1. ਕਦੇ ਤਾਂ ਹੱਸ ਕੇ ਬੋਲ…..
ਕਦੇ ਤਾਂ ਹੱਸ ਕੇ ਬੋਲ ਵੇ ਮਾਹੀ!
ਕਦੇ ਤਾਂ ਹੱਸ ਕੇ ਬੋਲ ਵੇ ਮਾਹੀ!
ਦਿਲ ਵਿੱਚ ਖੌਰੇ ਕੀ ਪਿਆ ਸੋਚੇਂ
ਇਸ ਦੀ ਘੁੰਡੀ ਖੋਲ ਵੇ ਮਾਹੀ
ਕਦੇ ਤਾਂ ਹੱਸ ਕੇ ਬੋਲ ਵੇ ਮਾਹੀ!
ਕਾਹਨੂੰ ਐਨੀ ਨਫਰਤ ਕਰਦਾ
ਉਡੀਕਾਂ ਮਿੱਠੜੇ ਬੋਲ ਵੇ ਮਾਹੀ!
ਕਦੇ ਤਾਂ ਹੱਸ ਕੇ ਬੋਲ ਵੇ ਮਾਹੀ!
ਤੇਰੇ ਲਈ ਨਿੱਤ ਕਰਾਂ ਦੁਆਵਾਂ
ਰਹੇ ਤੂੰ ਸਦਾ ਅਡੋਲ ਵੇ ਮਾਹੀ
ਕਦੇ ਤਾਂ ਹੱਸ ਕੇ ਬੋਲ ਵੇ ਮਾਹੀ!
ਇਹ ਮੇਰੀ ਏ ਜਿੰਦ ਨਿਮਾਣੀ
ਇੰਝ ਨਾ ਇਹਨੂੰ ਰੋਲ ਵੇ ਮਾਹੀ
ਕਦੇ ਤਾਂ ਹੱਸ ਕੇ ਬੋਲ ਵੇ ਮਾਹੀ!
ਤੇਰੇ ਨਾਲ ਹੈ ਜਗ ਵੱਸਦਾ ‘ਬੁੱਟਰ’
ਇਉਂ ਤੱਕੜੀ ਵਿੱਚ ਨਾ ਤੋਲ ਵੇ ਮਾਹੀ!
ਕਦੇ ਤਾਂ ਹੱਸ ਕੇ ਬੋਲ ਵੇ ਮਾਹੀ!
**
2. ਕੁਰਸੀ ਸੰਭਾਲ ਤੂੰ
ਜ਼ਮੀਨ ਤੇਰੀ ਲੁੱਟੀ ਜਾਵੇ
ਪੱਤ ਤੇਰੀ ਪੁੱਟੀ ਜਾਵੇ
ਸੰਘੀ ਤੇਰੀ ਘੁੱਟੀ ਜਾਵੇ
ਧਰੀ ਨਾ ਖਿਆਲ ਤੂੰ।
ਕੁਰਸੀ ਸੰਭਾਲ ਤੂੰ
ਕੁਰਸੀ ਸੰਭਾਲ ਓਏ..
ਕੋਈ ਪਿਆ ਕਾਨੂੰਨ ਬਣਾਵੇ
ਤੈਨੂੰ ਹੀ ਫਿਰ ਰੋੜੀ ਜਾਵੇ
ਪਿੱਠ ਤੇਰੀ ‘ਚ ਛੁਰੀ ਖੁਭਾਵੇ
ਸੋਚੀ ਨਾ ਵਿਚਾਰੀ ਤੂੰ
ਕੁਰਸੀ ਸੰਭਾਲੀ ਤੂੰ
ਕੁਰਸੀ ਸੰਭਾਲੀ ਓਏ..
ਗੰਗੂ ਦਾ ਤੂੰ ਪਾਣੀ ਭਰ
ਖਾਂਵੀ ਨਾ ਤੂੰ ਜਰਾ ਵੀ ਡਰ
ਪੰਥ ਨੂੰ ਤੂੰ ਕਤਲ ਕਰ
ਬਣ ਜਾ ਸ਼ੈਤਾਨ ਤੂੰ
ਕੁਰਸੀ ਸੰਭਾਲ ਤੂੰ
ਕੁਰਸੀ ਸੰਭਾਲ ਓਏ..
ਨਸ਼ਾ ਕੋਈ ਫੈਲਾਈ ਜਾਵੇ
ਜਵਾਨੀ ਨੂੰ ਮਰਵਾਈ ਜਾਵੇ
ਪੈਲੀਆਂ ਵਿਕਾਈ ਜਾਵੇ
ਲਈ ਨਾ ਕੋਈ ਸਾਰ ਤੂੰ
ਕੁਰਸੀ ਸੰਭਾਲ ਤੂੰ
ਕੁਰਸੀ ਸੰਭਾਲ ਓਏ …
ਪੰਜਾਬ ਤੇਰਾ ਬਣੇ ਮੋਹਰਾ
ਦੇਈ ਜਾਣ ਇਸਨੂੰ ਮੌਹਰਾ
ਢਿੱਡ ਤੇਰਾ ਭਰੀ ਜਾਣ
ਸਫੈਦ ਖੂਨ ਬਣ ਸਾਰ ਤੂੰ
ਕੁਰਸੀ ਸੰਭਾਲ ਤੂੰ
ਕੁਰਸੀ ਸੰਭਾਲ ਓਏ..
