1.ਚਿੜੀਆਂ ਦੀ ਗੱਲ
ਚੰਨ ਨਾਲ ਤਾਰੇ ਬੋਲਦੇ ਕਿਉਂ ਨੀ,
ਅੰਮੀਏ ਦੁੱਖ ਸੁੱਖ ਫੋਲਦੇ ਕਿਉਂ ਨੀ।
ਪਿੰਜਰਿਆਂ ਵਿੱਚ ਬੰਦ ਵੇਖੇ ਤੋਤੇ,
ਮੰਗਦੇ ਸੀ ਆਪਣੀ ਰਿਹਾਈ।
ਇਕ ਚਿੜੀ ਦੂਜੀ ਨੂੰ ਕਹਿੰਦੀ ,
ਭੈਣੇ ਤੂੰ ਬੰਦਿਆ ਹੱਥ ਨਾ ਆਈ।
ਦਾਣੇ ਦਿਖਾ ਕੇ ਹਮਲਾ ਕਰਦੇ,
ਪੰਛੀਆਂ ਨੂੰ ਏ ਕਮਲਾ ਕਰਦੇ।
ਮੁੜ ਖੁੱਲ੍ਹੇ ਅੰਬਰੀਂ ਉੱਡਣ ਨਾ ਦਿੰਦੇ,
ਭਾਵੇਂ ਪਾਵੋ ਲੱਖ ਦੁਹਾਈ।
ਇਕ ਚਿੜੀ ਦੂਜੀ ਨੂੰ ਕਹਿੰਦੀ ,
ਭੈਣੇ ਤੂੰ ਬੰਦਿਆ ਹੱਥ ਨਾ ਆਈਂ।
ਲੋੜ ਤੋਂ ਵੱਧ ਸਿਆਣੀ ਦੁਨੀਆ,
ਮਰਜ਼ੀ ਨਾਲ ਦਿੰਦੀ ਪਾਣੀ ਦੁਨੀਆਂ।
ਜਾਨਵਰਾਂ ਨੂੰ ਗੁਲਾਮ ਬਣਾਇਆ,
ਨਾਲੇ ਜਾਂਦੀ ਏ ਖਾਈ।
ਇਕ ਚਿੜੀ ਦੂਜੀ ਨੂੰ ਕਹਿੰਦੀ ,
ਭੈਣੇ ਤੂੰ ਬੰਦਿਆ ਹੱਥ ਨਾ ਆਈਂ।
**
2. ਮਿੱਠੇ ਸੱਪ
ਚੁੱਪ ਹੀ ਰਹਿ ਚੁੱਪ ਚੰਗੀ ,
ਇਹ ਦੁਨੀਆਂ ਕਰਦੀ ਭੰਡੀ।
ਇੱਥੇ ਝੂਠ ਦੀ ਲੱਗਦੀ ਮੰਡੀ ,
ਬੜੀ ਸੱਚ ਦੀ ਹਾਲਤ ਮੰਦੀ ।
ਭਾਈਆਂ ਤੋਂ ਭਾਈ ਮਰਵਾਉਂਦੀ ,
ਇਹ ਰਾਜਨੀਤੀ ਬੜੀ ਗੰਦੀ ।
ਸ਼ੈਤਾਨਾਂ ਵਰਗੇ ਲੀਡਰ ਲੱਗਦੇ ,
ਚਿੱਟੇ ਕੱਪੜੇ ਨੇਤਰ ਨਸ਼ੀਲੇ,
ਅੱਜਕੱਲ੍ਹ ਸੱਪ ਮਿੱਠੇ ਲੋਕ ਜ਼ਹਿਰੀਲੇ।
ਨਸ਼ਿਆਂ ਦੇ ਵਿੱਚ ਧੁੱਤ ਨੇ ,
ਨਿੱਤ ਮਾਂ ਦੀ ਪੁੱਟਦੇ ਗੁੱਤ ਨੇ ।
ਪੱਤੇ ਝਾੜੇ ਚਿੱਟੇ ਦੀ ਰੁੱਤ ਨੇ ,
ਪੰਜਾਬ ਦੇ ਉਜਾੜੇ ਪੁੱਤ ਨੇ ।
ਸੀ ਜੋ ਗੱਭਰੂ ਛੈਲ ਛਬੀਲੇ,
ਅੱਜਕੱਲ ਸੱਪ ਮਿੱਠੇ ਲੋਕ ਜ਼ਹਿਰੀਲੇ।
3. ਦਾਦੀ ਨਾਨੀ
ਮੇਰਾ ਮੁੜ ਮੁੜ ਮੱਥਾ ਚੁੰਮਦੀਆਂ ਨੇ,
ਮੇਰੇ ਅੱਗੇ ਪਿੱਛੇ ਘੁੰਮਦੀਆਂ ਨੇ।
ਰੱਬ ਦੇ ਘਰ ਵਿੱਚ ਵਸਦੀਆਂ ਨੇ ,
ਚੇਤੇ ਕਰ ਕਰ ਉੱਠਦੀਆਂ ਚੀਸਾਂ।
ਖੌਰੇ ਕਿੱਥੋਂ ਕਿੱਥੋਂ ਬਚਾਉਂਦੀਆਂ ਨੇ ,
ਮਿਲੀਆਂ ਦਾਦੀ ਨਾਨੀ ਦੀਅਾਂ ਅਸੀਸਾਂ ।
ਜੁੱਗ ਜੁੱਗ ਜੀਵੇ ਜਵਾਨੀਆਂ ਮਾਣੇ,
ਹੁਣ ਮੇਰੀ ਨਾ ਕੋਈ ਪੀੜ ਪਛਾਣੇ।
ਦਾਦੀ ਦੀ ਬਾਤ ਸੁਣਾ ਦੇ ਮੁੜ ਤੋਂ ,
ਰੱਬਾ ਦੁੱਗਣੀਆਂ ਲੈ ਲਈਂ ਫੀਸਾਂ ।
ਖੌਰੇ ਕਿੱਥੋਂ ਕਿੱਥੋਂ ਬਚਾਉਂਦੀਆਂ ਨੇ,
ਮਿਲੀਆਂ ਦਾਦੀ ਨਾਨੀ ਦੀਅਾਂ ਅਸੀਸਾਂ।
ਖ਼ੁਸ਼ੀਆਂ ਦੀਆਂ ਭਰ ਬੋਰੀਆਂ ਦਿੱਤੀਆਂ,
ਮੈਨੂੰ ਗੋਦੀ ਚੁੱਕ ਚੁੱਕ ਲੋਰੀਆਂ ਦਿੱਤੀਆਂ।
ਹੁਣ ਨਾ ਮੈਨੂੰ ਕੋਈ ਵੀ ਟੋਕਦਾ ,
ਜਦ ਤੁਰਦਾ ਹੋਇਆ ਪੈਰ ਘੜੀਸਾਂ।
ਖੌਰੇ ਕਿੱਥੋਂ ਕਿੱਥੋਂ ਬਚਾਉਂਦੀਆਂ ਨੇ,
ਮਿਲੀਆਂ ਦਾਦੀ ਨਾਨੀ ਦੀਅਾਂ ਅਸੀਸਾਂ।
**
ਮਨਦੀਪ ਖਾਨਪੁਰੀ
ਖਾਨਪੁਰ ਸਹੋਤਾ, ਹੁਸ਼ਿਆਰਪੁਰ
ਮੋਬਾਇਲ ਨੰਬਰ -9779179060 |