29 March 2024

ਸੰਜੀਦਾ ਸਾਹਿਤਕਾਰ ਗੁਰਦੀਸ਼ ਕੌਰ ਗਰੇਵਾਲ— ਹਰਮੀਤ ਸਿੰਘ ਅਟਵਾਲ

ਹਰਮੀਤ ਸਿੰਘ ਅਟਵਾਲ
+91 98155-05287

ਉੱਘੇ ਸਾਹਿਤਕਾਰ, ਆਲੋਚਕ ਅਤੇ ‘ਪੰਜਾਬੀ ਸਾਹਿਤ ਸਭਾ (ਰਜਿ:) ਜਲੰਧਰ ਛਾਉਣੀ’ ਦੇ ਪ੍ਰਧਾਨ ਸ. ਹਰਮੀਤ ਸਿੰਘ ਅਟਵਾਲ ਜੀ ਦੇ ‘ਪੰਜਾਬੀ ਜਾਗਰਣ’ ਅਖਬਾਰ ਵਿੱਚ ਛਪਦੇ ਹਫਤਾਵਾਰੀ ਕਾਲਮ ‘ਅਦੀਬ ਸਮੁੰਦਰੋਂ ਪਾਰ ਦੇ’ ਦੀ (29 ਫਰਵਰੀ 2020 ਨੂੰ) ਛਪੀ ਕਿਸ਼ਤ  ਵਿੱਚ ‘ਸੰਜੀਦਾ ਸਾਹਿਤਕਾਰ ਗੁਰਦੀਸ਼ ਕੌਰ ਗਰੇਵਾਲ‘ ਬਾਰੇ ਲਿਖਿਆ ਗਿਆ ਹੈ। ਇਹ ਲਿਖਤ ਜਿੱਥੇ ‘ਗੁਰਦੀਸ਼ ਕੌਰ ਗਰੇਵਾਲ‘ ਦੇ ਸਮੁੱਚੇ ਰਚਨਾ ਸੰਸਾਰ ਦੇ ਰੂ-ਬ-ਰੂ ਕਰਦੀ ਹੈ ਉਥੇ ਹੀ ਸਾਹਿਤਕਾਰ/ਆਲੋਚਕ ਅਟਵਾਲ ਜੀ ਦੀ ਨਿਵੇਕਲੀ ਕਲਮ-ਪ੍ਰਤਿਭਾ ਦੇ ਦਰਸ਼ਣ ਵੀ ਕਰਾਉਂਦੀ ਹੈ। ਨਿਰਪੱਖ ਆਲੋਚਕ  ਸ. ਹਰਮੀਤ ਸਿੰਘ ਅਟਵਾਲ ਜੀ ਅਤੇ ‘ਗੁਰਦੀਸ਼ ਕੌਰ ਗਰੇਵਾਲ’ ਨੂੰ ਹਾਰਦਿਕ ਵਧਾਈ ਹੋਵੇ।  ਇਹ ਰਚਨਾ ‘ਲਿਖਾਰੀ’ ਦੇ ਪਾਠਕਾਂ ਦੀ ਨਜ਼ਰ-ਭੇਂਟ ਕਰਦਿਅਾਂ ਖੁਸ਼ੀ ਦਾ ਅਨੁਭਵ ਹੋ ਰਿਹਾ ਹੈ।—ਲਿਖਾਰੀ
**

ਅਦੀਬ ਸਮੁੰਦਰੋਂ ਪਾਰ ਦੇ:
ਸੰਜੀਦਾ ਸਾਹਿਤਕਾਰ ਗੁਰਦੀਸ਼ ਕੌਰ ਗਰੇਵਾਲ
-ਹਰਮੀਤ ਸਿੰਘ ਅਟਵਾਲ-

ਵਿਦਵਾਨ ਸੱਜਣਾਂ ਨੇ ਮਨੁੱਖ ਦੀ ਵਾਸਤਵਿਕਤਾ ਨੂੰ ਮਹਿਸੂਸ ਕਰਨ ਦੀ ਯੋਗਤਾ ਨੂੰ ਸੰਵੇਦਨਾ ਕਿਹਾ ਹੈ ਤੇ ਨਾਲ ਹੀ ਇਸ ਨਾਲ ਪੈਦਾ ਹੋਈ ਮਾਨਸਿਕ ਅਵਸਥਾ ਨੂੰ ਵੀ। ਜੇਕਰ ਇਹ ਸੰਵੇਦਨਾ/ਯੋਗਤਾ ਸਮੇਂ ਦੇ ਗੇੜ ਨਾਲ ਸੰਜੀਦਗੀ ਦੇ ਸਿਖ਼ਰ ਨਾਲ ਪੀਢੀ-ਗੰਢ ਪਾ ਲਵੇ ਤਾਂ ਇਸ ਸੰਯੋਗ ਵਿੱਚੋਂ ਜਿਹੜੀ ਸਿਰਜਣਾ ਜਨਮ ਲਵੇਗੀ, ਉਹ ਆਪਣੀ ਨਿਵੇਕਲੀ ਨੁਹਾਰ ਦਾ ਉੱਤਮ ਨਮੂਨਾ ਹੋਵੇਗੀ। ਇਹੀ ਕਾਰਨ ਹੈ ਕਿ ਜਦੋਂ ਕੁਝ ਅਜਿਹੀਆਂ ਸੰਜੀਦਾ ਕਲਮਾਂ ‘ਚੋਂ ਨਿਕਲੀਆਂ ਕਿਰਤਾਂ ਪੜ੍ਹਦੇ ਹਾਂ ਤਾਂ ਮਨ-ਮਸਤਕ ਨੂੰ ਹਲੂਣਾ ਜਿਹਾ ਆਉਂਦਾ ਹੈ। ਸਾਡੀ ਕੈਲਗਰੀ (ਕੈਨੇਡਾ) ਵਸਦੀ ਸਾਹਿਤਕਾਰ ਗੁਰਦੀਸ਼ ਕੌਰ ਗਰੇਵਾਲ ਕੋਲ ਵੀ ਐਸੀ ਹੀ ਨਰੋਈ ਕਲਮ ਹੈ ਜਿਸ ਦੀ ਸੰਜੀਦਗੀ ਤੇ ਸੰਵੇਦਨਾ ‘ਤੇ ਇਸ ਜਾਹਰੀ ਦੁਨੀਆ ਵਿਚ ਸਾਨੂੰ ਅੰਤਾਂ ਦਾ ਮਾਣ ਹੈ।

ਜਦੋਂ ਕਿਸੇ ਸਾਹਿਤਕ ਰਚਨਾ ਦੀ ਰਚਨਾਤਮਿਕਤਾ ‘ਚੋਂ ਗੁਜ਼ਰਦਿਆਂ, ਇਕਾਗਰਚਿਤ ਅਧਿਐਨ ਕਰਦਿਆਂ ਕੁਝ ਅਟੱਲ ਸਚਾਈਆਂ ਵਰਗੇ ਖ਼ਿਆਲਾਂ ਦੀ ਪੁਸ਼ਟੀ ਸੁਤੇ ਸਿੱਧ ਹੀ ਹੁੰਦੀ ਜਾਵੇ ਤਾਂ ਸਮਝੋ ਤੁਸੀਂ ਗੁਰਦੀਸ਼ ਕੌਰ ਗਰੇਵਾਲ ਦੀ ਕਿਸੇ ਰਚਨਾ ਦਾ ਨਿੱਠ ਕੇ ਅਧਿਐਨ ਕਰ ਰਹੇ ਹੋ। ਅੰਸ਼ ਮਾਤਰ ਕੁਝ ਖ਼ਿਆਲ ਇੱਥੇ ਹਾਜ਼ਰ ਹਨ :-

– ਫ਼ਸਲਾਂ ਤੇ ਨਸਲਾਂ ਦੀ ਪਹਿਰੇਦਾਰੀ ਬੜੀ ਜ਼ਰੂਰੀ ਹੁੰਦੀ ਹੈ।

– ਨਖਰੇ ਕਰਨ ਵਾਲਿਆਂ ਦੀ ਪਰੌਠਿਆਂ ਤੋਂ ਮੱਖਣੀ ਅਕਸਰ ਡੁੱਲ੍ਹ ਹੀ ਜਾਂਦੀ ਹੈ।

– ਵੱਡੇ ਲੋਕਾਂ ਦੀ ਪੂਛ ਬਣਨ ਨਾਲੋਂ ਆਮ ਲੋਕਾਂ ਦਾ ਸਿਰ ਹੋਣਾ ਚੰਗਾ ਹੁੰਦਾ ਹੈ।

– ਜਿਸ ਨਾਲ ਪਿਆਰ ਹੋਵੇ, ਉਸ ਦੇ ਘਰ ਦੀਆਂ ਛੱਤਾਂ ‘ਤੇ ਬੈਠੇ ਕਾਂ ਵੀ ਸੋਹਣੇ ਲਗਦੇ ਹਨ।

– ਸੱਸ ਭਾਵੇਂ ਖੰਡ ਦੀ ਬਣੀ ਹੋਈ ਕਿਉਂ ਨਾ ਹੋਵੇ, ਉਹ ਫੇਰ ਵੀ ਕੌੜੀ ਲਗਦੀ ਹੈ।

– ਕਿਰਦਾਰ ਉੱਚਾ ਰੱਖੋ, ਕੱਦ ਦਾ ਫ਼ਿਕਰ ਨਾ ਕਰੋ।

– ਜਦੋਂ ਅਕਲ ਵੱਡੀ ਹੋ ਜਾਏ, ਉਦੋਂ ਉਮਰ ਮਾਅਨੇ ਨਹੀਂ ਰੱਖਦੀ।

– ਪੈਸੇ ਖ਼ਾਤਿਰ ਜੁੜੇ ਰਿਸ਼ਤਿਆਂ ‘ਚ ਪਿਆਰ ਘੱਟ ਤੇ ਲਾਲਚ ਵੱਧ ਹੁੰਦਾ ਹੈ।

ਗੁਰਦੀਸ਼ ਕੌਰ ਗਰੇਵਾਲ ਦਾ ਜਨਮ ਜਲੰਧਰ ਜ਼ਿਲ੍ਹੇ ਦੇ ਪਿੰਡ ਨਾਜ਼ਕਾ ਨੇੜੇ ਆਦਮਪੁਰ ਦੋਆਬਾ ਦੇ ਨੰਬਰਦਾਰ ਅਵਤਾਰ ਸਿੰਘ ਨਿੱਝਰ ਅਤੇ ਬੀਬੀ ਸੁਰਿੰਦਰ ਕੌਰ ਦੇ ਗ੍ਰਹਿ ਵਿਖੇ 1950 ਵਿਚ ਉਦੋਂ ਹੋਇਆ ਜਦੋਂ ਪਿੰਡਾਂ ਦੀਆਂ ਕੁੜੀਆਂ ਨੂੰ ਉਚੇਰੀ ਵਿੱਦਿਆ ਘੱਟ ਹੀ ਦਿੱਤੀ ਜਾਂਦੀ ਸੀ। ਉਹ ਪਿੰਡ ਦੀ ਪਹਿਲੀ ਕੁੜੀ ਸੀ ਜੋ ਇਕੱਲੀ ਕਾਲਜ ਦਾਖ਼ਲ ਹੋਈ ਤੇ ਜਿਸ ਨੇ ਅੱਠਵੀਂ ਤੋਂ ਲੈ ਕੇ ਬੀ.ਏ. ਤਕ ਮੈਰਿਟ ਸਕਾਲਰਸ਼ਿਪ ਲੈ ਕੇ ਮਾਪਿਆਂ ਦਾ ਸਿਰ ਮਾਣ ਨਾਲ ਉੱਚਾ ਕੀਤਾ। ਫਿਰ ਬੀ.ਐੱਡ. ਕਰ ਕੇ, ਅਧਿਆਪਕ ਕਿੱਤੇ ਨਾਲ ਜੁੜ ਕੇ ਐੱਮ.ਏ. ਪੰਜਾਬੀ ਕੀਤੀ।

