24 May 2024

ਨਿਰੰਜਣ ਬੋਹਾ ਦੇ ਕਹਾਣੀ ਸੰਗ੍ਰਿਹ ‘ਤੀਸਰੀ ਖਿੜਕੀ’ ‘ਚੋਂ ਝਾਕਦੀਆਂ ਪਰਿਵਾਰਕ ਪਰਿਸਥਿਤੀਆਂ—ਰਵਿੰਦਰ ਸਿੰਘ ਸੋਢੀ

ਸਾਹਿਤ ਨੂੰ ਸਮਾਜ ਦਾ ਸ਼ੀਸ਼ਾ ਕਿਹਾ ਜਾਂਦਾ ਹੈ। ਇਸ ਦਾ ਭਾਵ ਇਹ ਨਹੀਂ ਕਿ ਸਾਹਿਤਕਾਰ ਸਮਾਜਿਕ ਵਰਤਾਰਿਆਂ ਨੂੰ ਹੂਬਹੂ ਹੀ ਆਪਣੀ ਰਚਨਾ ਵਿਚ ਪੇਸ਼ ਕਰਦਾ ਹੈ। ਕਈ ਵਾਰ ਸਾਹਿਤਕ ਕਿਰਤਾਂ ਵਿਚ ਸੱਚ ਭਾਰੂ ਹੁੰਦਾ ਹੈ ਅਤੇ ਕਲਪਨਾ ਘੱਟ ਅਤੇ ਕਈ ਵਾਰ ਇਸ ਤੋਂ ਉਲਟ ਅਤੇ ਜਾਂ ਨਿਰੋਲ ਸੱਚ ਜਾਂ ਕਲਪਨਾ ਦੇ ਸਹਾਰੇ ਵੀ ਕਿਸੇ ਸਾਹਿਤਕ ਕਿਰਤ ਦਾ ਤਾਣਾ ਬੁਣਿਆ ਹੁੰਦਾ ਹੈਂ। ਅਜਿਹੀਆਂ ਲਿਖਤਾਂ ਵਿਚ ਵੀ ਲੇਖਕ ਦੀ ਕਲਾ ਦੇ ਇਸ ਪੱਖ ਨੂੰ ਦੇਖਣਾ ਪੈਂਦਾ ਹੈ ਕਿ ਉਸ ਨੇ ਸੱਚ ਵਿਚ ਕਲਪਨਾ ਨੂੰ ਕਿਵੇਂ ਰਚਾਇਆ ਹੈ ਜਾਂ ਕਲਪਨਾ ਨੂੰ ਸਚਾਈ ਦੀ ਪੁੱਠ ਕਿਵੇਂ ਚਾੜ੍ਹੀ ਹੈ। ਨਿਰੰਜਣ ਬੋਹਾ ਦੇ ਕਹਾਣੀ ਸੰਗ੍ਰਿਹ ‘ਤੀਸਰੀ ਖਿੜਕੀ’ ਦੇ ਅਧਿਐਨ ਸਮੇਂ ਪਾਠਕਾਂ ਅਤੇ ਅਲੋਚਕਾਂ ਨੂੰ ਆਪਣਾ ਤੀਸਰਾ ਨੇਤਰ ਖੋਲ੍ਹਣਾ ਪੈਂਦਾ ਹੈ ਕਿਉਂ ਕਿ ਇਹਨਾਂ ਕਹਾਣੀਆਂ ਵਿਚ ਸਾਡੇ ਦੇਸ਼ ਦੇ ਮੱਧ ਵਰਗੀ ਪਰਿਵਾਰਾਂ ਵਿਚ ਵਾਪਰਦੀਆਂ ਰੋਜ਼ਮੱਰਾ ਦੀਆਂ ਨਿਰੋਲ ਸੱਚੀਆਂ ਘਟਨਾਵਾਂ ਅਤੇ ਲੇਖਕ ਦੀ ਕਲਪਨਾ ਸ਼ਕਤੀ, ਖੰਡ-ਖੀਰ ਦੀ ਤਰਾਂ ਇਕ ਦੂਜੇ ਵਿਚ ਇੱਕ-ਮਿੱਕ ਹੋਈਆਂ ਮਿਲਦੀਆਂ ਹਨ। ਭਾਵੇਂ ਸਾਡੇ ਦੇਸ਼ ਦੇ ਵੱਖ-ਵੱਖ ਰਾਜਾਂ ਦਾ ਆਪਣਾ-ਆਪਣਾ ਵੱਖਰਾ ਸਭਿਆਚਾਰ ਹੈ, ਪਰ ਤਾਂ ਵੀ ਪਰਿਵਾਰਕ ਜ਼ਿੰਦਗੀ ਦੀਆਂ ਉਲਝਣਾਂ ਤਕਰੀਬਨ-ਤਕਰੀਬਨ ਇਕੋ ਜਿਹੀਆਂ ਹੀ ਹਨ। ਇਸ ਲਈ ਨਿਰੰਜਣ ਬੋਹਾ ਦੀ ‘ਤੀਸਰੀ ਖਿੜਕੀ’ ਵਿਚੋਂ ਸਮੁੱਚੇ ਦੇਸ਼ ਦੇ ਆਮ ਪਰਿਵਾਰਕ ਹਾਲਾਤ ਦੀ ਝਲਕ ਦਿਖਾਈ ਦਿੰਦੀ ਹੈ। ਮਸਲਨ ਮਰਦ ਦੂਜੇ ਵਿਆਹ ਤੋਂ ਬਾਅਦ ਆਪਣੇ ਪਹਿਲੇ ਬੱਚੇ ਆਪਣੇ ਨਾਲ ਹੀ ਰੱਖਦਾ ਹੈਂ ਪਰ ਜੇ ਪਤਨੀ ਦੇ ਪਹਿਲੇ ਵਿਆਹ ਦੇ ਬੱਚੇ ਹੋਣ ਤਾਂ ਉਸ ਨੂੰ ਪੇਕੇ ਛੱਡ ਕੇ ਆਉਣਾ ਪੈਂਦਾ ਹੈ (ਉਹ ਮੇਰਾ ਵੀ ਕੁਝ ਲੱਗਦੈ), ਔਰਤ ਦਾ ਆਪਣੇ ਜੀਵਨ ਸਾਥੀ ਨਾਲ ਤਨ ਦਾ ਸਾਥ ਤਾਂ ਹੀ ਸੁਖਦ ਹੁੰਦਾ ਹੈ ਜੇ ਉਸ ਦਾ ਮਨ ਵੀ ਅਜਿਹੇ ਕਾਰਜ ਨਾਲ ਖੁਸ਼ ਹੋਵੇ (ਉਹ ਰਾਤ), ਕੁਝ ਔਰਤਾਂ ਆਪਣੇ ਪਤੀ ਦੀ ਬਿਮਾਰੀ ਦੇ ਹਾਲਾਤ ਅਤੇ ਉਸ ਦੀ ਆਰਥਿਕ ਬਦਹਾਲੀ ਕਾਰਨ ਉਸ ਨੂੰ ਆਪਣੇ ਤੇ ਭਾਰ ਸਮਝਦੀਆਂ ਹਨ, ਭਾਵੇਂ ਪਤੀ ਨੇ ਆਪਣੀ ਪਤਨੀ ਲਈ ਕਿੰਨੀਆਂ ਵੀ ਕੁਰਬਾਨੀਆਂ ਕਿਉਂ ਨਾ ਕੀਤੀਆਂ ਹੋਣ (ਕੋਈ ਤਾਂ ਹੈ!), ਪਤੀ-ਪਤਨੀ ਦਾ ਆਪਸੀ ਬੋਲ ਬੁਲਾਰਾ ਤਾਂ ਚਲਦਾ ਹੀ ਰਹਿੰਦਾ ਹੈ, ਪਰ ਪਤੀ ਆਪਣੇ ਦੋਸਤਾਂ ਦੇ ਸਾਹਮਣੇ ਆਪਣੀ ਪਤਨੀ ਵੱਲੋਂ ਕੁਝ ਬੋਲਣ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰ ਸਕਦਾ, ਆਪ ਜੋ ਮਰਜ਼ੀ ਕਹੀ ਜਾਵੇ।

