25 July 2024

ਰਵਿੰਦਰ ਰਵੀ ਦੀ ਕਾਵਿ ਕਲਾ ਅਤੇ ਦਾਰਸ਼ਨਿਕ ਪਰਪੱਕਤਾ ਦਾ ਸੁਮੇਲ : ਚਿੰਤਨ ਦੀ ਪਰਵਾਜ਼—ਰਵਿੰਦਰ ਸਿੰਘ ਸੋਢੀ

ਰਵਿੰਦਰ ਰਵੀ ਨਿਰਸੰਦੇਹ ਪੰਜਾਬੀ ਸਾਹਿਤ ਦਾ ਬਾਬਾ ਬੋਹੜ ਹੈ। ਜ਼ਿੰਦਗੀ ਦੇ ਅੱਠਵੇਂ ਅਤੇ ਨੌਵੇਂ ਦਹਾਕੇ ਦੇ ਵਿਚਕਾਰ ਪਹੁੰਚੇ ਇਸ ਸਾਹਿਤਕਾਰ ਦੇ ਅੰਦਰ ਸਾਹਿਤ ਦੀ ਲਾਟ ਅਜੇ ਵੀ ਲਟ-ਲਟ ਮਘ ਰਹੀ ਹੈ। ਉਹ ਫੇਸਬੁੱਕ ਤੇ ਵੀ ਸਰਗਰਮ ਰਹਿੰਦਾ ਹੈ। ਆਪਣੀਆਂ ਨਵੀਆਂ ਕਵਿਤਾਵਾਂ ਹੀ ਸਾਂਝੀਆਂ ਨਹੀਂ ਕਰਦਾ, ਪੁਰਾਣੀਆਂ ਫੋਟੋਆਂ ਵਿਚ ਛੁਪੀਆਂ ਪੁਰਾਣੀਆਂ ਯਾਦਾਂ ਵੀ ਤਾਜੀਆਂ ਕਰਦਾ ਰਹਿੰਦਾ ਹੈ, ਫੇਸਬੁੱਕ ਸਾਥੀਆਂ ਦੀਆਂ ਸਾਹਿਤਕ ਪੋਸਟਾਂ ਤੇ ਉਸਾਰੂ ਟਿੱਪਣੀਆਂ ਵੀ ਕਰਦਾ ਹੈ ਅਤੇ ਦੂਜਿਆਂ ਦੀਆਂ ਟਿੱਪਣੀਆਂ ਦਾ ਉੱਤਰ ਵੀ ਦਿੰਦਾ ਹੈ। ਉਮਰ ਦੇ ਵਧਣ ਦੇ ਨਾਲ-ਨਾਲ ਸਾਹਿਤਕ ਪੱਖੋਂ ਅਤੇ ਸਮਾਜਿਕ ਪੱਖੋਂ ਹੋਰ ਜਵਾਨ ਹੋ ਰਿਹਾ ਹੈ। ‘ਚਿੰਤਨ ਦੀ ਪਰਵਾਜ਼’ ਉਸ ਦਾ ਸਤਾਈਵਾਂ ਕਾਵਿ ਸੰਗ੍ਰਿਹ ਹੈ। ਕਵਿਤਾ ਤੋਂ ਇਲਾਵਾ ਕਾਵਿ ਨਾਟਕ, ਕਹਾਣੀਆਂ, ਸਫ਼ਰਨਾਮਾ, ਸਮੀਖਿਆ, ਸੰਪਾਦਨ, ਸਵੈ ਜੀਵਨੀ ਵੀ ਲਿਖੀ ਹੈ। ਸ਼ਾਹਮੁਖੀ ਲਿਪੀ ਵਿਚ ਵੀ ਬਹੁਤ ਛਪਿਆ ਹੈ। ਇਨਾਮਾ-ਸਨਮਾਨਾ ਦੀ ਕੋਈ ਗਿਣਤੀ ਨਹੀਂ। ਉਸ ਦੀ ਕਵਿਤਾ ਦੇ ਅਧਿਐਨ ਸਮੇਂ ਮੈਂ ਇਹ ਮਹਿਸੂਸ ਕੀਤਾ ਹੈ ਕਿ ਉਸ ਦੀ ਕਵਿਤਾ ਸਮੇਂ ਅਤੇ ਕਾਲ ਤੋਂ ਪਾਰ ਦੀ ਸੀਮਾ ਵਿਚ ਪ੍ਰਵੇਸ਼ ਕਰ ਚੁੱਕੀ ਹੈ ਅਤੇ ਉਸ ਦੀ ਕਵਿਤਾ ਵਿਚ ਦਾਰਸ਼ਨਿਕ ਵਿਚਾਰਾਂ ਦਾ ਪ੍ਰਗਟਾਉ ਵੱਧ ਰਿਹਾ ਹੈ। ਪ੍ਰਸਤੁਤ ਕਾਵਿ ਸੰਗ੍ਰਿਹ ‘ਚਿੰਤਨ ਦੀ ਪਰਵਾਜ਼’ ਦਾ ਸ਼ਬਦ ‘ਚਿੰਤਨ’, ਚੇਤਨਾ, ਮੰਥਨ ਆਦਿ ਦੇ ਭਾਵ ਵਿਚ ਵਰਤਿਆ ਗਿਆ ਹੈ ਅਤੇ ਇਹ ਦੋਵੇਂ ਸ਼ਬਦ ਦਰਸ਼ਨ, ਫ਼ਲਸਫ਼ਾ ਦੇ ਸਮ-ਅਰਥੀ ਹੀ ਹਨ। ਜਦੋਂ ਅਸੀਂ ਇਸ ਕਾਵਿ ਸੰਗ੍ਰਿਹ ਦੀਆਂ ਕਵਿਤਾਵਾਂ ਵਿਚ ਵਰਤੇ, ਚਿੰਨ੍ਹ, ਬਿੰਬ ਆਦਿ ਨੂੰ ਵਾਚਦੇ ਹਾਂ ਤਾਂ ਇਹ ਗੱਲ ਸਪਸ਼ਟ ਹੁੰਦੀ ਹੈ ਕਿ ਰਵੀ ਦੀ ਕਾਵਿ ਸ਼ੈਲੀ, ਕਵਿਤਾਵਾਂ ਦੀ ਚਾਲ(ਰਿਦਮ), ਸ਼ਬਦਾਵਲੀ, ਉਸ ਦੇ ਕਾਵਿ- ਚਿੰਤਨ ਨੂੰ ਉਜਾਗਰ ਕਰਨ ਵਿਚ ਸਹਾਈ ਹੁੰਦੇ ਹਨ ਅਤੇ ਕਵੀ ਆਪਣੇ ਚਿੰਤਨ ਦੀ ਪਰਵਾਜ਼ ਨੂੰ ਹੋਰ ਉੱਚੀ ਲੈ ਜਾਂਦਾ ਹੈ। ਅਸਲ ਵਿਚ ਰਵਿੰਦਰ ਰਵੀ ਹਮੇਸ਼ਾ ਹੀ ਨਵੇਂ ਨਜ਼ਰੀਏ ਦੀ ਤਲਾਸ਼ ਵਿਚ ਰਹਿੰਦਾ ਹੈ। ਇਸ ਸੰਗ੍ਰਿਹ ਦੀਆਂ ਜਿਆਦਾ ਕਵਿਤਾਵਾਂ ਜੀਵਨ ਦੇ ਵੱਖ-ਵੱਖ ਪਹਿਲੂਆਂ ਦਾ ਗਹਿਰ-ਗੰਭੀਰ ਅਧਿਐਨ ਕਰਕੇ ਉਹਨਾਂ ਨੂੰ ਕਲਾਤਮਕ ਰੂਪ ਵਿਚ ਪੇਸ਼ ਕਰਦੀਆਂ ਹਨ ਅਤੇ ਅਜਿਹਾ ਅਧਿਐਨ ਜਾਂ ਵਿਸ਼ਲੇਸ਼ਣ ਹੀ ਦਰਸ਼ਨ ਦੇ ਖੇਤਰ ਦੀ ਮੁੱਢਲੀ ਲੋੜ ਹੁੰਦੀ ਹੈ। ਇਸ ਪੁਸਤਕ ਦੇ ਮੁੱਖ ਬੰਦ (ਆਰੰਭਕ ਸ਼ਬਦ) ਵਿਚ ਕਵੀ ਆਪ ਲਿਖਦਾ ਹੈ, ‘ਚਿੰਤਨ ਦੀ ਪਰਵਾਜ਼’ ਦੀ ਵਧੇਰੇ ਕਵਿਤਾ ਨੂੰ ਜੇ ਤੁਸੀਂ ਚਾਹੋ ਤਾਂ ਸੰਕਲਪ-ਕਾਵਿ(Conceptual Poetry) ਵੀ ਆਖ ਸਕਦੇ ਹੋ।“

ਇਸ ਕਾਵਿ ਸੰਗ੍ਰਿਹ ਦੀ ਪਹਿਲੀ ਹੀ ਕਵਿਤਾ ‘ਲੋਅ ਦਾ ਸਫਰ’ ਵਿਸ਼ੇਸ਼ ਧਿਆਨ ਦੀ ਮੰਗ ਕਰਦੀ ਹੈ। ਇਹ ਕਵਿਤਾ ਅਸਲ ਵਿਚ ਬਹੁ-ਅਰਥੀ ਕਵਿਤਾ ਹੈ। ਕਵੀ ਦੀ ਇਸ ਗੱਲ ਤੋਂ ਪ੍ਰਸੰਸਾ ਕਰਨੀ ਬਣਦੀ ਹੈ ਕਿ ਉਸ ਨੇ ਆਮ ਬੋਲਚਾਲ ਦੀ ਬੋਲੀ ਵਿਚ ਡੂੰਘੀਆਂ ਗੱਲਾਂ ਕੀਤੀਆਂ ਹਨ। ਉਸ ਦਾ ਮੰਨਣਾ ਹੈ ਕਿ ਜਰੂਰੀ ਨਹੀਂ ਕਿ ਕਵਿਤਾ ਵਿਚ ‘ਹੁਣ’ ਦੀ ਗੱਲ ਕੀਤੀ ਜਾਵੇ, ਅਸਲ ਵਿਚ ਤਾਂ ਕਵਿਤਾ ਵਰਤਮਾਨ ਤੋਂ ਇਲਾਵਾ ਭੂਤ ਅਤੇ ਭਵਿੱਖ ਨੂੰ ਵੀ ਆਪਣੇ ਕਲਾਵੇ ਵਿਚ ਸਮੇਟਣ ਦੀ ਸ਼ਕਤੀ ਰੱਖਦੀ ਹੈ। (ਕਾਗ਼ਜ਼ ਦੇ ਪੰਨੇ ‘ਤੇ ਪਈ ਨਜ਼ਮ/ਸੰਬਾਦ ਮੰਗਦੀ ਹੈ/ਤੁਸੀਂ ਕੇਵਲ ’ਹੁਣ’ ਹੋ/ਇਹ ਆਦਿ ਜੁਗਾਦ ਮੰਗਦੀ ਹੈ)। ਇਸ ਦੇ ਨਾਲ ਹੀ ਕਵੀ ਇਸ ਹਾਂ-ਵਾਚੀ ਵਿਚਾਰਧਾਰਾ ਦਾ ਸਮਰਥਨ ਵੀ ਕਰਦਾ ਹੈ ਕਿ ਜਦੋਂ ਜ਼ਿੰਦਗੀ ਵਿਚ ਕਦੇ ਇਕ ਰਸਤਾ ਬੰਦ ਹੋ ਜਾਵੇ ਤਾਂ ਹਿੰਮਤ ਅਤੇ ਹੌਂਸਲਾ ਰੱਖਣ ਨਾਲ ਹਜ਼ਾਰਾਂ ਹੋਰ ਦਰ ਖੁੱਲ੍ਹ ਜਾਣ ਦੀ ਆਸ ਰੱਖਣੀ ਚਾਹੀਦੀ ਹੈ।(ਇਕ ਬੂਹਾ ਬੰਦ ਹੋ ਜਾਵੇ/ਤਾਂ ਦੂਸਰਾ ਖੁੱਲ੍ਹ ਜਾਵੇ…./ਸ਼ਬਦ, ਗਿਆਨ, ਦਰਵਾਜ਼ਿਆਂ ਦਾ ਸਿਲਸਿਲਾ ਹੈ…/ਪ੍ਰਜ਼ਿਮ ਵਿਚ ਟੁੱਟਕੇ ਕਿਰਨ/ਰੰਗਾ ਦੇ ਅਨਿਕ ਦੁਆਰਾ ਲੰਘਦੀ ਹੈ)। ਕਵੀ ਨੇ ਅਗੇ ਜਾ ਕੇ ਇਕ ਹੋਰ ਵੀ ਭਾਵਪੂਰਤ ਗੱਲ ਕੀਤੀ ਹੈ ਕਿ ਇਸ ਬ੍ਰਹਿਮੰਡ ‘ਤੇ ਜ਼ਿੰਦਗੀ ਦਾ ਚੱਕਰ ਕਿਸੇ ਵਿਅਕਤੀ ਵਿਸ਼ੇਸ਼ ਦੇ ਨਾਲ ਸ਼ੁਰੂ ਨਹੀਂ ਹੰਦਾ, ਅਸਲ ਵਿਚ ਮਨੁੱਖ ਹੀ ਜ਼ਿੰਦਗੀ ਨਾਲ ਸ਼ੁਰੂ ਹੁੰਦਾ ਹੈ। (ਜ਼ਿੰਦਗੀ, ਤੁਹਾਡੇ ਨਾਲ ਸ਼ੁਰੂ ਨਹੀਂ ਹੋਈ/ਤੁਸੀਂ ਜ਼ਿੰਦਗੀ ਨਾਲ ਸ਼ੁਰੂ ਹੋਏ ਹੋ)। ਇਹ ਕਵਿਤਾ ਵਰਤਮਾਨ, ਭੂਤ ਅਤੇ ਭਵਿੱਖ ਤਿੰਨਾ ਦੀ ਗੱਲ ਕਰਦੀ ਹੋਈ ਇਹ ਸੁਨੇਹਾ ਦਿੰਦੀ ਹੈ ਕਿ ਇਹ ਤਿੰਨੋਂ ਹੀ ਸਮੇਂ ਬਹੁ ਅਰਥੀ ਹਨ ਅਤੇ ਇਹਨਾਂ ਦੇ ਅਰਥਾਂ ਨੂੰ ਸਮਝਣ ਤੋਂ ਬਿਨਾ ਜ਼ਿੰਦਗੀ ਦੇ ਮਨੋਰਥ ਨੂੰ ਸਮਝਿਆ ਨਹੀਂ ਜਾ ਸਕਦਾ। ਇਸ ਕਵਿਤਾ ਦਾ ਬਿੰਬ ਵਿਧਾਨ (ਜ਼ੱਰੇ ਵਿਚ ਸਹਿਰਾ ਦਾ, ਕਤਰੇ ਵਿਚ ਦਰਿਆ ਦਾ, ਜ਼ਿੰਦਗੀ ਦਾ ਦਰਸ਼ਨ ਤੇ ਸਵੈ ਦੇ ਆਰ-ਪਾਰ ਲੰਘਣਾ, ਜ਼ਿੰਦਗੀ ਦੀ ਵਾਰਤਾ ਦਾ ਲੋਅ ਵਿਚੋਂ ਲੋਅ ਵਾਂਗ ਲੰਘਣਾ ਆਦਿ) ਪ੍ਰਭਾਵਿਤ ਕਰਦਾ ਹੈ।