ਸੰਨ 2011 ਵਿਚ ਦਾਣਾ ਪਾਣੀ ਗੁਰਦੀਸ਼ ਕੌਰ ਗਰੇਵਾਲ ਨੂੰ ਕੈਨੇਡਾ ਲੈ ਆਇਆ। ਟੋਰਾਂਟੋ ਅਤੇ ਸਰੀ ਬੀ.ਸੀ. ਵਿਖੇ ਆਪਣੀ ਸਾਹਿਤਕ ਪਛਾਣ ਬਣਾਉਣ ਉਪਰੰਤ ਹੁਣ ਉਹ ਕੈਲਗਰੀ (ਅਲਬਰਟਾ) ਕੈਨੇਡਾ ਦੀ ਪੱਕੇ ਤੌਰ ‘ਤੇ ਵਸਨੀਕ ਬਣ ਗਈ ਹੈ। ਗੁਰਦੀਸ਼ ਦਾ ਬੇਟਾ ਡਾਕਟਰ ਹੈ ਤੇ ਬੇਟੀ ਇੰਜੀਨੀਅਰ ਹੈ।

ਗੁਰਦੀਸ਼ ਕੌਰ ਗਰੇਵਾਲ ਜ਼ਿੰਦਗੀ ਪ੍ਰਤੀ ਇਕ ਠੋਸ ਉਸਾਰੂ ਸੋਚ ਨਾਲ ਓਤਪੋਤ ਹੈ। ਉਸ ਦੀ ਸਾਹਿਤਕ ਪ੍ਰਤਿਭਾ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ‘ਚ ਸਾਹਮਣੇ ਆਈ ਹੈ। ਉਹ ਸ਼ਾਇਰਾ, ਆਲੋਚਕ, ਗੀਤਕਾਰ, ਵਾਰਤਕਾਰ/ਨਿਬੰਧਕਾਰ, ਵਿਦਵਾਨ/ਚਿੰਤਕ ਤੇ ਪੰਥਕ ਕਵਿੱਤਰੀ ਵੀ ਹੈ। ਹੁਣ ਤਕ ਉਸ ਦੀਆਂ ਪੰਜ ਪੁਸਤਕਾਂ ਛਪ ਕੇ ਪਾਠਕਾਂ ਦੇ ਹੱਥਾਂ ਵਿਚ ਪੁੱਜੀਆਂ ਹਨ ਅਤੇ ਦੋ ਹੋਰ ਛਪਾਈ ਅਧੀਨ ਹਨ।

ਗੁਰਦੀਸ਼ ਕੌਰ ਗਰੇਵਾਲ ਦੀ ਪਹਿਲੀ ਕਾਵਿ ਪੁਸਤਕ ‘ਹਰਫ਼ ਯਾਦਾਂ ਦੇ’ 2011 ਵਿਚ ਆਈ ਜਿਸ ਵਿਚ ਕਵਿਤਾਵਾਂ, ਗ਼ਜ਼ਲਾਂ ਤੇ ਗੀਤ ਹਨ। ਇਸ ਬਾਰੇ ਨਾਮਵਰ ਸ਼ਾਇਰ ਸਰਦਾਰ ਪੰਛੀ ਨੇ ਕਿਹਾ ਹੈ ਕਿ ਇਸ ਕਾਵਿ ਵਿਚ ਮਨੁੱਖੀ ਮਨ ਦੀਆਂ ਭਾਵਨਾਵਾਂ ਦੀ ਭਰਪੂਰ ਅੱਕਾਸ਼ੀ ਨਜ਼ਰ ਆਉਂਦੀ ਹੈ। ਇਸ ਦੀਆਂ ਗ਼ਜ਼ਲਾਂ, ਗੀਤਾਂ ਵਿਚ ਪੂਰੀ ਲੈਅ ਬੱਧਤਾ ਹੈ ਜੋ ਪਾਠਕ ਤੇ ਸਰੋਤੇ ਦੇ ਮਨ ‘ਤੇ ਸੰਗੀਤਮਈ ਜਾਦੂ ਕਰਦੀ ਹੈ। ਲੁਧਿਆਣੇ ਵਸਦੀ ਇਕ ਹੋਰ ਨਾਮਵਰ ਸ਼ਾਇਰਾ ਅਮਰਜੀਤ ਕੌਰ ਨਾਜ ਨੇ ਤਾਂ ਇਸ ਪੁਸਤਕ ਦੇ ਸੰਦਰਭ ‘ਚ ਗੁਰਦੀਸ਼ ਕੌਰ ਗਰੇਵਾਲ ਨੂੰ ਸੰਵੇਦਨਾ ਦੀ ਮੂਰਤੀ ਹੀ ਕਹਿ ਦਿੱਤਾ ਹੈ।

