ਆਸਟਰੇਲੀਆ ਵਿਚ ਜੰਗਲ ਦੀ ਅੱਗ ਕਾਰਨ ਹਾਲਾਤ ਕਾਫੀ ਮਾੜੇ ਸਨ। ਅਜਿਹੇ ਹਾਲਾਤ ਨੂੰ ਕਾਬੂ ਕਰਨ ਲਈ ਸਰਕਾਰ ਤਾਂ ਸਿਰਤੋੜ ਯਤਨ ਕਰ ਹੀ ਰਹੀ ਹੈ, ਪਰ ਜਨਤਾ ਵੀ ਆਪਣਾ ਬਣਦਾ ਯੋਗਦਾਨ ਪਾ ਰਹੀ ਹੈ। ਜਦੋਂ ਉਹ ਦਿੱਲੀ ਪਹੁੰਚਦੇ ਹਨ ਤਾਂ ਦਿੱਲੀ ਫਿਰਕੂ ਅੱਗ ਦੀ ਲਪੇਟ ਵਿਚ ਜਲ ਰਹੀ ਹੈ। ਜਿਸ ਨੂੰ ਰੋਕਣ ਲਈ ਸਰਕਾਰ ਵੀ ਕਾਰਗਰ ਉਪਾਅ ਨਹੀਂ ਕਰ ਰਹੀ ਅਤੇ ਮਾੜੇ ਅਨਸਰ ਅਜਿਹੇ ਹਾਲਾਤ ਨੂੰ ਹੋਰ ਖਰਾਬ ਕਰ ਰਹੇ ਹਨ। ਇਹ ਜੋੜਾ ਆਸਟਰੇਲੀਅਨ ਅੰਬੈਸੀ ਦੀ ਸਹਾਇਤਾ ਨਾਲ ਵਾਪਸ ਆਪਣੇ ਦੇਸ਼ ਪਹੁੰਚਦਾ ਹੈ। ਉਹ ਇਸ ਗੱਲ ਤੋਂ ਹੈਰਾਨ ਹਨ ਕਿ ਕੀ ਇਨਸਾਨਾਂ ਵਿਚ ਇਸ ਤਰਾਂ ਦੀ ਹੈਵਾਨੀਅਤ ਵੀ ਦੇਖੀ ਜਾ ਸਕਦੀ ਹੈ!

