ਸੰਤਾਲੀ ਦੀ ਖੂਨ ਦੀ ਹਨੇਰੀ ਐਸੀ ਝੁਲੀ ਜਿਸ ਵਿਚ ਧੀਆਂ ਭੈਣਾਂ ਦੀਆਂ ਇਜ਼ਤਾਂ ਸ਼ਰੇਆਮ ਲੁਟੀਆਂ ਗਈਆਂ | ਮਨੁੱਖਤਾ ਦਾ ਘਾਣ ਹੋਇਆ ਚਾਵਾਂ ਮਲਾਰਾਂ ਨਾਲ ਬਣਾਏ ਘਰ ਲੁਟੇ ਗਏ | ਦੰਗਾਕਾਰੀਆਂ ਨੇ ਖੁਲ੍ਹ ਕੇ ਖੂਨ ਦੀ ਹੋਲੀ ਖੇਡੀ | ਦੰਗਾਕਾਰੀਆਂ ਦਾ ਕੋਈ ਵੀ ਧਰਮ ਨਹੀਂ ਸੀ ਉਹ ਨਾ ਹੀ ਹਿੰਦੂ ਸਨ, ਨਾ ਸਿੱਖ ਸਨ ਅਤੇ ਨਾ ਹੀ ਮੁਸਲਮਾਨ ਸਨ ਕੇਵਲ ਲੁੱਟ ਖਸੁੱਟ ਨੂੰ ਅੰਜਾਮ ਦੇਣ ਵਾਲੇ ਦੰਗਾਕਾਰੀ ਸਨ। ਉਨ੍ਹਾਂ ਦਾ ਧਰਮ ਲੁੱਟ ਕਰਨਾ ਸੀ ਔਰਤਾਂ ਦੀ ਬੇਪਤੀ ਕਰਨੀ ਸੀ| ਉਸ ਵਿਚ ਉਨ੍ਹਾਂ ਨੂੰ ਕਿਸੇ ਨਾ ਰੋਕਿਆ | ਇਸ ਵੰਡ ਦੀ ਹੋਣੀ ਨੇ ਪੰਜਾਬ ਦੇ ਵਿਚ ਉਜਾੜਾ ਪਾ ਦਿਤਾ | ਲੋਕ ਭਰੀਆਂ ਭਰਾਈਆਂ ਕੋਠੀਆਂ ਛੱਡ ਕੇ ਟੁਰ ਗਏ | ਕੁਝ ਲੋਕ ਨਵੀਂ ਥਾਂ ਪੁੱਜ ਗਏ ਕੁਝ ਰਾਹ ਵਿਚ ਹੀ ਖਤਮ ਕਰ ਦਿਤੇ ਗਏ | ਆਲੇ ਦੁਆਲੇ ਦੇ ਲੋਕਾਂ ਨੇ ਖੂਬ ਲੁੱਟ ਮਚਾਈ ਜਿਸ ਦੇ ਜੋ ਹੱਥ ਲੱਗਾ ਚੁੱਕ ਕੇ ਲੈ ਨੱਠਾ | ਕਿਤਨੇ ਸਮੇਂ ਤੋਂ ਇਕੱਠੇ ਰਹਿੰਦੇ ਇਕ ਦੂਜੇ ਦੇ ਦੁਸ਼ਮਣ ਹੋ ਗਏ | ਇਕ ਦੂਜੇ ਦੇ ਜਾਨ ਦੇ ਪਿਆਸੇ ਹੋ ਗਏ | ਇਧਰੋਂ ਲੋਕ ਉਜੜ ਕੇ ਨਵੇਂ ਬਣੇ ਪਾਕਿਸਤਾਨ ਚਲੇ ਗਏ ਉਧਰੋਂ ਉਜੜੇ ਲੋਕ ਇਧਰ ਆਸਰਾ ਲੱਭਣ ਲਗੇ | ਜਿਸ ਨੂੰ ਜਿਥੇ ਖਾਲੀ ਮਕਾਨ ਲੱਭਾ ਉਸ ਵਿਚ ਆਪਣਾ ਸਿਰ ਲੁਕੋ ਕੇ ਟਿੱਕ ਗਏ | ਜਦੋਂ ਉਹ ਉਸ ਘਰ ਦੇ ਅੱਗੇ ਰੁਕਿਆ ਤਾਂ ਕੀ ਵੇਖਦਾ ਹੈ ਕਿ ਘਰ ਦਾ ਬੂਹਾ ਬੰਦ ਹੈ ਅਤੇ ਦਰਵਾਜ਼ੇ ਨੂੰ ਧੜੀ ਦਾ ਜਿੰਦਰਾ ਲੱਗਿਆ ਹੋਇਆ ਹੈ | ਉਹ ਹੈਰਾਨ ਹੋ ਗਿਆ ਜਦੋਂ ਉਸ ਨੇ ਦੇਖਿਆ ਕਿ ਉਸ ਜਿੰਦਰੇ ਦੀ ਪਾਉਲੀ ਭਰ ਦੀ ਚਾਬੀ ਜਿੰਦਰੇ ਦੇ ਵਿਚ ਹੀ ਰੱਖੀ ਹੋਈ ਸੀ ਜਿੰਦਰਾ ਚਾਬੀ ਨੂੰ ਵੀ ਆਪਣੀ ਹਿਕ ਨਾਲ ਲਾਈ ਖੜੋਤਾ ਸੀ | ਕੁਝ ਦੇਰ ਉਹ ਅੰਦਾਜ਼ੇ ਲਾਉਂਦਾ ਰਿਹਾ ਕਿ ਚਾਬੀ ਵਿਚ ਹੀ ਕਿਓਂ ਛੱਡੀ ਹੋਈ ਹੈ | ਉਸ ਦੀ ਸਮਝ ਵਿਚ ਕੁਝ ਨਾ ਪਿਆ ਤਾਂ ਉਸ ਨੇ ਚਾਬੀ ਨੂੰ ਘੁਮਾਇਆ ਤੇ ਜਿੰਦਰਾ ਖੁਲ੍ਹ ਗਿਆ | ਉਸ ਦਾ ਇਹ ਵਹਿਮ ਤਾਂ ਖਤਮ ਹੋ ਗਿਆ ਕਿ ਚਾਬੀ ਇਸ ਜਿੰਦਰੇ ਦੀ ਨਹੀਂ ਹੋ ਸਕਦੀ | ਫਿਰ ਉਸ ਨੇ ਵੱਡਾ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਉਸ ਨੂੰ ਸੁੰਨ ਸਾਨ ਨਜ਼ਰ ਆਈ | ਉਹ ਅੱਗੇ ਵਧਿਆ ਤੇ ਉਸ ਨੇ ਚਾਰ ਚੁਫੇਰੇ ਨਜ਼ਰ ਘੁਮਾਈ ਤਾਂ ਕੀ ਵੇਖਦਾ ਹੈ ਕਿ ਕਮਰੇ ਅੰਦਰੋਂ ਬੰਦ ਹਨ | ਘਰ ਦੇ ਇਕ ਪਾਸੇ ਪਸ਼ੂਆਂ ਦਾ ਵਾੜਾ ਹੈ ਜਿੱਥੇ ਮੱਝਾਂ ਗਾਵਾਂ ਤੇ ਉਨ੍ਹਾਂ ਦੇ ਵਛੇਰੇ ਖੜੇ ਹਨ | ਸ਼ਕਲਾਂ ਤੋਂ ਉਹ ਜਾਨਵਰ ਭੁੱਖੇ ਨਹੀਂ ਜਾਪ ਰਹੇ ਹਨ | ਇਕ ਪਾਸੇ ਇਕ ਕਮਰਾ ਹੈ ਜਿਸ ਦੇ ਅੰਦਰ ਝਾਤ ਮਾਰੀ ਤਾਂ ਦੇਖਿਆ ਕਿ ਪਸ਼ੂਆਂ ਲਈ ਖਾਣਾ ਦਾਣਾ ਉਸ ਵਿਚ ਪਿਆ ਹੈ | ਇਕ ਪਾਸੇ ਖਲ ਪਈ ਤੇ ਨਾਲ ਹੀ ਇੱਕ ਘੜਾ ਪਿਆ ਜਿਸ ਵਿਚ ਖਲ ਭਿਜੀ ਪਈ ਹੈ | ਉਸ ਨੂੰ ਮਹਿਸੂਸ ਹੋਇਆ ਕਿ ਕਮਰਿਆਂ ਦੇ ਅੰਦਰ ਕੋਈ ਜ਼ਰੂਰ ਹੀ ਹੋਵੇਗਾ | ਉਹ ਆਪਣੇ ਕੋਲ ਜਿਹੜੀ ਵੱਡੀ ਕਿਰਪਾਨ ਸੀ ਉਸ ਦੇ ਮੁੱਠੇ ਨੂੰ ਸੰਭਾਲ ਕਮਰਿਆਂ ਵੱਲ ਨੂੰ ਹੋ ਗਿਆ | ਕਮਰੇ ਅੰਦਰੋਂ ਬੰਦ ਸਨ | ਉਸ ਨੂੰ ਸ਼ੱਕ ਹੋਇਆ ਕਿ ਜੋ ਵੀ ਅੰਦਰ ਹੈ ਉਸ ਦਾ ਮੁਕਾਬਲਾ ਕਰਨਾ ਪਵੇਗਾ ਅਤੇ ਉਹ ਉਸ ਲਈ ਤਿਆਰ ਹੋ ਦਰਵਾਜ਼ੇ ਤੇ ਠੱਕ ਠੱਕ ਕਰਨ ਲਗਾ | ਅੰਦਰੋਂ ਕੋਈ ਆਵਾਜ਼ ਨਾ ਆਈ ਉਸ ਨੇ ਫੇਰ ਹੋਰ ਜ਼ੋਰ ਨਾਲ ਬੂਹਾ ਖੜਕਾਇਆ | ਇਕ ਔਰਤ ਨੇ ਦਰ ਖੋਲ੍ਹਿਆ ਤਾਂ ਉਸ ਨੇ ਗਹਿਰੀ ਨਿਗਾਹ ਨਾਲ ਉਸ ਨੂੰ ਘੂਰਿਆ | ਔਰਤ ਨੇ ਕਿਹਾ ਕਿ ਅਸੀਂ ਅੰਦਰ ਨੂੰਹ ਸੱਸ ਹੀ ਹਾਂ ਕੋਈ ਵੀ ਆਦਮੀ ਨਹੀਂ ਹੈ | ਮੇਰੇ ਸਾਈਂਂ ਅਤੇ ਚਾਰ ਪੁਤ੍ਰਾਂ ਨੂੰ ਦੰਗਈਆਂ ਨੇ ਮੌਤ ਦੇ ਦਿਤੀ ਹੈ | ਮੇਰੀ ਨੂੰਹ ਦੇ ਬੱਚਾ ਹੋਣ ਵਾਲਾ ਹੈ ਅਸੀਂ ਭੱਜ ਨਹੀਂ ਸਕਦੀਆਂ ਸੀ ਇਸ ਲਈ ਅੰਦਰ ਲੁਕ ਗਈਆਂ ਸੀ | ਸਾਡੇ ਬੰਦੇ ਜਦੋਂ ਬਾਹਰ ਨਿਕਲੇ ਸਨ ਉਨ੍ਹਾਂ ਨੇ ਹੀ ਬਾਹਰੋਂ ਜਿੰਦਰਾ ਲਾਇਆ ਸੀ ਅਤੇ ਚਾਬੀ ਵੀ ਸਾਡੇ ਮਿੰਨਤਾਂ ਕਰਨ ਤੇ ਵਿਚੇ ਹੀ ਛੱਡ ਦਿਤੀ ਸੀ ਤਾਂ ਜੋ ਜੇ ਲੋੜ ਪਵੇ ਭਾਵ ਨੂੰਹ ਨੂੰ ਦਰਦਾਂ ਸ਼ੁਰੂ ਹੋਣ ਤਾਂ ਅਸੀਂ ਮਦਦ ਲਈ ਪੁਕਾਰ ਸਕੀਏ ਅਤੇ ਹੋ ਸਕਦਾ ਹੈ ਕੋਈ ਭਲਾ ਪੁਰਸ਼ ਸਾਡੀ ਮਦਦ ਲਈ ਬਹੁੜ ਪਵੇ | ਤੁਸੀਂ ਆ ਗਏ ਹੋ ਅਸੀਂ ਤੁਹਾਡੇ ਰਹਿਮ ਤੇ ਹਾਂ | ਜੇ ਕਰ ਤੁਸੀਂ ਸਾਨੂੰ ਮਾਰਨਾ ਚਾਹੁੰਦੇ ਹੋ ਤਾਂ ਮਾਰ ਸਕਦੇ ਹੋ ਅਸੀਂ ਕੋਈ ਵਿਰੋਧ ਨਹੀਂ ਕਰਾਂਗੀਆਂ | ਪ੍ਰੰਤੂ ਮੇਰੀ ਬੇਨਤੀ ਹੈ ਕਿ ਤੁਸੀਂ ਮੇਰੀ ਮਦਦ ਕਰੋ ਤਾਂ ਜੋ ਮੇਰੀ ਨੂੰਹ ਸੁਰਖਰੂ ਹੋ ਸਕੇ ਤੇ ਬੱਚਾ ਇਸ ਧਰਤੀ ਤੇ ਆ ਸਕੇ | ਫਿਰ ਉਸ ਬੱਚੇ ਨੂੰ ਤੁਸੀਂ ਰੱਖ ਲੈਣਾ ਅਤੇ ਸਾਨੂੰ ਦੋਹਾਂ ਨੂੰ ਖਤਮ ਕਰ ਦੇਣਾ | ਔਰਤ ਦੀ ਇਸ ਬੇਨਤੀ ਨੇ ਤੇ ਘਰ ਦੀ ਹਾਲਤ ਨੇ ਪ੍ਰੇਮ ਸਿੰਘ ਨੂੰ ਸੋਚਾਂ ਦੇ ਸਮੁੰਦਰ ਵਿਚ ਸੁਟ ਦਿੱਤਾ | ਪ੍ਰੇਮ ਸਿੰਘ ਨੂੰ ਆਪਣਾ ਪਰਿਵਾਰ ਯਾਦ ਆਇਆ ਕਿ ਕਿਵੇਂ ਦੰਗਾਈਆਂ ਨੇ ਉਸ ਦੇ ਸਾਹਮਣੇ ਉਸ ਦਾ ਸਾਰਾ ਪਰਿਵਾਰ ਕੋਹ ਸੁਟਿਆ ਸੀ ਅਤੇ ਉਹ ਆਪਣੀ ਜਨਾਨੀ ਸਮੇਤ ਘਰ ਛੱਡ ਕੇ ਭੱਜਿਆ ਸੀ ਅਤੇ ਲੁਕਦਾ ਲੁਕਾਉਂਦਾ ਇੱਥੇ ਪੁਜਿਆ ਸੀ | ਉਸ ਦੇ ਸਾਹਮਣੇ ਇਕ ਮੌਕਾ ਸੀ ਉਹ ਆਪਣੇ ਮਾਰੇ ਗਏ ਭੈਣਾਂ ਭਰਾਵਾਂ ਦਾ ਬਦਲਾ ਲੈ ਸਕਦਾ ਸੀ | ਉਸ ਨੇ ਅੰਦਰ ਵੜ ਕੇ ਸਾਰੇ ਘਰ ਤੇ ਨਿਗਾਹ ਮਾਰੀ ਡਿਠਾ ਕਿ ਘਰ ਸਮਾਨ ਦਾ ਭਰਿਆ ਪਿਆ ਸੀ ਔਰਤ ਦੇ ਦੱਸਣ ਅਨੁਸਾਰ ਸਾਰਾ ਗਹਿਣਾ ਗੱਟਾ ਵੀ ਅੰਦਰ ਹੀ ਪਿਆ ਸੀ | ਔਰਤ ਨੇ ਫੇਰ ਕਿਹਾ ਕਿ ਸਾਡੀ ਜ਼ਮੀਨ ਵੀ ਹੈ ਅਤੇ ਜੇ ਕਰ ਤੁਸੀਂ ਲੁੱਟਣ ਦੇ ਇਰਾਦੇ ਨਾਲ ਆਏ ਹੋ ਤਾਂ ਮੈਂ ਤੁਹਾਨੂੰ ਨਕਦੀ ਅਤੇ ਗਹਿਣੇ ਆਪ ਕੱਢ ਕੇ ਦੇ ਸਕਦੀ ਹਾਂ | ਸਾਡੀ ਜਾਨ ਬਖਸ਼ੀ ਕਰ ਦਿਓ ਤਾਂ ਅਸੀਂ ਸਾਰੀ ਉਮਰ ਤੁਹਾਡੀ ਗੁਲਾਮੀ ਕਰਨ ਨੂੰ ਤਿਆਰ ਹਾਂ | ਜਿਵੇਂ ਤੁਸੀਂ ਚਾਹੋਗੇ ਅਸੀਂ ਤੁਹਾਡੇ ਨਾਲ ਰਹਿ ਸਕਦੇ ਹਾਂ | ਚਾਬੀ ਵਿਚ ਰੱਖਣ ਦਾ ਦੂਸਰਾ ਕਾਰਨ ਇਹ ਵੀ ਸੀ ਕਿ ਸਾਡੇ ਮਰਦ ਵਾਪਿਸ ਆਉਣਗੇ ਤੇ ਸਾਨੂੰ ਨਾਲ ਲੈ ਜਾਣਗੇ | ਹੁਣ ਤੁਸੀਂ ਦੇਖ ਹੀ ਚੁਕੇ ਹੋ ਸਾਡੇ ਮਰਦ ਤਾਂ ਵਾਪਿਸ ਆ ਹੀ ਨਹੀਂ ਸਕਦੇ ਉਨ੍ਹਾਂ ਨੂੰ ਤਾਂ ਬਾਹਰ ਨਿਕਲਦਿਆਂ ਨੂੰ ਹੀ ਮੌਤ ਦੇ ਦਿਤੀ ਗਈ ਸੀ ਅਸੀਂ ਉਨ੍ਹਾਂ ਦੀ ਕੁਰਲਾਹਟ ਸੁਣੀ ਸੀ ਪ੍ਰੰਤੂ ਮਜ਼ਬੂਰ ਸਾਂ | ਅਸੀਂ ਰੁਹਾਡੇ ਨਾਲ ਆਪਣਾ ਜੀਵਨ ਗੁਜ਼ਾਰਨ ਲਈ ਵੀ ਤਿਆਰ ਹਾਂ | ਇਹ ਸਾਰਾ ਕੁਝ ਗੋਬਿੰਦ ਕੌਰ ਵੀ ਸੁਣ ਰਹੀ ਸੀ | ਸਾਰਾ ਕੁਝ ਹਾਲੇ ਚਲ ਹੀ ਰਿਹਾ ਸੀ ਕਿ ਅੰਦਰੋਂ ‘ਹਾਏ ਮਰਗੀ——‘ ਦੀ ਆਵਾਜ਼ ਆਈ | ਗੋਬਿੰਦ ਕੌਰ ਨੇ ਅੰਦਾਜ਼ਾ ਲੈ ਲਿਆ ਕਿ ਨੂੰਹ ਨੂੰ ਦਰਦਾਂ ਸ਼ੁਰੂ ਹੋ ਚੁਕੀਆਂ ਹਨ ਉਹ ਭੱਜ ਕੇ ਉਸ ਕੋਲ ਚਲੀ ਗਈ ਤੇ ਪ੍ਰੇਮ ਸਿੰਘ ਨੂੰ ਅੰਦਰ ਨਾ ਆਉਣ ਲਈ ਆਖ ਗਈ | ਪ੍ਰੇਮ ਸਿੰਘ ਨੇ ਸਾਰਾ ਮਹੌਲ ਜਾਂਚ ਕੇ ਉਸ ਔਰਤ ਨੂੰ ਆਪਣੀਂ ਨੂੰਹ ਦੀ ਮਦਦ ਲਈ ਜਾਣ ਦਿੱਤਾ ਤੇ ਆਪ ਬਾਹਰ ਸਤਰਕ ਹੋ ਗਿਆ ਤਾਂ ਜੋ ਕੋਈ ਹੋਰ ਅੰਦਰ ਨਾ ਆ ਸਕੇ ਉਸ ਨੇ ਬਾਹਰਲਾ ਦਰਵਾਜ਼ਾ ਵੀ ਅੰਦਰੋਂ ਬੰਦ ਕਰ ਦਿੱਤਾ | ਪ੍ਰੇਮ ਸਿੰਘ ਨੇ ਘੁੰਮ ਫਿਰ ਕੇ ਸਾਰਾ ਘਰ ਦੇਖਿਆ | ਚਾਰੇ ਪਾਸੇ ਫਰਸ਼ ਲੱਗੇ ਹੋਏ ਸਨ | ਪਸ਼ੂਆਂ ਵਾਲਾ ਪਾਸਾ ਬਿਲਕੁਲ ਹੀ ਅੱਡ ਕੀਤਾ ਹੋਇਆ ਸੀ | ਘਰ ਵਾਲੇ ਪਾਸੇ ਕੇਵਲ ਇਕ ਛੋਟਾ ਜਿਹਾ ਦਰਵਾਜ਼ਾ ਸੀ ਜਿਸ ਵਿਚੋਂ ਕੇਵਲ ਆਦਮੀ ਹੀ ਲੰਘ ਸਕਦਾ ਸੀ | ਪਸ਼ੂਆਂ ਦੇ ਬਾਹਰ ਲੈ ਕੇ ਜਾਣ ਲਈ ਬਾਹਰਲੀ ਗਲੀ ਵਿਚ ਦਰਵਾਜ਼ਾ ਸੀ | ਉਹਨਾ ਵੱਲੋਂ ਪਸ਼ੂਆਂ ਦੀ ਸਾਫ਼ ਸਫ਼ਾਈ ਲਈ ਵੀ ਇਹ ਦਰਵਾਜ਼ਾ ਹੀ ਵਰਤਿਆ ਜਾਂਦਾ ਹੋਵੇਗਾ, ਪ੍ਰੇਮ ਸਿੰਘ ਨੇ ਅੰਦਾਜ਼ਾ ਲਾ ਲਿਆ ਸੀ | ਘਰ ਦੇ ਅੰਦਰ ਵੀ ਕਾਫੀ ਕਮਰੇ ਸਨ ਲਗਭਗ ਸਾਰੇ ਕਮਰਿਆਂ ਵਿਚ ਫਰਸ਼ ਲੱਗੇ ਹੋਏ ਸਨ | ਉਸ ਨੇ ਅੰਦਾਜ਼ਾ ਲਾ ਲਿਆ ਕਿ ਇਹ ਘਰ ਉਨ੍ਹਾਂ ਲਈ ਠੀਕ ਰਹੇਗਾ | ਮਨ ਹੀ ਮਨ ਉਸ ਨੇ ਸੋਚ ਲਿਆ ਕਿ ਇਸ ਘਰ ਨੂੰ ਪੱਕਾ ਟਿਕਾਣਾ ਬਣਾਇਆ ਜਾ ਸਕਦਾ ਹੈ | ਉਸ ਨੇ ਗੋਬਿੰਦ ਕੌਰ ਨਾਲ ਸਲਾਹ ਕਰਨੀ ਉਚਿਤ ਸਮਝੀ ਪ੍ਰੰਤੂ ਉਹ ਹਾਲੇ ਕਮਰੇ ਵਿਚੋਂ ਬਾਹਰ ਨਹੀਂ ਆਈ ਸੀ | ਉਹ ਸੋਚ ਵਿਚ ਡੁਬਾ ਇਕ ਕਮਰੇ ਵਿਚ ਜਾ ਕੇ ਲੇਟ ਗਿਆ | ਜਿਆਦਾ ਵਾਟ ਤਹਿ ਕੀਤੀ ਹੋਣ ਕਾਰਨ ਉਸ ਨੂੰ ਨੀਂਦ ਨੇ ਘੇਰ ਲਿਆ | ਗੋਬਿੰਦ ਕੌਰ ਅਤੇ ਨਸੀਬਾਂ ਨੇ ਮਿਲ ਕੇ ਨੂੰਹ ਦੀ ਮਦਦ ਕਰ ਨਵੇਂ ਜੀਅ ਨੂੰ ਜੀ ਆਇਆ ਆਖਿਆ | ਬੱਚਾ ਠੀਕ ਠਾਕ ਸੀ ਨਸੀਬਾਂ ਨੇ ਕਾਕੇ ਨੂੰ ਗੋਬਿੰਦ ਕੌਰ ਦੀ ਝੋਲੀ ਵਿਚ ਪਾ ਦਿੱਤਾ | ਹਾਲੇ ਬੇਨਜ਼ੀਰ ਮੰਦ ਬੇਹੋਸ਼ੀ ਦੀ ਹਾਲਤ ਵਿਚ ਸੀ ਜਦੋਂ ਉਸ ਨੂੰ ਹੋਸ਼ ਆਇਆ ਤਾਂ ਉਸ ਨੂੰ ਵੀ ਖਬਰ ਦੱਸੀ ਗਈ | ਉਸ ਨੇ ਵੀ ਬੱਚੇ ਦਾ ਰੋਣਾ ਸੁਣ ਲਿਆ ਸੀ ਉਸ ਨੇ ਅੱਲਾ ਦਾ ਸ਼ੁਕਰ ਕੀਤਾ | ਆਪਣੀ ਸੱਸ ਵੱਲ ਸਵਾਲੀਆ ਨਜ਼ਰ ਨਾਲ ਦੇਖਿਆ | ਇਸ ਤੋਂ ਪਹਿਲਾਂ ਕਿ ਨਸੀਬਾਂ ਕੁਝ ਬੋਲਦੀ ਗੋਬਿੰਦ ਕੌਰ ਨੇ ਬੱਚੇ ਨੂੰ ਮਾਂ ਕੋਲ ਪਾ ਦਿਤਾ ਤਾਂ ਜੋ ਉਹ ਬੱਚੇ ਦੀ ਭੁੱਖ ਮਿਟਾ ਸਕੇ | ਬੱਚਾ ਆਪਣੀ ਮਾਂ ਨਾਲ ਇਸ ਤਰਾਂ ਚਿੰਬੜ ਗਿਆ ਜਿਵੇਂ ਉਸ ਨੂੰ ਗਿਆਨ ਹੋਵੇ ਕਿ ਇਹ ਮੇਰੀ ਮਾਂ ਹੈ ਤੇ ਮੇਰੀ ਭੁੱਖ ਮਿਟਾਵੇਗੀ | ਨਸੀਬਾਂ ਬਾਹਰ ਆਈ ਉਸ ਨੇ ਡਿਠਾ ਕਿ ਸਰਦਾਰ ਤਾਂ ਸੁਤਾ ਪਿਆ ਸੀ | ਉਸ ਨੇ ਆਵਾਜ਼ ਦਿਤੀ ਕਿ ਵੀਰੇ ਉੱਠ ਅੱਲ੍ਹਾ ਨੇ ਕਾਕੇ ਦੀ ਦਾਤ ਬਖਸ਼ੀ ਹੈ | ਇਹ ਸੁਣ ਪ੍ਰੇਮ ਸਿੰਘ ਉਠਿਆ ਤੇ ਵਾਹਿਗੁਰੂ ਦਾ ਸ਼ੁਕਰ ਕੀਤਾ | ਨਸੀਬਾਂ ਨੇ ਉਸ ਨੂੰ ਕਿਹਾ ਕਿ ਹੁਣ ਅਸੀਂ ਸੁਰਖਰੂ ਹੋ ਗਏ ਹਾਂ | ਹੁਣ ਤੁਸੀਂ ਸਾਨੂੰ ਖਤਮ ਕਰ ਸਕਦੇ ਹੋ ਜਾਂ ਜੇ ਤੁਸੀਂ ਠੀਕ ਸਮਝੋ ਤਾਂ ਅਸੀਂ ਤੁਹਾਡੀਆਂ ਨੌਕਰਾਣੀਆਂ ਬਣ ਕੇ ਤੁਹਾਡੀ ਸੇਵਾ ਕਰਦੀਆਂ ਰਹਿ ਸਕਦੀਆਂ ਹਾਂ | ਇਹ ਸੁਣ ਪ੍ਰੇਮ ਸਿੰਘ ਬੋਲਿਆ ਕਿ ਜੇ ਤੁਹਾਡੀ ਮਰਜ਼ੀ ਹੈ ਤਾਂ ਅਸੀਂ ਯਤਨ ਕਰਕੇ ਤੁਹਾਨੂੰ ਪਾਕਿਸਤਾਨ ਵੀ ਭੇਜ ਸਕਦੇ ਹਾਂ ਪਰ ਇਸ ਕੰਮ ਵਿਚ ਖਤਰਾ ਹੈ ਕੋਈ ਸਿਰ ਫਿਰਿਆ ਰਾਹ ਵਿਚ ਮਿਲ ਗਿਆ ਤਾਂ ਉਹ ਤੁਹਾਡਾ ਜਾਨੀ ਨੁਕਸਾਨ ਵੀ ਕਰ ਸਕਦਾ ਹੈ ਅਤੇ ਜੇ ਕਰ ਤੁਸੀਂ ਇੱਥੇ ਰਹਿਣਾ ਹੈ ਤਾਂ ਤੁਸੀਂ ਸਿੱਖ ਬਣ ਜਾਓ ਤੇ ਮੈਂ ਤੁਹਾਨੂੰ ਆਪਣੀ ਭੈਣ ਸਮਝ ਕੇ ਰਖਾਂਗਾ ਅਤੇ ਬੇਨਜ਼ੀਰ ਸਾਡੀ ਲੜਕੀ ਬਣ ਕੇ ਰਹਿ ਸਕਦੀ ਹੈ | ਬੱਚੇ ਨੂੰ ਪੜਾਵਾਂਗੇ ਤੇ ਜੋ ਉਸ ਦੀ ਕਿਸਮਤ ਵਿਚ ਲਿਖਿਆ ਹੈ ਉਹ ਵੱਡਾ ਹੋ ਕੇ ਉਹ ਕਿੱਤਾ ਕਰ ਲਵੇਗਾ | ਤੁਸੀਂ ਦੋਵੇਂ ਫੈਸਲਾ ਕਰ ਕੇ ਸਾਨੂੰ ਦੱਸ ਦਿਓ | ਮੈਂ ਗੋਬਿੰਦ ਕੌਰ ਨੂੰ ਇਹ ਸਾਰੀ ਯੋਜਨਾ ਦੱਸ ਦੇਵਾਂਗਾ | ਮੈਨੂੰ ਪੂਰੀ ਉਮੀਦ ਹੈ ਉਹ ਮੇਰੀ ਸਕੀਮ ਵਿਚ ਮੇਰਾ ਹੀ ਸਾਥ ਦੇਵੇਗੀ | ਨਸੀਬਾਂ ਨੂੰ ਇਹ ਗੱਲ ਚੰਗੀ ਲੱਗੀ ਉਹ ਕਾਹਲੀ ਨਾਲ ਅੰਦਰ ਗਈ ਤਾਂ ਜੋ ਉਹ ਆਪਣੀ ਨੂੰਹ ਨਾਲ ਵਿਚਾਰ ਕਰ ਫੈਸਲਾ ਲੈ ਸਕੇ | ਉਸ ਨੇ ਬੇਨਜ਼ੀਰ ਨੂੰ ਪ੍ਰੇਮ ਸਿੰਘ ਨਾਲ ਹੋਈ ਗਲਬਾਤ ਦੱਸ ਦਿਤੀ | ਬੇਨਜ਼ੀਰ ਖੁਸ਼ ਹੋ ਗਈ ਕਿ ਉਹ ਸਾਰੇ ਇਸ ਘਰ ਵਿਚ ਰਹਿ ਕੇ ਬੱਚੇ ਦਾ ਪਾਲਣ ਪੋਸ਼ਣ ਕਰ ਸਕਣਗੇ | ਉਸ ਨੇ ਆਪਣੀ ਸੱਸ ਨੂੰ ਆਪਣੀ ਸਹਿਮਤੀ ਦੇ ਦਿਤੀ ਕਿ ਸਾਨੂੰ ਸਰਦਾਰ ਸਾਹਿਬ ਦੀ ਗੱਲ ਚੰਗੀ ਲੱਗੀ ਹੈ | ਸਮਾਂ ਗੁਜ਼ਰਨ ਲੱਗਾ | ਇਕ ਦਿਨ ਘਰ ਵਿਚ ਹੀ ਅਰਦਾਸ ਕਰ ਨਸੀਬਾਂ ਅਤੇ ਬੇਨਜ਼ੀਰ ਨੇ ਸਿੱਖ ਧਰਮ ਧਾਰਨ ਕਰ ਲਿਆ ਨਸੀਬਾਂ ਦਾ ਨਵਾਂ ਨਾਂ ਨਸੀਬ ਕੌਰ ਰੱਖ ਦਿੱਤਾ ਗਿਆ ਅਤੇ ਬੇਨਜ਼ੀਰ ਦਾ ਨਾਂ ਸੁੰਦਰ ਕੌਰ ਰਖਿਆ ਗਿਆ | ਬੱਚੇ ਦਾ ਨਾਂ ਸਾਰਿਆਂ ਨੇ ਸਲਾਹ ਕਰ ਮੇਹਰ ਸਿੰਘ ਰੱਖ ਦਿੱਤਾ | ਸਾਰਾ ਪਰਿਵਾਰ ਰਲ ਮਿਲ ਕੇ ਰਹਿਣ ਲੱਗ ਪਿਆ ਸਵੇਰੇ ਉੱਠ ਸਾਰੇ ਮਿਲ ਕੇ ਪਾਠ ਕਰਦੇ | ਬੱਚਾ ਗੋਦੀ ਵਿੱਚ ਪਿਆ ਰਹਿੰਦਾ | ਹੋਲੀ ਹੌਲੀ ਨਸੀਬ ਕੌਰ ਤੇ ਸੁੰਦਰ ਕੌਰ ਵੀ ਪਾਠ ਕਰਨ ਵਿਚ ਸਰਲ ਹੋ ਗਈਆਂ | ਸਮੇਂ ਨੇ ਆਪਣੀ ਚਾਲ ਫੜੀ ਪ੍ਰੇਮ ਸਿੰਘ ਨੇ ਖੇਤੀ ਵਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ | ਉਸ ਨੇ ਇਕ ਦੋ ਕਾਮੇ ਲੱਭ ਲਏ | ਜੀਵਨ ਆਪਣੇ ਰਾਹ ਪੈਣ ਲੱਗਾ | ਬੱਚਾ ਵੱਡਾ ਹੋਇਆ ਉਸ ਨੂੰ ਸਕੂਲ ਭੇਜ ਦਿਤਾ ਗਿਆ| ਸੁੰਦਰ ਕੌਰ ਤੇ ਨਸੀਬ ਕੌਰ ਰਲ ਕੇ ਰੋਟੀ ਟੁਕ ਕਰ ਲੈਂਦੀਆਂ | ਦੁੱਧ ਆਦਿ ਸੰਭਾਲਣ ਦਾ ਕੰਮ ਗੋਬਿੰਦ ਕੌਰ ਨੇ ਸਾਂਭ ਲਿਆ | ਇਸ ਤਰਾਂ ਜ਼ਿੰਦਗੀ ਰਫਤਾਰ ਵਿਚ ਪੈਣ ਲੱਗੀ | ਕਾਮਿਆਂ ਦੀ ਸਹਾਇਤਾ ਨਾਲ ਖੇਤੀ ਦਾ ਕੰਮ ਚਲ ਰਿਹਾ ਸੀ | ਪ੍ਰੇਮ ਸਿੰਘ ਦਾ ਕਾਮਿਆਂ ਨਾਲ ਵਰਤਾਵ ਚੰਗਾ ਸੀ | ਘਰ ਦੀਆਂ ਸੁਆਣੀਆਂ ਵੀ ਕਾਮਿਆਂ ਨਾਲ ਕੋਈ ਵਖਰੇਵਾਂ ਨਹੀਂ ਕਰਦੀਆਂ ਸਨ | ਕਾਮੇ ਖੁਸ਼ ਸਨ ਕਿ ਉਨ੍ਹਾਂ ਦੇ ਭਾਂਡੇ ਵੱਖਰੇ ਨਹੀਂ ਹਨ ਅਤੇ ਨਾ ਹੀ ਉਨ੍ਹਾਂ ਦੇ ਖਾਣ ਲਈ ਪ੍ਰੇਮ ਸਿੰਘ ਨਾਲੋਂ ਵੱਖਰਾ ਭੋਜਨ ਦਿਤਾ ਜਾ ਰਿਹਾ ਸੀ | ਭਾਵੇਂ ਉਹ ਅਖੌਤੀ ਨੀਵੀਂ ਜਾਤ ਨਾਲ ਸਬੰਧਿਤ ਸਨ | ਗਿੰਦਰ ਅਤੇ ਓਹਦਾ ਪੁੱਤ ਕੈਲਾ ਵੀ ਪੂਰੀ ਜਾਨ ਵਾਰ ਕੇ ਕੰਮ ਕਰ ਰਹੇ ਸਨ | ਉਨ੍ਹਾਂ ਨੂੰ ਵੇਲੇ ਸਿਰ ਪੈਸੇ ਧੇਲੇ ਦੀ ਮਦਦ ਵੀ ਮਿਲ ਜਾਂਦੀ ਸੀ | ਸਾਰਾ ਪਰਿਵਾਰ ਖੁਸ਼ੀ ਨਾਲ ਸਮੇਂ ਦੀ ਬਾਂਹ ਫੜ ਚਲ ਰਿਹਾ ਸੀ | ਕਦੇ ਕਦੇ ਪ੍ਰੇਮ ਸਿੰਘ ਆਪਣੇ ਭੈਣਾਂ ਭਰਾਵਾਂ ਨੂੰ ਯਾਦ ਕਰ ਉਦਾਸ ਹੋ ਜਾਂਦਾ ਸੀ ਤਾਂ ਗੋਬਿੰਦ ਕੌਰ ਉਸ ਨੂੰ ਹੌਸਲਾ ਦਿੰਦੀ ਰਹਿੰਦੀ ਸੀ | ਉਧਰ ਕਦੇ ਕਦੇ ਨਸੀਬ ਕੌਰ ਤੇ ਸੁੰਦਰ ਕੌਰ ਵੀ ਉਦਾਸ ਚਿੱਤ ਹੁੰਦੀਆਂ ਤਾਂ ਉਹ ਮੇਹਰ ਨੂੰ ਵੱਡਾ ਹੁੰਦਾ ਦੇਖ ਮਨ ਨੂੰ ਤਸੱਲੀ ਦੇ ਲੈਂਦੀਆਂ ਸਨ | ਪ੍ਰੰਤੂ ਉਹ ਪ੍ਰੇਮ ਸਿੰਘ ਤੇ ਗੋਬਿੰਦ ਕੌਰ ਦੇ ਪਿਆਰ ਭਰੇ ਵਰਤਾਵ ਨਾਲ ਖੁਸ਼ ਪ੍ਰਤੀਤ ਹੋ ਰਹੀਆਂ ਸਨ | ਉਨ੍ਹਾਂ ਨੇ ਕਦੇ ਵੀ ਪਾਕਿਸਤਾਨ ਜਾਣ ਦੀ ਇੱਛਾ ਨਹੀਂ ਕੀਤੀ ਸੀ | ਭਾਵੇਂ ਇਕ ਦੋ ਵਾਰ ਪ੍ਰੇਮ ਸਿੰਘ ਨੇ ਉਨ੍ਹਾਂ ਨੂੰ ਪੁੱਛਿਆ ਸੀ | ਪ੍ਰੰਤੂ ਉਹ ਸਿੱਖ ਜੀਵਨ ਅਪਨਾ ਕੇ ਖੁਸ਼ੀ ਮਹਿਸੂਸ ਕਰ ਰਹੀਆਂ ਸਨ | ਗੋਬਿੰਦ ਕੌਰ, ਨਸੀਬ ਕੌਰ ਨੂੰ ਵੱਡੀ ਨਿਨਾਣ ਜਿਨ੍ਹਾਂ ਹੀ ਪਿਆਰ ਸਤਿਕਾਰ ਦਿੰਦੀ ਸੀ | ਇਕ ਦਿਨ ਗੋਬਿੰਦ ਕੌਰ ਨੇ ਨਸੀਬ ਕੌਰ ਨੂੰ ਦੱਸਿਆ ਕਿ ਉਸ ਦਾ ਪੈਰ ਭਾਰੀ ਹੈ | ਭਾਵੇਂ ਨਸੀਬ ਕੌਰ ਨੇ ਉਸ ਦੀ ਚਾਲ ਢਾਲ ਤੋਂ ਅੰਦਾਜ਼ਾ ਲੈ ਲਿਆ ਸੀ ਅਤੇ ਉਹ ਉਸ ਨੂੰ ਪੁੱਛਣ ਹੀ ਵਾਲੀ ਸੀ | ਪ੍ਰੰਤੂ ਗੋਬਿੰਦ ਕੌਰ ਕੋਲੋਂ ਸੁਣ ਉਸ ਨੂੰ ਖੁਸ਼ੀ ਹੋਈ ਅਤੇ ਆਪਣੇ ਭਰਾ ਪ੍ਰੇਮ ਸਿੰਘ ਨੂੰ ਜਾ ਵਧਾਈ ਦਿਤੀ | ਪ੍ਰੇਮ ਸਿੰਘ ਨੂੰ ਤਾਂ ਗੋਬਿੰਦ ਕੌਰ ਨੇ ਦੱਸ ਹੀ ਦਿਤਾ ਸੀ ਉਸ ਨੇ ਆਪਣੀ ਭੈਣ ਦੀ ਵਧਾਈ ਖੁਸ਼ੀ ਨਾਲ ਕਬੂਲ ਕੀਤੀ | ਹੁਣ ਨਸੀਬ ਨੇ ਗੋਬਿੰਦ ਨੂੰ ਆਪਣੀ ਸਿਹਤ ਦਾ ਧਿਆਨ ਰੱਖਣ ਲਈ ਆਖਿਆ ਅਤੇ ਕੰਮ ਧੰਦਾ ਛੱਡ ਦੇਣ ਲਈ ਕਿਹਾ ਕਿ ਘਰ ਦਾ ਸਾਰਾ ਕੰਮ ਅਸੀਂ ਦੇਖ ਲਵਾਂਗੇ ਤੁਸੀਂ ਕੇਵਲ ਆਪਣਾ ਅਤੇ ਆਪਣੀ ਸਿਹਤ ਦਾ ਧਿਆਨ ਹੀ ਰੱਖਣਾ ਹੈ | ਰਹੀ ਵਾਸਤੇ ਘਤ ਸਮੇਂ ਨੇ ਇਕ ਨਾ ਮੰਨੀ , ਮੇਹਰ ਅਗਲੀਆਂ ਕਲਾਸਾਂ ਵਿਚ ਚੜ੍ਹ ਰਿਹਾ ਸੀ ਉਹ ਪੜ੍ਹਾਈ ਵਿਚ ਹੁਸ਼ਿਆਰ ਸੀ ਸਾਰੇ ਅਧਿਆਪਕ ਉਸ ਨੂੰ ਪਿਆਰ ਕਰਦੇ ਸਨ ਹਰ ਕਲਾਸ ਉਸ ਨੇ ਪਹਿਲੇ ਜਾਂ ਦੂਜੇ ਨੰਬਰ ਤੇ ਆ ਕੇ ਪਾਸ ਕੀਤੀ ਸੀ | ਗੋਬਿੰਦ ਕੌਰ ਨੂੰ ਵੀ ਲਗਾਤਾਰ ਡਾਕਟਰ ਨੂੰ ਦਿਖਾਇਆ ਜਾ ਰਿਹਾ ਸੀ | ਅੰਦਰਲੇ ਬੱਚੇ ਦੀ ਹਾਲਤ ਠੀਕ ਚਲ ਰਹੀ ਸੀ | ਪ੍ਰੇਮ ਸਿੰਘ ਗੋਬਿੰਦ ਕੌਰ ਵਲ ਵਿਸ਼ੇਸ਼ ਧਿਆਨ ਦੇ ਰਿਹਾ ਸੀ | ਉਸ ਨੇ ਖੇਤੀ ਦਾ ਕੰਮ ਗਿੰਦਰ ਤੇ ਕੈਲੇ ਉਪਰ ਛੱਡਿਆ ਹੋਇਆ ਸੀ | ਕਦੇ ਕਦੇ ਖੇਤ ਗੇੜਾ ਮਾਰ ਲੈਂਦਾ ਸੀ | ਖੁਸ਼ੀ ਖੁਸ਼ੀ ਦਿਨ ਲੰਘ ਰਹੇ ਸਨ | ਗੋਬਿੰਦ ਕੌਰ ਨੂੰ ਇਕ ਦਿਨ ਤਕਲੀਫ ਮਹਿਸੂਸ ਹੋਈ ਉਸ ਨੇ ਨਸੀਬ ਕੌਰ ਨੂੰ ਦੱਸਿਆ, ਪ੍ਰੇਮ ਸਿੰਘ ਘਰ ਨਹੀਂ ਸੀ | ਦੋਵੇਂ ਕੈਲੇ ਨੂੰ ਪ੍ਰੇਮ ਸਿੰਘ ਵਲ ਭੇਜ ਆਪ ਡਾਕਟਰ ਕੋਲ ਚਲੀਆਂ ਗਈਆਂ | ਪ੍ਰੇਮ ਸਿੰਘ ਸੁਨੇਹਾ ਮਿਲਣ ਤੇ ਹਸਪਤਾਲ ਜਾ ਪੁਜਾ | ਡਾਕਟਰ ਨੇ ਚੈਕ ਕਰ ਦਾਖਿਲ ਕਰ ਲਿਆ | ਸ਼ਾਮ ਵੇਲੇ ਡਾਕਟਰ ਨੇ ਨਰਸਾਂ ਦੀ ਮਦਦ ਨਾਲ ਬੱਚੇ ਨੂੰ ਮਾਂ ਦੇ ਕੋਲ ਲਿਟਾ ਦਿੱਤਾ | ਜਦੋਂ ਬੱਚਾ ਰੋਇਆ ਤਾਂ ਗੋਬਿੰਦ ਕੌਰ ਨੇ ਉਸ ਬੱਚੇ ਨੂੰ ਆਪਣੇ ਨਾਲ ਲਾ ਲਿਆ ਤੇ ਉਸ ਦੀ ਭੁੱਖ ਦਾ ਖਿਆਲ ਕਰਦੇ ਹੋਏ ਬੱਚੇ ਨੂੰ ਦੁੱਧ ਪਿਲਾਣ ਲੱਗ ਪਈ | ਪ੍ਰੇਮ ਸਿੰਘ ਨੇ ਬਹੁਤ ਖੁਸ਼ੀ ਮਨਾਈ | ਹਸਪਤਾਲ ਦੇ ਸਾਰੇ ਸਟਾਫ ਦਾ ਮੂੰਹ ਮਿੱਠਾ ਕਰਵਾਇਆ | ਡਾਕਟਰ ਦੇ ਘਰ ਵੀ ਮਿਠਿਆਈ ਦਾ ਡੱਬਾ ਭੇਜ ਦਿੱਤਾ | ਨਸੀਬ ਨੂੰ ਗੋਬਿੰਦ ਕੌਰ ਕੋਲ ਛੱਡ ਆਪ ਘਰ ਖਬਰ ਕਰਨ ਗਿਆ | ਮੇਹਰ ਤੇ ਸੁੰਦਰ ਕੌਰ ਨੂੰ ਬਹੁਤ ਖੁਸ਼ੀ ਹੋਈ | ਗਿੰਦਰ ਤੇ ਕੈਲੇ ਨੂੰ ਦਾ ਵੀ ਮੂੰਹ ਮਿੱਠਾ ਕਰਵਾਇਆ ਗਿਆ | ਮੇਹਰ ਨੇ ਜ਼ਿਦ ਕੀਤੀ ਕਿ ਮੈਂ ਵੀ ਵੀਰੇ ਨੂੰ ਦੇਖਣਾ ਹੈ | ਘਰੋਂ ਮੇਹਰ ਨੂੰ ਨਾਲ ਲੈ ਕੇ ਪ੍ਰੇਮ ਸਿੰਘ ਵਾਪਿਸ ਹਸਪਤਾਲ ਪਹੁੰਚ ਗਿਆ | ਮੇਹਰ ਨੇ ਬੱਚੇ ਨੂੰ ਆਪਣੀ ਗੋਦੀ ਵਿਚ ਲੈਣ ਦੀ ਇੱਛਾ ਜ਼ਾਹਰ ਕੀਤੀ ਤਾਂ ਪ੍ਰੇਮ ਸਿੰਘ ਦੇ ਕਹਿਣ ਤੇ ਨਸੀਬ ਨੇ ਕਾਕੇ ਨੂੰ ਮੇਹਰ ਦੀ ਗੋਦੀ ਵਿਚ ਪਾ ਦਿਤਾ | ਮੇਹਰ ਬੱਚੇ ਨੂੰ ਹੈਰਾਨੀਂ ਨਾਲ ਦੇਖ ਰਿਹਾ ਸੀ ਉਸ ਨੇ ਇਤਨਾ ਛੋਟਾ ਬੱਚਾ ਪਹਿਲਾ ਨਹੀਂ ਦੇਖਿਆ ਸੀ ਤੇ ਹੁਣ ਤਾਂ ਇਹ ਉਸ ਦੀ ਗੋਦੀ ਵਿਚ ਸੀ | ਉਸ ਨੂੰ ਹੈਰਾਨ ਦੇਖ ਨਸੀਬ ਨੇ ਬੱਚਾ ਵਾਪਿਸ ਲੈ ਲਿਆ | ਬੱਚਾ ਰੋਣ ਲੱਗ ਪਿਆ ਸੀ ਤੇ ਸ਼ਾਇਦ ਉਸ ਨੂੰ ਭੁੱਖ ਲੱਗੀ ਹੋਈ ਸੀ | ਜਦੋਂ ਹੀ ਬੱਚੇ ਨੂੰ ਮਾਂ ਨਾਲ ਪਾਇਆ ਉਹ ਚੁੱਪ ਕਰ ਗਿਆ | ਸ਼ਾਇਦ ਮਾਂ ਕੋਲ ਜਾ ਉਸ ਨੂੰ ਸੰਤੁਸ਼ਟੀ ਮਿਲ ਗਈ ਸੀ | ਅਗਲੇ ਦਿਨ ਮਾਂ ਪੁੱਤ ਨੂੰ ਘਰ ਲਿਜਾਇਆ ਗਿਆ | ਘਰ ਵਿਚ ਖੁਸ਼ੀ ਦਾ ਮਾਹੌਲ ਸੀ | ਜ਼ਿੰਦਗੀ ਹੋਲੀ ਹੋਲੀ ਆਪਣੀ ਰਫ਼ਤਾਰ ਫੜ ਰਹੀ ਸੀ | ਮੇਹਰ ਨੇ ਦਸਵੀਂ ਜਮਾਤ ਪਾਸ ਕਰ ਲਈ | ਉਸ ਨੂੰ ਨੇੜੇ ਦੇ ਕਾਲਿਜ ਵਿਚ ਦਾਖਲ ਕਰਵਾਇਆ ਗਿਆ | ਉਸ ਦੀ ਪੜ੍ਹਾਈ ਵਿਚ ਦਿਲਚਸਪੀ ਸੀ | ਉਹ ਬੀ ਏ ਕਰ ਗਿਆ | ਉਸ ਨੂੰ ਅਗਲੇਰੀ ਪੜ੍ਹਾਈ ਲਈ ਸ਼ਹਿਰ ਦੇ ਕਾਲਿਜ ਵਿਚ ਦਾਖਿਲ ਕਰਵਾਇਆ ਗਿਆ | ਉਥੇ ਵੀ ਉਸ ਨੇ ਖੂਬ ਮੇਹਨਤ ਕੀਤੀ ਤੇ ਐਮ ਏ ਕਰ ਗਿਆ | ਉਸ ਨੇ ਪ੍ਰੇਮ ਸਿੰਘ ਨਾਲ ਸਲਾਹ ਕਰ ਮੁਕਾਬਲੇ ਦੇ ਇਮਿਤਿਹਾਨ ਦੀ ਤਿਆਰੀ ਸ਼ੁਰੂ ਕਰ ਦਿਤੀ | ਉਧਰ ਪ੍ਰੇਮ ਸਿੰਘ ਦੇ ਬੱਚੇ ਦਾ ਨਾਂ ਗੁਲਸ਼ਾਨ ਸਿੰਘ ਰਖਿਆ ਗਿਆ | ਗੁਲਸ਼ਾਨ ਸਿੰਘ ਨੂੰ ਸਾਰੇ ਪਿਆਰ ਨਾਲ ਸ਼ਾਨ ਆਖ ਬੁਲਾਣ ਲੱਗੇ | ਸ਼ਾਨ ਨੂੰ ਵੀ ਸਕੂਲ ਭੇਜ ਦਿੱਤਾ ਗਿਆ | ਉਹ ਅਗਲੀਆਂ ਜਮਾਤਾਂ ਚੜਨ ਲੱਗਾ | ਗੋਬਿੰਦ ਕੌਰ, ਸੁੰਦਰ ਕੌਰ ਅਤੇ ਨਸੀਬ ਕੌਰ ਰਲ ਮਿਲ ਕੇ ਬੱਚਿਆਂ ਦੀ ਦੇਖ ਭਾਲ ਕਰ ਰਹੀਆਂ ਸਨ | ਗੋਬਿੰਦ ਕੌਰ ਨੂੰ ਫਿਰ ਉਮੀਦਵਾਰੀ ਦਾ ਅਹਿਸਾਸ ਹੋਇਆ | ਉਸ ਨੇ ਨਸੀਬ ਕੌਰ ਨੂੰ ਦੱਸ ਦਿਤਾ | ਗੋਬਿੰਦ ਕੌਰ ਦਾ ਵਿਸ਼ੇਸ਼ ਧਿਆਨ ਰਖਿਆ ਜਾਣ ਲੱਗਾ | ਮੇਹਰ ਸਿੰਘ ਸਕੂਲ ਜਾਂਦਾ ਸੀ ਅਤੇ ਆ ਕੇ ਸ਼ਾਨ ਨਾਲ ਖੇਡ ਵਿਚ ਮਸਤ ਹੋ ਜਾਂਦਾ ਸੀ | ਜ਼ਿੰਦਗੀ ਅੱਗੇ ਵਲ ਸਰਕਦੀ ਜਾ ਰਹੀ ਸੀ | ਸਮਾਂ ਆਉਣ ਤੇ ਘਰ ਵਿਚ ਇਕ ਹੋਰ ਜੀ ਨੇ ਦਸਤਕ ਦਿਤੀ | ਸਾਰਾ ਪਰਿਵਾਰ ਖੁਸ਼ ਹੋ ਗਿਆ | ਸ਼ਾਨ ਛੋਟੇ ਵੀਰ ਨੂੰ ਦੇਖ ਹੈਰਾਨ ਸੀ ਉਸ ਦੇ ਨਿੱਕੇ ਨਿੱਕੇ ਅੰਗ ਦੇਖ ਉਸ ਨੂੰ ਅਜੀਬ ਜਿਹੀ ਖੁਸ਼ੀ ਹੋ ਰਹੀ ਸੀ | ਉਹ ਮੇਹਰ ਵੀਰ ਤੋਂ ਸਵਾਲ ਪੁੱਛਦਾ ਸੀ ਅਤੇ ਮੇਹਰ ਵੀ ਆਪਣੀ ਸੂਝ ਮੁਤਾਬਿਕ ਉਸ ਦੇ ਸਵਾਲਾਂ ਦੇ ਜਵਾਬ ਦੇ ਦਿਆ ਕਰਦਾ ਸੀ | ਸਾਰਾ ਪਰਿਵਾਰ ਜਦੋਂ ਮਿਲ ਬੈਠਦਾ ਤਾਂ ਉਹ ਬੱਚਿਆਂ ਦੀਆਂ ਪਿਆਰੀਆਂ ਪਿਆਰੀਆਂ ਗੱਲਾਂ ਕਰ ਕੇ ਦਿਲ ਬਹਿਲਾ ਲਿਆ ਕਰਦਾ ਸੀ | ਸਮਾਂ ਵੀ ਬੜਾ ਅਜੀਬ ਹੈ ਕਦੇ ਕਦੇ ਇਹ ਚੀਤੇ ਦੀ ਚਾਲ ਭੱਜਦਾ ਹੈ ਅਤੇ ਕਦੇ ਕਦੇ ਇਹ ਰੀਂਗਣ ਲੱਗ ਜਾਂਦਾ ਹੈ | ਬਚੇ ਵੱਡੇ ਹੋ ਰਹੇ ਸਨ | ਸ਼ਾਨ, ਗੁਲਾਬ ਨੂੰ ਵੀ ਆਪਣੇ ਨਾਲ ਹੀ ਸਕੂਲ ਲੈ ਕੇ ਜਾਣ ਲੱਗ ਪਿਆ ਸੀ | ਮੇਹਰ ਨੇ ਮੁਕਾਬਲੇ ਦਾ ਇਮਿਤਿਹਾਨ ਚੰਗੀ ਪੋਜੀਸ਼ਨ ਵਿਚ ਕਲੀਅਰ ਕਰ ਲਿਆ ਸੀ | ਉਸ ਨੂੰ ਹੁਣ ਇੰਟਰਵਿਊ ਦੀ ਉਡੀਕ ਸੀ | ਪ੍ਰੇਮ ਸਿੰਘ ਤੇ ਉਸ ਦਾ ਪਰਿਵਾਰ ਮੇਹਰ ਦੀ ਇਸ ਕਾਮਯਾਬੀ ਤੇ ਖੁਸ਼ ਸਨ | ਪ੍ਰੇਮ ਸਿੰਘ ਨੇ ਇੱਕ ਦੋ ਵਾਰ ਨਸੀਬ ਕੌਰ ਨੂੰ ਪੁੱਛਿਆ ਸੀ ਕਿ ਸੁੰਦਰ ਕੌਰ ਨੇ ਹਾਲੇ ਉਮਰ ਦਾ ਲੰਮਾ ਪੈਂਡਾ ਤਹਿ ਕਰਨਾ ਹੈ ਜੇ ਉਸ ਦੀ ਮਰਜ਼ੀ ਹੈ ਤਾਂ ਅਸੀਂ ਮੇਹਰ ਨੂੰ ਆਪਣੇ ਕੋਲ ਰੱਖ ਕੇ ਕੋਈ ਚੰਗਾ ਮੁੰਡਾ ਦੇਖ ਉਸ ਨੂੰ ਵਿਆਹ ਸਕਦੇ ਹਾਂ | ਪ੍ਰੰਤੂ ਜਦੋਂ ਨਸੀਬ ਕੌਰ ਨੇ ਸੁੰਦਰ ਕੌਰ ਦੀ ਸਲਾਹ ਪੁੱਛੀ ਤਾਂ ਉਸ ਨੇ ਅੱਖਾਂ ਭਰ ਆਪਣੀ ਸੱਸ ਨੂੰ ਆਖ ਦਿੱਤਾ ਸੀ ਮੈਂ ਇਸ ਪਰਿਵਾਰ ਵਿਚ ਪੂਰੀ ਤਰਾਂ ਸੰਤੁਸ਼ਟ ਹਾਂ ਅਤੇ ਮੇਹਰ ਨੂੰ ਵੱਡਾ ਹੁੰਦਿਆਂ ਦੇਖ ਸਾਰੀ ਉਮਰ ਇਸ ਪਰਿਵਾਰ ਵਿਚ ਬਾਪੂ ਪ੍ਰੇਮ ਸਿੰਘ ਦੀ ਛਤਰ ਛਾਇਆ ਹੇਠ ਪੂਰਾ ਜੀਵਨ ਗੁਜ਼ਾਰਾਂਗੀ | ਮੈਨੂੰ ਤੁਹਾਡੇ ਵਲੋਂ ਅਤੇ ਬੇਬੇ ਜੀ ਗੋਬਿੰਦ ਕੌਰ ਵਲੋਂ ਪੂਰਾ ਸਨੇਹ ਮਿਲਦਾ ਹੈ ਮੈਂ ਇਸ ਨੂੰ ਛੱਡ ਕਿਤੇ ਹੋਰ ਨਹੀਂ ਜਾਵਾਂਗੀ ਅਸੀਂ ਇਸ ਪਰਿਵਾਰ ਦਾ ਹਿਸਾ ਹੀ ਬਣੇ ਰਹਾਂਗੇ | ਮੇਹਰ ਨੇ ਇੰਟਰਵਿਊ ਦਿਤੀ ਅਤੇ ਉਸ ਨੂੰ ਚੁਣ ਲਿਆ ਗਿਆ ਸੀ | ਉਸ ਨੂੰ ਨੇੜੇ ਦੇ ਜ਼ਿਲੇ ਵਿਚ ਨੌਕਰੀ ਮਿਲ ਗਈ ਸੀ | ਉਹ ਰੋਜ਼ਾਨਾ ਹੀ ਘਰੋਂ ਜਾਣ ਲੱਗ ਪਿਆ ਸੀ | ਘਰ ਵਿਚ ਖੁਸ਼ੀ ਦਾ ਮਾਹੌਲ ਸੀ | ਦੋਵੇਂ ਛੋਟੇ ਵੀ ਸਕੂਲ ਵਿਚ ਚੰਗੀ ਪੜ੍ਹਾਈ ਕਰ ਰਹੇ ਸੀ | ਹੌਲੀ ਹੌਲੀ ਸਮੇਂ ਦੀ ਚਾਲ ਨਾਲ ਅਗਲੀਆਂ ਜਮਾਤਾਂ ਵਿਚ ਚੜ੍ਹ ਰਹੇ ਸੀ | ਜ਼ਿੰਦਗੀ ਅੱਗੇ ਵਲ ਵੱਧ ਰਹੀ ਸੀ | ਸ਼ਾਨ ਦਸਵੀਂ ਜਮਾਤ ਪਾਸ ਕਰ ਗਿਆ ਮੇਹਰ ਨਾਲ ਸਲਾਹ ਕਰ ਉਸ ਨੂੰ ਸ਼ਹਿਰ ਵਿਚ ਕਾਲਿਜ ਪੜ੍ਹਨੇ ਪਾ ਦਿਤਾ ਗਿਆ | ਇਕ ਦਮ ਮਾਹੌਲ ਬਦਲਣ ਕਾਰਨ ਸ਼ਾਨ ਆਜ਼ਾਦੀ ਮਹਿਸੂਸ ਕਰਨ ਲੱਗਾ ਉਸ ਨੇ ਨਵੇਂ ਦੋਸਤ ਬਣਾਉਣੇ ਸ਼ੁਰੂ ਕਰ ਦਿਤੇ | ਗਿੰਦਰ ਅਤੇ ਕੈਲਾ ਮਨ ਮਾਰ ਕੇ ਪੂਰੀ ਮੇਹਨਤ ਕਰ ਰਹੇ ਸੀ | ਖੇਤੀ ਦੇ ਕੰਮ ਵਿਚ ਲੋੜ ਪੈਣ ਤੇ ਉਹ ਹੋਰ ਮਜ਼ਦੂਰ ਰੱਖ ਲੈਂਦੇ ਸੀ ਅਤੇ ਪ੍ਰੇਮ ਸਿੰਘ ਨੂੰ ਵੀ ਉਨ੍ਹਾਂ ਤੇ ਪੂਰਨ ਵਿਸ਼ਵਾਸ ਸੀ ਉਹ ਕਦੇ ਵੀ ਕੋਈ ਹੇਰ ਫੇਰ ਨਹੀਂ ਕਰਦੇ ਸੀ | ਸਮੇਂ ਨੇ ਕਰਵਟ ਲਈ ਕੈਲੇ ਦੀ ਮਾਂ ਇਕ ਦਿਨ ਕੰਮ ਕਰਦੀ ਹੋਈ ਡਿਗ ਪਈ ਅਤੇ ਉਸ ਦਾ ਸਿਰ ਨੇੜੇ ਪਈ ਕਹੀ ਉਪਰ ਜਾ ਵਜਿਆ | ਖੂਨ ਦੀ ਧਤੀਰੀ ਵੱਗ ਪਈ ਜਲਦੀ ਨਾਲ ਗਿੰਦਰ ਤੇ ਪ੍ਰੇਮ ਸਿੰਘ ਮੇਹਰ ਨੂੰ ਨਾਲ ਲੈ ਕੇ ਉਸ ਨੂੰ ਹਸਪਤਾਲ ਲੈ ਗਏ | ਖੂਨ ਕਾਫੀ ਵਹਿ ਗਿਆ ਸੀ | ਡਾਕਟਰ ਨੇ ਇਲਾਜ ਸ਼ੁਰੂ ਕਰ ਦਿੱਤਾ | ਪ੍ਰੰਤੂ ਖੂਨ ਜ਼ਿਆਦਾ ਵਹਿ ਜਾਣ ਕਾਰਨ ਖੂਨ ਦਾ ਪ੍ਰਬੰਧ ਕੀਤਾ ਗਿਆ | ਖੂਨ ਚੜਾਇਆ ਜਾ ਰਿਹਾ ਸੀ | ਉਸ ਨੇ ਇਕ ਵਾਰ ਅੱਖਾਂ ਖੋਲ੍ਹੀਆਂ ਤੇ ਦੇਖਿਆ ਕੇ ਸਾਰਾ ਪਰਿਵਾਰ ਕੋਲ ਖੜਾ ਸੀ ਉਸ ਨੇ ਸਭ ਨੂੰ ਹੱਥ ਜੋੜ ਦਿਤੇ ਤੇ ਸਦਾ ਲਈ ਅੱਖਾਂ ਮੀਚ ਲਈਆਂ | ਡਾਕਟਰ ਨਿਰਾਸ਼ ਹੋਇਆ ਉਥੋਂ ਚਲਾ ਗਿਆ | ਨਰਸਾਂ ਨੇ ਮਰੀਜ਼ ਦੀ ਬੋਡੀ ਵਾਰਸਾਂ ਦੇ ਹਵਾਲੇ ਕਰ ਦਿਤੀ | ਪਰਿਵਾਰ ਨਿਰਾਸ਼ ਹੋ ਘਰ ਆਣ ਪੁਜਾ | ਅੰਤਿਮ ਕਿਰਿਆਵਾਂ ਕੀਤੀਆਂ ਗਈਆਂ | ਕੈਲੇ ਤੋਂ ਰੋਣ ਨਹੀਂ ਰੋਕਿਆ ਜਾ ਰਿਹਾ ਸੀ | ਗਿੰਦਰ ਤੇ ਪ੍ਰੇਮ ਸਿੰਘ ਨੇ ਉਸ ਨੂੰ ਦਿਲਾਸਾ ਦੇਣ ਦੀ ਪੂਰੀ ਕੋਸ਼ਿਸ਼ ਕੀਤੀ | ਹੁਣ ਉਨ੍ਹਾਂ ਨੂੰ ਰੋਟੀ ਟੁਕ ਦੀ ਸਮੱਸਿਆ ਸੀ | ਕੁਝ ਦੇਰ ਤਾਂ ਪ੍ਰੇਮ ਸਿੰਘ ਦੇ ਘਰ ਹੀ ਉਨ੍ਹਾਂ ਦਾ ਭੋਜਨ ਤਿਆਰ ਹੁੰਦਾ ਰਿਹਾ ਫੇਰ ਗਿੰਦਰ ਨੇ ਆਪ ਅਹੁਰ ਪਹੁਰ ਕਰਨਾ ਸ਼ੁਰੂ ਕਰ ਦਿੱਤਾ | ਕੈਲੇ ਦਾ ਜਲਦੀ ਨਾਲ ਵਿਆਹ ਕਰ ਦਿੱਤਾ ਸਾਰਾ ਖਰਚ ਪ੍ਰੇਮ ਸਿੰਘ ਨੇ ਕੀਤਾ | ਉਨ੍ਹਾਂ ਦੇ ਘਰ ਰੋਟੀ ਪੱਕਣੀ ਸ਼ੁਰੂ ਹੋ ਗਈ | ਉਧਰ ਗੁਲਾਬ ਵੀ ਦਸਵੀਂ ਕਰ ਗਿਆ ਉਸ ਨੂੰ ਵੀ ਸ਼ਾਨ ਦੇ ਕਾਲਿਜ ਵਿਚ ਦਾਖਲ ਕਰਵਾ ਦਿਤਾ ਗਿਆ | ਸ਼ਾਨ ਦੀ ਪਹਿਲਾਂ ਹੀ ਕਾਲਿਜ ਵਿਚ ਧਾਕ ਸੀ ਹੁਣ ਉਸ ਦਾ ਭਰਾ ਵੀ ਉਸ ਦਾ ਸਾਥੀ ਹੋ ਗਿਆ ਸੀ | ਦੋਵੇਂ ਰਲ ਕੇ ਬਦਮਾਸ਼ੀਆਂ ਕਰਨ ਲੱਗ ਪਏ | ਘਰਦਿਆਂ ਵਲੋਂ ਖੁਲਾ ਪੈਸਾ ਮਿਲ ਰਿਹਾ ਸੀ | ਉਨ੍ਹਾਂ ਨੇ ਇਕ ਟੋਲਾ ਬਣਾ ਲਿਆ ਤੇ ਰਲ ਕੇ ਪਾਰਟੀਆਂ ਕਰਨ ਲੱਗ ਪਏ | ਦੇਖਣ ਵਿਚ ਦੋਵੇਂ ਹੀ ਸੁੰਦਰ ਸਨ ਡੀਲ ਡੋਲ ਚੰਗਾ ਸੀ | ਕਾਲਿਜ ਦੀਆਂ ਕੁੜੀਆਂ ਨਾਲ ਰੰਗ ਰਲੀਆਂ ਮਨਾਉਣ ਲੱਗ ਪਏ | ਪਹਿਲਾਂ ਕਦੇ ਕਦੇ ਘਰ ਆ ਜਾਂਦੇ ਸਨ ਹੁਣ ਉਹ ਔਖੀ ਪੜ੍ਹਾਈ ਦਾ ਬਹਾਨਾ ਬਣਾ ਕੇ ਸ਼ਹਿਰ ਵਿਚ ਹੀ ਰਹਿਣ ਲੱਗ ਪਏ | ਉਥੇ ਹੀ ਖਰੂਦ ਮਚਾਉਂਦੇ ਸਨ | ਮੁਹੱਲੇ ਵਾਲੇ ਵੀ ਤੰਗ ਹੋ ਗਏ। ਉਨ੍ਹਾਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਮੁੰਡਿਆਂ ਅੱਗੇ ਹਾਰ ਮੰਨ ਗਏ | ਘਰ ਦਿਆਂ ਤਕ ਪਹੁੰਚ ਕਰਨ ਤੋਂ ਉਹ ਪਾਸਾ ਵੱਟ ਗਏ | ਮੁੰਡਿਆਂ ਨੇ ਰਲ ਕੇ ਨਸ਼ਾ ਕਰਨਾ ਸ਼ੁਰੂ ਕਰ ਦਿਤਾ | ਕਦੇ ਕੋਈ ਦੋਸਤ ਨਾਲੀ ਵਿਚ ਪਿਆ ਹੁੰਦਾ ਦੋਵੇਂ ਭਰਾ, ਕੋਈ ਪ੍ਰਵਾਹ ਨਾ ਕਰਦੇ | ਇਕ ਵਾਰ ਕਾਲਿਜ ਵਿਚ ਕੁੜੀਆਂ ਪਿਛੇ ਲੜ੍ਹਾਈ ਹੋ ਗਈ ਸ਼ਾਨ ਨੇ ਆਪਣੇ ਪਿਸਤੌਲ ਨਾਲ ਗੋਲੀ ਚਲਾ ਦਿਤੀ | ਵਿਰੋਧੀਆਂ ਦੀ ਪਾਰਟੀ ਵਿਚੋਂ ਇਕ ਮੁੰਡਾ ਕਾਲਿਜ ਦੇ ਅੰਦਰ ਹੀ ਢੇਰੀ ਹੋ ਗਿਆ | ਸਾਰੇ ਉਥੋਂ ਭੱਜ ਗਏ | ਦੋਵੇਂ ਭਰਾ ਘਰੇ ਜਾ ਪੁਜੇ ਤੇ ਆਪਣੇ ਬਾਪ ਨੂੰ ਦੱਸਿਆ ਕਿ ਸਾਡੇ ਨਾਲ ਲੜਾਈ ਵਿਚ ਇਕ ਮੁੰਡਾ ਮਰ ਗਿਆ ਹੈ | ਉਨ੍ਹਾਂ ਨੂੰ ਸਾਡੇ ਉਤੇ ਸ਼ੱਕ ਹੈ | ਪ੍ਰੇਮ ਸਿੰਘ ਇਕ ਦਮ ਘਬਰਾ ਗਿਆ | ਉਸ ਨੇ ਸੋਚ ਕੇ ਸ਼ਾਨ ਅਤੇ ਗੁਲਾਬ ਨੂੰ ਉਥੋਂ ਭਜਾ ਦਿੱਤਾ ਤੇ ਆਪ ਗਿੰਦਰ ਕੋਲ ਚਲਾ ਗਿਆ ਉਸ ਨੇ ਉਸ ਨਾਲ ਸਲਾਹ ਕੀਤੀ ਕਿ ਜੇ ਕਰ ਕੈਲਾ ਪੁਲਿਸ ਕੋਲ ਹਾਜ਼ਰ ਹੋ ਕੇ ਕਬੂਲ ਕਰ ਲਵੇ ਤਾਂ ਮੈਂ ਤੁਹਾਡਾ ਰਿਣੀ ਰਹਾਂਗਾ ਤੁਹਾਡੇ ਸਾਰੇ ਪਰਿਵਾਰ ਦਾ ਖਰਚ ਵੀ ਭਰਦਾ ਰਹਾਂਗਾ | ਮੇਹਰ ਦੀ ਮਦਦ ਨਾਲ ਚੰਗਾ ਵਕੀਲ ਕਰ ਕੈਲੇ ਨੂੰ ਬਰੀ ਕਰਵਾ ਲਵਾਂਗੇ | ਗਿੰਦਰ ਨੇ ਕੈਲੇ ਨਾਲ ਸਲਾਹ ਕਰ ਹਾਮੀ ਭਰ ਦਿਤੀ | ਅਗਲੇ ਦਿਨ ਕੈਲੇ ਨੂੰ ਲੈ ਕੇ ਠਾਣੇ ਹਾਜ਼ਰ ਹੋ ਗਏ ਕੈਲੇ ਨੇ ਕਬੂਲ ਕਰ ਲਿਆ ਕਿ ਗ਼ਲਤੀ ਨਾਲ ਮੈਥੋਂ ਫਾਇਰ ਹੋ ਗਿਆ ਸੀ | ਪੁਲਿਸ ਨੂੰ ਬਿਨਾ ਹੀਲ ਹੁਜਤ ਕੀਤਿਆਂ ਦੋਸ਼ੀ ਮਿਲ ਗਿਆ ਸੀ | ਉਧਰੋਂ ਮੇਹਰ ਨੇ ਥਾਣੇਦਾਰ ਨੂੰ ਫੋਨ ਕਰ ਦਿਤਾ ਤੇ ਵਕੀਲ ਵੀ ਠਾਣੇ ਭੇਜ ਦਿਤਾ | ਵਕੀਲ ਦੀ ਸਲਾਹ ਨਾਲ ਮਾਮਲਾ ਦਰਜ ਕਰ ਲਿਆ ਗਿਆ | ਦੂਜੀ ਧਿਰ ਦੇ ਪੁਜਣ ‘ਤੇ ਉਨ੍ਹਾਂ ਨੂੰ ਵੀ ਸੁਣ ਮਾਮਲਾ ਦਰਜ ਕਰ ਲਿਆ ਗਿਆ | ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਅਸਲ ਮੁਜਰਿਮ ਨਹੀਂ ਹੈ ਉਨ੍ਹਾਂ ਨੇ ਰੌਲਾ ਰੱਪਾ ਪਾਉਣਾ ਸ਼ੁਰੂ ਕਰ ਦਿਤਾ | ਥਾਣੇਦਾਰ ਨੇ ਪਹਿਲਾਂ ਤਾਂ ਸਮਝਾਉਣ ਦੀ ਕੋਸ਼ਿਸ਼ ਕੀਤੀ ਜਦੋਂ ਨਾ ਸੂਤ ਆਇਆ ਉਸ ਨੇ ਵਿਰੋਧੀ ਦੇ ਦੋ ਬੰਦੇ ਅੰਦਰ ਬਿਠਾ ਦਿਤੇ ਤੇ ਬਾਕੀਆਂ ਨੂੰ ਸਖਤੀ ਨਾਲ ਉਥੋਂ ਭਜਾ ਦਿਤਾ ਕਿ ਇਹ ਮੁਕਾਬਲਾ ਹੈ ਤੁਹਾਡੀ ਵੀ ਇਤਨਾ ਹੀ ਕਸੂਰ ਹੈ | ਕਾਨੂੰਨ ਆਪਣਾ ਰਸਤਾ ਅਖ਼ਤਿਆਰ ਕਰੇਗਾ | ਦੋਵੇਂ ਧਿਰਾਂ ਵਾਪਿਸ ਚਲੀਆਂ ਗਈਆਂ | ਕੇਸ ਚਲ ਪਿਆ ਤਰੀਕਾਂ ਪੈਣ ਲੱਗੀਆਂ | ਉਧਰ ਦੋਵੇਂ ਭਰਾ ਵਾਪਿਸ ਘਰ ਆ ਗਏ | ਉਨ੍ਹਾਂ ਦੀਆਂ ਆਦਤਾਂ ਵਿਗੜੀਆਂ ਹੋਈਆਂ ਸਨ ਘਰ ਵਿਚ ਰਹਿ ਕੇ ਨਸ਼ਾ ਕਰਨਾ ਮੁਸ਼ਕਿਲ ਸੀ ਉਨ੍ਹਾਂ ਨੇ ਪੜ੍ਹਾਈ ਦਾ ਬਹਾਨਾ ਬਣਾ ਲਿਆ ਤੇ ਸ਼ਹਿਰ ਵਿਚ ਕਮਰਾ ਲੈ ਕੇ ਰਹਿਣ ਲੱਗ ਪਏ | ਨਸ਼ਾ ਪੱਤਾ ਮੁੜ ਕਰਨਾ ਸ਼ੁਰੂ ਕਰ ਦਿਤਾ | ਪੁਰਾਣੀ ਜੁੰਡਲੀ ਇਕਠੀ ਹੋਣ ਲੱਗ ਪਈ | ਇਕ ਦਿਨ ਦਿਨ ਵੇਲੇ ਹੀ ਨਸ਼ਾ ਕਰ ਕੇ ਗਿੰਦਰ ਦੇ ਘਰ ਚਲੇ ਗਏ | ਉਨ੍ਹਾਂ ਨੂੰ ਇਹ ਪਤਾ ਸੀ ਕਿ ਗਿੰਦਰ ਤਾਂ ਖੇਤਾਂ ਵਿਚ ਹੋਵੇਗਾ ਤੇ ਕੈਲੇ ਦੀ ਤੀਵੀਂ ਘਰ ਹੀ ਹੋਵੇਗੀ| ਉਸ ਨੇ ਉਨ੍ਹਾਂ ਨੂੰ ਚਾਹ ਆਦਿ ਪੁੱਛੀ | ਉਹ ਉਸ ਦੇ ਨਾਲ ਖੜਮਸਤੀਆਂ ਕਰਨ ਲੱਗ ਪਏ | ਉਸ ਨੂੰ ਇਨ੍ਹਾਂ ਦੇ ਇਰਾਦੇ ਸਮਝ ਪੈ ਗਏ | ਉਹ ਉਨ੍ਹਾਂ ਨੂੰ ਘਰ ਛੱਡ ਕੇ ਮਾਤਾ ਗੋਬਿੰਦ ਕੌਰ ਦੇ ਘਰ ਜਾਣ ਲਈ ਆਖ ਘਰੋਂ ਜਾਣ ਲੱਗੀ ਤਾਂ ਸ਼ਾਨ ਨੇ ਅੱਗੇ ਵੱਧ ਉਸ ਦਾ ਰਾਹ ਰੋਕ ਲਿਆ ਤੇ ਹੱਥ ਫੜ ਅੰਦਰ ਲੈ ਕੇ ਜਾਣ ਲੱਗਾ ਉਸ ਨੇ ਨਾਂਹ ਨੁੱਕਰ ਕੀਤੀ ਕਿ ਕੰਮ ਨੂੰ ਦੇਰ ਹੋ ਰਹੀ ਹੈ। ਉਸ ਨੇ ਉਸ ਦੀ ਇੱਕ ਨਾ ਸੁਣੀ ਤੇ ਗੁਲਾਬ ਵੀ ਉਸ ਦੇ ਨਾਲ ਸ਼ਾਮਿਲ ਹੋ ਗਿਆ | ਲੜਕੀ ਮਜ਼ਬੂਰ ਹੀ ਗਈ | ਕਮਰੇ ਦੇ ਅੰਦਰ ਸੁੱਟ ਉਨ੍ਹਾਂ ਨੇ ਸਾਰੀਆਂ ਹੱਦਾਂ ਪਾਰ ਕਰ ਦਿਤੀਆਂ ਵਾਰ ਵਾਰ ਉਨ੍ਹਾਂ ਨੇ ਉਸ ਦੀ ਪੱਤ ਲੁਟੀ | ਉਸ ਨੂੰ ਅੱਧਮੋਈ ਕਰ ਉਥੋਂ ਭੱਜ ਗਏ | ਉਸ ਦਿਨ ਉਹ ਕੰਮ ਤੇ ਨਾ ਜਾ ਸਕੀ | ਜਦੋਂ ਹੋਸ਼ ਆਇਆ ਤਾਂ ਉਸ ਨੂੰ ਸਮਝ ਲੱਗੀ ਕਿ ਹੁਣ ਮਾਤਾ ਗੋਬਿੰਦ ਕੌਰ ਨੂੰ ਦੱਸਣ ਦਾ ਕੋਈ ਫਾਇਦਾ ਨਹੀਂ ਹੈ | ਅਗਲੇ ਦਿਨ ਮੁਲਾਕਾਤ ਕਰਨ ਲਈ ਚਲੀ ਗਈ ਨਾਲ ਗਿੰਦਰ ਨੂੰ ਲੈ ਗਈ | ਗਿੰਦਰ ਨਾਲ ਉਸ ਨੇ ਕੀ ਗੱਲ ਕਰਨੀ ਸੀ | ਮੁਲਾਕਾਤ ਵਿਚ ਉਸ ਨੇ ਕੈਲੇ ਨੂੰ ਸਾਰਾ ਕਿੱਸਾ ਕਹਿ ਸੁਣਾਇਆ ਤੇ ਆਖਿਆ ਕਿ ਮੈਂ ਹੁਣ ਜੀਣਾ ਨਹੀਂ ਚਾਹੁੰਦੀ ਤੇ ਕੋਈ ਚੀਜ ਖਾ ਮਰ ਜਾਵਾਂਗੀ | ਕੈਲੇ ਨੇ ਉਸ ਨੂੰ ਸਮਝਾਇਆ ਕਿ ਤੂੰ ਥੋੜਾ ਚਿਰ ਉਡੀਕ ਮੈਂ ਕੋਈ ਬੰਦੋਬਸਤ ਕਰਾਂਗਾ ਤੇ ਉਨ੍ਹਾਂ ਨੂੰ ਜਿਓੰਦਾ ਨਹੀਂ ਛੱਡਾਂਗਾ | ਉਸ ਨੇ ਆਪਣੇ ਬਾਪ ਨੂੰ ਸਮਝਾ ਦਿੱਤਾ ਕਿ ਮੇਰੀ ਜਮਾਨਤ ਦਾ ਬੰਦੋਬਸਤ ਕੀਤਾ ਜਾਵੇ | ਗਿੰਦਰ ਨੇ ਅਗਲੇਰੇ ਦਿਨ ਪ੍ਰੇਮ ਸਿੰਘ ਨੂੰ ਦੱਸਿਆ ਕਿ ਜੇ ਕਰ ਕੈਲੇ ਦੀ ਜ਼ਮਾਨਤ ਕਰਵਾ ਲਈ ਜਾਵੇ ਤਾਂ ਉਹ ਖੇਤੀ ਵਿਚ ਹੱਥ ਵਟਾਵੇਗਾ ਅਤੇ ਤਰੀਕ ਤੇ ਚਲਾ ਜਾਇਆ ਕਰੇਗਾ | ਪ੍ਰੇਮ ਸਿੰਘ ਨੇ ਮੇਹਰ ਸਿੰਘ ਨੂੰ ਆਪਦਾ ਅਸਰ ਰਸੂਖ ਵਰਤ ਅਤੇ ਵਕੀਲਾਂ ਦੀ ਮਦਦ ਨਾਲ ਕੈਲੇ ਦੀ ਜ਼ਮਾਨਤ ਦੀ ਅਰਜ਼ੀ ਲਾਈ | ਤਰੀਕ ਮਿਲ ਗਈ ਜੱਜ ਨੇ ਜ਼ਮਾਨਤ ਮਨਜ਼ੂਰ ਕਰ ਦਿਤੀ | ਕੈਲੇ ਨੇ ਘਰ ਆ ਕੇ ਆਪਣੀ ਪਤਨੀ ਨਾਲ ਸਕੀਮ ਲਾਈ ਕਿ ਹੁਣ ਤੂੰ ਕੁਝ ਦੇਰ ਪੇਕੇ ਚਲੀ ਜਾ | ਮੈਂ ਚਾਚੇ ਪ੍ਰੇਮ ਸਿੰਘ ਨਾਲ ਸਲਾਹ ਕਰ ਕੇ ਪਿਸਤੌਲ ਆਪਣੇ ਕੋਲ ਰੱਖਣਾ ਸ਼ੁਰੂ ਕਰਾਂਗਾ ਤਾਂ ਜੋ ਦੁਸ਼ਮਣ ਮੈਨੂੰ ਮਾਰ ਨਾ ਜਾਣ | ਪਿਸਤੌਲ ਦੀ ਮਦਦ ਨਾਲ ਸ਼ਾਨ ਤੇ ਗੁਲਾਬ ਦਾ ਕੰਡਾ ਕੱਢ ਦਿਤਾ ਜਾਵੇਗਾ ਤੂੰ ਬਿਲਕੁਲ ਕਿਸੇ ਨੂੰ ਨਹੀਂ ਦਸਣਾ | ਕੈਲੇ ਦੀ ਪਤਨੀ ਤਾਂ ਪਹਿਲਾਂ ਹੀ ਗੁਸੇ ਦੀ ਭਰੀ ਹੋਈ ਸੀ | ਉਸ ਨੂੰ ਇਹ ਯੋਜਨਾ ਜੱਚ ਗਈ | ਅਗਲੇ ਦਿਨ ਜਦੋਂ ਤਾਏ ਨੂੰ ਕੈਲੇ ਨੇ ਪਿਸਤੌਲ ਲਈ ਆਖਿਆ ਤਾਂ ਉਹ ਝੱਟ ਮੰਨ ਗਿਆ ਤੇ ਉਸ ਨੂੰ ਪਿਸਤੌਲ ਦੀ ਵਰਤੋਂ ਵੀ ਸਮਝਾ ਦਿਤੀ | ਪਿਸਤੌਲ ਹੁਣ ਕੈਲੇ ਕੋਲ ਸੀ ਉਹ ਮੌਕੇ ਦੀ ਤਾਕ ਵਿਚ ਸੀ ਕਿ ਕਦੋਂ ਦੋਵੇਂ ਭਰਾ ਇਕੱਠੇ ਮਿਲਣ | ਉਸ ਨੇ ਆਪਣੀ ਬਹੂ ਨੂੰ ਪੇਕੇ ਭੇਜ ਦਿੱਤਾ | ਗਿੰਦਰ ਨੂੰ ਖੇਤ ਕੰਮ ਲਈ ਭੇਜ ਦਿਤਾ ਤੇ ਕਿਹਾ ਕਿ ਮੈਂ ਤੇਰੇ ਮਗਰ ਆ ਜਾਵਾਂਗਾ | ਦੋਵੇਂ ਭਰਾ ਨਸ਼ੇ ਵਿਚ ਗੁੱਟ ਹੋ ਕੇ ਕੈਲੇ ਦੀ ਪਤਨੀ ਦੀ ਭਾਲ ਵਿਚ ਗਿੰਦਰ ਦੇ ਘਰ ਪੁਜ ਗਏ| ਕੈਲੇ ਨੇ ਬੂਹਾ ਖੁਲ੍ਹਾ ਹੀ ਛੱਡਿਆ ਹੋਇਆ ਸੀ | ਸ਼ਾਨ ਤੇ ਗੁਲਾਬ ਅੰਦਰ ਆ ਗਏ ਗੁਲਾਬ ਬਾਹਰਲੀ ਬੈਠਕ ਵਿਚ ਬੈਠ ਗਿਆ ਅਤੇ ਸ਼ਾਨ ਅੰਦਰਲੇ ਕਮਰੇ ਵਿਚ ਕੈਲੇ ਦੀ ਪਤਨੀ ਦੀ ਭਾਲ ਵਿਚ ਗਿਆ | ਕੈਲਾ ਦਾਰੂ ਪੀ ਕੇ ਲੁਕਿਆ ਬੈਠਾ ਸੀ | ਉਸ ਨੇ ਥੋੜਾ ਖੜਕਾ ਕੀਤਾ ਜਿਸ ਤੋਂ ਸ਼ਾਨ ਨੂੰ ਅੰਦਾਜ਼ਾ ਹੋ ਗਿਆ ਕਿ ਕੈਲੇ ਦੀ ਵਹੁਟੀ ਇੱਥੇ ਹੀ ਹੈ ਜਦੋਂ ਉਸ ਨੇ ਪੇਟੀ ਓਹਲੇ ਹੋ ਵੇਖਣ ਦਾ ਯਤਨ ਕੀਤਾ ਤਾਂ ਮੌਕਾ ਤਾੜ ਕੇ ਕੈਲੇ ਨੇ ਨੇੜੇ ਹੋ ਕੇ ਪਿਸਤੌਲ ਚਲਾ ਦਿਤੀ। ਗੋਲੀ ਪੁੜਪੁੜੀ ਵਿਚ ਵੱਜੀ ਤੇ ਉਹ ਉਥੇ ਹੀ ਢੇਰ ਹੋ ਗਿਆ | ਜਦੋਂ ਕਾਫੀ ਦੇਰ ਸ਼ਾਨ ਬਾਹਰ ਨਾ ਆਇਆ ਤਾਂ ਗੁਲਾਬ ਉਸ ਨੂੰ ਦੇਖਣ ਲਈ ਅੰਦਰ ਹੋਇਆ ਬੂਹਾ ਦੁਬਾਰਾ ਢੋ ਦਿਤਾ | ਜਦੋਂ ਉਹ ਅੱਗੇ ਹੋਇਆ ਤਾਂ ਇਕ ਗੋਲੀ ਗੁਲਾਬ ਤੇ ਵੀ ਠੰਡੀ ਕਰ ਦਿਤੀ ਉਹ ਵੀ ਸ਼ਾਨ ਦੇ ਉਤੇ ਡਿਗ ਪਿਆ ਹਾਏ ਵੀ ਮੂੰਹੋਂ ਨਾ ਨਿਕਲੀ | ਕੈਲੇ ਨੇ ਆਪਣਾ ਬਦਲਾ ਲੈ ਲਿਆ ਸੀ | ਅਗਲੇ ਦਿਨ ਜ਼ਮਾਨਤ ਦਾ ਸਮਾਂ ਖਤਮ ਹੋਣਾ ਸੀ | ਪਿਸਤੌਲ ਨਸੀਬ ਕੌਰ ਨਂੂੰ ਦੇ ਕੇ ਅਗਲੇ ਦਿਨ ਕੈਲਾ ਠਾਣੇ ਵਿਚ ਪੇਸ਼ ਹੋ ਗਿਆ ਅਤੇ ਵਕ਼ਤ ਦਾ ਪਹੀਆ ਅੱਗੇ ਵਲ ਖਿਸਕ ਗਿਆ | ਕੈਲੇ ਨੇ ਆਪਣੇ ਮਨ ਤੋਂ ਮਣਾ ਮੂੰਹੀ ਭਾਰ ਲਾਹ ਸੁਟਿਆ ਸੀ | |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਗਲੀ ਨੰਬਰ 4 (ਖੱਬਾ)
ਹੀਰਾ ਸਿੰਘ ਨਗਰ
ਕੋਟ ਕਪੂਰਾ 151204
ਮੋਬਾਈਲ +15853050443
Now at ----
38 Mc coord woods drive
Rochester NY 14450
USA