19 June 2024

ਤਿੰਨ ਕਵਿਤਾਵਾਂ—ਗ. ਸ. ਨਕਸ਼ਦੀਪ ਪੰਜਕੋਹਾ

 

 

 

 

ਨੀਂਦ

ਸ਼ਹਿਰ ਆਪਣਾ ਲੁੱਟਣ ਨੂੰ ਉਹ ਆਏ, ਤੁਸੀਂ ਕਿਵੇਂ ਨੀਂਦਰਾਂ ਪਾਈਆਂ ਨੇ ?
ਮਿਹਨਤਕਸ਼ ਹਨ ਤੰਬੂਆਂ ’ਚ ਬੈਠੇ, ਵਿਹਲੜਾਂ ਖੁਸ਼ੀਆਂ ਮਨਾਈਆਂ ਨੇ |
ਮੰਡੀਂ ਵਿੱਚ ਲੱਗਦੇ ਮੁੱਲ ਜਿਨ੍ਹਾਂ ਦੇ, ਉਹ ਤੇਰੇ ਸ਼ਹਿਰ ਦੀਆਂ ਜਾਈਆਂ ਨੇ |
ਸਾਰੀ ਉਮਰ ਰਹੇ ਕੁਰਸੀ ਨਾਲ ਚਿਪਕੇ, ਜਿਨ੍ਹਾਂ ਦੇ ਵੀ ਹੱਥ ਆਈਆਂ ਨੇ |
ਆ ਜਾ ਮਿੱਤਰਾ ਹੁਣ ਸੱਚ ਦੇ ਹੋਈਏ, ਕੀ ਹੋਇਆ ਜੇ ਅੱਗੇ ਖਾਈਆਂ ਨੇ ?
ਕਿਸ ਨੂੰ ਦੋਸ਼ ਦੇਵੇਗੀ ਸਾਹਿਬਾਂ, ਜਿਹੜੀ ਲੁੱਟ ਲਈ ਉਹਦੇ ਭਾਈਆਂ ਨੇ ?
ਵਾਰੋ ਵਾਰੀ ਉਹ ਲੁੱਟਣ ਆਉਂਦੇ, ਪਰ ਤੁਹਾਨੂੰ ਸਮਝਾਂ ਨਾ ਆਈਆਂ ਨੇ !
ਇਹ ਤਾਂ ਤੁਹਾਡੀਆਂ ਜ਼ਿੰਦਗੀਆਂ ਨੇ, ਪਰ ਕੋਹ ਛੱਡੀਆਂ ਕਸਾਈਆਂ ਨੇ |
ਤੁਹਾਡੇ ਕੋਲੋਂ ਹੀ ਹਾਰ ਪੁਆਉਂਦੇ, ਜਿਨ੍ਹਾਂ ਪੱਤਾਂ ਤੁਹਾਡੀਆਂ ਲਾਹੀਆਂ ਨੇ !
ਹੱਕ ਨਹੀਂ ਮਿਲਦੇ ਘਰ ਬੈਠਿਆਂ, ਨਕਸ਼ਦੀਪ ਤਾਰੀਖੀ ਗਵਾਹੀਆਂ ਨੇ|

ਧਰਮੀ 

ਜੇ ਉਹ ਧਰਮੀ ਹੁੰਦੇ, ਤਾਂ ਸਿਰਫ਼ ਇਨਸਾਨ ਬਣਦੇ |
ਉਹ ਲੋਕ ਸੇਵਕ ਰਹਿੰਦੇ, ਨਾ ਕਦੇ ਭਗਵਾਨ ਬਣਦੇ |
ਧੜਕਦੇ ਦਿਲਾਂ ਦੀ ਉਹ, ਹਮੇਸ਼ਾਂ ਹੀ ਜਾਨ  ਬਣਦੇ |

