13 June 2024

ਤਿੜਕਦੇ ਰਿਸ਼ਤੇ—ਡਾ: ਤਰਲੋਚਨ ਸਿੰਘ ਔਜਲਾ

ਆਪਣੇ ਪੋਤਰੇ ਨੂੰ ਸਵੇਰੇ ਨਾਸ਼ਤਾ ਕਰਾਉਣ ਵੇਲੇ ਪਲੇਟ ਤਾਂ ਪੋਤਰੇ ਦੇ ਹੱਥੋਂ ਡਿੱਗ ਕੇ ਟੁੱਟ ਗਈ ਸੀ ਪਰ ਨੂੰਹ ਨੇ ਬੁਰਾ ਭਲਾ ਆਪਣੇ ਸਹੁਰੇ ਪਿਆਰਾ ਸਿੰਘ ਨੂੰ ਕਹਿ ਦਿੱਤਾ ਅਤੇ ਉਹ ਚਾਹ ਪੀਤੇ ਬਗੈਰ ਹੀ ਪੋਤਰੇ ਨੂੰ ਸਕੂਲ ਛੱਡਣ ਚਲਾ ਗਿਆ। ਸਕੂਲ ਦੇ ਕੋਲ ਬਹੁਤੀ ਭੀੜ ਹੋਣ ਕਰਕੇ ਉਸਨੇ ਆਪਣੀ ਕਾਰ, ਲਾਗੇ ਇੱਕ ਗਲੀ ਵਿੱਚ ਖੜ੍ਹੀ ਕਰ ਲਈ। ਅਜੇ ਉਹ ਕਾਰ ਤੋਂ ਬਾਹਰ ਨਿਕਲਿਆ ਹੀ ਸੀ ਕਿ ਸਾਹਮਣੇ ਘਰ ਵਾਲੀ ਇੱਕ ਗੋਰੀ ਜਨਾਨੀ ਨੇ ਕਿਹਾ, ”ਮਿਸਟਰ ਸਿੰਘ, ਅੱਜ ਮੇਰੀ ਸਿਹਤ ਕੁਝ ਠੀਕ ਨਹੀਂ। ਕੀ ਤੁਸੀਂ ਮੇਰੀ ਦੋਹਤੀ ਨੂੰ ਵੀ ਸਕੂਲ ਛੱਡ ਆਉਗੇ?” ਉਸ ਗੋਰੀ ਨੇ ਇੰਗਲਿਸ਼ ਕਾਫੀ ਹੌਲੀ ਹੌਲੀ ਬੋਲੀ ਜਿਸ ਦੀ ਪਿਆਰਾ ਸਿੰਘ ਨੂੰ ਪੂਰੀ ਤਰਾਂ ਸਮਝ ਲੱਗ ਗਈ। ਇੱਕ ਗੋਰੀ ਜਨਾਨੀ ਦੇ ਮੂਹੋਂ ‘ਸਿੰਘ’ ਲਫਜ਼ ਸੁਣ ਕੇ ਪਿਆਰਾ ਸਿੰਘ ਬਹੁਤ ਖੁਸ਼ ਹੋਇਆ, ਉਸਨੇ ਹਾਂ `ਚ ਸਿਰ ਹਿਲਾਇਆ ਅਤੇ ਦੋਹਾਂ ਬੱਚਿਆਂ ਨੂੰ ਲੈਕੇ ਸਕੂਲ ਵੱਲ ਤੁਰ ਪਿਆ। ਵਾਪਸੀ ਵੇਲੇ ਅਜੇ ਉਹ ਕਾਰ ਦੇ ਕੋਲ ਪਹੁੰਚਿਆ ਹੀ ਸੀ ਕਿ ਬਾਹਰ ਖਲੋਤੀ ਉਸ ਗੋਰੀ ਨੇ ਕਿਹਾ,”ਕੀ ਤੁਸੀਂ ਮੇਰੀ ਕੁਝ ਮਦਦ ਕਰੋਗੇ?” ਪਿਆਰਾ ਸਿੰਘ ਪਹਿਲਾਂ ਤਾਂ ਕੁਝ ਸੋਚ ਵਿੱਚ ਪੈ ਗਿਆ ਪਰ ਫਿਰ ਉਸਨੇ ‘ਹਾਂ’ ਦਾ ਇਸ਼ਾਰਾ ਕੀਤਾ ਅਤੇ ਉਹ ਗੋਰੀ ਦੇ ਪਿੱਛੇ ਪਿੱਛੇ ਚਲ ਪਿਆ। ਬੈੱਡ ਰੂਮ `ਚ ਜਾਕੇ ਉਸ ਗੋਰੀ ਨੇ ਕਿਹਾ,”ਆਹ ਦੋ ਅਟੈਚੀ ਇਸ ਅਲਮਾਰੀ `ਚ ਉੱਪਰ ਰੱਖਣੇ ਨੇ। ਭਾਰੀ ਹੋਣ ਕਰਕੇ ਮੈਂ ਇਹਨਾਂ ਨੂੰ ਚੁੱਕ ਨਹੀਂ ਸਕਦੀ।” ਕੰਮ ਮੁੱਕਣ ਪਿਛੋਂ ਉਸ ਗੋਰੀ ਨੇ ਕਿਹਾ: ” ਕੌਫੀ ਪੀ ਕੇ ਜਾਣਾ। ਮੈਂ ਕੌਫੀ ਬਹੁਤ ਅੱਛੀ ਬਣਾ ਲੈਂਦੀ ਆਂ।” ਹਾਲਾਂ ਕਿ ਪਿਆਰਾ ਸਿੰਘ ਸਵੇਰੇ ਘਰੋਂ ਚਾਹ ਪੀਤੇ ਬਗੈਰ ਹੀ ਸਕੂਲ ਆ ਗਿਆ ਸੀ ਅਤੇ ਉਸਨੂੰ ਕੌਫੀ ਦੀ ਲੋੜ ਵੀ ਸੀ ਪਰ ਪਤਾ ਨਹੀਂ ਕਿਉਂ ਉਹ ਇਹ ਕਹਿ ਕੇ ਕਿ “ਕਿਤੇ ਫਿਰ ਸਹੀ”, ਕਾਹਲੀ ਕਾਹਲੀ ਘਰ ਤੋਂ ਬਾਹਰ ਚਲੇ ਗਿਆ।

ਹਫਤੇ ਕੁ ਪਿੱਛੋਂ ਫਿਰ ਜਦੋਂ ਪਿਆਰਾ ਸਿੰਘ ਆਪਣੇ ਪੋਤਰੇ ਨੂੰ ਸਕੂਲ ਛੱਡਣ ਜਾ ਰਿਹਾ ਸੀ ਤਾਂ ਉਸੇ ਗੋਰੀ ਨੇ ਕਿਹਾ: ”ਮਿਸਟਰ ਸਿੰਘ, ਕੀ ਅੱਜ ਫਿਰ ਮੇਰੀ ਦੋਹਤੀ ਨੂੰ ਸਕੂਲ ਛੱਡ ਆਉਗੇ?” ਪਿਆਰਾ ਸਿੰਘ ਦਾ ਇਸ਼ਾਰਾ ਉਡੀਕਣ ਤੋਂ ਪਹਿਲੋਂ ਹੀ ਉਸ ਗੋਰੀ ਨੇ ਕਹਿ ਦਿੱਤਾ,”ਅੱਜ ਕੌਫੀ ਪੀਣ ਤੋਂ ਬਗੈਰ ਨਾ ਜਾਣਾ। ਮੈਂ ਤੁਹਾਡੀ ਉਡੀਕ ਕਰਾਂਗੀ।”

ਪਿਆਰਾ ਸਿੰਘ ਨੂੰ ਕੁਝ ਘਬਰਾਹਟ ਜਿਹੀ ਮਹਿਸੂਸ ਹੋਈ। ਉਸਨੂੰ ਆਪਣੇ ਦੋਸਤਾਂ ਦੇ ਕਹੇ ਹੋਏ ਲਫਜ਼ ਚੇਤੇ ਆ ਰਹੇ ਸਨ,”ਉਏ ਪਿਆਰਾ ਸਿਹਾਂ, ਐਹਨਾਂ ਗੋਰੀਆਂ ਤੋਂ ਜਰਾ ਬਚ ਕੇ ਰਹੀਂ। ਇਹਨਾਂ ਦੇ ਪੱਤੇ ਚੱਟੇ ਕਦੇ ਹਰੇ ਨਹੀਂ ਹੋਏ। ਜੇ ਕੋਈ ਉਰਾ ਪੁਰਾ ਹੋ ਗਿਆ ਤਾਂ ਸਾਰੀ ਉਮਰ ਪਛਤਾਵੇਂਗਾ। ਤੇਰਾ ਰੀਕਾਰਡ ਖਰਾਬ ਹੋ ਜਾਣਾ ਈਂ ਤੇ ਫਿਰ ਨੌਕਰੀ ਮਿਲਣੀ ਵੀ ਮੁਸ਼ਕਲ ਹੋ ਜਾਣੀ ਆਂ।” ਫਿਰ ਉਸਦੇ ਮਨ ‘ਚ ਆਇਆ ਕਿ ਕੌਫੀ ਦਾ ਕੱਪ ਹੀ ਪੀਣਾ ਵਾਂ, ਉਹ ਕਿਹੜੀ ਉਸਨੂੰ ਕਿਤੇ ਮੂੰਹ `ਚ ਪਾ ਲੈਣ ਲੱਗੀ ਏ। 

ਵਾਪਸੀ ਵੇਲੇ ਉਸਨੇ ਵੇਖਿਆ ਕਿ ਉਹ ਗੋਰੀ ਆਪਣੇ ਦਰਵਾਜੇ ਕੋਲ ਬਾਹਰ ਹੀ ਖੜੀ ਉਸਦਾ ਇੰਤਜ਼ਾਰ ਕਰ ਰਹੀ ਸੀ। ਉਸਨੇ ਅੰਦਰ ਜਾਕੇ ਪਿਆਰਾ ਸਿੰਘ ਨੂੰ ਸੋਫੇ ‘ਤੇ ਬੈਠਣ ਦਾ ਇਸ਼ਾਰਾ ਕੀਤਾ ਅਤੇ ਆਪ ਰਸੋਈ ਅੰਦਰ ਚਲੇ ਗਈ। ਕੁਝ ਚਿਰ ਪਿਛੋਂ ਉਹ ਕਾਲੀ ਕੌਫੀ ਦੇ ਦੋ ਕੱਪ ਅਤੇ ਕੁਝ ਬਿਸਕੁਟ ਲੈਕੇ ਆ ਗਈ। ਕਾਲੀ ਕੌਫੀ ਵੇਖ ਕੇ ਪਿਆਰਾ ਸਿੰਘ ਇੱਕ ਦੰੰਮ ਬੋਲਿਆ: ”ਮੁਆਫ ਕਰਨਾ। ਮੈਂ ਕਾਲੀ ਕੌਫੀ ਨਹੀਂ ਪੀਂਦਾ। ਮੇਰੇ ਵਾਸਤੇ ਦੁੱਧ `ਚ ਕੌਫੀ ਅਤੇ ਖੰਡ ਪਾਕੇ ਉਬਾਲ ਦਿਉ।” ਥੋੜ੍ਹੇ ਚਿਰ ਪਿਛੋਂ ਉਹ ਕੌਫੀ ਬਣਾ ਕੇ ਲੈ ਆਈ ਅਤੇ ਕੱਪ ਫੜਾਉਂਦੇ ਹੋਏ ਉਸਨੇ ਕਿਹਾ, ”ਮੇਰਾ ਨਾਮ ਜੈਨੀਫਰ ਕੂਪਰ ਹੈ। ਤੁਹਾਡਾ ਕੀ ਨਾਮ ਹੈ?” ਜਵਾਬ ਮਿਲਿਆ, ”ਪਿਆਰਾ ਸਿੰਘ।” ਜੈਨੀਫਰ ਨੇ ਮੁਸਕਰਾ ਕੇ ਕਿਹਾ: ”ਤੁਹਾਡੀ ਦਸਤਾਰ ਮੈਨੂੰ ਬਹੁਤ ਅੱਛੀ ਲਗਦੀ ਐ।” ਦਸਤਾਰ ਦਾ ਲਫਜ਼ ਸੁਣਕੇ ਪਿਆਰਾ ਸਿੰਘ ਐਨਾ ਖੁਸ਼ ਹੋਇਆ ਕਿ ਇੱਕ ਪਲ ਉਸਨੂੰ ਸਮਝ ਨਾ ਆਈ ਕਿ ਉਹ ਕੀ ਬੋਲੇ? ਕੁਝ ਚਿਰ ਠਹਿਰ ਕੇ ਉਹ ਬੋਲਿਆ, ”ਤੁਹਾਡੇ ਮੂੰਹ ਤੋਂ ਦਸਤਾਰ ਦਾ ਲਫਜ ਸੁਣਕੇ ਮੈਨੂੰ ਬੇਹੱਦ ਖੁਸ਼ੀ ਹੋਈ ਏ। ਤੁਹਾਨੂੰ ਕਿਵੇਂ ਪਤਾ ਕਿ ਸਰਦਾਰ ਦੀ ਪਗੜੀ ਨੂੰ ਦਸਤਾਰ ਕਹਿੰਦੇ ਨੇ?” ਜੈਨੀਫਰ ਨੇ ਹੱਸਦੀ ਹੋਈ ਨੇ ਕਿਹਾ, ”ਸਾਡੀ ਫੈੱਕਟਰੀ ‘ਚ ਇਕ ਸਿੱਖ ਲੜਕਾ ਸੁਪਰਵਾਈਜ਼ਰ ਦੇ ਤੌਰ `ਤੇ ਕੰਮ ਕਰਦਾ ਸੀ। ਆਪਣੀ ਪਗੜੀ ਨੂੰ ਉਹ ਦਸਤਾਰ ਅਤੇ ਆਪਣੇ ਸਿਰ ਦਾ ਤਾਜ ਕਹਿੰਦਾ ਸੀ। ਉਹ ਮੈਨੂੰ ਦੋ ਵਾਰ ਆਪਣੇ ਗੁਰਦਵਾਰੇ ਲੈ ਕੇ ਗਿਆ ਸੀ। ਸਿੱਖ ਧਰਮ ਸਬੰਧੀ ਕੰਧਾਂ ਉੱਤੇ ਟੰਗੀਆਂ ਤਸਵੀਰਾਂ ਅਤੇ ਲੰਗਰ ਬਾਰੇ ਉਸਨੇ ਮੈਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ ਸੀ। ਦੋ ਕੁ ਸਾਲ ਪਹਿਲਾਂ ਉਹ ਸਾਨੂੰ ਸਾਰਿਆਂ ਨੂੰ ਵਿਸਾਖੀ ਵੇਲੇ ਹੋਈ  ਖਾਲਸਾ ਪਰੇਡ ‘ਚ ਵੀ ਲੈਕੇ ਗਿਆ ਸੀ। ਬਹੁਤ ਸੋਹਣਾ ਨਜ਼ਾਰਾ ਸੀ ਅਤੇ ਅਸੀਂ ਸਾਰਿਆਂ ਨੇ ਬਹੁਤ ਖੁਸ਼ੀ ਮਹਿਸੂਸ ਕੀਤੀ।” ਫਿਰ ਉਸਨੇ ਆਪਣੇ ਬੈੱਡ ਰੂਮ ਵਿਚੋਂ ਇੱਕ ਫੋਟੋ ਲਿਆ ਕੇ ਪਿਆਰਾ ਸਿੰਘ ਨੂੰ ਦਿਖਾਈ ਅਤੇ ਕਿਹਾ, ”ਇਹ ਫੋਟੋ ਵਿਸਾਖੀ ਪਰੇਡ ਵੇਲੇ ਦੀ ਹੈ।” ਸਿਰ ਉੱਤੇ ਕੇਸਰੀ ਪਟਕਾ ਪਹਿਨਿਆ ਅਤੇ ਕਮੀਜ਼ ਸਲਵਾਰ ਪਾਈ ਜੈਨੀਫਰ ਇਸ ਫੋਟੋ ‘ਚ ਬਹੁਤ ਖੂਬਸੂਰਤ ਲਗ ਰਹੀ ਸੀ। ਪਿਆਰਾ ਸਿੰਘ ਦੇ ਦਿਲ ਦੀ ਖੁਸ਼ੀ ਅੱਜ ਉਸਦੇ ਚਿਹਰੇ ਤੋਂ ਸਾਫ ਦਿਸ ਰਹੀ ਸੀ। ਇੱਕ ਪਲ ਉਸਨੇ ਅੱਖਾਂ ਮੀਟ ਕੇ ਪਰਮਾਤਮਾ ਦਾ ਕੋਟਾਨ ਕੋਟ ਸ਼ੁਕਰ ਕੀਤਾ ਅਤੇ ਮਨ ਹੀ ਮਨ ‘ਚ ਕਿਹਾ, ”ਸੱਚੇ ਪਾਤਸ਼ਾਹ, ਧੰਨ ਤੁਸੀਂ ਅਤੇ ਧੰਨ ਤੁਹਾਡੀ ਸਿੱਖੀ।” ਜਾਣ ਵੇਲੇ ਜਦੋਂ ਪਿਆਰਾ ਸਿੰਘ ਕਾਰ ‘ਚ ਬੈਠਣ ਲੱਗਾ ਤਾਂ ਜੈਨੀਫਰ ਨੇ ਕਿਹਾ,”ਜਦੋਂ ਕਿਤੇ ਵਕਤ ਮਿਲਿਆ ਤਾਂ ਆਪਣੀ ਘਰ ਵਾਲੀ ਨੂੰ ਨਾਲ ਲੈ ਕੇ ਆਉਣਾ, ਇਕੱਠੇ ਬੈਠ ਕੇ ਖਾਣਾ ਖਾਵਾਂਗੇ।”

 “ਜੀ, ਦੋ ਕੁ ਸਾਲ ਪਹਿਲਾਂ ਦਿਲ ਦਾ ਦੌਰਾ ਪੈਣ ਨਾਲ ਉਸਦੀ ਮੌਤ ਹੋ ਗਈ ਸੀ।।” ਜੈਨੀਫਰ ਦਾ ਉੱਤਰ ਸੁਨਣ ਤੋਂ ਪਹਿਲਾਂ ਹੀ ਉਹ ਉਥੋਂ ਚਲਾ ਗਿਆ।

ਕੁਝ ਤਾਂ ਪਿਆਰਾ ਸਿੰਘ ਪਹਿਲੋਂ ਹੀ ਘਰੋਂ ਦੁਖੀ ਸੀ, ਬਾਕੀ ਰਹਿੰਦੀ ਖੂੰਹਦੀ ਕਸਰ ਜੈਨੀਫਰ ਨੇ ਉਸਦੀ ਘਰ ਵਾਲੀ ਬਾਰੇ ਯਾਦ ਦਵਾ ਕੇ ਪੂਰੀ ਕਰ ਦਿੱਤੀ। ਘਰ ਆਕੇ ਉਹ ਸੋਫੇ ਉੱਤੇ ਸਿਰ ਪਛਾਂਹ ਸੁੱਟ ਕੇ ਬੈਠ ਗਿਆ ਅਤੇ ਸੋਚਾਂ ਦੇ ਸਮੁੰਦਰ ‘ਚ ਡੁੱਬ ਗਿਆ। ਉਸਦਾ ਪਿੰਡ ਅੰਮ੍ਰਿਤਸਰ ਸ਼ਹਿਰ ਦੇ ਕੋਲ ਸੀ ਅਤੇ ਖਾਲਸਾ ਕਾਲਜ, ਅੰਮ੍ਰਿਤਸਰ ਵਿੱਚ ਪ੍ਰੋਫੈਸਰ ਦੇ ਤੌਰ ‘ਤੇ ਸੇਵਾ ਕਰ ਰਿਹਾ ਸੀ। ਆਪਣੀ ਲੜਕੀ ਦੀ ਸ਼ਾਦੀ ਉਸਨੇ ਆਪਣੇ ਨਾਲ ਹੀ ਕੰਮ ਕਰਦੇ ਦੋਸਤ ਦੇ ਲੜਕੇ ਨਾਲ ਕਰ ਦਿੱਤੀ। ਉਸਦੇ ਲੜਕੇ ਬਲਜੀਤ ਨੇ ਅਜੇ ਐੱਮ. ਐੱਸ. ਸੀ. ਪਾਸ ਕੀਤੀ ਹੀ ਸੀ ਕਿ ਉਸ ਵਾਸਤੇ ਉਸਦੇ ਸਾਲੇ ਨੇ ਆਪਣੇ ਕਿਸੇ ਦੋਸਤ ਦੀ ਕੈਨੇਡਾ ਵਿੱਚ ਟਰੌਂਟੋ ਰਹਿੰਦੀ ਲੜਕੀ ਦੇ ਰਿਸ਼ਤੇ ਬਾਰੇ ਜ਼ੋਰ ਪਾ ਦਿੱਤਾ। ਬੇਟਾ ਤਾਂ ਬਾਹਰ ਜਾਣ ਨੂੰ ਮੰਨਦਾ ਨਹੀਂ ਸੀ ਪਰ ਜਦੋਂ ਪਿਆਰਾ ਸਿੰਘ ਨੇ ਆਪਣੇ ਕੁਝ ਦੋਸਤਾਂ ਨਾਲ ਗੱਲ ਕੀਤੀ ਤਾਂ ਬਹੁਤਿਆਂ ਦੀ ਸਲਾਹ ਸੀ ਕਿ ਜੇ ਲੜਕੀ ਦੀ ਗੱਲ ਹੁੰਦੀ ਤਾਂ ਸੋਚਣ ਦੀ ਲੋੜ ਸੀ। ਪੰਜਾਬ ਦੀਆਂ ਲੜਕੀਆਂ ਦੇ ਬਾਹਰਲੇ ਮੁਲਕਾਂ ‘ਚ ਕੀਤੇ ਰਿਸ਼ਤੇ ਤੋਂ ਪਿੱਛੋਂ ਉਹਨਾਂ ਨਾਲ ਕੀਤੇ ਜਾਂਦੇ ਦੁਰ-ਵਿਹਾਰ ਦੀਆਂ ਖਬਰਾਂ ਅਕਸਰ ਅਖਬਾਰਾਂ ‘ਚ ਪੜ੍ਹਣ ਨੂੰ ਮਿਲਦੀਆਂ ਸਨ। ਕਦੀ ਕਦੀ ਇਹ ਖਬਰ ਵੀ ਪੜ੍ਹਨ ਨੂੰ ਮਿਲ ਜਾਂਦੀ ਕਿ ਬਾਹਰੋਂ ਆਏ ਵਿਦੇਸ਼ੀ ਲਾੜ੍ਹੇ ਨੇ ਕਿਸੇ ਪਰਵਾਰ ਤੋਂ 10-15 ਲੱਖ ਰੁਪੈ ਲੈਕੇ ਵਿਆਹ ਕੀਤਾ ਅਤੇ ਮਹੀਨਾ ਕੁ ਐਸ਼ ਕਰਕੇ ਲੜਕੀ ਨੂੰ ਕੈਨੇਡਾ ਬੁਲਾਇਆ ਹੀ ਨਹੀਂ ਅਤੇ ਬਾਅਦ ‘ਚ ਉਹ ਲੜਕੀ ਗਰਭਵਤੀ ਹੋ ਗਈ। ਪੰਜਾਬ ਵਿੱਚ ਇਸ ਤਰਾਂ ਦੇ 5 ਹਜਾਰ ਤੋਂ ਵੱਧ ਕੇਸ ਹਨ। ਕਈ ਹਾਲਤਾਂ `ਚ ਬਾਹਰੋਂ ਆਈਆਂ ਕੁੜੀਆਂ ਨੇ ਵੀ ਇਹੋ ਕੜ੍ਹੀ ਘੋਲੀ। ਪਰ ਉਸਦੇ ਬਹੁਤੇ ਦੋਸਤਾਂ ਨੇ ਲੜਕੇ ਲਈ ਕੈਨੇਡਾ ਦੇ ਰਿਸ਼ਤੇ ਬਾਰੇ ‘ਹਾਂ’ ‘ਚ ਸਲਾਹ ਦਿੱਤੀ। ਬਲਜੀਤ ਦਾ ਕੈਨੇਡਾ ਰਹਿੰਦੀ ਲੜਕੀ ਨਾਲ ਵਿਆਹ ਹੋ ਗਿਆ ਅਤੇ ਉਹ ਜਲਦੀ ਹੀ ਟਰੌਂਟੋ ਪਹੁੰਚ ਗਿਆ। ਵਿਆਹ ਵੇਲੇ ਉਹਨਾਂ ਦੀ ਨੂੰਹ ਰੁਪਿੰਦਰ ਦੋ ਕੁ ਮਹੀਨੇ ਉਹਨਾਂ ਦੇ ਕੋਲ ਰਹੀ। ਉਸਦਾ ਵਤੀਰਾ ਅਤੇ ਗੱਲਾਂ ਬਾਤਾਂ ਸੁਣ ਕੇ ਉਹਨਾਂ ਨੂੰ ਭਿਣਖ ਪੈ ਗਈ ਕਿ ਕਾਹਲੀ ‘ਚ ਉਹ ਇਹ ਰਿਸ਼ਤਾ ਕਰਕੇ ਫਸ ਗਏ ਸਨ। ਪਰ ਹੁਣ ਕੁਝ ਨਹੀਂ ਸੀ ਹੋ ਸਕਦਾ। ਪਿਆਰਾ ਸਿੰਘ ਦੀ ਘਰ ਵਾਲੀ ਦਿਲ ਦੀ ਬੀਮਾਰੀ ਦੀ ਰੋਗੀ ਤਾਂ ਪਹਿਲੋਂ ਹੀ ਸੀ, ਇਸੇ ਗ਼ਮ ਵਿੱਚ ਸਾਲ ਕੁ  ਪਿਛੋਂ ਉਸਨੂੰ ਦਿਲ ਦਾ ਦੌਰਾ ਪਿਆ ਅਤੇ ਉਹ ਪਰਮਾਤਮਾ ਨੂੰ ਪਿਆਰੀ ਹੋ ਗਈ। ਹੁਣ ਪਿਆਰਾ ਸਿੰਘ ਨੂੰ ਇਕੱਲਾਪਨ ਵੱਢ ਵੱਢ ਕੇ ਖਾਣ ਲੱਗਾ। ਪਰ ਜਿੰਦਗੀ ਰੁਕਦੀ ਨਹੀਂ, ਆਪਣੀ ਚਾਲ ਚੱਲੀ ਜਾਂਦੀ ਹੈ।

ਬਲਜੀਤ ਦੇ ਵਿਆਹ ਤੋਂ ਦੋ ਕੁ ਸਾਲ ਪਿਛੋਂ ਉਹਨਾਂ ਦੇ ਘਰ ਪਰਮਾਤਮਾ ਨੇ ਪੁੱਤਰ ਦੀ ਦਾਤ ਬਖਸ਼ੀ। ਤਕਰੀਬਨ ਇੱਕ ਸਾਲ ਤੱਕ ਤਾਂ ਰੁਪਿੰਦਰ ਨੂੰ ਆਪਣੀ ਕੰਪਨੀ ਤੋਂ ਛੁੱਟੀ ਮਿਲ ਗਈ। ਫਿਰ ਬੱਚੇ ਦੀ ਸੰਭਾਲ ਵਾਸਤੇ ਕੁਝ ਚਿਰ ਉਸਦੇ ਮਾਪਿਆਂ ਨੇ ਮਦਦ ਕੀਤੀ, ਪਰ ਉਹ ਵੀ ਕਿੰਨਾ ਕੁ ਚਿਰ ਬੱਚਾ ਸੰਭਾਲ ਸਕਦੇ ਸਨ। ਨੌਕਰੀ ਕਰਨ ਲਈ ਇਹਨਾਂ ਨੂੰ ਬੱਚਾ ਬੇਬੀ ਸਿਟਰ ਵੱਲ ਭੇਜਣਾ ਪੈਂਦਾ ਜਿਸ ਦਾ ਖਰਚਾ ਉਹਨਾਂ ਨੂੰ ਬਹੁਤ ਚੁਭਣ ਲੱਗਾ। ਬਲਜੀਤ ਨੇ ਆਪਣੇ ਡੈਡੀ ਨੂੰ ਸਿੱਧਾ ਤਾਂ ਨਾਂ ਕਿਹਾ ਪਰ ਬਾਰ ਬਾਰ ਫੋਨ ਰਾਹੀਂ ਇਹੋ ਕਹੀ ਗਿਆ, ”ਡੈਡੀ, ਤੁਹਾਡੇ ਬਿਨਾਂ ਮੇਰਾ ਦਿਲ ਨਹੀਂ ਲਗਦਾ। ਕੈਨੇਡਾ ਬਹੁਤ ਅੱਛਾ ਦੇਸ਼ ਆ, ਤੁਸੀਂ ਸੇਵਾ ਮੁੱਕਤ ਹੋ ਕੇ ਐਥੇ ਆ ਜਾਉ। ਜਦੋਂ ਆਪਾਂ ਇਕੱਠੇ ਰਹਾਂਗੇ ਤਾਂ ਬਹੁਤ ਖੁਸ਼ ਰਹਾਂਗੇ। ਤੁਹਾਡਾ ਇਕੱਲਾਪਨ ਵੀ ਦੂਰ ਹੋ ਜਾਵੇਗਾ।” ਇਹ ਗੱਲ ਲੋਕਾਂ ਨੇ ਵੀ ਕਹੀ ਸੀ ਅਤੇ ਉਸਨੇ ਅਖਬਾਰਾਂ ‘ਚ ਵੀ ਪੜ੍ਹੀ ਸੀ ਕਿ ਕੈਨੇਡਾ ਦੁਨੀਆਂ ਦੇ ਸਭ ਤੋਂ ਅੱਛੇ ਦੇਸ਼ਾਂ ‘ਚੋਂ ਇੱਕ ਹੈ। ਉਸਨੇ ਆਪਣੀ ਬੇਟੀ ਨਾਲ ਵੀ ਸਲਾਹ ਕੀਤੀ। ਉਸਨੇ ਵੀ ਹਾਂ ਕਰ ਦਿਤੀ। ਕਾਗਜੀ ਕਾਰਵਾਈ ਛੇਤੀ ਹੀ ਪੂਰੀ ਹੋ ਗਈ ਅਤੇ ਉਹ ਆਪਣੇ ਕਾਲਜ ਤੋਂ 6 ਮਹੀਨੇ ਦੀ ਛੁੱਟੀ ਲੈਕੇ ਟਰੌਂਟੋ ਆ ਗਿਆ।

ਐਥੇ ਆਕੇ ਉਸਦੇ ਪਹਿਲੇ ਦੋ ਢਾਈ ਮਹੀਨੇ ਤਾਂ ਬਹੁਤ ਅੱਛੇ ਨਿਕਲੇ। ਗਰਮੀਆਂ ਦਾ ਮੌਸਮ ਸੀ। ਨਿਆਗਰਾ ਫਾਲ ਅਤੇ ਸੀ ਐੱਨ ਟਾਵਰ ਦਾ ਨਜ਼ਾਰਾ ਦੇਖਿਆ। ਪਲਾਜਿਆਂ ‘ਚ ਜਾਕੇ ਪਰੀਆਂ ਵਰਗੀਆਂ ਗੋਰੀਆਂ ਜਨਾਨੀਆਂ ਵੇਖੀਆਂ। ਤਕਰੀਬਨ ਰੋਜ਼ ਹੀ ਉਹ ਪੋਤਰੇ ਨੂੰ ਨਾਲ ਲੈਕੇ ਘਰ ਦੇ ਨੇੜੇ ਪਾਰਕ ‘ਚ ਚਲੇ ਜਾਂਦਾ। ਆਪਣੇ ਪੰਜਾਬ ਵਾਲੇ ਕੁੜਮ ਨਾਲ ਇੱਕ ਵਾਰ ਗੱਲ ਬਾਤ ਕਰਦਿਆਂ ਉਸਨੇ ਦੱਸਿਆ ਸੀ,”ਸੰਧੂ ਸਾਹਬ, ਵਾਕਿਆ ਹੀ ਇਹ ਦੇਸ਼ ਬਹਿਸ਼ਤ ਏ। ਸ਼ੁਧ ਹਵਾ ਤੇ ਪਾਣੀ, ਨਾਂ ਮੱਖੀ ਮੱਛਰ ਅਤੇ ਨਾਂ ਹੀ ਬਾਰ ਬਾਰ ਹੌਰਨ ਮਾਰਨ ਦਾ ਸ਼ੋਰ, ਹਰ ਪਾਸੇ ਹਰਿਆਵਲ ਹੀ ਹਰਿਆਵਲ। ਬੂਟਾਂ ਉੱਤੇ ਪਾਲਿਸ਼ ਤਾਂ ਕੀ ਕਰਨੀ, ਹਫਤਾ ਹਫਤਾ ਕੱਪੜਾ ਮਾਰਨ ਦੀ ਵੀ ਲੋੜ ਨਹੀਂ ਪੈਂਦੀ ਕਿਉਂ ਕਿ ਇੱਥੇ ਹਰ ਪਾਸੇ ਜਾਂ ਘਰ ਹਨ, ਜਾਂ ਘਾਹ ਅਤੇ ਜਾਂ ਸੜਕ, ਕੋਈ ਦੋ ਇੰਚ ਥਾਂ ਖਾਲੀ ਨਹੀਂ ਜਿਥੋਂ ਘੱਟਾ ਉੱਡੇਗਾ।”

