25 July 2024

ਕਾਵਿ-ਕਥਾ: ਮਾਵਾਂ— ਗੁਰਦਿਆਲ ਦਲਾਲ

ਅੱਜ ਮਾਂ-ਬੋਲੀ ਦਿਵਸ ਤੇ
..ਮਾਵਾਂ

ਤੀਜੀ ਮੰਜ਼ਿਲ ਦੇ ਇਕਾਂਤ ਵਿੱਚ, ਚਟਾਈ ਵਿਛਾਈ, ਮਾਸਕ ਲਾਈ,
ਦੋਨਾਂ ਕੰਨਾਂ ਵਿੱਚ ਰੂੰ ਤੁੰਨੀਂ, ਦੁਨੀਆ ਨਾਲ਼ੋਂ ਟੁੱਟ ਕੇ,
ਦੇਖ ਰਿਹਾ ਸਾਂ ਮੈਂ, ਚਾਰੇ ਪਾਸੇ ਫੈਲਿਆ ਧੁੰਦੂਕਾਰਾ।
ਮੈਂ ਆਪਣੀਆਂ ਅੱਖਾਂ ਮੀਚੀਆਂ, ਉੰਗਲ਼ਾਂ ਦੇ ਪੋਟਿਆਂ ਨਾਲ਼,
ਆਪਣੇ ਡੇਲੇ ਦਬਾਏ, ਚੁਫੇਰਾ ਹੋ ਗਿਆ, ਲਾਲੋ-ਲਾਲ।
ਬੋਲਿਆ ਕੋਈ ਮੇਰੇ ਸਿਰ ਵਿੱਚੋਂ, ਕਿਸਦੇ ਦਰਸ਼ਨ ਕਰਨੇ ਨੇ?’
‘ਮਾਂ ਦੇ।’ ਮੈਂ ਜ਼ੋਰ ਨਾਲ਼ ਕਿਹਾ।
ਮਾਂ ਦਾ ਧੁੰਦਲ਼ਾ ਅਕਾਰ, ਮੇਰੇ ਸਾਮ੍ਹਣੇ ਪ੍ਰਗਟ ਹੋ ਗਿਆ।
ਪਿੱਤਲ ਰੰਗੇ ਚਿਹਰੇ ਉੱਤੇ, ਨੱਕ ਦੀ ਦਬੀ ਘੋੜੀ ਤੋਂ ਖਿਸਕਦੀ,
ਮੋਟੇ ਸ਼ੀਸ਼ੇ ਵਾਲ਼ੀ ਐਨਕ ਦਿਸੀ
ਕੰਨਾਂ ਨਾਲ਼ ਲਟਕਦੀਆਂ, ਬਾਲ਼ੀਆਂ ਡਲ਼ਕਣ ਲੱਗੀਆਂ,
ਸਿਰ ਉੱਤੇ ਚਿੱਟੀ ਚੁੰਨੀਂ ਤਣ ਗਈ।
ਉਹ ਬੋਲੀ,
‘ਕਿਵੇਂ ਐਂ ਮੇਰੇ ਸੁਹਣੇ ਪੁੱਤਾ?’
”ਮੈਂ ਸੁਹਣਾ ਨਹੀਂ ਹਾਂ ਮਾਂ,
ਪਛਤਾਵੇ ਦੀ ਅੱਗ ਵਿੱਚ ਝੁਲ਼ਸਿਆ, ਤੇਰਾ ਗੁਸਤਾਖ਼ ਪੁੱਤ ਹਾਂ।’
‘ਮੈਂ ਤੈਨੂੰ ਘਰੋਂ ਤੋਰ ਕੇ, ਤੇਰਾ ਅਪਮਾਨ ਕੀਤਾ, ਸਾਂਭਿਆ ਨਹੀਂ ਮੈਂ ਤੈਨੂੰ,
ਸੇਵਾ ਨਹੀਂ ਕੀਤੀ ਮੈਂ ਤੇਰੀ।
ਮੈਨੂੰ ਮਾਫ਼ ਨਾ ਕਰੀਂ, ਮੇਰਾ ਗਲ਼ ਘੁੱਟ ਦੇ ਮਾਂ।’
ਮੇਰੇ ਸਿਰ ਤੇ ਹੱਥ ਰੱਖ ਕੇ, ਮਾਂ ਹੱਸ ਪਈ,
‘ਤੂੰ ਰੋਟੀ ਖਾਧੀ?’
ਮੈਂ ਮਾਂ ਦੇ ਪੈਰ ਛੂਹਣ ਲਈ, ਸਿਰ ਝੁਕਾਇਆ।
ਉਹ ਪਿੱਛੇ ਹਟਦੀ, ਇੱਕ ਬਿੰਦੂ ਵਿੱਚ ਸਿਮਟਦੀ, ਗਾਇਬ ਹੋ ਗਈ।