‘ਪੁਤਲੀ ਕਿ ਪੁਤਲੀਗਰ?: ਲਘੂ ਕਾਵਿ-ਕਥਾ’ ਵਿਚ ਕਵੀ ਨੇ ‘ਪਿਆਰ’ ਸੰਬੰਧੀ ਇਕ ਨਵਾਂ ਨਜ਼ਰੀਆ ਪੇਸ਼ ਕੀਤਾ ਹੈ। ਜਦੋਂ ਉਹ ਲਿਖਦਾ ਹੈ ਕਿ ‘ਪਿਆਰ ਜ਼ਿੰਦਗੀ ਲਈ/ਏਨਾ ਜ਼ਰੂਰੀ ਨਹੀਂ/ਜਿੰਨਾ ਆਪਣਾ ਆਪ/…… ਤੂੰ ਤਾਂ ਇਕ ਦੁਬਿਧਾ ਸੈਂ/ਆਈ, ਗੁਜ਼ਰ ਗਈ।‘ ਇਸ ਕਵਿਤਾ ਸੰਬੰਧੀ ਪ੍ਰਸਿੱਧ ਵਿਦਵਾਨ ਜਸਪਾਲ ਘਈ ਦੀ ਟਿੱਪਣੀ ਇਸ ਕਵਿਤਾ ਨੂੰ ਸਮਝਣ ਵਿਚ ਸਹਾਈ ਹੋ ਸਕਦੀ ਹੈ। ਉਹ ਲਿਖਦਾ ਹੈ, “ਲਘੂ-ਕਥਾ ਦਾ ਇਹ ਪਾਤਰ ਸਮਕਾਲੀ ਮਾਨਵ ਦੀ ਲਘੂ ਮਾਨਸਿਕਤਾ ਦਾ ਪ੍ਰਤੀਕ ਹੈ, ਜਿਸ ਦੇ ਚੁਫੇਰੇ ਦੁਬਿਧਾ, ਮਖੌਟੇ ਤੇ ਪੁਤਲੀਆਂ ਹਨ। ਬਾਹਰ ਦੁਬਿਧਾ ਤੇ ਬਨਾਵਟ ਹੈ ਤੇ ਅੰਦਰ ਆਪਣੇ ਆਪ ਨਾਲ ਜੰਗ ਹੈ।” ਕਵੀ ਦਾ ਇਹ ਕਹਿਣਾ, “ਮੇਰੀ ਜੰਗ ਤੇਰੇ ਨਾਲ ਨਹੀਂ/ ਕੇਵਲ ਆਪਣੇ ਨਾਲ ਸੀ”, ਤਾਂ ਇਹ ਅਜੋਕੇ ਮਨੁੱਖ ਦੀ ਤ੍ਰਾਸਦੀ ਹੀ ਪੇਸ਼ ਕੀਤੀ ਜਾ ਰਹੀ ਹੈ। ਇਹ ਕੌੜੀ ਹਕੀਕਤ ਹੈ ਕਿ ਅਜੋਕੇ ਇਨਸਾਨ ਨੂੰ ਆਪਣੇ ਆਲੇ ਦੁਆਲੇ ਜਾਂ ਹਾਲਾਤ ਨਾਲ ਦੋ-ਚਾਰ ਹੁੰਦੇ ਹੋਇਆਂ, ਆਪਣੇ ਆਪੇ ਨਾਲ ਵੀ ਕਸ਼ਮਕਸ਼ ਕਰਨੀ ਪੈਂਦੀ ਹੈ।

‘ਦੁਫਾੜ ਨਜ਼ਰ’ ਕਵਿਤਾ ਦੀਆਂ ਇਹ ਸਤਰਾਂ—ਦੋ ਅੱਖਾਂ ਦੇ ਵਿਚਕਾਰ/ਇਕ ਅੱਖ ਜੇ/ਦਰਵਾਜ਼ਾ ਭੇੜਦੀ ਹੈ/ਤਾਂ ਦੂਜੀ ਖਿੜਕੀ ਖੋਲ੍ਹ ਦਿੰਦੀ ਹੈ; ਨੇਰ ਤੇ ਨੂਰ ਸਦਾ ਹੀ ਮੇਰੇ ਅੰਗ ਸੰਗ ਰਹੇ ਹਨ; ਸੂਰਜ ਨੂੰ ਵੀ ਆਪਣੇ ਪੂਰੇ ਅਰਥ/ ਘੁੱਪ ਅਨ੍ਹੇਰੇ ‘ਚੋਂ ਹੀ/ ਸਮਝ ਪੈਂਦੇ ਹਨ; ਮੇਰੀ ਸੋਚ ਸਦਾ ਹੀ / ਇਕ ਕਦਮ ਜ਼ਿੰਦਗੀ, ਤੇ/ ਦੂਜਾ, ਮੌਤ ਤੁਰਦੀ ਹੈ, ਨੂੰ ਪਾਠਕ ਆਪਣੀ-ਆਪਣੀ ਕਲਪਨਾ ਸ਼ਕਤੀ ਅਨੁਸਾਰ ਸਮਝ ਸਕਦੇ ਹਨ। ਜਦੋਂ ਸਾਹਿਤਕਾਰ ਆਪਣੀ ਸਾਹਿਤਕ ਕਿਰਤ ਦੇ ਅਰਥ ਪਾਠਕਾਂ ਦੀ ਸੋਚ ਤੇ ਛੱਡ ਦਿੰਦਾ ਹੈ ਤਾਂ ਅਜਿਹੀ ਰਚਨਾ ਬਹੁ-ਅਰਥੀ ਹੋ ਨਿਬੜਦੀ ਹੈ ਅਤੇ ਪਾਠਕਾਂ ਦੇ ਦਿਲੋ-ਦਿਮਾਗ ਤੇ ਡੂੰਘੀ ਛਾਪ ਛੱਡਦੀ ਹੈ। ਇਸ ਕਵਿਤਾ ਵਿਚ ਕਵੀ ਨੇ ‘ਰੱਬ’ ਨੂੰ ‘ਚੁੱਪ ਗੱੜੁਪ ਖਲਾਅ’ ਕਿਹਾ ਹੈ, ਕਿਉਂ ਕਿ ਉਸ ਅਨੁਸਾਰ ਜੇ ਮਾਨਵ ਆਪਣੇ ਸਿਰਜੇ ਸ਼ਬਦਾਂ ਰਾਹੀਂ ਰੱਬ ਦੀ ਵਿਆਖਿਆ ਨਾ ਕਰਦਾ ਤਾਂ ‘ਈਸ਼ਵਰ, ਅੱਲਾ, ਗੌਡ, ਬ੍ਰਹਮਾ/ ਰਹਿਣੇ ਸਨ ਬੇ-ਨਾਮ।‘ ਜੇ ਇਹਨਾਂ ਸਤਰਾਂ ਦਾ ਮੁਲਾਂਕਣ ਕੀਤਾ ਜਾਵੇ ਤਾਂ ਪਤਾ ਚਲਦਾ ਹੈ ਕਿ ਰਵੀ ਵਰਗੇ ਸੁਹਿਰਦ ਸਾਹਿਤਕਾਰ ਨੇ ਇਕ ਨਵਾਂ ਵਿਚਾਰ ਪੇਸ਼ ਕੀਤਾ ਹੈ, ਜਿਸ ਤੇ ਕਿਸੇ ਕਿਸਮ ਦਾ ਕਿੰਤੂ-ਪਰੰਤੂ ਕਰਨ ਦੀ ਗੁੰਜਾਇਸ਼ ਨਹੀਂ। ਪ੍ਰਸਿਧ ਕਵੀ ਹਰਵਿੰਦਰ ਸਿੰਘ ਨੇ ਇਸ ਕਵਿਤਾ ਸੰਬੰਧੀ ਲਿਖਿਆ ਹੈ ਕਿ ਪੰਜਾਬੀ ਕਵਿਤਾ ਵਿਚ ਮੌਤ ਨੂੰ ‘ਜੀ ਆਇਆਂ’ ਕਹਿਣ ਵਾਲੀ ਇਹ ਪਹਿਲੀ ਅਤੇ ਅਨੂਠੀ ਕਵਿਤਾ ਹੈ। ਨਿਰਸੰਦੇਹ ਇਸ ਕਵਿਤਾ ਨਾਲ ਪੰਜਾਬੀ ਕਵਿਤਾ ਦਾ ਪਿੜ ਮੋਕਲਾ ਹੋਇਆ ਹੈ।

‘ਬੁਢਾਪਾ: ਖੜੋਤ ਹੋਇਆ ਸਮਾਂ’ ਇਕ ਹੋਰ ਨਵੇਕਲੇ ਰੰਗ ਦੀ ਕਵਿਤਾ ਹੈ, ਜਿਸ ਵਿਚ ਕਵੀ ਨੇ ਬੁਢਾਪੇ ਦੀ ਦਹਿਲੀਜ਼ ਅੰਦਰ ਪੈਰ ਰੱਖ ਚੁੱਕੇ ਔਰਤਾਂ, ਮਰਦਾਂ ਦੇ ਅੰਤਰੀਵ ਮਨਾਂ ਦੀ ਤਸਵੀਰ ਉਲੀਕੀ ਹੈ। ਇਹ ਅਟਲ ਸੱਚਾਈ ਹੈ ਕਿ ‘ਬੁਢਾਪੇ ਵਿਚ/ਹੁਸਨ ਦਾ ਗਲੈਮਰ ਵੇਖਕੇ/ਸਭ ਦਾ/ਮੁੜ ਜੰਮਣ ਨੂੰ ਜੀ ਕਰਦਾ ਹੈ’, ਪਰ ਇਸ ਦੇ ਨਾਲ ਇਸ ਹਕੀਕਤ ਤੋਂ ਵੀ ਮੂੰਹ ਨਹੀਂ ਮੋੜਿਆ ਜਾ ਸਕਦਾ ਕਿ ‘ਬੁਢਾਪੇ ਵਿਚ, ਮੁਰਮਰੇ/ਚੱਬ ਨਹੀਂ ਹੁੰਦੇ/ ਤੇ ਖਿਲਾਂ/ ਮੂੰਹ ਵਿਚੋਂ ਕਿਰਦੀਆਂ ਹਨ!’ ਕਵੀ ਨੇ ਇਸ ਕਵਿਤਾ ਵਿਚ ਇਕ ਦਾਰਸ਼ਨਿਕ ਵਾਂਗ ਜ਼ਿੰਦਗੀ ਦੀਆਂ ਸਚਾਈਆਂ ਨੂੰ ਖ਼ੂਬਸੂਰਤ ਢੰਗ ਨਾਲ ਪ੍ਰਗਟਾਇਆ ਹੈ। ਅਜਿਹਾ ਕਲਾਤਮਕ ਪ੍ਰਗਟਾ ਜਿਥੇ ਕਾਵਿ ਕਲਾ ਦੇ ਪੱਖੋਂ ਸਲਾਹੁਣਯੋਗ ਹੈ, ਉਥੇ ਹੀ ਆਪਣੇ ਫ਼ਲਸਫ਼ਾਨਾ ਅੰਦਾਜ਼ ਲਈ ਵੀ ਕਾਬਲੇ ਤਾਰੀਫ਼ ਹੈ। ‘ਬੁਢਾਪਾ/ਮੌਤ ਦੀ ਉਡੀਕ ਵਿਚ/’ਇਕ ਸੂਰਜ’ ਦੇ/ਅੰਤਿਮ ਪੜਾਅ ‘ਤੇ/ਹੌਲੀ ਹੌਲੀ…/ਸਦਾ ਲਈ/ਅਸਤ ਹੋ ਜਾਣ ਦੀ ਕਹਾਣੀ ਹੈ/ਬੁਢਾਪੇ ਵਿਚ ਸਮਾਂ/ਤੁਰਦਾ ਨਹੀਂ/ ਆਪਣੇ ਆਪ ਵਿੱਚ/ਖੜੋ/ਜਾਂਦਾ/ ਹੈ!!!’ ਵੀ ਪਾਠਕਾਂ ਨੂੰ ਝੰਜੋੜਣ ਵਾਲੀਆਂ ਹਨ।

ਕਵੀ ਦਾ ਵਿਚਾਰਾਂ ਨੂੰ ਪੇਸ਼ ਕਰਨ ਦਾ ਫ਼ਲਸਫ਼ਾਨਾ ਅੰਦਾਜ਼ ਹੋਰ ਵੀ ਕਈ ਕਵਿਤਾਵਾਂ ਵਿਚ ਦ੍ਰਿਸ਼ਟੀਗੋਚਰ ਹੁੰਦਾ ਹੈ: ਗੁਰੂ ਨਾਨਕ, ਬੁੱਧ, ਈਸਾ, ਸਦਾ/ ਬਾਹਰ ਵੱਲ ਭਟਕਦੇ ਹੋਏ ਵੀ/ ਅੰਦਰ ਵੱਲ ਮੁੜਦੇ ਰਹੇ; ਸਮਾਧੀ ਅਤੇ ਇਕਾਗਰਤਾ ‘ਚੋਂ ਹੀ/ ਦਿਸ਼ਾ ਬਦਲਦੀ ਹੈ(ਪਹਾੜ ਤੇ ਸਮੁੰਦਰ ਨਾਲ ਜੁੜਿਆ ਦਰਿਆ); ਕਿਹੜਾ? ਕਿਨੂੰ ਰਾਹ ਦਿਖਾਵੇ?/ਰਾਹੇ ਪਾਵੇ?/ਹਰ ਪਾਸੇ ਹੀ ਅੰਧਕਾਰ!!!(ਅੰਨਾ ਯੁੱਗ); ਆਪਣੇ ਫਿਕਰਾਂ ਵਿਚ/ਜ਼ਿੰਦਗੀ ਕਿੰਨੀ ਵੱਡੀ ਹੋ ਗਈ ਹੈ/ਦੁਨੀਆਂ ਕਿੰਨੀ ਸੁਕੜ ਗਈ ਹੈ!!!(ਫੇਸ ਟਾਈਮ ਪਰਵਾਰ); ਮਾਨਵ,/ਸੜਕ ‘ਤੇ ਤੁਰਦਾ ਜ਼ਰੂਰ ਹੈ,/ ਪਹੁੰਚਦਾ ਕਿਤੇ ਨਹੀਂ!(ਕੁਦਰਤ ਦਾ ਸ਼ਹਿਰੀਕਰਨ); ਵਰਤਮਾਨ ਮਸ਼ਕਰੀ ਕਰ ਰਿਹਾ/ਭਵਿੱਖ ਹੱਸ ਰਿਹਾ ਹੈ!(ਵਸਤੂ ਦੀ ਤਲਾਸ਼); ਚਿੰਤਨ ਮੰਥਨ ਵਿਚ ਫ਼ਲਸਫ਼ਾ/ਅਨੁਭਵ-ਜਗਤ ’ਚ ਮੈਂ-ਦੁਆਰ।/ਕਲਪਨਾ ਦੇ ਵਿਚ ਸੋਚ-ਉਡਾਰੀ/ਸ਼ਬਦਾਂ ਵਿਚ ਕਵਿਤਾ-ਸੰਸਾਰ।(ਥਿਰ, ਅਸਥਿਰ ਦੇ ਵਿਚ ਸੰਵਾਦ); ਜਿਊਣਾ ਹੀ ਜੀਵਨ ਹੈਂ/ਇਸਦਾ ਫ਼ਲਸਫ਼ਾ,/ਜਿੰਨਾ ਤੁਰੇ/ਹੈ ਫ਼ਾਸਲਾ, ਓਨਾ ਹੀ ਨਾਲ!(ਸ਼ਬਦ ਖੇਡ:ਅਰਥ ਟਾਪੂ); ਟੁੱਟਣਾ ਅਸਾਧਾਰਨ ਕਰਮ ਹੈ/ਹੈ ਕੰਮ ਉਨ੍ਹਾਂ ਦਾ ਤੋੜਨਾ-/ਅਰਥਾਂ ‘ਚ ਜੰਗ ਛਿੜ ਪਈ/ਸ਼ਬਦਾਂ ਦੇ ਨਾਲ ਨਾਲ।(ਅਗਨੀ ਦੇ ਰੰਗ); ਜ਼ਿੰਦਗੀ ‘ਚੋਂ ਜ਼ਿੰਦਗੀ,/ਗ਼ਾਇਬ ਹੈ…./ਮੌਸਮ ਜ਼ਰੂਰ ਬਦਲਦੇ ਹਨ/ ਇਨਸਾਨ ਕਦੋਂ ਬਦਲੇਗਾ???(ਗੁੰਮਸ਼ੁਦਾ ਦੀ ਤਲਾਸ਼) ਆਦਿ।

ਕਵੀ ਨੇ ਕੁਝ ਮਿੰਨੀ ਕਵਿਤਾਵਾਂ ਅਤੇ ਟੱਪੇ ਵੀ ਦਰਜ ਕੀਤੇ ਹਨ। ਇਹਨਾਂ ਦਾ ਵੀ ਆਪਣਾ ਵੱਖਰਾ ਰੰਗ ਹੈ। ਮਸਲਨ-ਦੋ ਪੈਰ ਘੱਟ ਤੁਰੇ/ਚਾਰ ਪੈਰ ਵੱਧ ਸੋਚਿਆ/ਜੋ ਸੱਚ ਮੁੱਚ ਤੁਰੇ/ਕਿਤੇ ਪਹੁੰਚੇ ਨਹੀਂ/ ਸੋਚ ਵਾਲੇ ਪਹੁੰਚ ਗਏ!; ਸੜਕ ਝੀਲ ਬਣ ਗਈ/ ਤੇ ਨਦੀ ਥਲ/ ਬਿੰਬ ਦੀ ਗੜੇਮਾਰ ਹੇਠ/ਸੱਚ ਗੁਆਚ ਗਿਆ; ਜ਼ਿੰਦਗੀ ਹੈ ਖਲਾਅ ਬਣ ਗਈ/ਕੋਈ ਮਸਲਾ ਨਾ, ਹੱਲ ਕੋਈ ਨਹੀਂ/ਗੱਲਾਂ ਲਈ ਗੱਲਾਂ ਨੇ/ਕਿਸੇ ਗੱਲ ਵਿਚ ਗੱਲ ਕੋਈ ਨਹੀਂ।

ਕੁਝ ਕਵਿਤਾਵਾਂ ਸਮਕਾਲੀ ਹਾਲਾਤ ਸੰਬੰਧੀ ਵੀ ਹਨ। ਇਹ ਕਵਿਤਾਵਾਂ ਭਾਵੇਂ ਨਵੀਂ ਰੰਗਤ ਦੀਆਂ ਹਨ, ਪਰ ਪੁਸਤਕ ਦੀ ਸਮੁੱਚੀ ਦਿਖ ਤੋਂ ਕੁਝ ਵੱਖਰੀਆਂ ਹਨ। ਮੇਰਾ ਨਿਜੀ ਵਿਚਾਰ ਹੈ ਕਿ ਜੇ ਅਜਿਹੀਆਂ ਕਵਿਤਾਵਾਂ ਸ਼ਾਮਲ ਨਾ ਹੀ ਕੀਤੀਆਂ ਜਾਂਦੀਆਂ ਤਾਂ ਕਵਿਤਾਵਾਂ ਦੀ ਇਕਸਾਰਤਾ ਕਾਇਮ ਰਹਿੰਦੀ।

