8 December 2024

ਗੁਰੂ ਗੋਬਿੰਦ ਸਿੰਘ ਜੀ ਦਾ ਦਰਵੇਸ਼ੀ ਰੂਪ—ਜਸਵਿੰਦਰ ਸਿੰਘ “ਰੁਪਾਲ”

ਗੁਰੂ ਗੋਬਿੰਦ ਸਿੰਘ ਜੀ ਨੇ ਜਿਸ ਤਰਾਂ ਮਨੁੱਖਤਾ ਦੇ ਇਤਿਹਾਸ ਵਿੱਚ ਜਾਹਰਾ ਤੇ ਬਾਤਨੀ ਰੂਪ ਵਿੱਚ ਇੱਕ ਵਿਲੱਖਣ ਇਨਕਲਾਬ ਲਿਆਂਦਾ,ਉਸ ਦੀ ਮਿਸਾਲ ਸੰਸਾਰ ਵਿੱਚ ਮਿਲਣੀ ਮੁਸ਼ਕਿਲ ਹੀ ਨਹੀਂ, ਅਸੰਭਵ ਵੀ ਹੈ। ਜਦੋਂ ਵੀ ਕਦੇ ਉਨ੍ਹਾਂ ਦਾ ਨਾਂ ਅਤੇ ਤਸਵੀਰ ਅੱਖਾਂ ਅੱਗੇ ਆਉਂਦੀ ਹੈ,ਤਾਂ ਇੱਕ ਤੇਜਸਵੀ ਤੇ ਜਲਾਲ ਭਰਿਆ ਸ਼ਹਿਨਸ਼ਾਹ, ਜੁਲਮ ਦੇ ਖੇਤਰ ਵਿਚ ਤਰਥੱਲੀ ਪਾਉਣ ਵਾਲਾ, ਇੱਕ ਯੋਧਾ ਨੀਤੀਵਾਨ ,ਮਹਾਨ ਪ੍ਰਬੰਧਕ ਤੇ ਸੂਰਬੀਰ ਦਾ ਸੰਕਲਪ ਹੀ ਸਾਡੇ ਜਿਹਨ ਵਿੱਚ ਉਤਰਦਾ ਹੈ। ਪਰ ਉਨ੍ਹਾਂ ਦੇ ਇਨ੍ਹਾਂ ਜਲੌਅ ਅਤੇ ਲਾਲੀ ਭਰੇ ਨੈਣਾਂ ਦੇ ਤੇਜ ਪਿੱਛੇ ਉਨ੍ਹਾਂ ਦੀ ਪ੍ਰਭੂ-ਪ੍ਰੇਮ ਵਿੱਚ ਰੱਤਿਆ ਅਤੇ ਰਹਿਮ ਭਰਿਆ ਦਿਲ, ਕੋਮਲ ਤੇ ਸੂਖਮ ਹਿਰਦਾ ਅਤੇ ਕਾਵਿਮਈ-ਸੰਗੀਤ ਵਿੱਚ ਡੁੱਬੀ ਰੂਹ “ਸੂਖਮ” ਹੋਣ ਕਰਕੇ ਇੱਕ ਦਮ ਨਜਰ ਨਹੀਂ ਆਉਂਦੀ ।ਜਿਵੇਂ ਕਿਸੇ ਬ੍ਰਿਛ ਦੀ ਜੜ੍ਹ ਸਾਨੂੰ ਨਜਰ ਤਾਂ ਨਹੀਂ ਆਉਂਦੀ ,ਪਰ ਬ੍ਰਿਛ ਦੇ ਨਜਰ ਆਉਂਦੇ ਤਣੇ,ਟਾਹਣ,ਪੱਤੇ ਫੁੱਲ ਅਤੇ ਫਲ ਸਭ ਦੀ ਹੋਂਦ ਇਸ ਜੜ੍ਹ ਕਰਕੇ ਹੀ ਹੁੰਦੀ ਹੈ ,ਬਿਲਕੁਲ ਇਸੇ ਤਰਾਂ ਗੁਰੁ ਗੋਬਿੰਦ ਸਿੰਘ ਜੀ ਦਾ ਸੰਤ ਰੂਪ, ਦਰਵੇਸ਼ ਰੂਪ,ਗੁਰੁ ਰੂਪ, ਭਗਤ ਰੂਪ,ਗਿਆਨ ਤੇ ਪ੍ਰੇਮ ਵਾਲਾ ਰੂਪ ਉਹ ਜੜ੍ਹ ਹੈ, ਜਿਸ ਨੇ ਉਨ੍ਹਾਂ ਦੇ ਸਾਰੇ ਜੀਵਨ ਦੀਆਂ ਟਾਹਣੀਆਂ, ਪੱਤਿਆਂ, ਫੁੱਲਾਂ ਅਤੇ ਫਲਾਂ ਨੂੰ ਪਾਲਿਆ ਅਤੇ ਵਿਕਸਿਤ ਕੀਤਾ ਹੈ । ਹਥਲੇ ਲੇਖ ਵਿੱਚ ਅਸੀਂ ਉਨ੍ਹਾਂ ਦੇ ਇਸ ਸੂਖਮ ਅਤੇ ਅਦ੍ਰਿਸ਼ ਰੂਪ ਦੇ ਦਰਸ਼ਨ ਕਰਨ ਦਾ ਯਤਨ ਕਰਾਂਗੇ।

ਗੁਰੂ ਗੋਬਿੰਦ ਸਿੰਘ ਜੀ ਨੂੰ ‘ਸੰਤ-ਸਿਪਾਹੀ’ ਅਤੇ ‘ਬਾਦਸਾਹ-ਦਰਵੇਸ਼’ ਆਖ ਕੇ ਸਤਿਕਾਰ ਦਿੱਤਾ ਜਾਂਦਾ ਹੈ। ਅਸੀਂ ‘ਸੰਤ’ ਅਤੇ ‘ਦਰਵੇਸ਼’ ਸ਼ਬਦ ਤੇ ਕੇਂਦਰਿਤ ਹੋਵਾਂਗੇ। ਪ੍ਰਸਿੱਧ ਵਿਦਵਾਨ ਸੁਕਰਾਤ ਅਨੁਸਾਰ, “Before discussing, It is necessary to define your terms”. ਇਸ ਲਈ ‘ਸਭ ਤੋਂ ਪਹਿਲਾਂ ਅਸੀਂ ਸੰਤ’ ਅਤੇ ‘ਦਰਵੇਸ਼’ ਸ਼ਬਦਾਂ ਦੀ ਪਰਿਭਾਸ਼ਾ ਜਾਨਣਾ ਚਾਹਾਂਗੇ।

ਭਾਈ ਕਾਹਨ ਸਿੰਘ ਜੀ ਨਾਭਾ ਮਹਾਨਕੋਸ਼ ਵਿੱਚ ਸੰਤ ਦੇ ਅਰਥ ਕਰਦੇ ਹਨ —
1.ਸੰਤੁ) ਸੰ. शान्त- ਸ਼ਾਂਤ. ਵਿ. ਮਨ ਇੰਦ੍ਰੀਆਂ ਨੂੰ ਜਿਸ ਨੇ ਟਿਕਾਇਆ ਹੈ, ਸ਼ਾਂਤਾਤਮਾ. “ਸੰਤ ਕੈ ਊਪਰਿ ਦੇਇ ਪ੍ਰਭੁ ਹਾਥ.” (ਗੌਂਡ ਮਃ ੫) ਦੇਖੋ- ਅੰ. Saint.
2. ਸੰ. सन्त्. ਵਿਦ੍ਵਾਨ. ਪੰਡਿਤ।
3. ਉੱਤਮ. ਸ਼੍ਰੇਸ਼੍ਠ. “ਅਮ੍ਰਿਤ ਦ੍ਰਿਸਟਿ ਪੇਖੈ ਹੁਇ ਸੰਤ.” (ਸੁਖਮਨੀ)

ਗੁਰਬਾਣੀ ਅਨੁਸਾਰ ਸੰਤ ਕੌਣ ਹੈ —
* ਜਿਨਾ ਸਾਸਿ ਗਿਰਾਸਿ ਨ ਵਿਸਰੈ,ਹਰਿ ਨਾਮਾਂ ਮਨਿ ਮੰਤੁ।।
ਧੰਨੁ ਸਿ ਸੇਈ ਨਾਨਕਾ,ਪੂਰਨੁ ਸੋਈ ਸੰਤੁ।।
-( ਸਲੋਕ ਮ : ੫, ਪੰਨਾ ੩੧੯)
* ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ ।।
ਸੋ ਸੰਤੁ ਸੁਹੇਲਾ ਨਹੀਂ ਡੁਲਾਵੈ ।।
-( ਗਉੜੀ ਸੁਖਮਨੀ ਮ: ੫,ਪੰਨਾ ੨੮੧)
* ਹਮਰੋ ਭਰਤਾ ਬਡੋ ਬਿਬੇਕੀ, ਆਪੇ ਸੰਤੁ ਕਹਾਵੈ ।।
ਓਹੁ ਹਮਾਰੈ ਮਾਥੈ ਕਾਇਮੁ ਅਉਰੁ ਹਮਰੈ ਨਿਕਟ ਨ ਆਵੈ ।।
– (ਆਸਾ , ਪੰਨਾ 476)

* ਸੋਈ ਸੰਤ ਜਿ ਭਾਵੈ ਰਾਮ ।।
ਸੰਤ ਗੋਬਿੰਦ ਕੈ ਏਕੈ ਕਾਮ ।।
–(ਗੋਂਡ ਮਹਲਾ ੫,ਪੰਨਾ ੮੬੭)
* ਆਠ ਪਹਰ ਨਿਕਟਿ ਕਰਿ ਜਾਨੈ ।।
ਪ੍ਰਭ ਕਾ ਕੀਆ ਮੀਠਾ ਮਾਨੈ ।।
ਏਕੁ ਨਾਮੁ ਸੰਤਨ ਆਧਾਰੁ ।।
ਹੋਇ ਰਹੇ ਸਭ ਕੀ ਪਗਛਾਰੁ ।।
ਸੰਤ ਰਹਤ ਸੁਨਹੁ ਮੇਰੇ ਭਾਈ ।।
ਉਆ ਕੀ ਮਹਿਮਾ ਕਥਨੁ ਨ ਜਾਈ ।।
ਵਰਤਣਿ ਜਾਕੈ ਕੇਵਲ ਨਾਮ ।।
ਅਨਦਰੂਪ ਕੀਰਤਨੁ ਬਿਸਰਾਮ ।।
ਮਿਤ੍ਰ ਸਤ੍ਰੁ ਜਾਕੈ ਏਕ ਸਮਾਨੈ ।।
ਪ੍ਰਭ ਅਪੁਨੇ ਬਿਨ ਅਵਰੁ ਨ ਜਾਨੈ ।।
ਕੋਟਿ ਕੋਟਿ ਅਘ ਕਾਟਨਹਾਰਾ ।।
ਦੁਖ ਦੂਰਿ ਕਰਨ ਜੀਅ ਕੇ ਦਾਤਾਰਾ ।।
ਸੂਰਬੀਰ ਬਚਨ ਕੇ ਬਲੀ ।।
ਕਉਲਾ ਬਪੁਰੀ ਸੰਤੀ ਛਲੀ ।।
ਤਾਕਾ ਸੰਗੁ ਬਾਛਹਿ ਸੁਰਦੇਵ ।।
ਅਮੋਘ ਦਰਸੁ ਸਫਲ ਜਾਕੀ ਸੇਵ ।।
ਕਰ ਜੋੜਿ ਨਾਨਕੁ ਕਰੇ ਅਰਦਾਸਿ ।।
ਮੋਹਿ ਸੰਤ ਟਹਲ ਦੀਜੈ ਗੁਣਤਾਸਿ ।।
– (ਆਸਾ ਮਃ ੫, ਪੰਨਾ ੩੯੨)
ੳੁਪਰੋਕਤ ਹਵਾਲਿਆਂ ਅਨੁਸਾਰ ਸੰਤ ਉਹ ਪੁਰਖ ਹੈ ਜੋ ਪ੍ਰਭੂ ਨਾਲ ਇੱਕਮਿੱਕ ਹੈ, ਪ੍ਰਭੂ ਦੇ ਪਿਆਰ ਵਿੱਚ ਰੱਤਿਆ ਹੈ, ਪ੍ਰਭੂ ਦੀ ਕਿਰਪਾ ਦਾ ਪਾਤਰ ਹੈ, ਮੋਹ-ਮਾਇਆ ਤੋਂ ਪਰੇ ਹੈ , ਬਿਬੇਕੀ ਹੈ, ਸਮਦ੍ਰਿਸ਼ਟੀ ਰੱਖਦਾ ਹੈ , ਬਚਨ ਦਾ ਸੂਰਾ ਹੈ ।ਅਤੇ ਜਿਸ ਬਾਹਰਲੀ ਸੂਰਤ ਨੂੰ ਅਸੀਂ ਸੰਤ ਸਮਝ ਬੈਠਦੇ ਹਾਂ, ਜਿਸ ਵਿੱਚ ਲੰਮਾ ਚੋਲਾ, ਗੋਲ ਪੱਗ, ਹੱਥੀਂ ਮਾਲਾ, ਪੈਰੀਂ ਖੜਾਵਾਂ ਆਦਿ ਆਦਿ , ਭਗਤ ਕਬੀਰ ਜੀ ਸਪਸ਼ਟ ਕਰਦੇ ਹਨ ਕਿ ਇਹਨਾਂ ਨੂੰ ਸੰਤ ਨਾ ਸਮਝ ਬੈਠਣਾ, ਜਿਹੜੇ ਅੰਦਰੂਨੀ ਤੌਰ ਤੇ ਸ਼ੁੱਧ ਨਹੀਂ, ਸਗੋਂ ਦੁਨਿਆਵੀ ਖਿੱਚਾਂ ਤੋਂ ਅਜਾਦ ਨਹੀਂ ਹੋਏ ਅਜੇ—-
ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨ ਤਗੁ ।।
ਗਲੀ ਜਿਹਨਾਂ ਜਪਮਾਲੀਆ ਲੋਟੇ ਹਥਿ ਨਿਬਗ ।।
ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗੁ ।।
-(ਆਸਾ ,ਪੰਨਾ ੪੭੬)
ਇਸ ਲਈ ਗੁਰੂ ਗੋਬਿੰਦ ਸਿੰਘ ਜੀ ਦਾ ਰਾਜਿਆਂ ਵਾਲਾ ਲਿਬਾਸ ਦੇਖ ਕੇ ਅਤੇ ਜੰਗੀ ਜਰਨੈਲ ਵਾਲਾ ਜਲੌ ਦੇਖ ਕੇ ਹੀ ਅਸੀਂ ਉਹਨਾਂ ਬਾਰੇ ਕੋਈ ਵਿਚਾਰ ਨਹੀਂ ਬਣਾ ਲੈਣਾ। ਸਗੋਂ ਉਹਨਾਂ ਦੇ ਅੰਦਰਲੇ ਗੁਣਾਂ ਨੂੰ ਦੇਖਣਾ ਬਹੁਤ ਜਰੂਰੀ ਹੈ।
ਦੂਸਰਾ ਸ਼ਬਦ ਹੈ ਦਰਵੇਸ਼, ਜੋ ਗੁਰੂ ਗੋਬਿੰਦ ਸਿੰਘ ਜੀ ਦੀ ਸਖਸ਼ੀਅਤ ਨਾਲ ਜੁੜਿਆ ਹੈ। ਇਸ ਬਾਰੇ ਮਹਾਨਕੋਸ਼ ਵਿਚ ਇੰਝ ਲਿਖਿਆ ਹੈ:
ਫ਼ਕ਼ੀਰ. ਨਾਮ/n. ਨਿਰਧਨ. ਕੰਗਾਲ.
2. ਦਰਵੇਸ਼. ਸਾਧੂ. ਪੂਰਣ ਤਿਆਗੀ.