ਪਿਆਰਾ ਸਿੰਘ ਦੇ ਕਈ ਦੋਸਤ ਅਤੇ ਰਿਸ਼ਤੇਦਾਰਾਂ ਵੀ ਐਥੇ ਰਹਿੰਦੇ ਸਨ। ਉਸਦੇ ਬੇਟੇ ਦੇ ਵੀ ਕਈ ਦੋਸਤ ਸਨ। ਸਾਰਿਆਂ ਨੇ ਪਿਆਰਾ ਸਿੰਘ ਦੀ ਆਉ ਭਗਤ ਲਈ ਇਹਨਾਂ ਨੂੰ ਆਪਣੇ ਘਰ ਪਾਰਟੀ ‘ਤੇ ਬੁਲਾਇਆ। ਜਿੱਥੇ ਇੱਕ ਪਾਸੇ ਪਿਆਰਾ ਸਿੰਘ ਨੂੰ ਇਹਨਾਂ ਪਾਰਟੀਆਂ ‘ਚ ਜਾਕੇ ਖੁਸ਼ੀ ਹੰਦੀ, ਉੱਥੇ ਕਈ ਵਾਰ ਉਹ ਦੇਰ ਤੱਕ ਜਾਗਣ ਕਰਕੇ ਤੰਗੀ ਵੀ ਮਹਿਸੂਸ ਕਰਦਾ। ਜਿਹੜੇ ਦੋਸਤ ਮਿੱਤਰਾਂ ਨੂੰ ਕੈਨੇਡਾ ਆਇਆਂ ਕਾਫੀ ਸਮਾ ਹੋ ਗਿਆ ਸੀ, ਉਹ ਪਾਰਟੀ ਵਿੱਚ ਪਿਆਰਾ ਸਿੰਘ ਨੂੰ ਤਰ੍ਹਾਂ ਤਰ੍ਹਾਂ ਦੀਆਂ ਗੱਲਾ ਸੁਣਾਉਂਦੇ। ਬਜੁਰਗਾਂ ਨੂੰ ਅੱਛੇ ਗੁਜਾਰੇ ਜੋਗੀ ਮਿਲਦੀ ਪੈਂਨਸ਼ਨ ਅਤੇ ਮੁੱਫਤ ਦੀਆਂ ਡਾਕਟਰੀ ਸੇਹਤ ਸੇਵਾਵਾਂ ਦੀਆਂ ਗੱਲਾਂ ਸੁਣਕੇ ਤਾਂ ਉਹ ਬਹੁਤ ਖੁਸ਼ ਹੁੰਦਾ ਪਰ ਕਈ ਵਾਰ ਜਦੋਂ ਉਹ ਬਜੁਰਗਾਂ ਦੇ ਬੇਸਮੈਂਟਾਂ ‘ਚ ਰੁਲਣ ਬਾਰੇ ਜਾਂ ਹੋਰ ਨਾਂਹ ਪੱਖੀ ਗੱਲਾਂ ਸੁਣਦਾ ਤਾਂ ਉਸ ਦਾ ਦਿਲ ਬਹੁਤ ਦੁਖੀ ਹੁੰਦਾ ਅਤੇ ਉਹ ਡਰ ਜਾਂਦਾ। ਉਹ ਸੋਚਣ ਲੱਗ ਪੈਂਦਾ ਕਿ ਜਿਹਨਾਂ ਬੱਚਿਆਂ ਨੂੰ ਮਾਪੇ ਸੌ ਸੁੱਖਾਂ ਮੰਗ ਕੇ ਜਨਮ ਦਿੰਦੇ ਆ, ਫਿਰ ਆਪ ਮੁਸ਼ਕਲਾਂ ਸਹਿ ਕੇ ਉਹਨਾਂ ਨੂੰ ਪਾਲਦੇ, ਪੜ੍ਹਾੳਂੁਦੇ ਅਤੇ ਵੱਡਾ ਕਰਦੇ ਨੇ, ਸਿਰਫ ਇਹੋ ਹੀ ਆਸ ਨਾਲ ਕਿ ਇਹ ਬੱਚੇ ਵੱਡੇ ਹੋਕੇ ਮਾਤਾ ਪਿਤਾ ਦੀ ਡੰਗੋਰੀ ਬਣਣਗੇ। ਜੇ ਇਹੋ ਬੱਚੇ ਆਪਣੇ ਬਜੁਰਗਾਂ ਨੂੰ ਬੇਸਮੈਂਟਾਂ ‘ਚ ਰੋਲਣ ਜਾਂ ਉਹਨਾਂ ਨਾਲ ਮਾੜਾ ਵਿਹਾਰ ਕਰਨ, ਫਿਰ ਤਾਂ ਉਹਨਾਂ ਵਾਸਤੇ ਇਹ ਨਰਕ ਨਾਲੋਂ ਵੀ ਮਾੜਾ ਹੋਇਆ। ਇਸ ਨਾਲੋਂ ਤਾਂ ਬੇਹਤਰ ਹੈ ਕਿ ਉਹ ਵਾਪਸ ਇੰਡੀਆ ਹੀ ਚਲੇ ਜਾਣ। ਪਰ ਜਦੋਂ ਉਹ ਇਹ ਸੁਣਦਾ ਕਿ ਕਈ ਬਜੁਰਗਾਂ ਨੇ ਤਾਂ ਪੰਜਾਬ ਵਾਲੀ ਆਪਣੀ ਸਾਰੀ ਜਾਏਦਾਦ ਵੇਚ ਦਿੱਤੀ ਏੇ ਅਤੇ ਹੁਣ ਉਹ ਵਾਪਸ ਵੀ ਨਹੀਂ ਜਾ ਸਕਦੇ, ਤਾਂ ਉਸਦਾ ਦਿਲ ਹੋਰ ਦੁਖੀ ਹੁੰਦਾ। ਭਾਵੇਂ ਉਸਨੂੰ ਪੂਰਾ ਯਕੀਨ ਸੀ ਕਿ ਉਸਦਾ ਬੇਟਾ ਉਸਦੀ ਸੇਵਾ ਜ਼ਰੂਰ ਕਰੇਗਾ ਪਰ ਕਈ ਵਾਰ ਜਦੋਂ ਉਹ ਨਾਂਹ ਪੱਖੀ ਸੋਚਦਾ ਤਾਂ ਉਸਦਾ ਦਿਲ ਕੰਬ ਜਾਂਦਾ। ਬਦਲਦੇ ਸਮੇਂ ਨਾਲ ਰਿਸ਼ਤੇ ਤਾਂ ਇੰਡੀਆ ‘ਚ ਵੀ ਹੁਣ ਕਾਫੀ ਤਿੜਕਣ ਲੱਗ ਪਏ ਸਨ ਪਰ ਉਸਨੂੰ ਜਾਪਿਆ ਕਿ ਕੈਨੇਡਾ `ਚ ਰਿਸ਼ਤਿਆਂ ਦਾ ਗੰਧਲਾਪਨ ਬਹੁਤ ਜਿਆਦਾ ਹੈ ਅਤੇ ਲੋਕਾਂ ਦਾ ਲਹੂ ਬਹੁਤ ਸਫੈਦ ਹੋ ਗਿਆ ਹੈ। ਪੰਜਾਬ ‘ਚ ਰਹਿੰਦਿਆਂ ਜੋ ਉਸਨੇ ਪੱਛਮੀ ਸਭਿਅਤਾ ਬਾਰੇ ਸੁਣਿਆਂ ਸੀ, ਹੁਣ ਉਸਨੂੰ ਪਰਤੱਖ ਨਜ਼ਰ ਆ ਰਿਹਾ ਸੀ। ਘਰਾਂ ਵਿੱਚ ਪਤੀ ਪਤਨੀ ਦਾ ਝਗੜਾ, ਨੂੰਹ ਸੱਸ ਦੀ ਲੜਾਈ, ਅਖਬਾਰਾਂ ‘ਚ ਵੱਟੇ ਦੇ ਵਿਆਹ ਦੇ ਇਸ਼ਤਹਾਰ, ਆਪਣੇ ਜਵਾਨ ਬੱਚਿਆਂ ਦਾ ਦੇਰ ਰਾਤ ਤੱਕ ਘਰੋਂ ਬਾਹਰ ਰਹਿਣਾ ਅਤੇ ਦੂਸਰੇ ਧਰਮ ਵਾਲਿਆਂ ਨਾਲ ਵਿਆਹ ਕਰਾਉਣ ਦੀਆਂ ਕਈ ਗੱਲਾਂ ਉਸਦਾ ਦਿਲ ਕੰਬਾ ਦਿੰਦੀਆਂ।

ਉਸਦੇ ਕਈ ਦੋਸਤਾਂ ਨੇ ਉਸਨੂੰ ਪੁੱਛਿਆ, “ਪਿਆਰਾ ਸਿਹਾਂ, ਤੇਰਾ ਲੜਕਾ ਐਥੇ ਕਿਵੇਂ ਆਇਆਂ ਸੀ?” ਜਦੋਂ ਪਿਆਰਾ ਸਿੰਘ ਦੱਸਦਾ ਕਿ ਕੈਨੇਡਾ ਦੀ ਲੜਕੀ ਨੇ ਉਸਦੇ ਲੜਕੇ ਨੂੰ ਬੁਲਾਇਆ ਸੀ ਤਾਂ ਉਹ ਅੱਗੋਂ ਚੁੱਪ ਹੋ ਜਾਂਦੇ ਅਤੇ ਕੁਝ ਨਾਂ ਬੋਲਦੇ। ਪਿਆਰਾ ਸਿੰਘ ਉਹਨਾਂ ਦੀ ਚੁੱਪ ਨਾਲ ਹੈਰਾਨ ਜਿਹਾ ਹੋ ਜਾਂਦਾ। ਇਕ ਦਿਨ ਉਸਨੇ ਆਪਣੇ ਇੱਕ ਦੋਸਤ ਨੂੰ ਇਸ ਚੁੱਪ ਦਾ ਕਾਰਨ ਪੁੱਛ ਹੀ ਲਿਆ ਅਤੇ ਉਸਨੇ ਅੱਗੋਂ ਦੱਸਿਆ,”ਪਿਆਰਾ ਸਿਹਾਂ, ਬੁਰਾ ਨਾਂ ਮਨਾਵੀਂ। ਆਪਣੇ ਸਮਾਜ ‘ਚ ਐਥੇ ਇੱਕ ਭੇਡ ਚਾਲ ਹੈ। ਭਾਵੇਂ ਇੰਡੀਆ ਤੋਂ ਲੜਕਾ ਬੁਲਾਇਆ ਹੋਵੇ ਤੇ ਭਾਵੇਂ ਲੜਕੀ, ਐਥੇ ਵਾਲੇ ਉਸਨੂੰ ਆਪਣੇ ਬਰਾਬਰ ਨਹੀਂ ਸਮਝਦੇ ਅਤੇ ਕਈ ਵਾਰ ਮਾੜਾ ਵਿਹਾਰ ਵੀ ਕਰਦੇ ਹਨ।” ਹੁਣ ਪਿਆਰਾ ਸਿੰਘ ਦੇ ਦਿਲ ‘ਚ ਸਹਿਜੇ ਸਹਿਜੇ ਸਾਰੀਆਂ ਗੱਲਾਂ ਸਮਝ ‘ਚ ਪੈਣ ਲੱਗੀਆਂ। ਵਿਆਹ ਤੋਂ  ਪਿਛੋਂ ਜਦੋਂ ਰੁਪਿੰਦਰ ਦਾ ਉਹਨਾਂ ਨਾਲ ਵਿਹਾਰ ਐਨਾਂ ਅੱਛਾ ਨਹੀਂ ਸੀ ਜਿੰਨਾਂ ਕਿ ਉਹ ਆਸ ਕਰਦੇ ਸਨ, ਤਾਂ ਉਹ ਦੋਵੇਂ ਜੀਅ ਅੰਦਰੋ ਅੰਦਰ ਬਹੁਤ ਦੁਖੀ ਹੋਏ ਸਨ। ਐਥੇ ਵੀ ਰੁਪਿੰਦਰ ਬਲਜੀਤ `ਤੇ ਕਈ ਵਾਰ ਗਲਬਾ ਪਉਣ ਦੀ ਕੋਸ਼ਿਸ਼ ਕਰਦੀ ਜਾਂ ਕਈ ਗੱਲਾਂ ‘ਚ ਉਸਨੂੰ ਟੋਕਦੀ ਤਾਂ ਬਲਜੀਤ ਅੱਗੋਂ ਸੌਰੀ ਕਹਿ ਕੇ ਚੁੱਪ ਹੋ ਜਾਂਦਾ। ਇੱਕ ਦੋ ਵਾਰੀਂ ਪਿਆਰਾ ਸਿੰਘ ਨੇ ਇਸ ਬਾਰੇ ਜਦੋਂ ਬਲਜੀਤ ਨਾਲ ਗੱਲ ਛੇੜੀ, ਤਾਂ ਬੇਟੇ ਨੇ ਹਊ ਪਰੇ ਕਰਕੇ ਗੱਲ ਟਾਲ ਦਿੱਤੀ।

ਸਾਰਾ ਦਿਨ ਪੋਤਰੇ ਦੇ ਨਾਲ ਰਹਿਣ ਅਤੇ ਉਸਨੂੰ ਖਡਾਉਣ ਦਾ ਇਹ ਅਸਰ ਜ਼ਰੂਰ ਹੋਇਆ ਕਿ ਉਸਨੂੰ ਪੋਤਰੇ ਨਾਲ ਬਹੁਤ ਪਿਆਰ ਹੋ ਗਿਆ। ਜਦੋਂ ਪੋਤਰਾ ਹਰ ਗੱਲ ‘ਤੇ “ਦਾਦਾ ਜੀ, ਦਾਦਾ ਜੀ” ਕਰਦਾ, ਤਾਂ ਉਸਦਾ ਕਿਲੋ ਖੂਨ ਵਧ ਜਾਂਦਾ। ਜਦੋਂ ਸ਼ਾਮਾਂ ਹੁੰਦੀਆਂ ਤੇ ਗਰਮੀ ਕੁਝ ਘਟ ਜਾਂਦੀ, ਤਾਂ ਉਸੇ ਵੇਲੇ ਉਹ ‘ਦਾਦਾ ਪਾਰਕ, ਦਾਦਾ ਪਾਰਕ’ ਕਰਨ ਲੱਗ ਪੈਂਦਾ। ਜਿਵੇਂ ਚਿੜੀ ਆਪਣੇ ਬੋਟਾਂ ਦਾ ਧਿਆਨ ਰੱਖਦੀ ਏ, ਉਵੇਂ ਹੀ ਪਿਆਰਾ ਸਿੰਘ ਪਾਰਕ ‘ਚ ਆਪਣੇ ਪੋਤਰੇ ਦੇ ਅੱਗੇ ਪਿੱਛੇ ਘੁੰਮਦਾ ਰਹਿੰਦਾ। ਹੁਣ ਤਾਂ ਬਹੁਤੀ ਵਾਰ ਰਾਤ ਵੇਲੇ ਦਾਦਾ ਪੋਤਰਾ ਇਕੱਠੇ ਸੌਂਦੇ ਸਨ।

