17 September 2024

ਗ਼ਜ਼ਲ/ਗੀਤ – ਰੂਪ ਦਬੁਰਜੀ

ਗ਼ਜ਼ਲ/ਗੀਤ

-ਰੂਪ ਦਬੁਰਜੀ-

ਗ਼ਜ਼ਲ

ਮੇਰੇ ਉੱਤੇ ਮਰਦੇ ਹੋ ।
ਸੋਹਣਾ ਨਾਟਕ ਕਰਦੇ ਹੋ ।

ਜੇ ਮੇਰੇ ‘ਤੇ ਮਰਦੇ ਹੋ ।
ਕਿਉਂ ਲੋਕਾਂ ਤੋਂ ਡਰਦੇ ਹੋ ।

ਉੱਤੋਂ ਹੇਜ਼ ਜਿਤਾਉਂਦੇ ਹੋ,
ਨਾ ਮਚਦੇ, ਨਾ ਵਰੵਦੇ ਹੋ ।

ਅਮਲ ਰਤਾ ਵੀ ਕਰਦੇ ਨਾ,
ਰੋਜ਼ ਪੋਥੀਆਂ ਪੜ੍ਹਦੇ ਹੋ ।

ਰੂਹ ਤੁਹਾਡੀ ਜਾਗੇ ਨਾ,
ਨਿੱਤ ਤਸੀਹੇ ਜ਼ਰਦੇ ਹੋ ।

ਨਾਲ ਤੁਫ਼ਾਨਾ ਲੜਣਾ ਪਉ,
ਇਸ਼ਕ ਸਮੁੰਦਰ ਤਰਦੇ ਹੋ ।

ਤਿਤਲੀ ਹੁੰਦੀ ਵੇਖਣ ਲਈ,
ਇਸਨੂੰ ਕ੍ਹਾਤੋਂ ਫੜਦੇ ਹੋ ।
**

ਗੀਤ

ਸੱਜਣਾ ਅੱਜ-ਕਲ ਰੰਗਲੇ ਸੁਪਨੇ,ਰਾਸ ਨਾ ਮੈਨੂੰ ਆਵਣ ਵੇ
ਤੇਰੇ ਬਾਝੋਂ ਤੜਫ-ਤੜਫ ਕੇ, ਮਸਾਂ ਲੰਘਾਵਾ ਸਾਵਣ ਵੇ

ਜਦ ਵੀ ਕਿਧਰੇ ਕੰਨਾਂ ਦੇ ਵਿਚ, ਕੂਕ ਕੋਇਲ ਦੀ ਪੈਂਦੀ ਵੇ
ਬਿਰਹੋਂ ਭਿੱਜੀ ਕੂਕ ਓਸਦੀ, ਸਾਹ-ਸੱਤ ਹੀ ਕੱਢ ਲੈਂਦੀ ਵੇ
ਸਾਉਣ-ਛਰਾਟੇ ਕਿਣ ਮਿਣ ਕਣੀਆਂ ਤਨ-ਮਨ ਮੇਰਾ ਤਾਵਣ ਵੇ
ਤੇਰੇ ਬਾਝੋਂ……….

ਘੁੱਪ ਹਨੇਰੀਆਂ ਰਾਤਾਂ ਨੂੰ ਜਦ, ਕਪਰਾ ਬਦਲ ਗੱਜੇ ਵੇ
ਉਸਲਵੱਟੇ ਲੈਂਦੀ ਹਾਂ, ਤੇ ਸੱਟ ਕਲੇਜੇ ਵੱਜੇ ਵੇ
ਇੰਤਜਾਰ ਤੇ ਪਲੰਘ ਨਵਾਰੀ, ਮੈਨੂੰ ਵੱਢ-ਵੱਢ ਖਾਵਣ ਵੇ
ਤੇਰੇ ਬਾਝੋਂ…….

ਜਦੋਂ ਗੁਆਂਢਣ ਮਾਹੀ ਦੇ ਸੰਗ, ਹੱਸ-ਹੱਸ ਗੱਲਾਂ ਕਰਦੀ ਵੇ
ਕਿੰਜ ਦੱਸਾਂ ਉਦੋਂ ਜਿੰਦ ਨਿਮਾਣੀ,ਕਿਵੇਂ ਵਿਛੋੜਾ ਜਰਦੀ ਵੇ
ਉਸ ਨਖਰੋ ਦੇ ਹਾਸੇ ਠੱਠੇ, ਮੈਨੂੰ ਹੋਰ ਸਤਾਵਣ ਵੇ
ਤੇਰੇ ਬਾਝੋਂ………

ਕਹਿਣ ਸਿਆਣੇ ਇਹ ਰੁੱਤ ਜਿਸਨੇ, ਮਾਹੀ ਸੰਗ ਨਾ ਮਾਣੀ ਵੇ
ਜੀਵਣ ਉਸਦਾ ਬੰਜਰ ਵਰਗਾ,ਸਹੁੰ ਰੱਬ ਦੀ ਸੱਚ ਜਾਣੀ ਵੇ
‘ਰੂਪ’ ਹੁੱਸਨ ਦੇ ਤਿੱਖੇ ਜਜ਼ਬੇ ,ਤੈਨੂੰ ਕਿੰਜ ਸਮਝਾਵਣ ਵੇ
ਤੇਰੇ ਬਾਝੋਂ……..

**

*****

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ 4 ਮਾਰਚ 2010)
(ਦੂਜੀ ਵਾਰ 18 ਸਤੰਬਰ 2021)

***
372
***

ਰੂਪ ਦਬੁਰਜੀ,ਪਿੰਡ ਦਬੁਰਜੀ,ਡਾਕਘਰ ਲੱਖਣ ਕਲਾਂ,ਜ਼ਿਲ੍ਹਾ ਕਪੂਰਥਲਾ
ਫੋਨ ਨੰਬਰ -94174 80582

ਰੂਪ ਦਬੁਰਜੀ

ਰੂਪ ਦਬੁਰਜੀ,ਪਿੰਡ ਦਬੁਰਜੀ,ਡਾਕਘਰ ਲੱਖਣ ਕਲਾਂ,ਜ਼ਿਲ੍ਹਾ ਕਪੂਰਥਲਾ ਫੋਨ ਨੰਬਰ -94174 80582

View all posts by ਰੂਪ ਦਬੁਰਜੀ →