ਰਵਿੰਦਰ ਰਵੀ ਦੀ ਕਵਿਤਾ ਸੰਬੰਧੀ ਇਹ ਗੱਲ ਕਹੀ ਜਾ ਸਕਦੀ ਹੈ ਕਿ ਉਸ ਦਾ ਮੁਕਾਬਲਾ ਕਿਸੇ ਹੋਰ ਕਵੀ ਨਾਲ ਨਹੀਂ ਸਗੋਂ ਆਪਣੇ ਆਪ ਨਾਲ ਹੀ ਹੈ। ਉਸ ਦੀ ਕੋਸ਼ਿਸ਼ ਹੁੰਦੀ ਹੈ ਕਿ ਉਸ ਦਾ ਹਰ ਨਵਾਂ ਕਾਵਿ ਸੰਗ੍ਰਿਹ ਪਹਿਲਿਆਂ ਤੋਂ ਵੱਖਰੇ ਅੰਦਾਜ਼ ਦਾ ਹੋਵੇ। ਇਸ ਮੰਤਵ ਵਿਚ ਉਹ ਸਫਲ ਵੀ ਹੋ ਰਿਹਾ ਹੈ। ਇਸੇ ਲਈ ਸਾਹਿਤ ਸਿਰਜਣਾ ਦੇ ਖੇਤਰ ਵਿਚ ਉਹ ਭਾਵੇਂ ਛੇ-ਸੱਤ ਦਹਾਕਿਆਂ ਤੋਂ ਵਿਚਰ ਰਿਹਾ ਹੈ, ਤਾਂ ਵੀ ਉਸ ਨੇ ਆਪਣੇ ਵਿਚਾਰਾਂ ਨੂੰ ਦੁਹਰਾਇਆ ਨਹੀਂ, ਕਾਵਿ-ਕਲਾ ਅਤੇ ਕਾਵਿ-ਨਾਟਕਾਂ ਵਿਚ ਵਿਸ਼ਿਆਂ ਅਤੇ ਕਲਾਤਮਕ ਪੱਖ ਤੋਂ ਉਹ ਨਿਰੰਤਰ ਅੱਗੇ ਵੱਧਦਾ ਰਿਹਾ ਹੈ। ਅਸਲ ਵਿਚ ਉਹ ਅਜੋਕੇ ਸਮੇਂ ਦੇ ਗਲੋਬਲ ਵਰਤਾਰਿਆਂ ਨੂੰ ਆਪਣੀਆਂ ਰਚਨਾਵਾਂ ਵਿਚ ਪੇਸ਼ ਕਰਕੇ ਸਮਾਕਾਲ ਨਾਲ ਜੁੜਿਆ ਸਾਹਿਤਕਾਰ ਹੈ। ਉਸ ਦੇ ਸਾਹਿਤ ਦਾ ਮਕਸਦ ਯਥਾਰਥ ਦਾ ਪ੍ਰਗਟਾਵਾ ਹੈ, ਇਸੇ ਲਈ ਉਸ ਦਾ ਸਾਹਿਤ ਵਰਤਮਾਨ ਸਮੇਂ ਵਿਚ ਵੀ ਸਾਰਥਕ ਹੈ ਅਤੇ ਉਸ ਨੂੰ ਨਵੇਂ ਸਮੇਂ ਦੀ ਪੀੜ੍ਹੀ ਨਾਲ ਜੋੜਦਾ ਹੈ। ਲੰਮੇ ਸਮੇਂ ਦੌਰਾਨ ਉਸ ਨੇ ਪਾਠਕਾਂ ਅਤੇ ਆਲੋਚਕਾਂ ਦੀਆਂ ਤਿੰਨ-ਚਾਰ ਪੀੜ੍ਹੀਆਂ ਵਿਚ ਵਿਚਰਦੇ ਹੋਏ ਆਪਣੇ ਸਾਹਿਤਕ ਜਲੌ ਨੂੰ ਕਾਇਮ ਹੀ ਨਹੀਂ ਰੱਖਿਆ ਬਲਕਿ ਪਹਿਲਾਂ ਨਾਲੋਂ ਜਿਆਦਾ ਲਿਸ਼ਕਾਉਂਦਾ ਰਿਹਾ ਹੈ। ਉਸ ਦਾ ਨਵਾਂ ਕਾਵਿ ਸੰਗ੍ਰਿਹ ‘ਚਿੰਤਨ ਦੀ ਪਰਵਾਜ਼’ ਪੰਜਾਬੀ ਕਾਵਿ ਜਗਤ ਵੀ ਵਿਲੱਖਣ ਪ੍ਰਾਪਤੀ ਹੈ।

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।*
***
987
***