ਅਗਲੀ ਪੁਸਤਕ ਨਿਬੰਧ ਸੰਗ੍ਰਹਿ ‘ਸੋਚਾਂ ਦੇ ਸਿਰਨਾਵੇਂ’ ਹੈ ਜੋ ਕਿ 2013 ‘ਚ ਪਾਠਕਾਂ ਕੋਲ ਪੁੱਜਿਆ। ਇਸ ਸੰਗ੍ਰਹਿ ਬਾਰੇ ਕੁਝ ਨਾਮਵਰ ਹਸਤੀਆਂ ਜਿਹਾ ਕਿ ਸਰਦਾਰਾ ਸਿੰਘ ਜੌਹਲ ਤੇ ਨਰਿੰਜਨ ਤਸਨੀਮ ਨੇ ਵੀ ਆਪਣੀ ਪ੍ਰਸੰਸਾ ਭਰਪੂਰ ਰਾਏ ਵਿਅਕਤ ਕੀਤੀ ਹੈ। ਨਿਰਸੰਦੇਹ ਸਿੱਖਿਆਦਾਇਕ ਲਹਿਜ਼ੇ ਵਿਚ ਲਿਖੇ ਇਹ ਨਿਬੰਧ ਪਰਿਵਾਰ, ਸਮਾਜ, ਸਾਹਿਤ ਤੇ ਸਿਹਤ ਬਾਰੇ ਵੀ ਹਨ।

ਗੁਰਦੀਸ਼ ਦੀ ਨਿਬੰਧ ਸ਼ੈਲੀ ਬੜੇ ਧੀਰਜ ਨਾਲ ਗੱਲ ਸ਼ੁਰੂ ਕਰਦੀ ਹੈ, ਤਰਕਸ਼ੀਲ ਢੰਗ ਨਾਲ ਗੱਲ ਅੱਗੇ ਤੋਰਦੀ ਹੈ ਤੇ ਪੁਖਤਾ/ਢੁਕਵੀਆਂ ਸਾਹਿਤਕ ਦਲੀਲਾਂ ਨਾਲ ਗੱਲ ਸਿਰੇ ਲਾਉਂਦੀ ਹੈ। ਪਾਠਕ ਦੀ ਸੋਚ ਨੂੰ ਵੀ ਇਕ ਝੂਟਾ ਜਿਹਾ ਆਉਂਦਾ ਹੈ ਤੇ ਉਸ ਦੀਆਂ ਅੰਦਰਲੀਆਂ ਅੱਖਾਂ ਵੀ ਪੂਰੀਆਂ ਖੁੱਲ੍ਹ ਜਾਂਦੀਆਂ ਹਨ। 2014 ਵਿਚ ਆਈ ਉਸ ਦੀ ਤੀਜੀ ਪੁਸਤਕ ‘ਜਿਨੀ ਨਾਮ ਧਿਆਇਆ’ ਧਾਰਮਿਕ ਕਾਵਿ ਸੰਗ੍ਰਹਿ ਹੈ। ਇਸ ਦੇ ਪਹਿਲੇ ਭਾਗ ਵਿਚ ਗੁਰੂ ਸਾਹਿਬਾਨ ਬਾਰੇ ਕਵਿਤਾਵਾਂ ਹਨ ਦੂਜੇ ਵਿਚ ਸਿੱਖ ਇਤਿਹਾਸ ਬਾਰੇ ਤੇ ਤੀਜੇ ਵਿਚ ਧਾਰਮਿਕ ਕਵਿਤਾਵਾਂ ਹਨ। ਇਸ ਕਿਤਾਬ ‘ਚ ਕੁਝ ਆਪਣੇ ਵਲੋਂ ਤਹਿਤ ਗੁਰਦੀਸ਼ ਕੌਰ ਗਰੇਵਾਲ ਨੇ ਖਦਸ਼ਾ ਜਾਹਰ ਕਰਦਿਆਂ ਲਿਖਿਆ ਹੈ ਕਿ ‘ਪੁਰਾਣੇ ਨਾਮਵਰ ਕਵੀ ਤੁਰੇ ਜਾ ਰਹੇ ਹਨ ਤੇ ਜੇ ਨਵੇਂ ਕਵੀਆਂ ਨੇ ਇਸ ਪਾਸੇ ਕਲਮ ਨਾ ਚਲਾਈ ਤਾਂ ਕਿਤੇ ਇਹ ਨਾ ਹੋਵੇ ਕਿ ਸਾਡੀ ਅਗਲੀ ਪੀੜ੍ਹੀ ਇਸ ਮਹਾਨ ਵਿਰਸੇ ਤੋਂ ਵਾਂਝੀ ਹੀ ਰਹਿ ਜਾਵੇ।’