ਗੁਰਬਾਣੀ ਵਿੱਚ ਦਰਵੇਸ਼ ਕਿਸ ਨੂੰ ਕਿਹਾ ਗਿਆ ਹੈ, ਦੇਖੋ ਜਰਾ :
*ਸਾਦ ਸਹਜ ਸੁਖ ਰਸ ਕਸ ਤਜੀਅਲੇ ਕਾਪੜ ਛੋਡੇ ਚਮੜ ਲੀਏ ।।
ਦੁਖੀਏ ਦਰਦਵੰਦ ਦਰਿ ਤੇਰੈ ਨਾਮਿ ਰਤੇ ਦਰਵੇਸ ਭਏ ।।
-(ਆਸਾ ਘਰੁ ੪ ਮਹਲਾ ੧, ਪੰਨਾ ੩੫੮)
* ਆਪਿ ਲੀਏ ਲੜਿ ਲਾਏ ਦਰਿ ਦਰਵੇਸ ਸੇ ।।
ਤਿਨ ਧੰਨੁ ਜਣੇਦੀ ਮਾਉ ਆਏ ਸਫਲੁ ਸੇ ।।
-( ਆਸਾ ਸ਼ੇਖ ਫਰੀਦ ਜੀਉ ਕੀ ਬਾਣੀ ,ਪੰਨਾ ੪੮੮)
* ਫਰੀਦਾ ਸਾਹਿਬ ਦੀ ਕਰਿ ਚਾਕਰੀ ਦਿਲ ਦੀ ਲਾਹਿ ਭਰਾਂਦਿ ।।
ਦਰਵੇਸਾਂ ਨੂੰ ਲੋੜੀਐ ਰੁਖਾਂ ਦੀ ਜੀਰਾਂਦਿ ।।
-( ਸਲੋਕ ਸੇਖ ਫਰੀਦ ਕੇ ਪੰਨਾ ੧੩੮੧)
* ਦਿਲ ਦਰਵਾਨੀ ਜੋ ਕਰੇ ਦਰਵੇਸੀ ਦਿਲੁ ਰਾਸਿ। ।।
ਇਸ਼ਕ ਮੁਹਬਤਿ ਨਾਨਕਾ ਲੇਖਾ ਕਰਤੇ ਪਾਸਿ।।
-( ਸਲੋਕ ਮ: ੧,ਪੰਨਾ ੧੦੯੦)

ਇਸੇ ਤਰਾਂ ਦਰਵੇਸ਼ ਸ਼ਬਦ ਵੀ ਨਾਮ-ਰੱਤੀ ਰੂਹ ਲਈ, ਸਹਿਣਸ਼ੀਲ ਵਿਅਕਤੀ ਲਈ, ਊਚ- ਨੀਚ ਤੇ ਵਿਤਕਰੇ ਤੋਂ ਉਪਰ ਅਤੇ ਆਪਣੇ ਦਿਲ ਨੂੰ ਕਾਬੂ ਵਿੱਚ ਰੱਖਣ ਵਾਲੇ ਨੂੰ ਕਿਹਾ ਗਿਆ ਹੈ । ਜੋ ਦੁਨਿਆਵੀ ਪਦਾਰਥਾਂ ਤੋੰ ਅਤੇ ਮੋਹ ਤੋਂ ਸਮਾਜਿਕ ਰਿਸ਼ਤਿਆਂ ਦੀ ਪਕੜ ਨੂੰ ਪੂਰਨ ਤੌਰ ਤੇ ਤਿਆਗ ਚੁੱਕਿਆ ਹੁੰਦਾ ਹੈ। ਇੱਕ ਅਜਿਹਾ ਇਨਸਾਨ ਜੋ ਦੁਨੀਆਂ ਵਿੱਚ ਵਿਚਰਦਿਆਂ ਇਨਸਾਨ ਨਜਰ ਆਉਂਦਾ ਹੈ,ਸਭ ਦੁਨੀਆਵੀ ਕੰਮ ਕਰਦਾ ਹੈ, ਪਰ ਰੂਹਾਨੀਅਤ ਦੇ ਤੌਰ ਤੇ ਉਹ ਪ੍ਰਭੂ ਨਾਲ ਅਭੇਦ ਹੋ ਚੁੱਕਾ ਹੁੰਦਾ ਹੈ। ਉਸ ਵਿੱਚ ਅਤੇ ਪ੍ਰਮਾਤਮਾ ਵਿੱਚ ਕੋਈ ਫਰਕ ਨਹੀਂ:

ਗੁਰ ਗੋਬਿੰਦੁ ਗੋਬਿੰਦੁ ਗੁਰੂ ਹੈ ਨਾਨਕ ਭੇਦੁ ਨ ਭਾਈ ।।
-(ਰਾਗੁ ਆਸਾ ਛੰਤ ਮਹਲਾ ੪ ਘਰੁ ੧, ਪੰਨਾ ੪੪੨)

ਅਸੀਂ ਹੁਣ ਕੋਸ਼ਿਸ਼ ਕਰਾਂਗੇ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਇਹ ਰੂਪ ਸਭ ਤੋਂ ਪਹਿਲਾਂ ਉਨ੍ਹਾਂ ਦੇ ਜੀਵਨ ਵਿੱਚੋਂ ਲੱਭੀਏ। ਜੀਵਨ ਵਿੱਚੋਂ ਸੰਤ ਰੂਪ ਦੀਆਂ ਝਲਕਾਂ:-ਬਹੁਤ ਹੀ ਸੰਖੇਪ ਰਹਿੰਦੇ ਹੋਏ ਗੁਰੂ ਸਾਹਿਬ ਜੀ ਦੇ ਜੀਵਨ ਵਿੱਚੋਂ ਉਨ੍ਹਾਂ ਘਟਨਾਵਾਂ ਦਾ ਜਿਕਰ ਮਾਤਰ ਕਰਾਂਗੇ, ਜਿਨਾਂ ‘ਚੋਂ ਉਨਾਂ ਦੀ ਦਰਵੇਸ਼ੀ ਸ਼ਖਸ਼ੀਅਤ ਦੇ ਝਲਕਾਰੇ ਵਜਦੇ ਹਨ:-