ਹੁਣ ਜਦੋਂ ਲੋਕਾਂ ਵੱਲ ਅਉਣਾ ਜਾਣਾ ਘਟ ਗਿਆ ਤਾਂ ਪਿਆਰਾ ਸਿੰਘ ਨੇ ਇਕ ਦਿਨ ਬੇਟੇ ਨੂੰ ਕਿਹਾ, ”ਪੁੱਤ, ਹੁਣ ਬਥੇਰਾ ਘੁੰਮ ਫਿਰ ਲਿਆ ਵਾ। ਘਰ ਵਿਹਲੇ ਬੈਠਿਆਂ ਮੇਰਾ ਜੀਅ ਅੱਕ ਗਿਆ ਏ। ਜੇ ਮੈਂ ਕੋਈ ਮਾੜਾ ਮੋਟਾ ਕੰਮ ਕਰ ਲਵਾਂ ਤਾਂ ਮੇਰਾ ਦਿਲ ਲੱਗਾ ਰਹੂ, ਤੇ ਨਾਲੇ ਦੋ ਡਾਲਰ ਹੀ ਘਰ ਅਉਣਗੇ।” ਬਲਜੀਤ ਨੇ ਗੱਲ ਹਾਸੇ ਪਉਂਦਿਆ ਕਿਹਾ, ”ਪਾਪਾ ਜੀ, ਅਰਾਮ ਕਰੋ। ਸਾਰੀ ਉਮਰ ਕੰਮ ਹੀ ਕਰਦੇ ਰਹੇ ਹੋ। ਤਿੰਨ ਚਾਰ ਮਹੀਨਿਆਂ ਨੂੰ ਤੁਸਾਂ ਚਲੇ ਜਾਣਾ ਵਾਂ ਅਤੇ ਐਥੇ ਥੋੜ੍ਹੇ ਵਕਤ ਵਾਸਤੇ ਕੋਈ ਕੰਮ ਵੀ ਨਹੀ ਮਿਲਦਾ। ਹੁਣ ਤੁਸੀਂ ਵਾਪਸ ਜਾਕੇ ਆਪਣੇ ਕੰਮ ਤੋਂ ਸੇਵਾ ਮੁਕਤ ਹੋਵੋ, ਆਪਣੀ ਪੈਂਨਸ਼ਨ ਦਾ ਕੇਸ ਮੁਕੰਮਲ ਕਰੋ ਅਤੇ ਜਲਦੀ ਵਾਪਸ ਆਉ।” ਪਿਆਰਾ ਸਿੰਘ ਇਹ ਗੱਲ ਸੁਣ ਕੇ ਚੁੱਪ ਕਰ ਗਿਆ ਪਰ ਬਾਅਦ ‘ਚ ਉਸਨੂੰ ਪਤਾ ਲੱਗਾ ਕਿ ਅਸਲ ‘ਚ ਉਸਦੇ ਨੂੰਹ ਪੁੱਤ ਨੂੰ ਫ਼ਿਕਰ ਸੀ ਕਿ ਜੇ ਉਹ ਕੰਮ ਕਰਨ ਲਗ ਪਿਆ ਤਾਂ ਬੱਚੇ ਦੀ ਦੇਖ ਭਾਲ ਕੌਣ ਕਰੇਗਾ? ਖੈਰ ਔਖੇ ਸੌਖੇ ਉਸਨੇ ਆਪਣਾ ਵਕਤ ਪੂਰਾ ਕਰ ਲਿਆ ਅਤੇ ਵਾਪਸ ਜਾਣ ਲਈ ਤਿਆਰੀ ਕਰ ਲਈ। ਜਿੰਨੀ ਖੁਸ਼ੀ ਉਸਨੂੰ ਇੰਡੀਆ ਤੋਂ ਕੈਨੇਡਾ ਅਉਣ ਵੇਲੇ ਸੀ ਅਤੇ ਉਹ ਐਥੇ ਆਕੇ ਪਹਿਲੇ ਦੋ ਢਾਈ ਮਹੀਨੇ ਜਿੰਨਾ ਖੁਸ਼ ਰਿਹਾ, ਸਹਿਜੇ ਸਹਿਜੇ ਉਸਦਾ ਸਾਰਾ ਮਜ਼ਾ ਕਿਰਕਿਰਾ ਹੋ ਗਿਆ।

ਇੰਡੀਆ ਪਹੁੰਚ ਕੇ ਉਹ ਦੁਬਿਧਾ ‘ਚ ਪੈ ਗਿਆ। ਜਦੋਂ ਉਹ ਆਪਣੀ ਅੱਛੀ ਨੌਕਰੀ ਅਤੇ ਆਪਣੀ ਜਾਇਦਾਦ ਵੱਲ ਵੇਖਦਾ ਤਾਂ ਕੈਨੇਡਾ ਵਾਪਸ ਜਾਣ ਦਾ ਉਸਦਾ ਵੱਢਿਆ ਰੂਹ ਨਾ ਕਰਦਾ। ਪਰ ਜਦੋਂ ਉਹ ਕੈਨੇਡਾ ਦੇ ਸ਼ੁੱਧ ਵਾਤਾਵਰਣ, ਅੱਛੇ ਕਨੂੰਨ ਅਤੇ ਸੁਖਾਂ ਦੇ ਮੁਕਾਬਲੇ ਪੰਜਾਬ ‘ਚ ਹਰ ਪਾਸੇ ਫੈਲੀ ਗੰਦਗੀ, ਸਿਆਸਤਦਾਨਾਂ ਅਤੇ ਵੱਡੇ ਅਫਸਰਾਂ ਵੱਲੋਂ ਕੀਤੀ ਜਾਂਦੀ ਰਿਸ਼ਵਤਖੋਰੀ, ਗੁੰਡਾਗਰਦੀ ਅਤੇ ਕਨੂੰਨ ਦੀਆਂ ਧੱਜੀਆਂ ਉਡਾਉਣ ਵੱਲ ਨਿਗਾਹ ਮਾਰਦਾ ਤਾਂ ਉਸਦਾ ਦਿਲ ਕਰਦਾ ਕਿ ਉਹ ਉੱਡ ਕੇ ਫਿਰ ਵਾਪਸ ਕੈਨੇਡਾ ਪਹੁੰਚ ਜਾਵੇ। ਪਹਿਲੋਂ ਪਹਿਲੋਂ ਤਾਂ ਉਸਦੇ ਦੋਸਤਾਂ ਨੇ ਉਸ ਨਾਲ ਕਾਫੀ ਹਾਸਾ ਮਖੌਲ ਕੀਤਾ,”ਉਏ ਦੱਸ ਯਾਰ, ਕਹਿੰਦੇ ਆ ਪਈ ਕਨੇਡਾ ਪਰੀਆਂ ਦਾ ਦੇਸ਼ ਆ, ਫਿਰ ਤੂੰ ਕਿੰਨੀਆਂ ਕੁ ਪਰੀਆਂ ਵੇਖੀਆਂ? ਦੁਰੋਂ ਦੂਰੋਂ ਈ ਵੇਖੀਆਂ ਕਿ ਕਿਸੇ ਨੂੰ ਹੱਥ ਲਾਕੇ ਵੀ ਵੇਖਿਆ?” ਪਰ ਜਦੋਂ ਪਿਆਰਾ ਸਿੰਘ ਕੈਨੇਡਾ ਦੇ ਚੰਗੇ ਅਤੇ ਮਾੜੇ ਦੋਹਾਂ ਪੱਖਾਂ ਦੀ ਗੱਲ ਵਿਸਥਾਰ ਨਾਲ ਦੱਸਦਾ ਤਾਂ ਉਹ ਚੁੱਪ ਹੋ ਜਾਂਦੇ। 

ਉਸਨੇ ਆਪਣੀ ਬੇਟੀ ਨਾਲ ਬਲਜੀਤ ਅਤੇ ਰੁਪਿੰਦਰ ਦੀਆਂ ਸਾਰੀਆਂ ਗੱਲਾਂ, ਜਿਹੜੀਆਂ ਹੋਰ ਕਿਸੇ ਨਾਲ ਨਹੀਂ ਸੀ ਕਰ ਸਕਦਾ, ਕਰ ਲਈਆਂ। ਪਹਿਲੋਂ ਤਾਂ ਉਹ ਕੁਝ ਨਾਂ ਬੋਲੀ ਪਰ ਬਾਅਦ ‘ਚ ਉਸਨੇ ਆਪਣੇ ਮਨ ਦੀ ਗੱਲ ਕਹਿ ਦਿੱਤੀ: ”ਪਾਪਾ ਜੀ, ਤੁਸਾਂ ਸਾਰੀ ਉਮਰ ਐਸ ਮਹੌਲ ‘ਚ ਲੰਘਾਈ ਆ। ਨਵੇਂ ਮਹੌਲ ‘ਚ ਵਿਚਰਣ ਲੱਗਿਆਂ ਥੋੜ੍ਹਾ ਬਹੁਤ ਸਮਾਂ ਤਾਂ ਲਗਦਾ ਈ ਆ। ਤੁਸੀਂ ਫ਼ਿਕਰ ਨਾਂ ਕਰੋ। ਨਾਂਹ ਪੱਖੀ ਖਿਆਲ ਦਿਲ ‘ਚੋਂ ਕੱਢ ਦਿਉ, ਚੜ੍ਹਦੀ ਕਲਾ ‘ਚ ਰਹੋ। ਜੀਤ ਵੀਰ ਬਾਰੇ ਮਾੜਾ ਨਾ ਸੋਚੋ, ਉਹ ਤੁਹਾਨੂੰ ਫੁੱਲਾਂ ਵਾਂਗ ਰੱਖੇਗਾ। ਐਥੋਂ ਦੇ ਦਿਨੋ ਦਿਨੀ ਵਿਗੜ ਰਹੇ ਹਾਲਾਤ ਤਾਂ ਤੁਸੀਂ ਵੇਖ ਹੀ ਰਹੇ ਹੋ। ਇਸ ਲਈ ਤੁਹਾਨੂੰ ਮੇਰੀ ਇਹੋ ਸਲਾਹ ਹੈ ਕਿ ਇਹ ਸੁਨਹਿਰੀ ਮੌਕਾ ਹੱਥੋਂ ਨਾ ਗਵਾਉ।” ਅਸਲ ਵਿੱਚ ਪਿਆਰਾ ਸਿੰਘ ਦੇ ਕੈਨੇਡਾ ਜਾਣ ਪਿੱਛੋਂ ਉਹਨਾਂ ਦੇ ਘਰ ਵਿੱਚ ਕੈਨੇਡਾ ਬਾਰੇ ਕਈ ਵਾਰ ਗੱਲ ਛਿੜੀ ਸੀ ਅਤੇ ਉਸਦੇ ਪਤੀ ਨੇ ਇੱਕ ਦੋ ਵਾਰ ਕਿਹਾ ਸੀ,”ਚਲੋ, ਪਾਪਾ ਜੀ ਤਾਂ ਹੁਣ ਕੈਨੇਡਾ ਚਲੇ ਗਏ ਨੇ। ਕੁਝ ਚਿਰ ਬਾਅਦ ਸਾਡੀ ਵਾਰੀ ਵੀ ਆ ਜਾਵੇਗੀ।”

ਕਦੀ ਕਦੀ ਜਦੋਂ ਪੋਤਰੇ ਦੀ ਯਾਦ ਅਉਂਦੀ ਤਾਂ ਪਿਆਰਾ ਸਿੰਘ ਦੇ ਦਿਲ ‘ਚ ਘੇਰ ਜਿਹੇ ਪੈਂਦੇ ਅਤੇ ਉਹ ਸੋਚਣ ਲੱਗਦਾ ਕਿ ਪਹਿਲਾਂ ਤਾਂ ਜਦੋਂ ਉਹ ਸਵੇਰੇ ਉੱਠਦਾ ਸੀ ਤਾਂ ਉੱਚੀ ਅਵਾਜ ‘ਚ ‘ਦਾਦਾ ਜੀ’ ਕਹਿ ਕੇ ਅਵਾਜ਼ ਮਾਰਦਾ ਸੀ ਅਤੇ ਮੈਂ ਘੋੜਾ ਬਣਕੇ ਉਸਨੂੰ ਪੌੜੀਆਂ ਤੋਂ ਹੇਠਾਂ ਲੇੈ ਅਉਂਦਾ ਸਾਂ। ਹੁਣ ਜਦੋਂ ਉਹ ਅਵਾਜ਼ ਮਾਰਦਾ ਹੋਵੇਗਾ, ਮੈਨੂੰ ਉੱਥੇ ਨਾਂ ਵੇਖ ਕੇ ਉਹ ਕੀ ਸੋਚਦਾ ਹੋਵੇਗਾ? ਘਰ ਬੈਠਾ ਬੱਚਾ ਤਾਂ ਅੱਕ ਜਾਂਦਾ ਏ, ਪਤਾ ਨਹੀਂ ਬਲਜੀਤ ਉਸਨੂੰ ਪਾਰਕ ਲਿਜਾਂਦਾ ਹੋਵੇਗਾ ਕਿ ਨਹੀਂ? ਇਸ ਤਰਾਂ ਸੋਚਾਂ ਸੋਚਦਾ ਉਹ ਉਦਾਸ ਜਿਹਾ ਹੋ ਜਾਂਦਾ ਅਤੇ ਪਰਮਾਤਮਾ ਅੱਗੇ ਆਪਣੇ ਦਿਲ ਦੀ ਦੁਬਿਧਾ ਦੂਰ ਕਰਨ ਲਈ ਅਰਦਾਸ ਕਰਦਾ।

ਕਈ ਦਿਨਾਂ ਦੀ ਸੱਸ਼ੋਪੰਜ਼ ਤੋਂ ਪਿੱਛੋਂ ਅਖੀਰ ਪਿਆਰਾ ਸਿੰਘ ਨੇ ਫੈਸਲਾ ਕਰ ਹੀ ਲਿਆ ਕਿ ਉਹ ਸਮੇਂ ਤੋਂ ਪਹਿਲਾਂ ਨੌਕਰੀ ਤੋਂ ਸੇਵਾ ਮੁੱਕਤ ਹੋਕੇ ਵਾਪਸ ਕੈਨੇਡਾ ਚਲਾ ਜਾਵੇਗਾ। ਲੋੜੀਂਦੇ ਕਾਗਜ਼ ਪੱਤਰ ਭਰ ਕੇ ਉਸਨੇ ਆਪਣੇ ਕਾਲਜ ਦੇ ਦਫਤਰ ਦੇ ਵਿੱਚ ਦੇ ਦਿੱਤੇ ਅਤੇ ਨਾਲ ਹੀ ਇਹਨਾਂ ਕਾਗਜ਼ਾਂ ਦੀ ਪੈਰਵਾਈ ਵਾਸਤੇ ਉਸਨੇ ਕਲਰਕਾਂ ਵਾਸਤੇ ਚਾਹ ਪਾਣੀ ਦਾ ਇੰਤਜਾਮ ਵੀ ਕਰ ਦਿੱਤਾ। ਇਸੇ ਦੁਰਾਨ ਉਸਨੂੰ ਬਲਜੀਤ ਨੇ ਫੋਨ ਰਾਹੀ ਕਿਹਾ, ”ਪਾਪਾ ਜੀ, ਕਰਾਏ ‘ਤੇ ਰਹਿੰਦਿਆਂ ਬਹੁਤ ਸਾਲ ਹੋ ਗਏ ਨੇ। ਜੇ ਤੁਸੀਂ ਠੀਕ ਸਮਝੋ ਤਾਂ ਕੁਝ ਪੈਸੇ ਦਾ ਇੰਤਜਾਮ ਕਰ ਲਉ ਤਾਂ ਕਿ ਆਪਾਂ ਮਕਾਨ ਲੈ ਸਕੀਏੇ।” ਪਿਆਰਾ ਸਿੰਘ ਨੇ ਆਪਣੀ ਬੇਟੀ ਨਾਲ ਸਲਾਹ ਕਰਕੇ ਪਿੰਡ ਵਾਲੀ ਕੁਝ ਜਮੀਨ ਵੇਚ ਦਿੱਤੀ। ਕੁਝ ਪੈਸੇ ਉਸਨੇ ਹਵਾਲੇ ਰਾਹੀਂ ਭੇਜ ਦਿੱਤੇ, ਕੁਝ ਕੈਨੇਡਾ ਜਾਣ ਲੱਗਿਆਂ ਆਪਣੇ ਨਾਲ ਲੈ ਗਿਆ ਅਤੇ ਬਾਕੀ ਆਪਣੀ ਬੇਟੀ ਨੂੰ ਦੇ ਦਿੱਤੇ ਅਤੇ ਲੋੜ ਪੈਣ ਵੇਲੇ ਹਵਾਲੇ ਰਾਹੀਂ ਭੇਜਣ ਲਈ ਕਹਿ ਦਿੱਤਾ।

