ਗ਼ਜ਼ਲ
ਜਦ ਦਾ ਵੀ ਮੈਂ ਉਹਨੂੰ ਦਿਲ ਤੋਂ ਚਾਹਿਆ ਹੈ।
ਉਸ ਨੇ ਮੈਨੂੰ ਉਗਲਾਂ ਉਪਰ ਨਚਾਇਆ ਹੈ।
ਵੇਖ ਅਦਾ ਮੈਂ ਜਿਸ ਦੀ ਮਨ ਬਹਿਲਾਉਂਦਾ ਸਾਂ,
ਉਸਨੇ ਪਾਗਲ ਆਖ ਮਜਾਕ ਉਡਾਇਆ ਹੈ।
ਜਿਸ ਖਾਤਰ ਮੰਗਾਂ ਮੈਂ ਹਰ ਵੇਲੇ ਦੁਆਵਾਂ,
ਉਸਨੇ ਮੇਰੀ ਚਾਹਤ ਨੂੰ ਠੁਕਰਾਇਆ ਹੈ।
ਜਿਸ ਦੀ ਝਲਕ ਲਈ ਸੀ ਅੱਖਾਂ ਤਰਸਦੀਆਂ,
ਉਹਨਾਂ ਨੈਣਾਂ ਨੇ ਮੈਨੂੰ ਤੜਫਾਇਆ ਹੈ।
ਸਿਫਤ ਸਦਾ ਸਿੱਧੂ ਕੀਤੀ ਜਿਸਦੇ ਹੁਸਨ ਦੀ,
ਬਦਚੱਲਣ ਦਾ ਦੋਸ਼ ਉਸੇ ਹੀ ਲਾਇਆ ਹੈ।
**
ਗ਼ਜ਼ਲ
ਛੱਡ ਗੁਰੂਘਰ ਮੰਦਰ ਮਸਜਿਦ ਚਰਚ ਨੂੰ ਪੂਜਣਾ।
ਢਿੱਡੋਂ ਭੁੱਖੇ ਦੀ ਖਾਤਰ ਸਿੱਖ ਲੈ ਤੂੰ ਜੂਝਣਾ।
ਦਰਿਆ ਦੇ ਤੂੰ ਵਹਿਣ ਤਰ੍ਹਾਂ ਚੱਲਦੇ ਰਹਿਣਾ ਸਦਾ,
ਬਣ ਕੇ ਤੂੰ ਬੋਲੀ ਅਤਿਆਚਾਰ ਦੀ ਨਾ ਗੂੰਜਣਾ।
ਪਰਚਮ ਲੈ ਕੇ ਹੱਥਾਂ ਵਿਚ ਸੱਚ ਦੀ ਤੂੰ ਗੂੰੰਜ ਬਣ,
ਹੱਕ ਲਈ ਹਿੱਸੇ ਤੇਰੇ ਆਇਆ ਜੇ ਜੂਝਣਾ।
ਕਿੰਨੀ ਦੇਰ ਜਰੇਂਗਾ ਤੂੰ ਜਬਰ ਨੂੰ ਸ਼ਾਂਤ ਰਹਿਕੇ,
ਆਖਰ ਗਲਤ ਹਰਫ ਦੇ ਵਾਂਗੂੰ ਪਊ ਉਹ ਪੂੰਝਣਾ।
ਇਹ ਗੁੜ੍ਹਤੀ ਹੈ ਸਿੱਧੂ ਤੈਨੂੰ ਮਿਲੀ ਇਤਹਾਸ ‘ਚੋਂ,
ਹਿੱਸੇ ਤੇਰੇ ਚ ਸਮਾਜੀ ਗੰਦ ਨੂੰ ਹੈ ਹੂੰਝਣਾ।
**
ਗੀਤ
ਚੰਨ ਬਣੀ ਜਾਂ ਤਾਰਾ
ਜੋਬਨ ਰੁੱਤੇ ਤੁਰ ਜਾਣ ਵਾਲਿਆ
ਤੂੰ ਚੰਨ ਬਣੀ ਜਾਂ ਤਾਰਾ।
