25 April 2024

ਬਲਵੰਤ ਸਿੰਘ ਗਿੱਲ ਦਾ ਕਹਾਣੀ ਸੰਗ੍ਰਹਿ : ਉੱਜੜੇ ਬਾਗ਼ ਦਾ ਫੁੱਲ — ਰਵਿੰਦਰ ਸਿੰਘ ਸੋਢੀ

ਬਰਤਾਨੀਆ ਵਸਦਾ ਪਰਵਾਸੀ ਕਹਾਣੀਕਾਰ ਬਲਵੰਤ ਸਿੰਘ ਗਿੱਲ ਕਈ ਧਰਾਤਲਾਂ ਕੇ ਵਿਚਰਨ ਵਾਲਾ ਲੇਖਕ ਹੈ। ਐਮ. ਏ. ਤੱਕ ਦੀ ਪੜ੍ਹਾਈ ਪੰਜਾਬ ਤੋਂ ਕਰਨ ਬਾਅਦ ਉਹ ਚੰਗੇ ਭਵਿੱਖ ਦੇ ਸੁਪਨੇ ਸਿਰਜ ਕੇ ਇੰਗਲੈਂਡ ਪਹੁੰਚ ਗਿਆ। ਓਪਰੀ ਧਰਤੀ ਤੇ ਪਹੁੰਚ ਕੇ ਉਸ ਨੂੰ ਜੀਵਨ ਸਾਥੀ ਮਿਲਣ ਦੇ ਨਾਲ-ਨਾਲ ਸੰਘਰਸ਼ ਮਈ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਦਾ ਸਾਹਮਣਾ ਵੀ ਕਰਨਾ ਪਿਆ। ਰੋਜ਼ੀ-ਰੋਟੀ ਦਾ ਵਸੀਲਾ ਕਰਨ ਲਈ ਉਸ ਨੇ ਲੰਮਾ ਸਮਾਂ ਇੱਟਾਂ ਦੇ ਭੱਠੇ ਤੇ ਨੌਕਰੀ ਕੀਤੀ, ਪਰ ਹਿੰਮਤ ਨਹੀਂ ਹਾਰੀ। ਕਈ ਪੜਾਵਾਂ ‘ਚੋਂ ਲੰਘਦੇ ਨੇ ਰਾਜਨੀਤੀ ਦੇ ਖੇਤਰ ਵਿਚ ਪੈਰ ਪਸਾਰ ਕੇ ਪਹਿਲਾਂ ਸਿਟੀ ਕੌਂਸਲ ਦਾ ਮੈਂਬਰ ਬਣਿਆ ਅਤੇ ਫੇਰ ਮੇਅਰ। ਅਜਿਹੇ ਪੈਂਡੇ ਦਾ ਰਾਹੀ ਬਣ ਕੇ ਉਸ ਨੂੰ ਇਹ ਫਾਇਦਾ ਹੋਇਆ ਕਿ ਉਸ ਦੀ ਜ਼ਿੰਦਗੀ ਦਾ ਤਜ਼ਰਬਾ ਵਿਸ਼ਾਲ ਹੋ ਗਿਆ। ਪਹਿਲਾਂ ਤਾਂ ਉਸ ਨਾਲ ਕੰਮ ਕਰਦੇ ਵਤਨੀ ਅਤੇ ਗੋਰੇ ਵੀ ਉਸ ਨੂੰ ਆਪਣੇ ਵਰਗਾ ਸਮਝ ਕੇ ਉਸ ਨਾਲ ਦਿਲ ਦੀਆਂ ਗਲਾਂ ਸਾਂਝੀਆਂ ਕਰ ਲੈਂਦੇ ਅਤੇ ਜਦੋਂ ਉਹ ਕੌਂਸਲਰ ਅਤੇ ਫੇਰ ਮੇਅਰ ਦੀ ਕੁਰਸੀ ਤੇ ਜਾ ਬੈਠਾ ਤਾਂ ਉਸ ਦੇ ਦੋਸਤ-ਮਿੱਤਰ ਉਸ ਕੋਲ ਆਪਣੀਆਂ ਸਮੱਸਿਆਵਾਂ ਲਈ ਸਲਾਹ ਲੈਣ ਵੀ ਆ ਜਾਂਦੇ, ਜਿਸ ਕਾਰਨ ਉਹ ਆਪਣੇ ਵਰਗੇ ਪਰਵਾਸੀਆਂ ਦਾ ਰਾਹ ਦਸੇਰਾ ਵੀ ਬਣ ਗਿਆ। ਉਸ ਨੇ ਆਪਣੀ ਜ਼ਿੰਦਗੀ ਦੇ ਤਜ਼ਰਬਿਆਂ ਨੂੰ ਪ੍ਰਗਟਾਉਣ ਲਈ ਜਦੋਂ ਕਲਮ ਚੁੱਕੀ ਤਾਂ ਦੇਸ-ਪ੍ਰਦੇਸ ਦੀਆਂ ਸਮੱਸਿਆਵਾਂ ਨੂੰ ਜ਼ਿੰਦਗੀ ਵਿਚ ਮਿਲੇ ਕੁਝ ਕਿਰਦਾਰਾਂ ਰਾਹੀਂ, ਕੁਝ ਆਪਣੀ ਕਲਪਨਾ ਦੇ ਆਸਰੇ ਅਤੇ ਕੁਝ ਦੋਹਾਂ ਦਾ ਮਿਸ਼ਰਣ ਕਰਕੇ ਇਕ ਵਖਰੇ ਅੰਦਾਜ਼ ਵਿਚ ਆਪਣੀਆਂ ਕਹਾਣੀਆਂ ਵਿਚ ਪੇਸ਼ ਕੀਤਾ। ਆਪਣੀ ਮੌਲਿਕ ਸ਼ੈਲੀ ਕਰ ਕੇ ਉਹ ਜਲਦੀ ਹੀ ਪਾਠਕਾਂ ਦਾ ਚਹੇਤਾ ਬਣ ਗਿਆ। ਆਮ ਪਾਠਕਾਂ ਵਿਚ ਉਸ ਦੀਆਂ ਕਹਾਣੀਆਂ ਪ੍ਰਵਾਨ ਚੜ੍ਹਨ ਦਾ ਇਕ ਕਾਰਨ ਹੋਰ ਵੀ ਹੈ ਕਿ ਉਹ ਅਖੌਤੀ ਵਿਦਵਤਾ ਤੋਂ ਕਿਨਾਰਾ ਕਰਦਾ ਹੈ। ਉਹ ਕਹਾਣੀ ਰਚਨਾ ਦੇ ਸਮਾਂ ਵਿਹਾ ਚੁਕੇ ਤਕਨੀਕੀ ਨੁਕਤਿਆਂ ਦੀ ਕੈਦ ਤੋਂ ਵੀ ਅਜ਼ਾਦ ਹੀ ਰਹਿੰਦਾ ਹੈ। ਉਸਦੇ ਕਹਾਣੀ ਸੰਸਾਰ ਦੀ ਖ਼ੂਬੀ ਇਹ ਹੈ ਕਿ ਉਹ ਆਪਣੀਆਂ ਕਹਾਣੀਆਂ ਆਲੋਚਕਾਂ ਜਾਂ ਅਖੌਤੀ ਵਿਦਵਾਨਾਂ ਲਈ ਨਹੀਂ ਲਿਖਦਾ ਬਲਕਿ ਆਮ ਪੰਜਾਬੀ ਪਾਠਕਾਂ ਲਈ ਲਿਖਦਾ ਹੈ।
ਉਸ ਦਾ ਵਿਚਾਰ ਅਧੀਨ ਕਹਾਣੀ ਸੰਗ੍ਰਿਹ ‘ਉੱਜੜੇ ਬਾਗ਼ ਦਾ ਫੁੱਲ’ ਉਸ ਦਾ ਦੂਜਾ ਕਹਾਣੀ ਸੰਗ੍ਰਹਿ ਹੈ। ਇਸ ਤੋਂ ਇਲਾਵਾ ਉਸ ਦੀਆਂ ਕੁਝ ਕਹਾਣੀਆਂ ਦੋ ਸਾਂਝੇ ਕਹਾਣੀ ਸੰਗ੍ਰਿਹਾਂ ਦਾ ਸ਼ਿੰਗਾਰ ਵੀ ਬਣ ਚੁਕੀਆਂ ਹਨ ਅਤੇ ਅਖ਼ਬਾਰਾਂ ਵਿਚ ਵੀ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਹਨ। ਪ੍ਰਸਤੁਤ ਸੰਗ੍ਰਿਹ ਵਿਚ 20 ਕਹਾਣੀਆਂ ਹਨ। ਕੁਝ ਕਹਾਣੀਆਂ ਦਾ ਵਿਸ਼ਾ ਨਿਰੋਲ ਪੰਜਾਬ ਦੇ ਪੇਂਡੂ ਸਮਾਜ ਦੇ ਵੱਖ-ਵੱਖ ਪਹਿਲੂਆਂ ਨਾਲ ਸੰਬੰਧਿਤ ਹੈ, ਕੁਝ ਕਹਾਣੀਆਂ ਵਿਚ ਪੰਜਾਬ ਅਤੇ ਪਰਵਾਸੀ ਪੰਜਾਬੀਆਂ ਦੀਆਂ ਸਾਂਝੀਆਂ ਪਰਤਾਂ ਨੂੰ ਛੁਹਿਆ ਹੈ ਅਤੇ ਕਈ ਕਹਾਣੀਆਂ ਪਰਵਾਸੀਆਂ ਦੀ ਰੋਜ਼ਾਨਾ ਜ਼ਿੰਦਗੀ ਦਾ ਚਿਤਰਣ ਕਰਦੀਆਂ ਹਨ।

‘ਪਰਾਏ ਦੇਸ’ ਕਹਾਣੀ ਵਿਚ ਇਕ ਮਾਂ ਦੇ ਦੁਖਾਂਤ ਨੂੰ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਜੱਸੀ ਆਪਣੇ ਆਸਟ੍ਰੇਲੀਆ ਰਹਿੰਦੇ ਮਿੱਤਰ ਸਾਬੀ ਦੇ ਕਹੇ ਤੇ ਆਸਟ੍ਰੇਲੀਆ ਜਾਣ ਦਾ ਪਰੋਗਰਾਮ ਬਣਾ ਲੈਂਦਾ ਹੈ। ਭਾਵੇਂ ਜੱਸੀ ਦੀ ਮਾਂ ਆਪਣੇ ਇਕਲੌਤੇ ਪੁੱਤਰ ਨੂੰ ਆਪਣੀਆਂ ਅੱਖਾਂ ਤੋਂ ਦੂਰ ਨਹੀਂ ਕਰਨਾ ਚਾਹੁੰਦੀ, ਪਰ ਪੁੱਤਰ ਦੀ ਜ਼ਿਦ ਅਗੇ ਉਸ ਨੂੰ ਝੁਕਣਾ ਪੈਂਦਾ ਹੈ ਅਤੇ ਜ਼ਮੀਨ ਦਾ ਇਕ ਖ਼ਿੱਤਾ ਵੇਚ ਕੇ ਉਸ ਨੂੰ ਆਸਟ੍ਰੇਲੀਆ ਭੇਜ ਦਿੰਦੀ ਹੈ। ਆਸਟ੍ਰੇਲੀਆ ਪਹੁੰਚ ਕੇ ਜੱਸੀ ਦਿਲ ਲਾ ਕੇ ਪੜ੍ਹਦਾ ਵੀ ਹੈ ਅਤੇ ਆਪਣੀ ਕਮਾਈ ਵਿਚੋਂ ਕੁਝ ਬਚਾ ਕੇ ਆਪਣੀ ਮਾਂ ਨੂੰ ਵੀ ਭੇਜਦਾ ਰਹਿੰਦਾ ਹੈ। ਉਹ ਇਕ ਪੰਜਾਬੀ ਕੁੜੀ ਮਨਪ੍ਰੀਤ ਦੇ ਸੰਪਰਕ ਵਿਚ ਆਉਂਦਾ ਹੈ ਅਤੇ ਦੋਵੇਂ ਜ਼ਿੰਦਗੀ ਦੇ ਹਮਸਫ਼ਰ ਬਣਨ ਦੇ ਵਾਅਦੇ ਵੀ ਕਰਦੇ ਹਨ। ਜਦੋਂ ਕਈ ਸਾਲ ਬਾਅਦ ਜੱਸੀ ਅਤੇ ਮਨਪ੍ਰੀਤ ਭਾਰਤ ਆਉਣ ਦਾ ਪਰੋਗਰਾਮ ਬਣਾਉਂਦੇ ਹਨ ਤਾਂ ਜੱਸੀ, ਮਨਪ੍ਰੀਤ ਨੂੰ ਕੁਝ ਮੁੰਡਿਆਂ ਤੋਂ ਬਚਾਉਂਦਾ ਹੋਇਆ ਜ਼ਖ਼ਮੀ ਹੋ ਜਾਂਦਾ ਹੈ ਅਤੇ ਇਲਾਜ ਦੌਰਾਨ ਹੀ ਜ਼ਿੰਦਗੀ ਦੀ ਜੰਗ ਹਾਰ ਜਾਂਦਾ ਹੈ। ਮਨਪ੍ਰੀਤ ਜਦੋਂ ਇਹ ਮਨਹੂਸ ਖ਼ਬਰ ਜੱਸੀ ਦੀ ਮਾਂ ਨੂੰ ਸੁਣਾਉਂਦੀ ਹੈ ਤਾਂ ਮਾਂ ਦਾ ਇਹ ਕਹਿਣਾ, “ਮੈਂ ਤੇਰੇ ਆਸਟ੍ਰੇਲੀਆ ਦੇਸ਼ ਜਾਣ ਦਾ ਦੁੱਖ ਤਾਂ ਜਰ ਲਿਆ ਸੀ ਪਰ ਹੁਣ ਜਿਸ ਪਰਾਏ ਦੇਸ ਚਲਾ ਗਿਆ ਹੈਂ, ਇਸ ਦਾ ਦੁਖ ਕਿਵੇਂ ਝੱਲਾਂ?” ਤਾਂ ਪਾਠਕਾਂ ਦੀਆਂ ਅੱਖਾਂ ਵੀ ਨਮ ਹੋ ਜਾਂਦੀਆਂ ਹਨ। ‘ਖ਼ੂਨ ਦਾ ਰਿਸ਼ਤਾ’ ਕਹਾਣੀ ਵਿਚ ਬਲਵੰਤ ਨੇ ਇੰਗਲੈਂਡ ਰਹਿੰਦੀ ਇਕ ਪੰਜਾਬਣ ਪ੍ਰੀਤਮ ਕੌਰ ਦੇ ਦੁਖਾਂਤ ਨੂੰ ਕਲਮ ਬਧ ਕੀਤਾ ਹੈ ਜੋ ਇਕ ਦੁਰਘਟਨਾ ਦਾ ਸ਼ਿਕਾਰ ਹੋ ਕੇ ਆਪਣੀ ਯਾਦਾਸ਼ਤ ਖੋ ਬੈਠਦੀ ਹੈ। ਪ੍ਰੀਤਮ ਕੌਰ ਲਈ ਇਸ ਤੋਂ ਵੀ ਵੱਡਾ ਦੁਖਾਂਤ ਇਹ ਵਾਪਰਿਆ ਕਿ ਉਸ ਦੇ ਤਿੰਨ ਮੁੰਡਿਆਂ ਵਿਚੋਂ ਕਿਸੇ ਨੇ ਮਾਂ ਦੀ ਸਾਰ ਨਾ ਲਈ, ਜਿੰਨਾਂ ਲਈ ਮਾਂ ਨੇ ਸਾਰੀ ਉਮਰ ਜਫਰ ਜਾਲੇ। ਪ੍ਰੀਤਮ ਕੌਰ ਭਾਵੇਂ ਕਹਾਣੀ ਵਿਚ ਸਾਹਮਣੇ ਨਹੀਂ ਆਉਂਦੀ, ਪਰ ਉਸ ਦੀ ਤਸਵੀਰ ਪਾਠਕਾਂ ਦੀਆਂ ਅੱਖਾਂ ਸਾਹਮਣੇ ਘੁੰਮਦੀ ਰਹਿੰਦੀ ਹੈ। ਇਹ ਇਸ ਕਹਾਣੀ ਦਾ ਵਿਸ਼ੇਸ਼ ਪੱਖ ਹੈ। ਕਿਤਾਬ ਦੇ ਨਾਂ ਵਾਲੀ ਕਹਾਣੀ ‘ਉੱਜੜੇ ਬਾਗ਼ ਦਾ ਫੁੱਲ’ ਵੀ ਪੰਜਾਬ ਰਹਿੰਦੇ ਇਕ ਪਰਿਵਾਰ ਦੀ ਦੁਖ ਭਰੀ ਕਹਾਣੀ ਹੈ ਜਿਸ ਨੂੰ ਕੈਨੇਡਾ ਰਹਿੰਦਾ ਇਕ ਪਾਤਰ(ਕਰਮਾ)ਕੈਨੇਡਾ ਦੇ ਪਾਰਕ ਵਿਚ ਬੈਠੇ ਆਪਣੇ ਹਮਉਮਰ ਸਾਥੀ(ਸੱਬੋ) ਨੂੰ ਸੁਣਾਉਂਦਾ ਹੈ। ਮੇਜਰ ਸਿੰਘ ਗਰੀਬ ਕਿਸਾਨ ਹੈ, ਜੋ ਆਪਣੇ ਮੁੰਡੇ ਦੁੱਲੇ ਨੂੰ ਮੁਸ਼ਕਿਲ ਨਾਲ ਪੜਾਉਂਦਾ ਹੈ ਅਤੇ ਆਪਣੀ ਕੁੜੀ ਦਾ ਵਿਆਹ ਕਰਜ਼ਾ ਚੁਕ ਕੇ ਕਰਦਾ ਹੈ। ਪੜ੍ਹੇ ਲਿਖੇ ਮੁੰਡੇ ਨੂੰ ਨੌਕਰੀ ਨਹੀਂ ਮਿਲਦੀ, ਕਰਜ਼ਾ ਮੁੜ ਨਹੀਂ ਰਿਹਾ। ਇਸੇ ਪਰੇਸ਼ਾਨੀ ਕਾਰਨ ਉਹ ਫਾਹਾ ਲੈ ਲੈਂਦਾ ਹੈ। ਦੁੱਲੇ ਨੂੰ ਇਕ ਨੇਤਾ ਆਪਣਾ ਬਾਡੀਗਾਰਡ ਬਣਾ ਲੈਂਦਾ ਹੈ, ਪਰ ਉਸ ਤੋਂ ਨਜਾਇਜ਼ ਕੰਮ ਕਰਵਾਉਂਦਾ ਹੈ। ਜਦੋਂ ਦੁੱਲੇ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਤਾਂ ਉਹ ਨੇਤਾ ਦੀ ਨੌਕਰੀ ਛੱਡ ਦਿੰਦਾ ਹੈ। ਨੇਤਾ ਨੂੰ ਡਰ ਪੈ ਜਾਂਦਾ ਹੈ ਕਿ ਦੁੱਲਾ ਉਸ ਦਾ ਰਾਜ ਨਾ ਖੋਲ੍ਹ ਦੇਵੇ। ਕੁਝ ਦੇਰ ਬਾਅਦ ਦੁੱਲੇ ਨੂੰ ਇਕ ਸਰਕਾਰੀ ਦਫਤਰ ਵਿਚ ਨੌਕਰੀ ਮਿਲ ਜਾਂਦੀ ਹੈ, ਜਿਸ ਨਾਲ ਉਸ ਦੇ ਘਰ ਦੇ ਹਾਲਾਤ ਸੁਧਰਨ ਲਗੇ, ਪਰ ਨੇਤਾ ਆਪਣੇ ਬੰਦਿਆਂ ਰਾਹੀਂ ਦੁੱਲੇ ਤੇ ਹਮਲਾ ਕਰਵਾ ਦਿੰਦਾ ਹੈ। ਦੁੱਲਾ ਭਾਵੇਂ ਬਚ ਤਾਂ ਗਿਆ, ਪਰ ਹਸਪਤਾਲ ਬਹੁਤ ਦੇਰ ਰਹਿਣਾ ਪਿਆ। ਜਿਸ ਡਾਕਟਰ(ਸੀਮਾ) ਨੇ ਉਸ ਦਾ ਇਲਾਜ ਕੀਤਾ, ਉਹ ਅਸਲ ਵਿਚ ਕਾਲਜ ਵਿਚ ਦੁੱਲੇ ਨਾਲ ਪੜ੍ਹਦੀ ਸੀ ਅਤੇ ਉਸ ਨੂੰ ਪਿਆਰ ਵੀ ਕਰਦੀ ਸੀ। ਉਹ ਹੀ ਦੁੱਲੇ ਦੇ ਡਾਕਟਰੀ ਇਲਾਜ ਦੇ ਪੈਸੇ ਭਰਦੀ ਹੈ ਅਤੇ ਬਾਅਦ ਵਿਚ ਦੋਹਾਂ ਦਾ ਵਿਆਹ ਵੀ ਹੋ ਜਾਂਦਾ ਹੈ। ਦੁੱਲੇ ਨੂੰ ਇਕ ਚੈਨਲ ਤੇ ਨੌਕਰੀ ਮਿਲ ਜਾਣ ਤੋਂ ਬਾਅਦ ਉਸ ਦੀ ਮਿਹਨਤ ਕਰਕੇ ਉਸ ਦੇ ਨਾਂ ਦੀ ਚਰਚਾ ਹਰ ਪਾਸੇ ਹੋਣ ਲੱਗਦੀ ਹੈ।। ‘ਕਬਾੜ ਖ਼ਾਨਾ’ ਕਹਾਣੀ ਵੀ ਬਹੁ-ਪਰਤੀ ਕਹਾਣੀ ਹੈ, ਜਿਸ ਵਿਚ ਵਿਦੇਸ਼ ਜੰਮੇ ਬੱਚਿਆਂ ਦੀ ਸੋਚ, ਭਾਰਤੀ ਮੂਲ ਦੇ ਵਪਾਰੀਆਂ ਵੱਲੋਂ ਆਪਣੇ ਹਮ ਵਤਨੀਆਂ ਨਾਲ ਹੀ ਸਮਾਨ ਵੇਚਣ ਸਮੇਂ ਲੱਗਦਾ ਮੁੱਲ ਲਾਉਣਾ, ਦੇਸ ਪਰਤੇ ਲੋਕਾਂ ਦੀ ਸਥਾਨਕ ਦੁਕਾਨਦਾਰਾਂ ਵੱਲੋਂ ਲੁੱਟ ਅਤੇ ਪਿੰਡ ਦੇ ਸਕੂਲ ਨੂੰ ਕਬਾੜ ਖ਼ਾਨਾ ਸਮਝ ਕੇ ਪੁਰਾਣੇ ਸਮਾਨ ਨਾਲ ਗੰਦਾ ਕਰ ਦੇਣਾ ਆਦਿ ਪੱਖਾਂ ਨੂੰ ਪੇਸ਼ ਕੀਤਾ ਹੈ। ‘ਸਸਕਾਰ ਦਾ ਸਮਝੌਤਾ’ ਵਿਚ ਪੁਲਿਸ ਦੀਆਂ ਜ਼ਿਆਦਤੀਆਂ ਦੇ ਨਾਲ-ਨਾਲ ਪਿੰਡ ਦੇ ਚੌਧਰੀਆਂ ਦੇ ਹੀ ਪੁਲਿਸ ਨਾਲ ਰਲੇ ਹੋਣ ਦੀ ਅਸਲੀਅਤ ਪੇਸ਼ ਕੀਤੀ ਹੈ।

ਇਸ ਕਹਾਣੀ ਸੰਗ੍ਰਿਹ ਦੀਆਂ ਦੋ ਹੋਰ ਕਹਾਣੀਆਂ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕਰਨਾ ਜਰੂਰੀ ਹੈ, ਉਹ ਹਨ-ਮੁਰੱਬਿਆਂ ਵਾਲੀ ਅਤੇ ਸੁਪਰ ਕਿੰਗ। ਪਹਿਲੀ ਕਹਾਣੀ ਵਿਚ ਇਹ ਦਰਸਾਇਆ ਹੈ ਕਿ ਪੜ੍ਹ-ਲਿਖ ਕੇ ਜੇ ਨੌਕਰੀ ਨਾ ਮਿਲੇ ਤਾਂ ਜਰੂਰੀ ਨਹੀਂ ਕਿ ਮਨ ਮਾਰ ਕੇ ਕੋਈ ਛੋਟੀ ਮੋਟੀ ਨੌਕਰੀ ਨਾਲ ਸਮਾਂ ਟਪਾਈ ਜਾਉ। ਇਨਸਾਨ ਨੂੰ ਹਿੰਮਤ ਕਰਕੇ ਆਪਣਾ ਕੋਈ ਕੰਮ-ਧੰਦਾ ਸ਼ੁਰੂ ਕਰ ਲੈਣਾ ਚਾਹੀਦਾ ਹੈ। ਕੰਮ ਕੋਈ ਛੋਟਾ ਨਹੀਂ ਹੁੰਦਾ, ਬੰਦੇ ਦੀ ਸੋਚ ਛੋਟੀ ਹੁੰਦੀ ਹੈ। ਦੂਜੀ ਕਹਾਣੀ ਵਿਚ ਦਰਸਾਇਆ ਗਿਆ ਹੈ ਕਿ ਦਲਜੀਤ ਕੈਨੇਡਾ ਪੜ੍ਹਨ ਗਿਆ ਸੀ। ਚੈਫ ਦੀ ਪੜਾਈ ਪੂਰੀ ਕੀਤੀ, ਪਰ ਜਦ ਉਥੇ ਵਧੀਆ ਨੌਕਰੀ ਨਾ ਮਿਲੀ ਤਾਂ ਵਾਪਸ ਆ ਗਿਆ। ਬੜੇ ਸੋਚ ਵਿਚਾਰ ਤੋਂ ਬਾਅਦ ਸੂਪ ਬਣਾਉਣ ਦੀ ਰੇਹੜੀ ਲਾ ਲਈ। ਲੋਕਾਂ ਦੀਆਂ ਗੱਲਾਂ ਦੀ ਪਰਵਾਹ ਨਾ ਕੀਤੀ। ਮਿਹਨਤ ਨਾਲ ਆਪਣੇ ਕੰਮ ਵਿਚ ਸਫਲ ਹੋਇਆ। ਇਹ ਦੋਵੇਂ ਕਹਾਣੀਆਂ ਅੱਜ ਦੇ ਨੌਜਵਾਨਾਂ ਨੂੰ ਨਵੀਂ ਸੇਧ ਦੇਣ ਵਾਲੀਆਂ ਹਨ।

ਕਈ ਕਹਾਣੀਆਂ ਦੇ ਪਾਤਰ ਲੰਮੇ ਸਮੇਂ ਤੱਕ ਯਾਦ ਰਹਿਣ ਵਾਲੇ ਹਨ, ਜਿਵੇਂ; ਕਿਰਨ(ਮੁਰੱਬਿਆਂ ਵਾਲੀ), ਜੀਤਾਂ(ਲਮਕਵੀਂ ਕੈਦ), ਕੋਮਲ(ਸੱਚ ਦਾ ਗਰਭਪਾਤ), ਮਿੰਦੋ(ਮੋਹਣੇ ਦੀ ਮਿੰਦੋ), ਪਰਤਾਪ(ਸਸਕਾਰ ਦਾ ਸਮਝੌਤਾ) ਆਦਿ। ਭਾਸ਼ਾ ਦੇ ਪੱਖੋਂ ਵੀ ਕਹਾਣੀਆਂ ਸਫਲ ਹਨ। ਸਮੁੱਚੇ ਰੂਪ ਵਿਚ ਕਿਹਾ ਜਾ ਸਕਦਾ ਹੈ ਕਿ ਬਲਵੰਤ ਸਿੰਘ ਗਿੱਲ ਆਪਣੇ ਇਸ ਕਹਾਣੀ ਸੰਗ੍ਰਹਿ ਰਾਹੀਂ ਆਮ ਪੰਜਾਬੀ ਪਾਠਕਾਂ ਦੇ ਹੋਰ ਨੇੜੇ ਹੋਇਆ ਹੈ। ਅਜ਼ਾਦ ਬੁਕ ਡਿਪੂ ਅੰਮਿ੍ਤਸਰ ਦੁਆਰਾ ਪ੍ਰਕਾਸ਼ਿਤ 207 ਪੰਨਿਆਂ ਦੀ ਇਸ ਪੁਸਤਕ ਦੀ ਕੀਮਤ 150 ਰੁਪਏ ਹੈ। ਪੁਸਤਕ ਦਾ ਟਾਈਟਲ ਅਤੇ ਦਿੱਖ ਵੀ ਪ੍ਰਭਾਵਿਤ ਕਰਦੀ ਹੈ।
***
ਰਿਚਮੰਡ, ਕੈਨੇਡਾ
001-604-369-2371

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1309
***

About the author

ਰਵਿੰਦਰ ਸਿੰਘ ਸੋਢੀ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