1. ਮਜ਼ਦੂਰ ਦਿਵਸ
ਮਜ਼ਦੂਰ ਦਿਵਸ
ਕੋਝਾ ਮਜ਼ਾਕ ਲਗਦਾ ਮੈਨੂੰ
ਜਦੋਂ ਸੁੱਕੀਆਂ ਬਚੀਆਂ ਰੋਟੀਆਂ
ਤੇ ਫਰਿੱਜ ਚ ਪਈ ਪੁਰਾਣੀ ਮਿਠਾਈ
ਪੈਕ ਕਰਕੇ ਏਦਾਂ ਦਿੱਤੀ ਜਾਂਦੀ
ਜਿਵੇਂ ਅਹਿਸਾਨ ਕੀਤਾ ਹੋਵੇ
ਮਜ਼ਦੂਰ ਦਿਵਸ
ਕੋਝਾ ਮਜ਼ਾਕ ਲਗਦਾ ਮੈਨੂੰ
ਜਦੋਂ ਦਸ ਦਸ ਮਿੰਟ ਕਰਕੇ
ਅੱਧੀ ਦਿਹਾੜੀ ਵੱਧ ਲਵਾ ਕੇ
ਹਿਸਾਬ ਕਰਨ ਵੇਲੇ ਉਸ ਨਾਲ
ਇੱਕ ਇੱਕ ਘੰਟਾ ਗਿਣਵਾਇਆ ਜਾਂਦਾ
ਮਜ਼ਦੂਰ ਦਿਵਸ
ਕੋਝਾ ਮਜ਼ਾਕ ਲਗਦਾ ਮੈਨੂੰ
ਜਦੋਂ ਧਨਾਢ ਸੋਚਦਾ
ਕਿ ਇਹ ਪ੍ਰਵਾਸੀ ਕੌਨ ਹੁੰਦਾ
ਠੇਕੇਦਾਰ ਕਹਿਲਾਉਣ ਵਾਲਾ
ਪੈਸੇ ਤਾਂ ਸਾਡੇ ਕੋਲੋਂ ਲੈਣੇ ਨੇ
ਮਜ਼ਦੂਰ ਦਿਵਸ
ਕੋਝਾ ਮਜ਼ਾਕ ਲਗਦਾ ਮੈਨੂੰ
ਜਦੋਂ ਕੰਮ ਵਾਲੀ ਬਾਈ
ਆਪਣੇ ਬੱਚੇ ਨੂੰ ਗੇਟ ਕੋਲ
ਛੱਡ ਕੇ ਕੰਮ ਨਿਪਟਾਉਂਦੀ ਹੈ
ਕਿ ਮਾਲਕ ਦਾ ਘਰ ਗੰਦਾ ਨਾ ਹੋਜੇ
ਮਜ਼ਦੂਰ ਦਿਵਸ
ਕੋਝਾ ਮਜ਼ਾਕ ਲਗਦਾ ਮੈਨੂੰ
ਜਦੋਂ ਮਾਲੀ ਤਪਦੀ ਧੁੱਪੇ
ਤੁਹਾਡੀ ਕੋਠੀ ਦੀ ਸ਼ਾਨ
ਤੁਹਾਡੇ ਲਾਨ ਨੂੰ ਸੰਵਾਰਦਾ
ਤੇ ਤੁਸੀਂ ਇਕ ਫ਼ਲ ਉਸਨੂੰ ਨਹੀਂ ਦਿੰਦੇ
ਮਜ਼ਦੂਰ ਦਿਵਸ
ਕੋਝਾ ਮਜ਼ਾਕ ਲਗਦਾ ਮੈਨੂੰ
ਜਦੋਂ ਡਰਾਈਵਰ ਬਾਹਰ ਬੈਠਦਾ
ਤੇ ਤੁਸੀਂ ਅੰਦਰ ਫ਼ੰਕਸ਼ਨ ਮਾਣਦੇ
ਉਹ ਭੁੱਖਾ ਬੈਠਾ ਰਹਿੰਦਾ ਕਿ ਕਿਤੇ
ਪਿੱਛਿਓਂ ਮਾਲਕ ਨਾ ਆ ਜਾਵਣ
ਮਜ਼ਦੂਰ ਦਿਵਸ
ਕੋਝਾ ਮਜ਼ਾਕ ਲਗਦਾ ਮੈਨੂੰ
ਜਦੋਂ ਇਮਾਰਤਾਂ ਪੁਲ ਡਿਗ ਜਾਂਦੇ ਨੇ
ਕੰਟਰੈਕਟਰਾਂ ਦੇ ਰੌਲੇ ਚ ਗੁੰਮ ਜਾਂਦੀਆਂ ਮੌਤਾਂ
ਖਬਰਾਂ ਲੱਗ ਕੇ ਪੁਰਾਣੀਆਂ ਹੋ ਜਾਂਦੀਆਂ
ਪਰ ਉਸ ਦੇ ਘਰ ਫ਼ਿਰ ਕਦੀ ਦੀਵਾ ਨਹੀਂ ਜਲਦਾ
ਮਜ਼ਦੂਰ ਦਿਵਸ
ਕੋਝਾ ਮਜ਼ਾਕ ਲਗਦਾ ਮੈਨੂੰ
ਕਹਾਣੀ ਬਹੁਤ ਲੰਮੀ ਤੇ ਗੱਲਾਂ ਵੀ ਬਹੁਤ ਨੇ
ਹਰ ਘਰ ਮੈਂ ਤੱਕਦਾ ਹਾਂ ਇਹ ਹਾਲਾਤ
ਬਾਈ ਮਾਲੀ ਮਿਸਤਰੀ ਦਾ ਸ਼ੋਸ਼ਣ ਹੁੰਦੇ
ਤੇ ਮਾਲਕ ਦਾ ਹੁੰਦੈ ਸੋਸ਼ਣ ਅਫਸਰ-ਸ਼ਾਹੀ ਵਲੋਂ
ਮਜ਼ਦੂਰ ਦਿਵਸ
ਕੋਝਾ ਮਜ਼ਾਕ ਲਗਦਾ ਮੈਨੂੰ
* |