ਸ਼੍ਰੀ ਗੁਰੂ ਅਮਰਦਾਸ ਵਲੋਂ ਭਾਈ ਜੇਠਾ ਜੀ ਨੂੰ ਪਰਖ ਲੈਣ ਬਾਅਦ ਗੁਰਿਆਈ ਬਖਸ਼ ਸ਼੍ਰੀ ਗੁਰੂ ਰਾਮ ਦਾਸ ਬਣਾ ਦਿਤਾ ਗਿਆ ਅਤੇ ਆਖਿਆ ਕਿ ਤੁਸੀਂ ਆਪਣਾ ਟਿਕਾਣਾ ਉਸ ਥਾਂ ਉਪਰ ਬਣਾ ਲਵੋ ਜਿਹੜੀ ਭੋਏਂ ਅਕਬਰ ਬਾਦਸ਼ਾਹ ਵਲੋਂ ਦਿਤੀ ਗਈ ਸੀ ਅਤੇ ਉਥੇ ਹੀ ਇੱਕ ਸਰੋਵਰ ਦੀ ਖੁਦਵਾਈ ਕਰਵਾਈ ਜਾਵੇ। ਹੁਕਮਾਂ ਦੀ ਪਾਲਣਾ ਕਰਦੇ ਹੋਏ ਚੌਥੇ ਨਾਨਕ, ਆਪਣੀ ਰਿਹਾਇਸ਼ ਬਣਵਾ ਲੈਣ ਅਤੇ ਨਜ਼ਦੀਕ ਹੀ ਤਾਲਾਬ ਦੀ ਪੁਟਾਈ ਸ਼ੁਰੂ ਕਰਵਾ ਕੇ, ਸ਼੍ਰੀ ਗੁਰੂ ਅਮਰਦਾਸ ਜੀ ਦੀ ਸੇਵਾ ਸੰਭਾਲ ਲਈ, ਗੋਇੰਦਵਾਲ ਪੁੱਜ ਗਏ। ਜਦੋਂ ਤੀਸਰੇ ਨਾਨਕ ਅਕਾਲ ਪੁਰਖ ਪਿਆਨਾ ਕਰ ਗਏ ਤਾਂ ਚੌਥੇ ਨਾਨਕ ਵਾਪਿਸ ਪੁੱਜ ਕੇ ਸਰੋਵਰ ਦੀ ਪੁਟਾਈ ਆਪਣੀ ਨਿਗਰਾਨੀ ਵਿਚ ਕਰਵਾਣ ਲਗ ਪਏ ਅਤੇ ਨੇੜੇ ਹੀ ਇੱਕ ਥੜੇ ਉਪਰ ਬੈਠ ਇਸ ਸਾਰੀ ਸੇਵਾ ਦੀ ਨਿਗਰਾਨੀ ਕਰਦੇ ਸਨ। ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਰਾਮਦਾਸਪੁਰ ਵਿਚ ਸ਼੍ਰੀ ਗੁਰੂ ਰਾਮਦਾਸ ਜੀ ਵਲੋਂ ਸ਼ੁਰੂ ਕੀਤੇ ਗਏ ਅੰਮ੍ਰਿਤ ਸਰੋਵਰ ਦੀ ਪੁਟਾਈ ਨੂੰ ਪੂਰਾ ਕਰਵਾਇਆ। ਉਸ ਨਗਰੀ ਨੂੰ ਅੱਜ ਕਲ ਅੰਮ੍ਰਿਤਸਰ ਆਖਿਆ ਜਾਂਦਾ ਹੈ। ਅੰਮ੍ਰਿਤ ਸਰੋਵਰ ਦੇ ਬਣ ਜਾਣ ਤੋਂ ਬਾਅਦ ਪੰਜਵੇਂ ਨਾਨਕ ਨੇ ਉਸ ਦੇ ਵਿਚਕਾਰ ਹਰਿਮੰਦਰ ਸਾਹਿਬ ਦੀ ਉਸਾਰੀ ਕਰਵਾਈ। ਜਿਸ ਦਾ ਮੁਖ ਉਦੇਸ਼ ਸੀ ਕਿ ਸਿੱਖ ਸੰਗਤਾਂ ਕੋਲ ਆਪਣਾ ਇੱਕ ਧਰਮ ਅਸਥਾਨ ਬਣ ਜਾਵੇ ਜਿਥੇ ਸੰਗਤਾਂ ਆਪਣੇ ਗੁਰੂ ਦਾ ਉਪਦੇਸ਼ ਸੁਣਨ ਲਈ ਇਕੱਤ੍ਰ ਹੋ ਸਕਦੀਆਂ ਹੋਣ ਅਤੇ ਆਪਣੇ ਧਰਮ ਦਾ ਅਭਿਆਸ ਕਰ ਸਕਦੀਆਂ ਹੋਣ। ਜਦੋਂ ਇਸ ਮਹਾਨ ਤੀਰਥ ਦੀ ਉਸਾਰੀ ਸ਼ੁਰੂ ਹੋਣ ਜਾ ਰਹੀ ਸੀ ਤਾਂ ਗੁਰੂ ਜੀ ਦੇ ਪੈਰੋਕਾਰਾਂ ਦਾ ਵਿਚਾਰ ਸੀ ਕਿ ਹਰਿਮੰਦਰ ਸਾਹਿਬ ਦੀ ਇਮਾਰਤ ਨੂੰ ਅੰਮ੍ਰਿਤਸਰ ਦੀਅਾਂ ਸਾਰੀਆਂ ਇਮਾਰਤਾਂ ਨਾਲੋਂ ਉਚਾ ਉਸਾਰਿਆ ਜਾਵੇ। ਪਰੰਤੂ ਗੁਰੂ ਜੀ ਨੇ ਨਿਮਰਤਾ ਨਾਲ ਸਮਝਾਇਆ ਕਿ ਕੋਈ ਵੀ ਇਮਾਰਤ ਉੱਚੀ ਹੋਣ ਨਾਲ ਕੋਈ ਵੀ ਥਾਂ ਉੱਚੀ ਨਹੀਂ ਹੋ ਜਾਇਆ ਕਰਦੀ। ਉਨ੍ਹਾਂ ਨੇ ਉਦਾਹਰਣ ਦਿੰਦੇ ਹੋਏ ਦੱਸਿਆ ਕਿ ਦੇਖੋ ਪਾਣੀ ਕਿਤਨਾ ਸ਼ਕਤੀਸ਼ਾਲੀ ਅਤੇ ਤਾਕਤਵਰ ਹੈ ਪਰ ਇਸ ਦੀ ਨਿਮਰਤਾ ਵਲ ਧਿਆਨ ਦਿੱਤਾ ਜਾਵੇ ਤਾਂ ਅਸੀਂ ਦੇਖਦੇ ਹਾਂ ਕਿ ਤਾਕਤਵਰ ਹੁੰਦਾ ਹੋਇਆ ਵੀ ਨੀਵੇਂ ਪਾਸੇ ਵਲ ਨੂੰ ਹੀ ਜਾਂਦਾ ਹੈ। ਹਰਿਮੰਦਰ ਸਾਹਿਬ ਦੀ ਨੀਂਹ ਸ਼ਹਿਰ ਦੇ ਹਰ ਪੱਧਰ ਤੋਂ ਦੋ ਫੁੱਟ ਨੀਵੀਂ ਰੱਖੀ ਗਈ ਸੀ। ਹਿੰਦੂ ਮੰਨਦੇ ਹਨ ਕਿ ਪੂਰਬ ਦਿਸ਼ਾ ਪਵਿੱਤਰ ਹੈ ਅਤੇ ਮੁਸਲਮਾਨ ਪੱਛਮ ਦਿਸ਼ਾ ਨੂੰ ਪਵਿੱਤਰ ਮੰਨ ਕੇ ਆਪਣੀ ਨਮਾਜ਼ ਉਸ ਦਿਸ਼ਾ ਵਲ ਮੂੰਹ ਕਰ ਕੇ ਪੜਦੇ ਹਨ। ਪਰੰਤੂ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਦੱਸਿਆ ਕਿ ਰੱਬ ਸਾਰੇ ਪਾਸੇ ਮੌਜੂਦ ਹੈ ਅਤੇ ਚਾਰੇ ਦਿਸ਼ਾਵਾਂ ਹੀ ਰੱਬ ਵਲੋਂ ਬਣਾਈਆਂ ਗਈਆਂ ਹਨ। ਇਸ ਲਈ ਹਰਿਮੰਦਰ ਸਾਹਿਬ ਨੂੰ ਚਾਰ ਦਰਵਾਜ਼ੇ ਰੱਖ ਕੇ ਇਹ ਸਮਝਾਇਆ ਕਿ ਇਸ ਸਥਾਨ ਉਪਰ ਹਰ ਸੋਚ ਦਾ, ਹਰ ਜਾਤਪਾਤ ਦਾ ਅਤੇ ਹਰ ਧਰਮ ਦਾ ਆਦਮੀ ਬਿਨਾ ਕਿਸੇ ਡਰ ਦੇ ਗੁਰੂ ਘਰ ਵਿਚ ਆ ਸਕਦਾ ਹੈ। ਰੱਬ ਦੇ ਘਰ ਦੇ ਅੰਦਰ ਸਾਰੇ ਬਰਾਬਰ ਹਨ ਅਤੇ ਕੋਈ ਵੀ ਉਚਾ ਜਾਂ ਨੀਵਾਂ ਨਹੀਂ ਹੈ। ਚਾਰੇ ਦਰਵਾਜ਼ੇ ਕੇਵਲ ਵਿਖਾਵੇ ਲਈ ਹੀ ਨਹੀਂ ਰੱਖੇ ਗਏ ਸਗੋਂ ਪੂਰੀ ਤਰਾਂ ਨਾਲ ਬਰਾਬਰੀ ਦੇ ਸਿਧਾਂਤ ਉਪਰ ਅਮਲ ਕੀਤਾ ਗਿਆ ਸੀ। ਸਿੱਖ ਲੋਕ ਧਾਰਾ ਦੇ ਅੰਦਰ ਇਹ ਗੱਲ ਬਹੁਤ ਹੀ ਪ੍ਰਚਲਤ ਹੈ ਕਿ ਜਦੋਂ ਸਾਰੇ ਧਰਮਾਂ ਦੇ ਲੋਕਾਂ ਲਈਂ ਹਰਿਮੰਦਰ ਸਾਹਿਬ ਦੀ ਉਸਾਰੀ ਕਰਨ ਦੀ ਸੋਚ ਆਈ ਸੀ ਤਾਂ ਇਸ ਪਵਿੱਤਰ ਸਥਾਨ ਦੀ ਨੀਂਹ ਪੱਥਰ ਰੱਖਣ ਲਈ ਸਾਈਂਂ ਮੀਆਂ ਮੀਰ ਜੀ ਨੂੰ ਬੁਲਾਇਆ ਗਿਆ ਸੀ ਅਤੇ ਹਰਿਮੰਦਰ ਸਾਹਿਬ ਦੀ ਪੂਰਤੀ ਵਿੱਚ ਸੰਗਤਾਂ ਨੇ ਬੜੇ ਉਤਸ਼ਾਹ ਨਾਲ ਆਪਣਾ ਹਿੱਸਾ ਪਾਇਆ ਸੀ। ਮਿੱਟੀ ਦੀਆਂ ਟੋਕਰੀਆਂ ਭਰ ਭਰ ਕੇ ਢੋਹੀਆਂ ਸਨ। ਗੁਰੂ ਸਾਹਿਬਾਨ ਨਾਲ ਮੀਆਂ ਮੀਰ ਦੇ ਸਬੰਧਾਂ ਦਾ ਅਧਾਰ ਨਿਜੀ ਪਸੰਦ ਜਾਂ ਨਾ ਪਸੰਦ ਨਹੀਂ ਸੀ ਸਗੋਂ ਉਨ੍ਹਾਂ ਦੀ ਵਿਚਾਰਧਾਰਕ ਸਾਂਝ ਸੀ। ਸ਼੍ਰੀ ਹਰਿਮੰਦਰ ਸਾਹਿਬ ਦੀ ਪੂਰਤੀ ਤੇ ਗੁਰੂ ਜੀ ਨੇ ਸੂਹੀ ਰਾਗ ਵਿਚੋਂ ਇਹ ਸ਼ਬਦ ਉਚਾਰਿਆ ਸੀ ਜੋ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਅੰਗ 783 ਉਪਰ ਸੁਭਾਏਮਾਨ ਹੈ ਅਤੇ ਹੇਠਾਂ ਦਰਜ ਹੈ: ਸੂਹੀ ਮਹਲਾ ੫ ॥ ਇਸ ਸ਼ਬਦ ਦੇ ਭਾਵ ਅਰਥ ਹਨ ਕਿ ਉਹ ਅਕਾਲ ਪੁਰਖ ਆਪਣੇ ਭਗਤਾਂ ਦੇ ਅਤੇ ਆਪਣੇ ਸੰਤਾਂ ਦੇ ਕੰਮ ਪੂਰਨ ਕਰਵਾਉਣ ਲਈ ਆਪ ਨਾਲ ਸ਼ਾਮਿਲ ਹੁੰਦਾ ਹੈ। ਇਹ ਜ਼ਮੀਨ ਜਿਸ ਉਪਰ ਹਰਿਮੰਦਰ ਸਾਹਿਬ ਸ਼ਸ਼ੋਭਿਤ ਹੈ, ਬਹੁਤ ਹੀ ਸੁੰਦਰ ਹੈ ਇਹ ਸਰੋਵਰ ਸੁਹਾਵਣਾ ਹੈ ਜਿਸ ਦੇ ਵਿਚ ਅੰਮ੍ਰਿਤ ਜਲ ਭਰਿਆ ਹੋਇਆ ਹੈ। ਇਸ ਕਾਰਜ ਦੇ ਪੂਰਨ ਹੋਣ ਉਪਰੰਤ ਮੇਰੀਆਂ ਸਾਰੀਆਂ ਮੁਰਾਦਾਂ ਅਤੇ ਇੱਛਾਵਾਂ ਪੂਰਨ ਹੋ ਗਈਆਂ ਹਨ। ਉਸ ਸਰਬ ਵਿਆਪਕ ਅਤੇ ਕਦੇ ਨਾ ਖਤਮ ਹੋਣ ਵਾਲੇ ਈਸ਼ਵਰ ਨੇ ਆਪਣੇ ਵਡੱਪਣ ਵਿਚ ਅਤੇ ਸ਼ਾਂਤ ਸੁਭਾਵ ਅਨੁਸਾਰ ਸਾਰੇ ਹੀ ਕਾਰਜ ਰਾਸ ਕਰ ਦਿਤੇ ਹਨ। ਜਦੋਂ ਸਤੰਬਰ 1,1604 ਨੂੰ ਆਦਿ ਗਰੰਥ ਨੂੰ ਹਰਿਮੰਦਰ ਸਾਹਿਬ ਜੀ ਦੇ ਅੰਦਰ ਸ਼ਸ਼ੋਭਿਤ ਕੀਤਾ ਗਿਆ ਸੀ ਉਸ ਸਮੇਂ ਬਾਬਾ ਬੁੱਢਾ ਜੀ ਨੂੰ ਪਹਿਲਾ ਹਜ਼ੂਰੀ ਗ੍ਰੰਥੀ ਥਾਪਿਆ ਗਿਆ ਸੀ ਤੇ ਬਾਬਾ ਬੁੱਢਾ ਜੀ ਨੇ ਪਹਿਲਾ ਵਾਕ ਲਿਆ ਸੀ ਉਹ ਵੀ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਹੈ ਅਤੇ ਉਪਰ ਦਰਜ ਹੈ। ਸਿੱਖ ਘਰਾਂ ਦੇ ਕਿਸੇ ਵੀ ਸ਼ੁਭ ਕਾਰਜ ਸੰਪੂਰਨ ਹੋਣ ਤੇ ਇਹ ਸ਼ਬਦ ਹੀ ਪੜ੍ਹਿਆ ਜਾਂਦਾ ਹੈ। ਮੀਆਂ ਮੀਰ ਨੂੰ ਸਤਿਕਾਰ ਨਾਲ ਹਜ਼ਰਤ ਮੀਆਂ ਮੀਰ ਆਖ ਕੇ ਯਾਦ ਕੀਤਾ ਜਾਂਦਾ ਹੈ ਪਰੰਤੂ ਉਨ੍ਹਾਂ ਦਾ ਅਸਲੀ ਨਾਮ ਸ਼ੇਖ ਮੋਹੰਮਦ ਸੀ। ਹਜ਼ਰਤ ਅਤੇ ਸ਼ੇਖ ਦੀ ਤਰਾਂ ਹੀ ਮੀਰ ਵੀ ਅਾਦਰ ਅਤੇ ਸਤਿਕਾਰ ਦਾ ਹੀ ਸੂਚਕ ਹੈ ਜਿਹੜਾ ਮਹਾਨ ਮੁਸਲਮਾਨ ਸੰਤਾਂ ਫਕੀਰਾਂ ਦੀ ਅੰਸ਼ ਔਲਾਦ ਜਾਂ ਜਾਨਸ਼ੀਨ ਲਈ ਵਰਤਿਆ ਜਾਂਦਾ ਹੈ। ਮੀਆਂ ਮੀਰ ਜੀ ਦਾ ਪਿਛੋਕੜ (ਇਰਾਨ-ਅਫਗਾਨਿਸਤਾਨ) ਸੀਸਤਾਨ ਨਾਲ ਜੁੜਿਆ ਹੋਇਆ ਹੈ। ਸਾਈਂਂ ਮੀਆਂ ਮੀਰ ਦਾ ਜਨਮ 1550 ਈਸਵੀ ਦੇ ਨੇੜੇ ਤੇੜੇ ਹੋਇਆ ਹੈ ਇਹ ਵਰਨਣ ਸਾਨੂੰ ਪ੍ਰਸਿੱਧ ਇਤਿਹਾਸਕਾਰ ਹਰੀ ਰਾਮ ਗੁਪਤਾ ਜੀ ਵਲੋਂ ਲਿਖਿਆ ਹੋਇਆ ਮਿਲਦਾ ਹੈ। ਉਨ੍ਹਾਂ ਦੇ ਪਿਤਾ ਜੀ ਸਾਈਂ ਦਿੱਤਾ ਸੀਸਤਾਨ ਦੇ ਕਾਜ਼ੀ ਸਨ। ਮੀਆਂ ਮੀਰ ਜੀ ਕੇਵਲ ਸੱਤ ਸਾਲ ਦੇ ਹੀ ਸਨ ਜਦੋਂ ਉਨ੍ਹਾਂ ਦੇ ਪਿਤਾ ਜੀ ਇਸ ਫਾਨੀ ਸੰਸਾਰ ਤੋਂ ਕੂਚ ਕਰ ਗਏ ਸਨ। ਉਨ੍ਹਾਂ ਦੇ ਮਾਤਾ ਜੀ ਪੀਰ ਦਸਤਗਾਰ ਦੇ ਰੂਹਾਨੀ ਘਰਾਣੇ ਵਿਚੋਂ ਸਨ ਜਿਨ੍ਹਾਂ ਨੇ ਆਪਣੇ ਹੋਣਹਾਰ ਪੁੱਤਰ ਨੂੰ ਪਾਲ ਪੋਸ ਕੇ ਪ੍ਰਤਿਭਾਵਾਨ ਬਣਾਇਆ ਸੀ। ਰੂਹਾਨੀ ਵਿਦਿਆ ਉਨ੍ਹਾਂ ਨੇ ਆਪਣੀ ਮਾਤਾ ਤੋਂ ਹੀ ਗ੍ਰਹਿਣ ਕੀਤੀ ਅਤੇ ਮਦਰੱਸੇ ਦੀ ਪੜ੍ਹਾਈ ਖਤਮ ਕਰਨ ਤੋਂ ਪਹਿਲਾਂ ਹੀ ਰਹੱਸਵਾਦ ਦੇ ਖੇਮੇ ਵਿਚ ਵਿਲੱਖਣ ਸਥਾਨ ਪ੍ਰਾਪਤ ਕਰ ਲਿਆ ਸੀ। ਉਹ ਸੀਸਤਾਨ ਦੀਆਂ ਪਹਾੜੀਆਂ ਵਿਚ ਸ਼ੇਖ ਹਿਜਰ ਦੇ ਮੁਰੀਦ ਹੋ ਗਏ ਅਤੇ ਬਾਅਦ ਵਿਚ ਉਹਨਾਂ ਆਪਣੇ ਗੁਰੂ ਜੀ ਦੀ ਆਗਿਆ ਲੈ ਲਾਹੌਰ ਵਿਖੇ ਟਿਕਾਣਾ ਕਰ ਲਿਆ ਸੀ। ਇਸ ਥਾਂ ਨੂੰ ਮੀਆਂ ਮੀਰ ਦੀ ਛਾਉਣੀ ਕਰ ਕੇ ਜਾਣਿਆ ਜਾਂਦਾ ਹੈ। ਇਸ ਥਾਂ ਮੀਆਂ ਮੀਰ ਦਾ ਮਕਬਰਾ ਹੈ ਜਿਥੇ ਅੱਜ ਵੀ ਲੋਕ ਸ਼ਰਧਾਂਜਲੀ ਅਰਪਣ ਕਰਨ ਆਓਂਦੇ ਹਨ। ਸਾਈਂ ਮੀਆਂ ਮੀਰ ਆਪਣੇ ਸਮੇਂ ਦੇ ਉੱਚ ਕੋਟੀ ਦੇ ਸੂਫੀ ਫਕੀਰ ਅਤੇ ਬਹੁਤ ਹੀ ਹਰਮਨ ਪਿਆਰੇ ਸਨ। ਅੱਠਵੀਂ ਸਦੀ ਈਸਵੀ ਵਿਚ ਸ਼ੁਰੂ ਹੋਣ ਵਾਲੀ ਸੂਫ਼ੀਆਂ ਦੀ ਤਿਆਗ ਦੀ ਲਹਿਰ ਸੀ ਇਸ ਲਈ ਇਸ ਨੂੰ ਇਸਲਾਮ ਵਿਰੋਧੀ ਜਾਣ ਲਿਆ ਗਿਆ। ਪਰੰਤੂ ਤਿਆਗ ਸੂਫੀ ਮਤ ਦਾ ਇੱਕ ਮੂਲ ਤੱਤ ਹੈ ਅਤੇ ਤਿਆਗ ਦਾ ਇਹ ਤੱਤ ਨਾ ਤਾਂ ਇਸਲਾਮ ਵਿਚ ਹੈ ਅਤੇ ਨਾ ਹੀ ਯਹੂਦੀ ਮੱਤ ਵਿਚ ਹੈ। ਸੂਫੀ ਲਹਿਰ ਨੂੰ ਕੁਚਲਣ ਲਈ ਅਤੇ ਸੂਫ਼ੀਆਂ ਨੂੰ ਤਸੀਹੇ ਦੇਣ ਲਈ ਹੋਰ ਵੀ ਚਾਲਾਂ ਚਲੀਆਂ ਗਈਆਂ ਸਨ। ਜਦੋਂ ਇਸਲਾਮ ਦੀ ਕੱਟੜਤਾ ਵਲੋਂ ਸੂਫ਼ੀਆਂ ਦਾ ਸਖਤੀ ਨਾਲ ਵਿਰੋਧ ਹੋਣ ਲਗਾ ਤਾਂ ਸੂਫ਼ੀਆਂ ਨੇ ਆਪਣੇ ਮੱਤ ਦੀ ਸੁਰਖਿਆ ਲਈ ਕੋਸ਼ਿਸ਼ਾਂ ਕੀਤੀਆਂ ਅਤੇ ਮੱਤ ਦਾ ਇਸਲਾਮ ਨਾਲ ਕੋਈ ਤਾਲਮੇਲ ਬਿਠਾਉਣ ਦਾ ਰਸਤਾ ਲੱਭਣ ਲਗੇ। ਇਸ ਤਰਾਂ ਸੂਫੀ ਮਤ ਸਿਲਸਿਲਿਆਂ ਵਿਚ ਵੰਡਿਆ ਗਿਆ ਅਤੇ ਕੁਝ ਅਜਿਹੇ ਸੂਫ਼ੀ ਸਿਲਸਿਲੇ ਬਣ ਗਏ ਜਿਨ੍ਹਾਂ ਨੂੰ ਇਸਲਾਮ ਦੇ ਅੰਦਰ ਮਾਣ ਯੋਗ ਸਥਾਨ ਮਿਲ ਗਿਆ। ਕਾਦਰੀ, ਸੁਹਰਾਵਰਦੀ, ਚਿਸ਼ਤੀ ਅਤੇ ਨਕਸ਼ਬੰਦੀ ਸਿਲਸਿਲੇ ਹਨ ਜਿਹੜੇ ਵਿਸ਼ੇਸ਼ ਤੌਰ ਉਪਰ ਵਰਨਣ ਯੋਗ ਹਨ। ਸੂਫ਼ੀਆਂ ਦੇ ਤਿਆਗ, ਸਿਦਕ, ਸਹਿਣਸ਼ੀਲਤਾ ਅਤੇ ਮਿੱਤਰ ਭਾਵਨਾ ਦੇ ਕਾਰਨ ਹੇਠਲੀਆਂ ਸ਼੍ਰੇਣੀਆਂ ਦੇ ਹਿੰਦੂ ਖਾਸ ਕਰ ਇਸਲਾਮ ਵਲ ਖਿਚੇ ਗਏ ਸਨ। ਪੰਜਾਬੀ ਸਾਹਿਤ ਵਿੱਚ ਵਿਸ਼ੇਸ਼ ਸਥਾਨ ਰੱਖਣ ਵਾਲੇ ਸ਼ੇਖ ਫਰੀਦ ਦਾ ਸਬੰਧ ਚਿਸ਼ਤੀ ਸਿਲਸਿਲੇ ਨਾਲ ਸੀ। ਉਨ੍ਹਾਂ ਦੀ ਰਚਨਾ ਨੂੰ ਸਤਿਕਾਰ ਸਹਿਤ ਸ਼੍ਰੀ ਗੁਰੂ ਗਰੰਥ ਸਾਹਿਬ ਵਿਚ ਦਰਜ ਕੀਤਾ ਹੋਇਆ ਹੈ। ਹਜ਼ਰਤ ਮੀਆਂ ਮੀਰ ਜੀ ਦਾ ਸਬੰਧ ਕਾਦਰੀ ਸਿਲਸਿਲੇ ਨਾਲ ਦੱਸਿਆ ਗਿਆ ਹੈ। ਇਸ ਸਿਲਸਿਲੇ ਦਾ ਮੋਢੀ ਜਿਲਾਨ ਬਗਦਾਦ ਦਾ ਵਾਸੀ ਸ਼ੇਖ ਅਬਦੁਲ ਕਾਦਰ (1087-1106 ਈਸਵੀ) ਸੀ ਜਿਸ ਦੀ ਖਾਨਗਾਹ ਬਗਦਾਦ ਵਿਚ ਹੈ ਅਤੇ ਜਿਹੜਾ ਪੀਰ ਦਸਤਗੀਰ ਕਰਕੇ ਵੀ ਜਾਣਿਆ ਜਾਂਦਾ ਹੈ। ਸਾਈਂ ਮੀਆਂ ਮੀਰ ਨੇ ਜਦੋਂ ਦਾ ਲਾਹੌਰ ਵਿਚ ਡੇਰਾ ਲਾਇਆ ਉਹ ਸਾਰੇ ਹੀ ਲਹੌਰੀਆਂ ਦੇ ਧਿਆਨ ਦਾ ਕੇਂਦਰ ਬਣ ਗਿਆ ਸੀ। ਮੀਆਂ ਮੀਰ ਬਹੁਤ ਹੀ ਮਿਲਣਸਾਰ ਆਦਮੀ ਸੀ ਅਤੇ ਹੋਰ ਸੂਫ਼ੀਆਂ ਦੀ ਤਰਾਂ ਇਕਾਂਤ ਨੂੰ ਹੀ ਪਸੰਦ ਕਰਦਾ ਸੀ। ਪਰੰਤੂ ਇਸ ਦੇ ਬਾਵਜੂਦ ਵੀ ਸਾਰੇ ਵਰਗਾਂ ਦੇ ਲੋਕ ਉਨ੍ਹਾਂ ਦੇ ਦਰਸ਼ਨ ਕਰਨ ਲਈ ਆਉਂਦੇ ਰਹਿੰਦੇ ਸਨ। ਸ਼੍ਰੀ ਗੁਰੂ ਅਰਜਨ ਦੇਵ ਜੀ ਅਕਸਰ ਆਪਣੇ ਪਿਤਾ ਦੇ ਜਨਮ ਅਸਥਾਨ ਉਪਰ ਆਇਆ ਕਰਦੇ ਸਨ ਅਤੇ ਆਪਣੇ ਰਿਸ਼ਤੇਦਾਰਾਂ ਨਾਲ ਮੇਲ ਜੋਲ ਰੱਖਦੇ ਸਨ। ਇਕ ਵਾਰ ਉਹ ਲਾਹੌਰ ਗਏ ਅਤੇ ਪੀਰ ਨੂੰ ਮਿਲਣ ਚਲੇ ਗਏ ਬਸ ਫੇਰ ਈਸ਼ਵਰ ਦੇ ਦੋ ਭਗਤ ਮਿਲੇ ਅਤੇ ਇੱਕ ਦੂਸਰੇ ਦੇ ਮਿੱਤਰ ਬਣ ਗਏ। ਭਾਵੇਂ ਉਮਰ ਦੇ ਹਿਸਾਬ ਨਾਲ ਸਾਈਂ ਮੀਆਂ ਮੀਰ ਜੀ ਸ਼੍ਰੀ ਗੁਰੂ ਅਰਜਨ ਦੇਵ ਜੀ ਤੋਂ ਲਗਭਗ 13 ਸਾਲ ਵੱਡੇ ਸਨ। 1606 ਈਸਵੀ ਨੂੰ ਗੁਰੂ ਅਰਜਨ ਦੇਵ ਜੀ ਨੂੰ ਜਹਾਂਗੀਰ ਦੇ ਬਾਗੀ ਪੁੱਤਰ ਖੁਸਰੋ ਦੇ ਮਾਮਲੇ ਵਿਚ ਸ਼ਾਮਿਲ ਕਰ ਲਿਆ ਗਿਆ ਸੀ। ਦੱਸਿਆ ਜਾਂਦਾ ਹੈ ਖੁਸਰੋ ਲਾਹੌਰ ਵਲ ਜਾਂਦਾ ਹੋਇਆ ਤਰਨ ਤਾਰਨ ਗੁਰੂ ਜੀ ਦੇ ਦਰਸ਼ਨ ਕਰਨ ਚਲਾ ਗਿਆ ਤੇ ਮੰਦੇ ਹਾਲ ਵਿਚ ਗੁਰੂ ਜੀ ਨੇ ਉਸ ਦੀ ਕੁਝ ਮਦਦ ਕਰ ਦਿਤੀ। ਮੌਕੇ ਦੀ ਤਾੜ ਵਿਚ ਦੁਸ਼ਮਣਾਂ ਨੇ ਗੁਰੂ ਜੀ ਨੂੰ ਗ੍ਰਿਫ਼ਤਾਰ ਕਰ ਲਾਹੌਰ ਦੇ ਕਿਲੇ ਅੰਦਰ ਬੰਦ ਕਰ ਦਿੱਤਾ ਸੀ। ਉਥੇ ਉਨ੍ਹਾਂ ਨੂੰ ਵੱਖ ਵੱਖ ਤਸੀਹੇ ਦਿਤੇ ਗਏ। ਜਦੋਂ ਗੁਰੂ ਜੀ ਨੂੰ ਤਸੀਹੇ ਦਿਤੇ ਜਾ ਰਹੇ ਸੀ ਤਾਂ ਸਾਈਂ ਮੀਆਂ ਮੀਰ ਨੇ ਉਨ੍ਹਾਂ ਅੱਗੇ ਤਰਲਾ ਕੀਤਾ ਕਿ ਉਸ ਨੂੰ ਆਪਣੀ ਰਹਸਮਈ ਸ਼ਕਤੀ ਦੇ ਵਰਤਣ ਦੀ ਆਗਿਆ ਦਿਤੀ ਜਾਵੇ ਤਾਂ ਜੋ ਉਹ ਤਸੀਹੇ ਦੇਣ ਵਾਲਿਆਂ ਦਾ ਮਲੀਆ ਮੇਟ ਕਰ ਦੇਣ। ਪ੍ਰੰਤੂ ਗੁਰੂ ਜੀ ਨੇ ਉਨ੍ਹਾਂ ਨੂੰ ਸਬਰ ਸੰਤੋਖ ਤੋਂ ਕੰਮ ਲੈਣ ਦੀ ਸਲਾਹ ਦਿਤੀ ਕਿ ਸਾਨੂੰ ਉਸ ਵਾਹਿਗੁਰੂ ਦੇ ਭਾਣੇ ਵਿਚ ਹੀ ਰਹਿਣਾ ਚਾਹੀਦਾ ਹੈ ਅਤੇ ਉਸ ਦੇ ਹੁਕਮ ਬਿਨਾ ਪੱਤਾ ਵੀ ਨਹੀਂ ਹਿਲ ਸਕਦਾ। ਇਹ ਦੱਸਿਆ ਜਾਂਦਾ ਹੈ ਕਿ ਸਾਈਂ ਜੀ ਗੁਝੀਆਂ ਗੈਬੀ ਸ਼ਕਤੀਆਂ ਦੇ ਮਾਲਕ ਸਨ ਅਤੇ ਉਸ ਸਮੇਂ ਇਤਨੇ ਗੁੱਸੇ ਵਿਚ ਸਨ ਕਿ ਉਹ ਲਾਹੌਰ ਅਤੇ ਦਿੱਲੀ ਦੀ ਇੱਟ ਨਾਲ ਇੱਟ ਖੜਕਾਉਣ ਲਈ ਤਿਆਰ ਸਨ। ਹਜ਼ਰਤ ਮੀਆਂ ਮੀਰ ਨੇ ਸ਼ਾਦੀ ਨਹੀਂ ਕੀਤੀ ਸੀ ਅਤੇ ਸਾਰਾ ਜੀਵਨ ਬ੍ਰਹਮਚਾਰੀ ਰਹਿ ਕੇ ਹੀ ਗੁਜ਼ਾਰੀ ਸੀ। ਲੋਕਾਈ ਨੂੰ ਪਿਆਰ ਕਰਨ ਵਾਲਾ ਅਤੇ ਹਰ ਸਮੇਂ ਲੋੜਵੰਦਾਂ ਦੀ ਸਹਾਇਤਾ ਕਰਨ ਵਾਲਾ ਅਤੇ ਭਗਤੀ ਕਰਨ ਵਾਲਾ ਕਾਦਰੀ ਸਿਲਸਿਲੇ ਦਾ ਸੂਫ਼ੀ, 11 ਅਗਸਤ 1635 ਨੂੰ 87-88 ਸਾਲ ਦੀ ਉਮਰ ਵਿਚ ਇਸ ਜਹਾਨ ਨੂੰ ਛੱਡ ਗਿਆ ਸੀ। ਇਹ ਕਿਹਾ ਜਾਂਦਾ ਹੈ ਕਿ ਜਦੋਂ ਅੰਤ ਸਮਾਂ ਨੇੜੇ ਆਇਆ ਤਾਂ ਉਹ ਸਖ਼ਤ ਬਿਮਾਰ ਹੋ ਗਿਆ ਸੀ। ਉਸ ਸਮੇਂ ਦਾ ਮਸ਼ਹੂਰ ਹਕੀਮ ਵਜ਼ੀਰ ਖਾਂ ਸਾਈਂ ਜੀ ਦੇ ਇਲਾਜ ਲਈ ਹਾਜ਼ਰ ਹੋਇਆ ਤਾਂ ਮੀਰ ਜੀ ਨੇ ਆਖਿਆ ਕਿ ਸਭ ਤੋਂ ਵੱਡਾ ਹਕੀਮ ਅਰਥਾਤ ਰੱਬ ਉਸ ਦਾ ਇਲਾਜ ਕਰ ਰਿਹਾ ਹੈ। ਆਪਣੀ ਮੌਤ ਤੋਂ ਕੁਝ ਪਲ ਪਹਿਲਾਂ ਉਨ੍ਹਾਂ ਨੇ ਆਪਣੇ ਚੇਲਿਆਂ ਨੂੰ ਹਦਾਇਤ ਕੀਤੀ ਕਿ ਉਹ ਉਸ ਦੀਆਂ ਹੱਡੀਆਂ ਨੂੰ ਨਾ ਵੇਚਣ ਜਿਸ ਦਾ ਸਪਸ਼ਟ ਅਰਥ ਸੀ ਕਿ ਉਸ ਦੀ ਕਬਰ ਉਪਰ ਚੜਾਵੇ ਕਬੂਲ ਨਾ ਕੀਤੇ ਜਾਣ। ਇਸ ਮਹਾਨ ਅਜ਼ਮਤ ਵਾਲੇ ਪੀਰ ਨੂੰ ਹਿੰਦੂ ਵੀ ਉਤਨਾ ਹੀ ਸਤਿਕਾਰ ਦਿੰਦੇ ਸਨ ਜਿਤਨਾ ਕੇ ਮੁਸਲਮਾਨ। ਲਾਹੌਰ ਦੇ ਨੇੜੇ ਹੁਸ਼ਿਆਰਪੁਰ ਪਿੰਡ ਵਿਚ ਉਨ੍ਹਾਂ ਦਾ ਮਕਬਰਾ ਹੈ ਜਿਥੇ ਹਰ ਸਾਲ ਉਨ੍ਹਾਂ ਨੂੰ ਯਾਦ ਕੀਤਾ ਜਾਂਦਾ ਹੈ। ਸਿੱਖ ਭਾਈਚਾਰਾ ਉਨ੍ਹਾਂ ਨੂੰ ਸਦਾ ਹੀ ਪਿਆਰ ਅਤੇ ਸ਼ਰਧਾ ਭਾਵਨਾ ਨਾਲ ਯਾਦ ਕਰਦਾ ਰਹੇਗਾ। |
ਗਲੀ ਨੰਬਰ 4 (ਖੱਬਾ)
ਹੀਰਾ ਸਿੰਘ ਨਗਰ
ਕੋਟ ਕਪੂਰਾ 151204
ਮੋਬਾਈਲ +15853050443
Now at ----
38 Mc coord woods drive
Rochester NY 14450
USA