ਏਨਾ ਘੱਟ ਨਾ ਦਈਂ ਭਾਰਤ ਨੇ ਆਜ਼ਾਦੀ ਤੋਂ ਬਾਅਦ ਬਹੁਤ ਉਨਤੀ ਕੀਤੀ ਹੈ। ਭਾਰਤ ਨੇ ਖੌਰੂ ਪਾਉਂਦੇ ਦਰਿਆਵਾਂ ਦੇ ਤਬਾਹੀ ਮਚਾਉਂਦੇ ਹੋਏ ਫ਼ਾਲਤੂ ਪਾਣੀ ’ਤੇ ਡੈਮ ਬਣਾ ਕੇ ਬਿਜਲੀ ਪੈਦਾ ਕੀਤੀ ਹੈ ਜਿਸ ਨਾਲ ਸਾਡੇ ਹਨੇਰੇ ਘਰ ਰੌਸ਼ਨ ਹੋਏ ਹਨ। ਇਸ ਬਿਜਲੀ ਨਾਲ ਦੇਸ਼ ਦੇ ਵੱਡੇ ਵੱਡੇ ਕਾਰਖ਼ਾਨੇ ਚੱਲਦੇ ਹਨ ਜਿਸ ਨਾਲ ਦੇਸ਼ ਵਿਕਾਸ ਦੀ ਲੀਹ ਤੇ ਪਿਆ ਹੈ। ਇਸ ਪਾਣੀ ਨੂੰ ਕਾਬੂ ਕਰਕੇ ਨਹਿਰਾਂ ਕੱਢੀਆਂ ਗਈਆਂ ਹਨ ਜੋ ਸਾਡੀ ਅਤੇ ਧਰਤੀ ਦੀ ਪਿਆਸ ਬੁਝਾਉਂਦੀਆਂ ਹਨ। ਜਿਹੜਾ ਦੇਸ਼ ਭੁੱਖਮਰੀ ਦਾ ਸ਼ਿਕਾਰ ਹੋ ਕੇ ਦਾਣੇ ਦਾਣੇ ਦਾ ਮੁਥਾਜ ਸੀ, ਉਸ ਕੋਲ ਅੱਜ ਅੰਨ ਦੇ ਭੰਡਾਰ ਭਰੇ ਪਏ ਹਨ। ਆਮ ਲੋਕਾਂ ਦਾ ਜੀਵਨ-ਪੱਧਰ ਉੱਚਾ ਹੋਇਆ ਹੈ। ਜਿਹੜੇ ਲੋਕਾਂ ਨੂੰ ਕਦੀ ਸਾਇਕਲ ਵੀ ਨਸੀਬ ਨਹੀਂ ਸੀ ਉਨ੍ਹਾਂ ਦੀਆਂ ਕੋਠੀਆਂ ਅੱਗੇ ਕਾਰਾਂ ਖੜ੍ਹੀਆਂ ਹਨ। ਸਾਡੇ ਮੰਤਰੀ ਨਿੱਤ ਹਵਾਈ ਜਹਾਜ਼ਾਂ ਵਿਚ ਵਿਦੇਸ਼ਾਂ ਦੀ ਸੈਰ ਲਈ ਤੁਰੇ ਰਹਿੰਦੇ ਹਨ। ਭਾਰਤ ਨਿੱਤ ਨਵੀਆਂ ਨਵੀਆਂ ਮਿਜ਼ਾਈਲਾਂ ਦੀ ਪਰਖ ਕਰ ਰਿਹਾ ਹੈ। ਹੁਣ ਉਹ ਚੰਨ ਤੇ ਆਪਣੇ ਰਾਕਟ ਭੇਜ ਰਿਹਾ ਹੈ ਅਤੇ ਮੰਗਲ ਗ੍ਰਹਿ ਤੇ ਕਦਮ ਰੱਖਣ ਦੀ ਵੀ ਤਿਆਰੀ ਕਰ ਰਿਹਾ ਹੈ। ਹੋਰ ਤਾਂ ਹੋਰ ਸਾਡੇ ਪ੍ਰਧਾਨ ਮੰਤਰੀ ਦੂਸਰੇ ਦੇਸ਼ਾਂ ਦੇ ਪ੍ਰਧਾਨਾਂ ਦਾ ਜਦ ਸੁਆਗਤ ਕਰਦਾ ਹੈ ਤਾਂ ਉਹ ਸੋਨੇ ਦੀਆਂ ਤਾਰਾਂ ਵਾਲਾ ਗਰਮ ਸੂਟ ਪਾ ਕੇ ਸ਼ਾਹਾਨਾ ਅੰਦਾਜ਼ ਵਿਚ ਉਸ ਨੂੰ ਮਿਲਦਾ ਹੈ (ਬਰਾਕ ਓਬਾਮਾ ਦੀ 2015 ਵਿਚ ਭਾਰਤ ਫੇਰੀ)। ਇਹ ਹੈ ਭਾਰਤ ਦੀ ਉਨਤੀ। ਅੱਜ ਕੋਈ ਮੁਲਕ ਭਾਰਤ ਦੀ ਵਧਦੀ ਹੋਈ ਫੌਜੀ ਸ਼ਕਤੀ ਕਾਰਨ ਸਾਡੇ ਨਾਲ ਅੱਖ ਮਿਲਾਉਣ ਦੀ ਜ਼ੁੱਰਅਤ ਨਹੀਂ ਕਰ ਸਕਦਾ। ਜਲਦੀ ਹੀ ਭਾਰਤ ਦੁਨੀਆਂ ਵਿਚ ਇਕ ਵੱਡੀ ਤਾਕਤ ਬਣ ਕੇ ਉੱਭਰ ਰਿਹਾ ਹੈ। ਜੇ ਅੱਖਾਂ ਖੋਹਲ ਕੇ ਦੇਖੀਏ ਤਾਂ ਸਾਨੂੰ ਬਹੁਤ ਭਿਆਨਕ ਦ੍ਰਿਸ਼ ਨਜ਼ਰ ਆਉਂਦਾ ਹੈ। ਸਵੇਰੇ ਸਵੇਰੇ ਕੂੜੇ ਦੇ ਢੇਰ ਵਿੱਚੋਂ ਅੱਧਨੰਗੇ ਬੱਚੇ ਸਾਨੂੰ ਆਪਣੀ ਰੋਟੀ ਤਲਾਸ਼ਦੇ ਨਜ਼ਰ ਆਉਂਦੇ ਹਨ। ਦੇਸ਼ ਵਿਚ ਇਕ ਵੀ ਬੰਦਾ ਭੁੱਖਾ ਸੁੱਤਾ ਹੋਵੇ ਤਾਂ ਦੇਸ਼ ਦੇ ਹਾਕਮਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਣੀ ਚਾਹੀਦੀ। ਇੱਥੇ ਲੱਖਾਂ ਲੋਕ ਕਹਿਰ ਦੀ ਠੰਡ ਵਿਚ ਖੁੱਲ੍ਹੇ ਆਸਮਾਨ ਹੇਠ ਬਿਨਾ ਮੰਜੇ ਬਿਸਤਰ ਰਾਤਾਂ ਕੱਟ ਰਹੇ ਹਨ ਅਤੇ ਮਰ ਰਹੇ ਹਨ। ਸਰਕਾਰ ਦੀਆਂ ਅੱਖਾਂ ਨਹੀਂ ਖੁੱਲਦੀਆਂ। ਉਹਨਾਂ ਲਈ ਕੋਈ ਮਰੇ ਭਾਵੇਂ ਜੀਵੇ, ਸੁਥਰਾ ਘੋਲ ਪਤਾਸਾ ਪੀਵੇ। ਇੱਥੇ ਸਾਡੇ ਦੇਸ਼ ਵਿਚ ਔਰਤ ਕਿੰਨੀ ਕੁ ਸੁਰੱਖਿਅਤ ਹੈ? ਉੇੱਤਰ ਹੈ ਬਿਲਕੁਲ ਵੀ ਨਹੀਂ। ਰੋਜ਼ ਅਖ਼ਬਾਰਾਂ ਵਿਚ ਛੋਟੀਆਂ ਛੋਟੀਆਂ ਬੱਚੀਆਂ ਨਾਲ ਬਲਾਤਕਾਰਾਂ ਦੀਆਂ ਕਈ ਸੁਰਖੀਆਂ ਦੇਖਣ ਨੂੰ ਮਿਲਦੀਆਂ ਹਨ। ਇਹ ਹੈ ਸਾਡੇ ਦੇਸ਼ ਦੀ ਉਨਤੀ ਦੀ ਨੰਗੀ ਤਸਵੀਰ ਜੋ ਸਾਰੀ ਮਨੁੱਖਤਾ ਨੂੰ ਸ਼ਰਮਸਾਰ ਕਰ ਰਹੀ ਹੈ। ਗ਼ਰੀਬ ਬੰਦੇ ਦਾ ਕੋਈ ਦੋਸਤ ਨਹੀਂ ਹੁੰਦਾ। ਲੋਕ ਕੇਵਲ ਧਨ ਨੂੰ ਪਸੰਦ ਕਰਦੇ ਹਨ ਬੰਦੇ ਨੂੰ ਨਹੀਂ। ਅੱਗੇ ਦੇਸ਼ ਦੇ ਰਾਜੇ ਰਾਤ ਨੂੰ ਭੇਸ ਬਦਲ ਕੇ ਰਾਜ ਦਾ ਚੱਕਰ ਲਾਉਂਦੇ ਸਨ ਕਿ ਰਾਜ ਵਿਚ ਕੋਈ ਦੁਖੀ ਤਾਂ ਨਹੀਂ? ਰਾਤ ਨੂੰ ਕੋਈ ਬੰਦਾ ਭੁੱਖਾ ਤਾਂ ਨਹੀਂ ਰਹਿ ਗਿਆ? ਰਾਜਾ ਅਕਬਰ, ਬਿਕਰਮਾਦਿੱਤ ਅਤੇ ਮਹਾਰਾਜਾ ਰਣਜੀਤ ਸਿੰਘ ਦੀਆਂ ਮਿਸਾਲਾਂ ਸਾਡੇ ਸਾਹਮਣੇ ਹਨ। ਜੇ ਕਦੀ ਦੇਸ਼ ਵਿਚ ਕਾਲ ਪੈ ਜਾਏ ਤਾਂ ਉਹ ਆਮ ਜਨਤਾ ਲਈ ਆਪਣੇ ਅੰਨ ਦੇ ਭੰਡਾਰੇ ਮੁਫ਼ਤ ਵਿਚ ਹੀ ਖੋਹਲ ਦਿੰਦੇ ਸਨ ਤਾਂ ਕਿ ਸਭ ਰੱਜ ਕੇ ਰੋਟੀ ਖਾ ਸੱਕਣ। ਸਾਡੇ ਦੇਸ਼ ਵਿਚ ਇਸ ਸਮੇਂ ਖਾਣ ਪੀਣ ਦੀਆਂ ਵਸਤੂਆਂ ਦੇ ਭਾਅ ਆਸਮਾਨ ਤੇ ਚੜ੍ਹੇ ਹੋਏ ਹਨ। ਮਹਿੰਗਾਈ ਨੇ ਆਮ ਬੰਦੇ ਦਾ ਬੱਜਟ ਵਿਗਾੜਿਆ ਹੋਇਆ ਹੈ। ਗ਼ਰੀਬਾਂ ਲਈ ਮੁਸੀਬਤ ਬਣੀ ਹੋਈ ਹੈ। ਪਿਆਜ਼ ਹਰ ਰਸੋਈ ਦੀ ਮੁਢਲੀ ਜ਼ਰੂਰਤ ਹੈ। ਪਿਆਜ਼ ਤੋਂ ਬਿਨਾ ਕੋਈ ਸਬਜ਼ੀ ਠੀਕ ਨਹੀਂ ਬਣਦੀ। ਗ਼ਰੀਬੀ ਵਿਚ ਵੀ ਬੰਦੇ ਪਿਆਜ਼ ਅਤੇ ਅਚਾਰ ਨਾਲ ਰੋਟੀ ਖਾ ਕੇ ਗੁਜ਼ਾਰਾ ਕਰ ਲੈਂਦੇ ਹਨ। ਹੁਣ (2019 ਦੇ ਅੰਤ ਵਿਚ) ਪਿਆਜ਼ ਦਾ ਨਾਮ ਲੈਂਦਿਆਂ ਹੀ ਗ਼ਰੀਬ ਬੰਦੇ ਦੀਆਂ ਅੱਖਾਂ ਵਿਚ ਪਾਣੀ ਆ ਜਾਂਦਾ ਹੈ ਕਿਉਂਕਿ ਪਿਆਜ਼ ਕੇਵਲ ਅਮੀਰ ਘਰਾਂ ਦੀ ਸ਼ਾਨ ਬਣ ਕੇ ਹੀ ਰਹਿ ਗਿਆ ਹੈ। ਇਸ ਸਮੇਂ ਪਿਆਜ਼ ਦੀ ਕੀਮਤ ਗ਼ਰੀਬ ਦੀ ਪਹੁੰਚ ਤੋਂ ਬਾਹਰ ਹੈ। ਸਾਡੇ ਦੇਸ਼ ਨੂੰ ਲੋਕਾਂ ਦੇ ਭਲੇ ਦੀ ਸਰਕਾਰ ਕਿਹਾ ਜਾਂਦਾ ਹੈ ਪਰ ਲੋਕਾਂ ਨੂੰ ਸਰਕਾਰੀ ਤੌਰ ਤੇ ਸੱਸਤਾ ਅੰਨ ਮੁਹੱਈਆ ਕਰਾਉਣ ਦੀ ਥਾਂ ਵਜ਼ੀਰਾਂ ਦੇ ਬੇਸ਼ਰਮੀ ਵਾਲੇ ਬਿਆਨ ਆ ਰਹੇ ਹਨ। ਗ਼ਰੀਬਾਂ ਦੇ ਭਲੇ ਲਈ ਸਰਕਾਰ ਦੀਆਂ ਸਾਰੀਆਂ ਸਕੀਮਾਂ ਕੇਵਲ ਕਾਗਜ਼ੀ ਕਾਰਵਾਈਅਾਂ ਹੀ ਹਨ। ਫੋਕੇ ਨਾਹਰੇ ਹੀ ਹਨ। ਸੰਨ 1970 ਵਿਚ ਉਦੋਂ ਦੀ ਦੇਸ਼ ਦੀ ਪ੍ਰਧਾਨ ਮੰਤਰੀ ਸ਼੍ਰੀ ਮਤੀ ਇੰਦਰਾ ਗਾਂਧੀ ਨੇ ਬੜੇ ਜ਼ੋਰ ਸ਼ੋਰ ਨਾਲ ਗ਼ਰੀਬੀ ਹਟਾਓ ਦਾ ਨਾਹਰਾ ਲਾਇਆ ਸੀ ਪਰ ਕੁਝ ਨਹੀਂ ਬਣਿਆ। ਗ਼ਰੀਬੀ ਉਸੇ ਤਰ੍ਹਾਂ ਹੀ ਹੈ। ਹਾਂ, ਕਈ ਗ਼ਰੀਬ ਸਰਕਾਰੀ ਮੱਦਦ ਦੇ ਹੱਥਾਂ ਦੀ ਉਡੀਕ ਕਰਦੇ ਹੋਏ ਇਸ ਜਹਾਨ ਤੋਂ ਜ਼ਰੂਰ ਕੂਚ ਕਰ ਗਏ ਹਨ। ਬੜੀ ਦੂਰ ਹੈ ਅਦਲੀ ਰਾਜੇ ਦਾ ਦਰਬਾਰ। ਇਸ ਤੋਂ ਬਾਅਦ ਨਰਿੰਦਰ ਮੋਦੀ ਨੇ ਕਿਹਾ ਕਿ ਮੇਰੀ ਪਾਰਟੀ ਨੂੰ ਵੋਟ ਦਿਉ। ਤੁਹਾਡੇ ਅੱਛੇ ਦਿਨ ਆ ਜਾਣਗੇ। ਮੈਂ ਸੌ ਦਿਨਾਂ ਵਿਚ ਵਿਦੇਸ਼ਾਂ ਤੋਂ ਕਾਲਾ ਧਨ ਮੰਗਾ ਕਿ ਤੁਹਾਡੇ ਖਾਤਿਆਂ ਵਿਚ ਪੰਦਰਾਂ ਪੰਦਰਾਂ ਲੱਖ ਰੁਪਏ ਪਾ ਦਿਆਂਗਾਂ। ਇਹ ਸਭ ਮਿੱਠੀਆਂ ਗੋਲੀਆਂ ਹੀ ਸਾਬਤ ਹੋਈਆਂ। ਜਦ ਉਹ ਪ੍ਰਧਾਨ ਮੰਤਰੀ ਬਣਿਆ ਤਾਂ ਉਸ ਨੇ ਨੋਟ ਬੰਦੀ ਕਰ ਕੇ ਅਤੇ ਜੀ ਐਸ ਟੀ ਲਾ ਕੇ ਗ਼ਰੀਬਾਂ ਨੂੰ ਲੁੱਟਿਆ ਅਤੇ ਕੁੱਟਿਆ। ਸੈਂਕੜੇ ਗ਼ਰੀਬ ਬੈਂਕਾਂ ਦੀਆਂ ਲਾਇਨਾ ਵਿਚ ਖੜ੍ਹੇ ਦਮ ਤੋੜ ਗਏ। ਬਾਕੀ ਬਚੇ ਗ਼ਰੀਬਾਂ ਦੀ ਜ਼ਿੰਦਗੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਸਾਡੀ ਲੋਕ ਸਭਾ, ਰਾਜ ਸਭਾ ਅਤੇ ਵਿਧਾਨ ਸਭਾਵਾਂ ਸੰਵਿਧਾਨ ਦੇ ਦਾਇਰੇ ਵਿਚ ਰਹਿ ਕੇ ਲੋਕ ਭਲਾਈ ਦੇ ਕਾਨੂੰਨ ਬਣਾਉਣ ਲਈ ਹਨ ਪਰ ਇੱਥੇ ਸਾਰੇ ਕਾਨੂੰਨ ਕੇਵਲ ਅਮੀਰਾਂ ਦੀ ਭਲਾਈ ਲਈ ਅਤੇ ਗ਼ਰੀਬਾਂ ਨੂੰ ਦਬਾਉਣ ਲਈ ਬਣਾਏ ਜਾਂਦੇ ਹਨ। ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਇਸੇ ਲਈ ਦੇਸ਼ ਵਿਚ ਅਮੀਰ ਹੋਰ ਅਮੀਰ ਅਤੇ ਗ਼ਰੀਬ ਹੋਰ ਗ਼ਰੀਬ ਹੋਈ ਜਾ ਰਹੇ ਹਨ। ਇਹ ਸੰਵਿਧਾਨ ਬਣਾਉਣ ਵਾਲੀਆਂ ਸੰਸਥਾਵਾਂ ਦੇ ਮੈਂਬਰ ਲੋਕਾਂ ਦੁਆਰਾ, ਲੋਕਾਂ ਦੇ ਭਲੇ ਅਤੇ ਦੇਸ਼ ਦੇ ਵਿਕਾਸ ਲਈ ਚੁਣੇ ਜਾਂਦੇ ਹਨ। ਪਰ ਇਹ ਕੇਵਲ ਆਪਣਾ ਹੀ ਵਿਕਾਸ ਕਰਦੇ ਹਨ। ਦੇਸ਼ ਵਿਚ ਕੇਵਲ ਇਹ ਹੀ ਸੰਸਥਾਵਾਂ ਹਨ ਜਿੰਨਾਂ ਦੇ ਮੈਂਬਰਾਂ ਨੂੰ ਆਪਣੀਆਂ ਤਨਖਾਹਾਂ ਅਤੇ ਭੱਤੇ ਵਧਾਉਣ ਦਾ ਖ਼ੁਦ ਕੋਲ ਅਧਿਕਾਰ ਹੈ। ਹਰ ਦੂਜੇ ਤੀਜੇ ਸਾਲ ਇਹ ਆਪ ਹੀ ਮਤਾ ਪਾਸ ਕਰਕੇ ਆਪਣੀਆਂ ਤਨਖ਼ਾਹਾਂ ਅਤੇ ਭੱਤੇ ਵਧਾ ਲੈਂਦੇ ਹਨ। ਉੱਥੇ ਵਿਰੋਧੀ ਧਿਰ ਵਾਲੇ ਵੀ ਨਾਲ ਹੀ ਰਲ ਜਾਂਦੇ ਹਨ ਅਤੇ ਸਰਕਾਰੀ ਪੈਸੇ ਨੂੰ ਲੁੱਟਿਆ ਜਾਂਦਾ ਹੈ। ਇਨ੍ਹਾਂ ਲਈ ਕਿਸੇ ਤਨਖ਼ਾਹ ਕਮੀਸ਼ਨ ਦੀ ਕੋਈ ਵਿਵਸਥਾ ਨਹੀਂ। ਇਨ੍ਹਾਂ ਦੀਆਂ ਤਨਖ਼ਾਹਾਂ, ਸਫ਼ਰ ਖ਼ਰਚ, ਮਕਾਨ ਭੱਤਾ, ਟੈਲੀਫ਼ੋਨ ਦੇ ਬਿੱਲ, ਹਵਾਈ ਸਫ਼ਰ ਅਤੇ ਵਿਦੇਸ਼ੀ ਇਲਾਜ ਦੇ ਬਿੱਲ ਸਭ ਜਨਤਾ ਦੀ ਖ਼ੂਨ ਪਸੀਨੇ ਦੀ ਕਮਾਈ ਵਿੱਚੋਂ ਟੈਕਸਾਂ ਦੇ ਰੂਪ ਵਿਚ ਜਾਂਦੇ ਹਨ। ਦੇਸ਼ ਦੀ ਆਰਥਿਕਤਾ ਨੂੰ ਖੋਰਾ ਲੱਗਦਾ ਹੈ ਅਤੇ ਗ਼ਰੀਬੀ ਵਧਦੀ ਹੈ। ਪਾਰਲੀਮੈਂਟ ਦੀ ਕੰਟੀਨ ਵਿਚ ਬਹੁਤ ਘੱਟ ਕੀਮਤਾਂ ਤੇ ਇਨ੍ਹਾਂ ਨੂੰ ਸ਼ਾਹੀ ਭੋਜਨ ਪਰੋਸਿਆ ਜਾਂਦਾ ਹੈ ਜਿਸ ਦਾ ਹਰ ਸਾਲ ਕਰੋੜਾਂ ਰੁਪਏ ਦਾ ਘਾਟਾ ਆਮ ਲੋਕਾਂ ਦੀ ਜੇਬ ਵਿਚੋਂ ਹੀ ਜਾਂਦਾ ਹੈ। ਹਰ ਸਾਲ ਦੇਸ਼ ਦਾ ਬੱਜ਼ਟ ਪੇਸ਼ ਕਰਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਅਤੇ ਖ਼ਜ਼ਾਨਾ ਮੰਤਰੀ ਅਮੀਰ ਉਦਯੋਗਿਕ ਘਰਾਨਿਆਂ ਨੂੰ ਬੁਲਾ ਕੇ ਮੀਟਿੰਗਾਂ ਕਰਦੇ ਹਨ, ਜਿਸ ਦਾ ਅਸਿੱਧੇ ਤੋਰ ਤੇ ਇਹ ਮਤਲਬ ਹੁੰਦਾ ਹੈ ਕਿ ਤੁਹਾਨੂੰ ਸਰਕਾਰੀ ਖ਼ਜ਼ਾਨੇ ਵਿਚੋਂ ਕਿਵੇਂ ਗ਼ੱਫ਼ੇ ਦਿੱਤੇ ਜਾਣ (ਫਿਰ ਤੁਸੀਂ ਸਾਡੀ ਪਾਰਟੀ ਨੂੰ ਕਿੰਨਾ ਧਨ ਦਿਉਗੇ ਤਾਂ ਕਿ ਅਸੀਂ ਅਗਲੀਆਂ ਚੋਣਾਂ ਫਿਰ ਗ਼ਰੀਬਾਂ ਨੂੰ ਖ਼ਰੀਦ ਸਕੀਏ)। ਕਦੀ ਇਨ੍ਹਾਂ ਨੇ ਗ਼ਰੀਬ ਕਿਸਾਨਾਂ ਅਤੇ ਮਜ਼ਦੂਰਾਂ ਦੀ ਮੀਟਿੰਗ ਬੁਲਾ ਕੇ ਇਹ ਵੀਚਾਰ ਕਿਉਂ ਨਹੀਂ ਕੀਤਾ ਕਿ ਕਿਹੋ ਜਿਹਾ ਬੱਜ਼ਟ ਬਣਾਇਆ ਜਾਏ ਜਿਸ ਨਾਲ ਤੁਸੀਂ ਇੱਜ਼ਤ ਨਾਲ ਢਿੱਡ ਭਰ ਕੇ ਰੋਟੀ ਖਾ ਸੱਕੋ। ਵੈਸੇ ਤਾਂ ਪਾਰਲੀਮੈਂਟ ਅਤੇ ਵਿਧਾਨ ਸਭਾਵਾਂ ਦੇ ਮੈਂਬਰਾਂ ਦੇ ਕੰਮ ਨੂੰ ਲੋਕ ਸੇਵਾ ਕਿਹਾ ਜਾਂਦਾ ਹੈ ਪਰ ਜੇ ਇਹ ਕੰਮ ਲੋਕ ਸੇਵਾ ਹੈ ਫਿਰ ਇਨ੍ਹਾਂ ਨੂੰ ਤਨਖ਼ਾਹ ਅਤੇ ਪੈਨਸ਼ਨ ਕਿਉ? ਜੇ ਇਨਾਂ ਦੇ ਕੰਮ ਨੂੰ ਦੇਸ਼ ਦੀ ਨੌਕਰੀ ਗਿਣਦੇ ਹਨ ਤਾਂ ਫਿਰ ਇਨ੍ਹਾਂ ਦੀ ਨੌਕਰੀ ਲਈ ਘਟੋ ਘੱਟ ਕੋਈ ਵਿਦਿਅਕ ਯੋਗਤਾ ਅਤੇ ਸੇਵਾ ਮੁਕਤੀ ਦੀ ਉਮਰ ਦਾ ਮਾਪਦੰਡ ਕਿਉਂ ਨਹੀਂ। ਕੌਣ ਕਹੇ ਰਾਣੀਏ ਅੱਗਾ ਢੱਕ? ਜਿਹੜਾ ਇਕ ਵਾਰੀ ਇਕ ਦਿਨ ਲਈ ਵੀ ਮੈਂਬਰ ਬਣ ਜਾਂਦਾ ਹੈ ਉਹ ਸਾਰੀ ਉਮਰ ਲਈ ਪੈਨਸ਼ਨ ਦਾ ਹੱਕਦਾਰ ਬਣ ਜਾਂਦਾ ਹੈ। ਜਿਹੜਾ ਜਿੰਨੀ ਵਾਰੀ ਚੁਣਿਆ ਜਾਏ ਉਸ ਦੀਆਂ ਓਨੀਆਂ ਹੀ ਪੈਨਸ਼ਨਾ ਲੱਗ ਜਾਂਦੀਆਂ ਹਨ। ਇਸ ਹਿਸਾਬ ਸਿਰ ਸਾਡੇ ਕਈ ਪੁਰਾਣੇ ਨੇਤਾ ਹਰ ਮਹੀਨੇ ਚਾਰ-ਚਾਰ ਪੰਜ-ਪੰਜ ਲੱਖ ਰੁਪਏ ਬਿਨਾ ਕੋਈ ਕੰਮ ਕੀਤਿਆਂ ਸਰਕਾਰੀ ਖਾਤੇ ਵਿਚੋਂ ਡਕਾਰ ਰਹੇ ਹਨ ਅਤੇ ਮੁਫ਼ਤ ਵਿਚ ਮੌਜਾਂ ਮਾਣ ਰਹੇ ਹਨ। ਕੀ ਸਰਕਾਰੀ ਖ਼ਜ਼ਾਨੇ ਦੀ ਇਹ ਲੁੱਟ ਦੇਸ਼ ਨੂੰ ਹੋਰ ਗ਼ਰੀਬੀ ਵੱਲ ਨਹੀਂ ਧੱਕ ਰਹੀ? ਹੈ ਕੋਈ ਇਨ੍ਹਾਂ ਨੂੰ ਪੁੱਛਣ ਵਾਲਾ? ਸਾਡੇ ਦੇਸ਼ ਦੇ ਹਾਕਮ ‘ਪਾੜੋ ਅਤੇ ਰਾਜ ਕਰੋ’ ਦੀ ਨੀਤੀ ’ਤੇ ਚੱਲ ਰਹੇ ਹਨ ਤਾਂ ਕਿ ਲੋਕ ਆਪਸ ਵਿਚ ਲੜਦੇ ਰਹਿਣ ਅਤੇ ਇਨ੍ਹਾਂ ਦੀਆਂ ਗ਼ਲਤ ਨੀਤੀਆਂ ਵੱਲ ਕਿਸੇ ਦਾ ਧਿਆਨ ਨਾ ਜਾਏ। ਲੋਕਾਂ ਵਿਚ ਜ਼ਾਤ ਪਾਤ, ਲਿੰਗ ਭੇਦ ਅਤੇ ਧਰਮ ਦੇ ਅਧਾਰ ਤੇ ਵਿਤਕਰੇ ਪਾਏ ਜਾਂਦੇ ਹਨ। ਕੁਝ ਲੋਕਾਂ ਨੂੰ ਕੁਝ ਮੁਫਤ ਸਹੂਲਤਾਂ ਦੇ ਕੇ ਲੁਭਾਇਆ ਜਾਂਦਾ ਹੈ। ਇਸ ਤਰ੍ਹਾਂ ਲੋਕਾਂ ਨੂੰ ਹੱਡ ਰੱਖ, ਨਿਕੰਮੇ ਅਤੇ ਕੰਮ ਚੋਰ ਬਣਾਇਆ ਜਾਂਦਾ ਹੈ। ਕਿਸੇ ਬੰਦੇ ਨੂੰ ਜੇ ਕੋਈ ਵਸਤੂ ਮੁਫ਼ਤ ਵਿਚ ਮਿਲ ਜਾਏ ਤਾਂ ਉਹ ਉਸ ਲਈ ਕਿਉਂ ਮਿਹਨਤ ਕਰੇਗਾ? ਇਸ ਤਰ੍ਹਾਂ ਜਿਹੜੀ ਸ਼ਕਤੀ ਉਸਾਰੂ ਕੰਮਾਂ ’ਤੇ ਲੱਗਣੀ ਹੁੰਦੀ ਹੈ ਉਹ ਜ਼ਾਇਆ ਚਲੀ ਜਾਂਦੀ ਹੈ। ਸਾਡੀ ਖ਼ੁਸ਼ਹਾਲੀ ਸਾਡੀਆਂ ਦਹਿਲੀਜਾਂ ਕੋਲੋਂ ਆ ਕੇ ਮੁੜ ਜਾਂਦੀ ਹੈ। ਲੋਕਾਂ ਨੂੰ ਧਰਨੇ ਲਾਉਣ ਅਤੇ ਰੈਲੀਆਂ ਕਰਨ ਵੱਲ ਮੋੜਿਆ ਜਾਂਦਾ ਹੈ ਜਿਸ ਕਾਰਨ ਧਨ ਅਤੇ ਕੰਮ ਕਰਨ ਦੇ ਕੀਮਤੀ ਸਮੇਂ ਦੀ ਬਰਬਾਦੀ ਹੁੰਦੀ ਹੈ। ਵਿਕਾਸ ਦਾ ਪਹੀਆ ਲੀਹ ਤੋਂ ਉਤਰ ਜਾਂਦਾ ਹੈ ਅਤੇ ਦੇਸ਼ ਵਿਚ ਗ਼ਰੀਬੀ ਅਤੇ ਭੁੱਖਮਰੀ ਵਧਦੀ ਹੈ। ਸਾਡੇ ਦੇਸ਼ ਵਿਚ ਦੁਨੀਆਂ ਦੇ ਸਾਰੇ ਦੇਸ਼ਾਂ ਤੋਂ ਵੱਧ ਵੀ. ਆਈ. ਪੀ. ਹਨ। ਇਨ੍ਹਾਂ ਨੂੰ ਕਈ ਕਈ ਸਿਕਿਉਰਟੀ ਗਾਰਡ ਅਤੇ ਕਾਰਾਂ ਮਿਲੀਆਂ ਹੋਈਆਂ ਹਨ। ਪਟਰੋਲ ਸਮੇਤ ਸਭ ਖ਼ਰਚੇ ਸਰਕਾਰੀ ਖ਼ਜ਼ਾਨੇ ਵਿਚੋਂ ਜਾਂਦੇ ਹਨ। ਇਥੋਂ ਤੱਕ ਕਿ ਜਿਹੜੇ ਵਿਰੋਧੀ ਧਿਰਾਂ ਦੇ ਲੀਡਰ ਹਨ ਜਾਂ ਕਈ ਅਖਾਉਤੀ ਬਾਬੇ ਹਨ ਉਹ ਵੀ ਅਜਿਹੀਆਂ ਸਹੂਲਤਾਂ ਦਾ, ਬਿਨਾ ਕਿਸੇ ਸਰਕਾਰੀ ਕੰਮ ਤੋਂ, ਆਪਣੀ ਫੋਕੀ ਟੌਹਰ ਦਿਖਾਉਣ ਲਈ ਆਨੰਦ ਮਾਣ ਰਹੇ ਹਨ। ਇਹ ਦੇਸ਼ ਅਤੇ ਗ਼ਰੀਬਾਂ ’ਤੇ ਇਕ ਬਹੁਤ ਵੱਡਾ ਬੋਝ ਹਨ। ਸੁਆਲ ਇਹ ਹੈ ਕਿ ਇਨ੍ਹਾਂ ਨੂੰ ਕਿਸ ਤੋਂ ਖ਼ਤਰਾ ਹੈ? ਦੇਸ਼ ਦੇ ਲੋਕਾਂ ਤੋਂ ਹੀ ਖ਼ਤਰਾ ਹੈ? ਜੇ ਅਜਿਹਾ ਹੈ ਤਾਂ ਇਨ੍ਹਾਂ ਨੂੰ ਅੱਗੇ ਆਉਣ ਦੀ ਕੀ ਲੋੜ ਹੈ? ਅਰਾਮ ਨਾਲ ਆਪਣੇ ਘਰ ਬੈਠ ਕੇ ਸ਼ਾਂਤੀ ਦੀ ਜ਼ਿੰਦਗੀ ਕਿਉਂ ਨਹੀਂ ਗੁਜ਼ਾਰਦੇ? ਦੂਸਰੇ ਮੁਲਕਾਂ ਦੇ ਪ੍ਰਧਾਨ ਮੰਤਰੀ ਤੱਕ ਬਿਨਾ ਕਿਸੇ ਹਿਫ਼ਾਜ਼ਤ ਤੋਂ ਆਪਣੇ ਪ੍ਰਾਈਵੇਟ ਸਮੇਂ ਆਮ ਆਦਮੀ ਦੀ ਤਰ੍ਹਾਂ ਆਪਣੇ ਪਰਿਵਾਰਾਂ ਸਮੇਤ ਸ਼ਰੇਆਮ ਬੇਖਫ਼ ਹੋ ਕੇ ਘੁੰਮਦੇ ਨਜ਼ਰ ਆਉਂਦੇ ਹਨ। ਸਾਡੇ ਦੇਸ਼ ਵਿਚ ਇਨ੍ਹਾਂ ਵੀ. ਆਈ. ਪੀ. ਤੇ ਕਰੋੜਾਂ ਰੁਪਏ ਹਰ ਸਾਲ ਬਰਬਾਦ ਕੀਤੇ ਜਾਂਦੇ ਹਨ। ਸਾਡੇ ਗ਼ਰੀਬ ਦੇਸ਼ ਦੇ ਅਮੀਰ ਹਾਕਮ ਦੇਸ਼ ਦੀ ਆਰਥਿਕਤਾ ਨੂੰ ਘੁਣ ਦੀ ਤਰ੍ਹਾਂ ਖਾ ਕੇ ਖੋਖਲਾ ਕਰ ਰਹੇ ਹਨ। ਦੇਸ਼ ਕਰਜ਼ੇ ਦੇ ਬੋਝ ਹੇਠਾਂ ਧੱਸਦਾ ਜਾ ਰਿਹਾ ਹੈ। ਇਕ ਦਿਨ ਠੂਠਾ ਲੈ ਕੇ ਦੂਜੇ ਦੇਸ਼ਾਂ ਕੋਲ ਮੰਗਣ ਜਾਣਗੇ ਤਾਂ ਵੀ ਕੋਈ ਇਨ੍ਹਾਂ ਨੂੰ ਖ਼ੈਰਾਤ ਨਹੀਂ ਪਾਵੇਗਾ। ਇੱਥੇ ਸਰਕਾਰੀ ਅਫ਼ਸਰਾਂ ਨੂੰ ਉੱਚੀਆਂ ਤਨਖਾਹਾਂ, ਵੱਡੀਆਂ ਕੋਠੀਆਂ, ਕਈ ਕਈ ਕਾਰਾਂ ਅਤੇ ਘਰ ਦੇ ਕੰਮਾਂ ਲਈ ਕਈ ਕਈ ਨੌਕਰ ਮਿਲੇ ਹੋਏ ਹਨ। ਭਲਾ ਇਕ ਅਫਸਰ ਨੂੰ ਇਕ ਤੋਂ ਵੱਧ ਕਾਰਾਂ ਅਤੇ ਘਰ ਲਈ ਸਰਕਾਰੀ ਨੌਕਰਾਂ ਦੀ ਕੀ ਲੋੜ ਹੈ? ਇਹ ਅਫਸਰ ਵੀ ਦੇਸ਼ ਨੂੰ ਬਹੁਤ ਮਹਿੰਗੇ ਹੀ ਪੈ ਰਹੇ ਹਨ। ਫਿਰ ਵੀ ਦਫ਼ਤਰਾਂ ਵਿਚ ਭਰਿਸ਼ਟਾਚਾਰ ਦਾ ਬੋਲਬਾਲਾ ਹੈ।ਸਰਕਾਰੀ ਦਫ਼ਤਰਾਂ ਵਿਚ ਜਾਇਜ਼ ਕੰਮ ਕਰਾਉਣ ਲਈ ਵੀ ਰਿਸ਼ਵਤ ਦੇਣੀ ਪੈਂਦੀ ਹੈ ਨਹੀਂ ਤੇ ਗ਼ਰੀਬਾਂ ਦੇ ਕੰਮ ਸਾਲਾਂ ਬੱਧੀ ਲਟਕਦੇ ਹੀ ਰਹਿੰਦੇ ਹਨ। ਉਨ੍ਹਾਂ ਤੇ ਕੋਈ ਤਰਸ ਨਹੀਂ ਕਰਦਾ। ਸਰਕਾਰ ਦੀਆਂ ਨੀਤੀਆਂ ਐਸੀਆਂ ਹਨ ਕਿ ਜੇਬ ਵਿਚ ਪੈਸੇ ਨਹੀ ਪਰ ਬੈਂਕਾਂ ਵਿਚ ਖਾਤੇ ਖੁਲਵਾਏ ਜਾ ਰਹੇ ਹਨ। ਪੇਟ ਵਿਚ ਰੋਟੀ ਨਹੀਂ ਪਰ ‘ਸ਼ੋਚਾਲੇ’ ਬਣਵਾਏ ਜਾ ਰਹੇ ਹਨ। ਵਾਹ ਨੀ ਸਰਕਾਰੇ ਤੇਰਾ ਰੱਬ ਹੀ ਰਾਖਾ। ਭਰਿਸ਼ਟਾਚਾਰ ਦੇ ਨਾਲ ਨਾਲ ਸਾਡੇ ਦੇਸ਼ ਵਿਚ ਮਿਲਾਵਟ ਅਤੇ ਹੇਰਾ ਫੇਰੀ ਦਾ ਵੀ ਬਹੁਤ ਹੀ ਬੋਲ ਬਾਲਾ ਹੈ। ਕਿਸਾਨ ਆਪਣੀ ਪੈਦਾਵਰ ਵਧਾਉਣ ਲਈ ਰਸਾਇਨਿਕ ਖਾਦਾਂ ਅਤੇ ਸਪਰੇ ਦਾ ਧੜਾ ਧੜ ਇਸਤੇਮਾਲ ਕਰ ਰਹੇ ਹਨ। ਇੱਥੇ ਹੀ ਬਸ ਨਹੀਂ ਮਿਲਾਵਟੀ ਦੁੱਧ ਵਿਚ ਯੂਰੀਆ ਮਿਲਾ ਕੇ ਲੋਕਾਂ ਨੂੰ ਪਿਲਾਇਆ ਜਾ ਰਿਹਾ ਹੈ। ਇਹ ਸਭ ਕੁਝ ਲੋਕਾਂ ਦੀ ਸਿਹਤ ਲਈ ਬਹੁਤ ਹਾਨੀਕਾਰਕ ਹੈ। ਇਸ ਨਾਲ ਕਈ ਬਿਮਾਰੀਆਂ ਚੰਬੜ ਜਾਂਦੀਆਂ ਹਨ। ਬਿਮਾਰੀਆਂ ਵਿਚ ਘਿਰ ਕੇ ਲੋਕਾਂ ਦੀ ਕਮਾਈ ਦਾ ਇਕ ਵੱਡਾ ਹਿੱਸਾ ਡਾਕਟਰਾਂ ਅਤੇ ਮਹਿੰਗੀਆਂ ਦਵਾਈਆਂ ਦੀ ਭੇਂਟ ਚੜ ਜਾਂਦਾ ਹੈ। ਇਸ ਨਾਲ ਵੀ ਗ਼ਰੀਬੀ ਵਧਦੀ ਹੈ। ਸਾਡੇ ਦੇਸ਼ ਵਿਚ ਅੱਜ ਤੱਕ ਵਿਦਿਆ ਦੀ ਕੋਈ ਠੋਸ ਪਾਲਿਸੀ ਨਹੀਂ ਬਣ ਸੱਕੀ। ਸਾਡੇ ਨੌਜੁਆਨ 20-25 ਸਾਲ ਦੀ ਉੱਚੀ ਪੜਾਈ ਕਰ ਕੇ ਵੀ ਵਿਹਲੇ ਇੱਧਰ ਉੱਧਰ ਭਟਕ ਰਹੇ ਹਨ। ਉਨ੍ਹਾਂ ਨੂੰ ਕੋਈ ਠੀਕ ਰਾਹ ਦਿਖਾਉਣ ਵਾਲਾ ਹੀ ਨਹੀਂ। ਸਰਕਾਰ ਉਨ੍ਹਾਂ ਨੂੰ ਰੁਜ਼ਗਾਰ ਦਿਵਾਉਣ ਲਈ ਪੂਰੀ ਤਰ੍ਹਾਂ ਅਸਫਲ ਰਹੀ ਹੈ। ਉਨ੍ਹਾਂ ਨੂੰ ਪੜ੍ਹ ਲਿਖ ਕੇ ਪਕੌੜੇ ਤਲਣ ਦੀ ਸਲਾਹ ਦਿੱਤੀ ਜਾਂਦੀ ਹੈ। ਪੜ੍ਹੇ ਲਿਖੇ ਨੌਜੁਆਨ ਪੜ੍ਹ ਲਿਖ ਕੇ ਵਿਦੇਸ਼ਾਂ ਵੱਲ ਪਰਵਾਸ ਕਰ ਰਹੇ ਹਨ। ਉੱਥੇ ਉਨ੍ਹਾਂ ਨੂੰ ਗ਼ੈਰਾਂ ਅਧੀਨ ਜਲਾਲਤ ਵਾਲੀਆਂ ਸ਼ਰਤਾਂ ਤੇ ਘਟੀਆ ਕੰਮ ਕਰਨੇ ਪੈਂਦੇ ਹਨ। ਕਈ ਵਾਰੀ ਅੱਧ-ਭੁੱਖੇ ਪੇਟ ਵੀ ਸੌਣਾ ਪੈਂਦਾ ਹੈ। ਜੇ ਸਰਕਾਰ ਉਨ੍ਹਾਂ ਦੀ ਕਦਰ ਕਰੇ ਅਤੇ ਆਪਣੇ ਮੁਲਕ ਵਿਚ ਹੀ ਯੋਗ ਰੁਜ਼ਗਾਰ ਦੇਵੇ ਤਾਂ ਉਹ ਕਿਉਂ ਵਿਦੇਸ਼ਾਂ ਵਿਚ ਧੱਕੇ ਖਾਣ? ਕਿਉਂ ਮਾਲਟਾ ਵਰਗੇ ਹਾਦਸਿਆਂ ਵਿਚ ਕੀਮਤੀ ਜਾਨਾਂ ਜ਼ਾਇਆ ਜਾਣ? ਸਰਕਾਰ ਦੀਆਂ ਨੀਤੀਆਂ ਦੇ ਨਾਲ ਨਾਲ ਸਾਡੀਆਂ ਆਪਣੀਆਂ ਵੀ ਕੁਝ ਕਮਜ਼ੋਰੀਆਂ ਹਨ ਜੋ ਸਾਨੂੰ ਗ਼ਰੀਬੀ ਦੀ ਦਲਦਲ ਵਿਚੋਂ ਨਿਕਲਣ ਨਹੀਂ ਦਿੰਦੀਆਂ। ਪਹਿਲੀ ਗੱਲ ਤਾਂ ਇਹ ਹੈ ਕਿ ਅਸੀਂ ਸਮਂੇ ਦੀ ਕਦਰ ਨਹੀਂ ਕਰਦੇ। ਸਮੇਂ ਨੂੰ ਬਹੁਤ ਹੀ ਵਿਅਰਥ ਗੁਵਾਉਂਦੇ ਹਾਂ। ਵਿਹਲੇ ਬੈਠ ਕੇ ਸਾਨੂੰ ਬਹੁਤ ਤਸੱਲੀ ਮਿਲਦੀ ਹੈ। ਪੰਜਾਬ ਦੇ ਪਿੰਡਾਂ ਦੇ ਸਾਡੇ ਭਰਾ ਖੇਤੀ ਬਾੜੀ ਤੋਂ ਜੀਅ ਚੁਰਾਉਣ ਲੱਗ ਪਏ ਹਨ। ਉਹ ਵਿਦੇਸ਼ਾਂ ਵਿਚ ਜਾ ਕੇ ਛੋਟੇ ਛੋਟੇ ਕੰਮ ਕਰ ਲੈਣਗੇ। ਇੱਥੇ ਆਪਣੇ ਘਰ ਵਿਚ ਉਹੀ ਕੰਮ ਕਰਦਿਆਂ ਉਨ੍ਹਾਂ ਦੀ ਸ਼ਾਨ ਘੱਟਦੀ ਹੈ। ਉਹ ਹਰ ਕੰਮ ਵਿਚ ਬਿਹਾਰ ਤੋਂ ਆਏ ਲੋਕਾਂ ’ਤੇ ਨਿਰਭਰ ਕਰਨ ਲੱਗ ਪਏ ਹਨ। ਇਸੇ ਲਈ ਹਰ ਸਾਲ ਲੱਖਾਂ ਬਿਹਾਰੀਏ ਤੇ ਉੱਤਰ ਪ੍ਰਦੇਸ਼ ਤੋਂ ਆਏ ਲੋਕ ਪੰਜਾਬ ਵਿਚ ਆ ਕੇ ਇੱਥੇ ਸਾਡੇ ਕਾਰਖ਼ਾਨਿਆਂ, ਭੱਠਿਆਂ ਅਤੇ ਖੇਤਾਂ ਵਿਚ ਕੰਮ ਕਰਦੇ ਹਨ। ਪੰਜਾਬ ਵਿਚ ਇਕ ਨਵਾਂ ਭਈਆ ਕਲਚਰ ਪੈਦਾ ਹੋ ਗਿਆ ਹੈ। ਅਮੀਰੀ ਅਤੇ ਗ਼ਰੀਬੀ ਰੱਬ ਦੇ ਰੰਗ ਹੀ ਹਨ। ਅਮੀਰੀ ਨਾਲ ਖ਼ੁਸ਼ੀ ਤਾਂ ਨਹੀਂ ਖ਼ਰੀਦੀ ਜਾ ਸਕਦੀ ਪਰ ਗ਼ਰੀਬੀ ਹੰਢਾਉਂਦੇ ਹੋਏ ਪਰਿਵਾਰ ਦੀਆਂ ਮੁਢਲੀਆਂ ਜ਼ਰੂਰਤਾਂ ਵੀ ਪੂਰੀਆਂ ਨਾ ਕਰ ਪਾਉਣਾ ਵੀ ਇਕ ਸਰਾਪੀ ਜ਼ਿੰਦਗੀ ਜਿਉਣ ਬਰਾਬਰ ਹੈ। ਇਹ ਸਾਡੀ ਗ਼ਲਤੀ ਹੈ ਕਿ ਅਸੀਂ ਧਰਮ ਨੂੰ ਧਨ ਨਾਲ ਜੋੜ ਕੇ ਗ਼ੁਰਬਤ ਦੀ ਜ਼ਿੰਦਗੀ ਹੰਢਾਉਂਦੇ ਹਾਂ ਪਰ ਮਿਹਨਤ ਨਾਲ ਕਾਫ਼ੀ ਹੱਦ ਤੱਕ ਗ਼ਰੀਬੀ ਦੀ ਜੁੱਲੀ ਲਾਹ ਕੇ ਆਪਣੀ ਕਿਸਮਤ ਨੂੰ ਬਦਲਿਆ ਜਾ ਸਕਦਾ ਹੈ। ਗੁਰਬਾਣੀ ਮਨੁੱਖ ਨੂੰ ਗ਼ਰੀਬੀ ਵਿਚ ਸਬਰ ਕਰਨਾ ਸਿਖਾਉਂਦੀ ਹੈ ਪਰ ਉਹ ਮਿਹਨਤ ਕਰ ਕੇ ਧਨ ਕਮਾਉਣ ਤੋਂ ਰੋਕਦੀ ਨਹੀਂ। ਗੁਰੂੂੂੂੂੂੂੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਮਿਹਨਤ ਨਾਲ ਧਨ ਕਮਾ ਕੇ ਆਪਣੇ ਪਰਿਵਾਰ ਤੋਂ ਇਲਾਵਾ ਲੋੜਵੰਦਾਂ ਦੀ ਵੀ ਮਦਦ ਕਰੋ। ਆਪ ਜੀ ਲਿਖਦੇ ਹਨ: ਘਾਲਿ ਖਾਇ ਕਿਛੁ ਹਥਹੁ ਦੇਇ ਦਿਨ ਬਦਿਨ ਸਾਡੇ ਦੇਸ਼ ਦੇ ਨੌਜੁਆਨ ਨਸ਼ਿਆਂ ਵਿਚ ਫਸਦੇ ਜਾ ਰਹੇ ਹਨ। ਉਨ੍ਹਾਂ ਦੇ ਮਨ ਵਿਚ ਨਾ ਤਾਂ ਕੋਈ ਜੋਸ਼ ਹੈ ਨਾ ਹੀ ਕੋਈ ਉਸਾਰੂ ਕੰਮ ਕਰਨ ਦੀ ਹਿੰਮਤ ਹੈ। ਜਿਹੜੇ ਅਫ਼ਸਰਾਂ ਨੂੰ ਨਸ਼ੇ ਰੋਕਣ ਲਈ ਲਾਇਆ ਜਾਂਦਾ ਹੈ ਉਹ ਹੀ ਨਸ਼ਿਆਂ ਦੇ ਵਪਾਰੀ ਬਣ ਬੈਠਦੇ ਹਨ। ਗੁਲਸ਼ਨ ਨੂੰ ਬਰਬਾਦ ਕਰਨ ਲਈ ਤਾਂ ਇਕ ਉੱਲੂ ਹੀ ਕਾਫੀ ਹੁੰਦਾ ਹੈ ਪਰ ਇੱਥੇ ਤਾਂ ਹਰ ਸ਼ਾਖ ਤੇ ਹੀ ਉੱਲੂ ਬੈਠੇ ਹੋਏ ਹਨ। ਫਿਰ ਮੇਰੇ ਗੁਲਸ਼ਨ ਦਾ ਕੀ ਹੋਵੇਗਾ? ਦੋਸਤੋ ਨਸ਼ੇ ਛੱਡੋ ਅਤੇ ਕੋਹੜ ਕੱਢੋ। ਜੇ ਬਦਕਿਸਮਤੀ ਨਾਲ ਤੁਹਾਡਾ ਕੋਈ ਸਾਥੀ ਨਸ਼ਿਆਂ ਵਿਚ ਪੈ ਗਿਆ ਹੈ ਉਸ ਨੂੰ ਅੱਜ ਤੋਂ ਹੀ ਇਸ ਭੈੜੀ ਆਦਤ ਛੱਡਣ ਵਿਚ ਮਦਦ ਕਰੋ। ਦੇਸ਼ ਦੀ ਗ਼ਰੀਬੀ ਦਾ ਇਕ ਕਾਰਨ ਇਹ ਵੀ ਹੈ ਕਿ ਅਸੀਂ ਫ਼ਾਲਤੂ ਦਿਖਾਵਾ ਕਰ ਕੇ ਭੋਜਨ ਦੀ ਬਹੁਤ ਬਰਬਾਦੀ ਕਰਦੇ ਹਾਂ। ਅਸੀਂ ਆਪਣੀ ਫੋਕੀ ਸ਼ਾਨ ਦਿਖਾਉਣ ਲਈ ਵੱਡੀਆਂ ਵੱਡੀਆਂ ਪਾਰਟੀਆਂ ਅਤੇ ਸ਼ਾਹਾਨਾ ਵਿਆਹ ਕਰਦੇ ਹਾਂ ਅਤੇ ਆਪਣੀ ਅਮੀਰੀ ਦਾ ਖ਼ੂਬ ਦਿਖਾਵਾ ਕਰਦੇ ਹਾਂ। ਇਸੇ ਲਈ ਦੇਸ਼ ਵਿਚ ਪੈਲੇਸ ਕਲਚਰ ਬਹੁਤ ਵਧ ਫੁੱਲ ਰਿਹਾ ਹੈ। ਹਰ ਸ਼ਹਿਰ ਦੇ ਬਾਹਰ ਖੁਲ੍ਹੀ ਜ਼ਮੀਨ ਤੇ ਵੱਡੇ ਵੱਡੇ ਪੈਲੇਸ ਖੁੰਬਾਂ ਵਾਂਗ ਉੱਗ ਆਏ ਹਨ। ਇਨ੍ਹਾਂ ਪੈਲੇਸਾਂ ਵਿਚ ਸ਼ਾਹੀ ਵਿਆਹ ਅਤੇ ਵੱਡੀਆਂ ਵੱਡੀਆਂ ਪਾਰਟੀਆਂ ਹੁੰਦੀਆਂ ਹਨ। ਹਜ਼ਾਰਾਂ ਬੰਦਿਆਂ ਦਾ ਇਕੱਠ ਹੁੰਦਾ ਹੈ। ਮੀਟ, ਮੱਛੀ ਸ਼ਰਾਬ ਅਤੇ ਹੋਰ ਕੀਮਤੀ ਭੋਜਨ ਖੁੱਲ੍ਹੇ ਤਿਆਰ ਹੁੰਦੇ ਹਨ। ਲੋਕ ਪੇਟ ਤੂਸੜ ਕੇ ਖਾਂਦੇ ਹਨ। ਇੱਥੇ ਹੀ ਬੱਸ ਨਹੀਂ ਜਿੰਨਾਂ ਉਹ ਖਾਂਦੇ ਹਨ ਉਸ ਤੋਂ ਵੱਧ ਜੂਠਾ ਸੁੱਟਦੇ ਹਨ। ਹਰ ਪਾਰਟੀ ਵਿਚ ਲੱਖਾਂ ਰੁਪਏ ਦਾ ਭੋਜਨ ਬਰਬਾਦ ਹੁੰਦਾ ਹੈ। ਇਸ ਤੋਂ ਇਲਾਵਾ ਸਾਡੇ ਲੋਕ ਰੂੜੀਵਾਦੀ ਅਤੇ ਅੰਧ ਵਿਸ਼ਵਾਸੀ ਬਹੁਤ ਹਨ। ਪੰਡਤਾਂ ਦੇ ਕਹਿਣ ਤੇ ਲੱਖਾਂ ਮਣ ਦੁੱਧ ਗਣੇਸ਼ ਦੀਆਂ ਮੂਰਤੀਆਂ ਨੂੰ ਪਿਆਉਣ ਦਾ ਦਿਖਾਵਾ ਕੀਤਾ ਜਾਂਦਾ ਹੈ। ਇਹ ਹੀ ਦੁੱਧ ਰੁੜ੍ਹ ਕੇ ਅਗੇ ਗੰਦੇ ਨਾਲਿਆਂ ਵਿਚ ਵਿਅਰਥ ਚਲੇ ਜਾਂਦਾ ਹੈ ਕਿਸੇ ਗ਼ਰੀਬ ਬੱਚੇ ਦੇ ਮੂੰਹ ਵਿਚ ਨਹੀਂ ਪੈਂਦਾ। ਯੂਨੀਸਿਫ ਦੀ ਰਿਪੋਰਟ ਅਨੁਸਾਰ ਭਾਰਤ ਵਿਚ ਲੱਖਾਂ ਮਾਤਾਵਾਂ ਅਤੇ ਬੱਚੇ ਹਰ ਸਾਲ ਕੁ-ਪੋਸ਼ਨ ਦਾ ਸ਼ਿਕਾਰ ਹੋ ਕੇ ਮਰਦੇ ਹਨ। ਜੇ ਇਹ ਹੀ ਭੋਜਨ ਜ਼ਾਇਆ ਕਰਨ ਦੀ ਥਾਂ ਗ਼ਰੀਬ ਮਾਵਾਂ ਅਤੇ ਬੱਚਿਆਂ ਨੂੰ ਕਰਵਾਇਆ ਜਾਏ ਤਾਂ ਕਈ ਅਨਮੋਲ ਜਾਨਾਂ ਬਚ ਸੱਕਦੀਆਂ ਹਨ। ਸਾਡੇ ਦੇਸ਼ ਦੀ ਗ਼ਰੀਬੀ ਦਾ ਇਕ ਹੋਰ ਕਾਰਨ ਵਧਦੀ ਹੋਈ ਅਬਾਦੀ ਵੀ ਹੈ। ਜਿਸ ਹਿਸਾਬ ਸਿਰ ਦੇਸ਼ ਦੀ ਅਬਾਦੀ ਵਧ ਰਹੀ ਹੈ ਉਸ ਹਿਸਾਬ ਸਿਰ ਪੈਦਾਵਰ ਨਹੀਂ ਵਧ ਰਹੀ। ਇਸ ਲਈ ਮੁਲਕ ਭੁੱਖਮਰੀ ਵਿਚ ਧੱਸਦਾ ਜਾ ਰਿਹਾ ਹੈ। ਵਧਦੀ ਅਬਾਦੀ ਤੇ ਸਰਕਾਰ ਜਾਂ ਲੋਕਾਂ ਦਾ ਕੋਈ ਕੰਟਰੋਲ ਨਹੀਂ। 