ਚੰਡੀਗੜ੍ਹ: ਜਲ੍ਹਿਆਂ ਵਾਲਾ ਬਾਗ਼ ਦਾ ਮੂਲ ਸਰੂਪ ਬਹਾਲ ਕਰਾਉਣ ਦੀ ਮੰਗ ਨੂੰ ਲੈ ਕੇ ਕੱਲ ਦੇਸ਼ ਭਗਤ ਯਾਦਗਾਰ ਕਮੇਟੀ, ਜਲੰਧਰ ਦੀ ਅਗਵਾਈ ਵਿੱਚ ਦਰਜਨਾਂ ਜਨਤਕ ਜਥੇਬੰਦੀਆਂ ਦੇ ਪ੍ਰਤੀਨਿਧਾਂ ਨੇ ਪੀਪਲਜ਼ ਕਨਵੈਨਸ਼ਨ ਸੈਂਟਰ ਸੈਕਟਰ 36, ਚੰਡੀਗੜ੍ਹ ਵਿੱਚ ਇੱਕ ਕਨਵੈਨਸ਼ਨ ਕੀਤੀ। ਜਿਸ ਦੀ ਪ੍ਰਧਾਨਗੀ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਗੁਰਮੀਤ, ਸਹਾਇਕ ਸਕੱਤਰ ਡਾ. ਪਰਮਿੰਦਰ ਸਿੰਘ, ਕਮੇਟੀ ਮੈਂਬਰ ਮੰਗਤ ਰਾਮ ਪਾਸਲਾ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਦੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਕੀਤੀ। ਇਸ ਕਨਵੈਨਸ਼ਨ ਦਾ ਆਗ਼ਾਜ਼ ਗ਼ਦਰ ਲਹਿਰ ਦੇ ਚਮਕਦੇ ਸਿਤਾਰੇ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਉਸ ਦੇ 6 ਸਾਥੀਆਂ ਅਤੇ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਦੀ ਸ਼ਹਾਦਤ ਨੂੰ ਯਾਦ ਕਰ ਕੇ ਕੀਤਾ ਗਿਆ। ਮੌਜੂਦਾ ਕਿਸਾਨ ਅੰਦੋਲਨ ’ਚ ਸ਼ਹੀਦ ਹੋਏ ਕਿਸਾਨਾਂ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ।
ਕਨਵੈਨਸ਼ਨ ਦੀ ਸ਼ੁਰੂ ਵਿੱਚ ਜਨਰਲ ਸਕੱਤਰ ਕਾ. ਗੁਰਮੀਤ ਨੇ ਕਮੇਟੀ ਵੱਲੋਂ ਇਹ ਕਨਵੈਨਸ਼ਨ ਚੰਡੀਗੜ੍ਹ ਵਿੱਚ ਕਰਨ ਦੇ ਮੰਤਵ ਬਾਰੇ ਬੋਲਦਿਆਂ ਦੱਸਿਆ ਕਿ ਜਲ੍ਹਿਆਂਵਾਲੇ ਬਾਗ਼ ਦੀ ਵਿਰਾਸਤ ਨੂੰ ਸੰਭਾਲਣ ਅਤੇ ਇਸ ਦੇ ਮੂਲ ਰੂਪ ਨਾਲ ਕੀਤੀ ਛੇੜਛਾੜ ਨੂੰ ਰੱਦ ਕਰਾਉਣ ਲਈ ਚੱਲ ਰਹੇ ਸੰਘਰਸ਼ ਨੂੰ ਹੋਰ ਵਿਆਪਕ ਬਣਾਉਣ ਲਈ ਵੱਖ-ਵੱਖ ਜਥੇਬੰਦੀਆਂ ਨੂੰ ਲਾਮਬੰਦ ਕੀਤਾ ਗਿਆ ਹੈ। ਅੱਜ ਚੰਡੀਗੜ੍ਹ ਵਿੱਚ ਇਨ੍ਹਾਂ ਸਮੂਹ ਜਥੇਬੰਦੀਆਂ ਦੇ ਨਾਲ ਮਾਰਚ ਕਰਕੇ ਗਵਰਨਰ ਪੰਜਾਬ ਰਾਹੀਂ ਮੰਗ ਪੱਤਰ ਦੇ ਕੇ ਇਸ ਸੰਘਰਸ਼ ਦੀ ਆਵਾਜ਼ ਨੂੰ ਦੇਸ਼ ਭਰ ਵਿੱਚ ਬੁਲੰਦ ਕੀਤਾ ਜਾਏਗਾ।
ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਡਾ. ਪਰਮਿੰਦਰ ਸਿੰਘ ਨੇ ਕਿਹਾ ਕਿ ਜਲ੍ਹਿਆਂਵਾਲਾ ਬਾਗ ਦੀ ਇਤਿਹਾਸਕ ਵਿਰਾਸਤ ਨਾਲ ਛੇੜ-ਛਾੜ ਕਰਕੇ ਭਾਜਪਾ ਹਕੂਮਤ ਅਸਲ ’ਚ ਸਾਮਰਾਜ ਵਿਰੋਧੀ ਜਦੋ-ਜਹਿਦ ਦੇ ਚਿੰਨ੍ਹ ਮਿਟਾ ਦੇਣਾ ਚਾਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਜਲ੍ਹਿਆਂ ਵਾਲਾ ਬਾਗ ਦਾ ਸਾਕਾ ਕੋਈ ਅਚਨਚੇਤ ਵਾਪਰੀ ਘਟਨਾ ਨਹੀਂ ਸੀ ਸਗੋਂ ਇਹ ਫ਼ਾਸ਼ੀਵਾਦੀ ਸਰਕਾਰ ਦਾ ਸੋਚਿਆ ਸਮਝਿਆ ਏਜੰਡਾ ਸੀ। ਬਸਤੀਵਾਦੀ ਹੁਕਮਰਾਨ ਹਿੰਦੁਸਤਾਨ ਦੇ ਆਵਾਮ ਵਿੱਚ ਵੰਡੀਆਂ ਪਾ ਕੇ ਸੁਤੰਤਰਤਾ ਸੰਗਰਾਮ ਨੂੰ ਕੁਚਲਣਾ ਚਾਹੁੰਦੇ ਸਨ। ਅਜੋਕੀ ਮੋਦੀ ਸਰਕਾਰ ਕੌਮੀ ਸੁਤੰਤਰਤਾ ਸੰਗਰਾਮ ਦੀ ਵਿਰਾਸਤ ਅਤੇ ਉਸਦੇ ਯਾਦਗਾਰੀ ਚਿੰਨ੍ਹਾਂ ਨੂੰ ਮਿਟਾਣਾ ਚਾਹੁੰਦੀ ਹੈ।
ਕਾਮਰੇਡ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਅਜੋਕੀ ਬੀ.ਜੇ.ਪੀ. ਸਰਕਾਰ ਸਾਮਰਾਜ ਦੇ ਪਦ-ਚਿੰਨ੍ਹਾਂ ਉਪਰ ਹੀ ਚੱਲ ਰਹੀ ਹੈ। ਇਹ ਕਿਸਾਨ ਸੰਘਰਸ਼ ਤੇ ਲੋਕ ਲਹਿਰਾਂ ਨੂੰ ਸੱਤਾ ਦੇ ਦਮਨ ਨਾਲ ਦਬਾਣਾ ਚਾਹੁੰਦੀ ਹੈ। ਕੌਮੀ ਸੁਤੰਤਰਤਾ ਸੰਗਰਾਮ ਦੀਆਂ ਇਤਿਹਾਸਕ ਯਾਦਗਾਰਾਂ ਨੂੰ ਮਿਟਾ ਕੇ ਇਹ ਲੋਕਾਂ ਨੂੰ ਉਨ੍ਹਾਂ ਦੇ ਇਨਕਲਾਬੀ ਵਿਰਸੇ ਤੋਂ ਤੋੜਨਾ ਚਾਹੁੰਦੀ ਹੈ।
ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਬੀ.ਜੇ.ਪੀ. ਸਰਕਾਰ ਪਾਠ-ਕ੍ਰਮ ਵਿਚੋਂ ਆਜ਼ਾਦੀ ਸੰਗਰਾਮੀਆਂ ਦੇ ਕ੍ਰਾਂਤੀਕਾਰੀ ਰੋਲ ਨੂੰ ਅਣਡਿੱਠ ਕਰ ਰਹੀ ਹੈ। ਉਹ ਇਤਿਹਾਸਕ ਇਮਾਰਤਾਂ, ਸ਼ਹਿਰਾਂ ਅਤੇ ਰੇਲਵੇ ਸਟੇਸ਼ਨਾਂ ਦੇ ਨਾਮ ਤੱਕ ਬਦਲ ਰਹੀ ਹੈ। ਉਹ ਸਾਡੇ ਸੁਤੰਤਰਤਾ ਸੰਗਰਾਮ ਦੇ ਅਸਲੀ ਨਾਇਕਾਂ ਦੇ ਇਤਿਹਾਸਕ ਰੋਲ ਨੂੰ ਨਜ਼ਰ ਅੰਦਾਜ਼ ਕਰਕੇ ਵੀਰ ਸਾਵਰਕਰ ਜਿਹੇ ਪਿੱਛੇ ਖਿੱਚੂ ਵਿਚਾਰਾਂ ਵਾਲੇ ਵਿਅਕਤੀਆਂ ਨੂੰ ਉਭਾਰ ਰਹੀ ਹੈ। ਡਾ. ਸੁਖਦੇਵ ਸਿੰਘ ਸਿਰਸਾ ਨੇ ਇਤਿਹਾਸਕਾਰ ਇਰਫ਼ਾਨ ਹਬੀਬ ਦੇ ਹਵਾਲੇ ਨਾਲ ਕਿਹਾ ਕਿ ਅਸੀਂ ਇਤਿਹਾਸ ਦੇ ਬਹੁਤ ਮੁਸ਼ਕਲ ਦੌਰ ਵਿੱਚੀਂ ਗੁਜ਼ਰ ਰਹੇ ਹਾਂ। ਜਲ੍ਹਿਆਂਵਾਲਾ ਬਾਗ ਸਾਡੇ ਕੌਮੀ ਸੁਤੰਤਰਤਾ ਸੰਗਰਾਮ ਦੀ ਇਤਿਹਾਸਕ ਯਾਦਗਾਰ ਹੈ। ਉਸ ਦੇ ਮੌਲਿਕ ਸਰੂਪ ਨੂੰ ਬਦਲਣ ਦੀ ਭਾਜਪਾ ਸਰਕਾਰ ਦੀ ਸਾਜ਼ਿਸ਼, ਲੋਕ ਲਹਿਰਾਂ ਦੇ ਇਤਿਹਾਸ ਨੂੰ ਗੰਧਲਾ ਕਰਨ ਅਤੇ ਲੋਕ ਚੇਤਨਾ ਨੂੰ ਖੁੰਢਾ ਕਰਨ ਦੀ ਗਿਣੀ ਮਿਥੀ ਚਾਲ ਹੈ।
ਕਮੇਟੀ ਦੇ ਪ੍ਰਧਾਨ ਕਾ.ਅਜਮੇਰ ਸਿੰਘ ਨੇ ਕਨਵੈਨਸ਼ਨ ’ਚ ਹਾਜ਼ਰ ਸਮੂਹ ਜਥੇਬੰਦੀਆਂ ਅਤੇ ਸ਼ਾਮਲ ਬੁੱਧੀਜੀਵੀਆਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਮੋਦੀ ਸਰਕਾਰ ਵੱਲੋਂ ਇਤਿਹਾਸਕ ਜਲ੍ਹਿਆਂਵਾਲਾ ਬਾਗ਼ ਨਾਲ ਕੀਤੀ ਛੇੜਛਾੜ ਵਿਰੁੱਧ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਪਹਿਲੇ ਦਿਨ ਤੋਂ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਮੇਟੀ ਵੱਲੋਂ ਇੱਕ ਵਫ਼ਦ ਨੇ ਜਲ੍ਹਿਆਂਵਾਲਾ ਬਾਗ਼ ਦਾ ਦੌਰਾ ਕਰਕੇ ਇਸ ਦੀ ਵਿਰਾਸਤ ਨੂੰ ਦਬਾਉਣ ਤੇ ਮਿਟਾਉਣ ਲਈ ਕੀਤੀਆਂ ਤਬਦੀਲੀਆਂ ਦੇ ਵੇਰਵੇ ਇਕੱਠੇ ਕਰਕੇ ਉਥੋਂ ਦੇ ਡੀ.ਸੀ. ਰਾਹੀਂ ਪ੍ਰਧਾਨ ਮੰਤਰੀ, ਜੋਕਿ ਜਲ੍ਹਿਆਂਵਾਲਾ ਬਾਗ਼ ਦੀ ਕਮੇਟੀ ਦੇ ਪ੍ਰਧਾਨ ਹਨ ਅਤੇ ਰਾਸ਼ਟਰਪਤੀ ਨੂੰ ਮੰਗ ਪੱਤਰ ਵੀ ਭੇਜੇ ਗਏ। ਇਸ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਨਾਲ ਮੁਲਾਕਾਤ ਕਰਕੇ ਇਸ ਸਥਿਤੀ ਦੀ ਜਾਣਕਾਰੀ ਦਿੱਤੀ ਗਈ ਅਤੇ ਅੰਮ੍ਰਿਤਸਰ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਰੋਸ ਮੁਜ਼ਾਹਰਾ ਅਤੇ ਜਲ੍ਹਿਆਂਵਾਲਾ ਬਾਗ਼ ਸਾਹਮਣੇ ਰੈਲੀ ਕਰਕੇ ਇਸ ਇਤਿਹਾਸਕ ਯਾਦਗਾਰ ਦੇ ਮੂਲ ਸਰੂਪ ਨੂੰ ਬਹਾਲ ਕਰਨ ਦੀ ਮੰਗ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਅੱਜ ਦੀ ਕਨਵੈਨਸ਼ਨ, ਰੋਸ ਮਾਰਚ ਅਤੇ ਗਵਰਨਰ ਨੂੰ ਮੰਗ ਪੱਤਰ ਇਸ ਸੰਘਰਸ਼ ਦੀ ਅਗਲੀ ਕੜੀ ਹੈ। ਜੇਕਰ ਅਜੇ ਵੀ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਸਮੂਹ ਜਥੇਬੰਦੀਆਂ ਦੀ ਰਾਏ ਨਾਲ ਇਸ ਸੰਘਰਸ਼ ਦੀ ਅਗਲੇ ਰੂਪ ਰੇਖਾ ਤਿਆਰ ਕੀਤੀ ਜਾਏਗੀ।
ਕਨਵੈਨਸ਼ਨ ਵਿਚਲੀ ਵਿਚਾਰ-ਚਰਚਾ ਸਮੇਂ ਮੰਚ ਸੰਚਾਲਨ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਕੱਤਰ ਕਾਮਰੇਡ ਗੁਰਮੀਤ ਨੇ ਕੀਤਾ।
ਕਨਵੈਨਸ਼ਨ ਤੋਂ ਬਾਅਦ ਪੰਜਾਬ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਗਵਰਨਰ ਭਵਨ ਵੱਲ ਨੂੰ ਰੋਸ-ਮਾਰਚ ਕੀਤਾ ਗਿਆ। ਪਰ ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਰਸਤੇ ਵਿੱਚ ਰੋਕ ਲਿਆ। ਇਸ ਮੌਕੇ ਚੰਡੀਗੜ੍ਹ ਦੱਖਣੀ ਦੇ ਐਸ.ਡੀ.ਐਮ. ਸ੍ਰੀ ਰਕੇਸ਼ ਨੇ ਪ੍ਰਦਰਸ਼ਨਕਾਰੀਆਂ ਤੋਂ ਮੰਗ ਪੱਤਰ ਲੈ ਕੇ ਗਵਰਨਰ ਪੰਜਾਬ ਤੱਕ ਪਹੁੰਚਾਣ ਦਾ ਵਾਅਦਾ ਕੀਤਾ। ਮੰਗ ਪੱਤਰ ਦੀਆਂ ਕਾਪੀਆਂ ਰਾਸ਼ਟਰਪਤੀ, ਪ੍ਰਧਾਨ ਮੰਤਰੀ ਨੂੰ ਭੇਜੀਆਂ ਗਈਆਂ। ਇਸ ਕਨਵੈਨਸ਼ਨ ਵਿੱਚ ਪੰਜਾਬ ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ, ਟਰੇਡ ਯੂਨੀਅਨਾਂ, ਵਿਦਿਆਰਥੀਆਂ, ਲੇਖਕਾਂ ਅਤੇ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਕਨਵੈਨਸ਼ਨ ਵਿੱਚ ਸ਼ਾਮਿਲ ਹੋਣ ਵਾਲੀਆਂ ਪ੍ਰਮੁੱਖ ਸ਼ਖ਼ਸੀਅਤਾਂ ਵਿੱਚ ਕਾ. ਦਰਸ਼ਨ ਖਟਕੜ, ਸੀਤਲ ਸਿੰਘ ਸੰਘਾ, ਕਾਮਰੇਡ ਰਣਜੀਤ ਸਿੰਘ ਔਲਖ, ਸੁਰਿੰਦਰ ਕੁਮਾਰੀ ਕੌਛੜ, ਅਮੋਲਕ ਸਿੰਘ, ਚਰੰਜੀ ਲਾਲ ਕੰਗਣੀਵਾਲ, ਵਿਜੈ ਬੰਬੇਲੀ, ਦੇਵਰਾਜ ਨਯੀਅਰ, ਮਨਜੀਤ ਬਾਸਰਕੇ, ਹਰਮੇਸ਼ ਮਾਲੜੀ, ਕਾਮਰੇਡ ਸੱਜਣ ਸਿੰਘ, ਇੰਦਰਜੀਤ ਸਿੰਘ ਗਰੇਵਾਲ, ਸਾਥੀ ਮਹਿੰਦਰਪਾਲ, ਅਵਤਾਰ ਸਿੰਘ ਪਾਲ, ਡਾ. ਸਰਬਜੀਤ ਸਿੰਘ, ਡਾ. ਕੰਵਲਜੀਤ ਢਿੱਲੋਂ, ਸ਼ਬਦੀਸ਼, ਸਰਦਾਰਾ ਸਿੰਘ ਚੀਮਾ, ਕਾਮਰੇਡ ਯਸ਼ਪਾਲ, ਸੁਮੀਤ ਸਿੰਘ, ਪ੍ਰੋ.ਰਾਬਿੰਦਰਨਾਥ ਸ਼ਰਮਾ, ਪੱਤਰਕਾਰ ਹਮੀਰ ਸਿੰਘ, ਬਲਵੀਰ ਸਿੰਘ ਗਿੱਲ, ਗੁਰਮੇਲ ਸਿੰਘ ਭਰੋਵਾਲ ਆਦਿ ਹਾਜ਼ਰ ਸਨ। ਇਸ ਕਨਵੈਨਸ਼ਨ ਵਿੱਚ ਆਰ.ਐਮ.ਪੀ.ਆਈ., ਤਰਕਸ਼ੀਲ ਸੁਸਾਇਟੀ ਪੰਜਾਬ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਪੰਜਾਬ ਸਟੂਡੈਂਟਸ ਯੂਨੀਅਨ (ਰੰਧਾਵਾ), ਪੀ.ਐਸ.ਯੂ. (ਲਲਕਾਰ), ਨੌਜਵਾਨ ਭਾਰਤ ਸਭਾ, ਪੰਜਾਬ ਖੇਤ ਮਜ਼ਦੂਰ ਯੂਨੀਅਨ, ਕਿਰਤੀ ਕਿਸਾਨ ਯੂਨੀਅਨ, ਸਹਿਕਾਰਤਾ ਮੰਚ ਪੰਜਾਬ, ਭਾਰਤੀ ਮਹਿਲਾ ਫ਼ੈਡਰੇਸ਼ਨ, ਪੇਂਡੂ ਮਜ਼ਦੂਰ ਯੂਨੀਅਨ, ਸੈਂਟਰ ਆਫ਼ ਟਰੇਡ ਯੂਨੀਅਨ, ਭਾਰਤੀ ਕਿਸਾਨ ਸਭਾ ਅਤੇ ਹੋਰ ਕਈ ਜਨਤਕ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ।
***
Desh Bhagat Yadgar Committee, Jalandhar
G.T. Road, Jalandhar. Phone & Fax: 0181-2458224, 4618224
***
501
***