ਨਿਰੰਜਣ ਬੋਹਾ

ਅੱਜ ਦੇ ਸਮੇਂ ਵਿਚ ਵੀ ਕਈ ਮਾਪੇ ਬੱਚਿਆਂ ਦੇ ਅੰਤਰ-ਜਾਤੀ ਵਿਆਹ ਨੂੰ ਸਹਿਮਤੀ ਨਹੀਂ ਦਿੰਦੇ। ਭਾਵੇਂ ਉਹਨਾਂ ਦੇ ਦਿਲ ਵਿਚ ਆਪਣੇ ਬੱਚਿਆਂ ਪ੍ਰਤੀ ਪਿਆਰ ਦੀ ਭਾਵਨਾ ਖਤਮ ਨਹੀਂ ਹੁੰਦੀ, ਪਰ ਫੋਕੀ ਆਕੜ ਉੱਤੇ ਅੜੇ ਉਹ ਆਪਣੇ ਬੱਚਿਆਂ ਤੋਂ ਮੂੰਹ ਮੋੜੀ ਹੀ ਰੱਖਦੇ ਹਨ (ਇਸ ਤਰਾਂ ਹੀ ਹੋਵੇਗਾ ਹੁਣ—), ਨਿਖੱਟੂ ਪਤੀ ਵੀ ਆਪਣੀ ਪਤਨੀ ਦੀ ਕਮਾਈ ਤੇ ਆਪਣਾ ਪੂਰਾ ਹੱਕ ਸਮਝਦੇ ਹਨ, ਪਰ ਆਪਣੀ ਥੋੜ੍ਹੀ ਕਮਾਈ ਵਿਚੋਂ ਪਤਨੀ ਦੀ ਕੋਈ ਖਾਹਿਸ਼ ਪੂਰੀ ਕਰਨ ਲਈ ਤਿਆਰ ਨਹੀਂ ਹੁੰਦੇ ਅਤੇ ਕਈ ਵਾਰ ਵਿਆਹ ਵਰਗੇ ਅਹਿਮ ਮਾਮਲੇ ਵਿਚ ਜਜ਼ਬਾਤੀ ਫੈਸਲੇ ਬਾਅਦ ਵਿਚ ਮੁਸ਼ਕਲ ਪੈਦਾ ਕਰਦੇ ਹਨ (ਇਕ ਦਾਅ ਹੋਰ), ਭਰਾਵਾਂ ਵਿਚ ਛੋਟੀ-ਛੋਟੀ ਗੱਲ ਤੇ ਆਪਸੀ ਮਨ ਮੁਟਾਵ ਅਤੇ ਪਿਉ ਦੀ ਜਾਇਦਾਦ ਵਿਚੋਂ ਜਿਆਦਾ ਹਿੱਸਾ ਲੈਣ ਦਾ ਲਾਲਚ (ਹੋਰ ਵੰਡ ਨਹੀਂ), ਸਾਧ/ਸਾਧਵੀਆਂ ਦੇ ਡੇਰਿਆਂ ਦੀ ਸੱਚਾਈ, ਸਕੀ ਮਾਂ ਵੱਲੋਂ ਹੀ ਆਪਣੀ ਅਜ਼ਾਦੀ ਵਿਚ ਵਿਘਨ ਪਾਉਣ ਵਾਲੀ ਕੁੜੀ ਨਾਲ ਨੀਚ ਹਰਕਤ(ਇਕ ਹੋਰ ਟਿਕਾਣਾ), ਸਧਾਰਨ ਪਰਿਵਾਰ ਦੀਆਂ ਆਰਥਕ ਥੁੜਾਂ ਦਾ ਵਰਣਨ (ਖਲਾਅ ਵਿਚ ਭਟਕਦੇ ਰਿਸ਼ਤੇ), ਮਾਮੇ ਦੇ ਮੁੰਡੇ ਵੱਲੋਂ ਹੀ ਜਵਾਨ ਕੁੜੀ ਤੇ ਭੈੜੀ ਨਜ਼ਰ ਰੱਖਣੀ, ਆਪ ਲੱਭੇ ਜੀਵਨ ਸਾਥੀ ਦਾ ਵੀ ਗਲਤ ਨਿਕਲਣਾ(ਤੀਸਰੀ ਖਿੜਕੀ), ਕੱਚੀ ਉਮਰੇ ਹੀ ਮਾਂ ਦੇ ਚਹੇਤੇ ਵੱਲੋਂ ਕੁੜੀ ਨਾਲ ਬਲਾਤਕਾਰ ਜਿਸ ਕਾਰਨ ਉਸ ਕੁੜੀ ਦੇ ਮਨ ਵਿਚ ਸੈਕਸ ਸ਼ਬਦ ਤੋਂ ਹੀ ਨਫ਼ਰਤ ਹੋਣ ਕਾਰਨ ਉਹ ਲੜਕੀ ਆਪਣੀ ਵਿਆਹੁਤਾ ਜ਼ਿੰਦਗੀ ਦਾ ਸੁਖ ਮਾਣਨ ਤੋਂ ਘਬਰਾਉਂਦੀ ਹੈ(ਤੂੰ ਇੰਜ ਨਾ ਕਰੀਂ), ਆਦਮੀਆਂ ਵੱਲੋਂ ਕਿਸੇ ਦੂਜੀ ਔਰਤ ਪ੍ਰਤੀ ਖਿੱਚ ਪੈਂਦਾ ਹੋਣ ਕਾਰਨ ਪਰਿਵਾਰਕ ਜੀਵਨ ਵਿਚ ਖਟਾਸ, ਅਜਿਹੇ ਸਮੇਂ ਸੱਸ ਵੱਲੋਂ ਨੂੰਹ ਦਾ ਸਾਥ ਦੇਣਾ ਅਤੇ ਅੰਤ ਵਿਚ ਆਪਣੇ ਮੁੰਡੇ ਨੂੰ ਮੁਆਫ਼ ਕਰਨ ਲਈ ਕਹਿਣਾ(ਬੋਲਾਂ ਤਾਂ ਕੀ ਬੋਲਾਂ), ਆਪਣੇ ਬਚਪਨ ਦੀਆਂ ਅਧੂਰੀਆਂ ਇੱਛਾਵਾਂ ਨੂੰ ਬੱਚਿਆਂ ਰਾਹੀਂ ਪੂਰੀ ਕਰਨ ਦੀ ਚਾਹਤ(ਆਪਣਾ ਹੀ ਪਰਛਾਵਾਂ)। ‘ਤੀਸਰੀ ਖਿੜਕੀ’ ਕਹਾਣੀ ਸੰਗ੍ਰਿਹ ਦੀਆਂ ਕਹਾਣੀਆਂ ਦੇ ਅਜਿਹੇ ਵਿਸ਼ਿਆਂ ਤੋਂ ਅਸੀਂ ਸਹਿਜੇ ਹੀ ਇਹ ਅਨੁਮਾਨ ਲਾ ਸਕਦੇ ਹਾਂ ਕਿ ਕਹਾਣੀਕਾਰ ਨੇ ਆਪਣੀਆਂ ਕਹਾਣੀਆਂ ਵਿਚ ਮੱਧ ਵਰਗੀ ਪਰਿਵਾਰ ਦੀ ਜ਼ਿੰਦਗੀ ਦੇ ਕਈ ਪੱਖਾਂ ਨੂੰ ਪਾਠਕਾਂ ਦੇ ਸਨਮੁੱਖ ਪੇਸ਼ ਕੀਤਾ ਹੈ।

ਸਾਹਿਤਕ ਕ੍ਰਿਤਾਂ ਦੀ ਪਰਖ ਕਰਨ ਸਮੇਂ ਇਹ ਤੱਥ ਹੀ ਕਾਫੀ ਨਹੀਂ ਹੁੰਦਾ ਕਿ ਲੇਖਕ ਨੇ ਆਪਣੀਆਂ ਰਚਨਾਵਾਂ ਵਿਚ ਕੀ ਦਰਸਾਇਆ ਹੈ। ਇਹ ਵੀ ਦੇਖਣਾ ਪੈਂਦਾ ਹੈ ਕਿ ਉਸ ਨੇ ਉਹ ਸਭ ਕੁਝ ਕਿਵੇਂ ਪੇਸ਼ ਕੀਤਾ ਹੈ। ਇਸ “ਕਿਵੇਂ” ਨੂੰ ਅਸੀਂ ਲੇਖਕ ਦੀ ਸਾਹਿਤਕ ਮੁਹਾਰਤ, ਕਲਾ, ਸ਼ੈਲੀ ਜਾਂ ਹੋਰ ਅਜਿਹਾ ਕੁਝ ਕਹਿ ਸਕਦੇ ਹਾਂ।

ਪ੍ਰਸਤੁਤ ਪੁਸਤਕ ਦੇ ਅਧਿਐਨ ਉਪਰੰਤ ਕੁਝ ਪ੍ਰਮੁੱਖ ਨੁਕਤੇ ਸਾਹਮਣੇ ਆਉਂਦੇ ਹਨ। ਲੇਖਕ ਦੀ ਕਹਾਣੀ ਸ਼ੁਰੂ ਕਰਨ ਦੇ ਢੰਗ ਵਿਚ ਮੁਹਾਰਤ ਹੈ। ਉਹ ਕਹਾਣੀ ਦਾ ਪਹਿਲਾ ਵਾਕ ਹੀ ਅਜਿਹਾ ਲਿਖਦਾ ਹੈ ਕਿ ਪਾਠਕਾਂ ਵਿਚ ਉਤਸੁਕਤਾ ਪੈਦਾ ਹੁੰਦੀ ਹੈ ਕਿ ਕਹਾਣੀਕਾਰ ਕਹਿਣਾ ਕੀ ਚਾਹੁੰਦਾ ਹੈ ਜਾਂ ਕਿਸ ਚੀਜ਼ ਸੰਬੰਧੀ ਗੱਲ ਕਰਨ ਲੱਗਿਆ ਹੈ। ਪਹਿਲੀ ਕਹਾਣੀ ‘ਉਹ ਮੇਰਾ ਵੀ ਕੁਝ ਲੱਗਦੈ’ ਦਾ ਮੁੱਢ ਇਹਨਾਂ ਸਤਰਾਂ ਨਾਲ ਹੁੰਦਾ ਹੈਂ, “ਅੱਖਾਂ ਮੀਟ ਕੇ ਸੌਣ ਦਾ ਨਾਟਕ ਜਰੂਰ ਕਰ ਲੈਂਦੀ ਹਾਂ ਪਰ ਨੀਂਦ ਆਉਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ, ਮੈਂ ਇਹ ਨਾਟਕ ਨਹੀਂ ਕਰਨਾ ਚਾਹੁੰਦੀ ਪਰ——-। ਇਹ ਵਾਕ ਪੜ੍ਹਦੇ ਹੀ ਪਾਠਕ ਇਹ ਜਾਣਨ ਲਈ ਕਾਹਲਾ ਪੈਂਦਾ ਹੈ ਕਿ ਉਹ ਇਸ ਤਰਾਂ ਕਿਉਂ ਕਰ ਰਹੀ ਹੈ? ਉਸਦੀ ਅਜਿਹੀ ਹਾਲਾਤ ਲਈ ਕੌਣ ਜਿੰਮੇਵਾਰ ਹੈ ਜਾਂ ਉਸ ਨਾਲ ਕੀ ਅਣਹੋਣੀ ਵਾਪਰ ਚੁੱਕੀ ਹੈ? ਇਸੇ ਤਰਾਂ ਹੀ ‘ਤੂੰ ਇੰਜ ਨਾ ਕਰੀਂ’ ਕਹਾਣੀ ਨੂੰ ਦੇਖਿਆ ਜਾ ਸਕਦਾ ਹੈ। ” ਸਵੇਰੇ ਮੇਰੇ ਸਹੁਰਿਆਂ ਵੱਲੋਂ ਪੰਚਾਇਤ ਆਉਣੀ ਹੈਂ ਇਸ ਲਈ ਸਾਰੀ ਰਾਤ ਫਿਕਰਾਂ ਨਾਲ ਪਾਸੇ ਮਾਰਦਿਆਂ ਹੀ ਲੰਘੀ ਹੈ।” ਪਾਠਕ ਇਹ ਪੜ੍ਹ ਕੇ ਸੋਚਦੇ ਹਨ ਕਿ ਇਹ ਪਾਤਰ ਕੌਣ ਹੈ, ਆਦਮੀ ਹੈ ਜਾਂ ਔਰਤ, ਉਸ ਦੇ ਸਹੁਰਿਆਂ ਦੇ ਪਿੰਡ ਤੋਂ ਪੰਚਾਇਤ ਕਿਉਂ ਆਉਣੀ ਹੈ? ਅਜਿਹੇ ਪ੍ਰਸ਼ਨਾਂ ਦੇ ਉੱਤਰ ਜਾਣਨ ਲਈ ਉਹ ਜਲਦੀ-ਜਲਦੀ ਕਹਾਣੀ ਪੜ੍ਹਨੀ ਚਾਹੁੰਦਾ ਹੈ। ਅੱਗੇ ਜਾ ਕੇ ਹੋਰ ਕਈ ਅਜਿਹੇ ਵਾਕ ਹਨ ਜਿੰਨਾਂ ਤੋਂ ਪਾਠਕਾਂ ਵਿਚ ਕਹਾਣੀ ਪ੍ਰਤੀ ਵਧੇਰੇ ਰੁਚੀ ਜਾਗਦੀ ਹੈ। “ਕੋਈ ਵੀ ਕੁੜੀ ਆਪਣੇ ਮਾਮੇ ਸਾਹਮਣੇ ਆਪਣੀ ਮਾਂ ਦਾ ਪਰਦਾ ਨਹੀਂ ਚੁੱਕ ਸਕਦੀ”; “ਪਾਪਾ ਮਰੇ ਨਹੀਂ ਸਨ ਸਗੋਂ ਉਨ੍ਹਾਂ ਨੂੰ ਮੰਮੀ ਦੀਆਂ ਸੈਕਸ ਇਛਾਵਾਂ ਨੇ ਮਾਰਿਐ” ਆਦਿ। ਇਹੋ ਜਿਹੀਆਂ ਸਤਰਾਂ ਪਾਠਕਾਂ ਨੂੰ ਕਹਾਣੀ ਇਕੋ ਸਾਹੇ ਪੜ੍ਹਨ ਲਈ ਖਿੱਚ ਪਾਉਂਦੀਆਂ ਹਨ। ਜਿਹੜੀ ਕਹਾਣੀ ਪਾਠਕਾਂ ਨੂੰ ਅੰਤ ਤੱਕ ਆਪਣੇ ਨਾਲ ਜੋੜੀ ਰੱਖਦੀ ਹੈ, ਉਹੀ ਕਹਾਣੀ ਸਫਲ ਮੰਨੀ ਜਾਂਦੀ ਹੈ।

