ਉਹ ਕਲਮ ਕਿੱਥੇ ਹੈ ਜਨਾਬ!
ਉਹ ਕਲਮ ਕਿੱਥੇ ਹੈ ਜਨਾਬ,
ਜਿਸ ਨਾਲ ਸੂਰਮਿਆਂ ਨੇ
ਪਹਿਲੀ ਵਾਰ,
ਇਨਕਲਾਬ ਜ਼ਿੰਦਾਬਾਦ
ਲਿਖਿਆ ਸੀ।
ਸ਼ਬਦ ਅੰਗਿਆਰ ਬਣੇ,
ਜ਼ਾਲਮ ਦੀਆਂ ਨਜ਼ਰਾਂ ’ਚ
ਮਾਰੂ ਹਥਿਆਰ ਬਣੇ।
ਬੇਕਸਾਂ ਦੇ ਯਾਰ ਬਣੇ।
ਨੌਜਵਾਨ ਮੱਥਿਆਂ ’ਚ,
ਸਦੀਵ ਲਲਕਾਰ ਬਣੇ।
ਉਹ ਜਾਣਦਾ ਸੀ,
ਕਿ ਪਸ਼ੂ ਜਿਵੇਂ
ਰੱਤੇ ਕੱਪੜੇ ਤੋਂ ਡਰਦਾ ਹੈ।
ਹਨ੍ਹੇਰਾ ਟਟਹਿਣਿਓਂ,
ਹਾਕਮ ਵੀ
ਸ਼ਾਸਤਰ ਤੋਂ ਘਬਰਾਉਂਦਾ ਹੈ।
ਸ਼ਸਤਰ ਨੂੰ ਉਹ ਕੀ ਸਮਝਦਾ ਹੈ?
ਸ਼ਸਤਰ ਦੇ ਓਹਲੇ ’ਚ ਤਾਂ,
ਲੁੱਟਣਾ ਕੁੱਟਣਾ ਦੋਵੇਂ ਕੰਮ ਆਸਾਨ।
ਆਪੇ ਬਣੋ ਮਹਾਨ।
ਕਲਮ ਨੂੰ ਕਲਮ ਕਰਨਾ ਮੁਹਾਲ,
ਪੁੰਗਰਦੀ ਹੈ ਬਾਰ ਬਾਰ।
ਕਰੂੰਬਲਾਂ ਤੋਂ ਟਾਹਣੀਆਂ ਫਿਰ ਕਲਮਾਂ
ਅਖੰਡ ਪ੍ਰਵਾਹ ਸ਼ਬਦ-ਸਿਰਜਣਾ ਦਾ।
ਕਿੱਥੇ ਹੈ ਉਹ ਵਰਕਾ,
ਜਿਸ ਤੇ ਬਾਪ ਕਿਸ਼ਨ ਸਿੰਘ ਦੇ ਤਾਬਿਆਦਾਰ ਪੁੱਤਰ ਨੇ
ਲਿਖ ਘੱਲਿਆ ਸੀ ।
ਮੇਰੀ ਜਾਨ ਲਈ,
ਲਾਟ ਸਾਹਿਬ ਨੂੰ ਕੋਈ,
ਅਰਜ਼ੀ ਪੱਤਾ ਨਾ ਪਾਵੀਂ ਬਾਪੂ।
ਮੈਂ ਆਪਣੀ ਗੱਲ ਆਪ ਕਰਾਂਗਾ।
ਜਿਸ ਮਾਰਗ ਤੇ ਤੁਰਿਆਂ
ਆਪਣੀ ਹੋਣੀ ਆਪ ਵਰਾਂਗਾ।
ਵਕਾਲਤ ਜ਼ਲਾਲਤ ਹੈ
ਝੁਕ ਗੋਰੇ ਦਰਬਾਰ।
ਝੁਕੀਂ ਨਾ ਬਾਬਲਾ,
ਟੁੱਟ ਜਾਵੀਂ, ਪਰ ਲਿਫ਼ੀਂ ਨਾ ਕਦੇ।
ਕਿੱਥੇ ਹੈ ਉਹ ਕਿਤਾਬ।
ਜਿਸ ਦਾ ਪੰਨਾ ਮੋੜ ਕੇ,
ਇਨਕਲਾਬੀ ਨਾਲ ਰਿਸ਼ਤਾ ਜੋੜ ਕੇ,
ਸੂਰਮੇ ਨੇ ਕਿਹਾ ਸੀ।
ਬਾਕੀ ਇਬਾਰਤ,
ਮੁੜ ਮੁੜ ਉਦੋਂ ਤੀਕ ਪੜ੍ਹਦਾ ਰਹਾਂਗਾ।
ਜਦ ਤੀਕ ਨਹੀਂ ਮੁੱਕਦੀ,
ਗੁਰਬਤ ਤੇ ਜ਼ਹਾਲਤ।
ਮੈਂ ਬਾਰ ਬਾਰ ਜੰਮ ਕੇ
ਕਰਦਾ ਰਹਾਂਗਾ ਚਿੜੀਆਂ ਦੀ ਵਕਾਲਤ।
ਮਾਸ ਨੋਚਦੇ ਬਾਜ਼ਾਂ ਦੇ ਖ਼ਿਲਾਫ਼,
ਲੜਦਾ ਰਹਾਂਗਾ।
ਯੁੱਧ ਕਰਦਾ ਰਹਾਂਗਾ।
ਕਿੱਥੇ ਹੈ ਉਹ ਦਸਤਾਰ?
ਜਿਸ ਨੂੰ ਸਾਂਭਣ ਲਈ ਚਾਚੇ ਅਜੀਤ ਸਿੰਘ ਨੇ
ਬਾਰਾਂ ਬੇਲਿਆਂ ਨੂੰ ਜਗਾਇਆ ਸੀ।
ਜਾਬਰ ਹਕੂਮਤਾਂ ਨੂੰ ਲਿਖ ਕੇ ਸੁਣਾਇਆ ਸੀ।
ਧਰਤੀ ਹਲਵਾਹਕ ਦੀ ਮਾਂ ਹੈ।
ਹੁਣ ਸਾਨੂੰ ਸੂਰਮੇ ਦਾ
ਪਿਸਤੌਲ ਸੌਂਪ ਕੇ ਕਹਿੰਦੇ ਹੋ,
ਤਾੜੀਆਂ ਵਜਾਓ ਖ਼ੁਸ਼ ਹੋਵੇ।
ਮੋੜ ਦਿੱਤਾ ਹੈ ਅਸਾਂ ਸ਼ਸਤਰ।
ਪਰ ਅਸੀਂ ਇੰਜ ਨਹੀਂ ਪਰਚਦੇ।
ਸੂਰਮੇ ਦੀ ਉਹ ਕਲਮ ਤਾਂ ਪਰਤਾਓ।
ਉਹ ਵਰਕਾ ਤਾਂ ਵਿਖਾਓ!
ਜਿਸ ਤੇ ਅੰਕਿਤ ਹੈ ਸੂਹੀ ਲਾਟ ਵਾਲਾ
ਮੁਕਤੀ ਮਾਰਗ ਦਾ ਨਕਸ਼ਾ।
ਜਗਦੇ ਜਾਗਦੇ ਮੱਥੇ ਕੋਲ,
ਪਿਸਤੌਲ ਬਹੁਤ ਮਗਰੋਂ ਆਉਂਦਾ ਹੈ।
ਦੀਨਾ ਕਾਂਗੜ ਤੋਂ ਜਫ਼ਰਨਾਮਾ ਬੋਲਦਾ ਹੈ!
‘ਚੂੰ ਕਾਰ ਅਜ਼ ਹਮਾ ਹੀਲਤੇ ਦਰ ਗੁਜ਼ਸ਼ਤ।
ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ।’
ਹਾਰਦੇ ਜਦ ਸਭ ਉਪਾਅ।
ਠੀਕ ਹਥਿਆਰਾਂ ਦਾ ਰਾਹ।
ਪਰ ਸੂਰਮੇ ਨੇ ਹਰ ਇਬਾਰਤ,
ਕਲਮ ਨਾਲ ਲਿਖੀ।
ਤੁਸੀਂ ਓਹੀ ਵਰਕਾ ਚੁੱਕੀ ਫਿਰਦੇ ਹੋ,
ਜੋ ਤੁਹਾਨੂੰ ਪੁੱਗਦਾ ਹੈ।
ਮੁਕਤੀਆਂ ਦਾ ਸੂਰਜ ਤਾਂ,
ਗਿਆਨ ਭੂਮੀ ਸਿੰਜ ਕੇ,
ਆਪਣਾ ਆਪਾ ਪਿੰਜ ਕੇ,
ਮੱਥਿਆਂ ’ਚੋਂ ਚੜ੍ਹਦਾ ਹੈ।
ਹੱਕ ਇਨਸਾਫ਼ ਲਈ,
ਰਾਤ ਦਿਨ ਲੜਦਾ ਹੈ।
**
(ਤਾਬਿਆਦਾਰ ਪੁੱਤਰ=ਸ਼ਹੀਦ ਭਗਤ ਸਿੰਘ)
** |