1. ਗ਼ਜ਼ਲ
2. ਗ਼ਜ਼ਲ
ਦੋ ਚਾਰ ਦਿਨ ਤੂੰ ਕਟ ਲੈ, ਜਗ ਤੇ ਫ਼ਕੀਰ ਬਣਕੇ।
ਕੰਗਾਲ ਹੋ ਨਾ ਜਾਵੀ, ਬਹੁਤਾ ਅਮੀਰ ਬਣਕੇ।
ਬੇਗਾਨਿਆਂ ਦੇ ਪੱਥਰ, ਫੁਲ ਵਾਂਗ ਜਾਪੇ ਮੈਨੂੰ,
ਇਕ ਬੋਲ ਤੇਰਾ ਦਿਲ ਵਿੱਚ, ਖੁਭਿਆ ਹੈ ਤੀਰ ਬਣਕੇ।
ਮੈਥੋੰ ਖ਼ਤਾ ਕੀ ਹੋਈ, ਕਿਸਦਾ ਹੈ ਦਿਲ ਦੁਖਾਇਆ,
ਉੱਗਿਆ ਹਾਂ ਮਾਰੂਥਲ ਵਿਚ,ਮੈਂ ਕਿਉਂ ਕਰੀਰ ਬਣਕੇ।
ਹੈ ਵਕਤ ਦਾ ਤਕਾਜ਼ਾ, ਲੜ ਤੂੰ ਮੈਦਾਨ ਅੰਦਰ,
ਲੈਣਾ ਕੀ ਹੈ ਤੂੰ ਕੁੜੀਏ, ਰਾਂਝਣ ਦੀ ਹੀਰ ਬਣਕੇ।
ਪੈਰਾਂ ‘ਚ ਪਰਬਤਾਂ ਦੇ, ਪੱਥਰ ਬਣਨ ਦੇ ਨਾਲ਼ੋਂ,
ਇਸ ਮਾਰੂਥਲ ਦੇ ਵਿੱਚੋਂ, ਵਹਿ ਜਾ ਤੂੰ ਨੀਰ ਬਣਕੇ।
ਚਾਹੁੰਦੇ ਸੀ ਜਿਹੜੇ ਜਾਣਾ, ਅਸਮਾਨ ਤੋਂ ਵੀ ਉੱਪਰ,
ਮੈ ਦੇਖਦਾਂ ਹਾਂ ਲਟਕੇ, ਬੇਰੀ ‘ਤੇ ਲੀਰ ਬਣਕੇ।
ਕਾਨੂੰਨ ਘੜ ਰਹੇ ਨੇ , ਕਾਤਿਲ ਮਨੁੱਖਤਾ ਦੇ,
ਗਲ਼ੀਆ ਦੇ ਸਾਰੇ ਗੁੰਡੇ, ਬੈਠੇ ਵਜ਼ੀਰ ਬਣਕੇ।
ਮੈਨੂੰ ਨਜ਼ਰ ਨਾ ਆਵੇ , ਕੁਝ ਹੋਰ ਏਸ ਅੰਦਰ,
ਮਿੱਟੀ ਹੀ ਘੁਮ ਰਹੀ ਹੈ, ਅਪਣੀ ਸਰੀਰ ਬਣਕੇ।
ਏਹੀ ਹੈ ਭੁੱਲ ਸਾਡੀ, ਪਹਿਚਾਣ ਕਰ ਨਾ ਹੋਈ,
ਆਉਦਾ ਰਿਹਾ ਹੈ ਮੌਲਾ, ਨਾਨਕ, ਕਬੀਰ ਬਣਕੇ।
ਸੁਖ ‘ਵਾਗਲੇ’ ਜੇ ਚਾਹੁੰਨੈ, ਇਤਫਾਕ ਨਾਲ ਰਹਿ ਤੂੰ,
ਹਾਉਮੇ ਨਾ ਵੰਡ ਦੇਵੇ, ਘਰ ਨੂੰ ਲਕੀਰ ਬਣਕੇ।