ਕਹਾਣੀ ਦੇ ਮੁੱਢ ਦੇ ਨਾਲ-ਨਾਲ ਕਹਾਣੀ ਦੇ ਅੰਤ ਵੀ ਅਜਿਹਾ ਹੋਣਾ ਚਾਹੀਦਾ ਹੈ ਕਿ ਕਹਾਣੀ ਖਤਮ ਹੋਣ ਤੋਂ ਬਾਅਦ ਵੀ ਪਾਠਕ ਉਸ ਸੰਬੰਧੀ ਸੋਚਣ ਤੇ ਮਜਬੂਰ ਹੋ ਜਾਵੇ, ਉਸ ਦੇ ਦਿਲ ਵਿਚ ਇਹ ਆਵੇ ਕਿ ਇਸ ਤੋਂ ਬਾਅਦ ਹੋਰ ਕੀ ਹੋ ਸਕਦਾ ਹੈ? ਕਹਾਣੀ ਦਾ ਅੰਤ ਹੋ ਜਾਵੇ, ਪਰ ਪਾਠਕ ਨੂੰ ਕਹਾਣੀ ਦੇ ਕਿਸੇ ਪਾਤਰ ਸੰਬੰਧੀ ਇਹ ਜਿਗਿਆਸਾ ਬਣੀ ਰਹੇ ਕਿ ਉਸ ਨਾਲ ਇਸ ਤੋਂ ਬਾਅਦ ਕੀ ਵਾਪਰਿਆ ਹੋਵੇਗਾ? ’ਕੋਈ ਤਾਂ ਹੈ’ ਕਹਾਣੀ ਦੇ ਅੰਤ ਵਿਚ ਜਦੋਂ ਸੰਤੋਖ ਦਾ ਮਤਰੇਆ ਮੁੰਡਾ ਅਤੇ ਉਸਦੀ ਪਤਨੀ ਉਸ ਨੂੰ ਆਪਣੇ ਨਾਲ ਰਹਿਣ ਦਾ ਸੱਦਾ ਦੇਣ ਆਉਂਦੇ ਹਨ ਤਾਂ ਸੰਤੋਖ ਇਸ ਗੱਲ ਦਾ ਸਪੱਸ਼ਟ ਜੁਆਬ ਨਹੀਂ ਦਿੰਦਾ। ਕਹਾਣੀ ਖਤਮ ਹੋ ਜਾਂਦੀ ਹੈ, ਪਰ ਪਾਠਕ ਸੋਚਦੇ ਰਹਿੰਦੇ ਹਨ ਕਿ ਕੀ ਸੰਤੋਖ, ਉਹਨਾਂ ਨਾਲ ਰਹਿਣ ਲਈ ਜਾਵੇ ਗਾ ਜਾਂ ਨਹੀਂ? ਕਹਾਣੀ ‘ਬੋਲਾਂ ਤਾਂ ਕੀ ਬੋਲਾਂ’ ਦੇ ਅਖੀਰ ਵਿਚ ਜਦੋਂ ਨਾਇਕਾ ਆਪਣੀ ਸੱਸ ਨੂੰ ਆਪਣਾ ਫੈਸਲਾ ਸੁਣਾਉਂਦੀ ਹੈ ਕਿ ਉਹ ਆਪਣੇ ਪੁੱਤਰ ਕੋਲ ਜਾ ਸਕਦੀ ਹੈ ਜਾਂ ਆਪਣੇ ਇਸ ਘਰ ਵਿਚ ਲਿਆ ਸਕਦੀ ਹੈ ਤਾਂ ਇਕੋ ਦਮ ਉਸਦੀ ਨਜ਼ਰ ਦਰਵਾਜ਼ੇ ਤੇ ਖੜ੍ਹੇ ਆਪਣੇ ਪਤੀ ਵੱਲ ਜਾਂਦੀ ਹੈ। ਇਥੇ ਕਹਾਣੀਕਾਰ ਇਕ ਵੇਰ ਫੇਰ ਬੜੇ ਕਲਾਮਈ ਢੰਗ ਨਾਲ ਕਹਾਣੀ ਨੂੰ ਖਤਮ ਕਰਦੇ ਹੋਏ ਲਿਖਦਾ ਹੈ, “ਆਪਣੀਆਂ ਅੱਖਾਂ ਦੇ ਬੰਨ੍ਹ ਨੂੰ ਟੁੱਟਣ ਤੋਂ ਬਚਾਉਂਦੀ ਹੋਈ ਕਾਹਲੀ ਨਾਲ ਕਮਰੇ ਅੰਦਰ ਚਲੀ ਗਈ।“ ਲੇਖਕ ਨੇ ਭਾਵੇਂ ਕਹਾਣੀ ਖਤਮ ਕਰ ਦਿੱਤੀ ਹੈ, ਪਰ ਪਾਠਕ ਲਈ ਕਹਾਣੀ ਖਤਮ ਨਹੀਂ ਹੋਈ। ਉਸ ਦੇ ਦਿਲ ਵਿਚ ਇਹ ਜਾਣਨ ਦੀ ਜਿਗਿਆਸਾ ਬਣੀ ਰਹਿੰਦੀ ਹੈ ਕਿ ਕੀ ਪਤੀ-ਪਤਨੀ ਦਾ ਆਪਸ ਵਿਚ ਸਮਝੌਤਾ ਹੋਇਆ ਜਾਂ ਨਹੀਂ? ਕੀ ਪਤਨੀ ਘਰ ਨੂੰ ਛੱਡ ਕੇ ਗਈ ਜਾਂ ਨਹੀਂ? ਪਾਠਕ ਦੀ ਅਜਿਹੀ ਮਨੋ ਦਸ਼ਾ ਕਹਾਣੀ ਲਈ ਸੰਜੀਵਨੀ ਬੂਟੀ ਦਾ ਕੰਮ ਕਰਦੀ ਹੈ, ਜਿਸ ਤੋਂ ਸਹਿਜੇ ਹੀ ਕਹਾਣੀਕਾਰ ਦੀ ਪ੍ਰਤਿਭਾ ਉਜਾਗਰ ਹੁੰਦੀ ਹੈ। ਇਸ ਸੰਗ੍ਰਿਹ ਦੀਆਂ ਕੁਝ ਹੋਰ ਕਹਾਣੀਆਂ ਵਿਚ ਵੀ ਅਜਿਹੀ ਜੁਗਤ ਅਪਣਾਈ ਗਈ ਹੈ।

ਕਹਾਣੀ ਦੀ ਸਫਲਤਾ ਇਸ ਗੱਲ ਤੇ ਵੀ ਨਿਰਭਰ ਕਰਦੀ ਹੈ ਕਿ ਕਹਾਣੀਕਾਰ ਦੀ ਭਾਸ਼ਾ ਤੇ ਕਿੰਨੀ ਕੁ ਪਕੜ ਹੈ। ਕੀ ਉਹ ਇਸ਼ਾਰਿਆਂ ਨਾਲ ਹੀ ਗੱਲ ਸਮਝਾਉਣ ਦੇ ਸਮਰਥ ਹੈ? ਕੀ ਉਸ ਕੋਲ ਗੁੱਝੀਆਂ ਗੱਲਾਂ ਨੂੰ ਵੀ ਸਧਾਰਨ ਢੰਗ ਨਾਲ ਕਹਿਣ ਦੀ ਕਲਾ ਹੈ? ਕੀ ਉਹ ਸੰਖੇਪਤਾ ਨਾਲ ਹੀ ਸਾਰੀਆਂ ਗੱਲਾਂ ਦੱਸਣ ਦੇ ਯੋਗ ਹੈ? ਅਜਿਹੀਆਂ ਕਲਾਤਮਕ ਛੋਹਾਂ ਵਾਲੀ ਕਹਾਣੀ ਪਾਠਕਾਂ ਨੂੰ ਜਿਆਦਾ ਪ੍ਰਭਾਵਿਤ ਕਰਦੀ ਹੈ। ਇਸ ਪੱਖੋਂ ਵੀ ਨਿਰੰਜਣ ਬੋਹਾ ਪੂਰਨ ਤੌਰ ਤੇ ਸਫਲ ਰਿਹਾ ਹੈ। ‘ਤੀਸਰੀ ਖਿੜਕੀ’ ਕਹਾਣੀ ਸੰਗ੍ਰਿਹ ਦੀਆਂ ਕੁਝ ਕਹਾਣੀਆਂ ਵਿਚੋਂ ਕੁਝ ਉਦਾਹਰਣਾਂ ਦੇਖਣ ਵਾਲੀਆਂ ਹਨ। “ਮੈਨੂੰ ਨੌਕਰੀ ਤਾਂ ਲੱਗ ਲੈਣ ਦਿਓ—ਕਿਉਂ ਘਰੋਂ ਕੱਢਣ ਦੀ ਏਨੀ ਕਾਹਲ ਕੀਤੀ ਹੈ।“ (ਬੋਲਾਂ ਤਾਂ ਕੀ ਬੋਲਾਂ), “ਜਿਹੜਾ ਕੁਝ ਧੀਰਜ ਮੇਰੇ ਨਾਲ ਪਹਿਲੀ ਰਾਤ ਕਰਨਾ ਚਾਹੁੰਦਾ ਸੀ, ਉਹ ਤਾਂ ਮੇਰੇ ਨਾਲ ਤੇਰਾਂ ਸਾਲ ਦੀ ਬਾਲੜੀ ਉਮਰ ਵਿਚ ਹੀ ਹੋ ਚੁੱਕਾ ਸੀ।“ (ਤੂੰ ਇੰਜ ਨਾ ਕਰੀਂ), “ਉਹ ਦਿਨ ਸੋ ਇਹ ਦਿਨ, ਕਿਸੇ ਨਾਲ ਸੈਕਸ ਕਰਨ ਦੀ ਗੱਲ ਤਾਂ ਦੂਰ ਮੇਰਾ ਸਰੀਰ ਤਾਂ ਸੈਕਸ ਦੀ ਗੱਲ ਸੁਣ ਕੇ ਹੀ ਠੰਡਾ ਪੈ ਜਾਂਦਾ ਹੈ।“, ਮੇਰਾ ਹਾਸਾ ਵੀ ਮੇਰੀ ਉਦਾਸੀ ਵਰਗਾ ਫਿੱਕਾ ਹੁੰਦਾ।“(ਉਹ ਮੇਰਾ ਕੀ ਲੱਗਦੈ)। ਲੇਖਕ ਨੇ ਕੁਝ ਵਰਜਿਤ ਵਿਸ਼ਿਆਂ ਬਾਰੇ ਬੜੇ ਹੀ ਸਾਊ ਢੰਗ ਨਾਲ ਗੱਲ ਕੀਤੀ ਹੈ।