* ਬਾਲ ਗੋਬਿੰਦ ਦੇ ਦਰਸ਼ਨ ਕਰਨ ਆਏ ਭੀਖਣ-ਸ਼ਾਹ ਦੀਆਂ ਦੋਹਾਂ ਕੁੱਜੀਆਂ ਤੇ ਹੱਥ ਰੱਖਣੇ ਗੁਰੂ ਸਾਹਿਬ ਅੰਦਰ ਵੱਸੀ ਧਾਰਮਿਕ-ਬਰਾਬਰਤਾ ਅਤੇ ਉਨ੍ਹਾਂ ਦੇ ਮਜਹਬੀ –ਵਿਤਕਰਿਆਂ ਤੋਂ ਉੱਪਰ ਹੋਣ ਦਾ ਸੰਕੇਤ ਸੀ।
* ਸਾਥੀਆਂ ਨਾਲ ਖੇਡਦੇ ਹੋਏ ਉਨ੍ਹਾਂ ਵਿੱਚ ਭਾਈਚਾਰਕ ਸਾਂਝ,ਇੱਕ ਲੀਡਰ ਦੇ ਗੁਣ ਅਤੇ ਉਨ੍ਹਾਂ ਦੋਸਤਾਂ ਵਿੱਚ ਆਪਣੀਆਂ ਵਸਤਾਂ ਵੰਡਣਾ–ਆਪਣੇ ਨਿੱਜ ਨੂੰ ‘ਪਰ’ ਤੋਂ ਵਾਰਨ ਦੀ ਬਿਰਤੀ ਦਾ ਪ੍ਰਗਟਾਵਾ ਸੀ ।
* ਕਿਸ਼ੋਰ ਗੋਬਿੰਦ-ਰਾਇ ਨੇ ਸੋਨੇ ਦਾ ਕੰਗਣ ਨਦੀ ਵਿੱਚ ਸੁੱਟ ਦਿੱਤਾ ਸੀ।ਮਾਤਾ ਜੀ ਨੇ ਪੁੱਛਿਆ ਤਾਂ ਦੂਜਾ ਕੰਗਣ ਵੀ ਨਦੀ ਵਿੱਚ ਸੁੱਟ ਕੇ ਕਹਿਣ ਲੱਗੇ ਕਿ ਉਸ ਥਾਂ ਤੇ ਸੁੱਟਿਆ ਸੀ। ਇਹ ਮਾਇਆ ਤੋਂ ਨਿਰਲੇਪ ਸ਼ਖਸ਼ੀਅਤ ਦਾ ਝਲਕਾਰਾ ਸੀ ।
* ਪੰਡਿਤ ਸ਼ਿਵ ਦੱਤ ਦੀ ਇੱਛਾ ਅਨੁਸਾਰ ਉਸ ਨੂੰ ਰਾਮ-ਚੰਦਰ ਦੇ ਰੂਪ ਵਿੱਚ ਦਰਸ਼ਨ ਦੇਣੇ, ਜਿੱਥੇ ਅੰਤਰਯਾਮਤਾ ਦੀ ਬਾਤ ਪਾਉਂਦਾ ਹੈ, ਉਥੇ ਗੁਰੂ ਸਾਹਿਬ ਦਾ “ਪ੍ਰੇਮ –ਭਾਵਨਾ’ ਦਾ ਸਤਿਕਾਰ ਦਰਸਾਉਂਦਾ ਹੈ।
* ਰਾਜਾ ਫਤਹਿ ਚੰਦ ਮੈਣੀ ਦੀ ਰਾਣੀ ਦੀ ‘ਮਾਂ ਦੀ ਵਿਲਕਦੀ ਮਮਤਾ’ ਨੂੰੂ ਪਹਿਚਾਨਣਾ {ਉਸ ਦੇ ਕੋਈ ਔਲਾਦ ਨਹੀਂ ਸੀ ਅਤੇ ਉਹ ਗੋਬਿੰਦ ਰਾਇ ਵਰਗਾ ਬਾਲ ਆਪਣੀ ਗੋਦ ਚ’ ਖਿਡਾਉਣਾ ਚਾਹੁੰਦੀ ਸੀ} ਅਤੇ ਉਸਦੀ ਗੋਦ ਚ’ ਬੈਠ ਕੇ ਉਸ ਨੂੰ ਮਾਂ ਵਾਲਾ ਪਿਆਰ-ਸਤਿਕਾਰ ਦੇਣਾ।
* ਕਸ਼ਮੀਰੀ ਪੰਡਿਤਾਂ ਦੀ ਪੁਕਾਰ ਸੁਣ ਕੇ ਦਿਲ ਦਾ ਪਸੀਜਿਆ ਜਾਣਾ ਅਤੇ ਉਨ੍ਹਾਂ ਦਾ ਦੁੱਖ ਹਰਨ ਲਈ ਪਿਤਾ-ਗੁਰੂ ਤੇਗ ਬਹਾਦਰ ਜੀ ਨੂੰ ਕੁਰਬਾਨੀ ਲਈ ਪ੍ਰੇਰਨਾ ਕਰਨੀ।
* ਭਾਈ ਜੀਵਨ ਸਿੰਘ ਜੀ ਜਦੋ ਗੁਰੂ ਪਿਤਾ ਦਾ ਸੀਸ ਲੈ ਕੇ ਅਨੰਦਪੁਰ ਵਿੱਚ ਪੁੱਜੇ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਜੀਵਨ ਸਿੰਘ ਨੂੰ ਕਲੇਜੇ ਨਾਲ ਲਗਾ ਕੇ ਕਿਹਾ ” ਰੰਗਰੇਟਾ ਗੁਰੂ ਕਾ ਬੇਟਾ ॥” ਇਹ ਗੁਰੂ ਜੀ ਦੀ ਸਮਦ੍ਰਿਸ਼ਟੀ ਅਤੇ ਇੱਕ ਸਿੱਖ ਦੀ ਘਾਲਣਾ ਨੂੰ ਮਾਣ ਦੇਣ ਦਾ ਮਹਾਨ ਕਾਰਜ ਸੀ।
* ਸਾਹਿਬ ਕੌਰ ਜੀ ਵੱਲੋਂ ਜਦੋਂ ਆਪ ਜੀ ਨੂੰ ਪਤੀ ਰੂਪ ਵਿੱਚ ਮੰਨਣ ਦੀ ਗੱਲ ਆਈ ਤਾਂ ਆਪ ਜੀ ਨੇ ਸਾਫ ਸ਼ਬਦਾਂ ਵਿੱਚ ਦੱਸਿਆ ਕਿ ਮੈਂ ਗ੍ਰਹਿਸਥ ਤਿਆਗ ਚੁੱਕਾ ਹਾਂ। ਉਹਨਾਂ ਵੱਲੋਂ ਇਹ ਸ਼ਰਤ ਪ੍ਰਵਾਨ ਹੋਣ ਤੇ ਹੀ ਵਿਆਹ ਕਰਵਾਇਆ ਗਿਆ। ਬਾਅਦ ਵਿੱਚ ਜਦੋਂ ਉਹਨਾਂ ਵਿੱਚ ਪੁੱਤਰ ਦੀ ਮਾਂ ਹੋਣ ਦੀ ਇੱਛਾ ਦੇਖਦੇ ਹੋਏ, ਸਮੂਹ ਖਾਲਸਾ ਪੰਥ ਉਹਨਾਂ ਦੀ ਝੋਲੀ ਵਿੱਚ ਪਾ ਦਿੱਤਾ ।ਅੱਜ ਵੀ ਖੰਡੇ ਦੀ ਪਾਹੁਲ ਦੇਣ ਸਮੇਂ ਪੰਜ ਪਿਆਰੇ ਹਰ ਸਿੱਖ ਨੂੰ ਦ੍ਰਿੜ ਕਰਵਾਉਂਦੇ ਹਨ ਕਿ ਅੱਜ ਤੋਂ ਤੁਹਾਡਾ ਪਿਤਾ ਗੁਰੂ ਗੋਬਿੰਦ ਸਿੰਘ, ਮਾਤਾ ਸਾਹਿਬ ਕੌਰ ਜੀ ਅਤੇ ਵਾਸੀ ਅਨੰਦਪੁਰ ਦੇ।
* ਜਿਕਰ ਆਉਂਦਾ ਏ ਕਿ ਇੱਕ ਵਾਰ ਗੁਰੂ ਜੀ ਨੇ ਤੋਸ਼ੇਖਾਨੇ ਦਾ ਸਾਰਾ ਸਮਾਨ ਬਾਹਰ ਮੰਗਵਾ ਲਿਆ। ਉਪਰੰਤ ਜੋ ਕੀਮਤੀ ਬਸਤਰ ਸਨ, ਜਰੀ, ਤਿੱਲੇ, ਮਖਮਲ ਆਦਿ ਦੇ ਉਹਨਾਂ ਉੱਤੇ ਪਹਿਲਾਂ ਅਤਰ ਫੁਲੇਲ ਛਿੜਕਾਇਆ ਅਤੇ ਉਹਨਾਂ ਨੂੰ ਅੱਗ ਲਗਵਾ ਦਿੱਤੀ। ਜੋ ਸੋਨਾ ਚਾਂਦੀ ਜਵਾਹਰਾਤ ਆਦਿ ਇਹਨਾਂ ਬਸਤਰਾਂ ਉੱਤੇ ਜੜੇ ਹੋਏ ਸਨ, ਉਹ ਸਾਰੇ ਬੋਰੀਆਂ ਵਿਚ ਬੰਨ੍ਹਣ ਦਾ ਹੁਕਮ ਦਿੱਤਾ। ਉਪਰੰਤ ਆਪ ਸਰਸਾ ਨਦੀ ਵਿਚ ਪਲੰਘ ਤੇ ਬੈਠ ਗਏ ਅਤੇ ਤੋਸ਼ੇਖਾਨੇ ਦਾ ਸਾਰਾ ਸਮਾਨ ਇਥੇ ਲਿਆਉਣ ਦਾ ਹੁਕਮ ਕੀਤਾ। ਸੋਨਾ, ਚਾਂਦੀ, ਹੀਰੇ, ਲਾਲ ਜਵਾਹਰਾਤ ਦੇ ਮੁੱਠੇ ਵਾਲੇ ਸਸ਼ਤਰ ਵੀ ਮੋਹਰਾਂ ਆਦਿ ਨਕਦ ਵੀ –ਗੱਲ ਕੀ, ਪੂਰਾ ਤੋਸ਼ਾਖਾਨਾ ਇਥੇ ਮੰਗਵਾ ਲਿਆ ਅਤੇ ਡੂੰਘੇ ਟੋਏ ਪੁਟਵਾ ਕੇ ਉਸ ਵਿੱਚ ਸੁਟਵਾਇਆ। ਪੁੱਛਣ ਤੇ ਗੁਰੂ ਸਾਹਿਬ ਜੀ ਨੇ ਕਿਹਾ ਸੀ ਕਿ ਇਹ ਪੂਜਾ ਦਾ ਧਨ ਹੈ ਅਤੇ ਇਹ ਜ਼ਹਿਰ ਦੇ ਸਮਾਨ ਹੈ। ਕੋਈ ਮਾਂ ਬਾਪ ਆਪਣੀਆਂ ਅੱਖਾਂ ਦੇ ਸਾਹਮਣੇ ਆਪਣੀ ਔਲਾਦ ਨੂੰ ਜ਼ਹਿਰ ਖਾਣ ਦੀ ਆਗਿਆ ਨਹੀਂ ਦੇ ਸਕਦਾ। ਇੱਕ ਸਿੱਖ ਵਲੋਂ ਇੱਕ ਵਧੀਆ ਚਿੱਲਾ ਲੁਕੋਏ ਜਾਣ ਤੇ ਗੁਰੂ ਜੀ ਨੇ ਉਸ ਨੂੰ ਵਰਜਿਆ
ਅਤੇ ਸਿੱਖ ਵਲੋਂ ਮੁਆਫੀ ਮੰਗਣ ਤੇ ਉਸ ਨੂੰ ਸਮਝਾਇਆ ਕਿ ਪੂਜਾ ਦੇ ਧਨ ਨਾਲ ਵਰਤੀ ਹੋਈ ਕੋਈ ਵੀ ਵਸਤੂ ਤੁਹਾਡੀ ਬੀਰਤਾ ਨੂੰ ਨਸ਼ਟ ਕਰਦੀ ਹੈ। ਦੋਹਾਂ ਜਹਾਨਾਂ ਵਿੱਚ ਮੂੰਹ ਕਾਲਾ ਕਰਵਾਉਂਦੀ ਹੈ। ਅਤੇ ਕੀਤਾ ਗਿਆ ਸਾਰਾ ਜਪ ਤਪ ਵੀ ਖਿੱਚ ਲੈਂਦੀ ਹੈ। ਹੈ ਕੋਈ ਅਜਿਹਾ ਦਰਵੇਸ਼ ਦੁਨੀਆਂ ਤੇ ਨਜਰ ਆਉਂਦਾ ????
* ਜੇ ਉਹਨਾਂ ਖਾਲਸਾ ਸਾਜਣ ਸਮੇ ਪੰਜ ਪਿਆਰਿਆਂ ਨੂੰ ਗੁਰੂ ਖਾਲਸਾ ਕਿਹਾ ਸੀ, ਤਾਂ ਇਸ ਤੇ ਉਹਨਾਂ ਪਹਿਰਾ ਵੀ ਦਿੱਤਾ। ਪੰਜ ਪਿਆਰਿਆਂ ਦਾ ਹੁਕਮ ਮੰਨ ਕੇ ਹੀ ਉਹਨਾਂ ਚਮਕੌਰ ਦੀ ਗੜ੍ਹੀ ਵਿਚੋਂ ਨਿਕਲਣਾ ਮਨਜੂਰ ਕੀਤਾ ਸੀ। ਇਹ “ਸੂਰਬੀਰ ਬਚਨ ਕੇ ਬਲੀ” ਨੂੰ ਕਮਾ ਕੇ ਦਿਖਾ ਰਹੇ ਸਨ ।
* ਸਰਸਾ ਨਦੀ ਦੇ ਕੰਢੇ ਤੇ ਪਰਿਵਾਰ ਵਿਛੜ ਗਿਆ। ਇਸ ਸਮੇ ਦੋ ਵੱਡੇ ਸਾਹਿਬਜ਼ਾਦੇ ਜੰਗ ਵਿੱਚ ਸ਼ਹੀਦ ਹੋ ਚੁੱਕੇ ਸਨ। ਪਿਤਾ ਜੀ ਪਹਿਲਾਂ ਹੀ ਕੁਰਬਾਨੀ ਦੇ ਚੁੱਕੇ ਸਨ। ਮਾਤਾ ਜੀ, ਛੋਟੇ ਸਾਹਿਬਜ਼ਾਦੇ ਅਤੇ ਗੁਰੂ ਮਹਿਲ ਕਿੱਥੇ ਹਨ, ਜਿੰਦਾ ਵੀ ਹਨ ਜਾਂ ਨਹੀਂ, ਇਸ ਬਾਰੇ ਗੁਰੂ ਗੋਬਿੰਦ ਸਿੰਘ ਜੀ ਨੂੰ ਕੋਈ ਇਲਮ ਨਹੀਂ ਸੀ। ਜਾਨ ਤੋਂ ਪਿਆਰਾ ਖਾਲਸਾ ਵੀ ਆਪ ਜੀ ਦੇ ਨਾਲ ਨਹੀਂ। ਜਾਨ ਦਾ ਦੁਸ਼ਮਣ ਕਿਸੇ ਵੀ ਪਲ ਸਿਰ ਤੇ ਆ ਸਕਦਾ ਸੀ, ਜਦੋ ਪਾਟੇ ਲੀੜੇ ਤਨ ਤੇ ਹਨ ਅਤੇ ਮਾਛੀਵਾੜੇ ਦੇ ਸੁੰਨਸਾਨ ਜੰਗਲ ਵਿੱਚ ਪਏ ਹਨ, ਅਜਿਹੀ ਹਾਲਤ ਵਿੱਚ ਵੀ ਪ੍ਰਭੂ ਪਿਤਾ ਨੂੰ ਯਾਦ ਕਰਨਾ
ਅਤੇ ਯਾਰੜੇ ਦੇ ਸੱਥਰ ਨੂੰ ਖੇੜਿਆਂ ਦੇ ਸੁੱਖਾਂ ਤੋੰ ਉੱਚਾ ਦੱਸਣਾ ਰੂਹਾਨੀਅਤ ਧੀਰਜ ਅਤੇ ਅੰਦਰੂਨੀ ਸਹਜ ਤੋੰ ਬਿਨਾਂ ਕਿਸੇ ਵੀ ਹਾਲਤ ਵਿੱਚ ਸੰਭਵ ਨਹੀਂ ਸੀ।
* ਜਦੋ ਗੁਰੂ ਸਾਹਿਬ ਨੇ ਮਹਿਸੂਸ ਕੀਤਾ ਕਿ ਬ੍ਰਾਹਮਣ ਸੰਸਕ੍ਰਿਤ ਭਾਸ਼ਾ ਵਿੱਚ ਲਿਖੇ ਗ੍ਰੰਥਾਂ ਨੂੰ ਦੇਵ-ਬਾਣੀ ਕਹਿ ਕੇ ਉਸ ਨੂੰ ਪੜ੍ਹਨ ਪੜ੍ਹਾਉਣ ਦਾ ਏਕਾਧਿਕਾਰ ਆਪਣੇ ਕੋਲ ਰੱਖੀ ਬੈਠਾ ਹੈ, ਤਾਂ ਉਹਨਾਂ ਨੇ ਆਪਣੇ ਸਿੱਖਾਂ ਨੂੰ ਕਾਸੀ ਵਿਖੇ ਸੰਸਕ੍ਰਿਤ ਸਿੱਖਣ ਲਈ ਭੇਜਿਆ, ਜਿਹਨਾਂ ਨੂੰ ਨਿਰਮਲੇ ਸਿੱਖ ਕਿਹਾ ਜਾਂਦਾ ਏ। ਦਰਵੇਸ਼ ਪਿਤਾ ਜੀ ਦਾ ਵਿਸ਼ਵਾਸ਼ ਸੀ ਕਿ ਗਿਆਨ ਤੇ ਹਰ ਇੱਕ ਦਾ ਬਰਾਬਰ ਹੱਕ ਹੈ। ਬਿਨਾਂ ਕਿਸੇ ਮਜ਼ਹਬ, ਜਾਤ, ਜਾਂ ਕਿਸੇ ਹੋਰ ਵਿਤਕਰੇ ਦੇ ਅਧਿਆਤਮਕ ਗਿਆਨ ਸਿੱਖਣ ਅਤੇ ਵੰਡਣ ਲਈ ਹਰ ਵਿਅਕਤੀ ਬਰਾਬਰ ਹੈ। ਇਸੇ ਲਈ ਹੋਰ ਪੁਰਾਤਨ ਸਾਹਿਤ ਅਤੇ ਗ੍ਰੰਥਾਂ ਦੇ ਅਨੁਵਾਦ ਗੁਰੂ ਸਾਹਿਬ ਨੇ ਕਰਵਾਏ ਸਨ।
* ਇਤਿਹਾਸ ਵਿੱਚ ਜਿਕਰ ਹੈ ਕਿ ਜਦੋਂ ਰਾਜਾ ਫਰਖੁਸ਼ੀਅਰ ਨੇ ਆਪ ਜੀ ਨੂੰ ਪੁੱਛਿਆ, “ਮਜ਼ਹਬ ਤੁਮਾਹਰਾ ਖੂਬ ਕਿ ਹਮਾਰਾ ਖੂਬ?” ਗੁਰੂ ਸਾਹਿਬ ਨੇ ਬੜਾ ਪਿਆਰਾ ਜਵਾਬ ਦਿੱਤਾ ਸੀ, “ਤੁਮ ਕੋ ਤੁਮਾਹਰਾ ਖੂਬ, ਹਮ ਕੋ ਹਮਾਰਾ ਖੂਬ।” ਇਸ ਵਿੱਚ ਦੂਸਰੇ ਦੇ ਅਕੀਦੇ ਦਾ ਸਤਿਕਾਰ ਵੀ ਹੈ ਅਤੇ ਆਪਣੇ ਵਿਸ਼ਵਾਸ਼ ਪ੍ਰਤੀ ਦ੍ਰਿੜ੍ਹਤਾ ਵੀ। ਇਹ ਨਿਰਭਉ ਅਤੇ ਨਿਰਵੈਰ ਹੋਣ ਦੀ ਉਹੀ ਭਾਵਨਾ ਹੈ ਜਿਸ ਅਧੀਨ ਗੁਰੂ ਪਿਤਾ ਤੇਗ ਬਹਾਦਰ ਜੀ ਨੇ ਆਪਣੀ ਕੁਰਬਾਨੀ ਦਿੱਤੀ ਸੀ।
* ਗੁਰਬਾਣੀ ਪ੍ਰਤੀ ਉਹਨਾਂ ਦੇ ਸਤਿਕਾਰ ਨੂੰ ਦਰਸਾਉਂਦੀ ਇੱਕ ਘਟਨਾ ਦਾ ਜਿਕਰ ਇਤਿਹਾਸ ਵਿੱਚ ਆਇਆ ਹੈ। ਇੱਕ ਸਿੱਖ ਨੇ ਜਦੋਂ ਬਾਣੀ ਪੜ੍ਹਦਿਆਂ ਹੇਠ ਲਿਖੀ ਪੰਕਤੀ ਪੜ੍ਹੀ–

