15 October 2024

ਦੋ ਕਵਿਤਾਵਾਂ ਅਤੇ ਤਿੰਨ ਗ਼ਜ਼ਲਾਂ—ਮਹਿਮਾ ਸਿੰਘ ਤੂਰ

ਅਨੁਭਵ ਦੀ ਮਹਿਕ

ਰਿਸ਼ਮਾ ਨਾਲ ਭਰਪੂਰ
ਚਾਨਣ ਹੈ
ਲਹਿਰਾਂ ਉਪਰ ਥਿਰਕਦਾ
ਸੰਗੀਤ ਵੀ ਹੈ
ਅਨੁਭਵ ਦੀ ਅਨੂਠੀ
ਮਹਿਕ ਹੈ
ਖਾਮੋਸ਼ੀਆਂ ਵਿਚ ਟੁਣਕਦਾ
ਕੋਈ ਗੀਤ ਵੀ ਹੈ
ਨਿਖਰੀ ਹੋਈ ਹੈ ਬਹਾਰ
ਮੌਸਮ ਵੀ ਹੈ ਖੁਸ਼ਗਵਾਰ
ਸੀਨੇ ਵਿਚ ਮਚਲਦੀ ਹੋਈ
ਇਕ ਪ੍ਰੀਤ ਵੀ ਹੈ
* ਪੁਸਤਕ- ਚਿੰਤਨ ਤੇ ਖ਼ੁਸ਼ਬੋ, ( 1988 ) ਸਫ਼ਾ 14)
**

ਚਿੰਤਨ ਤੇ ਖ਼ੁਸ਼ਬੋ

ਮੇਰਾ ਸ਼ਾਂਤ ਚਿੰਤਨ
ਹੈ ਮੇਰਾ ਗੌਰਵ!
ਜਿਵੇਂ ਹੈ ਰਾਤ ਦਾ ਗੌਰਵ
ਸਿਤਾਰਿਆਂ ਦੀ ਲੋਅ!
ਜਿਵੇਂ ਹੈ ਪ੍ਰਭਾਤ ਦਾ ਗੌਰਵ
ਹਵਾ ਵਿਚਲੀ ਖ਼ੁਸ਼ਬੋ!
ਜਿਵੇਂ ਹੈ ਦੁਪਿਹਰ ਦਾ ਗੌਰਵ
ਸੂਰਜ ਦਾ ਜਲੌਅ!
ਜਿਵੇਂ ਹੈ ਆਥਣ ਦਾ ਗੌਰਵ
ਸਲੇਟੀ ਰੰਗਾਂ ਦਾ ਪਰਤੌ !
* ਪੁਸਤਕ- ਚਿੰਤਨ ਤੇ ਖ਼ੁਸ਼ਬੋ (1988)ਸਫ਼ਾ 13)
**

ਗ਼ਜ਼ਲ
ਉਦਾਸੀ ‘ਚ ਡੁੱਬੀ ਸੀ ਦਿਲ ਦੀ ਸਦਾ
ਮੈਂ ਐਨੀ ਉਦਾਸੀ ‘ਚ ਕੀ ਸਿਰਜਦਾ।

ਕਿਤੇ ਕੁਝ ਵੀ ਸੀਮਾ ਤੋਂ ਬਾਹਰ ਨਹੀਂ
ਹੈ ਅਪਣੀ ਹੀ ਸੀਮਾ ‘ਚ ਅਪਣਾ ਖ਼ੁਦਾ।

ਕਿਸੇ ਖਿੱਚ ਕਾਰਣ ਇਹ ਚਲਦੇ ਧੁਰੇ
ਨਿਯਮ ਇਹ ਵੀ ਕੁਦਰਤ ਦੇ ਰਹਿਣੇ ਸਦਾ।

ਸਮਾਂ ਕਰ ਹੀ ਦਿੰਦਾ ਹੈ ਸਭ ਫੈਸਲੇ
ਸਮਾਂ ਉਸ ਦਾ ਉਸ ਨੂੰ ਹੈ ਜੋ ਵਰਤਦਾ।

ਕਿਸੇ ਰਿਸ਼ਤੇ ਉੱਤੇ ਕੀ ਦਾਅਵਾ ਕਰਾਂ
ਰਹੇ ਦਿਲ ਇਹ ਮੇਰਾ ਹੀ ਮੈਥੋਂ ਜੁਦਾ।
**
*ਗ਼ਜ਼ਲ
ਮਿੱਠਤ ਪਿਆਰਾਂ ਦੀ ਹੋਵੇ
ਉਪਮਾ ਬਹਾਰਾਂ ਦੀ ਹੋਵੇ।

ਮਿਣਤੀ ਗਿਰਾਵਟ ਦੀ ਕਾਹਦੀ
ਗਿਣਤੀ ਉਸਾਰਾਂ ਦੀ ਹੋਵੇ।

ਲਿਸ਼ਕਣ ਸੁਹੱਪਣ ਦੇ ਮੋਤੀ
ਝਿਲਮਿਲ ਨੁਹਾਰਾਂ ਦੀ ਹੋਵੇ।

ਜਿੱਥੇ ਮੁਹੱਬਤ ਹੈ ਸੱਚੀ
ਵੁੱਕਤ ਕਰਾਰਾਂ ਦੀ ਹੋਵੇ।

ਗਿਣਤੀ ਹੀ ਮਾਅਨੇ ਨੀ ਰਖਦੀ
ਗੱਲ ਤਾਂ ਮਿਆਰਾਂ ਦੀ ਹੋਵੇ।
**
*ਗ਼ਜ਼ਲ
ਅੰਬਰ ‘ਚ ਓਹੀ ਬਲਾਵਾਂ ਵੀ ਹਨ
ਰੰਗਾਂ’ਚ ਗਹਿਗਚ ਫਜ਼ਾਵਾਂ ਵੀ ਹਨ।

ਦਿਸਦਾ ਨਾ ਸਰਘੀ ਦਾ ਤਾਰਾ ਕਿਤੇ
ਨੇਰ੍ਹੇ ‘ਚ ਰਲਗਡ ਦਿਸ਼ਾਵਾਂ ਵੀ ਹਨ।

ਹਰ ਪਾਸੇ ਔੜਾਂ ਹੀ ਔੜਾਂ ਨੇ ਪਰ
ਦਿਸਹੱਦੇ ਉੱਤੇ ਘਟਾਵਾਂ ਵੀ ਹਨ।

ਰਾਹਾਂ ‘ਚ , ਖਿਲਰੇ ਨੇ ਕੰਡੇ ਬੜੇ
ਉਂਜ ਸਾਡੇ ਪੈਰੀਂ ਖੜਾਵਾਂ ਵੀ ਹਨ।

ਜੀਵਨ ‘ਚ , ਭਾਵੇਂ ਹੈ ਹੁੰਮਸ ਬੜਾ
ਸੋਚਾਂ ‘ਚ ਠੰਢੀਆਂ ਹਵਾਵਾਂ ਵੀ ਹਨ।
**

***
492
***
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