ਪ੍ਰਸਤੁਤ ਕਹਾਣੀ ਸੰਗ੍ਰਿਹ ਦੀਆਂ ਕਈ ਕਹਾਣੀਆਂ ਵਿਚ ਪਾਤਰਾਂ ਦੀ ਮਨੋ ਸਥਿਤੀ ਨੂੰ ਵੀ ਵਧੀਆ ਢੰਗ ਨਾਲ ਪ੍ਰਗਟਾਇਆ ਹੈ। ਜਿਵੇਂ ‘ਉਹ ਮੇਰਾ ਵੀ ਕੁਝ ਲੱਗਦੈ’ ਵਿਚ ਮੰਮੀ ਅਤੇ ਉਸ ਦੇ ਛੋਟੇ ਜਿਹੇ ਪੁੱਤਰ ਦੇ ਅੰਤਰੀਵ ਭਾਵਾਂ ਦਾ ਪ੍ਰਗਟਾਉ, ‘ਕੋਈ ਤਾਂ ਹੈ!’ ਦੇ ਸੰਤੋਖ ਸਿੰਘ ਦਾ ਅੰਦਰੂਨੀ ਸੰਘਰਸ਼, ‘ਕੋਈ ਹੋਰ ਟਿਕਾਣਾ’ ਦੀ ਮਿਨਾਕਸ਼ੀ, ਤੀਸਰੀ ਖਿੜਕੀ ਦੀ ਨਾਇਕਾ, ‘ਤੂੰ ਇੰਜ ਨਾ ਕਰੀਂ’ ਦੀ ਸੁਮਨ ਆਦਿ।