ਕਿਸੇ ਦਾ ਸਹਾਰਾ ਹੁੰਦੇ, ਉਹ ਕਿਸੇ ਦੇ ਪ੍ਰਾਨ ਬਣਦੇ |
ਮੁੜ੍ਹਕੇ ਦੀ ਖੁਸ਼ਬੂ ਹੁੰਦੇ, ਉਹ ਜੀਵਾਂ ਦੀ ਸ਼ਾਨ ਬਣਦੇ|
ਨਫ਼ਰਤ ਉਹ ਖੋਰ ਦੇਂਦੇ, ਤੇ ਜੀਵਨ ਦੀ ਆਨ ਬਣਦੇ |
ਦਇਆ ‘ਚ ਉਹ ਘੁਲ ਜਾਂਦੇ, ਰੱਬ ਦੀ ਜੁਬਾਨ ਬਣਦੇ |
ਉਹ ਔਰਤ ਦਾ ਮਾਣ ਹੁੰਦੇ, ਨਾ ਕਦੇ ਅਪਮਾਨ ਬਣਦੇ|
ਸੱਚ ਦਾ ਤੀਰ ਬਣਦੇ, ਉਹ ਅਜਿਹੀ ਕਮਾਨ ਬਣਦੇ |
ਨਕਸ਼ਦੀਪ ਨਿਆਂ ਦੁਆਉਂਦੇ, ਲੋਕਾਂ ਦਾ ਤਾਣ ਬਣਦੇ |
**

ਦਮ ਘੁੱਟਦਾ ਹੈ 

ਹਵਾਵਾਂ ਪਰੇਸ਼ਾਨ
ਫਿਜਾਂਵਾਂ ਭ੍ਰਿਸ਼ਟਾਚਾਰ ‘ਚ ਧੁਆਂਖੀਆਂ
ਨੀ ਮਾਏ ਮੇਰਾ ਦਮ ਘੁਟਦੈ |

ਇਹ ਕਿਵੇਂ ਰੱਲ ਜਾਂਦੇ ਨੇ
ਸੱਚ ਦੇ ਸੰਖਾਂ ਵਾਲੇ
ਝੂਠ ਦੇ ਵਪਾਰੀਆਂ ਦੇ ਸੰਗ ?
ਨੀ ਮਾਏ ਮੇਰਾ ਦਮ ਘੁਟਦੈ |

ਸੁਪਨੇ ਤੇ ਭਾਵਾਂ  ਨਾਲ
ਭਰੀਆਂ ਉਹ ਨਿੱਕੀਆਂ ਜਿਹੀਆਂ ਜਿੰਦਾਂ
ਹਵਸ ਰੋਲੀਆਂ ਭੁਲਾਈਆਂ ਗਈਆਂ
ਨੀ ਮਾਏ ਮੇਰਾ ਦਮ ਘੁਟਦੈ |

ਮੁੜਕੇ ਵਿੱਚ ਲੱਥਪਥ
ਪੇਟ ਦੀ ਊਂਣ ਵਿੱਚ
ਨੀਂਦ ਤੋਂ ਸੱਖਣੇ ਤੱਕਦਿਆਂ
ਨੀ ਮਾਏ ਮੇਰਾ ਦਮ ਘੁਟਦੈ!

ਆਪਣੇ ਹੀ ਦੇਸ਼ ਵਿੱਚ ਉਹ
ਮਿਹਨਤਕਸ਼ ਧੱਕੇ ਪ੍ਰਤੀ ਰੋਸ ਕਰਦੇ
ਮਾਰਦੇ ਜਾਂਦੇ ਨਾਹਰੇ ‘ਤੇ ਨਾਹਰਾ
ਡਾਂਗਾ ਖਾਂਦੇ ਅੰਤ ਵਿਦਾਇਗੀ ਤੀਕ
ਨੀ ਮਾਏ ਮੇਰਾ ਦਮ ਘੁਟਦੈ!

***
24 ਅਕਤੂਬਰ 2021
***
457
***

About the author

ਗ.ਸ. ਨਕਸ਼ਦੀਪ, ਪੰਜਕੋਹਾ

ਗ ਸ ਨਕਸ਼ਦੀਪ ਪੰਜਕੋਹਾ 
ਜਨਮ
ਪਿੰਡ ਪੰਜਕੋਹੇ ਜਿਲ੍ਹਾ ਫਤਿਹਗੜ੍

ਉੱਚ ਵਿਦਿਆ ਮਾਤਾ ਗੂਜਰੀ ਕਾਲਜ ਫਤਿਹਗੜ ਸਾਹਿਬ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਲਈ |
1986 ਤੋਂ ਬਾਦ ਅਮਰੀਕਾ ਜਾ ਵਸੇ |
ਲਿਖਣ ਦਾ ਸ਼ੌਕ ਸ਼ੁਰੂ ਤੋਂ ਹੀ ਸੀ।
ਹੁਣ ਤੀਕ 6 ਪੰਜਾਬੀ ਨਾਵਲ ਲਿਖੇ:
ਪਲੇਠਾ ਨਾਵਲ “ਵਾਵਰੋਲੀਆਂ ਦੇ ਨਾਲ”
ਅਮਰੀਕਾ ਰਹਿਕੇ ਵੀ ਲਿਖਣਾ ਕਦੇ ਨਹੀਂ ਛੱਡਿਆ |
ਬਾਕੀ ਸਾਰੇ ਨਾਵਲਾਂ ਜਿਵੇਂ "ਸਾਂਝਾ ਦੁੱਖ", "ਪਾਰ ਬਣਾਏ ਆਲ੍ਹਣੇ", "ਗਿਰਵੀ ਹੋਏ ਮਨ", "ਦਰਖ਼ਤੋਂ ਟੁਟੇ ਪੱਤੇ" ਅਤੇ "ਸੁਲਗਦੀ ਅੱਗ" ਅਤੇ ਛਪਣ ਅਧੀਨ ‘ਲਾਲ ਲਕੀਰੋਂ ਪਾਰ’ ਅਮਰੀਕਾ ਵਿੱਚ ਰਹਿੰਦਿਆਂ ਹੀ ਲਿਖੇ |
ਇੱਕ ਕਾਵਿ ਸੰਗ੍ਰਹਿ " ਰਾਤ ਦੀ ਕੁੱਖ " ਵੀ 2019 ਵਿੱਚ ਛਪਿਆ |
ਇੱਕ ਨਵਾਂ ਕਾਵਿ ਸੰਗ੍ਰਹਿ “ਖਾਮੋਸ਼ੀ ਅਤੇ ਅਤੇ ਕਾਵਿ ਵਿਸ਼ਲੇਛਣ “ਅਦਬ -ਸੁਨੇਹੇ ਅਕਤੂਬਰ 2021 ਵਿੱਚ ਛਪੇ |
ਪੰਜਾਬੀ ਸਾਹਿਤ ਵਿੱਚ ਜਿਆਦਾ ਜਾਣ ਪਛਾਣ ਉਨ੍ਹਾਂ ਦੇ ਨਾਵਲ " ਗਿਰਵੀ ਹੋਏ ਮਨ" ਕਰਕੇ ਬਣੀ ਜਿਸ ਦਾ ਸੰਬੰਧ ਹਰ ਨਸਲ ਦੇ ਪਰਸਪਰ ਸਵੈਵਿਰੋਧ ਅਤੇ ਮਨ ਦੇ ਦੋਗਲੇ ਬਣੇ ਰਹਿਣ ਨਾਲ ਹੈ | ਇਹ ਨਾਵਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਸੀਲੇਬਸ ਵਿੱਚ ਲੱਗਿਆ ਹੋਇਆ ਹੈ | ਇਸ ਨਾਵਲ ਦਾ ਅੰਗਰੇਜ਼ੀ ਵਿੱਚ ਤਰਜਮਾ ਵੀ ਹੋ ਚੁੱਕਿਆ ਹੈ ਅਤੇ ਹਿੰਦੀ ਵਿੱਚ ਵੀ ਹੋ ਰਿਹਾ ਹੈ !
9-10 ਸਾਲ ਲਾਕੇ “ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ” ਦਾ ਅੰਗਰੇਜੀ ਵਿੱਚ ਉਲਥਾ ਕੀਤਾਤੇ ਜਿਸ ਦੇ ਆਧਾਰ ਤੇ ਅੰਗਰੇਜੀ ਵਿੱਚ 4 ਕਿਤਾਬਾਂ ਲਿਖੀਆਂ: ਜਿਵੇਂ “Guru Message, The Ultimate Freedom", "Guru Nanak In His Own Words", "Bhagat Kabir, A Self Portrait " and "Who Does Live Within?" 

