21 September 2024

ਕੰਧ: ਗ ਸ ਨਕਸ਼ਦੀਪ, ਪੰਜਕੋਹਾ

ਜੋਗਾ ਗੁੱਟ ਸੀ, ਪਰ ਉਹ ਫਰੀਵੇ ਉੱਤੇ ਰਾਤ ਦੇ ਪੌਣੇ ਬਾਰਾਂ ਵਜੇ ਕਾਰ ਚਲਾ ਰਿਹਾ ਸੀ ਤੇ ਆਪਣੀਆਂ ਪ੍ਰਾਪਤੀਆਂ ਬਾਰੇ ਨਾਲ ਬੈਠੇ ਘੋਲੇ ਨੂੰ ਦੱਸ ਰਿਹਾ ਸੀ। ਘੋਲਾ ਖੁਦ ਵੀ ਲੋਰ ‘ਚ ਝੂਮ ਰਿਹਾ ਸੀ ਤੇ ਉਹਨੂੰ ਸਮਝ ਨਹੀਂ ਸੀ ਆ ਰਿਹਾ ਕਿ ਜੋਗਾ ਕੀ ਬੋਲ ਰਿਹਾ ਸੀ।

ਸਾਈਨਬੋਰਡ ‘ਤੇ  ਆਪਣੇ ਸਹਿਰ ਦਾ ਨਾਂ ਪੜ੍ਹਦਿਆਂ, ਜੋਗੇ ਨੇ ਐਗਜਿੱਟ ਲੈਣ ਲਈ ਆਪਣੀ ਕਾਰ ਨੂੰ ਸੱਜੀ ਲੇਨ ‘ਚ ਕਰਦਿਆਂ ਘੋਲੇ ਨੂੰ ਕਿਹਾ, ” ਘੋਲਿਆ ਆਪਾਂ ਤਾਂ ਆਪਣਾ ਸਹਿਰ ਹੀ ਲੰਘ ਚਲੇ ਸਾਂ!”

 ਘੋਲੇ ਨੇ ਉਹਨੂੰ ਕਦੋਂ ਦਾ ਸੁਣਨਾ ਛੱਡ ਦਿੱਤਾ ਸੀ ਤੇ ਉਹ ਆਪਣੀ ਲੋਰ ਚ ਮਸਤ ਰਿਹਾਙ।ਐਗਜਿੱਟ ਅਜੇ ਅੱਧੀ ਕੁ ਮੀਲ ਦੀ ਵਿੱਥ  ਤੇ ਸੀ; ਜੋਗੇ ਨੇ ਪੱਧਰੇ ਕੀਤੇ ਫਰੀਵੇ ਦੇ ਕੋਨੇ ਨੂੰ ਨੀਵਾਂ ਵੇਖ ਕੇ ਉਹਨੂੰ ਐਗਜਿੱਟ ਸਮਝਦਿਆਂ ਕਾਰ ਫਰੀਵੇ ਤੋਂ ਹੇਠਾਂ ਨੂੰ ਵੱਟ ਲਈ। ਕਾਰ ਦੀ ਰਫਤਾਰ ਤੇਜ ਸੀ ਤੇ ਕਾਰ ਫੁੜਕਦੀ, ਉਲਟਦੀ ਤੇ ਫੇਰ ਸਿੱਧੀ ਹੰਦੀ ਹੋਈ ਹੇਠਾਂ ਜਾ ਡਿੱਗੀ।

ਥੋੜਾ ਚਿਰ ਲਈ ਤਾਂ ਜੋਗਾ ਸੁੰਨ ਜਿਹਾ ਹੋ ਕੇ ਸਟੇਰਿੰਗ ਤੇ ਮੱਥਾ ਧਰ ਬੈਠਾ ਰਿਹਾ ਤੇ ਫੇਰ ਉਹਨੇ ਖੁੱਲੀ ਤਾਕੀ ਤੋਂ  ਬਾਹਰ ਤੱਕਿਆ। ਸਾਹਮਣੇ ਉਹਨੂੰ  ਫਰੀਵੇ ਦੀ ਉਚਾਈ ਨਜਰ ਆਈ ਤੇ ਦੂਸਰੇ ਪਾਸੇ ਉਹਨੇ ਵੇਖਿਆ ਘੋਲਾ ਸੀਟ ਤੋਂ ਗਾਇਬ ਸੀ। ‘ਆ ਤਾਂ ਕਮਾਲ ਹੋ ਗਈ, ਘੋਲਾ ਐਗਜਿਟ ਕਿਧਰ ਹੋਇਆ  ਫੇਰ?” ਜੋਗੇ ਨੇ ਆਪਣੇ ਆਪ ਨੂੰ  ਕਾਰ ਤੋਂ ਬਾਹਰ ਨਿਕਲ  ਕੇ  ਘੋਲੇ ਨੂੰ ਲੱਭਣਾ ਚਾਹਿਆ, ਪਰ ਉਸ ਤੋਂ ਸੀਟ ‘ਚੋਂ ਉੱਠ ਹੀ ਨਹੀਂ ਸੀ ਹੋ ਰਿਹਾ ਤੇ ਉਹਨੂੰ ਸਮਝ ਨਹੀਂ ਸੀ ਆ ਰਿਹਾ ਕਿ ਉਸ ਤੋਂ  ਸੀਟ ਚੋਂ  ਨਿਕਲ ਕਿਉਂ ਨਹੀਂ ਸੀ ਹੋ ਰਿਹਾ। ਫੇਰ ਉਹਨੇ ਦੋ  ਟਾਰਚਾਂ ਵਾਲੇ ਬੰਦੇ ਆਪਣੇ ਵੱਲ ਆਉਂਦੇ ਵੇਖੇ। ਉਹ ਪੁਲਸ ਅਫਸਰ ਸਨ। ਉਨ੍ਹਾਂ ‘ਚ  ਇਕ ਨੇ ਜੋਗੇ ਨੂੰ  ਕਾਰੋਂ ਬਾਹਰ ਨਿਕਲਣ ਦਾ ਹੁਕਮ ਦਿੱਤਾ। ਜੋਗੇ ਨੇ ਬਹੁਤ ਹੀ ਸ਼ਰੀਫ ਬਣਦਿਆਂ ਬੇਨਤੀ ਕੀਤੀ, “ਜਨਾਬ ਮੇਰੇ ਕੋਲੋਂ ਨਿਕਲ ਨਹੀਂ ਹੋ ਰਿਹਾ।”

 ਉਨ੍ਹਾਂ ਚੋਂ ਇਕ ਨੇ ਉਹਦੀ ਸੀਟ ਬੈਲਟ ਖੋਹਲੀ ਤੇ ਕਿਹਾ “ਚਲ ਬਾਹਰ ਨਿਕਲ।”

 ਜੋਗਾ ਕਾਰ ਚੋਂ ਬਹਿਰ ਨਿਕਲ ਤਾਂ ਆਇਆ, ਪਰ ਉਹ ਧਰਤੀ ਤੇ ਖਲੋ ਨਾ ਸਕਿਆ ਤੇ ਉਹ ਡਿਗਦੇ ਡਿਗਦੇ ਨੇ ਕਾਰ ਦਾ ਸਹਾਰਾ ਲਿਆ। ਬਿਨਾਂ ਕੁਛ ਪੁੱਛਿਆਂ ਪੁਲਸ ਅਫਸਰ ਨੇ ਉਹਦੇ ਹਥਕੜੀ ਲਾ ਦਿੱਤੀ ਇਹ ਆਖਦਿਆਂ, “ਨਸ਼ੇ ਅਧੀਨ ਚਲਾਉਣ ਕਾਰਨ ਤੈਨੂੰ ਕਾਨੂੰਨਨ  ਪਕੜਿਆ ਜਾਂਦਾ ਹੈ”, ਅਤੇ ਨਾਲ ਹੀ ਉਸ ਨੂੰ ਉਸ ਦੇ ਕਾਨੂੰਨੀ ਅਧਿਕਾਰ ਸੁਣਾ ਦਿੱਤੇ ਤੇ ਵਕੀਲ ਨਾ ਕਰਨ ਯੋਗ ਦੀ ਹਾਲਤ ਵਿਚ ਸਰਕਾਰ ਵਲੋਂ ਦਿੱਤੇ ਜਾ ਸਕਦੇ ਵਕੀਲ ਬਾਰੇ ਦੱਸ ਦਿੱਤਾ। ਦੂਸਰੇ ਪੁਲਸ ਅਫਸਰ ਨੇ ਉਹਨੂੰ  ਪੁਛਿਆ, “ਕੀ ਤੂੰ  ਇਕੱਲਾ ਹੀ ਏਂ?”

“ਜਨਾਬ ਮੇਰਾ ਇਕ ਸਾਥੀ ਸੀ, ਪਰ ਹੁਣ ਉਹ ਕਾਰ ਚ ਨਹੀਂ।” ਜੋਗੇ ਨੇ ਫਿਕਰ ਕਰਦਿਆਂ  ਕਿਹਾ।

ਉਹਨੂੰ ਆਪਣੀ ਕਾਰ ‘ਚ  ਬਿਠਾਲ ਕੇ ਉਹ ਦੋਨੋ ਅਫਸਰ ਘੋਲੇ ਦੀ ਤਲਾਸ਼ ਚ ਨਿਕਲ ਗਏ। ਜੋਗੇ ਨੇ  ਕਾਰ ਦੀ ਸੀਟ ਤੇ ਆਪਣੇ ਆਪ ਨੂੰ ਸੁਟਿਆ ਤੇ ਆਪਣੇ ਆਪ ਨੂੰ ਕਿਹਾ , “ਪਤੰਦਰਾ ਆਹ ਕੀ ਕਰ ਲਿਆ। ਘੋਲਾ ਸ਼ਾਇਦ ਮਰ ਹੀ ਗਿਆ ਹੋਵੇ ਤੇ ਲਾਇਸੈਂਸ ਤਾਂ ਜਬਤ ਹੋਣਾ ਹੀ ਹੈ; ਕੇਸ ਵੀ ਹੋਉ ਹੁਣ ਤੇ ਜੁਰਮਾਨਾ ਵੀ। ਪਹਿਲਾਂ ਜੁਰਮਾਨਾ ਅਜੇ ਪਿਛਲੇ ਮਹੀਨੇ ਉਤਾਰਿਆ ਸੀ। ਮੈਂ ਬਥੇਰਾ ਕਿਹਾ ਪਾਲੀ ਨੂੰ ਬਈ ਹੋਰ ਨਾ ਪਾ ਸਾਲਿਆ, ਹਟਿਆ ਈ ਨਹੀਂ!” ਫੇਰ ਉਹਦਾ ਧਿਆਨ ਪਿੱਛੇ ਪੰਜਾਬ ਬੈਠੀ ਕਰਮਜੀਤ ਵੱਲ ਗਿਆ ਜਿਸ ਨੂੰ ਉਹ ਪਿਛਲੇ ਤਕਰੀਬਨ ਦੋ ਵਰੵੇ ਹੋ ਜਾਣ ਦੇ ਬਾਵਜੂਦ ਏਧਰ ਅਮਰੀਕਾ ਸਦ ਨਹੀਂ ਸੀ ਸਕਿਆ। “ਵਿਚਾਰੀ ਕਰਮਜੀਤ!” ਉਹਦਾ ਹਉਂਕਾ ਨਿਕਲਿਆ ਤੇ ਉਹਨੇ ਆਪਣੇ ਆਪ ਨੂੰ ਇਕ ਭੈੜੀ ਜਿਹੀ ਗਾਲ ਕੱਢੀ। ਫੇਰ ਉਹਨੇ ਇੱਕ ਪੁਲਸ ਅਫਸਰ ਨੂੰ ਆਪਣੇ ਵੱਲ ਆਉਂਦੇ  ਅਤੇ ਦੂਜੇ ਪੁਲਸ ਅਫਸਰ ਨੂੰ  ਘੋਲੇ ਨੂੰ ਸਹਾਰਾ ਦੇ ਕੇ ਲਿਆਉਂਦਿਆਂ ਵੇਖਿਆ। ਘੋਲੇ ਨੂੰ ਕੋਈ ਚੋਟ ਆ ਗਈ ਸੀ। ਉਨਾਂ ਨੇ ਉਹਦੇ ਨਾਲ ਘੋਲੇ ਨੂੰ  ਬਿਠਾਇਆ ਅਤੇ ਹਸਪਤਾਲ ਨੂੰ ਚੱਲ ਪਏ। 

” ਜੋਗੇ ਤੂੰ ਤਾਂ ਮਰਨਾ ਏ ਮੈਨੂੰ ਵੀ ਮਾਰ ਦੇਣਾ ਸੀ ਤੂੰ”, ਘੋਲੇ ਨੇ ਪੀੜ ਭਰੀ ਆਵਾਜ ਚ ਕਿਹਾ। 

“ਮੈਂ ਤਾਂ ਆਪ ਗਾਲਾਂ ਕੱਢ ਰਿਹਾਂ ਆਪਣੇ ਆਪ ਨੂੰ, ਐਗਜਿੱਟ ਤੋਂ ਪਹਿਲਾਂ ਹੀ ਕਾਰ ਹੇਠਾਂ ਉਤਾਰ ਦਿੱਤੀ ਕਾਰ ਗਲਤੀ ਨਾਲ…।”

“ਚੰਗਾ ਹੁਣ ਚੁੱਪ ਕਰ”, ਘੋਲੇ ਦੀ ਬਾਂਹ ਟੁੱਟ ਗਈ ਸੀ, ਪਰ ਪੀਤੀ ਹੋਈ ਕਾਰਨ ਅਜੇ ਪੂਰੀ ਪੀੜ ਉਹਨੂੰ ਮਹਿਸੂਸ ਨਹੀਂ ਸੀ ਹੋਈ। 

ਜੋਗੇ ਨੂੰ ਅਮਰੀਕਾ ਪੁੱਜੇ ਨੂੰ ਕਈਂ ਕੁ ਵਰੵੇ ਹੋ ਗਏ ਸਨੱ ਸੱਤ ਸਾਲ ਉਹ ਉੱਥੇ ਗੈਰ ਕਾਨੂੰਨਨ ਰਹਿੰਦਾ ਰਿਹਾ ਤੇ 5 ਵਰੵੇ ਪਹਿਲਾਂ ਦੇਰ ਦਾ ਆਇਆ ਹੋਣ ਕਾਰਨ, ਨਵੇਂ ਕਾਨੂੰਨ ਮੁਤਾਬਿਕ ਉਹਨੂੰ ਗਰੀਨ ਕਾਰਡ ਮਿਲ ਗਿਆ ਸੀੱ ਏਧਰ ਓਧਰ ਦੇ ਕੰਮ ਕਰਨ ਤੋਂ ਬਾਅਦ ਉਹ ਪਿਛਲੇ ਚਾਰ ਵਰਿੵਅਾਂ ਤੋਂ ਜੌਂਨ ਸਮਿਥ ਦੀ ਮਸ਼ੀਨ ਸ਼ਾਪ ਤੇ ਹੀ ਕੰਮ ਕਰ ਰਿਹਾ ਸੀ, ਜਿੱਥੇ ਉਹ 2000 ਡਾਲਰ ਮਹੀਨੇ ਦੇ ਬਣਾ ਲੈਂਦਾ ਸੀ। ਜਦੋਂ ਉਹ ਪੰਜਾਬ ਗਿਆ ਸੀ, ਉਹ 35 ਵਰਿੵਆਂ ਦਾ ਹੋ ਚੁੱਕਿਆ ਸੀ ਤੇ ਉਹਨੇ ਆਪਣੇ ਤੋਂ ਦਹਾਕੇ ਛੋਟੀ ਸਾਇੰਸ ਅਧਿਆਪਕ ਕਰਮਜੀਤ ਨਾਲ ਵਿਆਹ ਕਰਵਾਇਆ ਸੀ। ਕਰਮਜੀਤ ਤੇ ਉਹਦਾ ਪਰਿਵਾਰ ਖੁਸ਼ ਸਨ ਕਿ ਜੋਗੇ ਵਰਗਾ ਬੰਦਾ ਉਹਨਾਂ ਨੂੰ ਮਿਲਿਆ ਸੀ ਅਤੇ  ਜੋਗੇ ਦੇ ਸੰਗ ਉਹ ਸਾਰੇ ਤਰ ਜਾਣਗੇ। ਕਰਮਜੀਤ ਸੁਹਣੀ ਸੀ ਤੇ ਉਹਦੀਆਂ ਗੱਲਾਂ ਹਮੇਸ਼ਾਂ ਜੋਗਾ ਆਪਣੇ ਬੇਲੀਆਂ ਨਾਲ ਕਰਦਾ ਰਹਿੰਦਾ ਸੀ। 