ਆਵਾਜ਼ ਫਿਰ ਆਈ, ‘ਹੋਰ ਬੋਲ, ਕਿਸ ਦੇ ਕਰਨੇ ਨੇ ਦਰਸ਼ਨ?’
‘ਸਿਰਫ਼ ਮਾਂ ਦੇ।’, ਮੈਂ ਰੋਣਹਾਕਾ ਹੋ ਕੇ ਕਿਹਾ।
ਮੈਨੂੰ ਹਾਸਾ ਸੁਣਾਈ ਦਿੱਤਾ।
ਘੁੰਮਣ ਲੱਗ ਪਏ ਮੇਰੇ ਮੂਹਰੇ, ਲਹਿਰੀਏ ਪਾਉਂਦੇ, ਕਦੋਂ ਦੇ ਵਿੱਛੜੇ,
ਗੁਰਮੁਖੀ ਦੇ ਅੱਖਰ, ਊਆ ਐੜਾ ਈੜੀ—–
ਲਗਾਂ ਮਾਤਰਾਵਾਂ, ਬਿੰਦੀਆਂ ਟਿੱਪੀਆਂ——
ਸ਼ਬਦ ਬਣਨ ਲੱਗੇ, ਵਾਕ ਜੁੜਨ ਲੱਗੇ, ਮੈਂ ਡਰ ਕੇ ਕੰਬਣ ਲੱਗਾ।
ਆਵਾਜ਼ ਆਈ, ‘ਤੂੰ ਪੰਜਾਬੀ ਨੂੰ ਨਹੀਂ ਪਛਾਣਦਾ?
ਆਪਣੀ ਮਾਂ ਬੋਲੀ ਪੰਜਾਬੀ ਨੂੰ? ਯਾਦ ਏ ਕਿ ਭੁੱਲ ਗਿਆ?’
ਸ਼ਰਮ ਵਿੱਚ ਡੁੱਬਿਆ, ਮੈਂ ਪਸੀਨੇ ਨਾਲ਼ ਤਰ ਹੋ ਗਿਆ,
ਆਤਮ-ਗਿਲਾਨੀ ਨੇ, ਮੇਰੀ ਸੰਘੀ ਨੱਪ ਲਈ।

ਮੈਂ ਮੂੰਹ ਫੇਰ ਲਿਆ, ਰੋਣ ਲੱਗ ਪਿਆ, ਸਿਰ ਝੁਕਾ ਲਿਆ,
ਧਰਤੀ ਨਾਲ਼ ਲਾ ਲਿਆ।

ਧਰਤੀ ਕੰਬੀ,’ਅਕ੍ਰਿਤਘਣਾ, ਮੈਂ ਵੀ ਤੇਰੀ ਨਿਕਰਮਣ ਮਾਂ ਹੀ ਹਾਂ,
ਮੈਂ ਤੇਰਾ ਪੇਟ ਭਰਦੀ ਹਾਂ, ਤੂੰ ਮੇਰੀ ਹਿੱਕ ਸਾੜਦਾ ਏਂ।
ਬੇਈਮਾਨਾਂ ਆਪਣਾ ਸਿਰ, ਮੇਰੇ ਸੀਨੇ ਨੂੰ ਨਾ ਲਾ,
ਗੁਰੂ ਪੌਣ ਦੇ ਦੁਸ਼ਮਣਾ, ਪਿਤਾ ਪਾਣੀ ਦੇ ਕਾਤਲਾ,
ਮੈਨੂੰ ਆਪਣਾ ਮਨਹੂਸ ਚਿਹਰਾ ਨਾ ਦਿਖਾ, ਕਿਤੇ ਹੋਰ ਚਲਾ ਜਾ।’
ਮੇਰੇ ਮੂੰਹੋਂ ਚੀਕ ਨਿਕਲ਼ੀ! ਲੰਮੀਂ ਚੀਕ!!

ਕਿਸੇ ਨੇ ਮੇਰਾ ਮੋਢਾ ਹਲੂਣਿਆ, ਮੈਂ ਅੱਖਾਂ ਖੋਲ੍ਹੀਆਂ, ਪਤਨੀ ਸੀ।
ਟਰੇ  ਵਿੱਚ ਸੀਰੀਅਲ, ਸੈਂਡਵਿੱਚ ਜੂਸ ਸਜਾਈ,
ਪਤਨੀ ਮੇਰੇ ਕੋਲ਼ ਆਈ।
ਬੋਲੀ ਮੁਸਕਰਾ ਕੇ, ‘ਸੀਧੇ ਹੋ ਜਾਈਏ ਮਹਾਨੁਭਾਵ! ਨਾਸ਼ਤਾ ਕੀਜੀਏ !!
ਕਹਾਂ ਚੱਕਰ ਲਗਾ ਰਹੇ ਹੋ?
ਕਿਸ ਕੇ ਚਰਨੋ ਮੇਂ ਢੇਰ ਬਨੇਂ, ਚਿੱਲਾ ਰਹੇ ਹੋ?’
***

80
***

ਗੁੁਰਦਿਆਲ ਦਲਾਲ

ਸਾਹਮਣੇ ਆਹੂਜਾ ਕੰਪਲੈਕਸ,
ਰੇਲਵੇ ਰੋਡ, ਦੋਰਾਹਾ (ਲੁਧਿਆਣਾ)

ਗੁਰਦਿਆਲ ਦਲਾਲ

ਸਾਹਮਣੇ ਆਹੂਜਾ ਕੰਪਲੈਕਸ, ਰੇਲਵੇ ਰੋਡ, ਦੋਰਾਹਾ (ਲੁਧਿਆਣਾ)

View all posts by ਗੁਰਦਿਆਲ ਦਲਾਲ →