“ਬਾਬਾ, ਊਂ ਮੁਸਲਮਾਨ ਏਂ ਤੇ ਨਾਂ ਮਈਆਦਾਸ! ਇਹ ਕੀ ਮਾਜ਼ਰਾ ਏ, ਉੱਤੇ ਮਸੀਤ ਤੇ ਹੇਠਾਂ ਮੰਦਰ?”
“ਓਏ ਭਾਈ ਕਾਕਾ, ਲੋਕ ਪੀਂਦੇ ਆ ਇੱਕ ਮਾਂ ਦਾ ਦੁੱਧ! ਮੈਂ ਦੋਂਹ-ਦੋਂਹ ਦਾ ਪੀਤਾ ਹੋਇਆ ਏ!”
“ਓਹ ਕਿਵੇਂ ਬਾਬਾ?”
“ਜਦੋਂ ਮੈਂ ਜੰਮਿਆ ਸੀ ਤਾਂ ਮੇਰੀ ਮਾਂ ਦੇ ਮਹੀਨੇ ਕੁ ਬਾਅਦ ਦੁੱਧ ਆਉਣੋਂ ਹਟ ਗਿਆ ਸੀ। ਸਾਡੇ ਘਰਦਿਆਂ ਨੇ ਮੈਨੂੰ ਬੱਕਰੀ ਦੇ ਦੁੱਧ ‘ਤੇ ਲਾਉਣ ਦੀ ਕੋਸ਼ਟ ਕੀਤੀ ਪਰ ਮੈਂ ਓਪਰੇ ਦੁੱਧ ਵੱਲ ਮੂੰਹ ਨਾ ਕਰਾਂ। ਜਿੰਨ੍ਹਾਂ ਨਾਲ਼ ਸਾਡੇ ਘਰ ਦੀ ਕੰਧ ਸਾਂਝੀ ਸੀ ਉਹ ਹਿੰਦੂ ਬਰਾਦਰੀ ਦੇ ਸਨ। ਉਹਨਾਂ ਦੀ ਨੂੰਹ ਦਾ ਨਾਂ ਗੁਜਰੀ ਸੀ, ਮਾਂ ਦੀ ਹਾਨਣ ਸੀ, ਬੜੀ ਬਣਦੀ ਸੀ ਉਹਨਾਂ ਦੀ ਆਪਸ ‘ਚ। ਉਹਦੇ ਮੁੰਡਾ ਹੋ ਕੇ ਤਿੰਨ ਮਹੀਨਿਆਂ ਦਾ ਪੂਰਾ ਹੋ ਗਿਆ ਸੀ, ਇਹ ਉਹਦੀ ਇਉਂ ਫ਼ੌਤ ਹੋਈ ਤੀਜੀ ਔਲਾਦ ਸੀ। ਮੇਰੀ ਮਾਂ ਨੇ ਉਹਦੇ ਅੱਗੇ ਗੁਹਾਰ ਲਾਈ ਤਾਂ ਉਹ ਝੱਟ ਮੈਨੂੰ ਦੁੱਧ ਚੁੰਘਾਉਣਾ ਮੰਨ ਗਈ ਤੇ ਮੰਨੀ ਹੀ ਨਹੀਂ ਸਗੋਂ ਅੱਖਾਂ ਭਰਕੇ ਮਾਂ ਦੇ ਗਲੇ ਲੱਗ ਗਈ ਸੀ। ਮੈਂ ਉਸ ਹਿੰਦੂ ਮਾਂ ਦਾ ਤਿੰਨ ਸਾਲ ਦੁੱਧ ਚੁੰਘਿਆ। ਏਤਰ੍ਹਾਂ ਉਹਦੀ ਮਮਤਾ ਦੀ ਤ੍ਰੇਹ ਨੂੰ ਵੀ ਕੁਝ ਠੱਲ੍ਹ ਪੈ ਗਈ। ਉਹ ਸਾਰਾ-ਸਾਰਾ ਦਿਨ ਮੈਨੂੰ ਕੁੱਛੜੋਂ ਨੀ ਲਾਹੁੰਦੀ ਸੀ। ਦੱਸਦੇ ਸੀ ਉਹ ਮੈਨੂੰ ਪਿਆਰ ਨਾਲ਼ ਮਈਆਦਾਸ ਕਿਹਾ ਕਰਦੀ ਸੀ ਤੇ ਇਉਂ ਮੇਰਾ ਨਾਂ ਪੱਕ ਗਿਆ। ਵੈਸੇ ਆਂਢ-ਗਵਾਂਢ ਆਲ਼ੇ ਤਾਂ ਮੈਨੂੰ ਗੁਜਰੀ ਆਲ਼ਾ ਆਖਿਆ ਕਰਦੇ ਸਨ। ਉਹਦੇ ਮੂੰਹ ‘ਚੋਂ ਅੱਠੋ-ਪਹਿਰ ‘ਜੈ ਸ੍ਰੀ ਰਾਮ’, ‘ਜੈ ਸ੍ਰੀ ਰਾਮ’ ਨਿੱਕਲਦਾ ਰਹਿੰਦਾ ਸੀ। ਪੂਜਾ-ਪਾਠ ਕਰਕੇ ਉਹ ਮੇਰੇ ਮੱਥੇ ‘ਤੇ ਲਾਲ ਟਿੱਕਾ ਵੀ ਲਾ ਦਿੰਦੀ ਸੀ, ਮੇਰੇ ਘਰਦਿਆਂ ਨੂੰ ਕੋਈ ਇਤਰਾਜ ਨਹੀਂ ਸੀ। ਇਉਂ ਸੀ ਉਹਨਾਂ ਜ਼ਮਾਨਿਆਂ ‘ਚ ਭਾਈ-ਭਰੱਪਾ।