ਜੋਗੇ ‘ਚ ਬੋਲਣ ਦੀ ਭੈੜੀ ਆਦਤ ਸੀ ਤੇ ਏਸੇ ਆਦਤ ਕਾਰਨ ਉਹਨੇ ਕਈ ਦੋਸਤ ਨੁਮਾ ਬੰਦੇ ਆਪਣੇ ਵਿਰੁੱਧ ਕਰ ਲਏ ਸੀ। ਜਦੋਂ ਉਹ ਆਪਣੇ ਬੇਲੀਆਂ ਨਾਲ ਰਲ ਬੈਠਦਾ, ਉਹ ਆਪ ਬੀਅਰ ਖਰੀਦਦਾ ਤੇ ਆਪ ਪੀਜਾ ‘ਆਡਰ’ ਕਰਦਾ ਪਰ ਨਾਲ ਦੀ ਨਾਲ  ਤਪਸਰਾ  ਵੀ ਕਰਦਾ “ਆਪਾਂ ਏਥੇ ਪੈਸੇ ਹੀ ਨਹੀਂ ਜੋੜੀ ਦੇ, ਰੱਬ ਨੇ ਜਿੰਦਗੀ ਦਿੱਤੀ ਹੈ ਤੇ ਉਸਦਾ ਮਜਾ ਲੈਣਾ ਚਾਹੀਦਾ ਹੈ। ਇਹ ਅਮਰੀਕਨ, ਜਿੰਦਗੀ ਦੇ ਹਰ ਪਲ ਦਾ ਮਜਾ ਲੈਂਦੇ ਨੇ……….ਨਿਰਾ  ਨਾਮ ਪੈਸੇ ਜੋੜਨ ਚ ਨਹੀਂ………. ਆਹ ਵੇਖੇ ਨੇ ਸਟੋਰ ਖਰੀਦਣ ਵਾਲੇ ਭਾਰਤੀ ……….ਇਹ  ਗੰਦੀ ਜਿੰਦਗੀ ਕਟਦੇ ਨੇ ਪਹਿਲਾਂ;  ਕੋਹਲੂ ਦੇ ਬੈਲ ਵਾਂਗ ਕੰਮ ਕਰਦੇ ਰਹਿੰਦੇ ਹਨ ਇਹ ਸਾਰੇ। ਇਨ੍ਹਾਂ ਨੇ ਆਨੰਦ ਨਹੀਂ ਮਾਣਿਆ… ਇਹ ਕੁਰਲਾਉਂਦੇ ਰਹਿੰਦੇ ਹਨ ਕਿ ਹਾਏ ਪੈਸਾ ਹਾਏ ਪੈਸਾ! ਕਦੇ ਇਹ ਭੁਲਕੇ ਕਿਸੇ ਨਾਲ ਰੈਸਟੋਰੈਂਟ ਨਹੀਂ ਗਏ … ਟਿੱਪ ਦੇਣ ਲੱਗਿਆਂ ਜਾਨ ਨਿਕਲ ਜਾਂਦੀ ਆ ਇਨਾਂ ਦੀ ਜੇ ਦੇਣੀ ਪੈ ਜਾਵੇ, ਪਰ  ਜਦੋਂ  ਇਹ ਆਪ ਰੈਸਟੋਰੈਂਟ ਤੇ ਕੰਮ ਕਰਦੇ ਹੁੰਦੇ ਨੇ ਜਾਂ ਫੇਰ ਪੀਜਾ ਡਿਲੀਵਰੀ ਕਰਦੇ ਨੇ ਤਾਂ ਟਿੱਪਾਂ ਨੂੰ ਇਉਂ ਕਲੇਜੇ ਲਾਉਂਦੇ ਨੇ ਜਿਵੇਂ ਹਲਾਲ ਦੀ ਕਮਾਈ ਹੁੰਦੀ ਐ।” 

ਗੱਲ ਜਾਰੀ ਰਹਿੰਦੀ ਤੇ ਉਹ ਬੋਲਦਾ ਬੋਲਦਾ ਕਿਸੇ ਨੂੰ ਵੀ ਨਹੀਂ ਸੀ  ਬਖਸ਼ਦਾ। ਨਾਲ ਦੇ ਕਦੇ ਉਹਨੂੰ  ਆਖ ਛੱਡਦੇ, “ਜੋਗਿਆ ਤੂੰ ਐਸ਼ ਲੈਂਦਾ ਏਂ, ਲੈ ਲਾ, ਬਾਕੀਆਂ ਦੇ ਮਗਰ ਕਿਉਂ ਪਿਆ ਏ………. ਖਬਰੇ ਕਿੰਨੇ ਦਿਨ ਆਂ ਇਥੇ? ਸਾਇਦ.।”

ਉਹ ਝੱਟ ਕੱਟਕੇ ਬੋਲਦਾ, “ਮੈਂ ਤਾਂ ਗੱਲ ਕਰਦਾਂ …….. ਮੈਂ ਕਿਹੜਾ ਸਰਦਾਰਾਂ  ਦਾ ਮੁੰਡਾ ਪਿਛੋਂ ……. ਗੱਲ ਤਾਂ ਆਦਮੀ ਦੇ ਸੋਚਣ ਦੀ ਏ?”

ਕੋਈ ਹੋਰ ਪੁਛਦਾ, “ਜੋਗੇ ਕਿੰਨਾ ਚਿਰ ਹੋ ਗਿਆ ਏਥੇ ਆਇਆਂ?”

ਉਹ ਔਖਾ ਹੋਕੇ ਆਖਦਾ, “ਦਸ ਬਾਰਾਂ ਸਾਲ, ਕਿਉਂ?”

“ਤੂੰ ਮਾਰੀ ਜਾਨੈਂ ਐਵੈਂ  ਮਗਜ………… ਤੇਰੇ ਕੋਲ ਆਪਣੀ ਤੀਵੀਂ ਮੰਗਾਉਣ ਲਈ ਪੈਸੇ ਨਹੀਂ……. ਕੀ ਤਾਰੂ ਤੇਰੀ ਐਸ਼ ……. ਤੂੰ ਏਥੇ ਬੈਠਾ ਏਂ ਤੇ  ਉਹ ਉੱਥੇ ਬੈਠੀ ਸੁਪਨੇ ਲੈਂਦੀ ਐ ਅਮਰੀਕਾ ਪੁੱਜਣ ਦੇ।”

“ਤੂੰ ਛੋਲੇ ਲੈਣੇ ਆ……. ਸਵੇਰੇ ਚਲੇ ਜਾਨਾ ਏਂ ਤੇ ਅੱਧੀ ਰਾਤ ਵਾਪਿਸ ਪਰਤਦਾ ਏਂ ਕੋਹਲੂ ਦੇ ਬਲਦ  ਨਾਲੋਂ ਭੈੜੀ  ਜਿੰਦਗੀ ਕੱਟ ਰਿਹੈਂ….. ਚਾਰ ਪੈਸੇ ਜੋੜ ਕੇ ਮੇਰੇ ਤੇ ਰੋਹਬ ਪਾ ਰਿਹਾਂ। ਆਪ ਆਪਦੀ ਬੀਅਰ ਮੰਗਾ ਕੇ ਪੀਤੀ ਕਦੇ? ਕਦੇ ਬਾਹਰ ਖਾਣਾ ਖਾਧਾ? ਤੜਕੀ ਜਾਂਦੇ ਨੇ ਦਾਲਾਂ ਰੋਜ …….. ਫੇਰ ਜਾਣਗੇ ਇੰਡੀਆ ਆਕੜ ਕੇ ਤੁਰਨਗੇ; ਸੋਨਾ ਪਾਕੇ ਵਿਖਾਉਣਗੇ  ਜਿਵੇਂ ਪਹਿਲਾਂ ਸੋਨਾ ਜੁੜਿਆ ਈ ਨਾ ਹੋਵੇ! ਐਂ ਨਹੀਂ ਦੱਸਣਾ ਕਿ ਦਿਨ ਕਿਵੇਂ ਕੱਟੇ? ਕਿਵੇਂ ਜੀਨੇ ਆਂ ਉੱਥੇ?”

ਗੱਲ ਬਿਗੜ੍ਹਦੀ  ਤੇ ਕਈਂ ਵਾਰ ਥਪੜਾਂ ਤੇ ਚਲੇ ਜਾਂਦੀ। ਹਫਤੇ ਬਾਅਦ ਜਦੋਂ  ਉਹ ਸੋਫੀ  ਹੁੰਦੇ, ਉਹ ਫੇਰ ਇਕੱਠੇ ਹੋ ਜਾਂਦੇ, ਪਰ ਜੇ ਫੇਰ ਸ਼ਰਾਬ ਪੀਤੀ ਜਾਂਦੀ, ਤਦ  ਲੜਾਈ ਫੇਰ ਸ਼ੁਰੂ ਹੋ ਜਾਂਦੀ ਪਹਿਲਾਂ ਵਾਂਗਰਾਂ ਹੀ। ਉਨ੍ਹਾਂ  ਦੇ ਗਰੁਪ ਦੇ ਸਾਰੇ ਬੰਦੇ ਇੱਝ ਹੀ ਸਨ। ਫੇਰ ਵੀ ਇਕ ਦੂਜੇ ਤੋਂ ਨਿਕਲੀਆਂ ਉਲਟੀਆਂ ਗੱਲਾਂ ਬਹੁਤੀ ਦੇਰ ਤੀਕ ਉਨ੍ਹਾਂ ਇਕ ਦੂਜੇ ਨੂੰ  ਝੁਭਦੀਆਂ ਵੀ ਰਹਿੰਦੀਆਂ ਸਨ ਅਤੇ ਇੱਕ ਦੂਜੇ ਨੂੰ ਖੂਬ ਉਹ ਨਿੰਦਦੇ  ਵੀ ਰਹਿੰਦੇ ਸਨ। ਜੋਗੇ ਦਾ ਲਾਇਸੈਂਸ ਜਬਤ ਹੋ ਗਿਆ ਸੀ; ਉਹਨੂੰ 500 ਡਾਲਰ ਜੁਰਮਾਨਾ ਤੇ  ਤਿੰਨ ਦਿਨ ਜੇਲ੍ਹ ਹੋਈ। ਜੇਹਲ ਕੱਟਕੇ ਉਹਨੇ ਸਾਰਾ ਜੁਰਮਾਨਾ ਭਰਿਆ। ਕੋਰਟ ਨੇ ਜੁਰਮਾਨੇ ਤੋਂ ਬਿਨਾ ਕਮਿਊਨਟੀ ਸਰਵਿਸ ਦਾ ਵੀ ਦੰਡ ਉਹਦੇ ਤੇ ਲਾਇਆ ਸੀ। ਆਪਣੀ ਕਮਿਊਨਿਟੀ ਸਰਵਿਸ ਪੂਰੀ ਕਰਕੇ ਉਹ ਸਿੱਧਾ ਅਪਾਰਟਮੈਂਟ ਆਇਆ, ਸਮਾਨ ਪੈਕ ਕੀਤਾ, ਬੈਂਕ ਵਿਚੋਂ ਕੁਝ ਪੈਸੇ ਕਢਵਾਏ ਤੇ ਸਿਐਟਲ ਨੂੰ ਜਹਾਜ ਚੜ੍ਹ ਗਿਆ। ਉਂਝ ਸਾਰੇ ਹੈਰਾਨ ਸਨ ਕਿ ਉਹ ਇੰਝ ਕਿਉਂ ਚਲਿਆ ਗਿਆ ਸੀ।