1947 ਵਿਚ ਜਦ ਭਾਰਤ ਆਜ਼ਾਦ ਹੋਇਆ ਤਾਂ ਸਾਰੇ ਦੇਸ਼ ਦੀ ਕੁੱਲ ਅਬਾਦੀ 35 ਕਰੌੜ ਸੀ। ਹੁਣ ਜਦੋਂ ਕਿ ਇਸ ਵਿਚੋਂ ਪਾਕਿਸਤਾਨ ਅਤੇ ਬੰਗਲਾ ਦੇਸ਼ ਦੋ ਮੁਲਕ ਨਿਕਲ ਚੁੱਕੇ ਹਨ ਤਾਂ ਵੀ ਇਕੱਲੇ ਭਾਰਤ ਦੀ ਅਬਾਦੀ 130 ਕਰੌੜ ਤੋਂ ਵਧ ਚੁੱਕੀ ਹੈ। ਜਲਦੀ ਹੀ ਇਹ ਅਬਾਦੀ ਚੀਨ ਤੋਂ ਵੀ ਅੱਗੇ ਵਧ ਜਾਏਗੀ ਅਤੇ ਭਾਰਤ ਜਨਸੰਖਿਆ ਦੇ ਹਿਸਾਬ ਸਿਰ ਦੁਨੀਆਂ ਦੇ ਨਕਸ਼ੇ ਤੇ ਪਹਿਲੇ ਨੰਬਰ ’ਤੇ ਆ ਜਾਵੇਗਾ। ਐਨੇ ਲੋਕਾਂ ਲਈ ਰੁਜ਼ਗਾਰ, ਭੋਜਨ ਅਤੇ ਕੱਪੜਾ ਕਿੱਥੋਂ ਆਵੇਗਾ? ਜ਼ਾਹਿਰ ਹੈ ਕਿ ਮੁਲਕ ਕੰਗਾਲੀ ਵਿਚ ਧੱਸਦਾ ਜਾਵੇਗਾ। ਗ਼ਰੀਬੀ ਦਾ ਸਭ ਤੋਂ ਵੱਡਾ ਕਾਰਨ ਹੁੰਦਾ ਹੈ, ਖ਼ਰਚੇ ਨਾਲੋਂ ਆਮਦਨ ਦੇ ਸਾਧਨ ਘੱਟ ਹੋਣਾ। ਨਿੱਤ ਦੇ ਜ਼ਰੂਰੀ ਖ਼ਰਚੇ ਤਾਂ ਬਘਿਆੜ ਦੀ ਤਰ੍ਹਾਂ ਮੂੰਹ ਅੱਡ ਕੇ ਖੜ੍ਹੇ ਰਹਿੰਦੇ ਹਨ ਜੇ ਉਨ੍ਹਾਂ ਨੂੰ ਪੂਰੇ ਕਰਨ ਲਈ ਯੋਗ ਧਨ ਨਾ ਹੋਵੇ ਤਾਂ ਗ਼ਰੀਬੀ ਪੱਲੇ ਪੈ ਜਾਂਦੀ ਹੈ। ਬੰਦਾ ਤਣਾਅ ਵਿਚ ਆ ਜਾਂਦਾ ਹੈ। ਉਹ ਕਰਜ਼ਈ ਹੋ ਜਾਂਦਾ ਹੈ। ਕੁਝ ਸਮੇਂ ਬਾਅਦ ਉਧਾਰ ਮਿਲਣਾ ਵੀ ਬੰਦ ਹੋ ਜਾਂਦਾ ਹੈ। ਜ਼ਰੂਰਤਾਂ ਪੂਰੀਆਂ ਨਾ ਹੋਣ ਕਰ ਕੇ ਘਰ ਵਿਚ ਕਲੇਸ਼ ਰਹਿੰਦਾ ਹੈ। ਕਈ ਤਰ੍ਹਾਂ ਦੀਆਂ ਬਿਮਾਰੀਆਂ ਬੰਦੇ ਨੂੰ ਘੇਰ ਲੈਂਦੀਆਂ ਹਨ। ਗ਼ਰੀਬੀ ਵਿਚ ਬੰਦਾ ਸਾਰੀ ਉਮਰ ਲੋੜਾਂ ਅਤੇ ਥੋੜਾਂ ਵਿਚ ਪਿਸਦਾ ਰਹਿੰਦਾ ਹੈ। ਉਸ ਨੂੰ ਆਪਣੀਆਂ ਅਤੇ ਪਰਿਵਾਰ ਦੀਆਂ ਖ਼ਾਹਿਸ਼ਾਂ ਦਾ ਗਲਾ ਘੁੱਟ ਕੇ ਜਿਉਣਾ ਪੈਂਦਾ ਹੈ। ਉਹ ਸਾਰੀ ਉਮਰ ਸਨਮਾਨ ਨਾਲ ਚਾਰ ਬੰਦਿਆਂ ਵਿਚ ਖੜ੍ਹਾ ਨਹੀਂ ਹੋ ਸੱਕਦਾ। ਲੋਕ ਉਸ ਨੂੰ ਕੋਈ ਆਦਰ ਮਾਣ ਨਹੀਂ ਦਿੰਦੇ। ਉਸ ਨੂੰ ਹਰ ਥਾਂ ਅਣਗੌਲਿਆਂ ਕੀਤਾ ਜਾਂਦਾ ਹੈ। ਉਹ ਹੋਇਆ ਨਾ ਹੋਇਆ, ਸਮਾਜ ਨੂੰ ਕੋਈ ਖ਼ਾਸ ਫ਼ਰਕ ਨਹੀਂ ਪੈਂਦਾ। ਕਹਿੰਦੇ ਹਨ-ਜਿਸ ਦੀ ਕੋਠੀ ਦਾਣੇ, ਉਸ ਦੇ ਕਮਲੇ ਵੀ ਸਿਆਣੇ। ਜੇ ਤੁਹਾਨੂੰ ਧਨ ਦੀ ਕਮੀ ਹੈ ਜਾਂ ਗ਼ਰੀਬੀ ਸਿਰ ਨਹੀਂ ਚੁੱਕਣ ਦਿੰਦੀ ਤਾਂ ਇਹ ਸਮਝ ਲਓ ਕਿ ਬਾਹਰੋਂ ਕਿਸੇ ਅਵਤਾਰ ਨੇ ਆ ਕੇ ਤੁਹਾਡੀ ਗ਼ਰੀਬੀ ਦੂਰ ਨਹੀਂ ਕਰ ਦੇਣੀ। ਆਪਣੀ ਗ਼ਰੀਬੀ ਤੁਹਾਨੂੰ ਆਪ ਹੀ ਦੂਰ ਕਰਨੀ ਪੈਣੀ ਹੈ। ਫ਼ਜ਼ੂਲ ਖ਼ਰਚੀ ਛੱਡੋ। ਸਮੇਂ ਦੀ ਕਦਰ ਕਰੋ। ਹਰ ਮਿੰਟ ਅਤੇ ਹਰ ਸਕਿੰਟ ਦੀ ਕੀਮਤ ਸਮਝੋ ਤੁਹਡਾ ਸਮਾਂ ਹੀ ਤੁਹਾਡਾ ਅਸਲੀ ਧਨ ਹੈ। ਜੋ ਸਮੇਂ ਨੂੰ ਜ਼ਾਇਆ ਕਰਦਾ ਹੈ ਉਹ ਆਪਣੇ ਪੈਰਾਂ ਤੇ ਆਪ ਕੁਹਾੜੀ ਮਾਰਦਾ ਹੈ। ਉਹ ਬਿਮਾਰੀ, ਗ਼ਰੀਬੀ, ਦਲਿਦਰ ਅਤੇ ਬਦਕਿਸਮਤੀ ਨੂੰ ਆਵਾਜ਼ ਦਿੰਦਾ ਹੈ। ਆਲਸ ਦਾ ਤਿਆਗ ਕਰੋ ਅਤੇ ਉੇੱਦਮੀ ਬਣੋ। ਉੱਦਮੀ ਬੰਦਾ ਕਦੀ ਗ਼ਰੀਬ ਜਾਂ ਬਦਕਿਸਮਤ ਨਹੀਂ ਹੋ ਸੱਕਦਾ। ਇਸ ਲਈ ਉੱਦਮੀ ਬਣ ਕੇ ਕਮਾਈ ਕਰਨ ਦੀ ਲੋੜ ਹੈ ਤਾਂ ਕਿ ਗ਼ਰੀਬੀ ਦੀ ਲਾਹਨਤ ਨੂੰ ਖਤਮ ਕੀਤਾ ਜਾ ਸਕੇ। |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |