10 October 2024

‘ਕਾਮਰੇਡ ਦੇ ਆਸ ਪਾਸ’ —ਡਾ.  ਸੁਖਦੇਵ ਗੁਰੂ

ਕਾਮਰੇਡ 
ਸੁਣਦੇ ਸੀ
ਕਿ ਮੱਛੀ ਪੱਥਰ ਚੱਟ ਕੇ ਹੀ
ਮੁੜਦੀ ਹੈ
ਤੇ ਕਮਿਊਨਿਸਟ 
ਇਨਕਲਾਬ ਕਰਕੇ

ਤੂੰ ਸ਼ਾਇਦ 
ਸਮਝ ਹੀ ਨਹੀਂ ਪਾਇਆ 
ਕਾਮਰੇਡ
ਕਿ ਤੇਰੇ ਕਾਫਲੇ ਦੀਆਂ 
ਮੋਹਰੀ ਬਣ ਤੁਰੀਆਂ 
ਪੂੰਜੀਵਾਦ ਦੇ ਹੜ੍ਹ ‘ਚ 
ਰੁੜ੍ਹ ਗਈਆਂ ਮੱਛੀਆਂ  ਨੂੰ 
ਹੁਣ ਪੱਥਰ ਚੱਟਣ ਦਾ
ਸੁਆਦ ਪੈ ਗਿਆ
ਉਨ੍ਹਾਂ ਹੁਣ ਮੁੜਨਾਂ ਨਹੀਂ

ਕਾਮਰੇਡ
ਦੁਨੀਆਂ ਦੇ ਸਾਰੇ 
ਮਾਨਵੀ ਅਸੂਲ, ਦਲੀਲਾਂ, 
ਤਰਕ ਅਤੇ ਸੁਆਲ
ਹੁਣ ਤੁੱਛ ਲੱਗਦੇ ਨੇ 
ਉਹਨਾਂ ਨੂੰ
ਸ਼ਾਹੀ ਸੁਆਦਾਂ, 
ਲਗਜ਼ਰੀਆਂ ਮੂਹਰੇ

ਕਾਮਰੇਡ
ਉਨ੍ਹਾਂ ਨੂੰ ਹੁਣ ‘ਗਿਆਨ’ ਹੋ ਗਿਆ
ਸ਼ਾਇਦ
ਕਿ ‘ਮਾਨਸ਼ ਜਨਮ ਦੁਰਲੱਭ’ ਹੀ 
ਹੁੰਦਾ ਹੈ
ਵਾਰ ਵਾਰ ਨੀਂ ਮਿਲਦਾ
ਖਬਰੇ ਆਹ ਅਨੰਦ
ਮੁੜ ਨਸੀਬ ਹੋਵੇ ਕਿ ਨਾ 

ਕਾਮਰੇਡ
ਬੜਾ ਭੋਲਾ
ਬੜਾ ਮਸੂਮ ਏ ਤੂੰ
ਜਿੰਨ੍ਹਾਂ ਨੂੰ ਤੂੰ 
ਰਾਹਬਰ ਮੰਨ ਕੇ ਤੁਰਿਆ ਰਿਹਾ ਏਂ
ਉਨ੍ਹਾਂ ਤਾਂ ਕਦੋਂ ਦਾ 
ਇਹ ਜਾਣ ਲਿਆ ਹੈ
ਕਿ ਜ਼ਮੀਰ ਦੇ ਮਰੇ ਰਹਿਣ ‘ਚ
ਹੀ ਜਿਉਣਾ ਹੁੰਦਾ ਹੈ
ਭਲਾ ਹੁੰਦਾ ਹੈ
ਬਹੁਤਾ ਬੋਲਣਾ ਪੁਆੜੇ ਦੀ
ਜੜ੍ਹ ਹੀ ਹੁੰਦਾ ਹੈ
ਚੁੱਪ ਰਹਿਣ ਚ ਹੀ ਆਨੰਦ
ਸੁਰੱਖਿਅਤ ਰਹਿੰਦਾ ਹੈ

ਕਾਮਰੇਡ 
‘ਇਨਕਲਾਬੀ’ ਹੋਣ ਦਾ
ਸਰਟੀਫਿਕੇਟ
ਹੁਣ ਮੱਘਦੇ ਮੁਕਤੀ ਸੰਗਰਾਮਾਂ ਚੋਂ ਭੱਜ
ਨਜਾਇਜ਼ ਤਰੀਕਿਆਂ ਨਾਲ
ਵਿਦੇਸ਼ ‘ਚ ਸੈਟਲ ਹੋ ਕੇ
ਭੇਜੇ ਫੰਡ ਰਾਹੀਂ ਵੀ
ਹਾਸਲ ਕੀਤਾ ਜਾ ਸਕਦਾ ਹੈ 

ਕਾਮਰੇਡ
‘ਜਮਾਤੀ ਸਹਿ-ਹੋਂਦ’ ਦੇ
ਗਰਭ ਚੋਂ
ਮੌਕਾਪ੍ਰਸਤੀ ਦੀ ਲਾਹਣਤ
ਹੀ ਜਨਮ ਲੈਂਦੀ ਹੁੰਦੀ ਹੈ
ਜਿਹੜੀ ਅਸੂਲ ਪ੍ਰਸਤ
ਸੱਚੇ ਸੁੱਚੇ 
ਕਿਰਦਾਰਾਂ ਨੂੰ ਸਿਉਂਕ ਬਣ
ਖਾ ਜਾਂਦੀ ਹੈ 

ਕਾਮਰੇਡ
ਲਹਿਰਾਉਂਦਾ ਲਾਲ ਝੰਡਾ ਤਾਂ ਹੁਣ
ਮਹਿਜ਼ ਚਮਕਦਾ 
ਪੈਂਡੂਲਮ ਬਣ ਕੇ ਰਹਿ ਗਿਆ
ਜਿਸ ਦੀ ਵਰਤੋਂ ਨਾਲ
ਸੰਮੋਹਿਕ ਤਲਿਸਮ ਸਿਰਜ ਕੇ 
ਨਾਅਰਾ  ਦਿੱਤਾ ਜਾਂਦਾ ਹੈ
ਕੁੱਲ ਦੁਨੀਆ ਦੀ ਕਿਰਤ ਨੂੰ
ਇੱਕ ਹੋ ਜਾਣ ਦਾ

ਕਾਮਰੇਡ
ਤਣੇ ਮੁੱਕਿਆਂ ਦੇ ਜੋਸ਼ ਵਿੱਚ
ਚਾਂਭਲੇ ਨੂੰ 
ਤੈਨੂੰ ਖ਼ਬਰ ਹੀ ਨਹੀਂ ਹੁੰਦੀ
ਤੇਰੇ ਹੀ ਖਿਲਾਫ 
‘ਝੋਨੇ ਦੀ ਲੁਆਈ’ ‘ਤੇ
ਸੱਥਾਂ ‘ਚ ਪੈਂਦੇ ਮਤਿਆਂ ਦੀ

ਕਾਮਰੇਡ
ਹੁਣ ਤਾਂ ਦੇਸ਼ ਭਗਤਾਂ ਦੇ ਨਾਂ ‘ਤੇ 
ਉਸਰੇ ਹਾਲ ਵੀ
ਹੋ ਗਏ ਨੇ
ਮੱਠਾਂ ‘ਚ ਤਬਦੀਲ

ਕਾਮਰੇਡ 
ਮੱਠਾਂ ‘ਚੋਂ ਤਾਂ 
ਫ਼ਕੀਰੀ ਹੀ ਉਗਮਦੀ ਹੈ
ਢੀਠਤਾਈ ਪਨਪਦੀ ਹੈ
ਇਨਕਲਾਬ ਨਹੀਂ
ਸ਼ਰਧਾ ਫੈਲਰਦੀ ਹੈ 
ਸ਼ਰਧਾਲੂ ਸਰਾਪੇ ਜਾਂਦੇ ਹਨ
ਸਿਰਫ
ਅੰਨ੍ਹੇ ਹੋਣ ਲਈ

ਕਾਮਰੇਡ
ਮੱਛੀਆਂ ਦੇ ਮੁੜਨ ਦੀ
ਹੁਣ ਕੋਈ ਉਮੀਦ 
ਨਹੀਂ ਬਚੀ

ਹੁਣ ਇਹ 
ਵਹਾਅ ਦੇ ਉਲਟ
ਤੈਰਨ ਦੀ ਸਮਰੱਥਾ 
ਗੁਆ ਚੁੱਕੀਆਂ ਨੇ

ਉਂਝ ਵੀ 
ਪੱਥਰ ਚੱਟਣ ਦੀ 
ਆਦਤ ਜੁ ਪੈ ਗਈ
ਮੱਛੀਆਂ ਨੂੰ……
****
 +44 98146-19581

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1229
***

ਡਾ: ਸੁਖਦੇਵ ਗੁਰੂ:

ਪਿੰਡ ਮਸਾਣੀ ਤਹਿ ਫਿਲੌਰ ਜਿਲਾ ਜਲੰਧਰ
(ਮੌਜੂਦਾ ਰਿਹਾਇਸ਼ ਗੁਰਾਇਆ, ਜਲੰਧਰ)

ਵਿਦਿਅਕ ਯੋਗਤਾ: ਗਿਆਨੀ, ਬੀ ਏ
ਮੈਡੀਕਲ ਯੋਗਤਾ: ਬੀ. ਈ. ਐਮ. ਐਸ.

1978 ਤੋਂ ਪੰਜਾਬ ਦੀ ਕਮਿਊਨਿਸਟ ਇਨਕਲਾਬੀ ਲਹਿਰ ਦੇ ਅੰਗ ਸੰਗ ਵਿਚਰਦਿਆਂ ਕਾਲਜ ਪੜ੍ਹਦਿਆਂ ਪੰਜਾਬ ਸਟੂਡੈਂਟਸ ਯੂਨੀਅਨ 'ਚ ਸਰਗਰਮੀ, 1985 ਤੋਂ 1995 ਤੱਕ ਤਰਕਸ਼ੀਲ ਸੁਸਾਇਟੀ ਪੰਜਾਬ ਅੰਦਰ ਸੂਬਾ ਕਮੇਟੀ ਮੈਂਬਰ ਵਜੋਂ ਕੰਮ ਕੀਤਾ, ਇਲਾਕੇ ਦੀਆਂ ਸਾਹਿਤਕ ਸਰਗਰਮੀਆਂ, ਕਵੀ ਦਰਬਾਰਾਂ 'ਚ ਸਰਗਰਮ ਸ਼ਮੂਲੀਅਤ, ਗਾਹੇ ਵਗਾਹੇ ਸਾਹਿਤਕ ਰਸਾਲਿਆਂ, ਪੰਜਾਬੀ ਅਖ਼ਬਾਰਾਂ 'ਚ ਛਪਦੇ ਰਹਿਣਾ, ਆਲ ਇੰਡੀਆ ਰੇਡੀਓ ਦੇ ਐਫ ਐਮ ਗੋਲਡ ਚੈਨਲ ਦੇ ਹਫ਼ਤਾਵਾਰੀ ਪ੍ਰੋਗਰਾਮ 'ਮੇਲੇ ਮਿਤਰਾਂ ਦੇ' ਅਤੇ ਇੰਡੋ ਗਲੋਬਲ ਟੀ ਵੀ ਦੇ ਪ੍ਰੋਗਰਾਮਾਂ 'ਚ ਹਾਜ਼ਰੀ।
ਅੱਜ ਕੱਲ ਸੰਗ ਢੇਸੀਆਂ (ਜਲੰਧਰ) ਵਿਖੇ ਇਲੈਕਟ੍ਰੋ -ਹੋਮਿਓਪੈਥੀ ਵਿੱਚ ਪ੍ਰੈਕਟਿਸ ਕਰ ਰਿਹਾ ਹਾਂ।