ਸਿਐਟਲ ਉਹ ਜਾਣ ਪਛਾਣੀਆਂ ਕੋਲ ਮਹੀਨਾ ਕੁ ਰਿਹਾ, ਪਰ ਉਹ ਆਪਣੇ ਲਈ ਮਨ ਭਾਉਂਦਾ ਕੰਮ ਨਾ ਲੱਭ ਸਕਿਆ। ਉਹਦੀ ਬਹੁਤਾ ਬੋਲਣ ਦੀ ਆਦਤ ਨੇ ਫੇਰ ਉਹਨੂੰ ਧੋਖਾ ਦਿੱਤਾ, ਤੇ ਉਹਨੂੰ ਉਥੋਂ ਵੀ ਜਾਣਾ ਪਿਆ। ਉਹਦਾ ਬਹੁਤ ਪੁਰਾਣਾ ਬੇਲੀ ਜਿਹਦੇ ਨਾਲ ਉਹ ਜਰਮਨ ‘ਚ ਇੱਕੋ ਕਮਰੇ ਵਿੱਚ ਕਦੇ ਰਿਹਾ ਸੀ, ਨਿਊਯਾਰਕ ਵਿਚ ਰਹਿੰਦਾ ਸੀ; ਫੂਨ ਤੇ ਉਹਨੇ ਇੱਕ ਵਾਰ ਉਹਦੇ ਆਪਣੇ ਬੇਲੀ ਘੋਲੇ ਨੂੰ ਨੌਕਰੀ ਦਵਾਉਣ ਦਾ ਵਾਹਦਾ ਕੀਤਾ ਤੇ ਇਸੇ ਆਸ ਜੋਗਾ ਜੀ ਨਿਊਯਾਰਕ ਜਾ ਪਹੁੰਚੇ ਸੀ।

‘ਕਾਰਵਾਸ਼’ ਦਾ ਕੰ’ਮ ਜੋਗੇ ਨੂੰ ਚੰਗਾ ਨਹੀ ਸੀ ਲੱਗਦਾ, ਕਿਉਂਕਿ ਉਹ ਵਰਿੵਆਂ ਤੋਂ ਖਰਾਦਾਂ ਤੇ ਕੰਮ ਕਰਨ ਦਾ ਆਦੀ  ਹੋ ਗਿਆ ਸੀ। ਉਹਦਾ ਬੇਲੀ ਉਹਨੂੰ ਸਮਝਾਉਂਦਾ, “ਜੋਗੇ, ਹੋਰ ਕੰਮ ਏਥੇ ਨਹੀਂ ਮਿਲਣਾ ਅੱਜ ਕੱਲ੍ਹ……. ਇਸ ‘ਚ ਕੀ ਮਾੜੀ ਗੱਲ ਐ, ਟਿੱਪਾਂ ਨੂੰ ਖਾਂਦੇ ਜਾਓ ਤੇ ਤਨਖਾਹ ਨੂੰ ਬੈਂਕ ਚ ਸੁੱਟੀ ਜਾਓ।” 

“ਤੈਨੂੰ ਪੁੱਗਦਾ ਏ ਇਹ ਕੰਮ, ਮੈਨੂੰ ਨਹੀਂ,” ਜੋਗੇ ਨੇ ਅੱਕ ਕੇ ਕਿਹਾ।

“ਫੇਰ ਤੇਰੀ ਮਰਜੀ, ਨਾ ਕਰ ਇਹ ਕੰਮ;  ਹੋਰ ਕੰਮ ਲੱਭ  ਲੈ……. ਕਿਥੇ ਜਾਏਂਗਾ ਤੂੰ ਰੈਸਟੋਰੈਂਟਾਂ ‘ਚ ਭਾਂਡੇ ਧੋਏਂਗਾ?…… ਟੈਕਸੀ ਚਲਾਏਂਗਾ?”

ਜੋਗਾ ਚੁੱਪ ਰਿਹਾ, ਦਰਅਸਲ ਉਹਨੂੰ ਖੁਦ ਨੂੰ ਸਮਝ ਨਹੀਂ ਸੀ ਆ ਰਹੀ। ਕਦੇ ‘ਕਾਰਵਾਸ਼’  ਦਾ ਕੰਮ ਕਰਦਿਆਂ ਕੁਝ ਪੈਸੇ ਉਹਨੇ ਬਚਾ ਵੀ ਲਏ ਸਨ। ਇਹੋ ਸੋਚਕੇ, ਕੁਝ  ਪੈਸੇ ਬਚਾ ਕੇ ਉਹਨੇ ਮੁੜਕੇ ਫੇਰ ਕੈਲੀਫੋਰਨੀਆਂ ਪਰਤਣ ਬਾਰੇ ਸੋਚਿਆ। ਇਕ ਰਾਤ ਜਦੋਂ ਬਹੁਤੀ ਪੀ ਕੇ ਉਹ ਆਪਣੇ ਬੇਲੀ ਨੂੰ ਬਹੁਤਾ ਘੱਟ ਵੱਧ ਬੋਲ ਪਿਆ, ਉਹਦੇ ਬੇਲੀ ਨੇ ਉਹਨੂੰ ਅਪਾਰਟਮੈਂਟ ਛੱਡ ਜਾਣ ਲਈ ਕਿਹਾ। ਫੇਰ ਕੀ ਸੀ, ਦੂਸਰੇ ਦਿਨ ਜੋਗਾ ਬੈਂਕ ਗਿਆ ਤੇ ਸਾਰੇ ਪੈਸੇ ਕੱਢਵਾ ਲਿਆਇਆ। ਲਾਸ ਐਂਜਲਸ ਦਾ ਟਿਕਟ ਲਿਆ; ਆਪਣੇ ਬੇਲੀ ਨਾਲ ਹਿਸਾਬ ਕੀਤਾ ਤੇ ਉਹਦੇ ਉਹਨੇ ਸਾਰੇ  ਪੈਸੇ ਵੀ ਉਤਾਰੇ ਜੋ ਉਹਨੇ ਸਿਐਟਲੋਂ ਨਿਉਯਾਰਕ ਲਈ ਜਹਾਜ ਦੇ ਟਿਕਟ ਲਈ ਲਏ ਸਨ। ਹੁਣ ਉਹਦੇ ਕੋਲ ਸਿਰਫ 1000 ਡਾਲਰ ਰਹਿ ਗਿਆ ਸੀ।

ਲਾਸ ਐਂਜਲਸ ਏਅਰ ਪੋਰਟ ਤੇ ਪੁੱਜ ਕੇ ਉਹਨੇ ਆਪਣੀ ਪਤਨੀ ਕਰਮਜੀਤ ਨੂੰ ਚਿਠੀ ਲਿਖੀ , “ਮੇਰੀ ਪਿਆਰੀ ਕਰਮ, ਮੈਨੂੰ ਫੇਰ ਲਾਸ ਐਂਜਲਸ ਆਉਣਾ ਪੈ ਰਿਹਾ ਹੈ। ਇਹ ਇਕ ਥਾਂ ਹੈ ਜਿਥੇ ਮੈਂ ਸੈੱਟ ਹੋ ਸਕਦਾ ਹਾਂ। ਪੁਰਾਣੇ ਬੌਸ ਜੌਂਨ ਕੋਲ ਫੇਰ ਨੌਕਰੀ ਕਰਾਂਗਾ ਤੇ ਪੈਸੇ ਜੋੜਕੇ ਸਾਲ ਦੇ ਅੰਦਰ ਤੈਨੂੰ ਏਥੇ ਬੁਲਾ ਲਵਾਂਗਾ। ਪਿਆਰ ਨਾਲ, ਤੇਰਾ, ਜੋਗਾ”