ਕਰਤੇ ਕੀ ਮਿਤ ਕਰਤਾ ਜਾਣੈ ਕੈ ਜਾਣੈ ਗੁਰ ਸੂਰਾ।
ਤਾਂ ਉਸ ਨੇ ਕੈ ਸ਼ਬਦ ਨੂੰ ਕੇ ਉਚਾਰਨ ਕਰ ਦਿੱਤਾ ਅਤੇ ਉਸ ਨੇ ਪੜ੍ਹਿਆ
ਕਰਤੇ ਕੀ ਮਿਤ ਕਰਤਾ ਜਾਣੈ ਕੇ ਜਾਣੈ ਗੁਰ ਸੂਰਾ।

ਤਾਂ ਗੁਰੂ ਸਾਹਿਬ ਨੇ ਨਰਾਜਗੀ ਪ੍ਰਗਟਾਈ। ਅਤੇ ਦੱਸਿਆ ਕਿ ਗਲਤ ਉਚਾਰਨ ਕਰਨ ਨਾਲ ਅਰਥਾਂ ਦੇ ਅਨਰਥ ਹੋ ਗਏ ਹਨ। ਕੇ ਪੜ੍ਹਨ ਨਾਲ ਅਰਥ ਹੋਣਗੇ ਕਿ ਕਰਤੇ ਦੀ ਮਿਤ ਤਾਂ ਕਰਤਾ ਹੀ ਜਾਣਦਾ ਏ, ਗੁਰੂ ਨੂੰ ਇਸ ਦੀ ਕੀ ਸੋਝੀ ਹੈ ?? ਜਦ ਕਿ ਕੈ ਉਚਾਰਨ ਨਾਲ ਇਸ ਦੇ ਠੀਕ ਅਰਥ ਬਣਨਗੇ- ਕਿ ਕਰਤੇ ਦੀ ਮਿਤ ਜਾਂ ਤਾਂ ਕਰਤਾ ਜਾਣਦਾ ਹੈ ਅਤੇ ਜਾਂ ਗੁਰੂ ਸੂਰਾ। ਗੁਰੂ ਸਾਹਿਬ ਚਾਹੁੰਦੇ ਸਨ ਕਿ ਗੁਰਸਿਖ ਗੁਰਬਾਣੀ ਦੇ ਅਸਲ ਤੱਤ ਗਿਆਨ ਨੂੰ ਜਾਨਣ ਅਤੇ ਆਪਣੀ ਜਿੰਦਗੀ ਉਸ ਅਨੁਸਾਰ ਬਿਤਾਉਣ।
* ਪਾਉਂਟਾ ਸਾਹਿਬ ਦੇ ਸਥਾਨ ਤੇ ਆਪ ਜੀ ਕਵੀ ਦਰਬਾਰ ਲਗਾਇਆ ਕਰਦੇ ਸਨ ਅਤੇ ਵਧੀਆ ਕਵਿਤਾਵਾਂ ਸੁਣਾਉਣ ਵਾਲੇ ਕਵੀਆਂ ਨੂੰ ਵੱਡੇ ਇਨਾਮ ਵੀ ਦਿਆ ਕਰਦੇ ਸਨ। ਕਵਿਤਾ ਵਰਗੀ ਸੂਖਮ ਕਲਾ ਦੇ ਹੀ ਪ੍ਰਸੰਸਕ ਨਹੀਂ ਸਨ, ਸਗੋਂ ਰਾਗ ਦੇ ਵੀ ਆਸ਼ਕ ਸਨ। ਗੁਰਦੁਆਰਾ ਮੰਡੀ ਸੰਕੇਤ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਪਈ ਰਬਾਬ ਉਹਨਾਂ ਦੇ ਸੰਗੀਤ-ਪ੍ਰੇਮ ਦਾ ਸਬੂਤ ਹੈ।
* ਭਾਈ ਨੰਦ ਲਾਲ ਜੀ ਨੇ ਗੁਰੂ ਸਾਹਿਬ ਤੋਂ ਜੰਗ ਵਿੱਚ ਜਾਣ ਦੀ ਇਜਾਜ਼ਤ ਮੰਗੀ, ਤਾਂ ਗੁਰੂ ਸਾਹਿਬ ਨੇ ਫ਼ਾਰਸੀ ਦੇ ਇਸ ਵਿਦਵਾਨ ਕਵੀ ਦੀ ਕਲਾ ਨੂੰ ਪਹਿਚਾਣਦੇ ਹੋਏ ਉਹਨਾਂ ਨੂੰ ਜੰਗ ਵਿੱਚ ਜਾਣ ਦੀ ਆਗਿਆ ਨਹੀਂ ਦਿੱਤੀ ,ਸਗੋਂ ਕਿਹਾ ਕਿ ਤੁਹਾਡੀ ਕਲਮ ਹੀ ਤੁਹਾਡੀ ਤਲਵਾਰ ਹੈ।
ਇਸੇ ਨੂੰ ਚਲਾਉਣਾ ਜਾਰੀ ਰੱਖੋ । ਜਦੋਂ ਭਾਈ ਨੰਦ ਲਾਲ ਜੀ ਆਪਣੀ ਲਿਖੀ ਪੁਸਤਕ ਬੰਦਗੀਨਾਮਾ ਗੁਰੂ ਸਾਹਿਬ ਨੂੰ ਦਿਖਾਉਣ ਆਏ, ਤਾਂ ਗੁਰੂ ਜੀ ਨੇ ਆਪਣੇ ਕਰ- ਕਮਲਾਂ ਨਾਲ ਉਸ ਦੇ ਸਿਰਲੇਖ ਨੂੰ ਬੰਦਗੀਨਾਮਾ ਦੀ ਥਾਂ ਜਿੰਦਗੀਨਾਮਾ ਕਰਦੇ ਹੋਏ ਕਿਹਾ ਕਿ ਤੁਹਾਡੀ ਲਿਖਤ ਖੂਬਸੂਰਤ ਜਿੰਦਗੀ ਜਿਊਣ ਦਾ ਗੁਰ ਦੱਸਦੀ ਹੈ। ਇਸ ਲਈ ਇਸਦਾ ਨਾਮ ਜਿੰਦਗੀਨਾਮਾ ਵਧੇਰੇ ਢੁਕਵਾਂ ਹੈ।