ਸਭ ਚੰਗੇ-ਭਲ਼ੇ ਇੱਕ-ਦੂਜੇ ਦੀਆਂ ਖ਼ੈਰਾਂ ਮੰਗਦੇ-ਮਨਾਉਂਦੇ ਵਸਦੇ ਸਨ। ਸੰਨ ਸੰਤਾਲ਼ੀ ਭੁੱਖੀ ਡੈਣ ਵਾਂਗ ਸਾਨੂੰ ਟੱਕਰਿਆ।
ਉਹਨੇ ਬੜੇ ਮਿੰਨਤਾਂ-ਤਰਲੇ ਕੀਤੇ ਸਾਡੇ ਟੱਬਰ ਦੇ,”ਕੋਈ ਨੀਂ ਕਹਿੰਦਾ ਥੋਨੂੰ ਚੰਗਾ-ਮੰਦਾ, ਟਿਕੇ ਰਹੋ, ਹੱਥ ਜੋੜਦੀ ਆਂ, ਮੈਨੂੰ ਮੇਰੇ ਮਈਆਦਾਸ ਤੋਂ ਨਾ ਵਿਛੋੜੋ!” ਤੁਰਨ ਲੱਗਿਆਂ ਮੈਂ ਉਹਦੀਆਂ ਲੱਤਾਂ ਨੂੰ ਚੰਬੜ ਗਿਆ ਸਾਂ ਤੇ ਉਹਨੇ ਘੁੱਟਕੇ ਮੈਨੂੰ ਆਪਣੀ ਜੱਫੀ ‘ਚ ਲੈ ਲਿਆ ਸੀ। ਪਰ ਜਦੋਂ ਕਿਸੇ ਨੇ ਉਹਨੂੰ ਦੱਸਿਆ ਕਿ ਪਿੱਛੇ ਰਹਿ ਗਏ ਲੁਹਾਰਾਂ ਦੇ ਮੁੰਡੇ ਬਰਕੀ ਨੂੰ ਗੰਡੇ ਬਦਮਾਸ਼ ਨੇ ਖੂਹ ਕੋਲ ਬਰਛਾ ਮਾਰਕੇ ਮਾਰ ਦਿੱਤਾ ਏ ਤਾਂ ਉਹ ਮਜ਼ਬੂਰ ਹੋ ਗਈ। ਇਉਂ ਅਜ਼ਾਦੀ ਨੇ ਓਹਤੋਂ ਉਹਦੀ ਚੌਥੀ ਔਲਾਦ ਖੋਹ ਲਈ ਪਰ ਉਹਦੀ ਇੱਕ ਨਾ ਚੱਲੀ।
ਉਹਨੂੰ ਨਾਲ ਤਾਂ ਮੈਂ ਨੀਂ ਲਿਆ ਸਕਿਆ ਪਰ ਉਹਦੇ ਧਰੇ ਨਾਂ ਨੂੰ ਮੈਂ ਕਦੇ ਪਿੱਠ ਨੀਂ ਦਖਾਈ। ਮਈਆਦਾਸ ਬੁਲਾਏ ਜਾਣ ‘ਤੇ ਮੈਨੂੰ ਕਦੇ ਵੀ ਹੇਠੀ ਨੀਂ ਮਸੂਸ ਹੋਈ!
ਏਧਰ ਆ ਕੇ ਉਹਦੇ ਬਗੈਰ ਮੇਰੀ ਭੁੱਖ ਮਰ ਗਈ, ਮੈਂ ਵੀ ਮਰਦਾ-ਮਰਦਾ ਬਚਿਆ। ਮੁੱਛ-ਫੁੱਟ ਹੋਇਆ ਤਾਂ ਉਹ ਖ਼ਾਬਾਂ ‘ਚ ਮੈਨੂੰ ਵਾਜਾਂ ਮਾਰਦੀ ਦੀਂਹਦੀ। ਮੈਂ ਕਈ ਵਾਰ ਵੀਜ਼ੇ ਦੀ ਦਰਖ਼ਾਸਤ ਦਿੱਤੀ ਪਰ ਮਨਜ਼ੂਰ ਨਾ ਹੋਈ। ਗੰਦੀ ਸਿਆਸਤ ਨੇ ਸਾਨੂੰ ਫੱਟ ਵੀ ਦਿੱਤੇ ਜੇ ਅਸੀਂ ਮੱਲ੍ਹਮ-ਪੱਟੀ ਕਰਨੀ ਚਾਹੀ, ਲੂਣ-ਮਿਰਚਾਂ ਭੁੱਕਣ ਦਾ ਮੌਕਾ ਵੀ ਹੱਥੋਂ ਨਾ ਜਾਣ ਦਿੱਤਾ। ਬਹਿਜੇ ਬੇੜਾ ਇਹਦਾ!
