28 April 2024

ਚਿਤਵਣੀ : ਚਿੱਤ, ਚਿੰਤਨ ਅਤੇ ਚੇਤਨਤਾ ਦੀ ਕਵਿਤਾ—ਡਾ. ਮਨਮੋਹਨ

‘ਚਿਤਵਣੀ’ ਪੰਜਾਬੀ ਕਾਵਿ-ਜਗਤ ਦੀ ਸਥਾਪਿਤ ਹਸਤਾਖਰ ਦਲਵੀਰ ਕੌਰ ਦਾ ਚੌਥਾ ਕਾਵਿ ਸੰਗ੍ਰਹਿ ਹੈ। ਉਸਦੇ ਹੁਣ ਤੱਕ ਤਿੰਨ ਕਾਵਿ ਸੰਗ੍ਰਹਿ ‘ਸੋਚ ਦੀ ਦਹਿਲੀਜ਼ ‘ਤੇ’ (੨੦੦੩), ‘ਅਹਿਦ’ (੨੦੦੯) ਅਤੇ ‘ਹਾਸਿਲ’ (੨੦੧੩) ਪ੍ਰਕਾਸ਼ਿਤ ਹੋ ਚੁੱਕੇ ਹਨ। ਇਕ ਕਾਵਿ ਸੰਗ੍ਰਹਿ ‘ਕਿਸਾਨੀ ਸੰਘਰਸ਼ ਦਾ ਕਾਵਿ ਸ਼ਬਦ’ (੨੦੨੧) ਉਸ ਵੱਲੋਂ ਸੰਪਾਦਿਤ ਕੀਤਾ ਗਿਆ ਹੈ। ਦਲਵੀਰ ਨੂੰ ਪੰਜਾਬ ਤੋਂ ਇੰਗਲੈਂਡ ਗਿਆਂ ਤਕਰੀਬਨ ਤਿੰਨ ਦਹਾਕੇ ਹੋ ਚੁੱਕੇ ਹਨ। ਸੰਨ ਸੱਤਾਸੀ ‘ਚ ਉਸਨੇ ਪਰਵਾਸ ਦੌਰਾਨ ਸਾਹਿਤ ਪੜ੍ਹਨਾ ਲਿਖਣਾ ਸ਼ੁਰੂ ਕੀਤਾ ਪਰ ਮਹਿਜ਼ ਇੰਗਲੈਂਡ ਵੱਸਦੀ ਹੋਣ ਕਾਰਨ ਉਸਨੂੰ ਕਾਰਨ ਉਸ ਦੀ ਸਮੁੱਚੀ ਕਾਵਿਕਾਰੀ ਨੂੰ ਪਰਵਾਸੀ ਕਵਿਤਾ ਦੀ ਕੈਟੇਗਰੀ ਵਿਚ ਰੱਖ ਕੇ ਨਹੀਂ ਦੇਖਿਆ ਜਾ ਸਕਦਾ। ਇਸਦਾ ਕਾਰਨ ਉਸਦੀ ਮੂਲ ਸੋਚ, ਵਿਚਾਰ ਅਤੇ ਕਾਵਿ ਸਰੋਕਾਰ ਹਨ ਜੋ ਪਰਵਾਸ ਅਤੇ ਆਵਾਸ ਆਰ ਪਾਰ ਫੈਲੇ ਹੋਣ ਕਾਰਨ ਉਸ ਨੂੰ ਪਰਵਾਸੀ ਸਾਹਿਤ ਦੀ ਵਰਗਵੰਡ ਤੋਂ ਮੁਕਤ ਕਰ ਵਿਰਾਟ ਮਾਨਵੀ ਕਦਰਾਂ ਕੀਮਤਾਂ ਨਾਲ ਜੋੜਦੇ ਹਨ।

‘ਚਿਤਵਣੀ’ ਬਾਰੇ ਮਹਾਨ ਕੋਸ਼ (ਪੰਨਾ ੪੦੬) ‘ਚ ਇੰਦਰਾਜ ਹੈ; ‘ਚਿਤਵਨਿ, ਚਿਤਵਨੀ : ਸੰਗਯਾ-ਵਿਚਾਰ, ਸੋਚ। ਗੁਰੂ ਗ੍ਰੰਥ ਸਾਹਿਬ ‘ਚ ਰਾਗ ਕਲਿਆਣ ‘ਚ ਸ਼ਬਦ ਦਰਜ ਹੈ; “ਹਮਰੀ ਚਿਤਵਨੀ ਹਰਿ ਪ੍ਰਭੂ ਜਾਨੈ”। ਮਹਾਨ ਕੋਸ਼ ਦੇ ਇਸੇ ੪੦੬ ਪੰਨੇ ‘ਤੇ ਦੂਸਰਾ ਇੰਦਰਾਜ ਹੈ; ‘ਚਿਤਵਨ : ਸੰਗਯਾ ਚਿੰਤਨ, ਵਿਚਾਰ, ਧਯਾਨ’। ਗੁਰੂ ਗ੍ਰੰਥ ਸਾਹਿਬ ਵਿਚ ਰਾਗ ਕਾਨੜਾ ‘ਚ ਸ਼ਬਦ ਹੈ; “ਚਿਤਵਓੁ ਚਰਨਾਰ ਬਿੰਦ”। ਮਹਾਨ ਕੋਸ਼ ‘ਚ ਚਿਤਵਨੀ ਨੂੰ ਦੇਖਣਾ, ਤੱਕਣਾ, ਅਵਲੋਕਨ, ਨਿਗ਼ਾਹ ਤੇ ਦਿਬਿ ਵੀ ਕਿਹਾ ਗਿਆ ਹੈ।

