17 September 2024

ਦੋ ਕਵਿਤਾਵਾਂ—-ਕੁਲਭੂਸ਼ਨ

1.ਮਸਤ

ਗਲੀਆਂ ਦੇ ਵਿਚ ਨੱਚੇ ਬੁੱਲ੍ਹਾ
ਜੰਗਲ ਦੇ ਵਿਚ ਨੱਚੇ ਮੋਰ ।
ਬੇਪਰਵਾਹੀ ਦੋਵਾਂ ਦੇ ਵਿਚ
ਮਸਤਾਂ ਨੂੰ ਕੀ ਕਹਿੰਦਾ ਸ਼ੋਰ ।

ਕਾਣੀ ਵੰਡ ਮਸਤ ਨਾ ਕਰਦੇ,
ਸਾਵੀਂ ਵੰਡਣ ਸਭ ਨੂੰ ਲੋਰ ।
ਨਫ਼ਰਤੀਆਂ ਨੂੰ ਰਹਿਣ ਭੰਡਦੇ,
ਦੇਣ ਦੁਆਵਾਂ ਦੀ ਲਿਸ਼ਕੋਰ ।

ਨੇਰ੍ਹੇ ਸ਼ਹਿਰ ਚ ਲੋਅ ਤੜਫ਼ਦੀ,
ਮਸਤ ਬਚਾਉਣ ‘ਤੇ ਲਾਉਂਦੇ ਜ਼ੋਰ
ਅੱਜ ਬੰਸਰੀ ਕੰਸ ਵਜਾਵੇ,
ਵਕਤ ਹੋ ਗਿਆ ਹੋਰ ਦਾ ਹੋਰ ।

ਧਰਮਾਂ ਬੰਦੇ ਚੱਕਰੀਂ ਪਾਏ,
ਸ਼ਾਂਝਾਂ ਉੱਤੇ ਕਰਨ ਨਾ ਗੌਰ ।
ਦਿਲ ਤੋਂ ਚਲੋ ਦੁਆਵਾਂ ਕਰੀਏ,
“ਭੂਸ਼ਨ” ਆਇਆ ਕੈਸਾ ਦੌਰ ।

ਗਲੀਆਂ ਦੇ ਵਿਚ ਨੱਚੇ ਬੁੱਲ੍ਹਾ,
ਜੰਗਲ ਦੇ ਵਿਚ ਨੱਚੇ ਮੋਰ ।
ਬੇਪਰਵਾਹੀ ਦੋਵਾਂ ਦੇ ਵਿਚ ,
ਮਸਤਾਂ ਨੂੰ ਕੀ ਕਹਿੰਦਾ ਸ਼ੋਰ ।
**

2. ਗੀਤ
ਹਰ ਆਸ਼ਕ ਦਾ ਦੁੱਖੜਾ ਲੋਕੋ
ਗੀਤ ਮੇਰੇ ਦਾ ਮੁੱਖੜਾ ਲੋਕੋ

ਆਸ਼ਕ ਦਾ ਕੀ ਜੀਣਾ ਹੁੰਦਾ
ਹਰ ਨਜ਼ਰ ਵਿਚ ਹੀਣਾ ਹੁੰਦਾ
ਮਾਰੂਥਲ ਦਾ ਰੁੱਖੜਾ ਲੋਕੋ
ਗੀਤ ਮੇਰੇ ਦਾ ਮੁੱਖੜਾ ਲੋਕੋ…………

ਆਸ਼ਕ ਕਦੇ ਚੰਨ ਏ ਹੁੰਦਾ
ਕਦੇ ਮਿੱਟੀ ਦਾ ਕਣ ਏ ਹੁੰਦਾ
ਬੀਬਾ,ਕਦੇ ਨਾਸ਼ੁਕਰਾ ਲੋਕੋ
ਗੀਤ ਮੇਰੇ ਦਾ ਮੁੱਖੜਾ ਲੋਕੋ…………

ਆਸ਼ਕ ਦਾ ਗਵਾਹ ਨਾ ਹੁੰਦਾ
ਹੁੰਦਾ, ਇਹ ਤਬਾਹ ਨਾ ਹੁੰਦਾ
ਰਹਿੰਦਾ ਟੁਕੜਾ ਟੁਕੜਾ ਲੋਕੋ
ਗੀਤ ਮੇਰੇ ਦਾ ਮੁੱਖੜਾ ਲੋਕੋ…………
**
ਕੁਲਭੂਸ਼ਨ,
ਮੋਬਾਇਲ-7347554649

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।

***
846
***