ਚਿੱਠੀ ਲੈਟਰ ਬਾਕਸ ‘ਚ ਸੁੱਟ ਕੇ ਉਹਨੇ ਆਪਣੇ ਆਪ ਨੂੰ ਕਿਹਾ, ‘ਦੋ ਸਾਲ ਹੋ ਗਏ ਯਾਰ ਵਿਚਾਰੀ ਉਡੀਕਦੀ ਨੂੰ ਪਤਾ ਨਹੀ. ਯਕੀਨ ਕਰੂ ਏਸ ਚਿੱਠੀ ਦਾ, ਪਤਾ ਨਹੀਂ ਹੁਣ ਯਕੀਨ ਕਰੇ ਹੀ ਨਾ।’

ਜੌਂਨ ਨੇ ਮਹੀਨੇ ਕੁ ਬਾਦ ਜੋਗੇ ਨੂੰ ਨੌਕਰੀ ਤਾਂ ਦੇ ਦਿੱਤੀ ਪਰ ਜੋਗੇ ਦਾ ਕੋਈ ਰਹਿਣ ਦਾ ਜੁਗਾੜ ਨਾ ਬਣਿਆ। ਇਕੱਲਾ ਇਕ ਬੈਡਰੂਮ ਦਾ ਕਿਰਾਇਆ ਉਹ ਦੇ ਨਹੀਂ ਸੀ ਸਕਦਾ। ਉਹਦੇ ਸਾਰੇ ਜਾਣ ਪਛਾਣੀਆਂ ਨੇ ਸਿੱਧਾ ਉਹਨੂੰ ਨਾਲ ਰੱਖਣ ਤੋਂ ਜਵਾਬ ਦੇ ਦਿੱਤਾ ਸੀ।  ਜਿਹੜਾ ਉਹ ਦੋਸ਼ ਉਹਦੇ ਤੇ ਲਾਉਂਦੇ ਸਨ, ਉਹ ਸਾਰੇ ਸੱਚੇ ਸਨ, ਜਿਵੇਂ  ਉਹਦਾ ਕਮਰੇ ‘ਚ ਅਤੇ  ਕਿਚਨ ‘ਚ ਗੰਦ ਪਾਉਣਾ ਜਾ ਪੀ ਕੇ ਗਾਲਾਂ ਕੱਢਣੀਆਂ। ਜੋਗਾ ਜਾਣਦਾ ਸੀ ਕਿ ਉਹ ਸੱਚੇ ਸਨ। ਆਖੀਰ ਜੋਗੇ ਨੇ 800 ਡਾਲਰ ਦੀ ਪੁਰਾਣੀ ਕਾਰ ਖਰੀਦ ਲਈ ਤੇ ਉਹਨੂੰ ਜੋਨ ਦੀ ਫੈਕਟਰੀ ਦੇ ਬਾਹਰ ਲਾ ਕੇ ਉੁਸ ਚ ਸੌਣਾ ਸੁਰੂ ਕਰ ਦਿੱਤਾ।

ਉਹਨੂੰ ਕਰਮਜੀਤ ਦੀ ਇਕ ਚਿੱਠੀ ਮਿਲੀ ਜਿਸ ‘ਚ ਉਸਨੇ ਲਿਖਿਆ ਕਿ ਕਿਵੇਂ ਉਹਨੂੰ ਜੋਗੇ ਦੇ ਘਰਦੇ ਮਿਲਕੇ ਤੰਗ ਕਰਨ ਲਗ ਪਏ ਸਨ। ਉਹਨੇ, ਉਹਨੂੰ ਤਰਲੇ ਭਰੀ ਬੇਨਤੀ ਕੀਤੀ ਕਿ ਉਹ, ਉਹਨੂੰ ਅਮਰੀਕਾ ਲੈ ਜਾਵੇ। ਉਸ ਰਾਤ ਜੋਗਾ ਬਹੁਤ ਉਦਾਸ ਰਿਹਾ ਤੇ ਉਹ ਨੇ ਸਰਾਬ ਵੀ ਨਾ ਪੀਤੀ। ਦੂਸਰੇ ਦਿਨ, ਉਹ ਆਪਣੇ ਇੱਕ ਜਾਣੀ ਪਛਾਣੇ ਜਸਵਿੰਦਰ ਕੋਲ ਗਿਆ। ਜਿਸ ਕੋਲ 60 ਹਜਾਰ ਡਾਲਰ ਬੈਂਕ ਚ ਸਨ। ਬੜੇ ਤਰਲੇ ਨਾਲ ਜਸਵਿੰਦਰ ਨੂੰ ਉਹਨੇ  ਆਖਿਆ, “ਜੇ ਯਾਰ ਤੂੰ ਮੈਨੂੰ 5000 ਡਾਲਰ ਸਿਰਫ ਬੈਂਕ ‘ਚ ਰੱਖਣ ਲਈ ਦੇ ਦੇਵੇਂ, ਮੈਂ ਆਪਣੀ ਬੀਵੀ ਦੀ ਸਪਾਂਸਰਸਿਪ ਘਲਦਿਆਂ।” ਜਸਵਿੰਦਰ ਨੂੰ ਜੋਗੇ ਕੋਲੋਂ 5000 ਡਾਲਰ ਮੁੜਨ ਦੀ ਕੋਈ ਆਸ ਨਹੀਂ ਸੀ; ਜਸਵਿੰਦਰ ਨੂੰ ਇਸ ਗੱਲ ਦਾ ਵੀ ਯਕੀਨ ਸੀ ਕਿ ਉਹਦੀ ਪਤਨੀ ਏਥੇ ਆ ਕੇ ਰੁਲੇਗੀ ਹੀ। ਇਸ ਕਰਕੇ ਉਹਨੂੰ,  ਉਸ ਦੀ ਕੀਤੀ ਬੇਨਤੀ  ਤੇ ਤਰਸ ਵੀ ਨਾ ਆਇਆ।  ਉਹਨੇ ਸਾਫ ਜਵਾਬ ਦਿੱਤਾ, “ਜੋਗੇ ਮੇਰੇ ਕੋਲ ਉਧਾਰ ਦੇਣ ਜੋਗੇ ਪੈਸੇ ਨਹੀਂ।” 

“ਝੂਠ ਬੋਲਦਾ ਏਂ ਤੂੰ , ਪੰਜਾਹ ਹਜਾਰ ਬੈਂਕ ਚ ਰੱਖੀ ਬੈਠਾਂ?” ਜੋਗੇ ਨੇ ਲੋਕਾਂ ਕੋਲੋਂ ਜਸਵਿੰਦਰ ਦੇ ਬੈਂਕ ਅਕਾਊਂਟ ਬਾਰੇ ਮਿਲੀ ਸੂਚਨਾਂ ਜਸਵਿੰਦਰ ਨਾਲ ਸਾਂਝੀ ਕੀਤੀ।

“ਜੋਗੇ ਵੇਖ, ਜਿਵੇਂ ਦ੍ਰਖਤਾਂ ਤੋਂ ਡਾਲਰ ਮੈਂ ਤੋੜੇ ਨੇ, ਤੂੰ ਤੋੜ ਲੈਂਦਾ।”

ਨਰਾਜ ਹੋ ਕੇ ਜੋਗਾ ਪਰਤਾ ਆਇਆ। ਉਸ ਦਿਨ ਉਹਨੂੰ ਪਹਿਲੀ ਵਾਰ ਮਹਿਸੂਸ ਹੋਇਆ ਕਿ ਉਹਨੇ ਆਪ ਆਪਣੇ ਤੇ ਆਪਣੀ ਬੀਵੀ ਵਿਚਕਾਰ ਇਕ ਊਚੀ ਦੀਵਾਰ ਖੜ੍ਹੀ ਕਰ ਲਈ ਸੀ ਜਿਸ ਨੂੰ ਡੇਗਣਾ ਅਜੇ ਉਸਨੂੰ ਸੌਖਾ ਨਹੀਂ ਸੀ ਲਗਦਾ।

ਜੌਂਨ  ਕੋਲੋਂ ਅਜੇ ਉਹਨੂੰ ਕੋਈ ਪੈਸੇ ਨਹੀਂ ਮਿਲੇ ਸਨ ਸੀ। ਦੀਵਾਲੀ ਮਨਾਉਣ ਲਈ ਵੀ ਉਸ ਕੋਲ ਪੈਸੇ ਨਹੀਂ ਸਨ। ਦੀਵਾਲੀ ਉਹ ਸ਼ੁਰੂ ਤੋਂ ਹੀ ਮਨਾਉਂਦਾ ਆ ਰਿਹਾ ਸੀ। ਉਹ ਦੀਵਾਲੀ ਨੂੰ ਪੂਰੀ ਬੋਤਲ ਪੀ ਜਾਂਦਾ ਤੇ ਆਪਣੇ ਆਪ ਨਾਲ ਗੱਲਾਂ ਕਰਦਾ। ਕਈ  ਵਾਰ ਆਪਣੇ ਆਪ ਦੀ ਉਹ ਸ਼ਲਾਘਾ ਕਰਦਾ ਤੇ ਕਈ ਵਾਰ ਆਪਣੇ ਆਪ ਨੂੰ ਬੁਰਾ ਭਲਾ ਆਖਦਾ। ਉਹਨੇ ਜੌਂਨ ਨਾਲ ਆਪਣੀ  ਸਮੱਸਿਆ ਸਾਂਝੀ ਕੀਤੀ; ਜੌਂਨ  ਨੇ ਉਹਨੂੰ ਆਖਿਆ, “ਅੱਜ ਸ਼ਾਮ  ਤੂੰ ਰਾਤ ਤੀਕ ਕੰਮ ਕਰ ਲਵੀਂ, ਉਸ ਕੰਮ ਦੇ ਪੈਸੇ ਮੈਂ ਤੈਨੂੰ ਨਕਦ ਦੇ ਦਿਆਂਗਾ ਤੇ ਤੂੰ ਆਪਣੀ ਦੀਵਾਲੀ  ਮਨਾ ਲਵੀਂ।”