ਤੈਨੂੰ ਕੀ ਜੇ ਕੌਮ ਲਈ
ਬਲਿਦਾਨ ਕਈ ਹੋਏ ਨੇ
ਮਾਵਾਂ ਨੇ ਹੀਰੇ ਕਈ ਖੋਏ ਨੇ
ਛੱਡੀ ਨਾ ਮਾਲ,
ਬਣ ਜਾ ਅਮੀਰ ਤੂੰ
ਕੁਰਸੀ ਸੰਭਾਲ ਤੂੰ
ਕੁਰਸੀ ਸੰਭਾਲ ਓਏ..
**
3. ਕੀ ਖੱਟਿਆ ਕੀ ਕਮਾਇਆ??
ਆਪਣੇ ਘਰ ਦੇ ਬੂਹੇ ਅੱਗੇ ਬੈਠਾ
ਆਪਣੇ ਅਤੀਤ ਵੱਲ ਝਾਕਿਆ
ਮੈਂ ਕਿੱਥੇ ਗੁਆਚਾ ਰਿਹਾ???
ਓਹ ਮੈਂ!!!!
ਬਹੁਤ ਕੁਝ ਬਣਨਾ ਲੋਚਦਾ ਸੀ
ਅੱਜ ਕੀ ਬਣਿਆ??
ਕੰਜੂਸੀ ਤੋਂ ਹੀ ਸ਼ੁਰੂ ਕੀਤੀ
ਜ਼ਿੰਦਗੀ ਦੀ ਗੱਡੀ
ਬਚਪਨ!!!!
ਮਾਂ ਦੇ ਸੀਤੇ ਕੁੜਤੇ ‘ਚ ਗੁਜਾਰਿਆ
ਜਵਾਨੀ ਚੜ੍ਹੀ
ਪਰ ਮਾਣੀ ਨਾ ਘੜੀ
ਭਵਿੱਖ ਸਵਾਰਨ ਵਿੱਚ ਕੱਢਤੀ
ਪੜ੍ਹਿਆ ਲਿਖਿਆ
ਨੌਕਰੀ ਲਈ ਸੀਗਾ ਹਰਿਆ!
ਫੇਰ ਨੌਕਰੀ ਵੀ ਮਿਲੀ
ਪਰ ਫਿਰ ਕੰਜੂਸੀ ਚੱਲ ਪਈ
ਜੋੜ ਲਵਾਂ ਭਵਿੱਖ ਲਈ…
ਵਿਆਹ ਹੋਇਆ
ਸੁਨੱਖੀ,ਨੌਕਰੀ ਪੇਸ਼ਾ ਜੀਵਨ ਸਾਥਣ
ਪਰ!!!
ਪਰ ਮੈ ਨਾ ਬਦਲਿਆ
ਕੰਜੂਸੀ ਹੀ ਕਰਦਾ ਰਿਹਾ
ਕੋਈ ਰੀਝ ਨਾ ਪੂਰੀ ਕੀਤੀ
ਉਸ ਦੀ ਵੀ ਮੈ!!
ਬੜਾ ਸਮਝਾਉਦੀ
ਜ਼ਿੰਦਗੀ ਮਾਣੀਏ
ਜਿਊਣ ਦਾ ਨਾਂ ਹੈ
ਜ਼ਿੰਦਗੀ!!
ਪਰ ਮੈ ਨਾ ਬਦਲਿਆ!
ਜੋੜਨ ਵਿੱਚ ਹੀ ਲੱਗਾ ਰਿਹਾ
ਪਤਨੀ ਨੇ ਸੋਹਣਾ ਘਰ ਬਣਾਇਆ
ਸਜਾਇਆ, ਸਵਾਰਿਆ
ਤੇ ਅਨੇਕਾਂ ਔਕੜਾਂ ਵੀ ਝੱਲੀਆਂ
ਵਿਚਾਰੀ!!!!
ਜੂਝਦੀ ਹੀ ਰਹੀ ਜਿੰਨਾ ਚਿਰ ਜੀਵੀ
ਪਰ! ਮੈ ਨਾ ਬਦਲਿਆ!
ਔਲਾਦ ਵੀ ਸੋਹਣੀ ਸੀ
ਪਰ!!
ਜੀਵਨ ਸਾਥਣ!
ਕਲਪਦੀ ਦੁਨੀਆਂ ਤੋ ਤੁਰ ਗਈ
ਪਰ! ਮੈ ਨਾ ਬਦਲਿਆ!
ਅੱਜ!!
ਅੱਜ ਮੇਰੇ ਕੋਲ ਬਹੁਤ ਕੁਝ ਹੈ
ਨੂੰਹਾਂ-ਪੁੱਤ, ਧੀ-ਜਵਾਈ
ਪਰ!!
ਮੇਰੇ ਕੋਲ ਕੁਝ ਵੀ ਨਹੀਂ!
ਨਾ ਪੈਸਾ! ਨਾ ਪਿਆਰ!
ਨੂੰਹਾਂ ਨੂੰ ਪਸੰਦ ਨਹੀਂ ਮੇਰੀਆਂ ਆਦਤਾਂ
ਤੇ ਪੁੱਤਰ!!
ਮੈਨੂੰ ਘਰੋਂ ਕੱਢਣ ਲਈ
ਬਿਰਧ ਆਸ਼ਰਮ ਦੀ ਤਿਆਰੀ ਵਿੱਚ.
ਤੇ!!
ਘਰੋਂ ਬਾਹਰ ਬੈਠਾਂ
ਸੋਚ ਰਿਹਾਂ!!
ਮੈਂ ਕੀ ਖੱਟਿਆ?
ਕੀ ਕਮਾਇਆ?
***
ਡਾ: ਸਤਿੰਦਰਜੀਤ ਕੌਰ ਬੁੱਟਰ
***
155
*** |