ਕੈਨੇਡਾ ਪਹੁੰਚਣ ਤੋਂ ਜਲਦੀ ਬਾਅਦ ਬਲਜੀਤ ਦੇ ਨਾਂਹ ਕਰਨ ਦੇ ਬਾਵਜ਼ੂਦ ਪਿਆਰਾ ਸਿੰਘ ਨੇ ਨੌਕਰੀ ਲਈ ਕੋਸ਼ਿਸ਼ ਕੀਤੀ ਅਤੇ ਸਕਿਉਰਟੀ ਦੀ ਇੱਕ ਕੰਪਨੀ ‘ਚ ਕੰਮ ਕਰਨ ਲੱਗ ਪਿਆ। ਕੰਮ ਸ਼ਾਮ ਦੇ 4 ਵਜੇ ਤੋਂ ਰਾਤ 12 ਵਜੇ ਤੱਕ ਸੀ। ਉਹ 3 ਕੁ ਵਜੇ ਬੱਸ ਰਾਹੀਂ ਕੰਮ ‘ਤੇ ਚਲਾ ਜਾਂਦਾ ਅਤੇ ਰਾਤ 1 ਕੁ ਵਜੇ ਆਕੇ ਸੌਂ ਜਾਂਦਾ। ਦਿਨ ਵੇਲੇ ਉਹ ਆਪਣੇ ਪੋਤਰੇ ਨੂੰ ਸੰਭਾਲਦਾ। ਕੰਮ ‘ਤੇ ਜਾਣ ਲੱਗੇ ਉਸਨੂੰ ਆਪਣੇ ਘਰ ਕੋਲ ਇਕ ਬੇਬੀ ਸਿਟਰ ਦੇ ਘਰ ਛੱਡ ਜਾਂਦਾ ਜਿੱਥੋਂ ਬਲਜੀਤ ਆਪਣੇ ਕੰਮ ਤੋਂ ਆਕੇ ਉਸਨੂੰ ਲੈ ਅਉਂਦਾ। ਘਰ ਦਾ ਮਹੌਲ ਤਾਂ ਪਿਆਰਾ ਸਿੰਘ ਦੇ ਜਾਣ ਤੋਂ ਪਹਿਲੋਂ ਵੀ ਕੁਝ ਠੀਕ ਨਹੀਂ ਸੀ, ਪਰ ਹੁਣ ਪਿਆਰਾ ਸਿੰਘ ਨੇ ਮਹਿਸੂਸ ਕੀਤਾ ਕਿ ਹਾਲਾਤ ਹੋਰ ਖਰਾਬ ਹੋ ਗਏ ਸਨ ਅਤੇ ਨੂੰਹ ਦਾ ਬਲਜੀਤ ਨਾਲ ਵਤੀਰਾ ਹੋਰ ਮਾੜਾ ਹੋ ਗਿਆ ਸੀ। ਇੱਕ ਵਾਰ ਪਿਆਰਾ ਸਿੰਘ ਨੇ ਦੋਹਾਂ ਨੂੰ ਪਿਆਰ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਰੁਪਿੰਦਰ ਅੱਗੋਂ ਗੁੱਸੇ ‘ਚ ਬੋਲੀ, ”ਡੈਡੀ, ਤੁਹਾਨੂੰ ਸਾਡੀ ਗੱਲ ‘ਚ ਦਖਲ ਦੇਣ ਦੀ ਕੋਈ ਲੋੜ ਨਹੀਂ।” ਬਲਜੀਤ ਚੁੱਪ ਰਿਹਾ ਅਤੇ ਉਸਦੀ ਕੁਝ ਵੀ ਬੋਲਣ ਦੀ ਹਿੰਮਤ ਨਾ ਪਈ। ਪਿਆਰਾ ਸਿੰਘ ਚੁੱਪ ਕਰਕੇ ਬਾਹਰ ਚਲਾ ਗਿਆ ਅਤੇ ਸੋਚਣ ਲਗ ਪਿਆ ਕਿ ਜੇ ਇਹੋ ਹਾਲਾਤ ਜਾਰੀ ਰਹੇ ਤਾਂ ਉਸਦਾ ਇਸ ਤਰਾਂ ਘਰ ‘ਚ ਰਹਿਣਾ ਮੁਸ਼ਕਲ ਹੋ ਜਾਵੇਗਾ। ਉਹ ਕਦੀ ਕਦੀ ਇਹ ਵੀ ਸੋਚਦਾ ਕਿ ਬਲਜੀਤ ਵਿਚਾਰਾ ਦੋ ਪੁੜਾਂ ‘ਚ ਪਿੱਸ ਰਿਹਾ ਹੈ। ਨਾ ਤਾਂ ਉਹ ਆਪਣੀ ਘਰ ਵਾਲੀ ਨੂੰ ਕੁਝ ਕਹਿ ਸਕਦਾ ਏ ਅਤੇ ਨਾਂ ਹੀ ਆਪਣੇ ਪਿਤਾ ਨੂੰ ਛੱਡ ਸਕਦਾ ਏ। ਬਲਜੀਤ ਨੇ ਇੱਕ ਵਾਰੀ ਆਪਣੇ ਪਿਤਾ ਨੂੰ ਕਹਿ ਵੀ ਦਿੱਤਾ ਸੀ, ”ਡੈਡੀ ਜੀ, ਮੈਂ ਨਾ ਤਾਂ ਕੈਨੇਡਾ ਅਉਣ ਬਾਰੇ ਅਤੇ ਨਾ ਹੀ ਰਿਸ਼ਤੇ ਬਾਰੇ ਮੰਨਦਾ ਸਾਂ। ਤੁਸਾਂ ਹੀ ਤਾਂ ਮੈਨੂੰ ਇਸ ਨਰਕ ‘ਚ ਧੱਕਾ ਦਿੱਤਾ ਏ। ਜੇ ਇਹ ਬੱਚਾ ਨਾ ਹੋਇਆ ਹੁੰਦਾ, ਤਾਂ ਫਿਰ ਮੈਂ ਕੁਝ ਹੋਰ ਸੋਚ ਸਕਦਾ ਸਾਂ। ਹੁਣ ਤੁਸੀਂ ਦੱਸੋ, ਮੈਂ ਕਿਹੜੇ ਖੂਹ `ਚ ਛਾਲ ਮਾਰਾਂ?”

ਗਰਮੀਆਂ ਦੇ ਦਿਨਾਂ ‘ਚ ਰੁਪਿੰਦਰ ਕਈ ਵਾਰ ਅਜਿਹੇ ਕੱਪੜੇ ਪਉਂਦੀ ਜਿਸ ਤੋਂ ਪਿਆਰਾ ਸਿੰਘ ਨੂੰ ਕੁਝ ਸ਼ਰਮ ਜਿਹੀ ਅਉਂਦੀ। ਇੱਕ ਦੋ ਵਾਰ ਜਦੋਂ ਉਸਨੇ ਬਲਜੀਤ ਨਾਲ ਇਸ ਬਾਰੇ ਗੱਲ ਕੀਤੀ ਤਾਂ ਉਸਨੇ ਹਾਸੇ ਨਾਲ ਗੱਲ ਟਾਲਦਿਆਂ ਕਿਹਾ, ”ਡੈਡੀ, ਇਹ ਕੈਨੇਡਾ ਏ। ਤੁਸਾਂ ਪਲਾਜਿਆਂ ‘ਚ ਵੇਖ ਹੀ ਲਿਆ ਹੈ ਕਿ ਇੱਥੋਂ ਦੀਆਂ ਜਨਾਨੀਆਂ ਕਿਸ ਤਰਾਂ ਦੇ ਕੱਪੜੇ ਪਉਂਦੀਆਂ ਨੇ।” ਉਹ ਜਦੋਂ ਬਾਹਰੋਂ ਆਪਣੇ ਘਰ ਅੰਦਰ ਵੜਦਾ ਤਾਂ ਪੰਜਾਬੀ ਸਭਿਆਚਾਰ ਮੁਤਾਬਕ ਆਪਣੇ ਅਉਣ ਦਾ ਅਹਿਸਾਸ ਕਰਾਉਣ ਲਈ ਹੌਲੀ ਜਿਹੀ ਖੰਘੂਰਾ ਮਾਰਦਾ ਤਾਂ ਕਿ ਨੂੰਹ ਨੂੰ ਪਤਾ ਲੱਗ ਜਾਵੇ ਕਿ ਉਹ ਆਇਆ ਹੈ। ਇਸ ਗੱਲ ਉੱਤੇ ਵੀ ਨੂੰਹ ਨੇ ਪਿਆਰਾ ਸਿੰਘ ਨੂੰ ਇੱਕ ਦੋ ਵਾਰ ਅਜਿਹੀਆਂ ਟਿੱਚਰਾਂ ਕੀਤੀਆਂ ਜਿਸ ਨਾਲ ਉਸਨੂੰ ਕੁਝ ਸ਼ਰਮਿੰਦਗੀ ਸਹਿਣੀ ਪਈ। ਰੁਪਿੰਦਰ ਨੂੰ ਘਰ ‘ਚ ਸਫਾਈ ਰੱਖਣ ਦਾ ਬਹੁਤ ਸ਼ੌਕ ਸੀ। ਉਹ ਚਹੁੰਦੀ ਸੀ ਕਿ ਘਰ ‘ਚ ਹਰ ਚੀਜ ਠੀਕ ਥਾਂ ‘ਤੇ ਰੱਖੀ ਹੋਵੇ। ਐਧਰ ਔਧਰ ਪਈ ਚੀਜ਼ ਉਸਨੂੰ ਪਸੰਦ ਨਹੀਂ ਸੀ। ਘਰ ਵਾਲੀ ਦੀ ਮੌਤ ਪਿੱਛੋਂ ਪੰਜਾਬ `ਚ ਰਹਿੰਦੇ ਪਿਆਰਾ ਸਿੰਘ `ਚ ਕੁਝ ਅਲਗਰਜ-ਪੁਣਾਂ ਆ ਗਿਆ ਸੀ। ਜਿਹੜੀ ਚੀਜ ਜਿੱਥੇ ਪਈ ਹੈ, ਉੱਥੇ ਪਈ ਰਹਿਣ ਦਿੰਦਾ। ਦੋ ਤਿੰਨ ਦਿਨਾਂ ਪਿੱਛੋਂ ਜਾਂ ਉਹ ਆਪ ਸਫਾਈ ਕਰ ਲੈਂਦਾ ਜਾਂ ਕਦੀ ਉਸਦੀ ਬੇਟੀ ਆਕੇ ਕਰ ਦਿੰਦੀ। ਜਦੋਂ ਕੋਈ ਮਾੜੀ ਆਦਤ ਪੈ ਜਾਵੇ, ਉਹ ਜਲਦੀ ਦੂਰ ਨਹੀਂ ਹੁੰਦੀ। ਇਸ ਆਦਤ ਕਰਕੇ ਵੀ ਪਿਆਰਾ ਸਿੰਘ ਨੂੰ ਨੂੰਹ ਕੋਲੋਂ ਕਈ ਵਾਰ ਗੱਲਾਂ ਸੁਨਣੀਆਂ ਪਈਆਂ।

ਹੁਣ ਉਹਨਾਂ ਨੇ ਘਰ ‘ਚ ਸਲਾਹ ਕਰ ਲਈ ਕਿ ਕਰਾਏ ਤੋਂ ਛੁਟਕਾਰਾ ਪਉਣ ਲਈ ਮਕਾਨ ਖਰੀਦ ਲਿਆ ਜਾਵੇ। ਕੁਝ ਮਕਾਨ ਵੇਖੇ। ਕਿਸੇ ਮਕਾਨ ‘ਚ ਕੁਝ ਚੰਗਾ ਸੀ ਅਤੇ ਕਿਸੇ ‘ਚ ਹੋਰ ਕੁਝ। ਅਖੀਰ ਜਦੋਂ ਇੱਕ ਮਕਾਨ ਪਸੰਦ ਆਇਆ ਤਾਂ ਰੁਪਿੰਦਰ ਨੇ ਏਜੰਟ ਨੂੰ ਸ਼ਾਮਾਂ ਵੇਲੇ, ਜਦੋਂ ਪਿਆਰਾ ਸਿੰਘ ਆਪਣੇ ਕੰਮ ਤੇ ਗਿਆ ਸੀ, ਘਰ ਬੁਲਾਇਆ ਅਤੇ ਦੋਹਾਂ ਜੀਆਂ ਨੇ ਕਾਗਜਾਂ ਉੱਤੇ ਦਸਤਖਤ ਕਰ ਦਿੱਤੇ।

ਦੋ ਕੁ ਦਿਨਾਂ ਪਿਛੋਂ ਜਦੋਂ ਬਲਜੀਤ ਆਪਣੇ ਕੰਮ ‘ਤੇ ਜਾਣ ਲੱਗਾ ਤਾਂ ਪਿਆਰਾ ਸਿੰਘ ਨੇ ਕਿਹਾ, ”ਬੇਟਾ, ਮਕਾਨ ਤਾਂ ਪਸੰਦ ਕਰ ਲਿਆ। ਫਿਰ ਆਪਣੇ ਏਜੰਟ ਨੂੰ ਕਾਗਜਾਂ ‘ਤੇ ਸਾਈਨ ਕਰਨ ਵਾਸਤੇ ਬੁਲਾ ਲੈਣਾ ਸੀ।”

ਬਲਜੀਤ ਨੂੰ ਜਿਵੇਂ ਕੰਬਣੀ ਜਿਹੀ ਆ ਗਈ। ਉਹ ਹੌਲੀ ਜਿਹੀ ਬੋਲਿਆ, ”ਡੈਡੀ, ਪਰਸੋਂ ਏਜੰਟ ਦਾ ਫੋਨ ਆਇਆ ਸੀ ਕਿ ਔਫਰ ਜਲਦੀ ਦੇਣੀ ਹੈ, ਨਹੀਂ ਤਾਂ ਮਕਾਨ ਹੱਥੋਂ ਖੁੱਸ ਜਾਵੇਗਾ। ਇਸ ਲਈ ਉਸਨੂੰ ਘਰ ਬੁਲਾ ਕੇ ਅਸੀਂ ਕਾਗਜਾਂ ਉੱਤੇ ਪਰਸੋਂ ਸਾਈਨ ਕਰ ਦਿੱਤੇ ਸਨ।” ਪਿਆਰਾ ਸਿੰਘ ਨੂੰ ਇੱਕ ਦਮ ਗੁੱਸਾ ਆ ਗਿਆ ਅਤੇ ਉਹ ਉੱਚੀ ਅਵਾਜ ‘ਚ ਬੋਲਿਆ, “ਸੋ ਤੁਸਾਂ ਮੈਨੂੰ ਪੁੱਛਣਾ ਜਾਂ ਮੇਰੀ ਸਲਾਹ ਲੈਣੀ ਠੀਕ ਨਹੀਂ ਸਮਝੀ।” ਉਹ ਇੱਕ ਦਮ ਆਪਣੇ ਕਮਰੇ ‘ਚ ਚਲਾ ਗਿਆ। ਬਲਜੀਤ ਨੇ ਸਮਝ ਲਿਆ ਕਿ ਕੋਈ ਤੁਫਾਨ ਅਉਣ ਵਾਲਾ ਹੈ। ਉਹ ਵੀ ਉਸਦੇ ਪਿੱਛੇ ਪਿੱਛੇ ਚਲਾ ਗਿਆ ਅਤੇ ਪੋਚਾ ਜਿਹਾ ਪਉਣ ਲੱਗਾ, ”ਡੈਡੀ, ਅਸਲ ‘ਚ ਕਾਹਲੀ ਕਾਹਲੀ ਕੰਮ ਕਰਨਾ ਪਿਆ। ਘਰ ਦੇ ਹੋਰ ਕੰਮਾਂ ‘ਚ ਰੁੱਝੇ ਰਹਿਣ ਕਰਕੇ ਤੁਹਾਨੂੰ ਦੱਸਿਆ ਨਹੀਂ ਗਿਆ।”

ਪਿਆਰਾ ਸਿੰਘ ਨੇ ਕਿਹਾ, ”ਬੇਟਾ, ਜਿੰਨੇ ਪੈਸੇ ਮੈਂ ਇੰਡੀਆ ਤੋਂ ਤੈਨੂੰ ਭੇਜੇ ਆ, ਇਸ ਦਾ ਮੈਨੂੰ ਚੈੱਕ ਹੁਣੇ ਦੇ ਦੇਹ ਅਤੇ ਬਾਕੀ ਗੱਲ ਆਪਾਂ ਇਕੱਠੇ ਬਹਿ ਕੇ ਕਰਾਂਗੇ।”  ਬਲਜੀਤ ਇੱਕ ਦੰਮ ਬੋਲਿਆ, ”ਡੈਡੀ, ਪੈਸੇ ਤੁਹਾਡੇ ਕੋਲ ਹੋਣ ਜਾਂ ਮੇਰੇ ਕੋਲ, ਗੱਲ ਤਾਂ ਇੱਕ ਈ ਆ।” ਪਿਆਰਾ ਸਿੰਘ ਕਿਹੜਾ ਕੱਚਾ ਕੂਲਾ ਸੀ, ਉਸਨੇ ਉਸੇ ਵੇਲੇ ਜਵਾਬ ਦਿੱਤਾ, ”ਮੈਂ ਵੀ ਇਹੋ ਕਹਿਨਾਂ ਵਾਂ ਕਿ ਪੈਸੇ ਤੇਰੇ ਕੋਲ ਹੋਣ ਜਾਂ ਮੇਰੇ ਕੋਲ, ਗੱਲ ਤਾਂ ਇੱਕ ਹੀ ਆ। ਇਸ ਵਾਸਤੇ ਮੇਰੇ ਪੈਸਿਆਂ ਦਾ ਚੈੱਕ ਮੈਨੂੰ ਦੇ ਦੇਹ।” ਇਹ ਸਮਝਦਿਆਂ ਕਿ ਜੇ ਮੈਂ ਨਾਂਹ ਨੁੱਕਰ ਕੀਤੀ, ਕਿਤੇ ਗੱਲ ਹੋਰ ਵਿਗੜ ਨਾ ਜਾਵੇ, ਬਲਜੀਤ ਨੇ ਦਸਤਖਤ ਕਰਕੇ ਚੈੱਕ ਉਸਨੂੰ ਫੜਾ ਦਿੱਤਾ। ਉਸ ਦਿਨ ਪਿਆਰਾ ਸਿੰਘ ਨੂੰ ਛੁੱਟੀ ਸੀ। ਸ਼ਾਮ ਨੂੰ ਜਦੋਂ ਬਲਜੀਤ ਅਤੇ ਰੁਪਿੰਦਰ ਕੰਮ ਤੋਂ ਆ ਗਏ ਤਾਂ ਚਾਹ ਪੀਣ ਵੇਲੇ ਪਿਆਰਾ ਸਿੰਘ ਨੇ ਦੋਹਾਂ ਨੂੰ ਆਪਣੇ ਕੋਲ ਸੱਦ ਕੇ ਲੈਣ ਵਾਲੇ ਮਕਾਨ ਬਾਰੇ ਗੱਲ ਛੇੜ ਲਈ ਅਤੇ ਵਿਸਥਾਰ ਨਾਲ ਵਿਚਾਰ ਵਟਾਂਦਰਾ ਕਰ ਲਿਆ ਤਾਂਕਿ ਬਾਅਦ ‘ਚ ਕੋਈ ਝਗੜਾ ਨਾ ਪਵੇ। ਇਹ ਫੈਸਲਾ ਹੋਇਆ ਕਿ ਉਹ ਮਕਾਨ `ਚ ਅੱਧ ਦਾ ਮਾਲਕ ਹੋਵੇਗਾ ਅਤੇ ਉਹ ਸ਼ੁਰੂ ਵਾਲੀ ਅਤੇ ਉਸ ਤੋਂ ਪਿਛੋਂ ਮੌਰਟਗੇਜ ਦੀ ਅੱਧੀ ਅਦਾਇਗੀ ਕਰੇਗਾ। ਬਾਕੀ ਬਿੱਲਾਂ ਦੀ ਅਦਾਇਗੀ ਵਿੱਚ ਉਹ ਤੀਸਰੇ ਹਿੱਸੇ ਦਾ ਭਾਈਵਾਲ ਹੋਵੇਗਾ। ਰੁਪਿੰਦਰ ਜੋ ਹੁਣ ਤੱਕ ਆਪਣੇ ਸਹੁਰੇ ਨੂੰ ਐਵੇਂ ਟਿੱਚ ਜਿਹਾ ਸਮਝਦੀ ਸੀ, ਨੂੰ ਆਪਣੀ ਅਤੇ ਆਪਣੇ ਸਹੁਰੇ ਦੀ ਹਸੀਅਤ ਦਾ ਚਾਨਣਾ ਹੋ ਗਿਆ।

ਨਵੇਂ ਮਕਾਨ `ਚ ਕੀਰਤਨ ਅਤੇ ਲੰਗਰ ਤੋਂ ਪਿੱਛੋਂ ਜਦੋਂ ਸਾਰੇ ਰਿਸ਼ਤੇਦਾਰ ਅਤੇ ਦੋਸਤ ਜਾਣ ਲੱਗੇ ਤਾਂ ਰੁਪਿੰਦਰ ਦੀ ਮਾਤਾ ਨੇ ਅਸਿੱਧੇ ਤੌਰ `ਤੇ ਪਿਆਰਾ ਸਿੰਘ ਨੂੰ ਇੱਕ ਟਿੱਚਰ ਜੇਹੀ ਕਰ ਦਿੱਤੀ। ਪਿਆਰਾ ਸਿੰਘ ਤਾਂ ਇਸ ਲਈ ਚੁੱਪ ਰਿਹਾ ਕਿ ਇਹ ਸਾਡੇ ਘਰ ਆਏ ਮਹਿਮਾਨ ਹਨ, ਚੁੱਪ ਰਹਿਣਾ ਹੀ ਬੇਹਤਰ ਹੈ, ਪਰ ਬਲਜੀਤ ਨੂੰ ਉਹ ਗੱਲ ਬਹੁਤ ਚੁਭਵੀਂ ਲੱਗੀ। ਪਹਿਲਾਂ ਵੀ ਰੁਪਿੰਦਰ ਦੀ ਮਾਤਾ ਨੇ  ਕਈ ਵਾਰ ਇਹਨਾਂ ਦੇ ਘਰ ਆਕੇ ‘ਐਂ ਕਰੋ, ਐਂ ਨਾ ਕਰੋ’ ਕਹਿ ਕੇ ਹੁਕਮ ਚਲਾਉਣ ਦੀ ਕੋਸ਼ਿਸ਼ ਕੀਤੀ ਸੀ। ਬਲਜੀਤ ਇਸ ਕਰਕੇ ਚੁੱਪ ਰਹਿੰਦਾ ਕਿ ਚਲੋ ਬਜ਼ੁਰਗ ਹਨ, ਆਪੇ ਹਟ ਜਾਣਗੇ ਅਤੇ ਗੱਲ ਹਊ ਪਰੇ ਕਰਕੇ ਟਾਲ ਦਿੰਦਾ ਪਰ ਇਸ ਵਾਰ ਇਹ ਗਲ ਉਸਦੀ ਬਰਦਾਸ਼ਤ ਤੋਂ ਬਾਹਰ ਸੀ ਅਤੇ ਉਸਨੇ ਉਸਨੂੰ ਇੱਕ ਪਾਸੇ ਕਰ ਕੇ ਕਹਿ ਦਿੱਤਾ, ”ਮੰਮੀ ਜੀ, ਤੁਹਾਡੀ ਗੱਲ ਮੈਂ ਸੁਣ ਵੀ ਲਈ ਏ ਤੇ ਸਮਝ ਵੀ ਲਈ ਏ। ਜੇ ਫਿਰ ਸਾਡੇ ਘਰ `ਚ ਦਖਲ ਦੇਣ ਦੀ ਕੋਸ਼ਿਸ਼ ਕੀਤੀ ਤਾਂ ਸਾਡੇ ਘਰ ਪੈਰ ਨਾ ਪਉਣਾ।” ਜਦੋਂ ਸ਼ਾਮ ਵੇਲੇ ਰੁਪਿੰਦਰ ਨੂੰ ਇਸ ਗੱਲ ਦਾ ਪਤਾ ਲੱਗਾ, ਉਸਨੇ ਤਾਂ ਘਰ ਸਿਰ ‘ਤੇ ਚੁੱਕ ਲਿਆ। ਨਵਾਂ ਘਰ ਲੈਣ ਦੀ ਖੁਸ਼ੀ ਜੋ ਉਹ ਸਾਰੇ ਕਈ ਚਿਰਾਂ ਤੋਂ ਲੋਚ ਰਹੇ ਸਨ, ਉਸਦਾ ਰੱਤੀ ਭਰ ਹਿੱਸਾ ਵੀ ਇਹਨਾਂ ਨੂੰ ਉਸ ਦਿਨ ਨਸੀਬ ਨਾ ਹੋਇਆ। ਪਿਆਰਾ ਸਿੰਘ ਨੇ ਸਿਆਣਪ ਦਿਖਾਉਂਦਿਆਂ ਦੋਹਾਂ ਨੂੰ ਚੁੱਪ ਤਾਂ ਕਰਾ ਦਿੱਤਾ ਪਰ ਘਰ ਦਾ ਮਹੌਲ ਦਿਨੋ ਦਿਨ ਖਰਾਬ ਹੁੰਦਾ ਗਿਆ। ਕੈਨੇਡਾ ਨੂੰ ਅਉਣ ਲੱਗਿਆਂ ਖੁਸ਼ੀ ਦੇ ਜਿਹੜੇ ਬੀਜ ਉਸਨੇ ਆਪਣੇ ਦਿਲ ‘ਚ ਬੀਜੇ ਸਨ, ਉਹਨਾਂ ਨੂੰ ਹੁਣ ਫੁੱਲ ਨਹੀਂ, ਕੰਡੇ ਨਿਕਲ ਆਏ ਸਨ। ਸੋਚਾਂ ਸੋਚਦਿਆਂ ਕਈ ਵਾਰ ਅੱਧੀ ਤੋਂ ਵੱਧ ਰਾਤ ਲੰਘ ਜਾਂਦੀ, ਪਰ ਉਸ ਦੀਆਂ ਅੱਖਾਂ ਦੀਆਂ ਬਰੂੰਹਾਂ `ਚ ਨੀਂਦ ਨਾ ਟਪਕਦੀ ਅਤੇ ਉਹ ਸੋਚਣ ਲੱਗ ਪੈਂਦਾ ਕਿ ਉਹ ਕੈਨੇਡਾ ਕੀ ਲੈਣ ਆਇਆ ਸੀ ਅਤੇ ਐਥੇ ਆਕੇ ਉਸਨੇ ਕੀ ਖੱਟਿਆ ਅਤੇ ਕੀ ਗਵਾਇਆ ਸੀ?

ਪਿਆਰਾ ਸਿੰਘ ਦਾ ਪੋਤਰਾ ਹੁਣ 4 ਕੁ ਸਾਲ ਦਾ ਹੋ ਗਿਆ ਅਤੇ ਉਸਨੂੰ ਆਪਣੇ ਲਾਗੇ ਦੇ ਸਕੂਲ ‘ਚ ਕੇ. ਜੀ. ਕਲਾਸ `ਚ ਦਾਖਲਾ ਮਿਲ ਗਿਆ। ਇਸ ਕਲਾਸ ਦਾ ਸਮਾਂ ਸਵੇਰੇ ਸਾਢੇ 8 ਵਜੇ ਤੋਂ ਸਾਢੇ 12 ਵਜੇ ਤੱਕ ਸੀ। ਪੋਤਰੇ ਨੂੰ ਸਕੂਲ ਛੱਡਣ ਅਤੇ ਉਥੋਂ ਲਿਆਉਣ ਦੀ ਜਿੰਮੇਦਾਰੀ ਪਿਆਰਾ ਸਿੰਘ ਨੇ ਲੈ ਲਈ। ਇਸੇ ਦੁਰਾਨ ਉਸਦੀ ਇੱਕ ਗੋਰੀ ਜਨਾਨੀ ਜੈਨੀਫਰ ਜੋ ਆਪਣੀ ਦੋਹਤੀ ਨੂੰ ਸਕੂਲ ਛੱਡਣ ਜਾਂਦੀ ਹੰੰਦੀ ਸੀ, ਨਾਲ ਵਾਕਫੀ ਹੋ ਗਈ।

ਰੋਜ ਵਾਂਗ ਇੱਕ ਦਿਨ ਜਦੋਂ ਪਿਆਰਾ ਸਿੰਘ ਪੋਤਰੇ ਨੂੰ ਸਕੂਲ ਛੱਡਣ ਗਿਆ ਸੀ ਤਾਂ ਜੈਨੀਫਰ ਉਸਨੂੰ ਉੱਥੇ ਮਿਲ ਪਈ। ਵਾਪਸੀ ਵੇਲੇ ਉਹ ਵੀ ਪਿਆਰਾ ਸਿੰਘ ਦੇ ਨਾਲ ਹੀ ਤੁਰ ਪਈ ਅਤੇ ਆਪਣੇ ਘਰ ਕੋਲ ਆਕੇ ਉਸਨੇ ਕਿਹਾ,”ਆਉ ਇਕੱਠੇ ਕੌਫੀ ਪੀਨੇ ਆਂ, ਨਾਲੇ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਏਂ।” ਪਿਆਰਾ ਸਿੰਘ ਕੁਝ ਨਾ ਬੋਲਿਆ ਅਤੇ ਉਸਦੇ ਨਾਲ ਘਰ ਅੰਦਰ ਚਲਾ ਗਿਆ। ਪਿਆਰਾ ਸਿੰਘ ਨੂੰ ਕੌਫੀ ਦਾ ਕੱਪ ਫੜਾਉਂਦਿਆਂ ਜੈਨੀਫਰ ਨੇ ਕਿਹਾ, ”ਉਸ ਦਿਨ ਤੁਹਾਥੋਂ ਤੁਹਾਡੀ ਪਤਨੀ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ। ਉਹਨਾਂ ਦੀ ਮੌਤ ਕਿਵੇਂ ਹੋਈ?”

ਪਿਆਰਾ ਸਿੰਘ ਨੇ ਸਿਰਫ ਇੰਨਾ ਹੀ ਕਿਹਾ, ”ਦਿਲ ਦਾ ਦੌਰਾ ਪੈਣ ਨਾਲ।”

ਕੁਝ ਚਿਰ ਚੁੱਪ ਰਹਿਣ ਪਿਛੋਂ ਜੈਨੀਫਰ ਨੇ ਕਿਹਾ, ”ਇਕੱਲੇ ਰਹਿਣ ਦਾ ਦੁੱਖ ਮੇਰੇ ਤੋਂ ਜਿਆਦਾ ਹੋਰ ਕੌਣ ਮਹਿਸੂਸ ਕਰ ਸਕਦਾ ਏ? ਚਾਰ ਕੁ ਸਾਲ ਪਹਿਲਾਂ ਮੇਰੇ ਪਤੀ ਨੇ ਮੈਨੂੰ ਤਲਾਕ ਦੇਕੇ ਆਪਣੀ ਕੰਪਨੀ ‘ਚ ਕੰਮ ਕਰਦੀ ਇੱਕ ਲੜਕੀ ਨਾਲ ਵਿਆਹ ਕਰਾ ਲਿਆ। ਮੈਥੋਂ ਵੀ ਪਹਿਲੋਂ ਪਹਿਲ ਇਹ ਦੁੱਖ ਨਹੀਂ ਸੀ ਜਰਿਆ ਗਿਆ। ਚਲੋ, ਇੱਕ ਅਹਿਸਾਨ ਉਸਨੇ ਮੇਰੇ ਉੱਤੇ ਕਰ ਦਿੱਤਾ ਕਿ ਇਹ ਮਕਾਨ ਜੋ ਕਰਜੇ ਤੋਂ ਮੁੱਕਤ ਹੈ, ਮੈਨੂੰ ਤੋਹਫੇ ਦੇ ਤੌਰ ਤੇ ਦੇ ਦਿੱਤਾ ਅਤੇ ਮੈਂ ਦਰ ਦਰ ਭਟਕਣ ਤੋਂ ਬਚ ਗਈ। ਮੇਰੀ ਇੱਕ ਲੜਕੀ ਹੈ ਜੋ ਇਸ ਘਰ ਤੋਂ ਦੋ ਕੁ ਗਲੀਆਂ ਦੂਰ ਰਹਿੰਦੀ ਏ। ਉਹ ਆਪਣੀ ਲੜਕੀ ਨੂੰ ਸਵੇਰੇ ਕੰਮ ਜਾਣ ਤੋਂ ਪਹਿਲਾਂ ਐਥੇ ਛੱਡ ਜਾਂਦੀ ਏ ਅਤੇ ਸ਼ਾਮਾਂ ਨੂੰ ਵਾਪਸ ਲੈ ਜਾਂਦੀ ਏ”।

ਪਿਆਰਾ ਸਿੰਘ ਨੇ ਪੁੱਛਿਆ, ”ਤਲਾਕ ਤੋਂ ਪਿਛੋਂ ਤੁਸੀਂ ਆਪਣੇ ਘਰ ਵਾਲੇ ਨੂੰ ਕਦੀ ਮਿਲੇ ਹੋ ਕਿ ਨਹੀਂ”? ਜੈਨੀਫਰ ਨੇ ਕਿਹਾ,”ਅਸੀਂ ਤਕਰੀਬਨ ਮਹੀਨੇ `ਚ ਇੱਕ ਵਾਰੀਂ ਇਕੱਠੇ ਡਿਨਰ ਕਰਦੇ ਆਂ। ਕਦੀ ਉਹ ਇੱਥੇ ਆ ਜਾਂਦਾ ਏ ਤੇ ਕਦੀ ਅਸੀਂ ਮਾਵਾਂ ਧੀਆਂ ਉਸਦੇ ਘਰ ਚਲੇ ਜਾਂਦੇ ਆਂ।”

ਜੈਨੀਫਰ ਨੇ ਇੱਕ ਲੰਬਾ ਹੌਕਾ ਲਿਆ ਅਤੇ ਪਿਆਰਾ ਸਿੰਘ ਨੂੰ ਪੁੱਛਿਆ, ”ਤੁਸੀਂ ਕਿੱਥੇ ਕੰਮ ਕਰਦੇ ਹੋ”?

ਪਿਆਰਾ ਸਿੰਘ ਨੇ ਕਿਹਾ,”ਮੈਂ ਇੱਕ ਸਕਿਉਰੀਟੀ ਕੰਪਨੀ `ਚ ਕੰਮ ਕਰਦਾ ਸਾਂ। ਦੋ ਕੁ ਮਹੀਨੇ ਪਹਿਲਾਂ ਉਹ ਕੰਪਨੀ ਬੰਦ ਹੋ ਗਈ। ਅੱਜ ਕੱਲ ਮੈਂ ਘਰੇ ਹੀ ਰਹਿੰਦਾ ਹਾਂ”।

ਜੈਨੀਫਰ ਨੇ ਕਿਹਾ, ”ਮੈਂ ਐਥੇ ਲਾਗੇ ਹੀ ਇੱਕ ਕੰਪਨੀ ‘ਚ ਸੁਪਰਵਾਈਜ਼ਰ ਦੇ ਤੌਰ ‘ਤੇ ਕੰਮ ਕਰਦੀ ਹਾਂ। ਉੱਥੇ ਇੱਕ ਦੋ ਅਸਾਮੀਆਂ ਖਾਲੀ ਹਨ, ਜੇ ਚਾਹੋ ਤਾਂ ਅਰਜੀ ਦੇ ਦਿਉ।” ਅੱਨ੍ਹਾਂ ਕੀ ਭਾਲੇ ਦੋ ਅੱਖੀਆਂ। ਪਿਆਰਾ ਸਿੰਘ ਦਾ ਚਿਹਰਾ ਖੁਸ਼ੀ ਨਾਲ ਖਿੜ ਉੱਠਿਆ ਅਤੇ ਉਸਨੇ ਇੱਕ ਦਮ ਕਿਹਾ, ”ਸੱਚ?”

ਦੋ ਕੁ ਦਿਨਾਂ ਬਾਅਦ ਪਿਆਰਾ ਸਿੰਘ ਨੇ ਜੈਨੀਫਰ ਵਾਲੀ ਕੰਪਨੀ ‘ਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਜੈਨੀਫਰ ਦਾ ਕੰਮ ਸ਼ਾਮ 4 ਵਜੇ ਤੋਂ ਰਾਤ 12 ਵਜੇ ਸੀ ਅਤੇ ਇਹੋ ਸ਼ਿਫਟ ਉਸਨੇ ਪਿਆਰਾ ਸਿੰਘ ਨੂੰ ਦਵਾ ਦਿੱਤੀ। ਕੁਝ ਦਿਨਾਂ ਪਿੱਛੋਂ ਜੈਨੀਫਰ ਨੇ ਪਿਆਰਾ ਸਿੰਘ ਨੂੰ ਕਿਹਾ, ”ਤੁਹਾਡਾ ਹਰ ਰੋਜ ਬੱਸ ‘ਚ ਸਫਰ ਕਰਨਾ ਮੈਨੂੰ ਅੱਛਾ ਨਹੀਂ ਲਗਦਾ। ਜੇ ਤੁਸੀਂ ਮਹਿਸੂਸ ਨਾ ਕਰੋ ਤਾ ਆਪਾਂ ਦੋਵੇਂ ਇਕੱਠੇ ਕਾਰ ‘ਚ ਆ ਜਾ ਸਕਦੇ ਹਾਂ।” ਪਿਆਰਾ ਸਿੰਘ ਨੇ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ‘ਹਾਂ’ ਦਾ ਇਸ਼ਾਰਾ ਕੀਤਾ। ਇੱਕ ਦਮ ਜੈਨੀਫਰ ਨੇ ਆਪਣਾ ਹੱਥ ਅੱਗੇ ਕੀਤਾ ਅਤੇ ਪਿਆਰਾ ਸਿੰਘ ਨੂੰ ਪਤਾ ਹੀ ਨਾ ਲੱਗਾ ਕਿ ਹਾਂ ਚ ਹਾਂ ਮਿਲਾਉਣ ਲਈ ਕਿਸ ਵੇਲੇ ਉਸਦਾ ਹੱਥ ਜੈਨੀਫਰ ਦੇ ਹੱਥ ਵਿੱਚ ਆ ਗਿਆ?

ਇੱਕ ਦਿਨ ਕੰਮ ਵੇਲੇ ਪਿਆਰਾ ਸਿੰਘ ਨੇ ਵੇਖਿਆ ਕਿ ਜੈਨੀਫਰ ਬਾਰ ਬਾਰ ਆਪਣਾ ਸਿਰ ਫੜ ਕੇ ਘੁੱਟ ਰਹੀ ਸੀ, ਜਦੋਂ ਉਸਨੇ ਪੁੱਛਿਆ ਤਾਂ ਜੈਨੀਫਰ ਨੇ ਦੱਸਿਆਂ ਕਿ ਉਸਨੂੰ ਚੱਕਰ ਆ ਰਹੇ ਸਨ ਅਤੇ ਕੌਫੀ ਪੀਣ ਬਾਅਦ ਉਹ ਕਾਫੀ ਠੀਕ ਮਹਿਸੂਸ ਕਰ ਰਹੀ ਸੀ। ਕੰਮ ਪਿੱਛੋਂ ਘਰ ਵਾਪਸ ਆਕੇ ਜਦੋਂ ਉਹ ਕਾਰ ‘ਚੋਂ ਬਾਹਰ ਨਿਕਲੀ ਤਾਂ ਫਿਰ ਚੱਕਰ ਜਿਹਾ ਆਇਆ ਅਤੇ ਉਹ ਡਿਗਦੇ ਡਿਗਦੇ ਮਸਾਂ ਬਚੀ। ਪਿਆਰਾ ਸਿੰਘ ਨੇ ਉਸਨੂੰ ਸਹਾਰਾ ਦਿੱਤਾ ਅਤੇ ਉੱਪਰ ਜਾਕੇ ਬਿਸਤਰੇ ‘ਤੇ ਲਿਟਾ ਦਿੱਤਾ।

ਜੈਨੀਫਰ ਨੇ ਹੌਲੀ ਜਿਹੀ ਕਿਹਾ, ”ਇੱਕ ਕੱਪ ਕੌਫੀ ਦਾ ਬਣਾ ਦਿਉ। ਪਿਆਰਾ ਸਿੰਘ ਨੇ ਬਹੁਤ ਖੁਸ਼ੀ ਮਹਿਸੂਸ ਕੀਤੀ ਅਤੇ ਹੱਸਦੇ ਹੋਏ ਨੇ ਕਿਹਾ, ”ਜਰੂਰ, ਬੱਸ ਮੈਂ ਹੁਣੇ ਦੋ ਮਿੰਟਾਂ `ਚ ਆਇਆ।” ਕੌਫੀ ਦਾ ਕੱਪ ਜੈਨੀਫਰ ਦੇ ਹੱਥ ‘ਚ ਫੜਾਉਂਦਿਆਂ ਪਿਆਰਾ ਸਿੰਘ ਨੇ ਕਿਹਾ, ”ਮੈਡਮ, ਅੱਜ ਮੇਰੇ ਹੱਥ ਦੀ ਬਣੀ ਮੇਰੇ ਵਰਗੀ ਕੌਫੀ ਪੀਉ।” ਕੌਫੀ ਪੀਂਦੇ ਹੋਏ ਜੈਨੀਫਰ ਨੇ ਹੱਸਦੇ ਹੋਏ ਕਿਹਾ, ”ਇਹ ਤਾਂ ਐਨੀ ਸੁਆਦਲੀ ਏ ਕਿ ਦਿਲ ਕਰਦਾ ਏ ਹਰ ਵਾਰ ਤੁਹਾਡੇ ਹੱਥ ਦੀ ਬਣੀ ਹੋਈ ਕੌਫੀ ਪੀਵਾਂ।” ਪਿਆਰਾ ਸਿੰਘ ਇਹ ਸੁਣ ਕੇ ਖੁਸ਼ ਤਾਂ ਹੋਇਆ ਪਰ ਨਾਲ ਹੀ ਸੋਚਾਂ `ਚ ਪੈ ਗਿਆ ਕਿ ਜੇ ਉਹ ਆਪਣੇ ਘਰ ਚਲੇ ਜਾਂਦਾ ਹੈ ਤਾਂ ਇਹ ਸੋਚੇਗੀ ਕਿ ਸਿਹਤ ਖਰਾਬ ਹੋਣ ਦੇ ਬਾਵਜ਼ੂਦ ਇਹ ਆਪਣੇ ਘਰ ਕਿਉਂ ਚਲੇ ਗਿਆ? ਜੇ ਉਹ ਉਥੇ ਠਹਿਰਦਾ ਹੈ ਤਾਂ ਇਹ ਸੋਚੇਗੀ ਕਿ ਪਤਾ ਨਹੀਂ ਮੇਰੇ ਮਨ ‘ਚ ਕੋਈ ਖੋਟ ਹੈ। ਅਜੇ ਉਹ ਇਸ ਦੁਬਿਧਾ ‘ਚ ਉਲਝ ਹੀ ਰਿਹਾ ਸੀ ਕਿ ਜੈਨੀਫਰ ਨੇ ਕਿਹਾ, ”ਪਿਆਰਾ ਸਿੰਘ ਜੀ, ਮੈਂ ਅਜੇ ਪੂਰੀ ਤਰਾਂ ਠੀਕ ਨਹੀਂ ਹੋਈ। ਜੇ ਮੇਰੀ ਸਿਹਤ ਕਿਸੇ ਵੇਲੇ ਖਰਾਬ ਹੋ ਗਈ ਤਾਂ ਰਾਤ ਵੇਲੇ ਮੈਂ ਕਿਸ ਨੂੰ ਬੁਲਾਵਾਂਗੀ? ਜੇ ਤੁਸੀਂ ਮਹਿਸੂਸ ਨਾ ਕਰੋ ਤਾਂ ਅੱਜ ਰਾਤ ਇੱਥੇ ਹੀ ਠਹਿਰ ਜਾਉ।” ਦਿਲੋਂ ਤਾਂ ਪਿਆਰਾ ਸਿੰਘ ਵੀ ਇਹੋ ਚਹੁੰਦਾ ਸੀ ਪਰ ਗੰਭੀਰ ਜਿਹਾ ਹੋਕੇ ਹੌਲੀ ਜਿਹੀ ਬੋਲਿਆ, ”ਮੈਡਮ, ਸੱਚ ਪੁੱਛੋ ਤਾਂ ਮੈਨੂੰ ਤੁਹਾਡੀ ਸਿਹਤ ਦਾ ਬਹੁਤ ਫਿਕਰ ਹੈ। ਮੈਂ ਇੱਥੇ ਰਾਤ ਰਹਿ ਕੇ ਬਹੁਤ ਖੁਸ਼ੀ ਮਹਿਸੂਸ ਕਰਾਂਗਾ।”

ਉਸ ਰਾਤ ਉਸ ਕਮਰੇ ਦੀ ਬਿਜਲੀ ਬੰਦ ਨਹੀਂ ਸੀ ਹੋਈ ਅਤੇ ਉਹਨਾਂ ਨੇ ਢੇਰ ਸਾਰੀਆਂ ਗੱਲਾਂ ਕੀਤੀਆਂ। ਮੂੰਹ ਹਨ੍ਹੇਰਾ ਜਿਹਾ ਹੋਇਆ ਤਾਂ ਜੈਨੀਫਰ ਐਨੀ ਖੁਸ਼ ਸੀ ਕਿ ਉਸਦਾ ਦਿਲ ਕਰਦਾ ਸੀ ਪਈ ਉਹ ਬਾਹਰ ਨਿਕਲ ਕੇ ਉੱਚੀ ਉੱਚੀ ਹੱਸੇ ਅਤੇ ਆਪਣੇ ਦਿਲ ਦੀ ਖੁਸ਼ੀ ਸਾਰੀ ਹਵਾ ‘ਚ ਖਿਲਾਰ ਦੇਵੇ। ਜਦੋਂ ਸਵੇਰ ਵੇਲੇ ਪਿਆਰਾ ਸਿੰਘ ਆਪਣੇ ਘਰ ਜਾਣ ਲਈ ਬਾਹਰ ਨਿਕਲਿਆ ਤਾਂ ਨਾਲਦੇ ਘਰ ਵਾਲਾ ਬਾਹਰ ਖੜ੍ਹਾ ਕਾਲਾ ਆਦਮੀ ਉਸ ਵੱਲ ਵੇਖਕੇ ਮੁਸਕਰਾ ਪਿਆ। ਪਿਆਰਾ ਸਿੰਘ ਨੂੰ ਆਪਣੇ ਦਿਲ ਦਾ ਪਾਲਾ ਹੀ ਮਾਰ ਗਿਆ ਅਤੇ ਉਹ ਨੀਵੀਂ ਪਾਕੇ ਘਰ ਵੱਲ ਤੁਰ ਪਿਆ।

ਪਿਆਰਾ ਸਿੰਘ ਜਦੋਂ ਸਵੇਰੇ ਜਿਹੇ ਆਪਣੇ ਘਰ ਗਿਆ ਤਾਂ ਬਲਜੀਤ ਦੇ ਪੁੱਛਣ `ਤੇ ਉਸਨੇ ਕਿਹਾ ਕਿ ਉਸਦੇ ਕਿਸੇ ਦੋਸਤ ਦੀ ਸਿਹਤ ਖਰਾਬ ਹੋ ਗਈ ਸੀ ਅਤੇ ਉਸਦੀ ਮਦਦ ਕਰਨ ਵਾਸਤੇ ਉਸਦੇ ਘਰ ਰਹਿਣਾ ਪਿਆ। ਹੁਣ ਪਿਆਰਾ ਸਿੰਘ ਹਰ ਹਫ਼ਤੇ  ਇੱਕ ਦੋ ਵਾਰੀਂ ਜੈਨੀਫਰ ਦੇ ਘਰ ਰਾਤ ਵੇਲੇ ਠਹਿਰ ਜਾਂਦਾ ਅਤੇ ਬਲਜੀਤ ਨੂੰ ਹਰ ਵਾਰੀਂ ਕੋਈ ਨਾ ਕੋਈ ਨਵਾਂ ਬਹਾਨਾ ਬਣਾ ਕੇ ਦੱਸ ਦਿੰਦਾ। ਇਸ ਤੋਂ ਬਚਣ ਲਈ ਹੁਣ ਉਹਨਾਂ ਨੇ ਬੱਚਿਆਂ ਨੂੰ ਸਕੂਲ ਛੱਡਣ ਤੋਂ ਬਾਅਦ ਮਿਲਣਾ ਸ਼ੁਰੂ ਕਰ ਦਿੱਤਾ।

ਇੱਕ ਦੋ ਵਾਰ ਪਿਆਰਾ ਸਿੰਘ ਨੇ ਆਪਣੀ ਬੇਟੀ ਨਾਲ ਸਰਸਰੀ ਜਿਹੇ ਗੱਲ ਕੀਤੀ ਕਿ ਉਸਦੇ ਗਵਾਂਢ `ਚ ਰਹਿੰਦੀ ਇੱਕ ਗੋਰੀ ਜਨਾਨੀ ਦੀ ਮਦਦ ਨਾਲ ਉਸਨੂੰ ਨੌਕਰੀ ਮਿਲ ਗਈ ਏ ਅਤੇ ਮੈਂ ਹੁਣ ਬਹੁਤ ਖੁਸ਼ ਹਾਂ। ਬੇਟੀ ਨੇ ਜਵਾਬ ਵਿੱਚ ਇਹੋ ਕਿਹਾ ਸੀ ਕਿ ਉਹਨਾਂ ਨੂੰ ਬਗਾਨੇ ਲੋਕਾਂ ਕੋਲੋਂ ਬਚਕੇ ਰਹਿਣ ਦੀ ਲੋੜ ਹੈ ਅਤੇ ਉਸਨੇ ਇਹ ਵੀ ਪੱਕੀ ਕੀਤੀ ਸੀ ਕਿ ਉਹ ਅਜੇ ਨਵੇਂ ਨਵੇਂ ਕੈਨੇਡਾ ਆਏ ਹਨ ਅਤੇ ਹਰ ਗੱਲ `ਚ ਬਲਜੀਤ ਵੀਰ ਦੀ ਸਲਾਹ ਜਰੂਰ ਲੈਣ। ਪਰ ਪਿਆਰਾ ਸਿੰਘ ਨੇ ਤਾਂ ਬੇਟੀ ਨੂੰ ਘਰ ਦੀ ਅਸਲੀ ਤਸਵੀਰ ਦਿਖਾਲੀ ਹੀ ਨਹੀਂ ਸੀ ਕਿ ਘਰ `ਚ ਕਿਸ ਤਰਾਂ ਦੀ ਕੜ੍ਹੀ ਘੁਲਦੀ ਏ? ਉਹ ਸ਼ਾਇਦ ਇਹੋ ਸੋਚਦਾ ਸੀ ਕਿ ਬੇਟੀ ਕਰ ਤਾਂ ਕੁਝ ਨਹੀਂ ਸਕਦੀ, ਐਂਵੇ ਦੂਰ ਬੈਠੀ ਦੁਖੀ ਹੋਵੇਗੀ। ਜਦੋਂ ਕਿਤੇ ਬਲਜੀਤ ਆਪਣੀ ਭੈਣ ਨਾਲ ਗੱਲ ਕਰਦਾ ਤਾਂ ਉਹ ਵੀ ਸਰਸਰੀ ਜਿਹੀਆਂ ਦੋ ਚਾਰ ਗੱਲਾਂ ਕਰਕੇ ਫੋਨ ਬੰਦ ਕਰ ਦਿੰਦਾ।

ਕੁਝ ਦਿਨਾਂ ਪਿਛੋਂ ਪਿਆਰਾ ਸਿੰਘ ਜਦੋਂ ਆਪਣੇ ਪੋਤਰੇ ਨੂੰ ਸਕੂਲ ਛੱਡਣ ਗਿਆ ਤਾਂ ਉਸਨੂੰ ਆਪਣੇ ਤੋਂ ਕੁਝ ਵੱਡੀ ਉਮਰ ਦਾ ਇੱਕ ਹੋਰ ਪੂਰੇ ਸਿੱਖੀ ਸਰੂਪ ਵਾਲਾ ਸਰਦਾਰ ਉੱਥੇ ਮਿਲ ਪਿਆ ਜੋ ਆਪਣੀ ਦੋਹਤੀ ਨੂੰ ਸਕੂਲ ਛੱਡਣ ਆਇਆ ਸੀ। ਉਸਨੇ ਆਪਣਾ ਨਾਮ ਕਰਤਾਰ ਸਿੰਘ ਦੱਸਿਆ। ਨਾਂਹ ਕਰਨ ਦੇ ਬਾਵਜ਼ੂਦ ਉਹ ਪਿਆਰਾ ਸਿੰਘ ਨੂੰ ਚਾਹ ਪੀਣ ਦੇ ਬਹਾਨੇ ਸਕੂਲ ਦੇ ਲਾਗੇ ਆਪਣੇ ਘਰ ਲੈ ਗਿਆ। ਚਾਹ ਪੀਣ ਵੇਲੇ ਕਰਤਾਰ ਸਿੰਘ ਨੇ ਪਿਆਰਾ ਸਿੰਘ ਨੂੰ ਆਪਣੇ ਬਾਰੇ ਸੰਖੇਪ ਜਿਹੀ ਜਾਣਕਾਰੀ ਦਿੱਤੀ ਅਤੇ ਫਿਰ ਉਸਨੂੰ ਆਪਣੇ ਬਾਰੇ ਦੱਸਣ ਲਈ ਕਿਹਾ। ਪਿਆਰਾ ਸਿੰਘ ਨੇ ਸਾਰੀ ਗੱਲ ਸੁਣ ਕੇ ਜਦੋਂ ਕਰਤਾਰ ਸਿੰਘ ਦੀ ਜਿੰਦਗੀ ਦਾ ਆਪਣੀ ਜਿੰਦਗੀ ਨਾਲ ਮੁਕਾਬਲਾ ਕੀਤਾ ਤਾਂ ਉਸਨੂੰ ਜਾਪਿਆ ਜਿਵੇਂ ਜਮੀਨ ਅਸਮਾਨ ਦਾ ਫਰਕ ਹੋਵੇ। ਪਹਿਲੀ ਹੀ ਮਿਲਣੀ ‘ਚ ਇੱਕ ਅਨਜਾਣ ਆਦਮੀ ਨਾਲ ਆਪਣੇ ਘਰ ਬਾਰੇ ਸਾਰੀਆਂ ਗੱਲਾਂ ਕਰਨੀਆਂ ਉਸਨੇ ਠੀਕ ਨਾ ਸਮਝਿਆ ਅਤੇ ਸਾਧਾਰਨ ਜਿਹੀ ਗੱਲ ਬਾਤ ਕਰਕੇ ਉਹ ਘਰ ਆ ਗਿਆ।

ਕੁਝ ਤਾਂ ਘਰ ਵਿਚਲੀ ਤਲਖੀ ਅਤੇ ਕੁਝ ਜੈਨੀਫਰ ਨਾਲ ਬਣੀ ਦੋਸਤੀ ਦੀਆਂ ਗੱਲਾਂ ਉਸਦੇ ਮਨ ‘ਚ ਦਿਨੇ ਰਾਤ ਘੁੰਮਣ ਲੱਗੀਆਂ। ਜਿਵੇਂ ਆਮ ਕਹਾਵਤ ਹੈ ਕਿ ਕੰਧ ਕੋਲੋਂ ਵੀ ਸਲਾਹ ਲੈ ਲੈਣੀ ਚਾਹੀਦੀ ਹੈ, ਉਸਨੇ ਕਰਤਾਰ ਸਿੰਘ ਨੂੰ ਆਪਣਾ ਹਮਰਾਜ਼ ਬਨਾਉਣ ਦਾ ਵਿਚਾਰ ਬਣਾ ਲਿਆ। ਉਸਦੇ ਦਿਲ ਵਿੱਚ ਇਹ ਵੀ ਵਿਚਾਰ ਸੀ ਕਿ ਭਵਿਖ ‘ਚ ਜੈਨੀਫਰ ਵਾਲੀ ਗੱਲ ਦਾ ਜੇ ਕੋਈ ਪੰਗਾ ਪੈ ਗਿਆ ਤਾਂ ਕਮ ਸੇ ਕਮ ਉਸਦਾ ਕੋਈ ਗਵਾਹ ਤਾਂ ਹੋਵੇਗਾ। ਜਦੋਂ ਉਸਨੇ ਕਰਤਾਰ ਸਿੰਘ ਨੂੰ ਘਰ ਅਤੇ ਜੈਨੀਫਰ ਨਾਲ ਸਬੰਧਾਂ ਦੀ ਵਿਸਥਾਰ ਨਾਲ ਗੱਲ ਦੱਸੀ ਤਾਂ ਉਹ ਪਿਆਰਾ ਸਿੰਘ ਦੀ ਘਰ ਦੇ ਕਲੇਸ਼ ਵਾਲੀ ਗੱਲ ਨਾਲੋਂ ਜੈਨੀਫਰ ਨਾਲ ਸਬੰਧਾਂ ਵਾਲੀ ਗੱਲ ਉੱਤੇ ਬਹੁਤਾ ਫਿਕਰਮੰਦ ਸੀ। ਕੁਝ ਦਿਨ ਸੋਚ ਵਿਚਾਰਨ ਪਿੱਛੋਂ ਕਰਤਾਰ ਸਿੰਘ ਨੇ ਪਿਆਰਾ ਸਿੰਘ ਨਾਲ ਇਸ ਵਿਸ਼ੇ ਨਾਲ ਸਬੰਧਤ ਕਈ ਹਾਂ ਪੱਖੀ ਅਤੇ ਨਾਂਹ ਪੱਖੀ ਗੱਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਅਤੇ ਇਹ ਸਲਾਹ ਕੀਤੀ ਕਿ ਕੋਈ ਅੰਤਮ ਫੈਸਲਾ ਲੈਣ ਤੋਂ ਪਹਿਲਾਂ ਉਹ ਦੋਵੇਂ ਉਸ ਗੋਰੀ ਨਾਲ ਆਹਮਣੋ ਸਾਹਮਣੇ ਬੈਠਕੇ ਕੁਝ ਗੱਲਾਂ ਕਰ ਲੈਣ। ਪਿਆਰਾ ਸਿੰਘ ਨੇ ਇਸ ਵਿੱਚ ਸਹਿਮਤੀ ਪ੍ਰਗਟਾਈ ਅਤੇ ਉਸਨੇ ਜੈਨੀਫਰ ਨਾਲ ਗੱਲ ਕਰਕੇ ਸਮਾਂ ਨੀਯਤ ਕਰ ਲਿਆ। ਇਸ ਤਂੋ ਦੋ ਦਿਨਾ ਪਿੱਛੋਂ ਬੱਚੇ ਸਕੂਲ ਛੱਡ ਕੇ ਉਹ ਦੋਵੇਂ ਜੈਨੀਫਰ ਦੇ ਘਰ ਚਲੇ ਗਏ। ਜੈਨੀਫਰ ਇੱਕ ਲੜਕੀ ਦੇ ਨਾਲ ਸੇਬ ਦਾ ਜੂਸ ਲੈਕੇ ਆਈ ਅਤੇ ਕਿਹਾ, ”ਇਹ ਮੇਰੀ ਬੇਟੀ ਸਿੰਥੀਆ ਹੈ ਅਤੇ ਮੈਂ ਚਹੁੰਦੀ ਹਾਂ ਕਿ ਇਸ ਗੱਲ ਬਾਤ ਵਿੱਚ ਇਹ ਵੀ ਬਰਾਬਰ ਦੀ ਭਾਈਵਾਲ ਹੋਵੇ।” ਪਿਆਰਾ ਸਿੰਘ ਅਤੇ ਕਰਤਾਰ ਸਿੰਘ ਦੋਵੇਂ ਉਸ ਲੜਕੀ ਦੀ ਇਸ ਗੱਲ ਬਾਤ ਵਿੱਚ ਸ਼ਮੂਲੀਅਤ ਲਈ ਹੈਰਾਨ ਵੀ ਹੋਏ ਅਤੇ ਖੁਸ਼ ਵੀ। ਦੋ ਕੁ ਘੰਟੇ ਉਹਨਾਂ ਦਾ ਵਿਸਥਾਰ ਨਾਲ ਵਿਚਾਰ ਵਟਾਂਦਰਾ ਹੋਇਆ ਅਤੇ ਫਿਰ ਉਹ ਦੋਵੇਂ ਆਪੋ ਆਪਣੇ ਘਰ ਚਲੇ ਗਏ। ਇਸ ਤਰਾਂ ਹੋਰ ਦੋ ਤਿੰਨ ਵਾਰ ਜੈਨੀਫਰ ਦੇ ਘਰ ਇਸੇ ਵਿਸ਼ੇ ਨੂੰ ਬਰੀਕੀ ਨਾਲ ਘੋਖਣ ਲਈ ਮੀਟਿੰਗਾਂ ਹੋਈਆਂ। ਹੁਣ ਜਦੋਂ ਪਿਆਰਾ ਸਿੰਘ ਨੇ ਆਪਣੀ ਬੇਟੀ ਨਾਲ ਇਸ ਗੋਰੀ ਜਨਾਨੀ ਨਾਲ ਸਬੰਧਾਂ ਬਾਰੇ ਵਿਸਥਾਰ ਨਾਲ ਗੱਲ ਕੀਤੀ, ਉਹ ਤਾਂ ਸਿਰ ਤੋਂ ਪੈਰਾਂ ਤੱਕ ਕੰਬ ਗਈ। ਉਸਨੂੰ ਯਕੀਨ ਹੀ ਨਹੀਂ ਸੀ ਹੋ ਰਿਹਾ ਕਿ ਉਸਦਾ ਪਾਪਾ ਕੈਨੇਡਾ ਜਾਕੇ ਇਹ ਕੰੰਮ ਵੀ ਕਰ ਸਕਦਾ ਸੀ। ਉਹ ਇਹ ਸੋਚ ਕੇ ਵੀ ਦੁਖੀ ਹੋਈ ਕਿ ਜਦੋਂ ਲੋਕਾਂ ਨੂੰ ਇੱਥੇ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਸਮਾਜ ਵਿੱਚ ਮੂੰਹ ਦਖਾਉਣ ਜੋਗੀ ਨਹੀਂ ਰਹੇਗੀ। ਪਰ ਪਿਆਰਾ ਸਿੰਘ ਨੇ ਆਪਣੀ ਮਜਬੂਰੀ ਵਿਸਥਾਰ ਨਾਲ ਬਿਆਨ ਕਰ ਦਿੱਤੀ।

ਦਰਵਾਜੇ ਦੀ ਘੰਟੀ ਵੱਜੀ। ਬਲਜੀਤ ਨੇ ਦਰਵਾਜਾ ਖੋਲ੍ਹਿਆ ਅਤੇ ਉਹ ਪਿਆਰਾ ਸਿੰਘ ਅਤੇ ਇੱਕ ਗੋਰੀ ਨੂੰ ਗਲ `ਚ ਹਾਰ ਪਾਏ ਹੋਏ ਵੇਖ ਕੇ ਹੱਕਾ ਬੱਕਾ ਰਹਿ ਗਿਆ ਅਤੇ ਥਿੜਕਦੀ ਅਵਾਜ਼ `ਚ ਪੁੱਛਿਆ, ”ਡੈਡੀ, ਇਹ ਮੈਂ ਕੀ ਵੇਖ ਰਿਹਾ ਹਾਂ?”  ਪਿਆਰਾ ਸਿੰਘ ਨੇ ਹੱਸਦਿਆਂ ਹੋਇਆ ਕਿਹਾ, ”ਆਪਣੇ ਪੇਂਡੂ ਸੱਭਿਆਚਾਰ ਅਨੁਸਾਰ ਮੈਂ ਜਦੋਂ ਬਾਹਰੋਂ ਘਰ ਅੰਦਰ ਅਉਂਦਾ ਸਾਂ, ਤਾਂ ਹੌਲੀ ਜਿਹੀ ਖੰਘੂਰਾ ਮਾਰਦਾ ਸਾਂ। ਨੂੰਹ ਰਾਣੀ ਨੇ ਦੋ ਤਿੰਨ ਵਾਰ ਮੈਨੂੰ ਐਸੀ ਟਿੱਚਰ ਕੀਤੀ ਕਿ ਮੈਂ ਬਰਦਾਸ਼ਤ ਨਾ ਕਰ ਸਕਿਆ। ਇੱਕ ਵਾਰੀ ਇਸਨੇ ਕਿਹਾ ਸੀ ਕਿ ਕਿਵੇਂ ਘੋੜੇ ਵਾਂਗੂੰ ਹਿਣਕਦਾ ਵਾ ਅਤੇ ਇਹ ਉਸ ਮੇਹਣੇ ਦਾ ਜਵਾਬ ਹੈ ਕਿ ਹੁਣ ਘੋੜੇ ਨਾਲ ਘੋੜੀ ਵੀ ਹਿਣਕੇਗੀ। ਇਸ ਦਾ ਨਾਮ ਜੈਨੀਫਰ ਏ ਅਤੇ ਅੱਜ ਅਸਾਂ ਦੋਹਾਂ ਨੇ ਗੁਰਦੁਆਰੇ ਜਾਕੇ ਸ਼ਾਦੀ ਕਰ ਲਈ ਏ।“  ਇੰਨੇ ਚਿਰ ਨੂੰ ਰੁਪਿੰਦਰ ਵੀ ਆ ਗਈ ਅਤੇ ਡੈਡੀ ਨੂੰ ਇਸ ਤਰਾਂ ਵੇਖ ਕੇ ਉਹ ਵੀ ਹੱਕੀ ਬੱਕੀ ਰਹਿ ਗਈ। ਆਪਣੇ ਪੋਤਰੇ ਨੂੰ ਗੋਦ `ਚ ਲੈਕੇ ਅੰਦਰ ਸੋਫੇ ‘ਤੇ ਬੈਠਦਿਆਂ ਪਿਆਰਾ ਸਿੰਘ ਨੇ ਉਹਨਾਂ ਦੋਹਾਂ ਨੁੂੰ ਚਿਤਾਵਨੀ ਦਿੰਦਿਆਂ ਕਿਹਾ, ”ਜੇ ਤੁਸੀਂ ਸਾਡੇ ਨਾਲ ਖੁਸ਼ੀ ਖੁਸ਼ੀ ਰਹੋਗੇ ਤਾਂ ਠੀਕ ਹੈ, ਨਹੀਂ ਤਾਂ ਆਪਾਂ ਨੂੰ ਇਹ ਮਕਾਨ ਵੇਚਣਾ ਪਵੇਗਾ। ਫਿਰ ਤੁਸੀਂ ਜਿੱਥੇ ਮਰਜੀ ਰਿਹੋ।”। ਹੁਣ ਬਲਜੀਤ ਅਤੇ ਰੁਪਿੰਦਰ ਦੋਵੇਂ ਬੁੱਤ ਬਣੇ ਇੱਕ ਦੂਜੇ ਵੱਲ ਸਵਾਲੀਆ ਨਜਰਾਂ ਨਾਲ ਵੇਖ ਰਹੇ ਸਨ। ਸ਼ਾਇਦ ਸਭ ਤੋਂ ਵੱਡਾ ਸਵਾਲ ਡੈਡੀ ਦੀ ਜਮੀਨ ਅਤੇ ਕੋਠੀ `ਚੋਂ ਹਿੱਸਾ ਮਿਲਣ ਬਾਰੇ ਸੀ।

***

435

***
ਡਾ: ਤਰਲੋਚਨ ਸਿੰਘ ਔਜਲਾ
(ਟਰੌਂਟੋ: 647-532-1473)

About the author

ਡਾ. ਤਰਲੋਚਨ ਸਿੰਘ ਔਜਲਾ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਡਾ. ਤਰਲੋਚਨ ਸਿੰਘ ਔਜਲਾ

View all posts by ਡਾ. ਤਰਲੋਚਨ ਸਿੰਘ ਔਜਲਾ →