ਨਕਸ਼ਦੀਪ ਪੰਜਕੋਹਾ ਉਨ੍ਹਾਂ ਸਭ ਸ਼ਖਸ਼ਿਅਤਾਂ ਨਾਲ ਜੁੜੇ ਰਹਿਣਾ ਚਾਹੁੰਦੇ ਹਨ ਜੋ ਕਿਸੇ ਵੀ ਆਰਟ , ਨਿਰੋਲ ਸਾਹਿਤ ਸਿਰਜਣਾ ਅਤੇ ਇਸ ਦੀ ਇਮਾਨਦਾਰੀ ਨਾਲ ਆਲੋਚਨਾ ਵਿੱਚ ਰੁੱਝੇ ਹੋਏ ਹਨ ਕਿਉਂਕਿ ਉਹ ਇਹੋ ਸਮਝਦੇ ਹਨ ਕਿ ਅਜਿਹੀਆਂ ਸ਼ਖਸ਼ਿਅਤਾਂ ਹੀ ਉਨ੍ਹਾਂ ਦੇ ਦਿਲ ਦੇ ਕਰੀਬ ਹਨ ! “ਮੁਹਾਂਦਰਾ ਪੁਰਸਕਾਰ” ਬਿਨਾ ਕਿਸੇ ਸਿਫਾਰਸ਼ ਤੋਂ ਮਿਲਣ ਨੂੰ ਉਹ ਬਹੁਤ ਵੱਡਾ ਇਨਾਮ ਸਮਝਦੇ ਹਨ!