ਕੰਮ ਕਰਦਿਆਂ ਉਹਨੂੰ ਬਹੁਤ ਰਾਤ ਹੋ ਗਈ। ਰਾਤ ਦੇ ਗਿਆਰਾਂ ਵੱਜਣ ਤੋਂ ਬਾਅਦ  ਉਹਨੇ ਸ਼ਾਪ ਦਾ ਛਟਰ ਬੰਦ ਕਰ ਲਿਆ ਸੀ ਕਿਉਂਕਿ ਬਾਹਰ ਬਹੁਤ ਠੰਢ ਹੋ ਗਈ ਸੀ। ਅੱਧੀ ਰਾਤ ਕੰਮ ਮੁਕਾ ਕੇ ਜਦੋਂ ਉਹ ਕਾਰ ‘ਚ ਸੌਣ ਲਈ ਬਾਹਰ ਨਿਕਲਿਆ, ਉਹ ਆਪਣੀ ਕਾਰ ਨੂੰ ਨੀਵੀਂ ਹੋਈ ਵੇਖ ਕੇ ਹੈਰਾਨ ਹੋਇਆ। ਜਦੋਂ ਉਹਨੇ ਕਾਰ ਦੀ ਤਾਕੀ ਖੋਹਲੀ, ਓਦੋਂ ਉਹਨੂੰ ਪਤਾ ਚਲਿਆ ਕਿ ਉਸ ਦੀ ਕਾਰ ਦੇ ਚਾਰੇ ਪਹੀਏ ਚੋਰ ਲਾਹ ਕੇ ਲੈ ਗਏ ਸਨ।

ਉਹ ਅਤਿਅੰਤ ਦੁਖੀ ਹੋ ਗਿਆ; ਅੱਜ ਦੇ ਉਹਦੇ ਓਵਰ ਟਾਇਮ ਦੇ ਸਾਰੇ ਪੈਸੇ  ਉਸ ਦੀ ਕਾਰ ਦੇ ਪਹੀਆਂ ਤੇ ਲੱਗ ਜਾਣੇ ਸੀ।

ਦੂਸਰੇ ਦਿਨ ਸ਼ਾਮ ਨੂੰ ਜੇਬ ਖਾਲੀ ਹੋਏ ਵੇਖਕੇ ਜੋਗੇ ਨੇ ਘੋਲੇ ਨੂੰ ਫੋਨ ਕੀਤਾ, “ਘੋਲਿਆ, ਅੱਜ ਵਰਗਾ ਦਿਨ ਜਿੰਦਗੀ ਚ ਕਦੇ ਨਹੀ ਆਇਆ!”

“ਕਿਉਂ?” ਘੋਲੇ ਨੇ ਪੁੱਛਿਆ।

“ਜੇਬ ਖਾਲੀ, ਬੈਠਾਂ ……….. ਯਾਰ ਸਾਰਾ  ਅਮਰੀਕਾ ਬੀਅਰ ਪੀ ਰਿਹੈ, ਮੇਰੇ ਕੋਲ ਬੀਅਰ ਖਰੀਦਣ ਜੋਗੇ ਵੀ ਪੈਸੇ ਨਹੀ……. ਕੱਲ੍ਹ ਏਸੇ ਲਈ ਸਪੈਸਲ ਓਵਰ ਟਾਇਮ ਕੀਤਾ ਸੀ, ਮੇਰੇ ਸਾਲਿਆਂ ਨੇ ਕਾਰ ਦੇ ਪਹੀਏ ਲਾਹ ਲਏ, ਜੋ ਪੈਸੇ ਜੌਂਨ ਨੇ ਦਿੱਤੇ, ਉਹ ਪਹੀਆਂ ਤੇ ਲੱਗ  ਗਏ।” ਘੋਲੇ ਨੂੰ ਬੜਾ ਤਰਸ ਆਇਆ; ਮੋਹ ਭਰੇ ਨੇ ਉਹਨੇ ਆਖਿਆ, “ਏਥੇ ਆ ਜਾ।”

ਜੋਗੇ ਨੇ ਕਿਹਾ ,”ਤੇਰੇ ਕੋਲ ਥਾਂ ਹੈ ਹੀ ਕੀ? ਤੇ ਜੇ ਮੈਂ ਆ ਗਿਆ, ਤੇਰੇ ਸਾਥੀਆਂ ਲਈ ਪ੍ਰਾਬਲਮ ਐ,  ਇਸ ਲਈ ਘੋਲੇ ਤੂੰ ਏਥੇ ਹੀ ਆਜਾ। ਕਾਰ  ਦੀਆਂ ਅਗਲੀਆਂ ਸੀਟਾਂ ਤੇ ਮੈਂ ਤੇ ਪਿਛਲੀਆਂ ਤੇ ਤੂੰ ਸੌਂ ਜਾਵੀਂ।”

ਘੋਲਾ ਉਸ ਕੋਲ 12 ਪੈਕ  ਬੀਅਰ ਦੇ ਲੈ ਕੇ ਆ ਪੁੱਜਾ। ਉਹਨੇ ਵੇਖਿਆ ਕਿ ਜੋਗਾ ਬੀਅਰ ਵੇਖ ਕੇ ਖੁਸ਼  ਹੋ ਗਿਆ ਸੀ। 

“ਘੋਲਿਆ, ਮੈਂ ਗੰਦਾ ਮੈਂ ਚੰਗਾ  ਆਂ, ਪਰ ਤੇਰੀ ਦੋਸਤੀ ਦੀ ਮੈਂ ਪੂਰੀ ਕਦਰ ਕਰਦੈਂ……….. ਤੇਰੀ ਜਦੋਂ ਬਾਂਹ ਟੁੱਟੀ ਸੀ, ਪਤੈ ਮੇਰੇ ‘ਤੇ  ਕੀ ਗੁਜਰੀ ਸੀ?”

“ਜੋਗਿਆ ਪੁਰਾਣੀਆਂ ਗੱਲਾਂ ਛੱਡ, ਚਲ ਅੱਜ ਦੀਵਾਲੀ ਮਨਾਈਏ।”

ਘੋਲੇ ਨੂੰ ਪੰਜਾਬੋਂ ਆਇਆਂ ਦੋ ਕੁ ਵਰੵੇ ਹੋਏ ਸਨ, ਪਰ ਉਹ ਸ਼ਰਾਬ ਰੋਜ ਨਹੀਂ ਸੀ ਪੀਂਦਾ, ਕਿਉਂਕਿ ਸ਼ਰਾਬ ਖ਼ਾਤਰ ਉਹ ਆਪਣੀ ਨੌਕਰੀ ਨੂੰ ਖਤਰੇ ਵਿੱਚ ਨਹੀਂ ਸੀ ਪਾਉਂਦਾ। ਉਹ ਖੁਦ ਇੱਕ ਪਰਵਾਰ ਨਾਲ ਰਹਿੰਦਾ ਸੀ ਅਤੇ ਉਹ ਕਿਸੇ ਨੂੰ ਘਰ ਨਹੀਂ ਸੀ ਸੱਦਦਾ ਅਤੇ ਉਹ ਜੋਗੇ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਦਾ। ਅੱਜ ਉਸ ਨੂੰ ਤਰਸ ਆ ਗਿਆ ਸੀ ਘੋਲੇ ਉੱਤੇ, ਇਸ ਕਰਕੇ ਉਹਨੇ ਉਸ ਦਾ ਸਾਥ ਦੇਣਾ ਠੀਕ ਸਮਝਿਆ। ਉਂਝ ਵੀ ਉਹ ਜੋਗੇ ਨੂੰ ਬਹੁਤ ਚੰਗਾ ਸਮਝਦਾ ਸੀ ਇਹ ਜਾਣਦਾ ਹੋਇਆ ਕਿ ਜੋਗੇ ਦੀਆਂ ਬਹੁਤ ਬੋਲਣ ਤੇ ਸ਼ਰਾਬ ਪੀਣ ਵਰਗੀਆਂ ਆਦਤਾਂ ਨੂੰ ਛੱਡਕੇ, ਜੋਗਾ ਯਾਰਾਂ ਦਾ ਯਾਰ ਸੀ ਤੇ ਬਹੁਤ ਹੀ ਨੇਕ ਬੰਦਾ ਸੀ। 

ਉਹ ਬੀਆਰ ਪੀਂਦੇ ਰਹੇ ਤੇ ਗੱਲਾਂ ਮਾਰਦੇ ਰਹੇ; ਪੁਰਾਣੀਆਂ ਯਾਦਾਂ ਨੂੰ ਯਾਦ ਕਰਦੇ ਕਰਦੇ, ਕਦੇ ਹੱਸ ਪੈਂਦੇ ਤੇ ਕਦੇ ਉਦਾਸ ਹੋ ਜਾਂਦੇ। ਬੀਆਰ ਮੁੱਕਣ  ਤੇ ਘੋਲੇ ਨੇ  ਜੋਗੇ ਨੂੰ ਪੁੱਛਿਆ, “ਹੋਰ ਪੀਣੀ ਏ?”