ਦਾਨੇ-ਜੰਗ ਵਿੱਚ ਦਰਵੇਸਾਵੀ ਸੁਭਾਅ:-
ਗੁਰੂ ਗੋਬਿੰਦ ਸਿੰਘ ਜੀ ਨੂੰ ਹੱਕ-ਸੱਚ ਦੀ ਖਾਤਰ, ਜੁਲਮ ਦੇ ਵਿਰੁੱਧ ਕੁੱਲ 14 ਲੜਾਈਆਂ ਲੜਨੀਆਂ ਪਈਆਂ ਪਰ ਇਤਿਹਾਸ ਗਵਾਹ ਹੈ ਕਿ ਕੋਈ ਇੱਕ ਵੀ ਜੰਗ ਗੁਰੂ ਸਾਹਿਬ ਜੀ ਵਲੋਂ ਆਰੰਭ ਨਹੀ ਕੀਤੀ ਗਈ। ਹਰੇਕ ਜੰਗ ਵਿੱਚ ਦੁਸ਼ਮਣ ਨੇ ਵਾਰ ਪਹਿਲਾਂ ਕੀਤਾ ।ਗੁਰੂ ਤੇਗ ਬਹਾਦਰ ਜੀ ਦੇ ਦੱਸੇ ਸੁਨਹਿਰੀ ਅਸੂਲ਼- “ਭੈ ਕਾਹੂ ਕਉ ਦੇਤਿ ਨਾਹਿ,ਨਹਿ ਭੈ ਮਾਨਤਿ ਆਨਿ।” ਤੇ ਅਮਲ ਕਰਦਿਆਂ ਸੁਤੰਤਰ ਅਤੇ ਨਿਰਭਉ ਹਸਤੀ ਦਾ ਸਬੂਤ ਜਰੂਰ ਦਿੱਤਾ। ਪਰ ਇਨ੍ਹਾਂ ਜੰਗਾਂ ਦੀਆਂ ਖੂਬੀਆਂ ਦੇਖੋ ਜਰਾ:-
* ਕਿਸੇ ਵੀ ਜੰਗ ਦਾ ਉਦੇਸ਼ ਇਲਾਕਾ ਜਿੱਤਣਾ ਜਾਂ ਹੱਦਾਂ ਵਧਾਉਣੀਆਂ ਨਹੀਂ ਸੀ।
* ਕਿਸੇ ਵੀ ਜੰਗ ਵਿੱਚ ਭੱਜੇ ਜਾਂਦੇ ਦੁਸ਼ਮਣ ਤੇ ਵਾਰ ਨਹੀਂ ਕੀਤਾ ਗਿਆ।
* ਦੁਸ਼ਮਣ ਦੀਆਂ ਔਰਤਾਂ ਦਾ ਪੂਰਾ ਸਤਿਕਾਰ ਅਤੇ ਸੁਰੱਖਿਅਤਾ ਕਾਇਮ ਰਹੀ।
* ਮੈਦਾਨੇ-ਜੰਗ ਵਿੱਚ ਵੀ ਆਪਣੇ ਪ੍ਰਭੂ ਨੂੰ ਇੱਕ ਪਲ ਲਈ ਨਹੀਂ ਭੁੱਲੇ ।ਇਤਿਹਾਸ ਦੱਸਦਾ ਹੈ ਕਿ ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਕੀਰਤਨ ਜੰਗ ਦੇ ਮੈਦਾਨ ਵਿੱਚ ਵੀ ਚੱਲਦਾ ਰਿਹਾ।
* ਸੁਲਹ-ਸਫਾਈ ਦਾ ਕੋਈ ਮੌਕਾ ਹੱਥੋਂ ਨਹੀਂ ਗਵਾਇਆ।ਸ਼੍ਰੀ ਨਗਰ ਗੜਵਾਲ ਦਾ ਰਾਜਾ ਫਤਹਿ ਸ਼ਾਹ ਜਦੋਂ ਸੁਗਾਤਾਂ ਤੇ ਤੋਹਫੇ ਲੈ ਕੇ ਸ਼ਰਣ ਵਿੱਚ ਆਇਆ ਤਾਂ ਉਸ ਦੀ ਦੋਸਤੀ ਪ੍ਰਵਾਨ ਕੀਤੀ।
* ਮੁਗਲਾਂ ਅਤੇ ਪਠਾਣਾਂ ਵਲੋਂ ਕੁਰਾਨ ਅਤੇ ਆਟੇ ਦੀ ਗਊ ਤੇ ਹੱਥ ਰੱਖ ਕੇ ਖਾਧੀਆਂ ਗਈਆਂ ਝੂਠੀਆਂ ਕਸਮਾਂ ਤੇ ਵੀ ਇਤਬਾਰ ਕੀਤਾ।
* ਭੀਮ ਚੰਦ ਦੇ ਸਹਾਇਤਾ ਮੰਗਣ ਤੇ ਅਲਫ-ਖਾਂ ਦੇ ਟਾਕਰੇ ਤੇ ਉਸ ਦੀ ਸਹਾਇਤਾ ਕੀਤੀ ।ਅਨੰਦਪੁਰ ਦਾ ਕਿਲਾ ਵੀ ਦੁਸ਼ਮਣ ਦੇ ਭਰੋਸਾ ਦਿਵਾਣ ਤੇ ਛੱਡਿਆ ਸੀ।
* ਕਿਹਾ ਜਾਂਦਾ ਹੈ ਕਿ ਗੁਰੂ ਜੀ ਦੇ ਹਰ ਤੀਰ ੳੱਤੇ ਸੋਨਾ ਲੱਗਿਆ ਹੁੰਦਾ ਸੀ ਤਾਂ ਕਿ ਜੰਗ ਵਿੱਚ ਮਰਨ ਵਾਲੇ ਦਾ ਟੱਬਰ ਭੁਖਾ ਨਾ ਰਹੇ।
* ਕਦੀ ਵਿਸਵ ਦੇ ਇਤਿਹਾਸ ਵਿੱਚ ਅਜਿਹਾ ਨਹੀਂ ਹੋਇਆ ਕਿ ਜੰਗ ਵਿੱਚ ਸਾਥ ਛੱਡਣ ਵਾਲਿਆਂ ਨੂੰ ਕਿਸੇ ਨੇ ਬਖਸ਼ਿਆ ਹੋਵੇ, ਪਰ ਗੁਰੂ ਗੋਬਿੰਦ ਸਿੰਘ ਜੀ ਨੇ ਮੁਕਤਸਰ ਦੇ ਸਥਾਨ ਤੇ ਆਪਣੇ ਲਾਡਲੇ ਚਾਲੀ ਸਿੱਖਾਂ ਨੂੰ ਨਾ ਕੇਵਲ ਮੁਆਫ ਹੀ ਕੀਤਾ ਸਗੋਂ ਮੇਰਾ ਪੰਜ ਹਜਾਰੀ,ਮੇਰਾ ਦਸ-ਹਜਾਰੀ ਆਖ ਕੇ ਵਡਿਆਇਆ ਵੀ।
* ਭਾਈ ਘਨੱਈਆ ਜੀ, ਜੋ ਦੁਸ਼ਮਣ ਦੇ ਸੈਨਿਕਾਂ ਨੂੰ ਪਾਣੀ ਪਿਲਾ ਰਹੇ ਸਨ, ਦੀ ਸਮ-ਦ੍ਰਿਸ਼ਟੀ ਨੂੰ ਪਹਿਚਾਣ ਕੇ ਨਾ ਕੇਵਲ ਪਾਣੀ ਪਿਲਾਉਣਾ ਜਾਰੀ ਰੱਖਣ ਲਈ ਕਿਹਾ, ਸਗੋਂ ਮੱਲਮ-ਪੱਟੀ ਕਰਨ ਦੀ ਤਾਕੀਦ ਵੀ ਕੀਤੀ।
* ਗੁਰੂ ਸਾਹਿਬ ਤੇ ਚੜ੍ਹਾਈ ਕਰਕੇ ਆਇਆ ਸੈਦਾ-ਬੇਗ ਆਪ ਜੀ ਦੀ ਮਿਕਨਾਤੀਸੀ ਸ਼ਖਸ਼ੀਅਤ ਦਾ ਕਾਇਲ ਹੋ ਗਿਆ ਸੀ , ‘ਸ਼ਬਦ-ਬਾਣ’ ਨਾਲ ਉਸ ਦੇ ਕਲੇਜੇ ਛੇਕ ਕਰ ਕੇ ਗੁਰੂ ਵਿੱਚ ਅਭੇਦ ਕੀਤਾ।
* ਸੰਸਾਰ ਦੇ ਕਿਸੇ ਵੀ ਜੰਗ ਵਿੱਚ ਇਸ ਤਰਾਂ ਦਾ ਜਬਤ ਅਤੇ ਅਨੁਸ਼ਾਸ਼ਨ ਨਹੀਂ ਦੇਖਿਆ ਗਿਆ।
* ਜਿਸ ਨਾਲ ਜੰਗ ਵੀ ਕੀਤੀ,ਉਸ ਨੂੰ ਸਦਾ ਲਈ ਦੁਸ਼ਮਣ ਨਹੀਂ ਮੰਨ ਲਿਆ।
* ਔਰੰਗਜੇਬ ਨੂੰ ਜਿੱਥੇ ਜਫਰਨਾਮਾ ਰਾਹੀਂ ਘਾਇਲ ਕੀਤਾ, ਉੱਥੇ ਉਸੇ ਦੇ ਪੁੱਤਰ ਬਹਾਦਰ ਸ਼ਾਹ ਦੀ ਮੱਦਦ ਵੀ ਕੀਤੀ।
* ਜੰਗ ਵਿੱਚ ਸਿਰਫ ਗੁਰੂ ਜੀ ਦੇ ਸਿੱਖਾਂ ਨੇ ਹੀ ਹਿੱਸਾ ਨਹੀਂ ਲਿਆ, ਸਗੋਂ ਉਹਨਾਂ ਆਪਣੇ ਪੁੱਤਰਾਂ ਨੂੰ ਵੀ ਖੁਸ਼ੀ ਨਾਲ ਆਪ ਮੈਦਾਨੇ-ਜੰਗ ਵਿੱਚ ਸ਼ਹੀਦੀਆਂ ਪਾਣ ਲਈ ਭੇਜਿਆ।
* ਜੰਗ ਵਿੱਚ ਹੋਈ ਜਿੱਤ ਨੂੰ ਵੀ ਅਕਾਲ ਪੁਰਖ ਦੀ ਕ੍ਰਿਪਾ ਦੱਸਿਆ। “ ਭਈ ਜੀਤ ਮੇਰੀ।ਕ੍ਰਿਪਾ ਕਾਲ ਤੇਰੀ।”

ਪਰਿਵਾਰ ਦਾ ਬਲੀਦਾਨ :-ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਰਿਵਾਰ ਦੀ ਜਿਸ ਤਰਾਂ ਕੁਰਬਾਨੀ ਦਿੱਤੀ ਹੈ ਅਤੇ ਮੋਹ ਦੇ ਬੰਧਨ ਤੋਂ ਅਭਿੱਜ ਰਹੇ, ਉਹ ਆਪਣੀ ਮਿਸਾਲ ਆਪ ਹੈ। ਪਹਿਲਾਂ ਗੁਰੂ-ਪਿਤਾ ਨੂੰ ਕੁਰਬਾਨੀ ਲਈ ਤੋਰਿਆ। ਫਿਰ, ਵੱਡੇ ਸਾਹਿਬਜਾਦੇ ਜੰਗ ਵਿੱਚ ਆਪਣੇ ਹੱਥੀਂ ਤੋਰੇ। ਛੋਟੇ ਸਾਹਿਬਜਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸਰਹਿੰਦ ਵਿੱਚ ਸ਼ਹਾਦਤ ਹੋਈ। ਪਰ ਇਸ ਸਭ ਤੋਂ ਬਾਅਦ ਰਤਾ ਵੀ ਮਲਾਲ ਜਾਂ ਚਿੰਤਾ ਦੀ ਕੋਈ ਰੇਖਾ ਗੁਰੁ ਸਾਹਿਬ ਦੇ ਮੱਥੇ ਤੇ ਨਹੀਂ ਆਈ, ਸਗੋਂ ਉਹਨਾਂ ਅਕਾਲਪੁਰਖ ਦਾ ਧੰਨਵਾਦ ਕੀਤਾ ਕਿ ਉਸ ਨੇ ਆਪਣੀ ਅਮਾਨਤ ਸੰਭਾਲ ਲਈ ਹੈ। ਇੱਕ ਕਵੀ ਦੇ ਸ਼ਬਦਾਂ ਵਿੱਚ,
ਲੋਕੀਂ ਆਖਦੇ ਨੇ ਮੈਨੂੰ ਸ਼ਹਿਨਸ਼ਾਹ,
{ਪਰ} ਕਰਜਾ ਕਿਸ਼ਤਾਂ ਦੇ ਨਾਲ ਉਤਾਰਿਆ ਮੈਂ।

ਇਹ ਤਿਆਗ ਅਤੇ ਸਬਰ-ਸ਼ੁਕਰ ਦੀ ਭਾਵਨਾ ਸਿਰਫ ਅਤੇ ਸਿਰਫ ਜਿੰਦਗੀ ਦੀ ਸੱਚਾਈ ਸਮਝ ਚੁੱਕੀ ਦਰਵੇਸ਼ ਰੂਹ ਹੀ ਕਰ ਸਕਦੀ ਹੈ। ਮਾਤਾ ਸੁੰਦਰੀ ਜੀ ਨੇ ਜਦੋਂ ਸਾਹਿਬਜਾਦਿਆਂ ਬਾਰੇ ਪੁੱਛਿਆ, ਤਾਂ ਪੂਰੇ ਜਾਹੋ-ਜਲਾਲ ਵਿੱਚ ਜਵਾਬ ਦਿੱਤਾ:
“ਇਨ ਪੁਤ੍ਰਨ ਕੇ ਸੀਸ ਪਰ,ਵਾਰ ਦੀਏ ਸੁਤ ਚਾਰ ।
ਚਾਰ ਮੂਏ ਤੋ ਕਿਆ ਹੂਆ, ਜੀਵਤ ਕਈ ਹਜਾਰ ।”

ਆਪਣੇ ਸਿੱਖਾਂ ਨੂੰ ਆਪਣੇ ਪੁਤਰਾਂ ਤੋਂ ਵੀ ਵੱਧ ਪਿਆਰਨਾ ਕਦੇ ਵੀ ਦੁਨਿਆਵੀ ਨਹੀਂ ਹੈ, ਇਹ ਦੈਵੀ ਅਤੇ ਰੂਹਾਨੀਅਤ ਵਿੱਚ ਸਰਸ਼ਾਰ ਆਤਮਾ ਹੀ ਕਰ ਸਕਦੀ ਹੈ।

