12 November 2024

ਅਮਰੀਕਨਾ ਦਾ ਕਮਾਲ, ਭੰਗੜੇ ਦੀ ਧਮਾਲ—ਰਵਿੰਦਰ ਸਿੰਘ ਸੋਢੀ

ਰਵਿੰਦਰ ਸਿੰਘ ਸੋਢੀ

ਪੰਜਾਬ ਦੇ ਪ੍ਰਸਿੱਧ ਤਿਉਹਾਰ ਵਿਸਾਖੀ ਅਤੇ ਭੰਗੜੇ ਦਾ ਆਪਸੀ ਸੰਬੰਧ ਕੁਝ ਅਜਿਹਾ ਹੈ ਕਿ  ਵਿਸਾਖੀ ਦੇ ਮੌਕੇ  ਜਦੋਂ ਤਕ ਢੋਲ ‘ਤੇ ਢੋਲੀ ਦਾ ਡੱਗਾ ਨਾ ਖੜਕੇ ਅਤੇ ਚੋਬਰਾਂ ਦੀ ਬਲੇ-ਬਲੇ ਦੀ ਮੁਹਾਰਨੀ ਅਤੇ ਪੈਰਾਂ ਦੀ ਧਮਕ ਧਰਤੀ ਨਾ ਹਿਲਾਏ ਤਾਂ ਵਿਸਾਖੀ ਦਾ ਪੂਰਾ ਰੰਗ ਨਹੀਂ ਖਿੜਦਾ। ਵਿਸਾਖੀ ਅਤੇ ਭੰਗੜਾ, ਪੰਜਾਬ ਦੇ ਅਮੀਰ ਸਭਿਆਚਾਰ ਦੇ ਅਣਿਖੜਵੇਂ ਅੰਗ ਹਨ। ਪੰਜਾਬੀ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਹੋਣ, ਉਹ ਆਪਣੇ ਸਭਿਆਚਾਰ ਨੂੰ ਨਾਲ ਹੀ ਨਹੀਂ ਲੈ ਕੇ ਜਾਂਦੇ ਬਲਕਿ ਸਥਾਨਕ ਲੋਕਾਂ ਨੂੰ ਵੀ ਆਪਣੇ ਸਭਿਆਚਾਰਕ ਵਰਤਾਰਿਆਂ ਵਿਚ ਭਾਈਵਾਲ ਬਣਾ ਲੈਂਦੇ ਹਨ। ਇਸ ਦੀ ਸਭ ਤੋਂ ਵੱਡੀ ਉਦਾਹਰਣ ਹੈ ਕੈਨੇਡਾ ਦੇ ਸਰੀ ਸ਼ਹਿਰ ਦੀ ਖਾਲਸਾ ਪਰੇਡ, ਜੋ ਵਿਸਾਖੀ ਦੇ ਮੌਕੇ ਕੱਢੀ ਜਾਂਦੀ ਹੈ। ਇਸ ਪਰੇਡ ਵਿਚ ਤਕਰੀਬਨ ਪੰਜ ਲਖ ਤੋਂ ਵੱਧ ਲੋਕ ਸ਼ਾਮਿਲ ਹੁੰਦੇ ਹਨ, ਜਿੰਨਾਂ ਵਿਚ ਪੰਜਾਬੀ, ਭਾਰਤ ਦੇ ਹੋਰ ਰਾਜਾਂ ਦੇ ਵੱਖ-ਵੱਖ ਧਰਮਾਂ ਦੇ ਲੋਕਾਂ ਤੋਂ ਇਲਾਵਾ ਕੈਨੇਡਾ ਵਿਚ ਵਸਦੇ ਵੱਖ-ਵੱਖ ਦੇਸਾਂ ਦੇ ਲੋਕ ਵੀ ਸ਼ਾਮਿਲ ਹੁੰਦੇ ਹਨ। ਇਹਨਾਂ ਸਤਰਾਂ ਦੇ ਲੇਖਕ ਨੇ ਆਪ ਦੇਖਿਆ ਹੈ ਕਿ ਇਸ ਮੌਕੇ ਕੈਨੇਡਾ ਪੁਲਿਸ ਦੇ ਜੋ ਕਰਮਚਾਰੀ ਡਿਊਟੀ ਤੇ ਹੁੰਦੇ ਹਨ, ਉਹਨਾਂ ਵਿਚੋਂ ਕਈਆਂ ਨੇ  ਆਪਣੀ ਵਰਦੀ ਦੇ ਨਾਲ ਕੇਸਰੀ ਦਸਤਾਰਾਂ ਵੀ ਸਜਾਈਆਂ ਹੁੰਦੀਆਂ ਹਨ। ਹੋਰ ਕਈ ਦੇਸਾਂ ਵਿਚ ਵੀ ਵਿਸਾਖੀ ਦੇ ਮੌਕੇ ਕਈ ਸਮਾਗਮਾਂ ਦਾ ਆਯੋਜਨ ਕੀਤਾ ਜਾਂਦਾ ਹੈ।