ਮਸਾਂ ਜਾ ਕੇ ਤੀਹਾਂ ਸਾਲਾਂ ਬਾ’ਦ ਆਪਣੇ ਜੱਦੀ ਪਿੰਡ ਪਰਤਣ ਦੀ ਵਿਧ ਬਣੀ। ਸਾਰਾ ਪਰਿਵਾਰ ਖ਼ਤਮ ਹੋ ਗਿਆ ਸੀ ਪਰ ਮਾਂ ਗੁਜਰੀ ਨੇ ਜਿਵੇਂ ਮੇਰੀ ਡੀਕ ‘ਚ ਪ੍ਰਾਣ ਨੀਂ ਤਿਆਗੇ, ਦੀਦੇ ਜ਼ਰੂਰ ਅੰਨ੍ਹੇ ਹੋ ਗਏ ਸਨ। ਮੇਰੇ ਹੱਥ, ਮੂੰਹ, ਸਿਰ ਟੋਂਹਦੀ ਨੇ ਰੋ-ਰੋ ਕੇ ਚੁੰਨੀ ਭਿਉਂ ਛੱਡੀ, ਬੜਾ ਪਿੱਟਿਆ ਉਹਨੇ ਸੰਨ ਸੰਤਾਲ਼ੀ ਨੂੰ।
“ਮੈਨੂੰ ਯਕੀਨ ਸੀ ਮੇਰਾ ਮਈਆਦਾਸ ਆਊਗਾ! ਨਿਗ੍ਹਾ ਦੀ ਕੀ ਗੱਲ ਏ ਹੁਣ ਭਾਵੇਂ ਰੱਬ ਮੇਰੀ ਜਾਨ ਕੱਢ ਲਵੇ, ਮੇਰੀਆਂ ਅੱਖਾਂ ਦਾ ਚਾਨਣ ਆ ਗਿਆ ਏ!”
ਮੇਰੇ ਕੋਲ ਚਾਰ ਮਹੀਨੇ ਦਾ ਵੀਜ਼ਾ ਸੀ, ਮੁੜਣ ਤੋਂ ਹਫ਼ਤਾ ਕੁ ਪਹਿਲਾਂ ਇੱਕ ਦਿਨ ਦੇਰ ਰਾਤ ਤਾਈਂ ਅਸੀਂ ਮਾਂ-ਪੁੱਤ ਗੱਲਾਂ ਕਰਦੇ ਰਹੇ, ਮਾਂ ਦੀਆਂ, ਉਹਨਾਂ ਜ਼ਮਾਨਿਆਂ ਦੀਆਂ। ਮਾਂ ਗੁਜਰੀ ਆਪਣੇ ਕੰਨਾਂ ‘ਚੋਂ ਵਾਲ਼ੀਆਂ ਲਾਹ ਕੇ ਕਹਿੰਦੀ,”ਆਹ, ਮੇਰੀ ਨੂੰਹ ਨੂੰ ਮੇਰੀ ਨਿਸ਼ਾਨੀ ਦੇ ਦੇਵੀਂ! ਆਉਂਦਾ-ਜਾਂਦਾ ਵੀ ਰਵੀਂ!” ਗੱਲਾਂ ਕਰਦਿਆਂ ਪਤਾ ਈ ਨੀ ਲੱਗਿਆ ਕਦੋਂ ਉਹਦੀ ਅੱਖ ਲੱਗ ਗਈ।
ਅਗਲੀ ਸੁਬਹਾ ਜਦੋਂ ਜਾਗ ਖੁੱਲ੍ਹੀ ਤਾਂ ਦੇਖਿਆ ਮਾਂ ਗੁਜਰੀ ਗੁਜ਼ਰ ਗਈ ਸੀ। ਇਸ ਵਾਰ ਜਿਉਂਦੇ-ਜੀ ਉਹ ਪੁੱਤ ਦਾ ਵਿਛੋੜਾ ਝੱਲਣ ਤੋਂ ਨਾਬਰ ਹੋ ਗਈ।
***
210
***
ਬਲਜੀਤ ਖ਼ਾਨ ਸਪੁੱਤਰ ਮਾਂ ਬਸ਼ੀਰਾਂ। ਦੋ ਜੂਨ, ਵੀਹ ਸੌ ਇੱਕੀ।
Smalsar, Moga, Punjab, India