29 February 2024

ਦੋ ਕਵਿਤਾਵਾਂ: ਜਸਵਿੰਦਰ ‘ਜਲੰਧਰੀ’

ਅਖਾਣ
(ਕੋਰੜਾ ਛੰਦ)

ਸੱਚ ਦਾ ਜ਼ਖ਼ੀਰਾ, ਝੂਠ ਕੋਲੋਂ ਦੂਰ ਜੀ,
ਸੁਘੜ ਸਿਆਣਾ, ਸੂਖਮ ਹਜ਼ੂਰ ਜੀ,
ਫੱਟ ਲਾਵੇ ਡੂੰਘਾ, ਵਾਂਗ ਬਾਣ ਮਿੱਤਰੋ।
ਆ ਜੋ ਦੱਸਾਂ ਹੁੰਦਾ, ਕੀ ਅਖਾਣ ਮਿੱਤਰੋ।

ਕੱਦ ਵਿੱਚ ਛੋਟਾ, ਤਿੱਖੇ ਭਾਵ ਰੱਖਦਾ,
ਬੁੱਧੀ ਤੇ ਵਿਵੇਕ, ਦਾ ਸੁਆਦ ਚੱਖਦਾ,
ਕਦੇ ਭਰਵੱਟੇ, ਲੈਂਦਾ ਤਾਣ ਮਿੱਤਰੋ।
ਆ ਜੋ ਦੱਸਾਂ ਹੁੰਦਾ,ਕੀ ਅਖਾਣ ਮਿੱਤਰੋ।

ਗੁੱਝੇ-ਗੁੱਝੇ ਭੇਦ, ਸਮਝਾਉਣ ਜਾਣਦਾ,
ਜਾਂਗਲੀ ਤੋਂ ਬੰਦਾ, ਵੀ ਬਣਾਉਣ ਜਾਣਦਾ,
ਚਾੜ੍ਹ ਕੇ ਵਿਅੰਗ, ਵਾਲੀ ਪਾਣ ਮਿੱਤਰੋ।
ਆ ਜੋ ਦੱਸਾਂ ਹੁੰਦਾ, ਕੀ ਅਖਾਣ ਮਿੱਤਰੋ।

ਜ਼ਿੰਦਗੀ ਦਾ ਦੱਸ, ਦਿੰਦਾ ਮੂਲ ਤੱਤ ਏ,
ਮੂਰਖਾਂ ਦੇ ਤਾਈਂਂ, ਦਿੰਦਾ ਖ਼ੂਬ ਮੱਤ ਏ,
ਰਮਜ਼ਾਂ ਦੀ ਬੜੀ, ਡੂੰਘੀ ਖਾਣ ਮਿੱਤਰੋ।
ਆ ਜੋ ਦੱਸਾਂ ਹੁੰਦਾ, ਕੀ ਅਖਾਣ ਮਿੱਤਰੋ।

ਚੱਲੇ ਵਾਂਗ ਹਵਾ, ਦੇ ਨਵਾਬੀ ਤੋਰ ਜੀ,
ਇਦ੍ਹੇ ਅੱਗੇ ਖੜ੍ਹੇ, ਨਾ ਸ਼ਬਦ ਹੋਰ ਜੀ,
ਕਰਦਾ ਏ ਦਾਅਵੇ, ਹਿੱਕ ਤਾਣ ਮਿੱਤਰੋ।
ਆ ਜੋ ਦੱਸਾਂ ਹੁੰਦਾ, ਕੀ ਅਖਾਣ ਮਿੱਤਰੋ।

ਸਿੱਕੇਬੰਦ ਭਾਸ਼ਾ, ਨੂੰ ਬਣਾਉਣਾ ਜਾਣਦਾ,
ਸਦੀਆਂ ਦਾ ਪਾਂਧੀ, ਅਖਵਾਉਣਾ ਜਾਣਦਾ,
ਲੋਕਾਂ ਲੇਖੇ ਲਾਏ, ਨੇ ਪ੍ਰਾਣ ਮਿੱਤਰੋ।
ਆ ਜੋ ਦੱਸਾਂ ਹੁੰਦਾ,ਕੀ ਅਖਾਣ ਮਿੱਤਰੋ।

ਬੋਝੇ ਵਿੱਚ ਸੱਚ, ਨੂੰ ਲੁਕੋਈ ਫਿਰਦਾ,
ਸੰਜਮ, ਗਿਆਨ, ਨੂੰ ਸਮੋਈ ਫਿਰਦਾ,
ਬਾਜ ਵਾਂਙੂੰ ਉੱਚੀ, ਏ ਉਡਾਣ ਮਿੱਤਰੋ।
ਆ ਜੋ ਦੱਸਾਂ ਹੁੰਦਾ, ਕੀ ਅਖਾਣ ਮਿੱਤਰੋ।