ਗ.ਸ. ਨਕਸ਼ਦੀਪ, ਪੰਜਕੋਹਾ

ਗ ਸ ਨਕਸ਼ਦੀਪ ਪੰਜਕੋਹਾ  ਜਨਮ ਪਿੰਡ ਪੰਜਕੋਹੇ  ਜਿਲ੍ਹਾ ਫਤਿਹਗੜ੍ ਉੱਚ ਵਿਦਿਆ ਮਾਤਾ ਗੂਜਰੀ ਕਾਲਜ ਫਤਿਹਗੜ  ਸਾਹਿਬ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ  ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਲਈ | 1986 ਤੋਂ ਬਾਦ  ਅਮਰੀਕਾ ਜਾ ਵਸੇ | ਲਿਖਣ ਦਾ ਸ਼ੌਕ ਸ਼ੁਰੂ ਤੋਂ ਹੀ ਸੀ। ਹੁਣ ਤੀਕ 6 ਪੰਜਾਬੀ ਨਾਵਲ ਲਿਖੇ: ਪਲੇਠਾ ਨਾਵਲ “ਵਾਵਰੋਲੀਆਂ ਦੇ ਨਾਲ” ਅਮਰੀਕਾ ਰਹਿਕੇ ਵੀ ਲਿਖਣਾ ਕਦੇ ਨਹੀਂ ਛੱਡਿਆ | ਬਾਕੀ ਸਾਰੇ ਨਾਵਲਾਂ  ਜਿਵੇਂ  "ਸਾਂਝਾ ਦੁੱਖ",  "ਪਾਰ ਬਣਾਏ ਆਲ੍ਹਣੇ",  "ਗਿਰਵੀ ਹੋਏ ਮਨ",  "ਦਰਖ਼ਤੋਂ ਟੁਟੇ ਪੱਤੇ" ਅਤੇ "ਸੁਲਗਦੀ ਅੱਗ" ਅਤੇ ਛਪਣ ਅਧੀਨ ‘ਲਾਲ ਲਕੀਰੋਂ ਪਾਰ’ ਅਮਰੀਕਾ ਵਿੱਚ  ਰਹਿੰਦਿਆਂ ਹੀ ਲਿਖੇ | ਇੱਕ ਕਾਵਿ ਸੰਗ੍ਰਹਿ " ਰਾਤ ਦੀ ਕੁੱਖ " ਵੀ 2019 ਵਿੱਚ ਛਪਿਆ | ਇੱਕ ਨਵਾਂ ਕਾਵਿ ਸੰਗ੍ਰਹਿ “ਖਾਮੋਸ਼ੀ ਅਤੇ ਅਤੇ ਕਾਵਿ ਵਿਸ਼ਲੇਛਣ “ਅਦਬ -ਸੁਨੇਹੇ ਅਕਤੂਬਰ 2021 ਵਿੱਚ ਛਪੇ | ਪੰਜਾਬੀ ਸਾਹਿਤ ਵਿੱਚ ਜਿਆਦਾ ਜਾਣ ਪਛਾਣ ਉਨ੍ਹਾਂ  ਦੇ  ਨਾਵਲ " ਗਿਰਵੀ ਹੋਏ ਮਨ" ਕਰਕੇ ਬਣੀ ਜਿਸ ਦਾ ਸੰਬੰਧ ਹਰ ਨਸਲ ਦੇ ਪਰਸਪਰ ਸਵੈਵਿਰੋਧ ਅਤੇ  ਮਨ ਦੇ ਦੋਗਲੇ  ਬਣੇ ਰਹਿਣ ਨਾਲ ਹੈ | ਇਹ ਨਾਵਲ  ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ  ਦੇ ਪੰਜਾਬੀ ਸੀਲੇਬਸ ਵਿੱਚ ਲੱਗਿਆ ਹੋਇਆ ਹੈ | ਇਸ ਨਾਵਲ ਦਾ  ਅੰਗਰੇਜ਼ੀ  ਵਿੱਚ ਤਰਜਮਾ ਵੀ  ਹੋ ਚੁੱਕਿਆ ਹੈ ਅਤੇ ਹਿੰਦੀ ਵਿੱਚ ਵੀ ਹੋ ਰਿਹਾ ਹੈ ! 9-10 ਸਾਲ ਲਾਕੇ “ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ”  ਦਾ ਅੰਗਰੇਜੀ ਵਿੱਚ ਉਲਥਾ ਕੀਤਾ ਤੇ ਜਿਸ ਦੇ ਆਧਾਰ ਤੇ ਅੰਗਰੇਜੀ ਵਿੱਚ 4 ਕਿਤਾਬਾਂ ਲਿਖੀਆਂ:  ਜਿਵੇਂ “Guru Message, The Ultimate Freedom", "Guru Nanak In His Own Words", "Bhagat Kabir, A Self Portrait " and "Who Does Live Within?"  ਨਕਸ਼ਦੀਪ ਪੰਜਕੋਹਾ ਉਨ੍ਹਾਂ ਸਭ ਸ਼ਖਸ਼ਿਅਤਾਂ ਨਾਲ ਜੁੜੇ ਰਹਿਣਾ ਚਾਹੁੰਦੇ  ਹਨ  ਜੋ ਕਿਸੇ ਵੀ ਆਰਟ , ਨਿਰੋਲ ਸਾਹਿਤ ਸਿਰਜਣਾ ਅਤੇ ਇਸ ਦੀ ਇਮਾਨਦਾਰੀ ਨਾਲ ਆਲੋਚਨਾ ਵਿੱਚ ਰੁੱਝੇ ਹੋਏ  ਹਨ  ਕਿਉਂਕਿ ਉਹ ਇਹੋ  ਸਮਝਦੇ ਹਨ ਕਿ ਅਜਿਹੀਆਂ ਸ਼ਖਸ਼ਿਅਤਾਂ ਹੀ  ਉਨ੍ਹਾਂ  ਦੇ ਦਿਲ ਦੇ  ਕਰੀਬ ਹਨ ! “ਮੁਹਾਂਦਰਾ ਪੁਰਸਕਾਰ” ਬਿਨਾ ਕਿਸੇ ਸਿਫਾਰਸ਼ ਤੋਂ ਮਿਲਣ ਨੂੰ ਉਹ ਬਹੁਤ ਵੱਡਾ ਇਨਾਮ ਸਮਝਦੇ ਹਨ!

View all posts by ਗ.ਸ. ਨਕਸ਼ਦੀਪ, ਪੰਜਕੋਹਾ →