‘ਚਿਤਵਣੀ’ ਦੀ ਕਾਵਿਕਾਰੀ ਨਾਲ ਰੂ-ਬ-ਰੂ ਹੁੰਦਿਆਂ ਮੇਰੇ ਮਨ ‘ਚ ਸਹਿਜੇ ਹੀ ਭਗਤ ਕਬੀਰ ਦੇ ਸ਼ਲੋਕ ਦੀ ਇਕ ਤੁਕ ਸਿਮਰਨ ਹੋਈ; “ਜਿਨ ਢੂੰਡਾ ਤਿਨ ਪਾਇਆ ਗਹਿਰੇ ਪਾਨੀ ਪੈਠ”। ਸਵੈ ਦੀ ਇਸ ਢੂੰਡ ਲਈ ਚਿੰਤਨ, ਵਿਚਾਰ ਅਤੇ ਧਿਆਨ ਦੀ ਪੈਠ ਜ਼ਰੂਰੀ ਹੈ। ਸਵੈ ਅਵਲੋਕਨ ਹੀ ਚਿਤਵਨ ਪ੍ਰਕਿਰਿਆ ਦੀ ਪ੍ਰਥਮ ਪਾਉੜੀ ਹੈ। ਇਸ ਦੇ ਨਾਲ ਇਸੇ ਭਾਵ ਦਾ ਪ੍ਰਗਟਾਓ ਤੁਲਸੀ ਦਾਸ ‘ਰਾਮ ਚਰਿਤ੍ਰ ਮਾਨਸ’ ‘ਚ ਕਰਦੇ ਹਨ; “ਆਪੂ ਸਰਿਸ ਖੋਜੈ ਕਹਾਂ ਕਾਈ, ਨ੍ਰਿਪ ਤਵ ਤਨਯ ਹੋਵ ਮੈਂ ਆਈ” ਭਾਵ ਆਪਣੇ ਆਪ ਦੀ ਤਲਾਸ਼ ਕਰ।

‘ਚਿਤਵਣੀ’ ਦੀਆਂ ਕਵਿਤਾਵਾਂ ਪੜ੍ਹਦਿਆਂ ਦਲਵੀਰ ਦੀ ਚਿੰਤਨੀ, ਅਵਲੋਕਨੀ ਅਤੇ ਵਿਚਾਰਕ ਸੋਚ ਅਤੇ ਸੂਝ ਸਮਝ ਦਾ ਪ੍ਰਤੌਅ ਇਨ੍ਹਾਂ ਸੱਤ ਵਿਸਤ੍ਰਿਤ ਕਾਵਿ-ਵਰਗਾਂ ਵਿਚ ਦਿਖਾਈ ਦਿੰਦਾ ਹੈ। ਕਿਸੇ ਵੀ ਕਵੀ ਦਾ ਦ੍ਰਿਸ਼ਟੀਕੋਣ ਉਸਦਾ ਜੀਵਨ ਦਰਸ਼ਨ ਤਹਿ ਕਰਦਾ ਹੈ। ਅੱਜ ਦੇ ਵਿਸ਼ਵੀਕਰਨ ਦੇ ਯੁੱਗ ਵਿਚ ਜਿੱਥੇ ਉਤਰਆਧੁਨਿਕ ਪ੍ਰਵਚਨਾਂ ਹੇਠ ਸਾਰੇ ਕੇਂਦਰ ਟੁੱਟ ਰਹੇ ਹਨ ਉਥੇ ਕਿਸੇ ਨਵੇਂ ਸੰਤੁਲਿਤ ਅਤੇ ਤੰਦਰੁਸਤ ਦ੍ਰਿਸ਼ਟੀਕੋਣ ਰੱਖਣਾ ਚੁਣੌਤੀਪੂਰਨ ਹੈ। ਅਮਰੀਕੀ ਪ੍ਰਕਿਰਤੀਵਾਦੀ ਈ. ਓ. ਵਿਲਸਨ ਜਿਸ ਨੂੰ ਉਤਰਆਧੁਨਿਕ ਡਾਰਵਿਨ ਵੀ ਕਿਹਾ ਗਿਆ ਹੈ, ਦਾ ਕਹਿਣਾ ਹੈ; “We have stone age’s emotions, medieval institutions and god-like technologies. That equation of human evolution have puzzled even the most organized democratic societies.

ਕਹਿਣ ਦਾ ਭਾਵ ਹੈ ਕਿ ਇਸ ਤਰ੍ਹਾਂ ਦੇ ਆਲੇ ਦੁਆਲੇ ਅਤੇ ਪ੍ਰਾਪਤ ਮਾਹੌਲ ਵਿਚ ਕਿਸੇ ਸੰਵੇਦਨਸ਼ੀਲ ਸਿਰਜਕ ਜਾਂ ਸ਼ਬਦ ਸਾਧਕ ਦਾ ਕਿਹੋ ਜਿਹਾ ਜੀਵਨ ਦਰਸ਼ਨ ਹੋਵੇਗਾ ਉਸਦਾ ਬਿੰਬ ਦਲਵੀਰ ਦੀਆਂ ਇਨ੍ਹਾਂ ਕੁਝ ਕਵਿਤਾਵਾਂ ਵਿਚੋਂ ਉਭਰਦਾ ਹੈ ਜਿਵੇਂ ‘ਵਾ-ਵਰੋਲੇ’, ‘ਪੱਤਝੜ’, ‘ਮੌਲਦੇ ਕਣ’, ‘ਹੇ ਕੁਦਰਤ’, ‘ਸੱਚਾ ਜਨਮ’, ‘ਇੰਤਹਾਅ’, ‘ਨੰਨ ਸਾਧਵੀ’, ਅਤੇ ‘ਬੋਧ’। ‘ਵਾਵਰੋਲੇ’ ਕਵਿਤਾ ਵਿਚ ਮੌਤ ਦੇ ਸੰਦਰਭ ਵਿਚ ਜੀਵਨ ਕਿਵੇਂ ਸਧਾਰਣ ਨਕਸ਼ਾਂ ਵਿਚ ਆਪਣੀ ਹਾਜ਼ਰੀ ਲਵਾ ਰਿਹਾ ਹੁੰਦਾ ਹੈ;

ਜਾਣ ਵਾਲੇ ਤੇ
ਚਲੇ ਹੀ ਜਾਣਾ ਹੁੰਦੈ…!
ਅੱਖਾਂ ਪੈਰਾਂ ਤੋਂ ਦੂਰ
ਕੜ੍ਹਾ ਇਹ ਬੁੱਤ
ਰਾਹਾਂ ਥਾਵਾਂ ਵਿੱਚ
ਭਾਲਦਾ ਰਹਿੰਦਾ

ਕਿਧਰੇ ਕੋਈ ਬੋਲ
ਕੰਧ ਤੇ ਉਕਰੀ ਕੋਈ ਲਕੀਰ…!

ਕਿਸੇ ਕਿਤਾਬ ਦਾ ਮੜਿਆ ਪੰਨਾ… (ਪੰਨਾ ੪੫)

‘ਚਿਤਵਣੀ’ ਦੀਆਂ ਬਹੁਤ ਸਾਰੀਆਂ ਕਵਿਤਾਵਾਂ ਵਿਚੋਂ ਦਲਵੀਰ ਦੀ ਰਾਜਨੀਤਕ ਸੂਝ ਸਮਝ ਜੋ ਖ਼ਾਸ ਰੂਪ ‘ਚ ਇੰਗਲੈਂਡ ਪਰਵਾਸ ਦੌਰਾਨ ਹੋਰ ਤਿੱਖੀ ਅਤੇ ਤੀਖਣ ਹੋਈ ਹੈ। ਅਮਰੀਕੀ ਨਵਮਾਰਕਸਵਾਦੀ ਚਿੰਤਕ ਫਰੈਡਰਿਕ ਜੇਮਸਨ ਆਪਣੀ ਕਿਤਾਬ ‘ਠਹੲ ਫੋਲਟਿਚਿੳਲ ੂਨਚੋਨਸਚiੋੁਸ’ ਵਿਚ ਲਿਖਦਾ ਹੈ ਕਿ ਕੋਈ ਵੀ ਲਿਖਤ ਰਾਜਨੀਤਕ ਚੇਤਨਾ ਤੋਂ ਵਿਛੁੰਨੀ ਨਹੀਂ ਹੁੰਦੀ। ਰਾਜਨੀਤੀਕ ਸੂਝ ਉਦੋਂ ਹੋਰ ਸੁਘੜ ਹੁੰਦੀ ਹੈ ਜਦੋਂ ਬੰਦੇ ਬਾਹਰੀ ਯਥਾਰਥ ਦੀਆਂ ਔਕੜਾਂ ਨਾਲ ਦੋਚਾਰ ਹੁੰਦਾ ਹੈ ਉਸਦੀ ਸੋਚ ਦਾ ਦਿੱਸਹਦਾ ਹੋਰ ਵਿਸ਼ਾਲ ਹੁੰਦਾ ਹੈ। ਪਰਵਾਸ ਇਸ ਪ੍ਰਕਿਰਿਆ ਨੂੰ ਹੋਰ ਤੀਖਣ ਕਰਦਾ ਹੈ। ਦਲਵੀਰ ਦੀਆਂ ਕਈ ਕਵਿਤਾਵਾਂ ਜਿਵੇਂ ‘ਪਤਾਇਆ ਬੀਚ ਥਾਈਲੈਂਡ’, ‘ਪਨਾਹਗੀਰੀ’, ‘ਅਸਾਇਲਮ ਪੋਲਿਸੀ’, ‘ਖ਼ਰਗੋਸ਼’, ਅਤੇ ‘ਪੰਜਾਬ’ ਆਦਿ ਵਿਚ ਇਸ ਦੀ ਪ੍ਰਤੱਖ ਝਲਕ ਦਿਖਾਈ ਦਿੰਦੀ ਹੈ। ਅਮੀਰੀ ਗ਼ਰੀਬੀ ਦਾ ਪਾੜਾ ਸਰਵਵਿਆਪਕ ਵਰਤਾਰਾ ਹੈ। ਅਰਥ ਸ਼ਾਸਤਰੀ ਥਾਮਸ ਪਿੱਕਟੀ ਆਪਣੀ ਕਿਤਾਬ ‘Capital in Twenty First Century’ ਵਿਚ ਲਿਖਦਾ ਹੈ ਕਿ ਪੂਰੇ ਸੰਸਾਰ ਵਿਚ ਅਮੀਰ ਤੇ ਗ਼ਰੀਬ ਵਿਚ ਵੱਧ ਰਿਹਾ ਆਰਥਿਕ ਪਾੜਾ ਜਿਸ ਕਾਰਨ ਸੋਸ਼ਣ ਦੇ ਵੱਧਣਾ ਵੱਡੀ ਚਿੰਤਾ ਦਾ ਵਿਸ਼ਾ ਹੈ। ਦਲਵੀਰ ਦੀ ਸੰਵੇਦਨਾ ਲਈ ਥਾਈਲੈਂਡ ਦੇ ਪਤਾਇਆ ਬੀਚ ‘ਤੇ ਇਹ ਪਾੜਾ ਬੜਾ ਅਸਹਿ ਹੈ। ਉਸਨੂੰ ਅਮੀਰ ਬੰਦਾ ਅਤੇ ਪੈਸਾ ਇਕ ਦੂਜੇ ਦੇ ਪ੍ਰਤੀਰੂਪ ਲੱਗਦੇ ਹਨ;