ਦਸਮ ਗ੍ਰੰਥ ਵਿੱਚੋਂ ਸੰਤ ਰੂਪ ਦੇ ਦਰਸ਼ਨ :- ਭਾਵੇਂ ਦਸਮ ਗਰੰਥ ਦੇ ਗੁਰੂ ਗੋਬਿੰਦ ਸਿੰਘ ਜੀ ਦੀ ਕ੍ਰਿਤ ਹੋਣ ਬਾਰੇ ਸਿੱਖ ਪੰਥ ਅਜੇ ਇੱਕ ਮੱਤ ਨਹੀਂ ਹੈ। ਇਹ ਵੀ ਠੀਕ ਹੈ ਕਿ ਇਸ ਵਿਚਲੀਆਂ ਕੁਝ ਬਾਣੀਆਂ ਜਿੱਥੇ ਅਸ਼ਲੀਲਤਾ ਪ੍ਰਗਟਾਉਂਦੀਆਂ ਹਨ, ਉੱਥੇ ਕਾਫੀ ਬਾਣੀਆਂ ਦਾ ਆਸ਼ਾ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਆਸ਼ੇ ਨਾਲ ਮੇਲ ਨਹੀਂ ਖਾਂਦਾ। ਕਿਹਾ ਜਾਂਦਾ ਹੈ ਕਿ ਇਸ ਵਿੱਚ ਰਲਾਅ ਵੀ ਹੈ ਅਤੇ ਇਹ ਗੁਰੂ ਸਾਹਿਬ ਜੀ ਦੇ ਦਰਬਾਰੀ ਕਵੀਆਂ ਦੀ ਰਚਨਾ ਹੈ। ਅਸੀਂ ਗੁਰਬਾਣੀ ਦੇ ਫੁਰਮਾਨ “ਸਾਂਝ ਕਰੀਜੈ ਗੁਣਹ ਕੇਰੀ, ਛੋਡਿ ਅਵਗੁਣਿ ਚਲੀਐ” ਅਨੁਸਾਰ ਇਸ
ਗਰੰਥ ਵਿਚ ਦਰਜ ਬਾਣੀਆਂ ਵਿੱਚ ਪ੍ਰਗਟਾਏ ਸ਼ਾਂਤੀ, ਪ੍ਰੇਮ ਅਤੇ ਏਕਤਾ ਦੀ ਗੱਲ ਜਰੂਰ ਕਰਾਂਗੇ। ਸਾਡਾ ਵਿਚਾਰ ਹੈ ਕਿ ਦਰਬਾਰੀ ਕਵੀਆ ਦੀ ਵੀ ਲਿਖਤ ਵਿੱਚ ਆਏ ਚੰਗੇ ਵਿਚਾਰ ਜਰੂਰ ਹੀ ਆਪ ਜੀ ਦੀ ਸ਼ਖਸ਼ੀਅਤ ਤੋਂ ਪ੍ਰਭਾਵਿਤ ਹੋਏ ਹੋਣਗੇ। ਕੁਝ ਝਲਕਾਂ ਦੇਖਦੇ ਹਾਂ :-
ਜਾਪ ਸਾਹਿਬ ਬਾਣੀ ਵਿੱਚ ਪ੍ਰਭੂ ਨੂੰ ਚੱਕ੍ਰ ਚਿਹਨ ਰੂਪ ਰੰਗ ਤੋਂ ਆਜਾਦ ਦੱਸਿਆ ਹੈ। ਉਸ ਨੂੰ ਸਭ ਕੁਝ ਦਾ ਕਰਤਾ ਮੰਨ ਕੇ ਬਾਰ ਬਾਰ ਨਮਸਕਾਰ ਕੀਤੀ ਗਈ ਹੈ। ਨਿਤਨੇਮ ਦੀ ਬਾਣੀ ਤ੍ਵ-ਪ੍ਰਸਾਦਿ ਸਵਯੇ ਵਿੱਚ ਪ੍ਰੇਮ ਨੂੰ ਸਭ ਧਾਰਮਿਕ ਕਰਮਾਂ ਤੋੰ ਉੱਚਾ ਅਤੇ ਪ੍ਰਭੂ ਪ੍ਰਾਪਤੀ ਦਾ ਇੱਕੋ ਇੱਕ ਰਾਹ ਬਿਆਨ ਕੀਤਾ ਹੈ–

ਕਹਾ ਭਯੋ ਜੋ ਦੋਊ ਲੋਚਨ ਮੂੰਦ ਕੈ
ਬੈਠਿ ਰਹਿਓ ਬਕ ਧਿਆਨ ਲਗਾਇਓ ।।
ਨ੍ਹਾਤ ਫਿਰਿਓ ਲੀਏ ਸਾਤ ਸਮੁੰਦ੍ਰਨਿ
ਲੋਕ ਗਯੋ ਪਰਲੋਕ ਗਵਾਇਓ ।।
ਬਾਸ ਕੀਓ ਬਿਖਿਆਨ ਸੋਂ ਬੈਠ ਕੇ
ਐਸੇ ਹੀ ਐਸੇ ਸੁ ਬੈਸ ਬਿਤਾਇਓ ।।
ਸਾਚੁ ਕਹੋਂ ਸੁਨ ਲੇਹੁ ਸਭੈ
ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ।।
-(ਤ੍ਵ ਪ੍ਰਸਾਦਿ ਸਵੱਯੇ , ਅਕਾਲ ਉਸਤਤਿ ਪੰਨਾ )

ਇਸੇ ਤਰਾਂ 33 ਸਵਈਏ ਵਿੱਚ ਸਭ ਤਰਾਂ ਦੇ ਵਹਿਮਾਂ ਭਰਮਾਂ ਅਤੇ ਕਰਮ-ਕਾਂਡਾਂ ਦਾ ਖੰਡਨ ਕੀਤਾ ਗਿਆ ਹੈ। ਪ੍ਰਭੂ-ਪ੍ਰੇਮ ਦੀ ਹੀ ਸਿਫਤ ਸਲਾਹ ਕੀਤੀ ਗਈ ਹੈ। ਬ੍ਰਹਿਮੰਡੀ ਭਾਈਚਾਰੇ ਦਾ ਬਿਆਨ ਇਸ ਤੋਂ ਵਧੀਆ ਕੀ ਹੋ ਸਕਦਾ ਹੈ:

ਕੋਊ ਭਇਓ ਮੁੰਡੀਆ ਸੰਨਿਆਸੀ ਕੋਈ ਜੋਗੀ ਭਇਓ,
ਕੋਊ ਬ੍ਰਹਮਚਾਰੀ ਕੋਊ ਜਤੀ ਅਨੁਮਾਨਬੋ।
ਹਿੰਦੂ ਤੁਰਕ ਕੋਊ ਰਾਫਿਜ਼ੀ ਇਮਾਮ ਸਾਫੀ
ਮਾਨਸ ਕੀ ਜਾਤਿ ਸਬੈ ਏਕੈ ਪਹਿਚਾਨਬੋ।
ਕਰਤਾ ਕਰੀਮ ਸੋਈ ਰਾਜ਼ਕ ਰਹੀਮ ਓਈ
ਦੂਸਰੋ ਨਾ ਭੇਦ ਕੋਈ ਭੂਲਿ ਭ੍ਰਮ ਮਾਨਬੋ ।।
ਏਕ ਹੀ ਕੀ ਸੇਵ ਸਭ ਹੀ ਕੋ ਗੁਰਦੇਵ ਏਕ
ਏਕ ਹੀ ਸਰੂਪ ਸਬੈ ਏਕੈ ਜੋਤਿ ਜਾਨਬੋ ।।
-(ਤ੍ਵ ਪ੍ਰਸਾਦਿ ਕਬਿਤੁ ,ਅਕਾਲ ਉਸਤਤਿ)
ਅੋਰਤ ਦਾ ਸਤਿਕਾਰ ਅਤੇ ਆਚਰਣ ਦੀ ਦ੍ਰਿੜਤਾ ਦੇਖੋ:

ਨਿਜ ਨਾਰੀ ਕੇ ਸਾਥ ਨੇਹੁ ਤੁਮ ਨਿਤ ਬਢੈਯਹੁ
ਪਰ ਨਾਰੀ ਕੀ ਸੇਜ ਭੂਲਿ ਸੁਪਨੇ ਹੂੰ ਨ ਜੈਯਹੁ ।।
-(ਛੰਦ, ਚਰਿਤ੍ਰੋ ਪਖਿਯਾਨ)

ਅਕਾਲ ਉਸਤਤਿ ਪ੍ਰਮਾਤਮਾ ਜੀ ਦੀ ਉਸਤਤੀ ਨਾਲ ਭਰਪੂਰ ਹੈ। ਰਾਗਮਈ ਬਾਣੀ ਸੰਗੀਤਕ ਠਹਿਰਾਅ ਅਤੇ ਪ੍ਰੇਮ ਵਿਛੋੜੇ ਆਦਿ ਦੇ ਭਾਵ ਬਿਆਨਦੀ ਹੈ। ਜਿਵੇਂ:

* ਮਿਤ੍ਰ ਪਿਆਰੇ ਨੂੰ ਹਾਲੁ ਮੁਰੀਦਾਂ ਦਾ ਕਹਿਣਾ ।।
ਤੁਧੁ ਬਿਨੁ ਰੋਗੁ ਰਜਾਈਆਂ ਦਾ ਓਢਣ ਨਾਗ ਨਿਵਾਸਾਂ ਦੇ ਰਹਿਣਾ ।।
ਸੂਲ ਸੁਰਾਹੀ ਖੰਜਰੁ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ।।
ਯਾਰੜੇ ਦਾ ਸਾਨੂੰ ਸੱਥਰ ਚੰਗਾ ਭੱਠ ਖੇੜਿਆਂ ਦਾ ਰਹਿਣਾ ।।
-(ਖ਼ਯਾਲ ਪਾਤਿਸ਼ਾਹੀ ੧੦, ਸ਼ਬਦ ਹਜ਼ਾਰੇ)

ਗੁਰੂ ਗੋਬਿੰਦ ਸਿੰਘ ਜੀ ਕਿਸ ਤਰਾਂ ਦੇ ਸੰਨਿਆਸ ਦੀ ਵਕਾਲਤ ਕਰਦੇ ਹਨ, ਧਿਆਨ ਦੇਣਾ —
* ਰੇ ਮਨ ਐਸੋ ਕਰ ਸੰਨਿਆਸਾ ।।
ਬਨ ਸੇ ਸਦਨ ਸਭੈ ਕਰ ਸਮਝਹੁ ਮਨ ਹੀ ਮਾਹਿ ਉਦਾਸਾ ।। ਰਹਾਉ ।।
ਜਤ ਕੀ ਜਟਾ ਜੋਗ ਕੋ ਮੱਜਨੁ ਨੇਮ ਕੇ ਨਖਨ ਬਢਾਓ ।।
ਗ੍ਯਾਨ ਗੁਰੂ ਆਤਮ ਉਪਦੇਸ਼ਹੁ ਨਾਮ ਬਿਭੂਤ ਲਗਾਓ ।।
ਅਲਪ ਅਹਾਰ ਸੁਲਪ ਸੀ ਨਿਦ੍ਰਾ ਦਯਾ ਛਿਮਾ ਤਨ ਪ੍ਰੀਤਿ ।।
ਸੀਲ ਸੰਤੋਖ ਸਦਾ ਨਿਰਬਾਹਿਬੋ ਹ੍ਵੈਬੋ ਤ੍ਰਿਗੁਣ ਅਤੀਤ ।।
ਕਾਮ ਕ੍ਰੋਧ ਹੰਕਾਰ ਲੋਭ ਹਠ ਮੋਹ ਨ ਮਨ ਸਿਉ ਲਿਆਵੈ ।।
ਤਬ ਹੀ ਆਤਮ ਤਤ ਕੋ ਦਰਸੇ ਪਰਮ ਪੁਰਖ ਕੱਹ ਪਾਵੈ ।।
-(ਰਾਗ ਰਾਮਕਲੀ ਪਾਤਿਸ਼ਾਹੀ ੧੦, ਸ਼ਬਦ ਹਜ਼ਾਰੇ)

ਜਫਰਨਾਮਾ ਵਿੱਚ ਪ੍ਰਭੂ ਦੀ ਉਸਤਤਿ, ਅੋਰੰਗਜੇਬ ਦੇ ਗੁਣਾਂ ਦਾ ਜਿਕਰ, ਉਸ ਦੇ ਇਸਲਾਮ ਧਰਮ ਤੋਂ ਡਿਗਣ ਦਾ ਜਿਕਰ, ਚੜ੍ਹਦੀ ਕਲਾ ਦਾ ਪ੍ਰਗਟਾਵਾ, ਅਤੇ ਅਖੀਰ ਤਾ ਤਲਵਾਰ ਦੀ ਵਰਤੋਂ ਜਾਇਜ ਹੋਣ ਦੀ ਗੱਲ ਕਹੀ ਗਈ ਹੈ:

ਚੂ ਕਾਰ ਅਜ਼ ਹਮਹ ਹੀਲਤੇ ਦਰ ਗੁਜਸ਼ਤ ।।
ਹਲਾਲ ਅਸਤੁ ਬੁਰਦਨ ਬ ਸ਼ਮਸ਼ੇਰ ਦਸਤ ।।
-(ਜ਼ਫਰਨਾਮਹ )
ਪਹਿਲਾਂ ਸਾਰੇ ਸ਼ਾਂਤਮਈ ਉਪਾਅ ਵਰਤਣ ਦੀ ਤਾਕੀਦ ਹੈ।

ਗੁਰੂ ਗੋਬਿੰਦ ਸਿੰਘ ਜੀ ਦੇ 52 ਹੁਕਮਨਾਮੇ :-ਸਿੱਖ ਪੰਥ ਵਿੱਚ ਬਹੁਤ ਸਤਿਕਾਰ ਪ੍ਰਾਪਤ ਗੁਰੂ ਜੀ ਦੇ 52 ਬਚਨ ਹਨ ਜੋ ਉਨ੍ਹਾਂ ਨੰਦੇੜ ਤੋਂ ਜਾਰੀ ਕੀਤੇ। ਇਨ੍ਹਾਂ ਵਿੱਚੋਂ ਸਿਰਫ ਉਨ੍ਹਾਂ ਦਾ ਜਿਕਰ ਕਰ ਰਹੇ ਹਾਂ ਜਿਹੜੇ ਉਨ੍ਹਾਂ ਦੇ ਦਰਵੇਸ਼ ਤਬੀਅਤ ਨੂੰ ਦਰਸਾਉਂਦੇ ਹਨ :-

ਕਿਰਤ ਧਰਮ ਦੀ ਕਰਨੀ।
ਸੇਵਾ ਰੁਚੀ ਨਾਲ ਸਿੱਖ ਸੇਵਕ ਦੀ ਕਰਨੀ।
ਪਰ ਇਸਤਰੀ ਮਾਂ,ਭੈਣ,ਧੀ ਕਰਕੇ ਜਾਣਨੀ।
ਸਤਿਗੁਰੂ ਸ੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਮੰਨਣਾ।
ਮਤਿ ਉਚੀ ਤੇ ਸੁਚੀ ਰੱਖਣੀ।
ਦੂਸਰੇ ਮੱਤਾਂ ਦੇ ਪੁਸਤਕ, ਵਿਦਿਆ ਪੜਨੀ।
ਬਚਨ ਕੌੜਾ ਨਹੀਂ ਕਹਿਣਾ ਜਿਸ ਨਾਲ ਕਿਸੇ ਦਾ ਹਿਰਦਾ ਦੁਖਦਾ ਹੋਵੇ।
ਅਤਿਥੀ,ਲੋੜਵੰਦ,ਪਰਦੇਸੀ,ਦੁਖੀ,ਅਪੰਗ ਮਨੱਖ ਮਾਤਰ ਦੀ ਯਥਾਸ਼ਕਤ ਸੇਵਾ ਕਰਨੀ।
ਬਚਨ ਕਰ ਕੇ ਪਾਲਣਾ।
ਸ਼ੁਭ ਕਰਮਨ ਤੇ ਕਦੇ ਨਾ ਟਰਨਾ ।…………

ਗੁਰੂ ਗ੍ਰੰਥ ਸਾਹਿਬ ਜੀ ਬਾਰੇ ਦੋ ਭੁਲੇਖੇ :- ਗੁਰੂ ਗੋਬਿੰਦ ਸਿੰਘ ਜੀ ਬਾਰੇ ਦੋ ਭੁਲੇਖੇ ਸੰਗਤ ਵਿਚ ਬਣੇ ਹੋਏ ਹਨ ਜਿਹਨਾਂ ਬਾਰੇ ਗੱਲ ਕਰਨੀ ਜ਼ਰੂਰੀ ਹੈ।
1. ਪਹਿਲਾ ਭੁਲੇਖਾ ਇਹ ਹੈ ਕਿ ਗੁਰੂ ਤੇਗ ਬਹਾਦਰ ਜੀ ਨੇ ਗੁਰੂ ਜੀ ਤੋਂ ਇੱਕ ਪ੍ਰਸ਼ਨ ਪੁੱਛਿਆ ਜਿਹੜਾ ਸਲੋਕ ਮਹਲਾ ੯ ਵਿਚ ਦਰਜ ਹੈ-
ਬਲ ਛੁਟਕਿਓ ਬੰਧਨੁ ਪਰੈ ਕਛੁ ਨ ਹੋਤ ਉਪਾਇ ।।
ਕਹੁ ਨਾਨਕ ਅਬ ਓਟਿ ਹਰਿ ਗਜ ਜਿਉ ਹੋਤ ਸਹਾਇ ।।

ਕਿਹਾ ਜਾਂਦਾ ਏ ਕਿ ਇਸ ਤੋਂ ਅਗਲਾ ਸਲੋਕ, ਗੁਰੂ ਗੋਬਿੰਦ ਸਿੰਘ ਜੀ ਵਲੋਂ ਦਿੱਤਾ ਗਿਆ ਜਵਾਬ ਹੈ। ਕੁਝ ਵਿਦਵਾਨ ਤਾਂ ਇਸ ਜਵਾਬ ਨੂੰ ਗੁਰਗੱਦੀ ਦੇਣ ਦਾ ਮਾਪਦੰਡ ਤੱਕ ਕਹਿਣ ਤੋਂ ਸੰਕੋਚ ਨਹੀਂ ਕਰਦੇ।

ਦੂਸਰਾ ਸਲੋਕ ਇੰਝ ਹੈ –
ਬਲ ਹੋਆ ਬੰਧਨੁ ਛੁਟੇ ਸਭ ਕਿਛੁ ਹੋਤ ਉਪਾਇ ।।
ਨਾਨਕ ਸਭ ਕਿਛੁ ਤੁਮਰੇ ਹਾਥ ਮਹਿ ਤੁਮ ਹੀ ਹੋਤ ਸਹਾਇ ।।

ਸਾਡਾ ਵਿਚਾਰ ਹੈ ਕਿ ਇਹ ਦੋਵੇਂ ਸਲੋਕ ਗੁਰੂ ਤੇਗ ਬਹਾਦਰ ਜੀ ਦੇ ਆਪਣੇ ਹੀ ਲਿਖੇ ਹੋਏ ਹਨ। ਆਪ ਹੀ ਸਵਾਲ ਕਰਕੇ ਉਸਦਾ ਜਵਾਬ ਲਿਖਣ ਦਾ ਤਰੀਕਾ ਗੁਰੂ ਗ੍ਰੰਥ ਸਾਹਿਬ ਜੀ ਵਿਚ ਹੋਰ ਵੀ ਬਹੁਤ ਥਾਵਾਂ ਤੇ ਹੋਰ ਗੁਰੂ ਸਾਹਿਬਾਨ ਅਤੇ ਹੋਰ ਬਾਣੀਕਾਰਾਂ ਵਲੋਂ ਵੀ ਵਰਤਿਆ ਗਿਆ ਹੈ।

ਗੁਰੂ ਗੋਬਿੰਦ ਸਿੰਘ ਜੀ ਲਿਖਤ ਗੁਰੂ ਗ੍ਰੰਥ ਸਾਹਿਬ ਜੀ ਵਿਚ ਨਾ ਹੋਣ ਦੇ ਦੋ ਹੋਰ ਵੱਡੇ ਕਾਰਨ ਹਨ।

ਪਹਿਲਾ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ(ਜੇ ਉਹ ਸੱਚਮੁੱਚ ਹੀ ਉਹਨਾਂ ਦੀ ਹੈ) ਦਾ ਅੰਦਾਜ਼ ਅਤੇ ਸ਼ੈਲੀ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਵੱਖਰੀ ਹੈ।

ਦੂਸਰਾ ਹੋਰ ਵੀ ਮਹੱਤਵਪੂਰਨ ਪੱਖ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਆਪਣੀ ਹੀ ਲਿਖਤ ਨੂੰ ਗੁਰੂ ਆਖ ਕੇ ਸੀਸ ਨਹੀਂ ਸੀ ਨਿਵਾ ਸਕਦੇ।

ਸੋ ਇਹ ਸਪਸ਼ਟ ਹੈ ਕਿ ਇਹ ਦੋਵੇਂ ਸਲੋਕ ਗੁਰੂ ਤੇਗ ਬਹਾਦਰ ਜੀ ਦੇ ਆਪਣੇ ਹੀ ਲਿਖੇ ਹੋਏ ਹਨ, ਨਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ।
2. ਇੱਕ ਭੁਲੇਖਾ ਇਹ ਪ੍ਰਚੱਲਿਤ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਵਿਚ ਭਗਤ ਕਬੀਰ ਜੀ ਦੇ ਸ਼ਬਦ ਵਿੱਚ ਆਇਆ ਸ਼ਬਦ ਖਲਾਸੇ ਨੂੰ ਬਦਲ ਕੇ ਖਾਲਸੇ ਕੀਤਾ ਹੈ। ਇਹ ਪੂਰਾ ਸ਼ਬਦ ਇਸ ਤਰਾਂ ਹੈ —
“ਬੇਦ ਪੁਰਾਨ ਸਭੈ ਮਤਿ ਸੁਨਿ ਕੈ, ਕਰੀ ਕਰਮ ਕੀ ਆਸਾ।।
ਕਾਲ ਗ੍ਰਸਤ ਸਭ ਲੋਗ ਸਿਆਨੇ, ਉਠਿ ਪੰਡਿਤ ਪੈ ਚਲੇ ਨਿਰਾਸਾ।।
ਮਨ ਰੇ ਸਰਿਓ ਨ ਏਕੈ ਕਾਜਾ।।
ਭਜਿਓ ਨ ਰਘੁਪਤਿ ਰਾਜਾ।। ਰਹਾਉ।।
ਬਨਖੰਡ ਜਾਇ ਜੋਗੁ ਤਪੁ ਕੀਨੋ, ਕੰਦ ਮੂਲੁ ਚੁਨਿ ਖਾਇਆ।।
ਨਾਦੀ ਬੇਦੀ ਸ਼ਬਦੀ ਮੋਨੀ ਜਮ ਕੇ ਪਟੈ ਲਿਖਾਇਆ।।
ਭਗਤਿ ਨਾਰਦੀ ਰਿਦੈ ਨ ਆਈ, ਕਾਛਿ ਕੂਛਿ ਤਨੁ ਦੀਨਾ।।
ਰਾਗ ਰਾਗਨੀ ਡਿੰਭ ਹੋਇ ਬੈਠਾ, ਉਨਿ ਹਰਿ ਪਹਿ ਕਿਆ ਲੀਨਾ।।
ਪਰਿਓ ਕਾਲੁ ਸਭੈ ਜਗ ਊਪਰ, ਮਾਹਿ ਲਿਖੇ ਭ੍ਰਮ ਗਿਆਨੀ।।
ਕਹੁ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤਿ ਜਿਹ ਜਾਨੀ।।
—(ਪੰਨਾ ੬੫੪,ਸੋਰਠਿ ਕਬੀਰ ਜੀ)
ਕਿਹਾ ਜਾਂਦਾ ਏ ਕਿ ਆਖਰੀ ਪੰਕਤੀ ਵਿਚ ਕਹੁ ਕਬੀਰ ਜਨ ਭਏ ਖਲਾਸੇ ਸ਼ਬਦ ਸੀ, ਜਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਕਰ ਦਿੱਤਾ ਸੀ। ਪਰ ਸਾਡੇ ਵਿਚਾਰ ਅਨੁਸਾਰ ਇਹ ਸੱਚ ਨਹੀਂ ਹੈ।

ਪਹਿਲੀ ਗੱਲ ਕਿਸੇ ਵੀ ਗੁਰੂ ਸਾਹਿਬ ਨੇ ਆਪਣੇ ਤੋਂ ਪਹਿਲੇ ਗੁਰੂ ਸਾਹਿਬ ਜਾਂ ਭਗਤਾਂ ਦੀ ਬਾਣੀ ਦਾ ਇੱਕ ਵੀ ਸ਼ਬਦ ਨਹੀਂ ਬਦਲਿਆ। ਹੋਰ ਤਾਂ ਹੋਰ, ਸੰਪਾਦਕੀ ਹੱਕ ਰੱਖਣ ਵਾਲੇ ਗੁਰੂ ਅਰਜਨ ਦੇਵ ਜੀ ਨੇ ਵੀ ਜਿੱਥੇ ਕਿਤੇ ਲੋੜ ਪਈ ਹੈ, ਵੱਖਰਾ ਸ਼ਬਦ ਜਾਂ ਸਲੋਕ ਤਾਂ ਲਿਖ ਦਿੱਤਾ ਹੈ, ਪਰ ਮੂਲ ਸ਼ਬਦ ਨੂੰ ਨਹੀਂ ਬਦਲਿਆ।

ਇਤਿਹਾਸ ਗਵਾਹ ਹੈ ਕਿ ਗੁਰੂ ਹਰਿ ਰਾਇ ਜੀ ਨੇ ਰਾਮ ਰਾਇ ਜੀ ਵਲੋਂ ਗੁਰਬਾਣੀ ਦਾ ਇੱਕ ਸ਼ਬਦ ਵੀ ਬਦਲਿਆ ਜਾਣਾ ਪ੍ਰਵਾਨ ਨਹੀਂ ਸੀ ਕੀਤਾ।

ਦੂਸਰੀ ਗੱਲ ਭਾਈ ਕਾਹਨ ਸਿੰਘ ਨਾਭਾ ਜੀ ਨੇ ਉਚੇਚਾ ਫੁੱਟਨੋਟ ਦੇ ਕੇ ਸਪਸ਼ਟ ਕੀਤਾ ਹੈ। ਭਾਈ ਸਾਹਿਬ ਜੀ ਦੇ ਸ਼ਬਦ ਇਸ ਤਰਾਂ ਹਨ–
“ਕਈ ਅਙਾਣ ਲੇਖਕਾਂ ਨੇ ਲਿਖਿਆ ਹੈ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ ਸਾਹਿਬ ਵਿਖੇ “ਖਲਾਸੇ” ਦੀ ਥਾਂ “ਖਾਲਸੇ”ਸ਼ਬਦ ਵਰਤਿਆ ਹੈ, ਪਰ ਇਹ ਉਨ੍ਹਾਂ ਦੀ ਭੁੱਲ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਕਰਤਾਰਪੁਰ ਵਾਲੀ ਬੀੜ ਵਿੱਚ ਪੁਰਾਣੀ ਕਲਮ ਦਾ ਲਿਖਿਆ ਪਾਠ ਖਾਲਸੇ ਹੈ।”

