26 April 2024

ਹਾੜਾ! ਸਿਆਹੀ ਦਾ ਇਕੋ ਡੋਕਾ – ਜਨਮੇਜਾ ਸਿੰਘ ਜੌਹਲ

ਬਹੁਤ ਸਾਲ ਪਹਿਲਾਂ ਮੈਨੂੰ ਕਿਸੇ ਨੇ ‘ਪਾਰਕਰ’ ਦਾ ਸਿਆਹੀ ਵਾਲਾ ਪੈੱਨ ਦਿੱਤਾ ਸੀ। ਪੈੱਨ ਤੇ ਕਹਿੰਦੇ ਸਨ ਕਿ ਸੋਨਾ ਲੱਗਿਆ ਹੋਇਆ ਹੈ। ਮੇਰੇ ਲਈ ਇਹ ਇਕ ਬੜੀ ਹੀ ਕੀਮਤੀ ਸੌਗਾਤ ਸੀ। ਉਸੇ ਦਿਨ ਬਜ਼ਾਰੋਂ ਜਾਕੇ ਰਾਇਲ ਬਲਿਊ ਰੰਗ ਦੀ ਪਾਰਕਰ ਦੀ ਹੀ ਸਿਆਹੀ ਖਰੀਦੀ। ਇਹ ਸ਼ਾਇਦ ਦੂਸਰੀ ਕਿਸੇ ਵੀ ਹੋਰ ਸਿਆਹੀ ਨਾਲੋਂ ਕੁਝ ਮਹਿੰਗੀ ਸੀ, ਪਰ ਇੰਨੇ ਕੀਮਤੀ ਤੇ ਸੋਹਣੇ ਪੈੱਨ ਲਈ ਕੁਝ ਵਾਧੂ ਪੈਸਿਆਂ ਦੀ ਕੁਰਬਾਨੀ ਠੀਕ ਹੀ ਲੱਗੀ। ਉਸ ਪੈੱਨ ਨਾਲ ਕੀ ਲਿਖਿਆ ਇਹ ਤਾਂ ਯਾਦ ਨਹੀਂ ਪਰ ਇੰਨ੍ਹਾਂ ਕੁ ਯਾਦ ਜ਼ਰੂਰ ਹੈ ਕਿ ਕਾਲਜ ਮੈਂ ਸਿਰਫ ਇਕੋ ਵਾਰ ਇਹ ਪੈੱਨ ਲੈ ਕੇ ਗਿਆ ਸੀ। ਡਰ ਸੀ ਕਿ ਕਿਤੇ ਕੋਈ ਮੰਗ ਨਾ ਲਵੇ ਤੇ ਫੇਰ ਮੋੜੇ ਹੀ ਨਾ। ਏਸੇ ਡਰ ਨੇ ਇਸ ਕੀਮਤੀ ਪੈੱਨ ਨੂੰ ਤਕਰੀਬਨ ਆਪਣੀ ਅਲਮਾਰੀ ਵਿਚ ਹੀ ਰੱਖਣ ਦੀ ਪ੍ਰੇਰਨਾ ਦਿੱਤੀ ਰੱਖੀ।

ਸਮਾਂ ਆਪਣੀ ਚਾਲੇ ਤੁਰਦਾ ਗਿਆ। ਅਲਮਾਰੀ ਵਿਚਲਾ ਸਮਾਨ ਹੇਠ ਉੱਤੇ ਹੁੰਦਾ ਰਿਹਾ, ਫੇਰ ਇਕ ਦਿਨ ਅਲਮਾਰੀ ਤੇ ਘਰ ਦੇ ਕਿਸੇ ਹੋਰ ਮੈਂਬਰ ਦਾ ਕਬਜ਼ਾ ਹੋ ਗਿਆ। ਵਿਚਲਾ ਸਮਾਨ ਕੁਝ ਕਿਤੇ ਤੇ ਕੁਝ ਕਿਸੇ ਹੋਰ ਅਲਮਾਰੀ ਵਿਚ ਚਲਿਆ ਗਿਆ। ਸਿਆਸੀ ਉਤਰਾਅ ਚੜਾਅ ਵਾਂਗ, ਘਰਾਂ ਵਿਚ ਵੀ ਸਮਾਨ ਦੀ ਉੱਥਲ ਪੁੱਥਲ ਹੁੰਦੀ ਹੀ ਰਹਿੰਦੀ ਹੈ। ਘਰਾਂ ਵਿਚ ਪਾਰਟੀਆਂ ਵਾਂਗ ਹੀ ਨਵੇਂ ਮੈਂਬਰ ਆ ਜਾਂਦੇ ਹਨ ਜਾਂ ਜੰਮ ਪੈਂਦੇ ਹਨ। ਸ਼ੌਂਕ ਤੇ ਸਮੀਕਰਨ ਬਦਲ ਜਾਂਦੇ ਹਨ। ਫੇਰ ਇਕ ਦਿਨ ਘਰ ਦੀ ਸਫ਼ਾਈ ਹੋਣ ਲੱਗੀ, ਸ਼ਾਇਦ ਕਲੀ ਆਦਿ ਹੋਣੀ ਹੋਵੇਗੀ। ਮੇਰੀ ਵੀ ਮਜ਼ਬੂਰੀ ਬਣ ਗਈ ਕਿ ਆਪਣੇ ਸਮਾਨ ਨੂੰ ਥਾਂ ਸਿਰ ਕਰਾਂ। ਆਹ ਕੀ? ਇਕ ਪੈੱਨ ਅਚਾਨਕ ਥੱਲੇ ਫਰਸ਼ ਤੇ ਡਿੱਗ ਪਿਆ। ਇਹ ਤਾਂ ਓਹੋ ਪੈੱਨ ਸੀ ਸੋਨੇ ਦੀ ਝਾਲ ਵਾਲਾ, ਗੁਆਚਣ ਦੇ ਡਰ ਵਾਲਾ। ਝੱਟ ਢੱਕਣ ਖੋਲ੍ਹ ਕਿ ਲਿਖਣ ਲੱਗਾ। ਪਰ ਸਿਆਹੀ ਤਾਂ ਸਾਰੀ ਸੁੱਕੀ ਪਈ ਸੀ। ਪੈੱਨ ਕਿੱਥੋਂ ਚੱਲਦਾ? ਸੋਚਿਆ, ਇਹ ਵਧੀਆ ਹੋਇਆ। ਹੁਣ ਤੋਂ ਇਹੋ ਪੈੱਨ ਵਰਤਾਂਗੇ। ਨਿੱਬ ਵਾਲੇ ਪੈੱਨ ਨਾਲ ਲਿਖਾਈ ਵੀ ਵਧੀਆ ਹੁੰਦੀ ਹੈ ਤੇ ਨਾਲੇ ਜੋ ਕੋਈ ਮੰਗੇਗਾ, ਢੱਕਣ ਕੋਲ ਰੱਖ ਕੇ ਹੀ ਫੜਾਵਾਂਗਾ ਇਸ ਤਰ੍ਹਾਂ ਇਹ ਨਹੀਂ ਗੁਆਚੇਗਾ ਕਿਸੇ ਹੋਰ ਦੇ ਹੱਥਾਂ ਵਿਚ।

ਸਾਰੇ ਘਰ ਵਿਚ ਫੋਲਾ ਫਰਾਲੀ ਕੀਤੀ, ਸਭ ਅਲਮਾਰੀਆਂ ਦੇਖੀਆਂ, ਸ਼ੈਲਫਾਂ ਦੇਖੀਆਂ, ਬੱਚਿਆਂ ਦੇ ਬਸਤੇ ਦੇਖੇ, ਵਾਧੂ ਸਮਾਨ ਵਾਲੀਆਂ ਪੇਟੀਆਂ ਦੇਖੀਆਂ, ਕਿਤਾਬਾਂ ਵਾਲੀ ਅਲਮਾਰੀ ਦੇ ਪਿੱਛੇ ਵੀ ਤੇ ਉੱਤੇ ਵੀ ਦੇਖਿਆ ਪਰ ਸਿਆਹੀ ਦੀ ਦਵਾਤ ਕਿਤੋਂ ਨਾ ਲੱਭੀ। ਕਿਉਂਕਿ ਇਸ ਪੈੱਨ ਨਾਲ ਮੋਹ ਦੁਬਾਰਾ ਜਾਗ ਪਿਆ ਸੀ ਇਸ ਲਈ ਸਮਾਂ ਕੱਢ ਕਿ ਬਜ਼ਾਰ ਜਾ ਪਹੁੰਚਿਆ। ਨਾ ਕਿਸੇ ਕਰਿਆਨੇ ਦੀ ਦੁਕਾਨ ਤੇ, ਨਾ ਕਿਸੇ ਮੁਨਿਆਰੀ ਦੀ ਦੁਕਾਨ ਤੇ, ਨਾ ਕਿਸੇ ਕਾਪੀਆਂ ਦੀ ਦੁਕਾਨ ਤੇ ਸਿਆਹੀ ਦੀ ਦਵਾਤ ਮਿਲੀ। ਉਲਟਾ ਦੁਕਾਨਦਾਰ ਹੈਰਾਨ ਹੋਕੇ ਪੁੱਛਦਾ ਕਿ, ਕੀ ਕਰਨੀ ਆ ਜੀ? ਅਜ ਕਲ ਤਾਂ ਸਭ ਪਾਸੇ ਬਾਲ ਪੈੱਨ ਹੀ ਚੱਲਦਾ ਜਾਂ ਫੇਰ ਆਹ ਨਵੀਂ ਬਲਾ ਹੈ ਜੈੱਲ, ਪਰ ਜੀ ਸਿਆਹੀ ਦੀ ਦਵਾਤ ਨਹੀਂ ਹੈ। ਮਨ ਵਿਚ ਸਿਆਹੀ ਲਈ ਇੱਛਾ ਹੋਰ ਤੀਬਰ ਹੋ ਗਈ। ਜੇ ਸਿਆਹੀ ਦੀ ਦਵਾਤ ਨਹੀਂ ਮਿਲਦੀ ਤਾਂ ਘੱਟੋ ਘੱਟ ਇਕ ਸਿਆਹੀ ਦਾ ਡੋਕਾ ਹੀ ਮਿਲ ਜਾਵੇ, ਘੱਟੋ ਘੱਟ ਪੈੱਨ ਦਾ ਦੁਬਾਰਾ ਨਿਰੀਖਣ ਹੀ ਹੋ ਜਾਊ। ਯਾਦ ਆਇਆ ਕਿ ਮੇਰਾ ਇਕ ਪੁਰਾਣਾ ਦੋਸਤ ਦਲੀਪ ਹੈ ਜੋ ਕਰਦਾ ਤਾਂ ਦੁਕਾਨਦਾਰੀ ਹੈ ਪਰ ਪੈੱਨ ਸਿਆਹੀ ਵਾਲਾ ਵਰਤਦਾ ਹੈ। ਸੋਚਿਆ ਉਸ ਕੋਲ ਸਿਆਹੀ ਜਰੂਰ ਹੋਊ। ਰਸਮੀ ਹਾਲ ਚਾਲ ਤੇ ਬਾਅਦ ਚਾਹ ਦੇ ਕੱਪ ਤੇ ਉਸ ਨਾਲ ਗੱਲ ਕੀਤੀ ਤਾਂ ਉਹ ਹੱਸ ਪਿਆ। ”ਯਾਰ ਕੀ ਕਰੀਏ ਮੈਂ ਸਿਆਹੀ ਵਾਲੇ ਪੈੱਨ ਨਾਲ ਕੂਪਨਾਂ ਤੇ ਦਸਤਖ਼ਤ ਕਰ ਦਿੱਤੇ। ਉਹ ਸੁੱਕੇ ਨਾ, ਨੁਕਸਾਨ ਹੀ ਬਹੁਤ ਹੋ ਗਿਆ” ਮੈਨੂੰ ਤਾਂ 6 ਸਾਲ ਪਹਿਲੋਂ ਹੀ ਸਿਆਹੀ ਵਾਲਾ ਪੈੱਨ ਛੱਡਣਾ ਪੈ ਗਿਆ ਸੀ।” ਸਿਆਹੀ ਬਾਰੇ ਪੁੱਛਣਾ ਹੀ ਹੁਣ ਫਜ਼ੂਲ ਲੱਗਾ। ਇਸੇ ਤਰ੍ਹਾਂ ਇਹ ਸਿਲਸਿਲਾ ਕਈ ਦਿਨ ਚਲਦਾ ਰਿਹਾ। ਕਿਤਿਓਂ ਵੀ ਸਿਆਹੀ ਦਾ ਡੋਕਾ ਨਾ ਮਿਲਿਆ। ਇਕ ਦਿਨ ਦੁਪਿਹਰ ਜਿਹੇ ਮੈਂ ਜੱਸੋਵਾਲ ਕੋਲ ਇਕੱਲਾ ਬੈਠਾ ਸੀ। ਪਤਾ ਨਹੀਂ ਕਿਵੇਂ ਸਿਆਹੀ ਦੇ ਡੋਕੇ ਦੀ ਗੱਲ ਤੁਰ ਪਈ। ਜੱਸੋਵਾਲ ਨੇ ਮੈਨੂੰ ਤਾਂ ਕੁਝ ਨਾ ਕਿਹਾ ਪਰ ਆਪਣੇ ਨੌਕਰ ਨੂੰ ਅਵਾਜ਼ ਮਾਰੀ ਤੇ ਉਸਨੇ ਮਿੰਟਾਂ ਵਿਚ ਹੀ ਥੱਲਾ ਜਿਹੀ ਲਿੱਬੜੀ ਪਾਰਕਰ ਦੀ ਰਾਇਲ ਬਲਿਊ ਸਿਆਹੀ ਦੀ ਦਵਾਤ ਮੇਰੇ ਮੂਹਰੇ ਲਿਆ ਰੱਖੀ। ਮੈਨੂੰ ਚਾਅ ਜਿਹਾ ਚੜ੍ਹ ਗਿਆ, ਪਰ ਮੇਰੀ ਤਾਂ ਜੇਬ ਵਿੱਚ ਪੈੱਨ ਹੀ ਨਹੀਂ ਸੀ। ਉਹ ਤਾਂ ਅਜੇ ਅਲਮਾਰੀ ਵਿਚ ਹੀ ਪਿਆ ਸੀ। ਘਰ ਆਕੇ ਮੈਂ ਘੋਲ਼ ਕਰ ਗਿਆ। ਸਮਾਂ ਖੁੰਝ ਗਿਆ ਤੇ ਪੈੱਨ ਹਾਲੇ ਵੀ ਉਡੀਕ ਰਿਹਾ ਇਕ ਸਿਆਹੀ ਦੇ ਡੋਕੇ ਨੂੰ।

***
307
***
ਦੂਜੀ ਵਾਰ: 1 ਸਤੰਬਰ 2021

About the author

ਜਨਮੇਜਾ ਸਿੰਘ ਜੌਹਲ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