2017 ਵਿਚ ਗੁਰਦੀਸ਼ ਕੌਰ ਗਰੇਵਾਲ ਦਾ ਇਕ ਹੋਰ ਕਾਵਿ-ਸੰਗ੍ਰਹਿ ‘ਸਰਘੀ ਦਾ ਸੂਰਜ’ ਪਾਠਕਾਂ ਨੇ ਪੜ੍ਹਿਆ ਤੇ ਜਿਸ ਵਿਚ ਕਵਿਤਾਵਾਂ/ਗੀਤਾਂ/ਗ਼ਜ਼ਲਾਂ ਦੇ ਨਾਲ-ਨਾਲ ਦੋਹੇ ਵੀ ਹਨ। ਇਨ੍ਹਾਂ ਕਾਵਿ ਰਚਨਾਵਾਂ ਨੂੰ ਉੱਘੇ ਸ਼ਾਇਰ ਤ੍ਰੈਲੋਚਨ ਲੋਚੀ ਨੇ ਗੁਰਦੀਸ਼ ਦੇ ਦਰਵੇਸ਼ੀ ਸੁਭਾਅ ਵਰਗੀਆਂ ਦਰਵੇਸ਼ੀ ਕਿਹਾ ਹੈ। ‘ਕੁਝ ਆਪਣੇ ਵੱਲੋਂ’ ਤਹਿਤ ਗੁਰਦੀਸ਼ ਨੇ ਲਿਖਿਆ ਹੈ ਕਿ ‘ਜਦ ਤਕ ਅਸੀਂ ਕੋਈ ਗ਼ਮੀ ਖ਼ੁਸ਼ੀ ਅੰਦਰੋਂ ਮਹਿਸੂਸ ਨਹੀਂ ਕਰਦੇ, ਤਦ ਤਕ ਅਸੀਂ ਲੇਖਕ ਕੁਝ ਨਹੀਂ ਲਿਖ ਸਕਦੇ।’ ਸਹੀ ਮਾਅਨਿਆਂ ਵਿਚ ਇਹ ‘ਅੰਦਰੋਂ ਮਹਿਸੂਸ ਕਰਨਾ’ ਹੀ ਆਂਤ੍ਰਿਕ ਸੰਵੇਦਨਾ ਹੈ, ਸੰਜੀਦਾ ਸੰਵੇਦਨਾ ਹੈ ਜਿਸ ਦੀ ਗੁਰਦੀਸ਼ ਨੂੰ ਕੋਈ ਕਮੀ ਨਹੀਂ।