 

ਥਾਈ ਖਾਣਾ ਥਾਈ ਮਾਲਿਸ਼
ਕੋਕੋਨੱਟ ਪਾਣੀ…
ਸਮੁੰਦਰੀ ਬੇੜੇ ਲੈ ਤੁਰਦੀਆਂ
ਦਿਖਾਣ ਲਈ ਕੈਸੇ ਕੈਸੇ ਕਮਾਲ !
ਬੇੜੇ ਚੀਖਦੇ ਤੱਟ ‘ਤੇ
ਕੁਝ ਕੁ ਹੋਰ ਸਵਾਰੀਆਂ
ਅਰਬਪਤੀ ਲੋਕ !
ਖਾਣ ਤੁਰਦੇ !
ਕੱਚਾ ਗ਼ਰੀਬ ਮਾਸ !
ਪੈਸਾ ਗਿਣ ਕੇ ਹੱਥੀਂ ਧਰਦੇ !
ਥਾਈਲੈਂਡ, ਫਿਲਪਾਈਨ, ਮਲੇਸ਼ੀਆ
ਮੁੰਡੇ ਕੁੜੀਆਂ ਜੰਮਦੇ
ਨਿਰੇ ਝੀਂਗੇ, ਮੱਛੀਆਂ, ਪੂੰਗ ਵਾਂਗ !
ਕੀ ਕੀ ਖਾਣ ਆਉਂਦਾ ਪੈਸਾ
ਅਮੀਰ ਦੇਸ਼ਾਂ ਤੋਂ ! (ਪੰਨਾ ੩੮)

ਪਰਵਾਸੀ ਦੋਹਰਾ ਹੇਰਵਾ ਭੋਗਦਾ ਹੈ। ਪਰਦੇਸ ‘ਚ ਰਹਿੰਦਿਆਂ ਉਸ ਨੂੰ ਦੇਸ ਦੀ ਚਿੰਤਾ ਹੁੰਦੀ ਹੈ। ਜਦ ਉਹ ਦੇਸ ਪਰਤਦਾ ਹੈ ਤਾਂ ਉਸਨੂੰ ਪ੍ਰਦੇਸ ‘ਚ ਆਪਣੇ ਹਿੱਤਾਂ ਨੂੰ ਲੈ ਕੇ ਚਿੰਤਾ ਰਹਿੰਦੀ ਹੈ। ‘ਪੰਜਾਬ ੨੦੨੦’ ਅਤੇ ‘ਅਸਾਇਲਿਮ ਪੋਲਸੀ’ ਅਜਿਹੀਆਂ ਜੋ ਇਸ ਦਵੰਦ ਨੂੰ ਰੂਪਕੀ ਕਾਵਿ ਭਾਸ਼ਾ ‘ਚ ਦਲਵੀਰ ਨੇ ਵਿਅਕਤ ਕੀਤਾ ਹੈ। ਭਾਸ਼ਾ ਦਾਰਸ਼ਨਿਕ ਵਿਟਜਿਨਸਟਾਈਨ ਦਾ ਇਸ ਦਵੰਦ ਬਾਰੇ ਕਹਿਣਾ ਹੈ ਕਿ ਭਾਸ਼ਾ ਵਾਂਗ ਇਹ ਬੰਦੇ ਦੀ ਹੋਂਦ ਦਾ ਹੇਤੂ ਬਣ ਜਾਂਦਾ ਕਿਉਂ ਇਸ ਵਿਚ ਚੋਣ ਹੀ ਗ਼ੁਲਾਮੀ ਦਾ ਬਾਇਸ ਬਣ ਜਾਂਦੀ ਹੈ। ਕਵਿਤਾ ‘ਅਸਾਇਲਿਮ-ਪੋਲਸੀ’ ‘ਚ ਇਸ ਦਵੰਦ ਸਥਿਤੀ ਨੂੰ ਬੜੇ ਸਟੀਕ ਰੂਪਕਾਂ ‘ਚ ਦ੍ਰਿਸ਼ਾਇਆ ਗਿਆ ਹੈ;

ਇਤ ਬਿੱਧ ਬੰਦਾ ਮੁੱਕ ਗਿਆ
ਉਸ ਲਈ ਇਹ ਥਾਵਾਂ
ਇੰਝ ਹੀ ਸਨ
ਜਿਵੇਂ ਕਿਸੇ ਟਾਪੂ ‘ਤੇ
ਕੋਈ ਇੱਕ ਟੰਗਾ…ਪਰਿੰਦਾ !
ਸੋਚਾਂ ਵਿਚ ਉਡਦਾ ਹੈ
ਦੂਜੇ ਦੀ ਅੱਖ ਨਾਲ ਵੇਖਦਾ ਹੈ !
ਆਖ਼ਿਰ ਕਿੰਨਾ ਚਿਰ ਭਟਕੇਗਾ !
ਜਿਸਮ-ਜਾਨ ਤਾਂ ਆਮ ਵਾਂਗ ਹੀ ਨੇ
ਪਰ ਬੇ-ਘਰੀ ਕਿਸੇ ਖ਼ਾਸ ਵਾਂਗ ! (ਪੰਨਾ ੪੨)