ਪਰ ਕੌਮ ਦੇ ਅੰਬਰੀਂ ਚੜ ਘਟਾਵਾਂ
ਚਾਨਣ ਖੋਹ ਲਿਆ ਸਾਰਾ।
ਵਿਚ ਫਿਜਾ ਤੇਰੇ ਬੋਲ ਗੂੰਜਦੇ
ਦੇਣਗੇ ਇਕ ਪੈਗਾਮ ਸਦਾ,
ਯਾਦ ਕਰੂਗਾ ਸੋਚ ਤੇਰੀ ਨੂੰ
ਇਹ ਪੰਜਾਬੀ ਅਵਾਮ ਸਦਾ,
ਤੇਰਿਆਂ ਬੋਲਾਂ ਦਿੱਤਾ ਜਵਾਨੀ ਨੂੰ ਨਵਾਂ ਸੀ ਇਕ ਹੁਲਾਰਾ।
ਜੋਬਨ ਰੁੱਤੇ ਤੁਰ ਜਾਣ – – – – – – ।
ਦੀਪ ਜਗਾਕੇ ਜੋ ਤੂੰ ਤੁਰ ਗਿਆਂ
ਉਸ ਚ ਖੂਨ ਅਸੀਂ ਪਾਵਾਂਗੇ,
ਸਾਡਾ ਹੈ ਵਾਅਦਾ ਸੋਚ ਤੇਰੀ ਤੇ
ਯਾਰ ਅਸੀਂ ਫੁੱਲ ਚੜਾਵਾਂਗੇ,
ਨਵੀਂ ਸੋਚ ਅੰਗੜਾਈ ਲਵੇਗੀ ਜਾਂ ਦੀਪ ਦਾ ਪਊ ਚਮਕਾਰਾ।
ਜੋਬਨ ਰੁੱਤੇ ਜਾਣ – – – – – -।
ਸੱਚ ਤੇ ਪਹਿਰਾ ਹੈ ਦੇਣ ਵਾਲੇ ਨੂੰ
ਦੁੱਖਾਂ ਨਾਲ ਜੂਝਣਾ ਪੈਦਾ,
ਜਿਸ ਦਿਲ ਦੇ ਵਿਚ ਪ੍ਰੇਮ ਕੌਮ ਦਾ
ਹੱਸ ਤਕਲੀਫਾਂ ਉਹ ਸਹਿੰਦਾ,
ਸੀਅ ਨਾਂ ਕਰਦਾ ਮੁਸ਼ਕਿਲ ਹੈ ਜਰਦਾ ਉਸ ਨਾਲ ਟੱਬਰ ਸਾਰਾ।
ਜੋਬਨ ਰੁੱਤੇ ਤੁਰ ਜਾਣ – – – – – – ।
ਪਾਤਸ਼ਾਹੀ ਦਾਅਵੇ, ਦੇ ਖੰਭ ਲਾ ਕੇ
ਸੀ ਉਡਣ ਲਾਈ ਜਵਾਨੀ,
ਬਸ਼ਰ ਪੰਜਾਬ ਦੇ ਨਹੀਂ ਭੁਲਣਗੇ
ਐ ਸਿੱਧੂਆ ਤੇਰੀ ਕੁਰਬਾਨੀ,
ਬੋਲ ਤੇਰੇ ਸਦਾ ਦਿੰਦੇ ਰਹਿਣਗੇ ਸਿੱਖ ਕੌਮ ਨੂੰ ਇਕ ਹੁਲਾਰਾ।
ਜੋਬਨ ਰੁੱਤੇ ਤੁਰ ਜਾਣ ਵਾਲਿਆ।
ਤੂੰ ਚੰਨ ਬਣੀ ਜਾਂ ਤਾਰਾ।
ਸਾਡੇ ਅੰਬਰੀਂ ਚੜ ਘਟਾਵਾਂ ਨੇ ਚਾਨਣ ਖੋਹ ਲਿਆ ਸਾਰਾ।
***
673
*** |