ਇਹ ਰਚਨਾ ‘‘ਲਿਖਾਰੀ’ ਦੇ ਸਹਿਯੋਗੀ ਕੰਵਰ ਬਰਾੜ ਦੇ ਉੱਦਮ ਸਦਕਾ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ
ਕਹਾਣੀ – ਦੁਕਾਨਦਾਰ – ਸਾਧੂ ਬਿਨਿੰਗਉਹਦੀਆਂ ਅੱਖਾਂ ਉਨੀਂਦਰੇ ਕਰਕੇ ਲਾਲ ਸਨ। ਉਹ ਬਹੁਤ ਥੱਕਿਆ ਹੋਇਆ ਨਜ਼ਰ ਆ ਰਿਹਾ ਸੀ। ਸਟੋਰ ਖੋਲ੍ਹ ਕੇ ਉਹਨੇ ਇੱਧਰ ਉੱਧਰ ਇਕ ਨਿਰਾਸ਼ ਜਿਹੀ ਨਜ਼ਰ ਦੌੜਾਈ। ਹੱਥਲਾ ਸਾਮਾਨ ਰੱਖ ਕੇ ਬੱਤੀਆਂ ਜਗਾਈਆਂ। ਗੁਰੂ ਨਾਨਕ ਦੇਵ ਦੀ ਵੱਡੀ ਤਸਵੀਰ ਅੱਗੇ ਸਿਰ ਨਿਵਾ ਕੇ ਮੱਥਾ ਟੇਕਿਆ ਤੇ ਨਾਲ ਹੀ ਰਾਮ ਚੰਦਰ ਤੇ ਸੀਤਾ ਵਾਲੇ ਕਲੰਡਰ ਵਲ ਦੂਰੋਂ ਹੀ ਸਿਰ ਨਿਵਾਉਣ ਦਾ ਇਸ਼ਾਰਾ ਜਿਹਾ ਕੀਤਾ। ਕੋਲ ਲਿਆਂਦੇ ਝੋਲੇ ਵਿਚੋਂ ਭਾਨ ਦੀਆਂ ਦੋ ਤਿੰਨ ਗੁੱਛੀਆਂ ਉਹਨੇ ਕੈਸ਼ ਰਜਿਸਟਰ ਵਿਚ ਰੱਖੀਆਂ। ਇਕ ਰੰਗ ਬਰੰਗੇ ਖੰਭਾਂ ਦਾ ਬੁਰਸ਼ ਲੈ ਕੇ ਹੌਲੀ ਹੌਲੀ ਸਫਾਈ ਕਰਨ ਲੱਗ ਪਿਆ। ਉਹਦੀ ਇਹ ਸਟੋਰ ਪਿੱਛੇ ਜਿਹੇ ਕਾਫੀ ਚੱਲ ਨਿਕਲੀ ਸੀ। ਕੰਮ ਤੁਰਿਆ ਦੇਖ ਕੇ ਸਟੋਰ ਨੂੰ ਵਧਾ ਲਿਆ। ਸਟੋਰ ਦੇ ਨਾਲ ਲਗਦੀ ਥਾਂ ਵੀ ਕਿਰਾਏ ’ਤੇ ਲੈ ਲਈ। ਆਟਾ, ਦਾਲਾਂ, ਆਚਾਰ, ਮਿਰਚ-ਮਸਾਲਾ, ਹਿੰਦੀ ਪੰਜਾਬੀ ਦੇ ਰੀਕਾਰਡ, ਕਿਤਾਬਾਂ ਤੇ ਰਸਾਲੇ ਆਦਿ ਪਹਿਲਾਂ ਨਾਲੋਂ ਵੱਡੀ ਮਾਤਰਾ ਵਿਚ ਰੱਖਣੇ ਸ਼ੁਰੂ ਕਰ ਦਿੱਤੇ। ਕੁਝ ਦੇਰ ਸਟੋਰ ਖੂਬ ਚੱਲੀ ਤੇ ਉਹਨੇ ਆਪਣੀ ਨੌਕਰੀ ਛੱਡਣ ਬਾਰੇ ਵੀ ਸੋਚਿਆ। ਪਰ ਫੇਰ ਜ਼ਰਾ ਹੋਰ ‘ਪੱਕੇ ਪੈਰੀਂ’ ਹੋਣ ਦੇ ਖਿਆਲ ਨਾਲ ਉਹਨੇ ਨੌਕਰੀ ਨਾ ਛੱਡੀ। ਨੌਕਰੀ ਉਹਨੂੰ ਸੋਹਣੀ ਮਿਲੀ ਹੋਈ ਸੀ। ਪੱਕਾ ਰਾਤ ਦਾ ਤੇ ਹਲਕਾ ਕੰਮ। ਰਾਤ ਨੂੰ ਨੌਕਰੀ ਤੇ ਦਿਨੇ ਸਟੋਰ। ਸਟੋਰ ਵਿਚ ਬਾਹਲਾ ਸਮਾਂ ਤਾਂ ਉਹਦੇ ਘਰ ਵਾਲੀ ਸੈਂਡੀ – ਸੁਰਿੰਦਰ ਕੌਰ – ਹੀ ਰਹਿੰਦੀ ਸੀ। ਤੇ ਆਪ ਉਹ ਹੋਰ ਉੱਪਰਲੇ ਕੰਮ ਕਰਦਾ। ਕਦੀ ਕਿਤਿਓਂ ਸਮਾਨ ਖ੍ਰੀਦ ਕੇ ਲਿਆਉਂਦਾ, ਕਦੀ ਪੈਸੇ ਦੇ ਹਿਸਾਬ ਕਿਤਾਬ ਦੇ ਚੱਕਰ ’ਚ ਭੱਜਾ ਫਿਰਦਾ। ਦੁਪਹਿਰੋਂ ਬਾਅਦ ਘਰ ਜਾ ਕੇ ਸੌਂ ਜਾਂਦਾ। ਇਸ ਤਰ੍ਹਾਂ ਉਨ੍ਹਾਂ ਦਾ ਵਾਹਵਾ ਕੰਮ ਤੁਰਿਆ ਜਾਂਦਾ ਸੀ। ਪਰ ਹੁਣ ਜਦੋਂ ਦੀਆਂ ਇਸੇ ਇਲਾਕੇ ਵਿਚ ਦੋ ਹੋਰ ਸਟੋਰਾਂ ਆਪਣੇ ਹੀ ਬੰਦਿਆ ਨੇ ਖੋਲ੍ਹ ਲਈਆਂ ਤਾਂ ਉਨ੍ਹਾਂ ਦਾ ਕੰਮ ਬਹੁਤ ਮੱਠਾ ਪੈ ਗਿਆ। ਉਹਨੇ ਬੁਰਸ਼ ਮਾਰਦੇ ਨੇ ਦੇਖਿਆ ਕਈ ਥਾਈਂ ਕਿੰਨੀ ਕਿੰਨੀ ਮਿੱਟੀ ਚੜ੍ਹੀ ਪਈ ਸੀ। ਕਈਆਂ ਸ਼ੈਲਫਾਂ ਤੋਂ ਕੋਈ ਵੀ ਡੱਬਾ ਕਈ ਦਿਨਾਂ ਦਾ ਨਹੀਂ ਸੀ ਵਿਕਿਆ। ਤਾਜ਼ੀਆਂ ਸਬਜ਼ੀਆਂ ਤਾਂ ਹੁਣ ਉਨ੍ਹਾਂ ਨੇ ਰੱਖਣੀਆਂ ਹੀ ਛੱਡ ਦਿੱਤੀਆਂ ਸਨ। ਅੱਜ ਕੱਲ ਉਹ ਦੋਵੇਂ ਤੀਵੀਂ ਆਦਮੀ ਕਾਫੀ ਖਿਝੇ ਖਿਝੇ ਰਹਿੰਦੇ। ਦਿਹਾੜੀ ਵਿਚ ਜਿਹੜਾ ਥੋੜ੍ਹਾ ਜਿਹਾ ਸਮਾਂ ਉਹ ਸਟੋਰ ਵਿਚ ਇਕੱਠੇ ਹੁੰਦੇ, ਉਹਦੇ ਵਿਚ ਵੀ ਇਕ ਦੂਜੇ ਨੂੰ ਨਿੱਕੀ ਨਿੱਕੀ ਗੱਲੇ ਝਈਆਂ ਲੈ ਕੇ ਪੈਂਦੇ। ਬੇਦਿਲੀ ਜਿਹੀ ਨਾਲ ਬੁਰਸ਼ ਮਾਰਦਾ ਉਹ ਕਾਉਂਟਰ ਵਲ ਆ ਗਿਆ ਤੇ ਕੁਝ ਦੇਰ ਬਾਹਰਲੇ ਬੂਹੇ ਵਲ ਨਿਗਾਹ ਟਿਕਾ ਕੇ ਖੜ੍ਹਾ ਰਿਹਾ। ਗਾਹਕ ਤਾਂ ਇੰਨੀ ਸਵੇਰੇ ਅੱਗੇ ਵੀ ਕੋਈ ਘੱਟ ਹੀ ਅਉਂਦਾ ਸੀ। ਪਰ ਫੇਰ ਵੀ ਉਹ ਆਸ ਜਿਹੀ ਨਾਲ ਦਰਵਾਜ਼ੇ ਵਲ ਦੇਖ ਰਿਹਾ ਸੀ। ਕੁਝ ਦੇਰ ਖੜ੍ਹਾ ਰਹਿਣ ਪਿੱਛੋਂ ਉਹ ਕਾਉਂਟਰ ਪਿਛੇ ਪਏ ਸਟੂਲ ’ਤੇ ਬੈਠ ਗਿਆ। ਸਟੋਰ ਅੰਦਰ ਚੁੱਪ ਛਾਈ ਹੋਈ ਸੀ। ਕਦੀ ਕਦੀ ਵੱਡੇ ਫਰਿੱਜ ਦੇ ਘੜੱਕ ਦੇਣੀ ਚਲਣ ਦੀ ਆਵਾਜ਼ ਆਉਂਦੀ ਤੇ ਫੇਰ ਉਹ ਫਰਿੱਜ ਵੀ ਦੂਜੀਆਂ ਵਾਂਗ ਹੀ ਲਗਾਤਾਰ ਬਰੀਕ ਜਿਹੀ ਸਾਂ ਸਾਂ ਕਰਨ ਲੱਗ ਪੈਂਦੀ। ਪਰ ਉਹਦੇ ਆਪਣੇ ਅੰਦਰ ਏਨੀ ਚੁੱਪ ਨਹੀਂ ਸੀ। ਬਾਹਰ ਸੜਕ ’ਤੇ ਲੰਘਦੀਆਂ ਤੇਜ਼ ਕਾਰਾਂ ਵਲ ਦੇਖਦਾ ਉਹ ਉਨ੍ਹਾਂ ਜਿੰਨਾ ਹੀ ਤੇਜ਼ ਸੋਚ ਰਿਹਾ ਸੀ। ਸਟੋਰ ਨੂੰ ਦੋਬਾਰਾ ਕਾਮਯਾਬ ਬਣਾਉਣ ਬਾਰੇ ਉਹ ਸਕੀਮਾਂ ਬਣਾ ਰਿਹਾ ਸੀ। ਪਰ ਉਹਨੂੰ ਸਮਝ ਨਹੀਂ ਸੀ ਆ ਰਹੀ ਕਿ ਕੀ ਕੀਤਾ ਜਾਵੇ। ਆਪਣੀ ਵਲੋਂ ਉਹ ਪੁਰੀ ਕੋਸ਼ਿਸ਼ ਕਰ ਰਹੇ ਸਨ। ਕਮਿਊਨਿਟੀ ’ਚੋਂ ਨਿਕਲਦੇ ਹਰ ਅਖਬਾਰ ਵਿਚ ਤੇ ਰੇਡੀਓ ਉੱਤੇ ਉਹਨੇ ਇਸ਼ਤਿਹਾਰ ਦੇ ਰੱਖੇ ਸਨ। ਪਰ ਫੇਰ ਵੀ ਪਤਾ ਨਹੀਂ ਕਿਉਂ ਉਨ੍ਹਾਂ ਦੀ ਗਾਹਕੀ ਇੰਨੀ ਘੱਟ ਗਈ ਸੀ। ਇਕ ਸੋਚ ਜਿਹੜੀ ਘੜੀ ਮੁੜੀ ਉਹਦੇ ਦਿਮਾਗ ਵਿਚ ਸਮੁੰਦਰ ਦੀ ਵੱਡੀ ਛੱਲ ਵਾਂਗ ਟੱਕਰ ਮਾਰਦੀ, ਉਹਨੂੰ ਉਹ ਬਿਲਕੁਲ ਹੀ ਵਿਚਾਰਨ ਤੋਂ ਨਾਂਹ ਕਰ ਰਿਹਾ ਸੀ। ਉਹਦੇ ਤਜਰਬੇ ਨੇ ਇਕ ਗੱਲ ਪੂਰੀ ਤਰ੍ਹਾਂ ਸਾਬਤ ਕਰ ਦਿੱਤੀ ਸੀ ਕਿ ਕਿਸੇ ਵੀ ਤਰ੍ਹਾਂ ਦਾ ਕੰਮ ਚਲਾਉਣ ਲਈ ਸਭ ਤੋਂ ਵਧੀਆ ਤਰੀਕਾ ਸੀ: ਬੰਦਾ ਲੋਕਾਂ ਦੀਆਂ ਨਜ਼ਰਾਂ ’ਚ ਆਮ ਆਉਂਦਾ ਹੋਵੇ; ਕਮਿਊਨਿਟੀ ਦੇ ਸਾਂਝੇ ਕੰਮਾਂ ਵਿਚ, ਗੁਰਦੁਆਰਿਆਂ ਵਿਚ ਉਹਦਾ ਨਾਂ ਵਾਰ ਵਾਰ ਆਉਂਦਾ ਹੋਵੇ; ਬੰਦਾ ਕਿਸੇ ਸਭਾ ਦਾ ਪ੍ਰਧਾਨ, ਕਿਸੇ ਦਾ ਸੈਕਟਰੀ ਤੇ ਜਿੰਨੀਆਂ ਵੀ ਵੱਧ ਤੋਂ ਵੱਧ ਸਭਾਵਾਂ ਦਾ ਮੈਂਬਰ ਹੋਵੇ ਵਧੀਆ ਹੈ। ਇਸ ਤਰ੍ਹਾਂ ਵੱਧ ਤੋਂ ਵੱਧ ਲੋਕਾਂ ਨਾਲ ਮਿਲਣ ਦੇ ਮੌਕੇ ਹੱਥ ਲੱਗਦੇ ਰਹਿੰਦੇ ਹਨ ਅਤੇ ਫੇਰ ਮੂੰਹ ਮੱਥੇ ਲੱਗਦੇ ਸਾਰੇ ਬੰਦੇ ਹੀ ਸਟੋਰ ’ਚ ਆਉਂਦੇ ਹਨ। ਪਰ ਹੁਣ ਉਹ ਲਾਜਵਾਬ ਜਿਹਾ ਹੋਇਆ ਪਿਆ ਸੀ। ਗੁਰਦੁਆਰਿਆਂ ਦੇ ਚੱਕਰ ਵਿਚ ਉਹ ਕਾਫੀ ਰਿਹਾ ਸੀ। ਪਰ ਉੱਥੇ ਤਾਂ ਹੁਣ ਸਾਹਨਾਂ ਦੇ ਭੇੜ ਹੁੰਦੇ ਸਨ ਤੇ ਉਹ ਖਾਹਮਖਾਹ ਆਪਣੀ ਜਾਨ ਖਤਰੇ ਵਿਚ ਨਹੀਂ ਸੀ ਪਾਉਣੀ ਚਾਹੁੰਦਾ। ਹੋਰ ਵੀ ਕਈ ਕਿਸਮ ਦੀਆਂ ਸਭਾਵਾਂ ਕਮੇਟੀਆਂ ਵਿਚ ਉਹਨੇ ਕੋਸ਼ਿਸ਼ ਕਰ ਦੇਖੀ ਸੀ ਪਰ ਉਹਦਾ ਕਿਤੇ ਵੀ ਸੂਤ ਜਿਹਾ ਨਹੀਂ ਸੀ ਆਇਆ। ਗੋਰਿਆਂ ਵਲੋਂ ਹੁੰਦੇ ਨਸਲਵਾਦ ਵਿਰੁੱਧ ਬਣੀਆਂ ਕਮੇਟੀਆਂ ਵਿਚ ਵੀ ਉਹਦੇ ਪੈਰ ਨਹੀਂ ਸੀ ਜੰਮ ਸਕੇ। ਇਕ ਤਾਂ ਉਹਦੇ ਕੋਲ ਸਮਾਂ ਬਾਹਲਾ ਨਹੀਂ ਸੀ ਹੁੰਦਾ ਤੇ ਦੂਜਾ ਲੋਕ ਚਾਹੁੰਦੇ ਸਨ ਕਿ ਕੁਝ ਕਰਨ ਵਾਲਾ ਹੀ ਮੋਹਰੇ ਹੋਵੇ, ਫੋਕੇ ਲੈਕਚਰ ਈ ਨਾ ਝਾੜੇ। ਪਰ ਉਹਦੇ ਕੋਲ ਇਦਾਂ ਦੀ ਵਿਹਲ ਕਿੱਥੇ ਸੀ ਪਈ ਉਹ ਰੋਜ਼ ਲੋਕਾਂ ਦੇ ਭੱਜਦੇ ਸ਼ੀਸ਼ਿਆਂ ਦੀ ਨਿਗਰਾਨੀ ਕਰਦਾ ਫਿਰੇ। ਨਾਲੇ ਇਸ ਕੰਮ ਵਿਚ ਕਈ ਖਤਰੇ ਵੀ ਸਨ। ਸੈਂਡੀ ਤਾਂ ਕਾਫੀ ਨਰਾਜ਼ ਵੀ ਰਹੀ ਸੀ ਉਹਦੇ ਨਾਲ ਜਿੰਨੇ ਦਿਨ ਉਹ ਨਸਲਵਾਦ ਦੇ ਮੁਕਾਬਲੇ ਦਾ ਨਾਹਰਾ ਦਿੰਦਾ ਰਿਹਾ ਸੀ। ਕਮਿਊਨਿਟੀ ਦੇ ਸਭਿਅਚਾਰਕ ਕੰਮਾਂ ਵਿਚ ਤਾਂ ਉਹ ਦੋਵੇਂ ਵੱਧ ਚੜ੍ਹ ਕੇ ਹਿੱਸਾ ਲੈਂਦੇ ਹੀ ਰਹਿੰਦੇ ਸਨ ਪਰ ਉਥੋਂ ਉਨ੍ਹਾਂ ਨੂੰ ਕੰਮ ਦੇ ਗਾਹਕ ਘੱਟ ਹੀ ਮਿਲਦੇ। ਸਭਿਆਚਾਰਕ ਕੰਮਾਂ ਵਿਚ ਹਿੱਸਾ ਲੈਣ ਵਾਲੇ ਕਈ ਤਾਂ ਨੰਗ ਮਲੰਗ ਈ ਮਿਲਦੇ ਜਿਹੜੇ ਸਗੋਂ ਉਧਾਰ ਕਰਕੇ ਉਨ੍ਹਾਂ ਨੂੰ ਹੀ ਰਗੜਾ ਲਾ ਜਾਂਦੇ। ਸਟੋਰ ਦੇ ਦਰਵਾਜ਼ੇ ਨਾਲ ਬੰਨ੍ਹੀ ਹੋਈ ਟੱਲੀ ਨੇ ਉਹਦੀ ਸੋਚਾਂ ਦੀ ਲੜੀ ਤੋੜ ਦਿੱਤੀ। ਦੋ ਛੋਟੇ ਛੋਟੇ ਬੱਚੇੇ ਅੰਦਰ ਆਏ। ਉਨ੍ਹਾਂ ਵੱਲ ਦੇਖ ਕੇ ਉਹਨੇ ਮੁਸਕਰਾਉਣ ਦੀ ਕੋਸ਼ਿਸ਼ ਕੀਤੀ। ਬੱਚਿਆਂ ਨੇ ਹੱਥਾਂ ’ਚ ਫੜ੍ਹੀਆਂ ਦਸੀਆਂ ਕਾਉਂਟਰ ’ਤੇ ਰੱਖ ਦਿੱਤੀਆਂ ਤੇ ਕੋਲ ਹੀ ਪਾਲਾਂ ’ਚ ਟਿਕਾਏ ਹੋਏ ਗੰ੍ਹਮ ਤੇ ਕੈਂਡੀਆਂ ਵੱਲ ਦੇਖਣ ਲੱਗ ਪਏ। ਕਦੀ ਇਕ ਚੁੱਕਦੇ ਫੇਰ ਰੱਖ ਕੇ ਦੂਜੀ। ਕਿੰਨੇ ਚਿਰ ਬਾਅਦ ਉਨ੍ਹਾਂ ਨੇ ਆਪਣੀ ਪਸੰਦ ਦੀਆਂ ਕੈਂਡੀਆਂ ਖਰੀਦੀਆਂ ਤੇ ਉਹਦੇ ਬੁਰੇ ਜਿਹੇ ਕੀਤੇ ਮੂੰਹ ਵਲ ਦੇਖਦੇ ਬਾਹਰ ਨੂੰ ਤੁਰ ਪਏ। ਉਨ੍ਹਾਂ ਵਿਚੋਂ ਇਕ ਨੇ ਦਰਵਾਜ਼ੇ ਕੋਲ ਜਾ ਕੇ ਫਿਰ ਪਿਛਾਂਹ ਨੂੰ ਦੇਖਿਆ ਤੇ ਮੁਸਕਰਾਉਂਦੇ ਨੇ ਹੱਥ ਹਿਲਾ ਕੇ ਉਹਨੂੰ ਬਾਏ ਕਿਹਾ। ਬੱਚੇ ਦੀ ਮੁਸਕਰਾਹਟ ਨੇ ਇਕ ਪਲ ਲਈ ਉਹਦੇ ਅੰਦਰ ਨਿੱਘ ਜਿਹਾ ਭਰ ਦਿੱਤਾ ਤੇ ਉਹਦੇ ਚਿਹਰੇ ’ਤੇ ਵੀ ਆਪ ਮੁਹਾਰੇ ਮੁਸਕਰਾਹਟ ਖਿਲਰ ਗਈ। ਉਹਨੇ ਵੀ ਬੱਚੇ ਵਲ ਹੱਥ ਹਿਲਾਇਆ। ਨਿਆਣਿਆਂ ਦੇ ਜਾਣ ਬਾਅਦ ਉਹਨੇ ਹੋਰ ਵੀ ਖਾਲੀ ਖਾਲੀ ਮਹਿਸੂਸ ਕੀਤਾ। ਉਹਨੂੰ ਸੈਂਡੀ ਦਾ ਖਿਆਲ ਆਇਆ। ਸੈਂਡੀ ਨਾਲ ਹੋਈ ਬੱਚਿਆਂ ਬਾਰੇ ਗੱਲਬਾਤ ਵੀ ਚੇਤੇ ਆਈ। ਸੈਂਡੀ ਉਹਨੂੰ ਕਈਆਂ ਚਿਰਾਂ ਦੀ ਕਹਿੰਦੀ ਆ ਰਹੀ ਸੀ ਕਿ ਉਹ ਹੁਣ ਮਾਂ ਬਣਨਾ ਚਾਹੁੰਦੀ ਸੀ। ਪਰ ਉਹ ਅਜੇ ਉਹਨੂੰ ਗੋਲੀਆਂ ਖਾਣ ’ਤੇ ਮਜਬੂਰ ਕਰ ਰਿਹਾ ਸੀ। ਉਹਨੂੰ ਯਾਦ ਆਇਆ ਕਿਵੇਂ ਉਹਨੇ ਸਾਰੀ ਦੀ ਸਾਰੀ ਸੈਂਡੀ ਨੂੰ ਆਪਣੀਆਂ ਬਾਹਾਂ ’ਚ ਘੁਟਦਿਆਂ ਤੇ ਚੁੰਮਦਿਆਂ ਕਿਹਾ ਸੀ, “ਬਸ ਇਕ ਵਾਰੀ ਸਟੋਰ ਜ਼ਰਾ ਚੱਲ ਪਵੇ ਮੈਂ ਨੌਕਰੀ ਛੱਡ ਦੇਣੀ ਆ ਤੇ ਫੇਰ ਭਾਵੇਂ ਤੂੰ ਇਕ ਵਾਰੀ ਛੱਡ ਕੇ ਦਸ ਵਾਰੀ ਮਾਂ ਬਣੀ”। ਸੈਂਡੀ ਨੇ ਵੀ ਉਹਦੇ ਨਾਲ ਹੋਰ ਘੁੱਟ ਕੇ ਲੱਗਦਿਆਂ ਪਿਆਰ ਭਰੇ ਹਾਸੇ ਨਾਲ ਕਿਹਾ ਸੀ, “ਨਾ ਬਾਬਾ ਦਸ ਵਾਰੀ ਨਹੀਂ ਇਕ ਦੋ ਵਾਰ ਹੀ ਠੀਕ ਆ।” ਇਸ ਯਾਦ ਨੇ ਉਹਨੂੰ ਥੋੜ੍ਹੇ ਚਿਰ ਲਈ ਸੁਆਦ ਸੁਆਦ ਕਰ ਦਿੱਤਾ। ਉਹਦਾ ਦਿਲ ਕੀਤਾ ਉਹ ਸਟੋਰ ਬੰਦ ਕਰਕੇ ਘਰ ਨੂੰ ਚਲਾ ਜਾਵੇ। ਘਰ ਜਾਣ ਦੀ ਖਾਹਿਸ਼ ਨੂੰ ਅੰਦਰੇ ਨੱਪ ਕੇ ਉਹ ਫੇਰ ਪਹਿਲਾਂ ਵਾਲੀਆਂ ਤਾਣੀਆਂ ਬੁਣਨ ਲੱਗਾ। ਕੋਲ ਪਿਆ ਰੇਡੀਓ ਲਾ ਲਿਆ। ਰੇਡੀਓ ’ਤੇ ਬੜਾ ਤੇਜ਼ ਸੰਗੀਤ ਵੱਜ ਰਿਹਾ ਸੀ। ਉਹਨੇ ਅਵਾਜ਼ ਹੌਲੀ ਕਰ ਦਿੱਤੀ। ਆਪ ਉਹ ਉੱਠ ਕੇ ਸਟੋਰ ’ਚ ਐਂਵੀਂ ਇੱਧਰ ੳੱੁਧਰ ਸਮਾਨ ਚੈੱਕ ਕਰਨ ਲੱਗਾ। ਕਮਿਊਨਿਟੀ ਵਿਚ ਨਾਂ ਬਨਾਉਣ ਦੀਆਂ ਸਕੀਮਾਂ ਘੜਦਾ ਉਹ ਸ਼ੈਲਫਾਂ ’ਤੇ ਪਏ ਡੱਬਿਆਂ ਉੱਪਰੋਂ ਮਿੱਟੀ ਝਾੜ ਰਿਹਾ ਸੀ। ਉਹਨੇ ਕਈਆਂ ਕੋਨਿਆਂ ਤੋਂ ਸੋਚਿਆ ਤੇ ਉਹ ਹਰ ਵਾਰ ਇਸੇ ਸਿੱਟੇ ‘ਤੇ ਪਹੁੰਚਾ ਕਿ ਕੋਈ ਇਹੋ ਜਿਹਾ ਮਸਲਾ ਹੋਵੇ ਜਿਹਦੇ ਨਾਲ ਉਹਦਾ ਨਾਂ ਜੁੜ ਜਾਵੇ ਤੇ ਉਹ ਬਾਲੀਵੁੱਡ ਦੇ ਕਿਸੇ ਸਿਤਾਰੇ ਵਾਂਗ ਇਕ ਦਮ ਲੋਕਾਂ ਦੀਆਂ ਨਜ਼ਰਾਂ ਵਿਚ ਆ ਜਾਵੇ। ਉਹਨੇ ਘੜੀ ਵਲ ਦੇਖਿਆ। ਹੁਣ ਤਾਂ ਇਕ ਵਜਣ ਵਾਲਾ ਸੀ। ਸੈਂਡੀ ਨੂੰ ਹੁਣ ਤੱਕ ਆ ਜਾਣਾ ਚਾਹੀਦਾ ਸੀ, ਉਹਨੇ ਸੋਚਿਆ। ਉਹਨੇ ਇਕ ਵੱਡੀ ਸਾਰੀ ਉਬਾਸੀ ਲਈ ਤੇ ਨੀਂਦ ਮਹਿਸੂਸ ਕੀਤੀ। ਉਹਦਾ ਦਿਲ ਕੀਤਾ ਕਿ ਪਿਛਲੇ ਲੰਚ-ਰੂਮ ’ਚ ਪਏ ਸੋਫੇ ’ਤੇ ਦੋ ਪਲ ਲੱਤਾਂ ਸਿੱਧੀਆਂ ਕਰ ਲਵੇ। ਪਰ ਸਟੋਰ ਸੁੰਨੀ ਛੱਡ ਕੇ ਉਹ ਕਿਵੇਂ ਜਾ ਸਕਦਾ ਸੀ? ਉਸਨੂੰ ਇਕ ਪਲ ਲਈ ਆਪਣੇ ਹਾਲਾਤ ਉੱਤੇ ਤਰਸ ਤੇ ਖਿੱਝ ਜਿਹੀ ਆਈ। ਨਾਲ ਹੀ ਉਹਨੂੰ ਕਈਆਂ ਵਾਕਿਫ ਗਾਹਕਾਂ ’ਤੇ ਵੀ ਖਿੱਝ ਆਈ ਜਿਹੜੇ ਸਟੋਰ ’ਚ ਆਏ ਐਂਵੀਂ ਉਹਨੂੰ ਕਹਿੰਦੇ ਰਹਿਣਗੇ ਪਈ ਜੀਣਾ ਤਾਂ ਸਰਦਾਰ ਜੀ ਤੁਹਾਡਾ – ਆਪਣਾ ਕੰਮ ਨਾ ਕਿਸੇ ਫੋਰਮੈਨ ਦਾ ਡਰ ਨਾ ਕੁਝ ਹੋਰ – ਮਿੱਲ ’ਚ ਹੋਵੇਂ ਤਾਂ ਪਤਾ ਲੱਗੇ ਕਿਸ ਭਾਅ ਵਿਕਦੀ ਆ। ਉਹ ਮਨ ਵਿਚ ਜਿਵੇਂ ਉਨ੍ਹਾਂ ਗਾਹਕਾਂ ਦੀ ਸਾਂਗ ਲਾਉਂਦਿਆਂ ਸੋਚ ਗਿਆ। ਉਹਨੇ ਆਪਣਾ ਮੁਕਾਬਲਾ ਉਨ੍ਹਾਂ ਨਾਲ ਕੀਤਾ ਤਾਂ ਉਹਨੂੰ ਆਪਣੀ ਹਾਲਤ ਬੜੀ ਹਲਕੀ ਲੱਗੀ। ਉਹਨੂੰ ਇਕ ਦੋ ਹੋਰ ਉਬਾਸੀਆਂ ਆਈਆਂ ਤਾਂ ਉਹਨੂੰ ਲੱਗਾ ਜਿਵੇਂ ਉਹਦਾ ਅੰਗ ਅੰਗ ਥਕਾਵਟ ਨਾਲ ਦੁੱਖ ਰਿਹਾ ਹੋਵੇ। ਕਾਉਂਟਰ ’ਤੇ ਪਿਆ ਇਕ ਪੇਪਰ ਚੁੱਕ ਕੇ ਫੋਲਣ ਲੱਗ ਪਿਆ। ਉਸ ਵਿਚ ਆਪਣੇ ਇਸ਼ਤਿਹਾਰ ਵਿਚ ਲੱਗੀ ਆਪਣੀ ਤਸਵੀਰ ਵਲ ਦੇਖਣ ਲੱਗ ਪਿਆ। ਤਸਵੀਰ ਵਿਚ ਕਈ ਨੁਕਸ ਜਾਪਦੇ ਸਨ। ‘ਅਗਲੀ ਵਾਰ ਨਵੀਂ ਤਸਵੀਰ ਖਿਚਵਾ ਕੇ ਦੇਵਾਂਗਾ’, ਉਹਨੇ ਪੇਪਰ ਪਰ੍ਹੇ ਸੁੱਟਦੇ ਨੇ ਸੋਚਿਆ। ਉਹਨੂੰ ਫੇਰ ਸੈਂਡੀ ਦਾ ਖਿਆਲ ਆਇਆ ਤੇ ਲੇਟ ਹੋਣ ’ਤੇ ਖਿੱਝ ਜਿਹੀ ਵੀ। ‘ਫੈਸ਼ਨ ਕਰਦੀ ਦੋ ਵਜਾ ਦਿੰਦੀ ਆ – ਅਗਲੇ ਦਾ ਇਹਨੂੰ ਰਤਾ ਖਿਆਲ ਨਹੀਂ ਪਈ ਭੁੱਖਾ ਹੋਊ ਜਾਂ ਥੱਕਿਆ ਹੋਊ ਸਾਰੀ ਰਾਤ ਕੰਮ ਕਰਦਾ ਰਿਹਾ – ਬਸ ਆਪਣੇ ਹੀ ਚੋਹਲਾਂ ’ਚ ਰੁੱਝੀ ਰਹਿੰਦੀ ਆ – ਆ ਲੈਣ ਦੇ ਜ਼ਰਾ ਅੱਜ ਸੁਣਾਊਂਗਾ ਕਰਾਰੀਆਂ ਕਰਾਰੀਆਂ ਦੋ ਕੁ’, ਸੋਚਦਾ ਉਹ ਕਾਫੀ ਖਿੱਝ ਗਿਆ ਲੱਗਦਾ ਸੀ। ਬਾਹਰਲੇ ਦਰਵਾਜ਼ੇ ਦੀ ਟੱਲੀ ਨੇ ਉਹਦਾ ਧਿਆਨ ਫੇਰ ਖਿੱਚ ਲਿਆ। ਕੋਈ ਗਾਹਕ ਆਇਆ ਸੀ। ਉਹ ਗਾਹਕ ਨੂੰ ਭੁਗਤਾ ਰਿਹਾ ਸੀ ਨਾਲੇ ਗਾਹਕ ਦੀਆਂ ਗੱਲਾਂ ਦਾ ਹੁੰਗਾਰਾ ਭਰ ਰਿਹਾ ਸੀ ਜਦ ਉਹਨੇ ਪਿਛਲੇ ਪਾਸੇ ਕਾਰ ਦੀ ਆਵਾਜ਼ ਸੁਣੀ। ਉਹਨੇ ਫੇਰ ਘੜੀ ਵਲ ਦੇਖਿਆ ਤਾਂ ਦੋ ਵਜਣ ਵਾਲੇ ਸਨ। ਉਹਦੀਆਂ ਅੱਖਾਂ ’ਚ ਨੀਂਦ ਰੜਕਣ ਲੱਗ ਪਈ ਸੀ। ਗਾਹਕ ਦੇ ਜਾਣ ਬਾਅਦ ਉਹ ਸੈਂਡੀ ਦੀ ਉਡੀਕ ਵਿਚ ਪਿਛਲੇ ਦਰਵਾਜ਼ੇ ਵਲ ਦੇਖਣ ਲੱਗਾ। ਸੈਂਡੀ ਨੇ ਅੰਦਰ ਆ ਕੇ ਫੁਰਤੀ ਨਾਲ ਆਪਣਾ ਕੋਟ ਲਾਹ ਕੇ ਟੰਗਿਆ ਤੇ ਕੂੜੇ ਵਾਲੀ ਬਾਲਟੀ ਬੈਗ ਵਿਚ ਉਲਟਾਈ ਤੇ ਹੋਰ ਨਿੱਕੇ ਮੋਟੇ ਕੰਮ ਕਾਹਲੀ ਕਾਹਲੀ ਕਰਨ ਲੱਗੀ। ਇਸ ਤੋਂ ਪਹਿਲਾਂ ਕਿ ਉਹ ਸੈਂਡੀ ਨੂੰ ਕੁਝ ਕਹਿੰਦਾ, ਸੈਂਡੀ ਉਹਨੂੰ ਆਪਣੇ ਲੇਟ ਹੋਣ ਦੇ ਕਾਰਨ ਬਾਰੇ ਦੱਸਣ ਲੱਗ ਪਈ, “ਮੈਂ ਤਾਂ ਕਦੋਂ ਦੀ ਆ ਜਾਣਾ ਸੀ ਪਰ ਤੁਰਨ ਲੱਗੀ ਨੂੰ ਅਮਰਜੀਤ ਦਾ ਫੋਨ ਆ ਗਿਆ ਤੇ ਉਹ ਕਈ ਚਿਰ ਗੱਲਾਂ ਕਰਦੀ ਰਹੀ।” ਸੈਂਡੀ ਉਹਦੇ ਨਾਲ ਗੱਲਾਂ ਕਰਦੀ ਇੱਧਰ ਉੱਧਰ ਚੀਜ਼ਾਂ ਵੀ ਠੀਕ ਕਰ ਰਹੀ ਸੀ। ਉਹਦੇ ਕੋਲ ਆ ਕੇ ਸੈਂਡੀ ਨੇ ਬੜੀ ਦਰਦਨਾਕ ਆਵਾਜ਼ ਵਿਚ ਪੁੱਛਿਆ, “ਸੱਚ ਜੀ ਤੁਸੀਂ ਰੇਡੀਓ ’ਤੇ ਕੋਈ ਖਬਰ ਵੀ ਸੁਣੀ ਆ? ਕਹਿੰਦੇ ਆ ਇੰਡੀਆ ਵਿਚ ਤਾਂ ਬਹੁਤ ਜ਼ਬਰਦਸਤ ਭੁਚਾਲ ਅਇਆ ਤੇ ਲੋਕਾਂ ਦੀ ਜਾਨ ਮਾਲ ਦੀ ਬਹੁਤ ਤਬਾਹੀ ਹੋਈ ਆ। ਮੈਨੂੰ ਤਾਂ ਅਮਰਜੀਤ ਨੇ ਈ ਦੱਸਿਆ ਪਈ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ।” ਸੈਂਡੀ ਅਜੇ ਗੱਲ ਕਰ ਹੀ ਰਹੀ ਸੀ ਕਿ ਇਕ ਗਾਹਕ ਆ ਗਿਆ ਤੇ ਉਹ ਵੀ ਉਨ੍ਹਾਂ ਨਾਲ ਭੁਚਾਲ ਦੀਆਂ ਗੱਲਾਂ ਕਰਨ ਲੱਗ ਪਿਆ। ਨਵਾਂ ਆਇਆ ਗਾਹਕ ਤੇ ਸੈਂਡੀ ਉਸਨੂੰ ਭੁਚਾਲ ਬਾਰੇ ਵਿਸਥਾਰ ਵਿਚ ਦੱਸਦੇ ਰਹੇ ਤੇ ਉਹ ਤਿੰਨਂੋ ਇਕ ਸਾਂਝੇ ਦੁੱਖ ਵਿਚ ਸ਼ਰੀਕ ਖੜ੍ਹੇ ਸਨ। ਸੈਂਡੀ ਤਾਂ ਰੋਣ ਨੂੰ ਤਿਆਰ ਸੀ ਤੇ ਆਪਣੇ ਦੁੱਖ ਨੂੰ ਜ਼ਾਹਰ ਕਰਨ ਲਈ ਉਹ ਕੋਈ ਨਾ ਕੋਈ ਗੱਲ ਕਰੀ ਜਾ ਰਹੀ ਸੀ। ਇਕ ਡੂੰਘਾ ਸਾਹ ਲੈ ਕੇ ਉਹਨੇ ਕਿਹਾ, “ਖਬਰੇ ਵਿਚਾਰਿਆਂ ਦੀ ਮਦਦ ਲਈ ਕੋਈ ਬਹੁੜਿਆਂ ਹੋਊਗਾ ਵੀ ਕਿ ਨਹੀਂ?” “ਗਰੀਬ ਮੁਲਕ ਦੀ ਸਰਕਾਰ ਮਦਦ ਵੀ ਕਿੰਨੀ ਕੁ ਕਰ ਸਕਦੀ ਆ”, ਗਾਹਕ ਦਾ ਜਵਾਬ ਸੀ। “ਮੈਂ ਤਾਂ ਕਹਿੰਦੀ ਆਂ ਪਈ ਇਥੋਂ ਆਪਣੇ ਲੋਕਾਂ ਵਿਚੋਂ ਕੱਠੀ ਕਰਕੇ ਭੇਜਣੀ ਚਾਹੀਦੀ ਆ – ਜੇ ਅਜਿਹੀ ਭੀੜ ਦੇ ਮੌਕੇ ਅਸੀਂ ਕਿਸੇ ਦੇ ਕੰਮ ਨਹੀਂ ਆਉਂਦੇ ਤਾਂ ਸਾਡਾ ਇਥੇ ਕਮਾਈਆਂ ਕਰਨ ਦਾ ਕੀ ਫੈਦਾ ਆ।” ਸੈਂਡੀ ਦੇ ਹਰ ਲਫਜ਼ ਵਿਚ ਦਰਦ ਕਰਾਹ ਰਿਹਾ ਸੀ। ਸੈਂਡੀ ਤੇ ਗਾਹਕ ਦੀਆਂ ਗੱਲਾਂ ਸੁਣਦਾ ਉਹ ਆਪ ਕੁਝ ਨਹੀਂ ਸੀ ਬੋਲਿਆ। ਦੁੱਖ ਤਾਂ ਉਸਨੂੰ ਵੀ ਬਹੁਤ ਹੋਇਆ ਸੀ ਪਰ ਉਹਨੂੰ ਤਾਂ ਨੀਂਦ ਤੇ ਥਕਾਵਟ ਨੇ ਏਨਾ ਭੰਨ੍ਹਿਆ ਹੋਇਆ ਸੀ ਕਿ ਉਹ ਤਾਂ ਬਸ ਜਾ ਕੇ ਮੰਜੇ ’ਤੇ ਡਿੱਗਣਾ ਚਾਹੁੰਦਾ ਸੀ। ਸੋਲ੍ਹਾਂ ਘੰਟੇ ਹੋ ਗਏ ਸਨ ਉਹਨੂੰ ਕੰਮ ਕਰਦੇ ਨੂੰ। ਰਾਤ ਨੂੰ ਫੇਰ ਕੰਮ ’ਤੇ ਜਾਣਾ ਸੀ। ਗਾਹਕ ਨੂੰ ਤੋਰ ਕੇ ਉਹ ਆਪ ਵੀ ਸੈਂਡੀ ਨਾਲ ਇਕ ਦੋ ਗੱਲਾਂ ਕਰਕੇ ਪਿਛਲੇ ਕਮਰੇ ਵਲ ਨੂੰ ਤੁਰ ਪਿਆ। ਥੱਕੇ ਹੋਏ ਕਦਮੀਂ ਤੁਰਦਾ ਉਹ ਅਚਾਨਕ ਕੁਝ ਯਾਦ ਆਉਣ ’ਤੇ ਝਟਕੇ ਜਿਹੇ ਨਾਲ ਰੁਕ ਗਿਆ। ਜਿਵੇਂ ਮੱਛੀਆਂ ਫੜਨ ਵਾਲਾ ਡੋਰ ਦੇ ਸਿਰੇ ’ਤੇ ਪੈਂਦੀ ਖਿੱਚ ਮਹਿਸੂਸ ਕਰਕੇ ਮੱਛੀ ਦੇ ਫਸਣ ਦੀ ਆਸ ਵਿਚ ਤਣ ਜਾਂਦਾ ਹੈ। ਤੇ ਫੇਰ ਉਹਦੇ ਚਿਹਰੇ ਦੇ ਭਾਵ ਉਸ ਮਛੇਰੇ ਦੇ ਚਿਹਰੇ ਵਾਂਗ ਬਦਲਣੇ ਸ਼ੁਰੂ ਹੋ ਗਏ ਜਿਹਨੂੰ ਕਈ ਘੰਟੇ ਧੁੱਪੇ ਬੈਠੇ ਰਹਿਣ ਮਗਰੋਂ ਵੱਡੀ ਸਾਰੀ ਮੱਛੀ ਹੱਥ ਲੱਗੀ ਹੋਵੇ। ਉਹਦੀਆਂ ਅੱਖਾਂ ਵਿਚੋਂ ਨੀਂਦ ਪਤਾ ਨਹੀਂ ਕਿੱਥੇ ਭੱਜ ਗਈ। ਉਹਦੇ ਸਰੀਰ ਵਿਚ ਪਹਿਲਾਂ ਵਾਲੀ ਸੁਸਤੀ ਨਹੀਂ ਸੀ ਸਗੋਂ ਇਕ ਅੱਥਰੇ ਘੋੜੇ ਵਰਗੀ ਚੁਸਤੀ ਸੀ। ਇਕ ਚਾਅ ਜਿਹਾ ਚੜ੍ਹ ਗਿਆ ਸੀ ਉਸਨੂੰ। ਉਹਦਾ ਦਿਲ ਕੀਤਾ ਕਿ ਜਾ ਕੇ ਸੈਂਡੀ ਨੂੰ ਬਾਹਾਂ ’ਚ ਚੁੱਕ ਲਵੇ। ਲੱਗਦਾ ਸੀ ਜਿਵੇਂ ਸੈਂਡੀ ਨੇ ਦੇਸ਼ ਆਏ ਭੁਚਾਲ ਨਾਲ ਹੋਈ ਤਬਾਹੀ ਦੀ ਖਬਰ ਨਾ ਦਿੱਤੀ ਹੋਵੇ ਸਗੋਂ ਲਾਟਰੀ ਵਿਚ ਮਿਲੀਅਨ ਡਾਲਰ ਜਿੱਤਣ ਦੀ ਖਬਰ ਦਿੱਤੀ ਹੋਵੇ। ਉਹਦੇ ਵਿਚ ਲੋਹੜੇ ਦੀ ਫੁਰਤੀ ਆ ਗਈ। ਪਿਛਲੇ ਕਮਰੇ ਵਿਚ ਜਾ ਕੇ ਉਹਨੇ ਫੋਨਾਂ ਵਾਲੀ ਇਕ ਨਿੱਕੀ ਜਿਹੀ ਕਾਪੀ ਖੋਹਲੀ ਤੇ ਨੰਬਰ ਘੁਮਾਉਣ ਲੱਗਾ। ਇਕ ਦੋ ਸਰਸਰੀ ਗੱਲਾਂ ਕਰਨ ਤੋਂ ਬਾਅਦ ਉਹ ਕਹਿ ਰਿਹਾ ਸੀ, “ਦੇਖੋ ਪ੍ਰਧਾਨ ਸਾਹਿਬ ਸਾਡਾ ਇਥੇ ਸੁੱਖਾਂ ’ਚ ਬੈਠਿਆਂ ਦਾ ਇਹ ਧਰਮ ਬਣ ਜਾਂਦਾ ਆ ਪਈ ਅਸੀਂ ਆਪਣੇ ਭਰਾਵਾਂ ਦੀ ਅਜਿਹੇ ਮੌਕੇ ਮਦਦ ਕਰੀਏ।” “ਗੱਲ ਤਾਂ ਤੇਰੀ ਠੀਕ ਆ ਪਰ ਏਡੇ ਵੱਡੇ ਕੰਮ ਨੂੰ ਹੱਥ ਕੌਣ ਪਾਊ – ਫੰਡ ਇਕੱਠੇ ਕਰਨੇ ਕੋਈ ਖੇਲ ਥੋਹੜੇ ਪਈ ਆ”, ਪ੍ਰਧਾਨ ਦਾ ਜਵਾਬ ਸੀ। “ਪ੍ਰਧਾਨ ਜੀ ਤੁਸੀਂ ਇਸ ਕੰਮ ਦੀ ਜ਼ਿੰਮੇਵਾਰੀ ਮੇਰੇ ’ਤੇ ਛੱਡੋ ਤੇ ਅੱਜ ਹੀ ਮੀਟਿੰਗ ਸੱਦ ਕੇ ਭੁਚਾਲ ਫੰਡ ਕਮੇਟੀ ਬਣਾਓ ਤੇ ਮੈਂ ਆਪਣਾ ਪੂਰਾ ਤਾਣ ਲਾਵਾਂਗਾ ਉਸ ਕਮੇਟੀ ਦੀਆਂ ਜ਼ਿੰਮੇਵਾਰੀਆਂ ਸਾਂਭਣ ਲਈ।” ਫੋਨ ਰੱਖ ਕੇ ਉਹਨੇ ਗੁਰੂ ਨਾਨਕ ਦੇਵ ਦੀ ਵੱਡੀ ਤਸਵੀਰ ਵਲ ਸ਼ੁਕਰਾਨੇ ਵਜੋਂ ਦੇਖਿਆ। ਕਾਉਂਟਰ ’ਤੇ ਖੜ੍ਹੀ ਸੈਂਡੀ ਕੋਲ ਜਾ ਕੇ ਉਹ ਆਪਣੀ ਸਕੀਮ ਦੱਸਣ ਲੱਗਾ, “ਇਹ ਸਾਰੀ ਕਮਿਊਨਿਟੀ ਦਾ ਏਨਾ ਨਾਜ਼ਿਕ ਮਸਲਾ ਹੈ ਕਿ ਹਰ ਬੰਦਾ ਇਸ ਦਰਦ ਵਿਚ ਭਾਈਵਾਲ ਹੋਵੇਗਾ ਤੇ ਫੰਡ ਇਕੱਠਾ ਕਰਨ ਵਾਲੇ ਮੋਹਰੀ ਦਾ ਨਾਂ ਹਰ ਅਖਬਾਰ ਤੇ ਰੇਡੀਓ ਉੱਤੇ ਹੋਵੇਗਾ। ਹੁਣ ਦੇਖੀਂ ਤੂੰ ਕਿਸਮਤ ਚਮਕਦੀ”। ਗੱਲਾਂ ਕਰਦਿਆਂ ਉਹਦੀਆਂ ਅੱਖਾਂ ਵਿਚ ਕੋਈ ਦੁੱਖ ਜਾਂ ਨਿਰਾਸ਼ਾ ਨਹੀਂ ਸੀ ਤੇ ਨਾ ਹੀ ਨੀਂਦ ਤੇ ਥਕਾਵਟ, ਸਗੋਂ ਇਕ ਚਾਅ ਤੇ ਚਮਕ ਸੀ। *** (23 ਦਸੰਬਰ 2005 ਨੂੰ ਸਾਧੂ ਬਿਨਿੰਗ ਦੀ ਇਹ ਰਚਨਾ ਪਹਿਲੀ ਵਾਰ ‘ਲਿਖਾਰੀ” ਵੈਬਸਾਈਟ ਤੇ ਛਪੀ ਸੀ) |