‘ਚਿਤਚਣੀ’ ਦੀਆਂ ਕਈ ਕਵਿਤਾਵਾਂ ਵਿਚ ਦਲਵੀਰ ਕਾਵਿ ਸਿਰਜਣ ‘ਚ ਕਾਵਿ ਰਸ ਦਾ ਉਤਪਾਦਨ ਕਰਦੀ ਹੋਈ ਭਾਰਤੀ ਕਾਵਿ ਸ਼ਾਸਤਰੀ ਟੂਕ ‘ਕਾਵਯਮ ਵਾਕਯਮ ਰਸਾਤਮ’ ਦਾ ਅਨੁਸਰਣ ਕਰਦੀ ਦਿਖਾਈ ਦਿੰਦੀ ਹੈ। ਇਨ੍ਹਾਂ ਕਵਿਤਾਵਾਂ ਵਿਚ ਸ਼ਾਮਿਲ ਹਨ; ‘ਤਿਲਕਣ’, ‘ਮਿਸਟਰੀ ਫਲ’, ‘ਹਵਾ ਅੱਗ ਪਾਣੀ’ ਅਤੇ ‘ਵਸਲ ਤੇ ਵਿਸਾਲ’ ਆਦਿ। ਰੋਲਾਂ ਬਾਰਥ ਆਪਣੀ ਕਿਤਾਬ ” ਵਿਚ ਇਸ ਤਰ੍ਹਾਂ ਦੇ ਕਾਵਿ ਪਾਠ ਨੂੰ ਦੇਹ ਦੇ ਰਸ ਨਾਲ ਜੋੜ ਕੇ ਦੇਖਦਾ ਹੋਇਆ ਕਹਿੰਦਾ ਹੈ; ‘The Pleasure of the text is that moment when my body begins to follow its own ideas- because my body doesn’t has the same ideas as me. ’, ਕਵਿਤਾ ‘ਅੱਗ ਹਵਾ ਪਾਣੀ’ ਵਿਚ ਦਲਵੀਰ ਕਹਿੰਦੀ ਹੈ;

ਚੇਤਿਆਂ ਵਿਚ ਉਸਦੀ ਗ਼ੈਰ ਹਾਜ਼ਰੀ
ਵੇਲੇ ਨੂੰ ਚਿਤਵਦਾ ਮਨ !
ਦੋਵੇਂ ਸਰੀਰ ਸਾਂਹਵੇਂ ਧਰ
…ਮੈਂ ਨਿੱਕੀ ਇਕਾਈ ਨਾਲ ਜਾ ਜੁੜੀ
ਧੜਕਣ ਦੀ ਆਵਾਜ਼
ਤੇ ਖ਼ੂਨ ਦਾ ਦਬਾਉ
ਸਮੇਂ ਵਿਚਕਾਰ ਸੀ
ਪਰ…ਸ਼ੁਕਰਾਣੂਆਂ ਦੀ ਖੇਡ
ਵੱਖ ਵੱਖ ਦਿਸ਼ਾਵਾਂ ਪਕੜ ਚੁੱਕੀ ਸੀ… (ਪੰਨਾ ੫੭)

ਸ਼ਬਦ ਦੀ ਥਾਹ ਪਾਉਣੀ ਹਰ ਕਵੀ ਦੇ ਹਿੱਸੇ ਨਹੀਂ ਆਉਂਦੀ। ਸਿੱਧ ਗੋਸ਼ਟਿ’ ਵਿਚ ਗੁਰੂ ਨਾਨਕ ਸਾਹਿਬ ‘ਸ਼ਬਦ ਗੁਰ ਸੁਰਤਿ ਧੁਨਿ ਚੇਲਾ’। ਸ਼ਬਦ ਦੀ ਥਾਹ ਪਾਉਣ ‘ਤੇ ਗਿਆਨ ਪਹਿਲਾਂ ਸੌਂਦਰਯ ਤੇ ਸੁਹਜ ਦੋਇਮ ਹੈ। ਗੁਰੂ ਨਾਨਕ ਦਾ ਸੌਂਦਰਯ ਨਿਰਗੁਣ ਹੈ। ਸੁਰਗੁਣ ਵਿਚੋਂ ਵੀ ਨਿਰਗੁਣ ਹੈ। ਦਲਵੀਰ ਦੀ ਕਵਿਤਾ ਵਿਚ ਸ਼ਬਦ ਗਿਆਨ ਤੇ ਸ਼ਬਦ ਸੁਹਜ ਪ੍ਰਤੀਰੂਪੀ ਸਰੂਪ ਵਿਚ ਇਕ ਦੂਜੇ ਨੂੰ ਬਣਾਉਂਦੇ ਤੇ ਇਕ ਦੂਜੇ ਵਿਚੋਂ ਬਣਦੇ ਹਨ। ਸ਼ਬਦ ਦੀ ਇਹ ਸਾਧਨਾ ਦਲਵੀਰ ਦੀਆਂ ਨਹੁਤ ਸਾਰੀਆਂ ਕਵਿਤਾਵਾਂ ਵਿਚੋਂ ਪ੍ਰਲਕਿਸ਼ਤ ਹੁੰਦੀ ਹੈ ਜਿਵੇਂ ‘ਮੌਨ’, ‘ਸ਼ਬਦਾਂ ਤੋਂ ਦੂਰ ਜਾ ਕੇ’, ਮਾਂ ਦੇ ਦਿੱਤੇ ਸ਼ਬਦ’, ‘ਉਹ ਆਵਾਜ਼’ ਅਤੇ ‘ਚੰਦ ਪੈਰੀਂ ਤੁਰਦਾ ਸ਼ਬਦ’। ਪ੍ਰਕਿਰਤੀ ਦੀ ਵਿਰਾਟਤਾ ਦੇ ਪ੍ਰਸੰਗ ਵਿਚ ਸ਼ਬਦ ਦੇ ਪਾਰਾਵਾਰ ਦੀ ਥਾਹ ਪਾਉਂਦੀ ਉਸਦੀ ਕਵਿਤਾ ‘ਆਤਮ ਉਡਾਣ’ ਇਸ ਸੰਦਰਭ ‘ਚ ਬੜੀ ਸਟੀਕ ਹੈ;