ਸੋ ਇਹ ਭੁਲੇਖੇ ਮਨ ਵਿਚੋਂ ਕੱਢ ਦੇਣੇ ਚਾਹੀਦੇ ਹਨ। ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਮੂਲ ਰੂਪ ਨੂੰ ਹੀ ਗੁਰੂ ਆਖਿਆ ਹੈ। ਉਹਨਾਂ ਨੇ ਤਾਂ ਸਿਰਫ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਆਦਿ ਗ੍ਰੰਥ ਵਿਚ ਸ਼ਾਮਿਲ ਕੀਤਾ ਹੈ ਅਤੇ ਉਹ ਵੀ ਪਹਿਲਾਂ ਹੀ ਚਲਦੀ ਤਰਤੀਬ ਅਨੁਸਾਰ ਹੀ।

ਗੁਰੂ ਗੋਬਿੰਦ ਸਿੰਘ ਜੀ ਦੇ ਦੋ ਨਿਰਾਲੇ ਕਦਮ :-

ਗੁਰੂ ਸਾਹਿਬ ਜੀ ਦੇ ਦੋ ਕਾਰਜ ਅਜਿਹੇ ਹਨ,ਜਿਹੜੇ ਨਾ ਤਾਂ ਅੱਜ ਤੱਕ ਕੋਈ ਕਰ ਸਕਿਆ ਹੈ ਅਤੇ ਨਾ ਭਵਿੱਖ ਵਿੱਚ ਹੀ ਹੋ ਸਕਦੇ ਹਨ ।ਇਹ ਹਨ :-
1.ਖਾਲਸਾ ਸਾਜਣਾ ਅਤੇ ਸਾਜੇ ਖਾਲਸੇ ਨੂੰ ਗੁਰੂ-ਪੰਥ ਦਾ ਦਰਜਾ ਦੇਣਾ -ਖਾਲਸੇ ਦੀ ਸਾਜਣਾ ਇੱਕ ਬਹੁਤ ਵੱਡਾ ਅਤੇ ਇਨਕਲਾਬੀ ਕਦਮ ਹੈ। ਪੂਰਨ ਨਿਰਭਉ ਅਤੇ ਨਿਰਵੈਰ ਇਨਸਾਨ ਦੀ ਸਿਰਜਣਾ ਹੈ ਇਹ। ਵਾਧਾ ਇਹ ਕਿ ਗੁਰੂ ਸਾਹਿਬ ਖੁਦ ਖਾਲਸੇ ਅੱਗੇ ਖੰਡੇ ਦੀ ਪਾਹੁਲ ਲੈਣ ਲਈ ਅਰਜੋਈ ਕਰਦੇ ਹਨ। ਵਾਹੁ ਵਾਹੁ ਗੁਰੂ ਗੋਬਿੰਦ ਸਿੰਘ, ਆਪੇ ਗੁਰ ਚੇਲਾ” ਇਸੇ ਲਈ ਕਿਹਾ ਗਿਆ ਹੈ। ਇਸ ਅਵਸਥਾ ਤੇ ਸਿੱਖ-ਗੁਰੂ-ਪ੍ਰਭੂ ਇੱਕਮਿੱਕ ਹੋ ਜਾਂਦੇ ਹਨ।

ਖਾਲਸੇ ਦੀ ਚੋਣ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਥਨ–“ ਜਉ ਤਉ ਪ੍ਰੇਮ ਖੇਲਣ ਕਾ ਚਾਉ।ਸਿਰਿ ਧਰਿ
ਤਲੀ ਗਲੀ ਮੇਰੀ ਆਉ।‘ਵਾਲੇ ਮਾਪਦੰਡ ਅਨੁਸਾਰ ਸੀ ।ਕਿਉਂਕਿ ਪ੍ਰੇਮ ਕੁਰਬਾਨੀ ਮੰਗਦਾ ਹੈ। ਗੁਰਬਾਣੀ ਤੋਂ ਕੁਰਬਾਨੀ ਦਾ ਸਫਰ ਦ੍ਰਿੜ ਕਰਵਾਉਣਾ ਹੀ ਸਫਰਨਾਮੇ ਤੋਂ ਜਫਰਨਾਮੇ ਦੀ ਯਾਤਰਾ ਹੈ।ਖਾਲਸੇ ਨੂੰ ਦੱਸੀ ਗਈ ਰਹਿਤ-ਮਰਯਾਦਾ ਅਤੇ ਜੀਵਨ-ਜਾਚ ਇੱਕ ਨਿਰਭਉ ਅਤੇ ਨਿਰਵੈਰ ਇਨਸਾਨ ਬਣਾਉਂਦੀ ਹੈ ਜੋ ਨਿਮਰਤਾ ਧਾਰਨ ਕਰਦਾ, ਨਾਮ ਜਪਦਾ ਹੋਇਆ ,ਮਨੁੱਖਤਾ ਦੀ ਸੇਵਾ ਕਰਦਾ ਹੋਇਆ ਸਵੈ-ਮਾਣ ਕਾਇਮ ਰੱਖਦਾ ਹੋਇਆ, ਹੱਕ-ਸੱਚ ਖਾਤਰ ਆਪਣਾ ਤਨ,ਮਨ ਅਤੇ ਧਨ ਨਿਛਾਵਰ ਕਰਨ ਲਈ ਸਦਾ ਤਤਪਰ ਰਹਿੰਦਾ ਹੈ।

2. ਗੁਰੂ ਗਰੰਥ ਸਾਹਿਬ ਜੀ ਨੂੰ ਗੁਰੂ ਥਾਪਣਾ-
“ਸ਼ਬਦ ਗੁਰੂ ਸੁਰਤਿ ਧੁਨਿ ਚੇਲਾ“ ਦਾ ਹੋਕਾ ਗੁਰੂ ਨਾਨਕ ਦੇਵ ਜੀ ਨੇ ਲਗਾਇਆ ਸੀ ਜਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ “ਗਿਆਨ ਗੁਰੂ ਆਤਮ ਉਪਦੇਸ਼ੋ” ਕਹਿੰਦੇ ਹੋਏ ਦੇਹ-ਧਾਰੀ ਗੁਰੂ ਦੀ ਪ੍ਰਥਾ ਬੰਦ ਕਰਕੇ ਸ਼ਬਦ ਗੁਰੂ ਦੀ ਅਗਵਾਈ ਲੈਣ ਲਈ ਕਿਹਾ। ਗੁਰੂ ਗੋਬਿੰਦ ਸਿੰਘ ਜੀ ਦਾ ਸੀਸ ਜਿਹੜਾ ਜਾਲਮ ਦੇ ਲੱਖ ਯਤਨ ਕਰਨ ਤੇ ਵੀ ਨਹੀਂ ਝੁਕਿਆ, ਉਹ ਸਿਰਫ ਅਤੇ ਸਿਰਫ ਦੋ ਥਾਵਾਂ ਤੇ ਹੀ ਝੁਕਿਆ ਹੈ, ਇੱਕ ਗੁਰੂ-ਪੰਥ ਅੱਗੇ, ਅਨੰਦਪੁਰ ਸਾਹਿਬ ਵਿੱਚ ਪੰਜ ਪਿਆਰਿਆ ਤੋਂ ਖੰਡੇ ਦੀ ਪਾਹੁਲ ਦੀ ਮੰਗ ਕਰਨ ਸਮੇਂ ਅਤੇ ਦੂਸਰਾ ਹਜੂਰ ਸਾਹਿਬ,ਨੰਦੇੜ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਸੌਂਪਣ ਸਮੇਂ। ਗਰੰਥ ਅਤੇ ਪੰਥ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਮਨੁੱਖਤਾ ਨੂੰ ਦਿੱਤਾ ਹੋਇਆ ਬਹੁਮੁੱਲਾ ਖਜਾਨਾ ਹੈ। ਗਿਆਨ ਨੂੰ ਗੁਰੂ ਬਾਣੀਕਾਰਾਂ ਨੇ ਵੀ ਕਿਹਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਨਾਨਕ ਦੀ ਰੱਖੀ ਨੀਂਹ ਤੇ ਉਸਾਰੀ ਮੁਕੰਮਲ ਕਰ ਦਿੱਤੀ ਹੈ। ਜਦੋ ਸੰਗਤ ਨੇ ਆਪ ਜੀ ਤੋਂ ਪੁੱਛਿਆ ਕਿ ਆਪ ਜੀ ਸਾਨੂੰ ਕਿਸ ਦੇ ਲੜ ਲਗਾ ਚੱਲੇ ਹੋ ?? ਤਾਂ ਗੁਰੂ ਸਾਹਿਬ ਜੀ ਨੇ ਜਵਾਬ ਦਿੱਤਾ ਸੀ ਕਿ ਅਬ ਮੇਰਾ ਜਾਹਰਾ ਰੂਪ ਗੁਰੂ ਗ੍ਰੰਥ ਸਾਹਿਬ ਜੀ ਕੋ ਜਾਨਣਾ। ਜਿਸ ਨੇ ਮੇਰੇ ਸੇ ਬਾਤ ਕਰਨੀ ਹੂਈ, ਗੁਰੂ ਗ੍ਰੰਥ ਸਾਹਿਬ ਕਾ ਪਾਠ ਕਰਨਾ, ਮੇਰੇ ਸੇ ਬਾਤ ਹੋਗੀ। ਇਹ ਵੀ ਫੁਰਮਾਇਆ ਕਿ-
ਆਤਮਾ ਗ੍ਰੰਥ ਵਿੱਚ
ਸਰੀਰ ਪੰਥ ਵਿੱਚ
ਪਰਚਾ ਸ਼ਬਦ ਕਾ
ਦੀਦਾਰ ਖਾਲਸੇ ਕਾ
ਓਟ ਅਕਾਲ ਦੀ ਰੱਖਣੀ ।

ਕੀ ਆਪ ਜੀ ਨੂੰ ਇਸ ਚੋਜੀ ਪ੍ਰੀਤਮ ਦੀ ਸ਼ਖਸ਼ੀਅਤ ‘ਚੋਂ ਇੱਕ ਦੈਵੀ ਅਤੇ ਰੂਹਾਨੀਅਤ ਦੇ ਨੂਰ ਦੇ ਝਲਕਾਰੇ ਨਹੀਂ ਵੱਜਦੇ ??? ਕੀ ਗੁਰੂ ਸਾਹਿਬ ਦੀ ਰਬਾਬ ਅੱਜ ਵੀ “ਤੂ ਹੀ, ਤੂ ਹੀ “ ਦਾ ਰਾਗ ਨਹੀਂ ਅਲਾਪਦੀ ਸੁਣਾਈ ਦਿੰਦੀ? ਆਓ ਇਸ ਸੰਤ ਮਹਾਂਪੁਰਸ਼ ਤੋਂ ਪ੍ਰੇਮ, ਵੈਰਾਗ ਅਤੇ ਸ਼ਾਂਤੀ ਸਿੱਖੀਏ ਅਤੇ “ਜਮੀ-ਜਮਾਂ ਵਿਖੇ ਵੱਸਦੀ ਸਮਸਤ ਏਕ ਜੋਤਿ” ਨਾਲ ਜੁੜੀਏ।
——————
ਸਹਾਇਕ ਪੁਸਤਕਾਂ :-
ਗੁਰੂ ਗੋਬਿੰਦ ਸਿੰਘ ਜੀਵਨ ਤੇ ਰਚਨਾ –ਬ੍ਰਹਮਜਗਦੀਸ਼ ਸਿੰਘ
ਜੀਵਨ ਬ੍ਰਿਤਾਂਤ ਗੁਰੂ ਗੋਬਿੰਦ ਸਿੰਘ ਜੀ-ਪ੍ਰੋ.ਸਾਹਿਬ ਸਿੰਘ
ਸਹਿਜੇ ਰਚਿਓ ਖਾਲਸਾ-ਹਰਿੰਦਰ ਸਿੰਘ ਮਹਿਬੂਬ
ਕਲਗੀਧਰ ਜੀ ਦੇ 52 ਬਚਨ-ਬਲਵਿੰਦਰ ਸਿੰਘ
ਵਚਿੱਤਰ ਜੀਵਨ ਗੁਰੂ ਗੋਬਿੰਦ ਸਿੰਘ-ਸੋਢੀ ਤੇਜਾ ਸਿੰਘ

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1269
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਜਸਵਿੰਦਰ ਸਿੰਘ 'ਰੁਪਾਲ'
-ਲੈਕਚਰਾਰ ਅਰਥ-ਸ਼ਾਸ਼ਤਰ,
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ,
ਕਟਾਣੀ ਕਲਾਂ( ਲੁਧਿਆਣਾ)-141113
+91 9814715796

 

ਜਸਵਿੰਦਰ ਸਿੰਘ 'ਰੁਪਾਲ'

ਜਸਵਿੰਦਰ ਸਿੰਘ 'ਰੁਪਾਲ' -ਲੈਕਚਰਾਰ ਅਰਥ-ਸ਼ਾਸ਼ਤਰ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਕਟਾਣੀ ਕਲਾਂ( ਲੁਧਿਆਣਾ)-141113 +91 9814715796  

View all posts by ਜਸਵਿੰਦਰ ਸਿੰਘ 'ਰੁਪਾਲ' →