‘ਮਨ-ਕਸੁੰਭਾ’ ਦਲਵੀਰ ਕੌਰ ਦੀ ਨਵੀ ਕਾਵਿ ਪੁਸਤਕ ਹੈ । ਇਹ ਨਾਮ ਸਮਾਸ ਹੈ; ਮਨ ਤੇ ਕਸੁੰਭਾ ਦਾ ਪਰ ਇਹ ਇੱਕ ਸ਼ਬਦ ਨਹੀਂ ਕਿਉਂਕਿ ਵਿਚਾਲ਼ੇ ਹਾਈਫ਼ਨ ਹੈ। ਸੋ ਇਸ ਨਾਲ ਦੋ ਚਿਹਨਾਂ ਦੀ ਚਿਹਿਨਤਤਾ ਸੁਤੰਤਰ ਹੈ ਪਰ ਹਾਈਫ਼ਨੇਟਿਡ ਹੋਣ ਕਾਰਨ ਇਹ ਆਪਣੇ ਅੰਦਰ ਨਵੀਂ ਚਿਹਿਨਕਤਾ ਦਾ ਨਿਰਮਾਣ ਕਰਦੀ ਦਿਖਾਈ ਦਿੰਦੀ ਹੈ। ਮਨ ਇੱਕ ਸਪੇਸ ਹੈ ਤੇ ਕਸੁੰਭਾ ਉਸ ਸਪੇਸ ਦਾ ਸਾਕਾਰ (reification) ਹੈ ਜੋ ਧੁੱਪ ਤੇ ਜਲ ਦੇ ਪ੍ਰਭਾਵ ਨਾਲ ਫਿੱਕਾ ਪੈ ਜਾਂਦਾ ਹੈ। ਅਲੈਗਜ਼ਾਂਦਰ ਬੀਕ੍ਰੌਫਟ ਆਪਣੇ ਇੱਕ ਲੇਖ ‘World literature without Hyphen’ ’ਚ ਲਿਖਦਾ ਹੈ ਕਿ ਵਿਸ਼ਵ ਸਾਹਿਤ ਵਿੱਚ ਹਾਈਫ਼ਨ ਦੀ ਬੜੀ ਸ਼ਕਤੀਸ਼ਾਲੀ ਰਾਜਨੀਤੀ ਰਹੀ ਹੈ । ਇਸ ਨਾਲ ਸ਼ਬਦ ਸੰਸਾਰ ’ਚ ਸ਼ਬਦਾਂ ਤੇ ਅਰਥਾਂ ਦੀ ਸਭਿਆਚਾਰਕ ਹੈਜਮਨੀ ਬਣਦੀ ਵਿਗੜਦੀ ਰਹਿੰਦੀ ਹੈ। ਬੈੱਨ ਲਰਨਰ ਆਪਣੀ ਕਿਤਾਬ ‘Hatred of Poetry’ਚ ਲਿਖਦਾ ਹੈ ਕਿ ਐਮਲੀ ਡਿਕਿਨਸਨ ਡੈਸ਼ ਦਾ ਇਸਤੇਮਾਲ ਕਰਦੀ ਹੋਈ ਉਸ ਵਰਤਾਰੇ ਵੱਲ ਇਸ਼ਾਰਾ ਕਰਦੀ ਹੈ ਜੋ ਭਾਸ਼ਾ ਦੀਆਂ ਸਰਹੱਦਾਂ ਉੱਪਰ ਬੱਦਲਾਂ ਦੇ ਪ੍ਰਛਾਵਿਆਂ ਜਿਹਾ ਵਾਪਰਦਾ ਹੈ। ਇਹ ਕਵਿਤਾ ਦੀ ਵਾਸਤਵਿਕ ਅਣਹੋਂਦ ਦਾ, ਉਸਦੀ ਮਾਤਰ ‘ਵਰਚੂਅਲ’ ਹੋਂਦ ਦਾ ਨਿਸ਼ਾਨ ਹੈ। ਧੁਨੀ ਦਾ, ਭਾਵਾਰਥ ਦਾ, ਨਿਹਿਤਤਾ ਦਾ ਮਾਰਗ ਹੈ। ਅਜਿਹਾ ਮਾਰਗ ਜੋ ਕਿਤੇ ਨਹੀਂ ਪਹੁੰਚਦਾ, ਬਸ ਪਹੁੰਚਣ ਦੀ ਲੋਚਾ ਕਰਦਾ ਹੈ । ਹਰ ਕੋਈ ਕਵਿਤਾ, ਕਵਿਤਾ ਹੋ ਜਾਣ ਦੀ ਲੋਚਾ ਹੈ । ‘ਮਨ ਮਹੀਅਲ’ ਨਾਮ ਦੀ ਮੇਰੀ ਕਾਵਿ ਪੁਸਤਕ ਸੰਨ 1989 ’ਚ ਆਈ ਸੀ। ਇਸ ’ਚ ਮੈਂ ਹਾਈਫ਼ਨ ਜਾਂ ਡੈਸ਼ ਨਹੀਂ ਵਰਤੀ। ਜਦੋਂ ਮੈਂ ਇਹ ਸ਼ਬਦ ਸਮਾਸ ਘੜਿਆ ਤਾਂ ਮੇਰੇ ਨਜ਼ਦੀਕ ਮਨ ਅਤੇ ਮਹੀਅਲ ਦਾ ਸੰਬੰਧ ਪਰਸਪਰਿਕ ਹੈ । ਮਨ ਵੀ ਸਪੇਸ ਹੈ ਤੇ ਮਹੀਅਲ ਵੀ । ਮਨ ਸਪੇਸ ਦੀ ਮਾਈਕਰੋ ਪ੍ਰੋਜੈਕਸ਼ਨ ਹੈ ਤੇ ਮਹੀਅਲ ਮਨ ਦੀ ਮੈਕਰੋ ਪ੍ਰੋਜੈਕਸ਼ਨ। ਇਸ ਸਮਾਸ ਦੀ ਪਿਠਭੂਮੀ ’ਚ ਰਾਗ ਗਉੜੀ ਅੰਦਰ ਤਿਥੀ ’ਚ ਪੰਜਵੀਂ ਪਾਤਸਾਹੀ ਦੇ ਸ਼ਬਦ ਦਾ ਅਧਿਆਤਮ ਕਾਰਜਸ਼ੀਲ ਹੈ: “ਜਲਿ ਥਲਿ ਮਹੀਅਲਿ ਪੂਰਿਆ ਪ੍ਰਭੁ ਆਪਣੀ ਨਦਰਿ ਨਿਹਾਲਿ ॥” ‘ਮਹਾਨ ਕੋਸ਼’ ਦੇ ਪੰਨਾ 287 ’ਤੇ ਕਸੁੰਭ ਕਸੁੰਭੜਾ ਕਸੁੰਭਾ ਤਿੰਨ ਸ਼ਬਦ ਇੱਕ ਥਾਂ ਇੰਦਰਾਜ ਨੇ । ਕਸੁੰਭ ਸੰਗਯਾ-ਅਗਨਿ-ਸ਼ਿਖ, ਅੱਗ ਦੀ ਸ਼ਿਖਾ ਜਿਹਾ ਜਿਸ ਦਾ ਫੁੱਲ ਹੁੰਦਾ ਹੈ, ਐਸਾ ਇੱਕ ਬੂਟਾ, ਅਤੇ ਇਸ ਦੇ ਫੁੱਲ ਦੀਆਂ ਕੇਸਰ ਜਿਹੀਆਂ ਤੁਰੀਆਂ, ਇਸਦਾ ਲਾਲ ਰੰਗ ਬਹੁਤ ਭੜਕੀਲਾ ਹੁੰਦਾ ਹੈ ਪਰ ਧੁੱਪ ਤੇ ਜਲ ਨਾਲ ਤੁਰੰਤ ਫਿਕਾ ਪੈ ਜਾਂਦਾ ਹੈ। ਗੁਰਬਾਣੀ ’ਚ ਮਾਇਕ ਪਦਾਰਥਾਂ ਦੇ ਚਮਤਕਾਰ ਕੁਸੁੰਭ ਰੰਗ ਜੇਹੇ ਵਰਨਣ ਕੀਤੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 22 ’ਤੇ ਸਿਰੀ ਰਾਗ ’ਚ ਤੀਜੀ ਪਾਤਸਾਹੀ ਦਾ ਸ਼ਬਦ ਹੈ : ਜਿਨ ਸਬਦਿ ਗੁਰੂ ਸੁਣਿ ਮੰਨਿਆ ਤਿਨ ਮਨਿ ਧਿਆਇਆ ਹਰਿ ਸੋਇ ॥ ਭਾਵ ਜੋ ਗੁਰਬਾਣੀ ਨੂੰ ਸਰਵਣ ਕਰਕੇ ਉਸ ਉੱਤੇ ਅਮਲ ਕਰਦੇ ਹਨ, ਉਹ ਉਸ ਹਰੀ ਨੂੰ ਆਪਣੇ ਚਿੱਤ ਅੰਦਰ ਸਿਮਰਦੇ ਹਨ । ਰੈਣ ਦਿਹੁ ਸੁਆਮੀ ਦੇ ਸਿਮਰਨ ਅੰਦਰ ਰੰਗੀਜਣ ਦੁਆਰਾ ਉਨ੍ਹਾਂ ਦੇ ਦਿਲ ਤੇ ਦੇਹਿ ਪਵਿੱਤਰ ਹੋ ਜਾਂਦੇ ਹਨ। ਮਾਇਆ ਦਾ ਰੰਗ ਝੂਠਾ ਹੈ ਜਿਵੇਂ ਕਸੁੰਭੇ ਦੇ ਫੁੱਲ ਦੀ ਰੰਗਤ ਹੈ । ਜਦ ਇਹ ਅਲੋਪ ਹੋ ਜਾਂਦੀ ਹੈ, ਇਨਸਾਨ ਅੰਦਰੋਂ ਰੋਂਦਾ ਹੈ। ਜਿਸ ਦੇ ਮਨ ਅੰਦਰ ਰੱਬ ਦੇ ਨਾਮ ਦਾ ਚਾਨਣ ਹੈ, ਉਹ ਹਮੇਸ਼ਾ ਤੇ ਸਦੀਵ ਲਈ ਮੁਸਤਕਿਲ ਹੋ ਜਾਂਦਾ ਹੈ। ਰਾਗ ਸੂਹੀ ਲਲਿਤ ’ਚ ਅੰਗ 794 ’ਤੇ ਸ਼ੇਖ ਫਰੀਦ ਜੀ ਕੇ ਸ਼ਲੋਕ ਹਨ : ਬੇੜਾ ਬੰਧਿ ਨਾ ਸਕਿਓ ਬੰਧਬ ਕੀ ਵੇਲਾ ॥ ਭਾਵ ਹੈ ਕਿ ਤੂੰ ਉਸ ਵਕਤ ਤੁਲਹੜਾ ਨਹੀਂ ਬਣਾ ਸਕਿਆ ਜਦੋਂ ਤੈਨੂੰ ਬਣਾਉਣਾ ਚਾਹੀਦਾ ਸੀ। ਜਦ ਸਮੁੰਦਰ ਪਰੀਪੂਰਨ ਹੋ ਉਛਲਦਾ ਹੈ, ਤਦ ਇਸ ਨੂੰ ਪਾਰ ਕਰਨਾ ਕਠਿਨ ਹੈ। ਮੇਰਿਆ ਢੋਲਣਾ, ਤੂੰ ਕਸੁੰਭੇ ਦੇ ਫੁੱਲ ਨੂੰ ਆਪਣਾ ਹੱਥ ਨਾ ਲਾ, ਇਸ ਦਾ ਰੰਗ ਨਾਸ ਹੋ ਜਾਵੇਗਾ। ਇੱਕ ਤਾਂ ਪਤਨੀ ਆਪ ਹੀ ਕਮਜ਼ੋਰ ਹੈ ਅਤੇ ਇਸ ਤੋਂ ਉਪਰ ਪਤੀ ਦੇ ਹੁਕਮ ਦੀ ਪਾਲਣਾ ਕਰਨੀ ਹੈ। ਕੁਸੁੰਭੇ ਦੀ ਤਰ੍ਹਾਂ ਟਪਕਾਇਆ ਅਤੇ ਕੁਸੁੰਭੇ ਜੇਹੇ ਰੰਗ ਦਾ ਅਫ਼ੀਮ ਦਾ ਰਸ ਜੋ ਰਾਜਪੂਤਾਨੇ ’ਚ ਬਹੁਤ ਵਰਤੀਂਦਾ ਹੈ। ਦਸਮ ਗ੍ਰੰਥ ਦੇ ਚਰਿਤ਼੍ਰ 111 ’ਚ ਦਰਜ ਹੈ : “ਪਾਨ ਡਰਾਇ ਕਸੁੰਭੜੋ ਰੂਰੋ” । ਅਫ਼ੀਮ ਦੇ ਰਸ ’ਚ ਸ਼ਰਾਬ ਮਿਲਾ ਕੇ ਸੇਵਨ ਕੀਤੀ ਜਾਂਦੀ ਹੈ। ‘ਮਨ-ਕਸੁੰਭਾ’ ਦੇ ਸ਼ਾਬਦਿਕ ਅਰਥਾਂ ਤੋਂ ਪਾਰ ਇਸਦੀ ਚਿਹਨਕਤਾ ਦੀ ਨਿਰਮਾਣਕਾਰੀ ਲਈ ਮਾਨਵੀ ਸਭਿਆਚਾਰਕ ਇਤਿਹਾਸ, ਗਿਆਨ ਪ੍ਰਣਾਲੀਆਂ ਅਤੇ ਦਰਸ਼ਨ ਪਰੰਪਰਾ ’ਚ ਹੋਈ ਮਨ ਨੂੰ ਜਾਨਣ ਦੀ ਜਿਗਿਆਸਾ ਦੀ ਸਾਧਨਾ ’ਚ ਉਤਰਣਾ ਪਵੇਗਾ।
ਮਨ, ਦੇਹ ਤੇ ਆਤਮਾ ਦੇ ਵਿਚਕਾਰ ਸਥਿਤ ਅਜਿਹੀ ਸ਼ਕਤੀ ਹੈ, ਜਿਹੜੀ ਕਦੀ ਸਰੀਰ ਮੁਖ ਤੁ ਕਦੀ ਆਤਮ ਪਰਕ ਹੁੰਦੀ ਹੈ। ਮਨ ਇੱਕ ਸੂਖਮ ਕਿਰਿਆ ਹੈ ਜਿਸਦੀ ਕੋਈ ਪਦਾਰਥਕ ਹੋਂਦ ਨਹੀਂ। ਇਹ ਵਿਅਕਤੀਗਤ ਤੇ ਗਤੀਸ਼ੀਲ ਹੈ। ਮਨ ਸੰਬੰਧਿਤ ਵੱਡੀ ਸਮੱਸਿਆ ਹੈ ਕਿ ਸਾਧਕ ਇਸ ਨੂੰ ਪਕੜ ਨਹੀਂ ਸਕਦਾ ਅਰਥਾਤ ਇਸਦੀ ਬਾਹਰਲੀ ਭਟਕਣਾ ਰੋਕੀ ਨਹੀਂ ਜਾ ਸਕਦੀ। ਕਠਿਨ ਤਪੱਸਿਆ ਵੀ ਅਕਾਰਥ ਹੋ ਜਾਂਦੀਆਂ ਹਨ। ਮਨ ਨੂੰ ਸਥਿਰ ਰੱਖਣ ਵਾਸਤੇ ਸਾਧਕ ਨੂੰ ਚੰਚਲਤਾ ਦੇ ਕਾਰਨ ਰੂਪ ਤ਼੍ਰਿਸ਼ਨਾ ਨੂੰ ਰੋਕਣਾ ਹੋਵੇਗਾ। ਭਾਰਤੀ ਦਰਸ਼ਨ ’ਚ ਮਨ ਨੂੰ ਸਾਧਣ ਦੀ ਵੱਡੀ ਪਰੰਪਰਾ ਹੈ । ਮੁੰਡਕਾ ਉਪਨਿਸ਼ਦ ਅਨੁਸਾਰ : “ਮਨ ਇੱਛਾਵਾਂ ਦੀ ਪ੍ਰਾਪਤੀ ਵੀ ਚਾਹੁੰਦੈ ਤੇ ਇੱਛਾਵਾਂ ਤੋਂ ਉਸੇ ਵੇਲੇ ਮੁਕਤ ਹੋਣਾ ਵੀ ਚਾਹੁੰਦੈ।” ਗੁਰੂ ਗੋਰਖ ਨਾਥ ਤੋਂ ਪਹਿਲਾਂ ਚੌਰਾਸੀ ਸਿੱਧਾਂ ਦਾ ਤਾਂਤਰਿਕ ਵਜਰਯਾਨ ਪ੍ਰਚਲਿਤ ਸੀ। ਗੁਰੂ ਗੋਰਖ ਨਾਥ ਨੇ ਇਸ ਨੂੰ ਸਾਤਵਿਕ ਹੱਠਯੋਗ ’ਚ ਪਰਿਵਰਤਿਤ ਕੀਤਾ। ਗੁਰੂ ਗੋਰਖ ਦੇ ਆਸਣਾਂ ’ਤੇ ਹੀ ਧਿਆਨ ਦੀਆਂ ਵਿਧੀਆਂ ’ਤੇ ਆਧਾਰਿਤ ਹੱਠਯੋਗ ਅੱਜ ਪੂਰੇ ਮਹਾਦੇਸ਼ ’ਚ ਪ੍ਰਚਲਿੱਤ ਹੋ ਰਿਹੈ। ਅੱਜ ਗੁਰੂ ਗੋਰਖ ਮਾਨੁਸ ਦੇ ਅੰਤਰ ਮਨ ਦੀ ਖੋਜ ਲਈ ਧਿਆਨ ਦੀ ਖੋਜ ਦੇ ਸਭ ਤੋਂ ਪ੍ਰਮੱਖ ਅਵਿਸ਼ਕਾਰਕ ਨੇ। ਹੱਠ ਯੋਗ ਦਾ ਯੋਗ ਧਿਆਨ ਅਨੁਸਾਰ ‘ਹ’ ਦਾ ਅਰਥ ਏ ਸੂਰਜ ਅਤੇ ‘ਠ’ ਦਾ ਅਰਥ ਹੈ ਚੰਦਰ। ਸੂਰਜ ਤੇ ਚੰਦਰ ਦੇ ਯੋਗ ਨੂੰ ਹੱਠ ਕਹਿੰਦੇ। ਸੂਰਜ ਦਾ ਭਾਵ ਐ ਪ੍ਰਾਣਵਾਯੂ ਅਤੇ ਚੰਦਰ ਦਾ ਅਪਾਨਵਾਯੂ। ਇਨ੍ਹਾਂ ਦੋਹਾਂ ਦੇ ਯੋਗ ਤੋਂ ਬਣਿਆ ਪ੍ਰਾਣਾਯਾਮ। ਪ੍ਰਾਣਾਯਾਮ ਨਾਲ ਹੀ ਵਾਯੂ ਦਾ ਨਿਰੋਧ ਕਰਨਾ ਹੀ ਹੈ ਹੱਠ ਯੋਗ। ਸੂਰਜ ਇੜਾ ਨਾੜੀ ਏ ਤੇ ਚੰਦਰ ਪਿੰਗਲਾ। ਇੜਾ ਪਿੰਗਲਾ ਨਾੜੀਆਂ ਨੂੰ ਰੋਕ ਸ਼ੁਸ਼ਮਨਾ ਮਾਰਗ ਤੋਂ ਹੀ ਪ੍ਰਾਣ ਵਾਯੂ ਨੂੰ ਪ੍ਰਵਾਹਿਤ ਕਰਨਾ ਹੀ ਹੈ ਹੱਠ ਯੋਗ। ਪਾਤੰਜਲੀ ‘ਚਿੱਤ ਵ੍ਰਿਤੀ ਨਿਰੋਧ’ ਦੀ ਗੱਲ ਕਰਦੈ। ਪਾਤੰਜਲੀ ਦੇ ‘ਅਸ਼ਟਾਂਗਯੋਗ’ ਤੋਂ ਭਿੰਨ ਏ ਗੁਰੂ ਗੋਰਖ ਦਾ ‘ਸ਼ੜੰਗਯੋਗ’। ਇਸ ’ਚ ਕੇਵਲ ਛੇ ਅੰਗਾਂ ਦਾ ਮਹੱਤਵ ਏ। ਯਮ ਤੇ ਨਿਯਮ ਗੌਣ ਨੇ । ਇਨ੍ਹਾਂ ਦਾ ਸਾਧਾਨ ਪੱਖ ਹੈ, ਹੱਠ ਯੋਗ। ਗੁਰੂ ਲਿਖਤ ਗ੍ਰੰਥ ‘ਅਵਰੋਧਸ਼ਾਸਨਮ’ ਦਾ ਵੀ ਮਹੱਤਵ ਏ। ਗੁਰੂ ਗੋਰਖ ਦਾ ਇਸ ਪ੍ਰਸੰਗ ’ਚ ਕਹਿਣਾ ਏ ਕਿ ਸਰੀਰ ’ਚ ਪ੍ਰਾਣ ਅਤੇ ਅਪਾਨ, ਸੂਰਜ ਤੇ ਚੰਦਰ ਨਾਮ ਜੋ ਬਾਹਰਮੁਖੀ ਤੇ ਅੰਤਰਮੁਖੀ ਸ਼ਕਤੀਆਂ ਨੇ, ਉਨ੍ਹਾਂ ਨੂੰ ਪ੍ਰਾਣਾਯਾਮ ਆਸਣ ਨਾਲ ਸਮਰੱਸਤਾ ਲਿਆ ਸਹਿਜ ਸਮਾਧੀ ਸਿੱਧ ਹੁੰਦੀ ਐ। ਜੋ ਕੁਝ ਪਿੰਡ ’ਚ ਆ ਉਹ ਹੀ ਬ੍ਰਹਿਮੰਡ ’ਚ। ਜੋ ਪਿੰਡੇ ਸੋ ਬ੍ਰਹਿਮੰਡੇ। ਹੱਠ ਯੋਗ ਸਾਧਨਾ ਪਿੰਡ ਨੂੰ ਕੇਂਦਰ ਬਣਾਅ ਬ੍ਰਹਿਮੰਡ ’ਚ ਨਿਹਿਤ ਸ਼ਕਤੀ ਦੀ ਪ੍ਰਾਪਤੀ ਦਾ ਪ੍ਰਯਾਸ ਐ। ਗੁਰਬਾਣੀ ਮਨ ਦੇ ਬਾਵਰੇਪਨ ਨੂੰ ਸਾਧਣ ’ਤੇ ਦਾ ਮਾਰਗ ਦਰਸਾਉਂਦੀ ਹੈ : ਕੋਊ ਮਾਈ ਭੂਲਿਓ ਮਨੁ ਸਮਝਾਵੈ ॥ ਮਨ ਨੂੰ ਭਾਸ਼ਕ ਵਾਕ ਵਜੋਂ ਪੇਸ਼ ਕਰਦਿਆਂ ਆਪਣੀ ਕਿਤਾਬ ‘The Computer Revolution in Philosophy Science and Models of Mind’ ਵਿੱਚ ਅਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਕੌਗਨੇਟਿਵ ਸਾਈਂਸ ਦੇ ਚਿੰਤਕ ਐਰੋਨ ਸਲੋਮਨ ਕਈ ਸ਼ਬਦਾਂ ਜਿਵੇਂ Self, Selves, Herself, Himself, Themselves, Myself ਦੀ ਗੱਲ ਕਰਦਾ ਹੈ ਨਾ ਕਿ ਕਿਸੇ ਵਿਸ਼ੇਸ਼ ਹੋਂਦ ਦੀ ਕਿਉਂਕਿ ਇਹ ਭਾਸ਼ਕ ਪ੍ਰਗਟਾਵੇ ਹੀ ਮਨ ਦੇ ਰੂਪ ਹਨ । ਦੂਰ ਪੂਰਬ ’ਚ ਫੈਲੀ ਜ਼ੈੱਨ ਪਰੰਪਰਾ ਵਿੱਚ ਇਸ ਭਾਵ ਨੂੰ ‘ਕੋਆਨ’ ਕਿਹਾ ਗਿਆ ਹੈ ਭਾਵ ਮਨ ਦੀ ਪਹਿਚਾਣ ਅਤੇ ਮਨ ਦੇ ਅਨੁਭਵ ਦਾ ਪੰਥ। ਜ਼ੈਨ ਚਿੰਤਕ ਲਾਓਤਜ਼ੇ ਆਪਣੀ ਕਿਤਾਬ ‘ਤਾਓ ਤੇ ਚਿੰਗ’ ਵਿੱਚ ਕਹਿੰਦਾ ਹੈ ਕਿ ਦੂਜਿਆਂ ਨੂੰ ਜਾਨਣਾ ਸੂਖਮ ਗਿਆਨ ਹੈ। ਮਨ ਨੂੰ ਜਾਨਣਾ ਜਾਗਰਤੀ ਹੈ। ਦੂਜਿਆਂ ’ਤੇ ਮਾਲਕੀ ਕਰਨ ਲਈ ਬਲ ਲੋੜੀਂਦਾ ਹੈ। ਮਨ ਸਾਧਨਾ ਲਈ ਸ਼ਕਤੀ ਦਰਕਾਰ ਹੈ। ਭਾਰਤੀ ਗਿਆਨ ਪਰੰਪਰਾ ’ਚ ਰਿਗਵੇਦ ਦੀਆਂ ਰਿਚਾਵਾਂ ਦਾ ਕਰਤਾ ਮਨ ਬਾਬਤ ਪ੍ਰਸ਼ਨ ਕਰਦਾ ਹੈ; ਕੋ ਅਹੰਮ’ (Who I am?)। ਇਸਦਾ ਉਤਰ ਵੀ ਯਜੁਰਵੇਦ ਦਾ ਕਰਤਾ ਬ੍ਰਿਹਦਾਰਾਨਾਇਕ ਉਪਨਿਸ਼ਦ ਵਿੱਚ ਆਪ ਹੀ ਦਿੰਦਾ ਹੈ; ‘ਅਹੰਮ ਬ੍ਰਹਮਸਿਆ’। ਰਿਗਵੇਦ ’ਚ ਸਵੈ ਦੀ ਉਤਪਤੀ ਨੂੰ ਸ੍ਰਿਸ਼ਟੀ ਦੀ ਉਤਪਤੀ ਨਾਲ ਜੋੜ ਕੇ ਦੇਖਿਆ ਗਿਆ ਹੈ। ਸ੍ਰਿਸ਼ਟੀ ਸਵੈਭੂੰ ਹੈ ਭਾਵ ਇਹ ਆਪਣੇ ਸਵੈ ’ਚ ਉਤਪਿਤ ਹੋਈ ਹੈ। ਇਹ ਰਿਗਵੇਦ ਦੇ ਦੱਸਵੇਂ ਮੰਡਲ ਦਾ 129ਵਾਂ ਸੂਤਕ ‘ਨਾਸਦੀ ਸੂਤਕ’ ਦੀ ਸਿਮਰਤੀ ਜਗਾਉਂਦਾ ਹੈ ਜਿਸ ਦੇ ਮੂਲ ’ਚ ‘ਨੇਤਿ ਨੇਤਿ’ ਦਾ ਭਾਵ ਸਮਾਹਿਤ ਹੈ : ‘ਨਾਸਦੀਨੋ ਸਦਾਸਤਿਦਾਨੀ ਨਾਸੀਦ਼੍ਰਜੋ ਨੋ ਵਯੋਮਾ ਪਰੋ ਯਤ। ਭਾਵ ਉਦੋਂ ਅਸਤਿ ਨਹੀਂ ਸੀ। ਨਾ ਸਤਿ ਸੀ। ਅੰਬਰ ਨਹੀ ਸੀ। ਨਾ ਹੀ ਉਸ ਤੋਂ ਪਾਰ ਮਹਾ-ਅਕਾਸ਼। ਇਸ ਨੂੰ ਕਿਸਨੇ ਢੱਕਿਆ ਸੀ ਤੇ ਕਿੱਥੇ ? ਕਿਸ ਨੇ ਥੰਮਿਆ ਸੀ ਇਸ ਨੂੰ ? ਉਦੋਂ ਤਾਂ ਬ੍ਰਹਿਮੰਡਕ ਅਥਾਹ ਜਲ ਸੀ ਕਿੱਥੇ? ਨਾ ਮੌਤ ਸੀ ਨਾ ਅਮਰਤਾ। ਨਾ ਹੀ ਰਾਤ ਸੀ। ਨਾ ਦਿਨ ਦਾ ਪ੍ਰਕਾਸ਼। ਸਾਹ ਵੀ ਵਾਯੂ ਬਿਨ। ਤਦੋਂ ਸਵੈਭੂੰ ਸੀ । ਉਸ ਕੇਵਲ ਇੱਕ ਤੋਂ ਬਿਨਾਂ ਕੁਝ ਵੀ ਨਹੀਂ ਸੀ । ਬ੍ਰਿਹਦਰਾਨਾਇਕ ਉਪਨਿਸ਼ਦ ਵਿੱਚ ‘ਨੇਤਿ ਨੇਤਿ’ (Not This Not That) ਦਾ ਚਰਚਾ ਬੜੇ ਵਿਸਤਾਰ ਨਾਲ ਹੋਇਆ ਹੈ । ‘ਨੇਤਿ’ ਦਾ ਚਰਚਾ ‘ਜਾਪ’ ਸਹਿਬ ਦੇ ਪਹਿਲੇ ਬMਦ ਵਿੱਚ ਗੁਰੂ ਗੋਬਿੰਦ ਸਿੰਘ ਜੀ ਵੀ ਕਰਦੇ ਹਨ : ਕੋਟਿ ਇੰਦ਼੍ਰ ਇੰਦ਼੍ਰਾਣਿ ਸਾਹਿ ਸਾਹਾਣਿ ਗਣਿਜੈ ਰਿਗਵੇਦ ਵਿੱਚ ‘ਨੇਤਿ ਨੇਤਿ’ ਦੇ ਬਰਅਕਸ ‘ਏਤਿ ਏਤਿ’ ਦਾ ਭਾਵ ਵੀ ਮਿਲਦਾ ਹੈ। ਇਸ ਨਾਂਹ ਦੇ ਭਾਵ ਦੇ ਵਿਰੁੱਧ ਹਾਂ ਦਾ ਭਾਵ ਸ਼ਾਮਿਲ ਹੈ । ਇਸ ਵਿੱਚ ‘ਸੌਹਮ’ ਦਾ ਭਾਵ ਵੀ ਸ਼ਾਮਿਲ ਹੈ। ਪੱਛਮ ਵਿੱਚ ਵਿਸ਼ੇਸ਼ ਕਰ ਯੂਰਪ ਵਿੱਚ ਪ੍ਰਬੁੱਧਤਾ ਦੇ ਦੌਰ ਨੇ ਆਧੁਨਿਕਤਾ ਦੇ ਪ੍ਰੋਜੈਕਟ ਵਿੱਚ ਮਸ਼ੀਨ ਦੀ ਮਨੁੱਖੀ ਜੀਵਨ ਵਿੱਚ ਪੂਰੀ ਦਖ਼ਲਅੰਦਾਜ਼ੀ ਰਹੀ। ਇਸ ਦੌਰ ਵਿੱਚ ਮਸ਼ੀਨ ਨੇ ਮਨ ਅਤੇ ਸੰਚਾਰ ਦੇ ਪੈਰਾਡਾਇਮਜ਼ ਵਿੱਚ ਵੱਡੇ ਪਰਿਵਰਤਨ ਵਾਪਰੇ। ਇਨ੍ਹਾਂ ਵਿੱਚ ਮਾਨਵ ਕੇਂਦਰ ਵਿੱਚ ਰਿਹਾ। ਆਧੁਨਿਕਤਾ ਪ੍ਰਤੀ ਇਸ ਸੋਚ ਦਾ ਹੁੰਗਾਰਾ ਹਾਂ-ਮੁਖੀ ਸੀ। ਇਸਦੇ ਉਲਟ ਇਸ ਵਿੱਚੋਂ ਹੀ ਵਿਗਸੇ ਉਤਰ ਆਧੁਨਿਕਤਾਵਾਦ ਨੇ ਮਾਨਵ ਕੇਂਦ਼੍ਰਿਤ ਸਾਰੇ ਮਹਾਬਿਰਤਾਂਤਾਂ ਨੂੰ ਰੱਦ ਕਰ ਦਿੱਤਾ। ਇਸਦਾ ਕਹਿਣਾ ਹੈ ਕਿ ਇਸ ਨਾਲ ਮਨੁੱਖੀ ਸਵੈ ਭਾਵ ਮਾਨਵੀ ਸਥਿਤੀ ਵਿੱਚ ਕੁਝ ਬਦਲਾਓ ਨਹੀਂ ਆਉਂਦਾ। ਇਸ ਦੇ ਮੁਕਾਬਲੇ ਉਤਰ-ਮਾਨਵਵਾਦ ਮਨੁੱਖੀ ਸਵੈ ਦੀਆਂ ਸਥਿਤੀਆਂ ਨੂੰ ਸਮਝਣ ਵਿੱਚ ਬਦਲਾਓ ਲਿਆਉਂਦਾ ਹੈ। ਹੁਣ ਤੱਕ ਸਵੈ ਦੀ ਸਮਝ ਮਾਨਵ ਕੇਂਦਰਿਤ ਰਹੀ। ਇਹ ਮਨੁੱਖ ਕੇਂਦਰਿਤ ਦ਼੍ਰਿਸ਼ਟੀਕੋਣ ਸਦੀਆਂ ਤੋਂ ਮਨੁੱਖੀ ਸੋਚ ਤੇ ਸਮਝ ’ਤੇ ਭਾਰੂ ਰਿਹਾ। ਇਹ ਗ਼ੈਰ ਮਾਨਵੀ ਜੀਵਨ ਰੂਪਾਂ ਅਤੇ ਕੁਦਰਤੀ ਯੂਨਿਟਾਂ ਨੂੰ ਮਾਨਵੀ ਹਿੱਤਾਂ ਦੇ ਦ਼੍ਰਿਸ਼ਟੀਕੋਣ ਤੋਂ ਦੇਖਦਾ ਹੈ। ਇਸਦੇ ਬਰਅਕਸ ਸਵੈ ਨੂੰ ਸਮਝਣ ਲਈ ਪੋਸਟ ਹਿਊਮਨਿਜ਼ਮ ਇੱਕ ਦਾਰਸ਼ਨਿਕ ਅਤੇ ਸਭਿਆਚਾਰਕ ਦ਼੍ਰਿਸ਼ਟੀਕੋਣ ਹੈ ਜੋ ਮਾਨਵੀ ਵਿਸਤਾਰਵਾਦ ਨੂੰ ਰੱਦ ਕਰਕੇ ਮਨੁੱਖ, ਮਸ਼ੀਨ, ਕੁਦਰਤ ਵਰਤਾਰਿਆਂ ਅਤੇ ਇਕਾਈਆਂ ਨੂੰ ਵਚਕਾਰ ਸੀਮਾਵਾਂ ਨੂੰ ਧੁੰਦਲਾ ਕਰਦਾ ਹੈ । ਮਾਨਵ ਕੇਂਦਰੀਵਾਦ ਸੰਸਾਰ ਨੂੰ ਪ੍ਰਮੁੱਖ ਤੌਰ ’ਤੇ ਮਾਨਵੀ ਲੋਕਾਂ, ਇੱਛਾਵਾਂ ਅਤੇ ਕਦਰਾਂ ਕੀਮਤਾਂ ਦੇ ਲੈਂਜ਼ ਰਾਹੀਂ ਦੇਖਦਾ ਹੈ ਭਾਵ ਮਨੁੱਖ ਨੂੰ ਬ੍ਰਹਿਮੰਡ ਦੇ ਕੇਂਦਰ ਵਿੱਚ ਰੱਖਦਾ ਹੈ। ਇਸ ਦ਼੍ਰਿਸ਼ਟੀਕੋਣ ਤੋਂ ਵਾਤਾਵਰਣ ਦੇ ਵਿਨਾਸ਼, ਜੀਵਾਂ ਦੇ ਅਲੋਪ ਹੋਣ ਅਤੇ ਸਮਾਜਿਕ ਅਸਮਾਨਤਾਵਾਂ ’ਚ ਵਾਧਾ ਹੁੰਦਾ ਹੈ। ਇਸ ਲਈ ਮਾਨਵ ਕੇਂਦਰਵਾਦ ਨੂੰ ਰੱਦ ਕਰਦੇ ਪੋਸਟ ਹਿਊਮਨਿਸਟਿਕ ਦ਼੍ਰਿਸ਼ਟੀਕੋਣ ਤੋਂ ਮਾਨਵ ਵਿਸਤਾਰਵਾਦ ਨੂੰ ਕਾਟੇ ਹੇਠ ਰੱਖਿਆ ਜਾ ਰਿਹਾ ਹੈ । ਮਸ਼ੀਨੀ ਬੁੱਧੀਮਾਨਤਾ ਦੇ ਭਵਿੱਖਮੁਖੀ ਦ਼੍ਰਿਸ਼ਟੀਕੋਣ ਵਿੱਚ ਇਸ ਕਾਰਣ ਇੱਕ ਵਧੇਰੇ ਇਨਕਲਿਊਸਿਵ-ਇੰਟਰਕੁਨੈਕਟਿਡ ਵਿਸ਼ਵ ਦ਼੍ਰਿਸ਼ਟੀਕੋਣ ਉਭਰ ਰਿਹਾ ਹੈ। ਇਸ ਦੇ ਅੰਤਰਗਤ ਪਾਰ-ਮਾਨਵਵਾਦ ਤੇ ਉੱਤਰ ਮਾਨਵਵਾਦ ਦੇ ਵਰਗ ਦ਼੍ਰਿਸ਼ਟੀਕੋਣ ਰਾਹੀਂ ਮਸ਼ੀਨੀ ਬੁੱਧੀਮਾਨਤਾ (ਆਰਟੀਫੀਸ਼ੀਅਲ ਇੰਟੈਲੀਜੈਂਸ), ਐਲਗੋਰਿਦਮਜ਼, ਡਾਟਾ-ਬਿੱਗ ਡਾਟਾ ਆਦਿ ਸ਼ਾਮਿਲ ਹੋ ਕੇ ‘Mind-Machine’, ਜਨੈਟਿਕਿਸ ਅਤੇ ਸਾਈਬੋਰਜੀਨੇਸ਼ਨ ਆਦਿ ਰਾਹੀਂ ਸਵੈ ਅਤੇ ਸੰਚਾਰ ਦੀ ਸੰਭਾਵਨਾਵਾਂ ਨੂੰ ਸੋਚਿਆ ਅਤੇ ਉਲੀਕਿਆ ਜਾ ਰਿਹਾ । ਸੋ ਕਿਹਾ ਜਾ ਸਕਦਾ ਹੈ ਕਿ ‘Mind-Machine’ ਦੇ ਇੰਟਰਫੇਸ ਨੂੰ ਪੜ੍ਹਨ ਸਮਝਣ ਵਿੱਚੋਂ ਹੀ ਸਵੈ ਦੀ ਪਛਾਣ ਅਤੇ ਮਨੁੱਖੀ ਸੰਚਾਰ ਦੇ ਗਿਆਨ ਦਾ ਮੁਕਤੀ ਪ੍ਰਵਚਨ ਬਣ ਉਭਰੇਗਾ। ਗੁਰਬਾਣੀ ’ਚ ਗੁਰੂ ਗ੍ਰੰਥ ਸਾਹਿਬ ਵਿੱਚ ਅੰਗ 662 ਗੁਰੂ ਨਾਨਕ ਦੇਵ ਨੇ ਰਾਗ ਧਨਾਸਰੀ ’ਚ ਕਿਹਾ ਹੈ : ਪੜ੍ਹਿਐ ਬੁਝੈ ਸੋ ਪਰਵਾਣ ਜਿਸ ਸਿਰ ਦਰਗਾਹ ਕਾ ਨੀਸਾਣ ॥ ਭਾਵ ਮਨੁੱਖੀ ਮਨ ਤੇ ਜੀਵਨ ਦੇ ਹਰ ਵਰਤਾਰੇ ਨੂੰ ਪੜ੍ਹਨ ਸਮਝਣ ਅਤੇ ਬੁੱਝਣ ਨਾਲ ਪਰਵਾਨ ਚੜ੍ਹਨ ਵਿੱਚ ਹੀ ਮੁਕਤੀ ਸੰਭਵ ਹੈ। ਮਨ ਬਾਰੇ ਦਲਵੀਰ ਦੀ ਬੜੀ ਕਮਾਲ ਦੀ ਕਵਿਤਾ ‘ਬਦਲ’ ਦਾ ਪਾਠ ਉਪਰੋਕਤ ਗਿਆਨ-ਸ਼ਾਸਤਰੀ ਪਰਿਪੇਖ ’ਚ ਬਹੁਤ ਪ੍ਰਸੰਗਿਕ ਹੈ : “ਮਨ ਦਾ ਕੋਈ ਬਦਲਵਾਂ ਨਾਮ ਵੀ ਤੇ ਹੋਵੇ ! ਦਲਵੀਰ ਦੀ ‘ਮਨ-ਕਸੁੰਭਾ’ ਦੀ ਕਾਵਿ ਸਾਧਨਾ ’ਚ ਮਨ ਕੇਂਦਰ ’ਚ ਹੈ। ਕਵਿਤਾ ‘ਅਰਥ’ ਵਿੱਚ ਉਸ ਨੂੰ ਅਰਧ-ਚੇਤਨ ਮਨ ਮਾਂ-ਰੂਪ ’ਚ ਜਾਗਿਆ ਪ੍ਰਤੀਤ ਹੁੰਦਾ ਹੈ। ਮਨ ਤੋਂ ਉੱਠ ਉਹ ਲੰਮੇ ਝਮਮੇ ਸਫ਼ੇਦਿਆਂ ’ਚੋਂ ਲੰਘ ਉਹ ਆਪਣੇ ਤਨ ਤੋਂ ਦੂਰੀ ਬਣਾ ਬੈਠ ਜਾਂਦੀ ਹੈ। ਉਸ ਨੂੰ ਮਹਾਂ ਸੱਚ ਅੰਗਕਾਰ ਕਰਦੀ ਹੋਈ ਕਹਿੰਦੀ ਹੈ ਕਿ ‘ਜੋ ਪਿੰਡੇ ਸੋਈ ਬ੍ਰਹਿਮੰਡੇ’। ਉਸ ਨੂੰ ਮਨੁੱਖੀ ਦੇਹੀ ’ਚ ਹੀ ਖਿੜਦੇ ਕਸੁੰਭ ਕੇਸੂ ਮਹਿਸੂਸ ਹੁੰਦੇ ਹਨ। ‘ਸ਼ਸ਼ੱਕਤ’ ਕਵਿਤਾ ਵਿੱਚ ਉਹ ਮਨ-ਬੁੱਧ-ਚਿੱਤ ’ਚ ਭਾਵੀ ਮਨੁੱਖ ਦੇ ਵਿਚਾਰ ਖ਼ਿਆਲ ਸੁਣਾਈ ਦਿੰਦੇ ਹਨ। ਮਨ ਤੋਂ ਉਹ ਤਨ ਤਰੰਗ ਦੀ ਧਰੂਵੀ ਖਿੱਚ ਦੇ ਤੰਤਰ ਵੱਲ ਖਿੱਚੀ ਮਹਿਸੂਸ ਕਰਦੀ ਹੈ : ਜੀਵਨ ਸ਼ਕਤੀ ਉੱਗਮਦੇ ਸੂਰਜ ਦੇ ਓਜ਼-ਤੇਜ ਵੱਲ- ਦਲਵੀਰ ਕੌਰ ਦੀ ਨਵੀਂ ਕਾਵਿ ਪੁਸਤਕ ‘ਮਨ-ਕਸੁੰਭਾ’ ਦੀਆਂ ਕਵਿਤਾਵਾਂ ਮਨ ਦੀਆਂ ਪਰਤਾਂ ਦੀ ਸਾਧਨਾ ਕਰਦੀਆਂ ਦਿਖਾਈ ਦਿੰਦੀਆਂ ਹਨ । ਪੰਜਾਬੀ ਕਾਵਿ ਜਗਤ ਵਿੱਚ ਇਹ ਪੁਸਤਕ ਆਪਣੀ ਪਹਿਚਾਣਯੋਗ ਹਾਜ਼ਰੀ ਆਉਣ ਵਾਲੇ ਸਮਿਆਂ ’ਚ ਲਗਵਾਏਗੀ-ਆਮੀਨ ! |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |