26 April 2024

ਤਿੰਨ ਕਵਿਤਾਵਾਂ—ਅਰਤਿੰਦਰ ਸੰਧੂ

1. ਪਰਦੇਸੀ ਹੋਏ ਬੱਚਿਓ, 2. ਆਈ ਹੀ ਸੈਂ ਜੇ ਜ਼ਿੰਦਗੀ, ਅਤੇ 3. ਜਿਸ ਸਾਵਣ ਨੂੰ ਤਾਂਘ ਰਹੇ ਹਾਂ

 

 

 

 

 

 

1. ਪਰਦੇਸੀ ਹੋਏ ਬੱਚਿਓ

ਪਰਦੇਸੀ ਹੋਏ ਬੱਚਿਓ, ਜਦ ਜ਼ਿੰਦਗੀ ਨੂੰ ਚੱਖਣਾ
ਘਰ ਦਾ ਚੇਤਾ ਆਵੇ ਤਾਂ, ਆਪਣਾ ਖਿਆਲ ਰੱਖਣਾ

ਘਰ ਤਾਂ ਸਾਹ ਦਰ ਸਾਹ, ਤੁਹਾਨੂੰ ਇਸ ਤਰਾਂ ਚੇਤੇ ਕਰੇ
ਕਰ ਰਹੀ ਧਰਤੀ ਜਿਵੇਂ, ਸੂਰਜ ਦੀ ਨਿੱਤ ਪਰਦੱਖਣਾ

ਬਿੜਕ ਬਿੜਕ ਜੀਂਦਿਆਂ ਹੁਣ, ਤਿੜਕ ਤਿੜਕ ਪੈ ਰਿਹਾ
ਸਿਰਜ ਕੇ ਸ਼ਾਹਕਾਰ ਕਈ, ਰੀਝਾਂ ਦਾ ਵਿਹੜਾ ਸੱਖਣਾ

ਖਿੱਲਰੀ ਜਿਹੀ ਜਿੰਦ ਤੇ, ਆਸਾਂ ਦੇ ਟਾਂਕੇ ਲਾਉਂਦਿਆਂ
ਜੀਣ ਦੇ ਸੁਪਨੇ ਨੂੰ ਘਰ, ਚਾਹੁੰਦਾ ਏ ਸਾਂਭੀ ਰੱਖਣਾ

ਨਵੀਆਂ ਹਵਾਵਾਂ ਮਾਣਦੇ, ਰੰਗ ਜ਼ਿੰਦਗੀ ਦੇ ਛਾਣਦੇ
ਕੁਝ ਰੰਗ ਇਸ ਮਿੱਟੀ ਦੀ, ਕਰਜ਼ ਵਾਪਸੀ ਲਈ ਰੱਖਣਾ

ਪਰਦੇਸੀ ਹੋਏ ਬੱਚਿਓ, ਜਦ ਜ਼ਿੰਦਗੀ ਨੂੰ ਚੱਖਣਾ
ਘਰ ਦਾ ਚੇਤਾ ਆਵੇ ਤਾਂ ਆਪਣਾ ਖਿਆਲ ਰੱਖਣਾ
*

2. ਆਈ ਹੀ ਸੈਂ ਜੇ ਜ਼ਿੰਦਗੀ

ਆਈ ਹੀ ਸੈਂ ਜੇ ਜ਼ਿੰਦਗੀ
ਲੈ ਆਉਂਦੀ ਕੁਝ ਸਮਾਨ ਵੀ
ਪੈਰਾਂ ਲਈ ਜ਼ਮੀਨ ਵੀ
ਸਿਰ ਵਾਸਤੇ ਅਸਮਾਨ ਵੀ

ਪੈਰ ਤਾਂ ਕਰਦੇ ਰਹੇ
ਬੇਚੈਨ ਪੌਣਾਂ ਦਾ ਸਫ਼ਰ
ਖ਼ਬਰੇ ਕਿਹੜੇ ਅੰਬਰੋਂ
ਆਉਂਦੇ ਰਹੇ ਤੂਫ਼ਾਨ ਵੀ

ਕੁਝ ਸ਼ਬਦ ਤਾਂ ਰੱਖਦੀ
ਜੀਣ ਵਿਚਲੀ ਪੀੜ ਲਈ
ਹੁੰਦਾ ਜਿਨ੍ਹਾਂ ਕੋਲ ਆਪਣੇ
ਅਰਥਾਂ ਦਾ ਸਾਮਾਨ ਵੀ

ਬੇਮੇਚ ਚਲਦੇ ਵੇਲਿਆਂ ਦਾ
ਕੁਝ ਤਾਂ ਹੁੰਦਾ ਨਾਪ-ਤੋਲ
ਦਿਸਦਾ ਰਹਿੰਦਾ ਮੁੱਕਣੀ ਕਦ
ਵਾਟ ਇਹ ਬੇਜਾਨ ਵੀ

ਕੁਝ ਤਾਂ ਸਮਰੱਥਾ ਵੀ ਹੁੰਦੀ
ਖ਼ੁਦ ਲਈ ਜੀਣ ਥੀਣ ਦੀ
ਰਾਹੇ ਤਾਂ ਪੈਂਦੇ ਕਿਸੇ
ਅਹਿਸਾਸਾਂ ਦੇ ਅਰਮਾਨ ਵੀ

ਲਿੱਪੀ ਦੇ ਕੇ ਸੂਝ ਦੇਂਦੀ
ਜਾਚ ਫਿਰ ਹੱਥਾਂ ਨੂੰ ਵੀ
ਲਿਖਣ ਦੀ ਇਸ ਸ਼ਹਿਰ ਵੱਸੀ
ਪੀੜ ਦਾ ਅਨੁਮਾਨ ਵੀ

ਰਿਸ਼ਤਿਆਂ ਦੀਆਂ ਗੁੰਝਲ਼ਾਂ ਨੂੰ
ਦੱਸਦੀ ਕੇਵੇਂ ਖੋਲ੍ਹਣਾ
ਕਿਸ ਤਰਾਂ ਫਿਰ ਪਾਸ ਕਰਨੇ
ਆਏ ਇਮਤਿਹਾਨ ਵੀ

ਸਾਹਾਂ ‘ਚੋਂ ਰਿਸਦੀ ਪੀੜ ਦੀ
ਬਾਰਿਸ਼ ਦੇ ਕਤਰੇ ਜੋੜ ਕੇ
ਚਿਤਵਣਾ ਕਿੰਜ ਆਪਣੇ
ਹਿੱਸੇ ਦਾ ਆਸਮਾਨ ਵੀ

ਚੀਸਾਂ ਦੀ ਵਹਿੰਦੀ ਭੀੜ ਨੂੰ
ਹੈ ਮੰਨਣਾ ਮੇਲਾ ਕਿਵੇਂ
ਆਪਣੇ ਟੋਟੇ ਵੇਚ ਕੇਵੇਂ
ਵਣਜਣੇ ਅਰਮਾਨ ਵੀ

ਆਪਣੇ ਹੀ ਨਾਲ ਕਰ
ਸਮਝੌਤੇ ਆਪੇ ਤੋੜਨੇ
ਪੂਰਦੇ ਰਹਿਣਾਂ ਫਿਰ ਆਪੇ
ਕਰ ਲਏ ਨੁਕਸਾਨ ਵੀ

ਆਈ ਹੀ ਸੈਂ ਜੇ ਜ਼ਿੰਦਗੀ
ਲੈ ਆਉਂਦੀ ਕੁਝ ਸਾਮਾਨ ਵੀ
ਪੈਰਾਂ ਲਈ ਜ਼ਮੀਨ ਵੀ
ਸਿਰ ਵਾਸਤੇ ਆਸਮਾਨ ਵੀ
**

3. ਜਿਸ ਸਾਵਣ ਨੂੰ ਤਾਂਘ ਰਹੇ ਹਾਂ

ਜਿਸ ਸਾਵਣ ਨੂੰ ਤਾਂਘ ਰਹੇ ਹਾਂ
ਉਹ ਸਾਵਣ ਕਦ ਆਏਗਾ
ਧਰਤੀ ਤੇ ਜੀਂਦਾ ਹਰ ਬੰਦਾ
ਮਨ ਅੰਦਰੋਂ ਮੁਸਕਾਏਗਾ

ਆਸਾਂ ਨੂੰ ਜਦ ਫੁੱਲ ਪੈਣਗੇ
ਰੀਝਾਂ ਪੂਰੀਆਂ ਹੋਣਗੀਆਂ
ਰੋਟੀ ਦੇ ਸੁਪਨੇ ਲੈ ਜਿੰਦਾਂ
ਭੁੱਖੇ ਪੇਟ ਨਾ ਸੌਣਗੀਆਂ
ਸਾਵਣ ਦਾ ਅਸਲੀ ਸਾਵਾ ਰੰਗ
ਜ਼ਿੰਦਗੀ ਤੇ ਛਾ ਜਾਏਗਾ
ਜਿਸ ਸਾਵਣ ….

ਇੱਕ ਰੁੱਤ ਆਵੇ ਤੇ ਇੱਕ ਜਾਵੇ
ਜ਼ਿੰਦਗੀ ਰਹੇ ਉਡੀਕਾਂ ਵਿਚ
ਔਂਸੀਆਂ ਪਾਉਂਦੀ ਲੀਕਾਂ ਗਿਣਦੀ
ਉਲਝੀ ਫਿਰੇ ਤਰੀਕਾਂ ਵਿਚ
ਕਦ ਮੌਸਮ ਰਿਮ ਝਿਮ ਵੱਸੇਗਾ
ਅਸਲੀ ਸਓਣ ਲਿਆਏਗਾ
ਜਿਸ ਸਾਵਣ…

ਜਦ ਕੁੜੀਆਂ ਦੇ ਮਨ ਦੀਆਂ ਪੀਂਘਾਂ
ਅਸਲੀ ਪੀਂਘਾਂ ਹੋਣਗੀਆਂ
ਰੁਜ਼ਗਾਰਾਂ ਨੂੰ ਲੱਭਦੀਆਂ ਪੈੜਾਂ
ਹੱਸਦੀਆਂ ਘਰਾਂ ਨੂੰ ਆਉਣਗੀਆਂ
ਜਦ ਹਾਕਮ ਲੋਕਾਂ ਦੀ ਪੀੜਾ
ਆਪਣੇ ਮਨੋ ਹੰਢਾਏਗਾ
ਜਿਸ ਸਾਵਣ…

ਛੈਲ ਜਵਾਨਾਂ ਦੇ ਸਾਹਵਾਂ ਨੁੰ
ਜਦ ਨੂੰ ਨਸ਼ੇ ਨਾ ਤੋੜਨਗੇ
ਜੀਣ ਥੀਣ ਦੇ ਚਾਅ ਉਹਨਾ ਨੂੰ
ਘਰਾਂ ਦਰਾਂ ਵੱਲ ਮੋੜਨਗੇ
ਖੀਰਾਂ ਪੂੜੇ ਪੀਂਘਾਂ ਦਾ ਰੰਗ
ਰੁੱਤ ਸਾਰੀ ਭਰ ਜਾਏਗਾ
ਜਿਸ ਮੌਸਮ..

ਹੱਦਾਂ ਸਰਹੱਦਾਂ ਤੇ ਲੋਕੀਂ
ਬਣ ਕੇ ਗੁਆਂਢੀ ਵਰਤਣਗੇ
ਜਦ ਪੌਣਾਂ ਵਿਚ ਭਟਕੇ ਸੁਪਨੇ
ਆਪਣੀ ਭੌਂ ਵੱਲ ਪਰਤਣਗੇ
ਫਿਰ ਕੋਈ ਬਾਬੇ ਨਾਨਕ ਵਾਂਗੂੰ
ਧਰਤੀ ਨੂੰ ਗਾਹ ਆਏਗਾ
ਜਿਸ ਮੌਸਮ …

ਉੜਾਂ ਥੁੜਾਂ ਮਾਰੇ ਅੰਨ ਦਾਤੇ
ਮੌਤ ਦੇ ਰਾਹ ਨਾ ਪੈਣ ਜਦੋਂ
ਮਿਹਨਤਕਸ਼ਾਂ ਦੀ ਦੌਲਤ ਨੂੰ
ਨਾ ਤਕੜੇ ਸਾਂਭ ਕੇ ਬਹਿਣ ਜਦੋਂ
ਫਿਰ ਧਰਤੀ ਸਰਸ਼ਾਰ ਹੋਏਗੀ
ਹਰ ਕੋਨਾ ਮਹਿਕਾਏਗਾ
ਜਿਸ ਮੌਸਮ …

ਜੋ ਸਾਵਣ ਆ ਕੇ ਨਾ ਆਏ
ਕਿੰਜ ਗੁਆਚੇ ਕਿੱਥੇ ਭਟਕੇ
ਹਾਸੇ, ਆਸਾਂ ਤੇ ਗੀਤਾਂ ਦੇ
ਤੁਰੇ ਕਾਫ਼ਲੇ ਕਿੱਥੇ ਅਟਕੇ
ਕੌਣ, ਕਿਵੇਂ ਸਾਰਾ ਕੁਝ ਸਾਡਾ
ਫਿਰ ਤੋਂ ਮੋੜ ਲਿਆਏਗਾ
ਜਿਸ ਮੌਸਮ …

ਜਿਸ ਸਾਵਣ ਨੂੰ ਤਾਂਘ ਰਹੇ ਹਾਂ
ਉਹ ਸਾਵਣ ਕਦ ਆਏਗਾ
ਧਰਤੀ ਤੇ ਜੀਂਦਾ ਹਰ ਬੰਦਾ
ਮਨ ਅੰਦਰੋਂ ਮੁਸਕਾਏਗਾ
***
sandhuartinder89@gmail.com

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1003
***

About the author

ਅਰਤਿੰਦਰ ਸੰਧੂ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

Artinder Sandhu
B. Sc. M.A.(Pb) B. Ed.
ਮੁੱਖ ਅਧਿਆਪਕਾ (ਰੀਟਾਇਰਡ) ਸਰਕਾਰੀ ਹਾਈ ਸਕੂਲ, ਚੌਂਕ ਲਛਮਣਸਰ, ਅੰਮ੍ਰਿਤਸਰ

ਕਿਤਾਬਾਂ
ਕਵਿਤਾ:
੧..ਸਿਜਦੇ ਜੁਗਨੂੰਆਂ ਨੂੰ
੨…ਸਪੰਦਨ
੩…ਇੱਕ ਟੋਟਾ ਵਰੇਸ
੪…ਏਕਮ ਦੀ ਫਾਂਕ
੫…ਕਿਣ ਮਿਣ ਅੱਖਰ
੬…ਸ਼ੀਸ਼ੇ ਦੀ ਜੂਨ
੭…ਕਿੱਥੋਂ ਆਉਂਦੀ ਕਵਿਤਾ
੮…ਕਦੇ ਕਦਾਈਂ
੯…ਘਰ ਘਰ
੧੦…ਆਪਣੇ ਤੋਂ ਆਪਣੇ ਤੱਕ
੧੧…ਕਦੇ ਤਾਂ ਮਿਲ ਜ਼ਿੰਦਗੀ
੧੨…ਵਿਚਲਾ ਮੌਸਮ
੧੩…ਘਰ ਘਰ ਤੇ ਘਰ
੧੪…ਮਿੱਟੀ ਦੀ ਗੌਰਵ ਗਾਥਾ( ਵਾਰਤਕ ਤੇ ਕਵਿਤਾ)
੧੫…ਮਨ ਦਾ ਮੌਸਮ

ਵਾਰਤਕ:
੧. ਜੜ੍ਹਾਂ ਦੇ ਵਿੱਚ ਵਿਚਾਲੇ( ਵਾਰਤਕ)

ਅਨੁਵਾਦ
੧…ਖੰਭੜੀਆਂ ….ਹਿੰਦੀ ਕਵਿਤਾ ਦਾ ਪੰਜਾਬੀ ਵਿੱਚ ਅਨੁਵਾਦ
੨…ਮਨੋਜ ਸ਼ਰਮਾਂ ਦੀ ਚੋਣਵੀਂ ਹਿੰਦੀ ਕਵਿਤਾ ਦਾ ਪੰਜਾਬੀ ਵਿੱਚ ਅਨੁਵਾਦ
੩….ਮਨ ਕਾ ਪੰਛੀ …ਐਨ. ਬੀ. ਟੀ. ਲਈ ਹਿੰਦੀ ਬਾਲ ਪੁਸਤਕ ਦਾ ਪੰਜਾਬੀ ਅਨੁਵਾਦ

ਸੰਪਾਦਨ:
੧…ਲਾਰੈਂਸ ਆਫ ਥਲੇਬੀਆ ਤੇ ਹੋਰ ਕਹਾਣੀਆਂ …ਚੋਣਵੀਆਂ ਪਾਕਿਸਤਾਨੀ ਕਹਾਣੀਆਂ ਦੀ ਪੁਸਤਕ
੨….ਮਿੱਟੀ ਦੇ ਵਣਜਾਰੇ….ਕਿਸਾਨੀ ਬਾਰੇ ਕਵਿਤਾਵਾਂ…ਅਰਤਿੰਦਰ ਸੰਧੂ ਤੇ ਡਾ: ਮੋਹਨ ਤਿਆਗੀ

ਮੈਗਜ਼ੀਨ:
ਮੈਗਜ਼ੀਨ ਸਾਹਿਤਕ ਏਕਮ ਦੀ ੨੦੧੨ ਤੋਂ ਨਿਰੰਤਰ ਸੰਪਾਦਨਾ

* ੨੦੨੧ ਮਾਰਚ ਵਿਚ ਸਾਹਿਤਕ ਏਕਮ ਨੂੰ ਮਨਿਸਟਰੀ ਆਫ ਕਲਚਰ ਭਾਰਤ ਸਰਕਾਰ ਵੱਲੋਂ “ ਸਰਵ ਸ਼੍ਰੇਸ਼ਟ ਪਤ੍ਰਿਕਾ ਪਰ ਪੁਰਸਕਾਰ” ਯੋਜਨਾ ਅਧੀਨ ੭੫੦੦੦/- ਰੁਪਏ ਦਾ ਦੂਜਾ ਪੁਰਸਕਾਰ ਮਿਲਿਆ

ਅਰਤਿੰਦਰ ਸੰਧੂ ਤੇ ਹੋਇਆ ਕੰਮ:
੧. ਅਰਤਿੰਦਰ ਸੰਧੂ ਦਾ ਕਾਵਿ ਚਿੰਤਨ…ਡਾ: ਮੋਹਨ ਸਿੰਘ ਤਿਆਗੀ
੨. ਅਰਤਿੰਦਰ ਸੰਧੂ ਦਾ ਕਾਵਿ ਸੰਸਾਰ…( ਐਮ ਫਿਲ ਖੋਜ ਨਿਬੰਧ) ਖੋਜਾਰਥੀ ਹਰਮੇਸ਼ ਕੁਮਾਰ। ਪੰਜਾਬੀ ਯੂਨੀਵਰਸਿਟੀ ਪਟਿਆਲ਼ਾ
੩. ਕਵਿਤਾ ਕੀ ਦਸਤਕ…ਅਰਤਿੰਦਰ ਸੰਧੂ ਦੀ ਚੋਣਵੀਂ ਪੰਜਾਬੀ ਕਵਿਤਾ ਦਾ ਹਿੰਦੀ ਵਿੱਚ ਅਨੁਵਾਦ..ਡਾ: ਅਮੀਆਂ ਕੁੰਵਰ
੪. ਅਰਤਿੰਦਰ ਸੰਧੂ ਦੀ ਪੁਸਤਕ “ਘਰ ਘਰ ਤੇ ਘਰ “ ਦਾ ਹਿੰਦੀ ਅਨੁਵਾਦ….ਡਾ: ਜਸਵਿੰਦਰ ਕੌਰ ਬਿੰਦਰਾ