ਇਸ ਸਾਲ (2024) ਨੂੰ ਅਮਰਿਕਾ ਦੇ ਰਾਜ ਡੇਲੇਵੇਅਰ ਦੀ ਅਸੈਂਬਲੀ ਦੇ ਅੱਠ ਮੈਂਬਰਾਂ ਨੇ ਡੈਲੇਵੇਅਰ ਸਿੱਖ ਕੌਲੀਸ਼ਨ ਵੱਲੋਂ ਆਯੋਜਿਤ ਵਿਸਾਖੀ ਸਮਾਗਮ ਦੌਰਾਨ ਭੰਗੜੇ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ। ਇਸ ਸੰਸਥਾ ਦੇ ਸੰਸਥਾਪਕ ਅਤੇ ਪ੍ਰਧਾਨ ਚਰਨਜੀਤ ਸਿੰਘ ਮਿਨਹਾਸ ਨੇ ਦੱਸਿਆ ਕੇ ਅਮਰਿਕਾ ਵਿਖੇ ਇਹ ਪਹਿਲਾ ਮੌਕਾ ਸੀ ਜਦੋਂ ਕਿਸੇ ਰਾਜ ਦੀ ਅਸੈਂਬਲੀ ਦੇ ਚੁਣੇ ਨੁਮਾਇੰਦਿਆਂ ਨੇ ਭੰਗੜਾ ਪਾਇਆ ਹੋਵੇ। ਇਸ ਭੰਗੜੇ ਦੀ ਟੀਮ ਵਿਚ ਸੈਨੇਟ ਮੈਜੋਰਟੀ ਲੀਡਰ ਬਰੇਨ ਟਾਊਨਸੈਂਡ, ਸੈਨੇਟ ਮੈਜੋਰਟੀ ਵਿਪ ਐਲੇਜਾਬਿਥ ਲੌਕਮੈਨ, ਸੈਨੇਟ ਸਟੀਫੇਨ ਹੈਨਸਨ, ਸੈਨੇਟ ਲੌਰਾ ਸਟਰਜਨ, ਸਟੇਟ ਪ੍ਤੀਨਿਧੀ ਸ਼ੈਰੀ ਡੌਰਸੇ ਵਾਲਕਰ ਅਤੇ ਸੋਫੀ ਫਲਿਪਸ ਸੀ। ਉਹਨਾਂ ਨੂੰ ਵਿਸ਼ਵਾਸ ਸਿੰਘ ਸੋਢੀ ਨੇ ਭੰਗੜੇ ਦੀ  ਸਿਖਲਾਈ ਦਿੱਤੀ। ਬਰੇਨ ਟਾਊਨਸੈਂਡ ਨੇ ਦੱਸਿਆ ਕਿ ਉਹਨਾਂ ਨੇ ਪਿਛਲੇ ਦੋ ਮਹੀਨਿਆਂ ਵਿਚ ਤਕਰੀਬਨ ਤੀਹ ਘੰਟੇ ਭੰਗੜੇ ਦੀ ਸਿਖਲਾਈ ਲਈ। 

ਡੈਲੇਵੇਅਰ ਅਸੇਂਬਲੀ ਦੇ ਸਪੀਕਰ ਵੇਲੇਰੀ ਲਾਂਗਹਰਸਟ ਨੇ ਆਪਣੇ ਸਾਥੀਆਂ ਨੂੰ ਇਸ ਗਲੋਂ ਵਧਾਈ ਦਿੱਤੀ ਕਿ ਉਹਨਾਂ ਨੇ ਡੈਲੇਵੇਅਰ ਸਿੱਖ ਕੌਲੀਸ਼ਨ ਵੱਲੋਂ ਆਯੋਜਿਤ ਵਿਸਾਖੀ ਸਮਾਗਮ ਵਿਚ ਲੋਕਾਂ ਦੇ ਸਾਹਮਣੇ  ਭੰਗੜਾ ਪਾ ਕੇ ਇਕ ਨਵਾਂ ਇਤਿਹਾਸ ਸਿਰਜਿਆ ਹੈ। ਸਿੱਖ ਵਰਗ ਦੀ ਤਾਰੀਫ਼ ਕਰਦੇ ਹੋਏ  ਉਹਨਾਂ ਨੇ ਕਿਹਾ “ਸਿਖ ਵਰਗ ਦੇ ਲੋਕ ਦੂਜਿਆਂ ਦੀ ਸਹਾਇਤਾ ਕਰਨ ਲਈ ਹਰ ਵਕਤ ਤਿਆਰ ਰਹਿੰਦੇ ਹਨ ਤੇ ਉਹ ਆਪਣੇ ਤਿਉਹਾਰਾਂ ਦੇ ਸਮੇਂ ਹੋਰਨਾ ਨੂੰ ਵੀ ਸੱਚੇ ਦਿਲੋਂ  ਸੱਦਾ ਭੇਜਦੇ ਹਨ?” ਉਸ ਨੇ  ਇਹ ਵੀ ਕਿਹਾ ਕਿ ਸਿਖ “ਸ਼ਾਨਦਾਰ” ਲੋਕ ਹਨ। ਇਸ ਸਮਾਗਮ ਵਿਚ ਸਥਾਨਕ ਲੋਕਾਂ ਨੇ ਵੱਧ ਚੜ ਕੇ ਹਿੱਸਾ ਲਿਆ। ਡੈਲੇਵੇਅਰ  ਸਿੱਖ  ਕੌਲੀਸ਼ਨ ਦੇ ਪ੍ਰਧਾਨ ਚਰਨਜੀਤ ਸਿੰਘ ਮਿਨਹਾਸ ਨੇ ਸਭ ਦਾ ਧੰਨਵਾਦ ਕੀਤਾ।
***
ਰਵਿੰਦਰ ਸਿੰਘ ਸੋਢੀ
604-369-2371
ਰਿਚਮੰਡ, ਕੈਨੇਡਾ

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1323
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