2017 ਵਿਚ ਹੀ ਗੁਰਦੀਸ਼ ਕੌਰ ਗਰੇਵਾਲ ਦਾ ਇਕ ਹੋਰ ਨਿਬੰਧ ਸੰਗ੍ਰਹਿ ਆਇਆ ਹੈ ਜਿਸ ਵਿਚ ਹੋਰ ਨਿਬੰਧਾਂ ਦੇ ਨਾਲ ‘ਅੱਖੀ ਡਿੱਠਾ ਕੈਨੇਡਾ’ ਸਿਰਲੇਖ ਹੇਠ ਐਸੇ ਪੰਜ ਨਿਬੰਧ ਦਰਜ ਹਨ ਜਿਨ੍ਹਾਂ ਵਿੱਚੋਂ ਕੈਨੇਡਾ ਤੇ ਕੈਨੇਡਾ ਦੇ ਪੰਜਾਬੀਆਂ ਨੂੰ ਕਾਫ਼ੀ ਹੱਦ ਤਕ ਜਾਣਿਆ/ਸਮਝਿਆ ਜਾ ਸਕਦਾ ਹੈ। ‘ਸਾਹਾਂ ਦੀ ਸਰਗਮ’ (ਗ਼ਜ਼ਲਾਂ) ਤੇ ਖ਼ੁਸ਼ੀਆਂ ਦੀ ਖ਼ੁਸ਼ਬੋਈ (ਨਿਬੰਧ) ਗੁਰਦੀਸ਼ ਦੀਆਂ ਦੋ ਹੋਰ ਨਵੀਆਂ ਪੁਸਤਕਾਂ ਵੀ ਜਲਦ ਛਪ ਕੇ ਆ ਰਹੀਆਂ ਹਨ।

ਗੁਰਦੀਸ਼ ਨੇ ਆਪਣਾ ਸਾਹਿਤਕ ਸਫ਼ਰ ਕਵਿਤਾ ਤੋਂ ਸ਼ੁਰੂ ਕੀਤਾ ਤੇ ਵਿਚਾਰਾਂ ਦੀ ਬਹੁਲਤਾ ਉਸ ਨੂੰ ਵਾਰਤਕ ਵੱਲ ਲੈ ਆਈ। ਉਨ੍ਹਾਂ ਨਾਲ ਹੋਏ ਵਿਚਾਰ-ਵਿਮਰਸ਼ ‘ਚੋਂ ਕੁਝ ਅੰਸ਼ ਹੂ-ਬ-ਹੂ ਆਪਦੀ ਨਜ਼ਰ ਹਨ-

* ਸਮਾਜ ਨੂੰ ਜਦੋਂ ਵਹਿਮਾਂ-ਭਰਮਾਂ ਵਿਚ ਜਕੜਿਆ, ਬੁਰਾਈਆਂ ਵਿਚ ਖੁੱਭਿਆ, ਨਸ਼ਿਆਂ ਵਿਚ ਡੁੱਬਿਆ ਜਾਂ ਹੋਰ ਪਰਿਵਾਰਕ ਮਸਲਿਆਂ ਵਿਚ ਉਲਝਿਆ ਵੇਖਦੀ ਹਾਂ ਤਾਂ ਰੂਹ ਤੜਪ ਉੱਠਦੀ ਹੈ ਤੇ ਕਲਮ ਚੁੱਕ ਲੈਂਦੀ ਹਾਂ-ਇਕ ਨਰੋਆ ਸਮਾਜ ਸਿਰਜਣ ਲਈ। ਮੇਰੀਆਂ ਕਵਿਤਾਵਾਂ ਤੇ ਵਾਰਤਕ ਦੇ ਵਿਸ਼ੇ ਮਾਨਵ ਲਈ ਸੇਧਾਤਮਕ ਹੁੰਦੇ ਹਨ। ਰੁਮਾਂਟਿਕ ਨਹੀਂ ਹੁੰਦੇ।

* ਕੈਲਗਰੀ ਵਿਚ 6 ਸਾਹਿਤ ਸਭਾਵਾਂ ਕੰਮ ਕਰ ਰਹੀਆਂ ਹਨ। ਹਰ ਸਭਾ ਦੀ ਐਗਜ਼ੈਕਟਿਵ ਕਮੇਟੀ ਵੱਖਰੀ ਹੈ ਪਰ ਸਰੋਤੇ ਤਕਰੀਬਨ ਸਾਰੀਆਂ ਸਭਾਵਾਂ ਵਿਚ ਉਹੀ ਹੁੰਦੇ ਹਨ।