ਏਕਮ ਸਾਹਿਤ ਮੰਚ:
ਸੰਨ ਦੋ ਹਜ਼ਾਰ ਪੰਦਰਾਂ ਤੋਂ ਮੈਗਜ਼ੀਨ ਨਾਲ ਸੰਬੰਧਿਤ ਏਕਮ ਸਾਹਿਤ ਮੰਚ ਇੱਕ ਸੰਸਥਾ ਵਜੋਂ ਕਾਰਜਸ਼ੀਲ ਹੈ ਤੇ ਇਸ ਵੱਲੋਂ ਬਹੁਤ ਸਾਰੀਆਂ ਸਾਹਿਤਕ ਸ਼ਖਸੀਅਤਾਂ ਦੇ ਰੂ-ਬ-ਰੂ ਸਮਾਗਮ ,ਕਈ ਪੁਸਤਕਾਂ ਦੇ ਲੋਕ ਅਰਪਣ ਸਮਾਰੋਹ ਤੇ ਕਵੀ ਦਰਬਾਰ ਕਰਾਏ ਜਾ ਚੁੱਕੇ ਹਨ। ਹਰ ਸਾਲ ਦੇ ਨਵੇਂ ਲੇਖਕਾਂ ਦੀਆਂ ਪੁਸਤਕਾਂ ਨੂੰ ਏਕਮ ਕਾਵਿ ਪੁਰਸਕਾਰ ਦੇ ਕੇ ਸਾਹਿਤ ਪ੍ਰਤੀ ਉਹਨਾ ਦਾ ਉਤਸ਼ਾਹ ਵਧਾਇਆ ਜਾਂਦਾ ਹੈ ।

ਇਨਾਮ ਸਨਮਾਨ:
*ਪੁਸਤਕ ਕਦੇ ਕਦਾਈਂ ਨੂੰ “ ਭਾਈ ਕਾਰਨ ਸਿੰਘ ਨਾਭਾ ਨਜ਼ਮ ਪੁਰਸਕਾਰ
*ਪੁਸਤਕ ਸ਼ੀਸ਼ੇ ਦੀ ਜੂਨ ਨੂੰ ਲੁਧਿਆਣਾ ਤੋਂ ਸਿਰਜਣਧਾਰਾ ਪੁਰਸਕਾਰ
*ਆਪਣੇ ਤੋਂ ਆਪਣੇ ਤੱਕ ਨੂੰ ਸੰਗਰੂਰ ਤੋਂ ਮਹਿੰਦਰ ਮਾਨਵ ਪੁਰਸਕਾਰ
*ਹੋਰ ਵੀ ਬਹੁਤ ਸਾਰੀਆਂ ਸੰਸਥਾਵਾਂ ਵੱਲੋਂ ਸਨਮਾਨਿਤ
ਅਮਰੀਕਾ ਤੇ ਕੈਨੇਡਾ ਵਿਚ ਹੋਈਆਂ ਵਿਸ਼ਵ ਕਾਨਫਰੰਸਾਂ ਵਿਚ ਸ਼ਮੂਲੀਅਤ
***
404, ਤਿਲਕ ਨਗਰ,
ਅੰਮ੍ਰਿਤਸਰ-143001