“ਘੋਲੇ, ਤੇਰੀ  ਮਰਜੀ ਆ ਬਾਈ , ਮੈਂ ਤਾਂ ਖਾਲੀ ਆਂ।”

” ਮੈਂ ਲਿਉਦਾਂ “,  ਘੋਲੇ ਨੇ ਉਠਦਿਆਂ ਕਿਹਾ।

“ਨਹੀਂ ਦੋਨੋਂ ਚਲਦੇ ਆਂ………. ਕਾਰ ਤੇ ਚਲਦੇ ਆਂ ਏਨੀ ਰਾਤ ਤੁਰਨਾ ਠੀਕ ਨਹੀਂ ਕਿਆ ਪਤਾ ਸਾਲਾ ਕੋਈ ਚੋਰ ਉਚੱਕਾ ਹੀ ਪੈਦਲ ਚਲਦਿਆਂ ਨੂੰ ਟੱਕਰ ਜਾਵੇ!” 

ਘੋਲੇ ਨੂੰ ਜੋਗੇ ਦਾ ਸੁਝਾਅ ਚੰਗਾ ਲੱਗਿਆ। ਲਿੱਕਰ ਸਟੋਰ ਤੋਂ  ਬੀਆਰ ਲੈਂਕੇ  ਜਦੋਂ ਜੋਗੇ ਨੇ ਬੈਕ ਕਰਕੇ ਕਾਰ ਪਾਰਕਿੰਗ ਲੌਟ ਵਿਚੋਂ ਬਾਹਿਰ ਕੱਢੀ, ਤਾਂ ਉਹਨੇ ਇਕ ਬੰਦੇ ਨੂੰ ਜੋ ਸੜਕ ਪਾਰ ਕਰ ਰਿਹਾ ਸੀ, ਵੇਖਿਆ ਹੀ ਨਾ  ਤੇ ਉਹਨੂੰ ਹਿੱਟ ਕਰ ਦਿੱਤਾ। 

“ਜੋਗੇ ਮਾਰ ਤਾਂ ਤੂੰ ਕੋਈ ਬੰਦਾ”,  ਘੋਲਾ ਚੀਕਿਆ।

“ਦੁੜਾ ਲੈ ਕਾਰ,” ਘੋਲੇ ਨੇ ਸੜਕ ਤੇ ਪਏ ਤੜਫ ਰਹੇ ਬੰਦੇ ਵਲ ਤੱਕਦਿਆਂ ਕਿਹਾ। 

“ਸਾਲੀ ਤਕਦੀਰ”, ਬੁੜ ਬੁੜ ਕਰਦਿਆਂ ਜੋਗੇ ਨੇ ਕਾਰ ਸੜਕ ਦੇ ਇੱਕ ਪਾਸੇ ਲਾ ਲਈ ਤੇ ਕਾਰ ‘ਚੋਂ ਨਿਕਲਦਿਆਂ ਬੋਲਿਆ, “ਘੋਲਿਆ ਭੱਜਣ ਨਾਲ ਵਾਧਾ ਵਧੂਗਾ। ਇਹਨੂੰ ਇੰਝ ਛਡਣਾ ਵੀ ਇਨਸਾਨੀਅਤ ਨਹੀਂ। ਆ ਵੇਖੀਏ ਕਿ ਵਿਚਾਰਾ ਜੀਊਂਦਾ ਐ ਜਾਂ ਨਹੀਂ। ਜੇ ਜਿਉਂਦਾ ਹੋਇਆ ਤਦ ਹਸਪਤਾਲ ਛੱਡ ਆਵਾਂਗੇ ਯਾਰ, ਵਿਚਾਰੇ ਨੂੰ।  ਮਾਰੇ ਗਏ ਘੋਲੇ, ਅੱਜ ਮੇਰੇ ਤੇ ਕਰਮਜੀਤ ਵਿਚਕਾਰ ਦੀ ਦੀਵਾਰ ਹੋਰ ਊਚੀ ਚਿਣਤੀ ਤਕਦੀਰ ਨੇ।”

“ਕਾਹਦੀ ਦੀਵਾਰ?” ਘੋਲੇ ਨੇ ਪੁੱਛਿਆ।

“ਤੂੰ ਨਹੀ. ਸਮਝਣਾ…….. ਜਾਹ ….. ਕਾਲ ਕਰ ਲਿਕਰ ਸਟੋਰ ਤੋਂ ਐਮਬੂਲੈਂਸ ਨੂੰ”, ਤੇ  ਜੋਗਾ ਆਪ ਸੜਕ ਤੇ  ਫੱਟੜ ਪਏ ਬੰਦੇ ਕੋਲ ਗਿਆ ਤੇ ਉਹਦਾ ਸਿਰ ਗੋਦ ਵਿਚ ਲੈਕੇ ਬੋਲਣ ਲੱਗਾ , “ਤੂੰ ਠੀਕ ਏਂ, ਘਬਰਾ ਨਾ; ਐਮਬੂਲੈਂਸ ਆ ਰਹੀ ਆ ਹਸਪਤਾਲ ਲਈ ..ਉਹ ਰੱਬਾ ਬਚਾਈਂ  ਵਿਚਾਰੇ ਨੂੰ।”
**

488
***

ਗ ਸ ਨਕਸ਼ਦੀਪ ਪੰਜਕੋਹਾ 
ਜਨਮ
ਪਿੰਡ ਪੰਜਕੋਹੇ ਜਿਲ੍ਹਾ ਫਤਿਹਗੜ੍

ਉੱਚ ਵਿਦਿਆ ਮਾਤਾ ਗੂਜਰੀ ਕਾਲਜ ਫਤਿਹਗੜ ਸਾਹਿਬ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਲਈ |
1986 ਤੋਂ ਬਾਦ ਅਮਰੀਕਾ ਜਾ ਵਸੇ |
ਲਿਖਣ ਦਾ ਸ਼ੌਕ ਸ਼ੁਰੂ ਤੋਂ ਹੀ ਸੀ।
ਹੁਣ ਤੀਕ 6 ਪੰਜਾਬੀ ਨਾਵਲ ਲਿਖੇ:
ਪਲੇਠਾ ਨਾਵਲ “ਵਾਵਰੋਲੀਆਂ ਦੇ ਨਾਲ”
ਅਮਰੀਕਾ ਰਹਿਕੇ ਵੀ ਲਿਖਣਾ ਕਦੇ ਨਹੀਂ ਛੱਡਿਆ |
ਬਾਕੀ ਸਾਰੇ ਨਾਵਲਾਂ ਜਿਵੇਂ "ਸਾਂਝਾ ਦੁੱਖ", "ਪਾਰ ਬਣਾਏ ਆਲ੍ਹਣੇ", "ਗਿਰਵੀ ਹੋਏ ਮਨ", "ਦਰਖ਼ਤੋਂ ਟੁਟੇ ਪੱਤੇ" ਅਤੇ "ਸੁਲਗਦੀ ਅੱਗ" ਅਤੇ ਛਪਣ ਅਧੀਨ ‘ਲਾਲ ਲਕੀਰੋਂ ਪਾਰ’ ਅਮਰੀਕਾ ਵਿੱਚ ਰਹਿੰਦਿਆਂ ਹੀ ਲਿਖੇ |
ਇੱਕ ਕਾਵਿ ਸੰਗ੍ਰਹਿ " ਰਾਤ ਦੀ ਕੁੱਖ " ਵੀ 2019 ਵਿੱਚ ਛਪਿਆ |
ਇੱਕ ਨਵਾਂ ਕਾਵਿ ਸੰਗ੍ਰਹਿ “ਖਾਮੋਸ਼ੀ ਅਤੇ ਅਤੇ ਕਾਵਿ ਵਿਸ਼ਲੇਛਣ “ਅਦਬ -ਸੁਨੇਹੇ ਅਕਤੂਬਰ 2021 ਵਿੱਚ ਛਪੇ |
ਪੰਜਾਬੀ ਸਾਹਿਤ ਵਿੱਚ ਜਿਆਦਾ ਜਾਣ ਪਛਾਣ ਉਨ੍ਹਾਂ ਦੇ ਨਾਵਲ " ਗਿਰਵੀ ਹੋਏ ਮਨ" ਕਰਕੇ ਬਣੀ ਜਿਸ ਦਾ ਸੰਬੰਧ ਹਰ ਨਸਲ ਦੇ ਪਰਸਪਰ ਸਵੈਵਿਰੋਧ ਅਤੇ ਮਨ ਦੇ ਦੋਗਲੇ ਬਣੇ ਰਹਿਣ ਨਾਲ ਹੈ | ਇਹ ਨਾਵਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਸੀਲੇਬਸ ਵਿੱਚ ਲੱਗਿਆ ਹੋਇਆ ਹੈ | ਇਸ ਨਾਵਲ ਦਾ ਅੰਗਰੇਜ਼ੀ ਵਿੱਚ ਤਰਜਮਾ ਵੀ ਹੋ ਚੁੱਕਿਆ ਹੈ ਅਤੇ ਹਿੰਦੀ ਵਿੱਚ ਵੀ ਹੋ ਰਿਹਾ ਹੈ !
9-10 ਸਾਲ ਲਾਕੇ “ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ” ਦਾ ਅੰਗਰੇਜੀ ਵਿੱਚ ਉਲਥਾ ਕੀਤਾਤੇ ਜਿਸ ਦੇ ਆਧਾਰ ਤੇ ਅੰਗਰੇਜੀ ਵਿੱਚ 4 ਕਿਤਾਬਾਂ ਲਿਖੀਆਂ: ਜਿਵੇਂ “Guru Message, The Ultimate Freedom", "Guru Nanak In His Own Words", "Bhagat Kabir, A Self Portrait " and "Who Does Live Within?" 

