‘ਫ਼ਾਰਮਰਜ਼ ਸਪੋਰਟ ਕੋ-ਔਰਡੀਨੇਸ਼ਨ ਕਮੇਟੀ’ ਵੱਲੋਂ ਟੋਰਾਂਟੋ `ਚ ਰੋਸ ਰੈਲੀ
ਟੋਰਾਂਟੋ (27 ਦਸੰਬਰ) ਅੱਜ ਟੋਰਾਂਟੋ ਸਥਿਤ ਭਾਰਤੀ ਕੌਂਸਲੇਟ ਦੇ ਸਾਹਮਣੇ ਕੈਨੇਡੀਅਨ ਭਾਰਤੀਆਂ ਵੱਲੋਂ ਭਾਰਤ ਦੇ ਕਿਸਾਨ ਸੰਘਰਸ਼ ਦੇ ਹੱਕ ਵਿੱਚ ਜਬਰਦਸਤ ਰੋਸ ਵਿਖਾਵਾ ਕੀਤਾ ਗਿਆ। ਇਹ ਵਿਖਾਵਾ ਭਾਰਤੀ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਟਰੋਂਟੋ ਇਲਾਕੇ ਦੀਆਂ 14 ਅਗਾਂਹਵਧੂ ਜਥੇਬੰਦੀਆਂ ਵਾਲੀ ‘ਫਾਰਮਰਜ਼ ਸਪੋਰਟ ਕੋਔਰਡੀਨੇਸ਼ਨ ਕਮੇਟੀ’ ਦੇ ਸੱਦੇ ਤੇ ਕੀਤਾ ਗਿਆ। ਵੱਡੀ ਗਿਣਤੀ ਵਿਚ ਔਰਤਾਂ ਬੱਚਿਆਂ ਸਮੇਤ ਲੋਕਾਂ ਨੇ ਹੱਥਾਂ ਵਿੱਚ ਬੈਨਰ, ਪਲੇਕਾਰਡ ਆਦਿ ਫੜਕੇ ਅਤੇ ਨਾਅਰੇਬਾਜੀ ਕਰਕੇ ਕਿਸਾਨਾਂ ਦੀਆਂ ਮੰਗਾਂ ਦੀ ਹਮਾਇਤ ਕੀਤੀ। ਇਸ ਦੇ ਨਾਲ ਨਾਲ ਕਾਰ ਰੈਲੀ ਵੀ ਕੱਢੀ ਗਈ। ਜਥੇਬੰਦੀਆਂ ਦੇ ਬੁਲਾਰਿਆਂ ਨੇ ਭਾਰਤ ਸਰਕਾਰ ਦੇ ਕਿਸਾਨ ਵਿਰੋਧੀ ਬਣਾਏ ਤਿੰਨੋ ਕਾਨੂੰਨਾਂ ਦੀ ਸਖਤ ਅਲੋਚਨਾ ਕੀਤੀ ਅਤੇ ਸੰਘਰਸ਼ ਕਰ ਰਹੇ ਕਿਸਾਨਾਂ ਦੀਆਂ ਮੰਗਾਂ ਦੀ ਪੁਰਜੋਰ ਹਮਾਇਤ ਕੀਤੀ। ਇੱਕ ਮਹੀਨੇ ਤੋਂ ਵੀ ਵੱਧ ਸਮੇਂ ਤੋਂ ਦਿੱਲੀ ਦੇ ਬਾਰਡਰਾਂ `ਤੇ ਕੜਾਕੇ ਦੀ ਠੰਡ ਵਿੱਚ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਰੋਕਾਂ, ਲਾਠੀਆਂ ਅਤੇ ਵਾਟਰ ਕੈਨਨ ਰਾਹੀਂ ਦਬਾਉਣ ਦੀ ਸਰਕਾਰੀ ਕਾਰਵਾਈ ਦੀ ਨਿਖੇਧੀ ਕੀਤੀ ਗਈ। ਬੁਲਾਰਿਆਂ ਨੇ ਭਾਰਤੀ ਸਰਕਾਰ ਦੇ ਕਿਸਾਨਾਂ ਦੀਆਂ ਜਾਇਜ਼ ਮੰਗਾਂ ਸਬੰਧੀ ਅਪਣਾਏ ਅੜੀਅਲ ਵਤੀਰੇ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ। ਓਨਟਾਰੀਓ ਸਰਕਾਰ ਦੀਆਂ ਸਖਤ ਕੋਰੋਨਾ ਪਾਬੰਦੀਆਂ ਦੀ ਪਾਲਣਾ ਕਰਦਿਆਂ ਮੁਜ਼ਾਹਰਾ ਕਰਨ ਆਏ ਬਹੁਤ ਸਾਰੇ ਲੋਕਾਂ ਨੇ ਅਪਣੀਆਂ ਕਾਰਾਂ ਵਿਚ ਹੀ ਰਹਿ ਕੇ ਸ਼ਮੂਲੀਅਤ ਕੀਤੀ। ਅਪਣੀਆਂ ਕਾਰਾਂ ਤੇ ਕਿਸਾਨਾਂ ਦੀਆਂ ਮੰਗਾਂ ਦੇ ਹੱਕ ਵਾਲੇ ਝੰਡੇ, ਬੈਨਰ ਸਟਿਕਰ ਲਗਾਕੇ ਭਾਰਤੀ ਸਫਾਰਤਖਾਨੇ ਦੀ ਇਮਾਰਤ ਦੇ ਸਾਹਮਣਿਓ ਲੰਘਦੇ ਰਹੇ। ਇਸ ਮੌਕੇ ਭਾਰਤ ਸਰਕਾਰ ਨੂੰ ਭੇਜਣ ਲਈ ਜਥੇਬੰਦੀਆਂ ਵਲੋਂ ਸਫਾਰਤਖਾਨੇ ਨੂੰ ਇੱਕ ਮੰਗ ਪੱਤਰ ਵੀ ਭੇਜਿਆ ਗਿਆ। ‘ਫਾਰਮਰਜ਼ ਸਪੋਰਟ ਕੋਔਰਡੀਨੇਸ਼ਨ ਕਮੇਟੀ’ ਵੱਲੋਂ ਇਸ ਰੋਸ ਵਿਖਾਵੇ ਵਿੱਚ ਟੋਰਾਂਟੋ ਇਲਾਕੇ ਦੀਆਂ ਤਕਰੀਬਨ ਸਾਰੀਆਂ ਸਰਗਰਮ ਖੱਬੇ ਪੱਖੀ, ਸਮਾਜਸੇਵੀ,ਸਾਹਿਤਕ ਜਥੇਬੰਦੀਆਂ ਸ਼ਾਮਿਲ ਹੋਈਆਂ ਜਿਨ੍ਹਾਂ ਵਿੱਚ ਅਲਾਇੰਸ ਆਫ ਪ੍ਰੋਗਰੈਸਿਵ ਕਨੇਡੀਅਨਜ਼, ਕਨੇਡੀਅਨ ਪੰਜਾਬੀ ਸਹਿਤ ਸਭਾ, ਦੇਸ਼ ਭਗਤ ਸਪੋਰਟਸ ਕਲੱਬ, ਦਿਸ਼ਾ – ਐਸੋਸੀਏਸ਼ਨ ਆਫ ਕਨੇਡੀਅਨ ਪੰਜਾਬੀ ਵੁਮੈਨ, ਜੀ ਟੀ ਏ ਵੈਸਟ ਕਲੱਬ ਕੌਮਿਉਨਿਸਟ ਪਾਰਟੀ ਆਫ ਕਨੇਡਾ, ਹੋਮ- ਸਟੱੈਡ ਸੀਨੀਅਰਜ਼ ਕਲੱਬ, ਇੰਡੋ ਕਨੇਡੀਅਨ ਵਰਕਰਜ਼ ਐਸੋਸੀਏਸ਼ਨ, ਐਮ ਐਲ ਪਾਰਟੀ ਆਫ ਕਨੇਡਾ, ਨਾਰਥ ਅਮੈਰਿਕਨ ਤਰਕਸ਼ੀਲ ਸੋਸਾਇਟੀ, ਪੰਜਾਬੀ ਕਲਮਾਂ ਦਾ ਕਾਫਲਾ ਟੋਰਾਂਟੋ (ਓਨਟਾਰੀਓ), ਪਰਵਾਸੀ ਪੰਜਾਬੀ ਪੈਂਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਆਫ ਓਨਟਾਰੀਓ, ਸਰੋਕਾਰਾਂ ਦੀ ਆਵਾਜ਼, ਸਿਰਜਿਣਹਾਰੀਆਂ-ਇੰਨਟਰਨੈਸ਼ਨਲ ਵੁਮੈਨ ਐਸੋਸੀਏਸ਼ਨ, ਕਨੇਡਾ ਆਦਿ ਪ੍ਰਮੁੱਖ ਹਨ।