‘ਕੈਫੇ ਵਾਲੀ ਜੈਸਿਕਾ’ ਵਿਚ ਪਰਵਾਸੀਆਂ ਦੀਆਂ ਮੁਸ਼ਕਲਾਂ ਨੂੰ ਰੂਪਮਾਨ ਕੀਤਾ ਗਿਆ ਹੈ। ਜੈਸਿਕਾ ਨਾਂ ਦੀ ਕੁੜੀ ਆਸਟਰੇਲੀਆ ਵਿਚ ਪੱਕੀ ਹੋਣ ਲਈ ਘੱਟ ਪੈਸਿਆਂ ਵਿਚ ਵੱਧ ਕੰਮ ਕਰਨ ਨੂੰ ਮਜਬੂਰ ਹੈ। ਦੂਜਾ, ਰੈਸਟੋਰੈਂਟ ਦਾ ਮੈਨੇਜਰ ਉਸ ਤੇ ਭੈੜੀ ਨਜ਼ਰ ਵੀ ਰੱਖਦਾ ਹੈ। ਇਸ ਕਹਾਣੀ ਵਿਚ ਜੈਸਿਕਾ ਦਾ ਕਿਰਦਾਰ ਪ੍ਰਭਾਵਿਤ ਕਰਦਾ ਹੈ ਅਤੇ ਜਦੋਂ ਕਹਾਣੀ ਦੇ ਅੰਤ ਵਿਚ ਕਹਾਣੀ ਦਾ ਨਾਇਕ ਉਸ ਨੂੰ ਖੁਸ਼ਖਬਰੀ ਦਿੰਦਾ ਹੈ ਕਿ ਉਸ ਨੇ ਜੈਸਿਕਾ ਲਈ ਇਕ ਵਧੀਆ ਨੌਕਰੀ ਦਾ ਪ੍ਰਬੰਧ ਕਰ ਦਿੱਤਾ ਹੈ ਤਾਂ ਜੈਸਿਕਾ ਬੱਚਿਆਂ ਦੀ ਤਰਾਂ ਉਸ ਦੇ ਗਲ ਲੱਗਦੀ ਹੈ। ‘ਅਸੀਂ ਜਾਣੀ ਜਾਣ ਹੁੰਦੇ ਹਾਂ’ ਕਹਾਣੀ ਵਿਚ ਅਖੌਤੀ ਬਾਬਿਆਂ ਦੇ ਲਾਲਚੀ ਸੁਭਾਅ ਨੂੰ ਵਧੀਆ ਢੰਗ ਨਾਲ ਪੇਸ਼ ਕਰਕੇ ਢੌਂਗੀ ਬਾਬਿਆਂ ਦੀ ਅਸਲੀਅਤ ਨੂੰ ਨੰਗਾ ਕਿਤਾਬ ਕੀਤਾ ਗਿਆ ਹੈ। ‘ਕੁਦਰਤ ਦੇ ਸਭ ਬੰਦੇ’ ਕਹਾਣੀ ਦਾ ਇਕ ਪਾਤਰ ਪਹਿਲਾਂ ਤਾਂ ਆਸਟਰੇਲੀਆ ਰਹਿੰਦਾ ਹੋਇਆ ਵੀ ਫਿਰਕਾਪ੍ਰਸਤੀ ਵਾਲੀ ਸੋਚ ਰੱਖਦਾ ਹੋਇਆ ਕਿਸੇ ਪਾਕਿਸਤਾਨੀ ਦੀ ਦੁਕਾਨ ਤੋਂ ਸਮਾਨ ਖਰੀਦਣ ਨੂੰ ਵੀ ਬੁਰਾ ਮੰਨਦਾ ਹੈਂ ਪਰ ਅੰਤ ਵਿਚ ਉਹ ਇਕ ਮੁਸਲਿਮ ਪਾਤਰ ਨੂੰ ਆਪਣੇ ਘਰ ਵਾਲੇ ਮੰਦਰ ਵਿਚ ਹੀ ਨਮਾਜ਼ ਅਦਾ ਕਰਨ ਲਈ ਕਹਿੰਦਾ ਹੈ। ਅਸਲ ਵਿਚ ਬਿਮਾਰੀ ਦੀ ਹਾਲਤ ਵਿਚ ਹਸਪਤਾਲ ਪਏ ਨੂੰ ਉਸ ਨੂੰ ਅਹਿਸਾਸ ਹੋਇਆ ਕਿ ਉਸ ਦਾ ਇਲਾਜ ਇਕ ਕ੍ਰਿਸ਼ਚਨ ਡਾਕਟਰ ਨੇ ਕੀਤਾ ਹੈ ਅਤੇ ਖੂਨ ਪਤਾ ਨਹੀਂ ਕਿਹੜੇ-ਕਿਹੜੇ ਮਜ਼੍ਹਬ ਵਾਲੇ ਦਾ ਚੜ੍ਹਿਆ ਹੈ। ‘ਤਿੰਨ ਬਲ ਰਹੇ ਸਿਵੇ’ ਵੀ ਬਹੁਤ ਕਲਾਤਮਕ ਕਹਾਣੀ ਹੈ।

ਕਹਾਣੀ ਕਲਾ ਦੇ ਤਕਨੀਕੀ ਪੱਖਾਂ ਤੋਂ ਵੀ ਇਸ ਸੰਗ੍ਰਹਿ ਦੀਆਂ ਬਹੁਤੀਆਂ ਕਹਾਣੀਆਂ ਸਫਲ ਹਨ।

ਆਪਣੇ ਪਲੇਠੇ ਕਹਾਣੀ ਸੰਗ੍ਰਹਿ ਰਾਹੀਂ ਹੀ ਕਹਾਣੀਕਾਰ ਜਸਬੀਰ ਸਿੰਘ ਆਹਲੂਵਾਲੀਆ ਨੇ ਪੰਜਾਬੀ ਸਾਹਿਤ ਜਗਤ ਵਿਚ ਵਧੀਆ ਕਹਾਣੀਆਂ ਨਾਲ ਹਾਜ਼ਰੀ ਲਗਵਾਈ ਹੈ। ਉਹਨਾਂ ਕੋਲੋ ਹੋਰ ਪ੍ਰਪੱਕ ਕਹਾਣੀਆ ਦੀ ਆਸ ਰੱਖਣੀ ਚਾਹੀਦੀ ਹੈ। ਨਾਨਕ ਸਿੰਘ ਪੁਸਤਕ ਮਾਲਾ, ਅੰਮ੍ਰਿਤਸਰ ਵੱਲੋਂ ਪ੍ਰਕਾਸ਼ਿਤ ਕੀਤੀ, 128 ਪੰਨਿਆਂ ਦੀ ਇਸ ਕਿਤਾਬ ਦੀ ਕੀਮਤ 200 ਰੁਪਏ ਹੈ। ਪੁਸਤਕ ਦੀ ਛਪਾਈ ਅਤੇ ਸਵਰਕ ਵੀ ਖਿੱਚ ਪਾਉਣ ਵਾਲੇ ਹਨ।
***
ਰਵਿੰਦਰ ਸਿੰਘ ਸੋਢੀ
001-604-369-2371
ਰਿਚਮੰਡ, ਕੈਨੇਡਾ

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1170
***

About the author

ਰਵਿੰਦਰ ਸਿੰਘ ਸੋਢੀ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