ਨਕਸ਼ਦੀਪ ਪੰਜਕੋਹਾ ਉਨ੍ਹਾਂ ਸਭ ਸ਼ਖਸ਼ਿਅਤਾਂ ਨਾਲ ਜੁੜੇ ਰਹਿਣਾ ਚਾਹੁੰਦੇ ਹਨ ਜੋ ਕਿਸੇ ਵੀ ਆਰਟ , ਨਿਰੋਲ ਸਾਹਿਤ ਸਿਰਜਣਾ ਅਤੇ ਇਸ ਦੀ ਇਮਾਨਦਾਰੀ ਨਾਲ ਆਲੋਚਨਾ ਵਿੱਚ ਰੁੱਝੇ ਹੋਏ ਹਨ ਕਿਉਂਕਿ ਉਹ ਇਹੋ ਸਮਝਦੇ ਹਨ ਕਿ ਅਜਿਹੀਆਂ ਸ਼ਖਸ਼ਿਅਤਾਂ ਹੀ ਉਨ੍ਹਾਂ ਦੇ ਦਿਲ ਦੇ ਕਰੀਬ ਹਨ ! “ਮੁਹਾਂਦਰਾ ਪੁਰਸਕਾਰ” ਬਿਨਾ ਕਿਸੇ ਸਿਫਾਰਸ਼ ਤੋਂ ਮਿਲਣ ਨੂੰ ਉਹ ਬਹੁਤ ਵੱਡਾ ਇਨਾਮ ਸਮਝਦੇ ਹਨ!

ਗ.ਸ. ਨਕਸ਼ਦੀਪ, ਪੰਜਕੋਹਾ

ਗ ਸ ਨਕਸ਼ਦੀਪ ਪੰਜਕੋਹਾ  ਜਨਮ ਪਿੰਡ ਪੰਜਕੋਹੇ  ਜਿਲ੍ਹਾ ਫਤਿਹਗੜ੍ ਉੱਚ ਵਿਦਿਆ ਮਾਤਾ ਗੂਜਰੀ ਕਾਲਜ ਫਤਿਹਗੜ  ਸਾਹਿਬ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ  ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਲਈ | 1986 ਤੋਂ ਬਾਦ  ਅਮਰੀਕਾ ਜਾ ਵਸੇ | ਲਿਖਣ ਦਾ ਸ਼ੌਕ ਸ਼ੁਰੂ ਤੋਂ ਹੀ ਸੀ। ਹੁਣ ਤੀਕ 6 ਪੰਜਾਬੀ ਨਾਵਲ ਲਿਖੇ: ਪਲੇਠਾ ਨਾਵਲ “ਵਾਵਰੋਲੀਆਂ ਦੇ ਨਾਲ” ਅਮਰੀਕਾ ਰਹਿਕੇ ਵੀ ਲਿਖਣਾ ਕਦੇ ਨਹੀਂ ਛੱਡਿਆ | ਬਾਕੀ ਸਾਰੇ ਨਾਵਲਾਂ  ਜਿਵੇਂ  "ਸਾਂਝਾ ਦੁੱਖ",  "ਪਾਰ ਬਣਾਏ ਆਲ੍ਹਣੇ",  "ਗਿਰਵੀ ਹੋਏ ਮਨ",  "ਦਰਖ਼ਤੋਂ ਟੁਟੇ ਪੱਤੇ" ਅਤੇ "ਸੁਲਗਦੀ ਅੱਗ" ਅਤੇ ਛਪਣ ਅਧੀਨ ‘ਲਾਲ ਲਕੀਰੋਂ ਪਾਰ’ ਅਮਰੀਕਾ ਵਿੱਚ  ਰਹਿੰਦਿਆਂ ਹੀ ਲਿਖੇ | ਇੱਕ ਕਾਵਿ ਸੰਗ੍ਰਹਿ " ਰਾਤ ਦੀ ਕੁੱਖ " ਵੀ 2019 ਵਿੱਚ ਛਪਿਆ | ਇੱਕ ਨਵਾਂ ਕਾਵਿ ਸੰਗ੍ਰਹਿ “ਖਾਮੋਸ਼ੀ ਅਤੇ ਅਤੇ ਕਾਵਿ ਵਿਸ਼ਲੇਛਣ “ਅਦਬ -ਸੁਨੇਹੇ ਅਕਤੂਬਰ 2021 ਵਿੱਚ ਛਪੇ | ਪੰਜਾਬੀ ਸਾਹਿਤ ਵਿੱਚ ਜਿਆਦਾ ਜਾਣ ਪਛਾਣ ਉਨ੍ਹਾਂ  ਦੇ  ਨਾਵਲ " ਗਿਰਵੀ ਹੋਏ ਮਨ" ਕਰਕੇ ਬਣੀ ਜਿਸ ਦਾ ਸੰਬੰਧ ਹਰ ਨਸਲ ਦੇ ਪਰਸਪਰ ਸਵੈਵਿਰੋਧ ਅਤੇ  ਮਨ ਦੇ ਦੋਗਲੇ  ਬਣੇ ਰਹਿਣ ਨਾਲ ਹੈ | ਇਹ ਨਾਵਲ  ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ  ਦੇ ਪੰਜਾਬੀ ਸੀਲੇਬਸ ਵਿੱਚ ਲੱਗਿਆ ਹੋਇਆ ਹੈ | ਇਸ ਨਾਵਲ ਦਾ  ਅੰਗਰੇਜ਼ੀ  ਵਿੱਚ ਤਰਜਮਾ ਵੀ  ਹੋ ਚੁੱਕਿਆ ਹੈ ਅਤੇ ਹਿੰਦੀ ਵਿੱਚ ਵੀ ਹੋ ਰਿਹਾ ਹੈ ! 9-10 ਸਾਲ ਲਾਕੇ “ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ”  ਦਾ ਅੰਗਰੇਜੀ ਵਿੱਚ ਉਲਥਾ ਕੀਤਾ ਤੇ ਜਿਸ ਦੇ ਆਧਾਰ ਤੇ ਅੰਗਰੇਜੀ ਵਿੱਚ 4 ਕਿਤਾਬਾਂ ਲਿਖੀਆਂ:  ਜਿਵੇਂ “Guru Message, The Ultimate Freedom", "Guru Nanak In His Own Words", "Bhagat Kabir, A Self Portrait " and "Who Does Live Within?"  ਨਕਸ਼ਦੀਪ ਪੰਜਕੋਹਾ ਉਨ੍ਹਾਂ ਸਭ ਸ਼ਖਸ਼ਿਅਤਾਂ ਨਾਲ ਜੁੜੇ ਰਹਿਣਾ ਚਾਹੁੰਦੇ  ਹਨ  ਜੋ ਕਿਸੇ ਵੀ ਆਰਟ , ਨਿਰੋਲ ਸਾਹਿਤ ਸਿਰਜਣਾ ਅਤੇ ਇਸ ਦੀ ਇਮਾਨਦਾਰੀ ਨਾਲ ਆਲੋਚਨਾ ਵਿੱਚ ਰੁੱਝੇ ਹੋਏ  ਹਨ  ਕਿਉਂਕਿ ਉਹ ਇਹੋ  ਸਮਝਦੇ ਹਨ ਕਿ ਅਜਿਹੀਆਂ ਸ਼ਖਸ਼ਿਅਤਾਂ ਹੀ  ਉਨ੍ਹਾਂ  ਦੇ ਦਿਲ ਦੇ  ਕਰੀਬ ਹਨ ! “ਮੁਹਾਂਦਰਾ ਪੁਰਸਕਾਰ” ਬਿਨਾ ਕਿਸੇ ਸਿਫਾਰਸ਼ ਤੋਂ ਮਿਲਣ ਨੂੰ ਉਹ ਬਹੁਤ ਵੱਡਾ ਇਨਾਮ ਸਮਝਦੇ ਹਨ!

View all posts by ਗ.ਸ. ਨਕਸ਼ਦੀਪ, ਪੰਜਕੋਹਾ →