[ 05/07/2021]
***
3. ਗ਼ਜ਼ਲ
ਐ ਬਿਰਖ ਤੇਰੀ ਛਾਂ ਨੂੰ, ਸੌ ਸੌ ਸਲਾਮ ਮੇਰਾ।
ਚੱਲਿਆਂ ਮੈਂ, ਹਾਲੇ ਰਹਿੰਦੈ, ਰਸਤਾ ਤਮਾਮ ਮੇਰਾ।
ਮੈਂ ਸੀ ਯਕੀਨ ਕੀਤਾ, ਹਦ ਤੋਂ ਜਿਆਦਾ ਜਿਸ ‘ਤੇ,
ਉਹ ਸ਼ਖਸ ਕਰ ਗਿਆ ਹੈ, ਸਭ ਕੁਝ ਨਿਲਾਮ ਮੇਰਾ।
ਚਸ਼ਮਾ ਤੂੰ ਖ਼ੂਬਸੂਰਤ, ਧਾਰਾ ਮੈਂ ਮਾਰੂਥਲ ਦੀ,
ਤੇਰੀ ਅਦਾ ਦੇ ਸਾਵੇਂ, ਕੀ ਹੈ ਕਲਾਮ ਮੇਰਾ।
ਸੁੱਤਾ ਹੈ ਗੂੜ੍ਹੀ ਨੀਦੇਂ, ਇਉਂ ਜਾਪਦਾ ਏ ਮੈਨੂੰ,
ਜਦ ਵੀ ਬੁਲਾਵਾਂ ਉਸਨੂੰ, ਸੁਣਦਾ ਨਾ ਰਾਮ ਮੇਰਾ।
ਆਇਆ ਹੈ ਸਿਰ ਕਟਾ ਕੇ, ਅਜ ਓਸ ਦੇ ਨਗਰ ਚੌਂ,
ਮੈਂ ਮੋੜਿਆ, ਨਾ ਮੁੜਿਆ, ਦਿਲ ਬੇਲਗਾਮ ਮੇਰਾ।
ਮੈਂ ਉਮਰ ਕੱਟ ਲਵਾਂਗਾ, ਕਦਮਾਂ ‘ਚ ਤੇਰੇ ਬਹਿ ਕੇ,
ਕਹਿ ਕੇ ਤਾਂ ਦੇਖ ਮੈਨੂੰ, ਬਣ ਜਾ ਗੁਲਾਮ ਮੇਰਾ।
ਉਸਨੂੰ ਖ਼ਬਰ ਨਾ ਕੋਈ, ਮਰ ਮਰ ਕੇ ਕੌਣ ਜੀਵੇ,
ਬਸ, ਗੋਪੀਆਂ ‘ਚ ਰਹਿੰਦਾ, ਮਸਰੂਫ ਸ਼ਾਮ ਮੇਰਾ।
ਭਟਕੇ ਨੂੰ ਜੇ ਦਿਖਾਉਂਦਾ, ਰਸਤਾ ਨਾ ਮੇਰਾ ਰਹਿਬਰ,
ਕਵੀਆ ਦੇ ਵਿੱਚ ਕਦੇ ਵੀ, ਆਉਦਾ ਨਾ ਨਾਮ ਮੇਰਾ।
***
237
***
ਨੋਟ: ਗ਼ਜ਼ਲਗੋ ਜਸਵੰਤ ਵਾਗਲਾ ਦੀ ਰਚਨਾ ਸਬੰਧੀ ‘ਪੰਜਾਬੀ ਜਾਗਰਣ’ ਦੇ ‘ਅਦੀਬ ਸਮੁੰਦਰੋਂ ਪਾਰ ਦੇ’ ਕਾਲਮ ਹੇਠ ਛਪਿਆ ਲੇਖ ਪੜ੍ਹਨ ਲਈ ਕਲਿੱਕ ਕਰੋ>>> |