ਕਹਾਣੀਕਾਰ ਨੇ ਭਾਵੇਂ ਆਪਣੀ ਪੁਸਤਕ ਦਾ ਨਾਮਕਰਨ ‘ਤੀਸਰੀ ਖਿੜਕੀ’ ਵਾਲੀ ਕਹਾਣੀ ਦੇ ਨਾਂ ਤੇ ਕੀਤਾ ਹੈ, ਪਰ ਮੇਰੇ ਮੁਤਾਬਕ ਇਸ ਸੰਗ੍ਰਿਹ ਦੀ ਸਭ ਤੋਂ ਵਧੀਆ ਕਹਾਣੀ ‘ਤੂੰ ਇੰਜ ਨਾ ਕਰੀਂ’ ਹੈ। ਇਹ ਕਹਾਣੀ ਪੰਜਾਬੀ ਸਾਹਿਤ ਦੀਆਂ ਕੁਝ ਖਾਸ ਕਹਾਣੀਆਂ ਵਿਚ ਸ਼ੁਮਾਰ ਹੋਣ ਦੀ ਹੱਕਦਾਰ ਹੈ।

ਏਨੀਆਂ ਖ਼ੂਬੀਆਂ ਵਾਲੇ ਕਹਾਣੀ ਸੰਗ੍ਰਿਹ ਵਿਚ ਇਕ ਦੋ ਕਹਾਣੀਆਂ ਵਿਚ ਕੁਝ ਲਟਕ ਗਈਆਂ ਵੀ ਪ੍ਰਤੀਤ ਹੁੰਦੀਆਂ ਹਨ। ਉਹਨਾਂ ਵਿਚ ਦਿੱਤੇ ਵਿਸਤਾਰ ਨੂੰ ਕੁਝ ਘਟਾਇਆ ਜਾ ਸਕਦਾ ਸੀ।

ਸਮੁੱਚੇ ਰੂਪ ਵਿਚ ਨਿਰੰਜਣ ਬੋਹਾ ਨੇ ‘ਤੀਸਰੀ ਖਿੜਕੀ’ ਕਹਾਣੀ ਸੰਗ੍ਰਿਹ ਨਾਲ ਪੰਜਾਬੀ ਕਹਾਣੀ ਪਰੰਪਰਾ ਨੂੰ ਨਵੀਂ ਸੇਧ ਦਿੱਤੀ ਹੈ। ਅਸਲ ਵਿਚ ਇਹ ਕਹਾਣੀਕਾਰ ਜਿਆਦਾ ਲਿਖਣ ਨਾਲੋਂ ਜਿਆਦਾ ਪੜ੍ਹਨ ਵਿਚ ਵਿਸ਼ਵਾਸ ਰੱਖਦਾ ਹੈ, ਜਿਸ ਨਾਲ ਉਸ ਕੋਲ ਗਿਆਨ ਦਾ ਵਿਸ਼ਾਲ ਜਖ਼ੀਰਾ ਹੈ। ਉਹ ਪੜਚੋਲਵੀਂ ਨਜ਼ਰ ਨਾਲ ਚੰਗੀਆਂ ਸਾਹਿਤਕ ਪੁਸਤਕਾਂ ਨੂੰ ਘੋਖ ਕੇ ਉਹਨਾਂ ਸੰਬੰਧੀ ਲਿਖਦਾ ਰਹਿੰਦਾ ਹੈ। ਚੇਤਨਾ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਇਸ ਪੁਸਤਕ ਵਿਚ 12 ਕਹਾਣੀਆਂ ਦਰਜ ਹਨ ਅਤੇ 142 ਪੰਨਿਆਂ ਦੀ ਇਸ ਪੁਸਤਕ ਦੀ ਦਿਖ ਵੀ ਪ੍ਰਭਾਵਸ਼ਾਲੀ ਹੈ। ਪੰਜਾਬੀ ਪਾਠਕਾਂ ਅਤੇ ਅਲੋਚਕਾਂ ਵੱਲੋਂ ਇਸ ਪੁਸਤਕ ਦਾ ਜੋ ਖੈਰ ਮਕਦਮ ਹੋਇਆ ਹੈ, ਇਹ ਉਸ ਦੀ ਪੂਰੀ ਹੱਕਦਾਰ ਹੈ।
***
ਰਵਿੰਦਰ ਸਿੰਘ ਸੋਢੀ
ਰਿਚਮੰਡ ਕੈਨੇਡਾ
604-369-2371
***

ਫੋਟੋ ਕੈਪਸ਼ਨ: ਪੁਸਤਕ ਦਾ ਟਾਈਟਲ,  ਨਰਿੰਜਣ ਬੋਹਾ, ਪੱਗ ਵਾਲੀ ਫੋਟੋ(ਰਵਿੰਦਰ ਸਿੰਘ ਸੋਢੀ)

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1086
***

About the author

ਰਵਿੰਦਰ ਸਿੰਘ ਸੋਢੀ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