ਦਵੈਯਾ ਛੰਦ

ਜਾਂ ਤਾਂ ਬਣ ਜਾਹ ਪਾਣੀ ਵਾਂਗਰ,
ਸਿੱਖ ਲੈ ਨੀਵੇਂ ਵਹਿਣਾ।
ਜਾਂ ਫਿਰ ਠਹਿਰ ਪਹਾੜਾਂ ਵਾਂਗਰ,
ਸਿੱਖ ਲੈ ਲੋਹਾ ਲੈਣਾ।
ਜਾਂ ਛੱਡ ਦੁਨੀਆ ਫ਼ੱਕਰ ਹੋ ਜਾ,
ਫੱਕ ਫ਼ਿਕਰ ਤੇ ਫਾ਼ਕੇ।
ਤੂੰ ਜਾਦੂਗਰ ਕਵੀਆਂ ਵਾਂਗਰ ,
ਮਾਰ ਦਿਲਾਂ ‘ਤੇ ਡਾਕੇ।

ਜਮ੍ਹਾ ਗੁਣ੍ਹਾ ਦੇ ਜਾਲ਼ ‘ਚ ਫਸ ਕੇ,
ਹਸਤੀ ਮਨਫੀ ਕਰਤੀ।
ਰਿਸ਼ਤੇ ਮਰਗੇ ਪਾਣੀ ਦੁੱਖੋਂ,
ਔੜਾਂ ਮਾਰੀ ‘ਧਰਤੀ।’
ਝੂਠੀ ਮੂਠੀ ‘ਮੈਂ’ ਦੀ ਖ਼ਾਤਰ,
ਫਿਰਦੈਂ ਸਿੰਗ ਫਸਾ ਕੇ।
ਤੂੰ ਜਾਦੂਗਰ ਕਵੀਆਂ ਵਾਂਗਰ,
ਮਾਰ ਦਿਲਾਂ ‘ਤੇ ਡਾਕੇ।

ਝੂਠੀ ਮਾਇਆ ਝੂਠੀ ਕਾਇਆ,
ਗੁਰੂਆਂ ਨੇ ਸਮਝਾਇਆ,
ਸੂਰਜਮੁਖੀਏ ਫੁੱਲ ਵਾਂਗਰਾਂ,
ਤੇਰਾ ਹਰ ਹਮਸਾਇਆ।
ਚੜ੍ਹਦੇ ਸੂਰਜ ਤੱਕ ਸਲਾਮਾਂ,
ਤੂੰ ਕਿਉਂ ਬਿਟ-ਬਿਟ ਝਾਕੇਂ?
ਤੂੰ ਜਾਦੂਗਰ ਕਵੀਆਂ ਵਾਂਗਰ,
ਮਾਰ ਦਿਲਾਂ ‘ਤੇ ਡਾਕੇ।

ਮੁਕਤੀ-ਮੁਕਤੀ ਕਰਦਾ ਫਿਰਦੈਂ,
ਮੁਕਤੀ ਕਿਸ ਤੋਂ ਚਾਹੁੰਦਾ?
ਜਿੰਨਾ ਭੱਜੇਂ ਦੁੱਖਾਂ ਕੋਲੋਂ,
ਓਨਾ ਨੇੜੇ ਆਉਂਦਾ।
ਆਕੜ ਦੇ ਵਿਚ ਨਹੁੰ ਨ ਖੁੱਭੇ,
ਮਰ ਜਾ ਮਹੁਰਾ ਖਾ ਕੇ।
ਤੂੰ ਜਾਦੂਗਰ ਕਵੀਆਂ ਵਾਂਗਰ,
ਮਾਰ ਦਿਲਾਂ ‘ਤੇ ਡਾਕੇ।

ਹਰਿਆ ਭਰਿਆ ਭੱਖੜਾ ਬਣ ਕੇ ,
ਜੇ ਸੋਚੇਂ ਬਚ ਜਾਣਾ।
ਚੋਭਾਂ ਦਿੰਦਾ ਭੱਖੜਾ ਹਰ ਦਮ,
ਭੱਖੜਾ ਹੀ ਅਖਵਾਣਾ।
ਕੀ ਕੀਤਾ ਏ? ਕੀ ਦੱਸੇਂਗਾ?
ਮੌਲਾ ਦੇ ਘਰ ਜਾ ਕੇ।
ਤੂੰ ਜਾਦੂਗਰ ਕਵੀਆਂ ਵਾਂਗਰ ,
ਮਾਰ ਦਿਲਾਂ ‘ਤੇ ਡਾਕੇ।

ਔਹ ਵੀ ਬਣ ਜਾਂ, ਆਹ ਵੀ ਬਣ ਜਾਂ,
ਬਣਨਾ ਆਖ਼ਰ ਕੀ ਏ?
ਬਣਨ-ਬਣਨ ਦੀ ਘੋੜ-ਦੌੜ ਵਿਚ,
ਉੱਧੜਿਆ ਹਰ ਜੀਅ ਏ।
ਜਿਸ ਦਿਨ ਬੰਦਾ ਬਣਿਆ ਫਿਰਨਾ,
ਢੋਲੇ ਦੀਆਂ ਲਗਾ ਕੇ।
ਤੂੰ ਜਾਦੂਗਰ ਕਵੀਆਂ ਵਾਂਗਰ ,
ਮਾਰ ਦਿਲਾਂ ‘ਤੇ ਡਾਕੇ।
**
ਜਸਵਿੰਦਰ ‘ਜਲੰਧਰੀ’
+91 98768-07218

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।*

***
911
***

About the author

ਜਸਵਿੰਦਰ ਜਲੰਧਰੀ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