ਅਰਤਿੰਦਰ ਸੰਧੂ

Artinder Sandhu B. Sc. M.A.(Pb) B. Ed. ਮੁੱਖ ਅਧਿਆਪਕਾ (ਰੀਟਾਇਰਡ) ਸਰਕਾਰੀ ਹਾਈ ਸਕੂਲ, ਚੌਂਕ ਲਛਮਣਸਰ, ਅੰਮ੍ਰਿਤਸਰ ਕਿਤਾਬਾਂ ਕਵਿਤਾ: ੧..ਸਿਜਦੇ ਜੁਗਨੂੰਆਂ ਨੂੰ ੨…ਸਪੰਦਨ ੩…ਇੱਕ ਟੋਟਾ ਵਰੇਸ ੪…ਏਕਮ ਦੀ ਫਾਂਕ ੫…ਕਿਣ ਮਿਣ ਅੱਖਰ ੬…ਸ਼ੀਸ਼ੇ ਦੀ ਜੂਨ ੭…ਕਿੱਥੋਂ ਆਉਂਦੀ ਕਵਿਤਾ ੮…ਕਦੇ ਕਦਾਈਂ ੯…ਘਰ ਘਰ ੧੦…ਆਪਣੇ ਤੋਂ ਆਪਣੇ ਤੱਕ ੧੧…ਕਦੇ ਤਾਂ ਮਿਲ ਜ਼ਿੰਦਗੀ ੧੨…ਵਿਚਲਾ ਮੌਸਮ ੧੩…ਘਰ ਘਰ ਤੇ ਘਰ ੧੪…ਮਿੱਟੀ ਦੀ ਗੌਰਵ ਗਾਥਾ( ਵਾਰਤਕ ਤੇ ਕਵਿਤਾ) ੧੫…ਮਨ ਦਾ ਮੌਸਮ ਵਾਰਤਕ: ੧. ਜੜ੍ਹਾਂ ਦੇ ਵਿੱਚ ਵਿਚਾਲੇ( ਵਾਰਤਕ) ਅਨੁਵਾਦ ੧…ਖੰਭੜੀਆਂ ….ਹਿੰਦੀ ਕਵਿਤਾ ਦਾ ਪੰਜਾਬੀ ਵਿੱਚ ਅਨੁਵਾਦ ੨…ਮਨੋਜ ਸ਼ਰਮਾਂ ਦੀ ਚੋਣਵੀਂ ਹਿੰਦੀ ਕਵਿਤਾ ਦਾ ਪੰਜਾਬੀ ਵਿੱਚ ਅਨੁਵਾਦ ੩….ਮਨ ਕਾ ਪੰਛੀ …ਐਨ. ਬੀ. ਟੀ. ਲਈ ਹਿੰਦੀ ਬਾਲ ਪੁਸਤਕ ਦਾ ਪੰਜਾਬੀ ਅਨੁਵਾਦ ਸੰਪਾਦਨ: ੧…ਲਾਰੈਂਸ ਆਫ ਥਲੇਬੀਆ ਤੇ ਹੋਰ ਕਹਾਣੀਆਂ …ਚੋਣਵੀਆਂ ਪਾਕਿਸਤਾਨੀ ਕਹਾਣੀਆਂ ਦੀ ਪੁਸਤਕ ੨….ਮਿੱਟੀ ਦੇ ਵਣਜਾਰੇ….ਕਿਸਾਨੀ ਬਾਰੇ ਕਵਿਤਾਵਾਂ…ਅਰਤਿੰਦਰ ਸੰਧੂ ਤੇ ਡਾ: ਮੋਹਨ ਤਿਆਗੀ ਮੈਗਜ਼ੀਨ: ਮੈਗਜ਼ੀਨ ਸਾਹਿਤਕ ਏਕਮ ਦੀ ੨੦੧੨ ਤੋਂ ਨਿਰੰਤਰ ਸੰਪਾਦਨਾ * ੨੦੨੧ ਮਾਰਚ ਵਿਚ ਸਾਹਿਤਕ ਏਕਮ ਨੂੰ ਮਨਿਸਟਰੀ ਆਫ ਕਲਚਰ ਭਾਰਤ ਸਰਕਾਰ ਵੱਲੋਂ “ ਸਰਵ ਸ਼੍ਰੇਸ਼ਟ ਪਤ੍ਰਿਕਾ ਪਰ ਪੁਰਸਕਾਰ” ਯੋਜਨਾ ਅਧੀਨ ੭੫੦੦੦/- ਰੁਪਏ ਦਾ ਦੂਜਾ ਪੁਰਸਕਾਰ ਮਿਲਿਆ ਅਰਤਿੰਦਰ ਸੰਧੂ ਤੇ ਹੋਇਆ ਕੰਮ: ੧. ਅਰਤਿੰਦਰ ਸੰਧੂ ਦਾ ਕਾਵਿ ਚਿੰਤਨ…ਡਾ: ਮੋਹਨ ਸਿੰਘ ਤਿਆਗੀ ੨. ਅਰਤਿੰਦਰ ਸੰਧੂ ਦਾ ਕਾਵਿ ਸੰਸਾਰ…( ਐਮ ਫਿਲ ਖੋਜ ਨਿਬੰਧ) ਖੋਜਾਰਥੀ ਹਰਮੇਸ਼ ਕੁਮਾਰ। ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ੩. ਕਵਿਤਾ ਕੀ ਦਸਤਕ…ਅਰਤਿੰਦਰ ਸੰਧੂ ਦੀ ਚੋਣਵੀਂ ਪੰਜਾਬੀ ਕਵਿਤਾ ਦਾ ਹਿੰਦੀ ਵਿੱਚ ਅਨੁਵਾਦ..ਡਾ: ਅਮੀਆਂ ਕੁੰਵਰ ੪. ਅਰਤਿੰਦਰ ਸੰਧੂ ਦੀ ਪੁਸਤਕ “ਘਰ ਘਰ ਤੇ ਘਰ “ ਦਾ ਹਿੰਦੀ ਅਨੁਵਾਦ….ਡਾ: ਜਸਵਿੰਦਰ ਕੌਰ ਬਿੰਦਰਾ ਏਕਮ ਸਾਹਿਤ ਮੰਚ: ਸੰਨ ਦੋ ਹਜ਼ਾਰ ਪੰਦਰਾਂ ਤੋਂ ਮੈਗਜ਼ੀਨ ਨਾਲ ਸੰਬੰਧਿਤ ਏਕਮ ਸਾਹਿਤ ਮੰਚ ਇੱਕ ਸੰਸਥਾ ਵਜੋਂ ਕਾਰਜਸ਼ੀਲ ਹੈ ਤੇ ਇਸ ਵੱਲੋਂ ਬਹੁਤ ਸਾਰੀਆਂ ਸਾਹਿਤਕ ਸ਼ਖਸੀਅਤਾਂ ਦੇ ਰੂ-ਬ-ਰੂ ਸਮਾਗਮ ,ਕਈ ਪੁਸਤਕਾਂ ਦੇ ਲੋਕ ਅਰਪਣ ਸਮਾਰੋਹ ਤੇ ਕਵੀ ਦਰਬਾਰ ਕਰਾਏ ਜਾ ਚੁੱਕੇ ਹਨ। ਹਰ ਸਾਲ ਦੇ ਨਵੇਂ ਲੇਖਕਾਂ ਦੀਆਂ ਪੁਸਤਕਾਂ ਨੂੰ ਏਕਮ ਕਾਵਿ ਪੁਰਸਕਾਰ ਦੇ ਕੇ ਸਾਹਿਤ ਪ੍ਰਤੀ ਉਹਨਾ ਦਾ ਉਤਸ਼ਾਹ ਵਧਾਇਆ ਜਾਂਦਾ ਹੈ । ਇਨਾਮ ਸਨਮਾਨ: *ਪੁਸਤਕ ਕਦੇ ਕਦਾਈਂ ਨੂੰ “ ਭਾਈ ਕਾਰਨ ਸਿੰਘ ਨਾਭਾ ਨਜ਼ਮ ਪੁਰਸਕਾਰ *ਪੁਸਤਕ ਸ਼ੀਸ਼ੇ ਦੀ ਜੂਨ ਨੂੰ ਲੁਧਿਆਣਾ ਤੋਂ ਸਿਰਜਣਧਾਰਾ ਪੁਰਸਕਾਰ *ਆਪਣੇ ਤੋਂ ਆਪਣੇ ਤੱਕ ਨੂੰ ਸੰਗਰੂਰ ਤੋਂ ਮਹਿੰਦਰ ਮਾਨਵ ਪੁਰਸਕਾਰ *ਹੋਰ ਵੀ ਬਹੁਤ ਸਾਰੀਆਂ ਸੰਸਥਾਵਾਂ ਵੱਲੋਂ ਸਨਮਾਨਿਤ ਅਮਰੀਕਾ ਤੇ ਕੈਨੇਡਾ ਵਿਚ ਹੋਈਆਂ ਵਿਸ਼ਵ ਕਾਨਫਰੰਸਾਂ ਵਿਚ ਸ਼ਮੂਲੀਅਤ *** 404, ਤਿਲਕ ਨਗਰ, ਅੰਮ੍ਰਿਤਸਰ-143001

View all posts by ਅਰਤਿੰਦਰ ਸੰਧੂ →