805/1507, ਸਿਵਲ ਹਸਪਤਾਲ ਰੋਡ, ਗੁਰਾਿੲਆ (ਜਲੰਧਰ)
drsukhdeguru@gmail.com
+91 98146-19581

ਡਾ. ਸੁਖਦੇਵ ਗੁਰੂ

ਡਾ: ਸੁਖਦੇਵ ਗੁਰੂ: ਪਿੰਡ ਮਸਾਣੀ ਤਹਿ ਫਿਲੌਰ ਜਿਲਾ ਜਲੰਧਰ (ਮੌਜੂਦਾ ਰਿਹਾਇਸ਼ ਗੁਰਾਇਆ, ਜਲੰਧਰ) ਵਿਦਿਅਕ ਯੋਗਤਾ: ਗਿਆਨੀ, ਬੀ ਏ ਮੈਡੀਕਲ ਯੋਗਤਾ: ਬੀ. ਈ. ਐਮ. ਐਸ. 1978 ਤੋਂ ਪੰਜਾਬ ਦੀ ਕਮਿਊਨਿਸਟ ਇਨਕਲਾਬੀ ਲਹਿਰ ਦੇ ਅੰਗ ਸੰਗ ਵਿਚਰਦਿਆਂ ਕਾਲਜ ਪੜ੍ਹਦਿਆਂ ਪੰਜਾਬ ਸਟੂਡੈਂਟਸ ਯੂਨੀਅਨ 'ਚ ਸਰਗਰਮੀ, 1985 ਤੋਂ 1995 ਤੱਕ ਤਰਕਸ਼ੀਲ ਸੁਸਾਇਟੀ ਪੰਜਾਬ ਅੰਦਰ ਸੂਬਾ ਕਮੇਟੀ ਮੈਂਬਰ ਵਜੋਂ ਕੰਮ ਕੀਤਾ, ਇਲਾਕੇ ਦੀਆਂ ਸਾਹਿਤਕ ਸਰਗਰਮੀਆਂ, ਕਵੀ ਦਰਬਾਰਾਂ 'ਚ ਸਰਗਰਮ ਸ਼ਮੂਲੀਅਤ, ਗਾਹੇ ਵਗਾਹੇ ਸਾਹਿਤਕ ਰਸਾਲਿਆਂ, ਪੰਜਾਬੀ ਅਖ਼ਬਾਰਾਂ 'ਚ ਛਪਦੇ ਰਹਿਣਾ, ਆਲ ਇੰਡੀਆ ਰੇਡੀਓ ਦੇ ਐਫ ਐਮ ਗੋਲਡ ਚੈਨਲ ਦੇ ਹਫ਼ਤਾਵਾਰੀ ਪ੍ਰੋਗਰਾਮ 'ਮੇਲੇ ਮਿਤਰਾਂ ਦੇ' ਅਤੇ ਇੰਡੋ ਗਲੋਬਲ ਟੀ ਵੀ ਦੇ ਪ੍ਰੋਗਰਾਮਾਂ 'ਚ ਹਾਜ਼ਰੀ। ਅੱਜ ਕੱਲ ਸੰਗ ਢੇਸੀਆਂ (ਜਲੰਧਰ) ਵਿਖੇ ਇਲੈਕਟ੍ਰੋ -ਹੋਮਿਓਪੈਥੀ ਵਿੱਚ ਪ੍ਰੈਕਟਿਸ ਕਰ ਰਿਹਾ ਹਾਂ। 805/1507, ਸਿਵਲ ਹਸਪਤਾਲ ਰੋਡ, ਗੁਰਾਿੲਆ (ਜਲੰਧਰ) drsukhdeguru@gmail.com +91 98146-19581

View all posts by ਡਾ. ਸੁਖਦੇਵ ਗੁਰੂ →