ਖੋਰੇ ਕਦੋਂ ਉੱਗਿਆ
ਉੱਗ ਉੱਠਣ ਦਾ ਝੱਲ
ਤੇ ਕਿੰਝ ਦਾ ਸੀ
…ਮਿੱਟੀ ਪਾਣੀ ਨੂੰ ਚਾਅ !
ਕਿਵੇਂ ਪਰਤਿਆ ਅੱਖਾਂ ਬਣ
…ਵੇਖਣ ਦਾ ਵੱਲ !
ਮੇਰੇ ਆਪੇ ਤੋਂ ਉੱਚਾ
ਮੇਰੇ ਅੰਦਰ ਫੈਲੇ !
ਵਿਸਮਾਦੀ ਕਾਇਆ….
…ਸ਼ਬਦ ਵਿਗੁੱਤੀ ! (ਪੰਨਾ ੧੭)

ਪ੍ਰੇਮ ਹਰ ਭਾਸ਼ਾ ਦੀ ਕਵਿਤਾ ਦਾ ਪ੍ਰਬਲ ਪਾਸਾਰ ਰਿਹਾ ਹੈ। ਪ੍ਰੇਮ ਭਾਵ ਦੀਆਂ ਕਈ ਕਵਿਤਾਵਾਂ ਜਿਵੇਂ ‘ਹੁਣ ਤੂੰ’, ‘ਫੇਰੀ’ ‘ਚਿਤਵਣੀ’ ਵਿਚ ਦਰਜ ਹਨ ਜਿਨ੍ਹਾਂ ਵਿਚ ਪ੍ਰੇਮ ਭਾਵ ਦੇਹਿਕਤਾ ਤੋਂ ਪਾਰ ਪਰਾਭੌਤਿਕਤਾ ਦੇ ਮੰਡਲਾਂ ਨੂੰ ਛੂੰਹਦਾ ਹੈ। ਪ੍ਰੇਮ ਦਾ ਇਹ ਅਨੁਭਵ ਦੋ ਪ੍ਰੇਮੀਆਂ ਦਾ ਮਿਲਣ ਸਵੰ ਵਕਤਾ ਹੋ ਜਾਂਦਾ ਹੈ ਕਿਉਂ ਕਿ ਇਸ ਭਾਵ ਵਿਚ ਸਾਰੀਆਂ ਹੋਂਦਾਂ ਆਪਿਸ ਵਿਚ ਵਿਲੀਨ ਹੋ ਜਾਂਦੀਆਂ ਹਨ। ਭਗਤ ਰਵਿਦਾਸ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ੬੯੪ ‘ਤੇ ਫਰਮਾਉਂਦੇ ਹਨ; “ਬਹੁਤ ਜਨਮੁ ਬਿਛੁਰੇ ਥੇ ਮਾਧਉ ਇਹੁ ਜਨਮੁ ਤੁਮ੍ਹਾਰੇ ਲੇਖੇ॥ ਕਹੇ ਰਵਿਦਾਸ ਆਸ ਲਗਿ ਜੀਵਉ ਚਿਰ ਭਇਓ ਦਰਸ਼ਨ ਦੇਖੇ॥”। ਦਲਵੀਰ ਦੀ ਕਵਿਤਾ ‘ਮਿਲਾਪ ਆਖਦਾ ਹੈ’ ਮਿਲਾਪ ਸਵੰ ਕਰਤਾ ਹੋ ਜਾਂਦਾ ਹੈ ਅਤੇ ਸਗਲ ਕੁਦਰਤ ਦਾ ਕਾਦਰ ਇਸ ਮਿਲਣ ਦੀ ਕਲਪਨਾ ਵਿਚ ਮੇਲ ਦਾ ਸਾਕਸ਼ੀ ਹੋ ਜਾਂਦਾ ਹੈ। ਇਹ ਸਾਕਸ਼ੀ ਭਾਵ ਹੀ ਦ੍ਰਸ਼ਟਾਭਾਵ ਹੈ;

“ਏਸ ਜਨਮ ‘ਚ ਮਿਲਿਆ ਹੈ ਉਹ !
ਤਾਂ ਹਰ ਜਨਮ ਮਿਲੇਗਾ” !
ਮੈਂ ਸੰਮੋਹਿਤ ਹਾਂ ਹੁਣ
ਏਸ ਖ਼ਿਆਲ ਅੰਦਰ…
ਕਾਦਰ
ਮੇਰਾ ਗਵਾਹ ਹੋ ਗਿਆ ਹੈ ! (ਪੰਨਾ ੨੧)

ਪ੍ਰੇਮ ਦਾ ਭਾਵ ਜਦੋਂ ਹੋਰ ਸੂਖ਼ਮ ਭਾਵ ਮੰਡਲਾਂ ਵਿਚ ਪ੍ਰਵੇਸ਼ ਕਰ ਜਾਂਦਾ ਹੈ ਤਾਂ ਸਿਰਜਣਾ ਦਾ ਸੁਰ ਰਹੱਸਵਾਦੀ/ਰਮਜ਼ੀ ਅਨੁਭਵ ਦਾ ਹੋ ਜਾਂਦਾ ਹੈ। ਇਸ ਕਾਰਨ ਕਵਿਤਾ ਅਮੂਰਤਤਾ ਦੇ ਪ੍ਰਕਰਣ ਵਿਚ ਪੈ ਕੇ ਬੌਧਿਕ ਤੇ ਅਧਿਆਤਮਕ ਬ੍ਰਹਿਮੰਡਕਤਾ ਵਿਚ ਜਾ ਆਪਣੀ ਸਵੈ ਦੀ ਪਹਿਚਾਣ ਕਰਦੀ ਦਿਖਾਈ ਦਿੰਦੀ ਹੈ। ਭਾਰਤੀ ਦਰਸ਼ਨ ਪਰੰਪਰਾ ਵਿਚ ਇਹ ਮੱਤ ਹੈ; ‘ਬ੍ਰਹਮਦੇਵ ਬ੍ਰਹੌਵ ਭਵਤਿ’ ਭਾਵ ਬ੍ਰਹਮ ਨੂੰ ਜਾਨਣ ਵਾਲਾ ਆਪ ਬ੍ਰਹਮ ਹੋ ਜਾਂਦਾ ਹੈ। ‘ਚਿਤਵਣੀ’ ਵਿਚ ਇਸ ਭਾਵ ਨੂੰ ਪ੍ਰਗਟ ਕਰਦੀਆਂ ਕਵਿਤਾਵਾਂ ਹਨ; ‘ਰਮਜ਼’, ‘ਹਸਤੀ’, ‘ਜਸ਼ਨ’ ਅਤੇ ‘ਕਿਣਮਿਣ’। ‘ਰਮਜ਼’ ਕਵਿਤਾ ਵਿਚ ਰਹੱਸਭਾਵ ਸਿੱਖ ਸਭਿਆਚਾਰਕ ਇਤਿਹਾਸਕਤਾ ਵਿਚੋਂ ਆਪਣਾ ਵੱਥ ਗ੍ਰਹਿਣ ਕਰਦਾ ਹੈ;

ਅੱਲਾ ਯਾਰ ਖਾਂ ਯੋਗੀ
ਕਦੇ ਕਦੇ ਹੀ ਲਿਖਦਾ ਹੈ
ਸਾਹਿਬੇ ਕਮਾਲ ਦੀ ਉਸਤਤ
ਕਦੇ ਕਦੇ ਹੀ ਜਨਮਦਾ ਹੈ ਮਾਧੋਦਾਸ
ਬਣਨ ਲਈ ਬੰਦਾ
ਕਦੇ ਕਦੇ ਹੀ ਸਾਂਭਦੀ ਹੈ ਕੁਦਰਤ
ਸਾਂਈ ਮੀਆਂ ਮੀਰ ਪਾਸ
ਰਮਜ਼ ਦੀ ਕੁੰਜੀ !! (ਪੰਨਾ ੬੪)

‘ਚਿਤਵਣੀ’ ਦੀ ਕਾਵਿਕਾਰੀ ਮਨੋਵਿਗਿਆਨ, ਵਿਗਿਆਨ ਤੇ ਗਿਆਨ ਦੇ ਪਰਿਵੇਸ਼ ਨੂੰ ਵੀ ਕਾਵਿ ਵੱਥ ਬਣਾਉਂਦੀ ਹੈ। ਇਹ ਪਰਿਵੇਸ਼ ਦਲਵੀਰ ਨੇ ਆਪਣੇ ਨਿੱਜੀ ਅਧਿਐਨ, ਕਿੱਤਾ ਖੇਤਰ ਦਾ ਸੰਵੇਦਨਸ਼ੀਲ ਅਨੁਭਵ ਅਤੇ ਪਰਵਾਸੀ-ਆਵਸੀ ਅਨੁਭੂਤੀਆਂ ਵਿਚੋਂ ਅਰਜਿਤ ਕੀਤਾ ਹੈ। ਇਨ੍ਹਾਂ ਨੂੰ ਆਪਣੀ ਕਾਵਿ ਭਾਸ਼ਾ ‘ਚ ਉਹ ਕਿਸੇ ਉਚੇਚ ਨਾਲ ਨਹੀਂ ਬਲਕਿ ਬੜੇ ਸਹਿਜ ਭਾਵ ਨਾਲ ਅੰਗੀਕਾਰ ਕਰਦੀ ਹੈ। ਉਹ ਆਪਣੀਆਂ ਕਈ ਕਵਿਤਾਵਾਂ ਜਿਵੇਂ ‘ਰਿਸ਼ਤੇ’, ‘ਸਿਮਰਤੀ ਨਾੜੂ’, ‘ਤੂੰ ਕੌਣ ਮੈਂ’, ‘ਅਗਲੇਰੇ ‘ਪੰਧ’, ‘ਚਾਇਲਡ ਅਬਿਊਜ਼’, ‘ਮਰੀਜ਼’, ‘ਵਾਯੂ ਮੰਡਲ’, ‘ਸੌਰਗੇਟ ਮਾਂ’, ‘ਵਹਿਮ’, ਅਤੇ ‘ਮੰਗਲ ਗ੍ਰਹਿ ‘ਤੇ’ ਵਿਚ ਚਾਰਲਿਸ ਡਾਰਵਿਨ, ਸਿਗਮੰਡ ਫਰਾਇਡ, ਗੈਲੀਲੀਓ ਅਤੇ ਨਿਊਟਨ ਦੀ ਸਿਧਾਂਤਕ ਸੂਝ ਨੂੰ ਆਪਣੇ ਸਭਿਆਚਾਰਕ ਅਤੇ ਸਮਾਜਿਕ ਚਿਤਵਣ-ਮਨਨ ‘ਚ ਸਮਾਹਿਤ ਕਰਦੀ ਹੋਈ ਪੰਜਾਬੀ ਕਵਿਤਾ ਦੇ ਜਗਤ ਵਿਚ ਵਿਲੱਖਣ ਕਾਵਿ ਮੁਹਾਵਰਾ ਸਿਰਜਦੀ ਹੈ। ਇਸ ਸੰਦਰਭ ਵਿਚ ਉਸਦੀ ਕਵਿਤਾ ‘ਸਿਮਰਤੀ ਨਾੜੂ’ ਬੜੀ ਸਟੀਕ ਉਦਾਹਰਣ ਹੈ;