* ਕੈਨੇਡਾ ਵਿਚ ਬਹੁਤ ਸਾਰੇ ਲੇਖਕ ਵਧੀਆ ਲਿਖ ਰਹੇ ਹਨ ਪਰ ਅਨਮੋਲ ਕੌਰ, ਡਾ. ਬਲਵਿੰਦਰ ਕੌਰ ਬਰਾੜ, ਹਰਚੰਦ ਸਿੰਘ ਬਾਗੜੀ ਤੇ ਕੇਵਲ ਸਿੰਘ ਨਿਰਦੋਸ਼ ਮੇਰੇ ਪਸੰਦੀਦਾ ਲੇਖਕ ਹਨ।

* ਮੈਂ ਨਵੀਂ ਪੀੜ੍ਹੀ ਨੂੰ ਚੰਗਾ ਤੇ ਉਸਾਰੂ ਸਾਹਿਤ ਪੜ੍ਹਨ ਦੀ ਸਲਾਹ ਦਿੰਦੀ ਹਾਂ। ਜੇ ਨਵੀਂ ਪੀੜ੍ਹੀ ਕਿਤਾਬਾਂ ਨਾਲ ਦੋਸਤੀ ਪਾ ਲਵੇ ਤਾਂ ਚੰਗੀ ਗੱਲ ਹੈ। ਕਈ ਵਾਰੀ ਸਾਹਿਤ ਸਭਾਵਾਂ ਵਿਚ, ਸੀਨੀਅਰਜ਼ ਦੀ ਬਹੁ-ਗਿਣਤੀ ਦੇਖ, ਮਨ ਵਿਚ ਤੌਖਲਾ ਪੈਦਾ ਹੁੰਦਾ ਹੈ ਕਿ ਕਿਤੇ ਸਾਡੀ ਪੀੜ੍ਹੀ ਦੇ ਤੁਰ ਜਾਣ ਨਾਲ, ਸਾਹਿਤ ਸਭਾਵਾਂ ਦਾ ਭੋਗ ਹੀ ਨਾ ਪੈ ਜਾਵੇ।…

* ਸਾਡੇ ਰਚੇ ਸਾਹਿਤ ਨੂੰ ਸਾਡੀਆਂ ਆਉਣ ਵਾਲੀਆਂ ਨਸਲਾਂ ਪੜ੍ਹ ਸਕਣਗੀਆਂ ਕਿ ਨਹੀਂ-ਇਹ ਗੰਭੀਰਤਾ ਨਾਲ ਸੋਚਣ ਦਾ ਵਿਸ਼ਾ ਹੈ।

ਨਿਰਸੰਦੇਹ ਅਜਿਹੀ ਗੰਭੀਰਤਾ ਨਾਲ ਗੁਰਦੀਸ਼ ਕੌਰ ਗਰੇਵਾਲ ਜਾਂ ਉਹ ਸਾਹਿਤਕਾਰ ਹੀ ਸੋਚ ਸਕਦੇ ਹਨ ਜਿਨ੍ਹਾਂ ਕੋਲ ਗਹਿਰ-ਗੰਭੀਰ ਸੰਜੀਦਗੀ ਭਰਪੂਰ ਸੰਵੇਦਨਾ ਦਾ ਅਮੁੱਕ ਖ਼ਜ਼ਾਨਾ ਹੈ। ਗੁਰਦੀਸ਼ ਕੌਰ ਗਰੇਵਾਲ ਇਸ ਪੱਖੋਂ ਸਿਫ਼ਤ ਦੀ ਅਨੰਤ ਹੱਕਦਾਰ ਹੈ ਜਿਸ ਦੀ ਹੁਣ ਤਕ ਦੀ ਸਾਰੀ ਸਾਹਿਤਕਾਰੀ ਉਸ ਨੂੰ ਵਿਸ਼ੇਸ਼ ਤੌਰ ‘ਤੇ ਕੈਨੇਡੀਅਨ ਪੰਜਾਬੀ ਸਾਹਿਤ ਅੰਦਰ ਇਕ ਨਾਮਵਰ ਸਾਹਿਤਕਾਰ ਸਾਬਤ ਕਰਦੀ ਹੈ।

***
584
***

About the author

ਹਰਮੀਤ ਸਿੰਘ ਅਟਵਾਲ
ਹਰਮੀਤ ਸਿੰਘ ਅਟਵਾਲ
+9815505287 | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