ਕੁਝ ਕੁ ਡਰ
ਮਾਂ ਦੇ ਨਾੜੂ ‘ਚ ਸਨ
ਤੇ ਕੁਝ ਇੱਕ…
ਗਰਭ ਜਨਮ ਦੀ ਸਾਂਝ ਨੇ
ਮੇਰੀ ਝੋਲੀ ਧਰ ਦਿੱਤੇ !
ਮੇਰਾ ਇਕ ਫੇਫੜਾ ਮੋਮ ਦਾ ਏ
ਤੇ ਦੂਜਾ ਪੱਥਰ !
ਮੈਂ ਚਾਰਲਿਸ ਡਾਰਵਿਨ ਦੀ
ਪ੍ਰਯੋਗਸ਼ਾਲਾ ਵਿਚ ਵਿਗਸਦੀ
ਸਿਗਮੰਡ ਫਰਾਇਡ ਦਾ ਉਬਾਲ ਸੰਭਾਲਦੀ !
ਨਿਊਟਨ ਦੀ ਖਿੱਚ ਸ਼ਕਤੀ
ਸੰਸਕਾਰੀ ਪੈਰਾਂ ਨਾਲੋਂ ਤੋੜਦੀ-ਬੰਨ੍ਹਦੀ
ਤੜਕਸਾਰ…
ਗੁੜਤੀ ‘ਚ ਮਿਲੇ ਦੀ
ਰਾਖੀ ਕਰਦੀ !
ਹੈ ਇਹ ਕੇਹਾ ਨਾੜੂ ਬੰਧਨ ! (ਪੰਨਾ ੨੭)

ਅੰਤ ਵਿਚ ਕਿਹਾ ਜਾ ਸਕਦਾ ਹੈ ਕਿ ‘ਚਿਤਵਣੀ’ ਦੀ ਕਾਵਿਕਾਰੀ ਆਪਣੀ ਵਿਲੱਖਣ ਕਾਵਿ ਭਾਸ਼ਾ, ਕਾਵਿ ਵੱੱਥ ਅਤੇ ਪ੍ਰਗਟਾਵੇ ਕਾਰਨ ਪੰਜਾਬੀ ਕਵਿਤਾ ਜਗਤ ਵਿਚ ਪਛਾਣ ਬਣਾਉਂਦੀ ਦਿੱਖ ਰਹੀ ਹੈ। ਉਸਨੇ ਆਪਣੇ ਜੀਵਨ ‘ਚੋਂ ਕਸ਼ੀਦੇ ਪ੍ਰਮਾਣਿਕ ਅਨੁਭਵਾਂ ਨੂੰ ਵਿਅਕਤ ਕਰਨ ਲਈ ਪ੍ਰਮਾਣਿਕ ਭਾਸ਼ਾ ਸਿਰਜਦੀ ਹੈ। ਇਸ ਤਰਕ ਦੀ ਤਸਦੀਕ ਉਪਰ ਕੀਤੇ ਕਾਵਿ ਵਿਸ਼ਲੇਸ਼ਣ ਅਤੇ ਮੁਲਾਂਕਣ ਚੋਂ ਸਹਿਜੇ ਹੀ ਝਲਕਦੀ ਹੈ। ‘ਚਿਤਵਣੀ’ ਕਾਵਿ ਸੰਗ੍ਰਹਿ ‘ਚ ਚਿੱਤ, ਚਿੰਤਨ ਅਤੇ ਚੇਤਨਤਾ ਨਾਲ ਸਬੰਧਿਤ ਕਾਵਿ ਵੱਥ ਅਤੇ ਭਾਸ਼ਾ ਦੀ ਵਿਲੱਖਣਤਾ ਦੇ ਨਾਲ ਇਸ ਦੀ ਸੁਹਜਾਤਮਕ ਦਿੱਖ, ਪੇਸ਼ਕਾਰੀ, ਸ਼ਬਦ ਜੜਤ ਅਤੇ ਰੇਖਾ ਚਿੱਤਰ ਇਸ ਨੂੰ ਹੋਰ ਪੜ੍ਹਨਯੋਗਤਾ ਪ੍ਰਦਾਨ ਕਰਦੇ ਹਨ।
***
8283948811
mmsingh_63@rediff.com
***
829
***

About the author

ਡਾ. ਮਨਮੋਹਨ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