ਕਿਤਾਬ ਦਾ ਨਾਮ: ਪਾਰਲੇ ਪੁਲ਼ (ਕਹਾਣੀ ਸੰਗ੍ਰਹਿ) ![]() ਸੁਰਜੀਤ ਪੰਜਾਬੀ ਭਾਸ਼ਾ ਦੀ ਇਕ ਉੱਘੀ ਕਵਿੱਤਰੀ ਹੈ। ਜਿਸ ਨੇ “ਹੇ ਸਖ਼ੀ,”“ਸਿ਼ਕਸ਼ਤ ਰੰਗ,”ਅਤੇ “ਵਿਸਮਾਦ”ਕਾਵਿ-ਸੰਗ੍ਰਹਿਾਂ ਦੀ ਰਚਨਾ ਨਾਲ ਪੰਜਾਬੀ ਸਾਹਿਤਕ ਖੇਤਰ ਵਿਚ ਖੂਬ ਨਾਮਣਾ ਖੱਟਿਆ ਹੈ। ਸੰਨ 2007 ਤੋਂ ਕੈਨੇਡਾ ਨਿਵਾਸੀ ਸੁਰਜੀਤ ਨੇ ਸਾਹਿਤਕ ਆਲੋਚਨਾ ਤੇ ਸੰਪਾਦਨ ਦੇ ਖੇਤਰਾਂ ਵਿਚ ਵੀ ਸਫ਼ਲ ਯੋਗਦਾਨ ਪਾਇਆ ਹੈ। ਸਾਹਿਤਕ ਆਲੋਚਨਾ ਦੇ ਖੇਤਰ ਵਿਚ ਉਸ ਨੇ “ਪਰਵਾਸੀ ਪੰਜਾਬੀ ਸਾਹਿਤ – ਸ਼ਬਦ ਅਤੇ ਸੰਵਾਦ”ਅਤੇ ਸੰਪਾਦਨ ਦੇ ਖੇਤਰ ਵਿਚ “ਕੂੰਜਾਂ”(ਕਾਵਿ ਸੰਗ੍ਰਹਿ) ਅਤੇ “ਧਰਤ ਪਰਾਈ ਆਪਣੇ ਲੋਕ”(ਕਹਾਣੀ ਸੰਗ੍ਰਹਿ) ਰਾਹੀਂ ਮਾਂ-ਬੋਲੀ ਪੰਜਾਬੀ ਦੀ ਝੋਲੀ ਨੂੰ ਸਰਸ਼ਾਰ ਕੀਤਾ ਹੈ। ਸੁਰਜੀਤ ਦਾ ਕਹਿਣਾ ਹੈ ਕਿ ਬੇਸ਼ਕ ਉਸ ਨੇ ਕਹਾਣੀ ਲਿਖਣੀ ਆਪਣੀ ਕਾਲਜ ਦੀ ਪੜ੍ਹਾਈ ਦੌਰਾਨ ਹੀ ਸ਼ੁਰੂ ਕੀਤੀ ਸੀ ਪਰ ਲੰਮੇ ਅਰਸੇ ਤਕ ਉਸ ਦਾ ਮੁੱਖ ਰੁਝਾਣ ਕਵਿਤਾ ਹੀ ਰਿਹਾ। ਜਿ਼ੰਦਗੀ ਦੇ ਸਫ਼ਰ ਦੌਰਾਨ, ਵਿਭਿੰਨ ਦੇਸ਼ਾਂ (ਇੰਡੀਆ, ਥਾਈਲੈਂਡ, ਅਮਰੀਕਾ ਤੇ ਕੈਨੇਡਾ) ਵਿਖੇ ਉਸ ਦੇ ਮਨ ਨੂੰ ਛੂੰਹ ਜਾਣ ਵਾਲੀਆਂ ਕਈ ਘਟਨਾਵਾਂ ਵਾਪਰੀਆਂ, ਜਿਨ੍ਹਾਂ ਨੇ ਸਮੇਂ ਨਾਲ ਕਹਾਣੀਆਂ ਦਾ ਰੂਪ ਧਾਰ ਲਿਆ। ਪਰਵਾਸ ਦੌਰਾਨ ਵਾਪਰੀਆਂ ਇਨ੍ਹਾਂ ਦਿਲਚਸਪ ਘਟਨਾਵਾਂ ਦੇ ਕਿੱਸੇ ਹੋਰਨਾਂ ਨਾਲ ਸਾਂਝਾ ਕਰਨ ਦੀ ਖ਼ਾਹਸ਼ ਹੀ “ਪਾਰਲੇ ਪੁਲ਼”ਦੀ ਜਨ੍ਹਣੀ ਬਣੀ। ਪਿਛਲੇ ਲਗਭਗ ਚਾਰ ਦਹਾਕਿਆਂ ਤੋਂ ਪਰਵਾਸ ਹੰਢਾ ਰਹੀ ਸੁਰਜੀਤ ਨੇ ਪੰਜਾਬ ਤੋਂ ਆਪਣੇ ਪਰਵਾਸ ਦੇ ਬਾਵਜੂਦ ਪੰਜਾਬੀ ਸਾਹਿਤ ਨਾਲ ਆਪਣੀ ਡੂੰਘੀ ਸਾਂਝ ਬਣਾਈ ਰੱਖੀ ਹੈ। ਬਚਪਨ ਤੋਂ ਹੀ ਸਾਹਿਤ ਪੜ੍ਹਣ ਤੇ ਪੜਚੋਲ ਕਰਨ ਦੇ ਲਗਾਉ ਨੇ ਉਸ ਨੂੰ ਵਿਲੱਖਣ ਪਾਰਖੂ ਦ੍ਰਿਸ਼ਟੀਕੋਣ ਦਾ ਧਾਰਣੀ ਬਣਾ ਦਿੱਤਾ। ਇਸੇ ਨਜ਼ਰੀਏ ਕਾਰਣ, ਦੇਸ਼-ਵਿਦੇਸ਼ ਦੇ ਵਿਭਿੰਨ ਸਮਾਜਾਂ ਅਤੇ ਸਭਿਆਚਾਰਾਂ ਦੇ ਅਲੱਗ ਅਲੱਗ ਪਹਿਲੂਆਂ ਨੂੰ ਜਾਨਣਾ, ਸਮਝਣਾ ਤੇ ਘੋਖਣਾ ਉਸ ਦੇ ਜੀਵਨ ਦਾ ਅਹਿਮ ਅੰਗ ਬਣ ਗਏ। ਪਿਛਲੇ ਡੇਢ ਕੁ ਦਹਾਕੇ ਦੌਰਾਨ ਉਸ ਨੇ ਆਪਣੇ ਆਲੇ-ਦੁਆਲੇ ਵਾਪਰ ਰਹੇ ਵਰਤਾਰਿਆਂ ਨੂੰ ਕਲਮਬੰਧ ਕਰਨਾ ਸ਼ੁਰੂ ਕੀਤਾ ਤਾਂ ਇਨ੍ਹਾਂ ਵਿਸਿ਼ਆਂ ਨੇ ਅਨੇਕ ਕਹਾਣੀਆਂ ਦਾ ਰੂਪ ਧਾਰ ਲਿਆ ਜੋ ਸਮੇਂ ਸਮੇਂ ਪੰਜਾਬੀ ਦੇ ਪ੍ਰਸਿੱਧ ਰਸਾਲਿਆ – ਸੀਰਤ, ਕਹਾਣੀ ਧਾਰਾ, ਅੱਖ਼ਰ, ਪਰਵਾਜ਼, ਮੇਘਲਾ, ਕਲਾਕਾਰ, ਦੇਸ ਪ੍ਰਦੇਸ, ਲਫ਼ਜਾਂ ਦਾ ਪੁਲ਼, ਆਪਣੇ ਲੋਕ ਤੇ ਜਗਬਾਣੀ ਆਦਿ ਦਾ ਸਿ਼ੰਗਾਰ ਬਣੀਆਂ। ਸੁਰਜੀਤ ਦੀ ਵਿਲੱਖਣ ਰਚਨਾ-ਸ਼ੈਲੀ ਅਤੇ ਕਾਲਪਨਿਕ ਬੁਣਤ ਨਾਲ ਸਿ਼ੰਗਾਰੀਆਂ ਇਹ ਕਹਾਣੀਆਂ, ਮਨੁੱਖੀ ਜੀਵਨ ਦੇ ਵਿਭਿੰਨ ਪਹਿਲੂਆਂ ਬਾਰੇ ਚਰਚਾ ਕਰਦੀਆਂ, ਹੁਣ “ਪਾਰਲੇ ਪੁਲ਼”(ਕਹਾਣੀ ਸੰਗ੍ਰਹਿ) ਦੇ ਰੂਪ ਵਿਚ ਪੰਜਾਬੀ ਪਾਠਕਾਂ ਦੇ ਰੂਬਰੂ ਹਨ। “ਪਾਰਲੇ ਪੁਲ਼” ਸੁਰਜੀਤ ਦਾ ਪਲੇਠਾ ਕਹਾਣੀ ਸੰਗ੍ਰਹਿ ਹੈ। ਕਿਤਾਬ ਦੀ ਭੂਮਿਕਾ ਵਜੋਂ “ਪਾਰਲੇ ਪੁਲ਼ ਬਾਰੇ ਮੇਰਾ ਪ੍ਰਾਕਥਨ” ਲੇਖ ਵਿਚ ਸੁਰਜੀਤ ਨੇ ਆਪਣੀ ਸਾਹਿਤਕ ਯਾਤਰਾ ਦਾ ਸੰਖੇਪ ਵਰਨਣ ਕੀਤਾ ਹੈ। ਪ੍ਰਸਿੱਧ ਵਿਦਵਾਨ ਡਾ. ਮੋਹਨ ਤਿਆਗੀ ਨੇ ਕਿਤਾਬ ਦੇ ਮੁੱਖਬੰਧ – “ਸੁਰਜੀਤ ਦੀ ਕਥਾਕਾਰੀ” ਦਾ ਜ਼ਿਕਰ ਕਰਦਿਆਂ ਹੱਥਲੀ ਕਿਤਾਬ ਵਿਚਲੀਆਂ ਸਮੂਹ ਰਚਨਾਵਾਂ ਦਾ ਬਹੁਤ ਹੀ ਪ੍ਰਭਾਵਮਈ ਵਿਸ਼ਲੇਸ਼ਣ ਕਰਦੇ ਹੋਏ, ਇਨ੍ਹਾਂ ਰਚਨਾਵਾਂ ਨੂੰ ਅਜੋਕੇ ਵਿਸ਼ਵੀਕਰਨ ਦੇ ਦੌਰ ਵਿਚ, ਪਰਵਾਸੀ ਪਰਿਵੇਸ਼ ਵਿਚ ਪੈਦਾ ਹੋਈਆਂ/ਹੋ ਰਹੀਆਂ ਨਵੀਆਂ ਵੰਗਾਰਾਂ ਤੇ ਚਣੌਤੀਆਂ ਦਾ ਆਤਮਸਾਤ ਦਰਸਾਇਆ ਹੈ।ਉਸ ਦਾ ਮੰਨਣਾ ਹੈ ਕਿ ਸੁਰਜੀਤ ਇਕ ਬਹੁਵਿਧਾਈ ਸਾਹਿਤਕਾਰਾ ਹੈ। ਜਿਸ ਦੀਆਂ ਰਚਨਾਵਾਂ ਪਰਵਾਸੀ ਪਰਿਵੇਸ਼ ਨੂੰ ਆਪਣੀ ਆਖ਼ਰੀ ਠਾਹਰ ਮੰਨ ਕੇ ਆਪਣੀ ਬਣਦੀ ਸਪੇਸ ਲਈ ਜੂਝਣ ਦੀਆਂ ਨਵੀਆਂ ਸੰਭਾਵਨਾਵਾਂ ਜਗਾਉਂਦੀਆਂ ਹਨ।
ਕਿਤਾਬ ਦੀ ਦੂਸਰੀ ਕਹਾਣੀ “ਆਇਲਨ ਅਤੇ ਐਵਨ” ਦੋ ਬੱਚਿਆਂ ਦੇ ਦੁਖਾਂਤ ਦਾ ਚਰਚਾ ਕਰਦਿਆਂ ਹੋਇਆਂ ਗਲੋਬਲ ਪੱਧਰ ਉੱਤੇ ਸਮਾਨ ਮਾਨਵੀ ਕਦਰਾਂ ਕੀਮਤਾਂ ਦੀ ਸਥਾਪਤੀ ਲਈ ਹਾਅ ਦਾ ਨਾਅਰਾ ਮਾਰਦੀ ਹੈ। ਆਵਾਸ-ਪ੍ਰਵਾਸ ਦੇ ਸਮਕਾਲੀ ਧੁਖ਼ਦੇ ਮਸਲਿਆਂ ਦਾ ਚਰਚਾ ਕਰਦੀ ਹੋਈ ਇਹ ਕਹਾਣੀ ਆਸ਼ਾਵਾਦੀ ਸੁਰ ਨਾਲ ਖ਼ਤਮ ਹੁੰਦੀ ਹੈ, ਜਦ ਕੈਨੇਡਾ ਦਾ ਪ੍ਰਧਾਨ ਮੰਤਰੀ ਸੀਰੀਆ ਦੇ ਸ਼ਰਨਾਰਥੀਆਂ ਲਈ ਕੈਨੇਡਾ ਵਿਖੇ ਵਸੇਵੇਂ ਦਾ ਰਾਹ ਖੋਲ੍ਹ ਦਿੰਦਾ ਹੈ। ਕਿਤਾਬ ਦੀ ਤੀਸਰੀ ਕਹਾਣੀ ਹੈ “ਐਮਰਜੈਂਸੀ ਰੂਮ”। ਜਿਸ ਵਿਚ ਲੇਖਿਕਾ ਨੇ ਕੈਨੇਡੀਅਨ ਜੀਵਨ ਦੇ ਬਹੁਤ ਸਾਰੇ ਪਹਿਲੂਆਂ ਨੂੰ ਫੋਕਸ ਵਿਚ ਲਿਆਉਣ ਦਾ ਸਫ਼ਲ ਯਤਨ ਕੀਤਾ ਹੈ। ਕੈਨੇਡਾ ਵਿਖੇ ਵਿਭਿੰਨ ਧਰਮਾਂ, ਨਸਲਾਂ, ਕੌਮਾਂ ਤੇ ਸੱਭਿਆਚਾਰਾਂ ਵਾਲੇ ਲੋਕਾਂ ਨੂੰ ਸਮਾਨ ਮੈਡੀਕਲ ਸਹੂਲਤਾਂ ਦੀ ਉਪਲਬਧੀ ਦੀ ਦੱਸ ਪਾਉਂਦੀ ਹੋਈ, ਉਹ, ਹਸਪਤਾਲਾਂ ਵਿਚ ਵੱਧ ਰਹੀ ਮਰੀਜ਼ਾਂ ਦੀ ਗਿਣਤੀ ਤੇ ਇਲਾਜ ਲਈ ਆਪਣੀ ਵਾਰੀ ਦੀ ਲੰਮੀ ਉਡੀਕ ਵਰਗੀਆਂ ਸਮੱਸਿਆਵਾਂ ਦਾ ਚਿੱਤਰਣ ਸਹਿਜੇ ਹੀ ਕਰ ਜਾਂਦੀ ਹੈ। ਮਾਨਵੀ ਜੀਵਨ ਵਿਚ ਵੱਧ ਰਹੇ ਇਕਲਾਪੇ ਦਾ ਚਲਣ ਤੇ ਪਰਵਾਸੀ ਬਜ਼ੁਰਗਾਂ ਦੀ ਮਨੋਸਥਿਤੀ ਦਾ ਬਿਆਨ ਵੀ ਬਹੁਤ ਹੀ ਪ੍ਰਭਾਵਮਈ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਕਿਤਾਬ ਦੀ ਅਗਲੀ ਕਹਾਣੀ “ਸੁਰਖ਼ ਸਵੇਰ” ਫਲੈਸ਼ ਬੈਕ ਵਿਧੀ ਦੀ ਵਰਤੋਂ ਨਾਲ, ਪਰਵਾਸ ਦੀਆਂ ਸਮੱਸਿਆਵਾਂ ਨਾਲ ਜੂੰਝਦੇ ਪਰਿਵਾਰ ਦੇ ਬਿਖ਼ੜੇ ਹਾਲਾਤਾਂ ਨਾਲ ਰੂਬਰੂ ਕਰਵਾਉਂਦੀ ਹੈ। ਭਾਵਨਾਤਮਕ ਤੇ ਮਾਨਸਿਕ ਉਧੇੜਬੁਣ ਵਿਚ ਜਕੜੀ, ਕਹਾਣੀ ਦੀ ਨਾਇਕਾ – ਸਿਮੋਨ, ਪੱਛਮੀ ਜੀਵਨ ਚਲਣ ਅੰਦਰ ਇਕਲਾਪੇ ਦੀ ਵੱਧ ਰਹੀ ਸਮੱਸਿਆ ਦਾ ਪ੍ਰਗਟਾ ਨਜ਼ਰ ਆਉਂਦੀ ਹੈ। ਜਿ਼ੰਦਗੀ ਦੀਆਂ ਮੁਸ਼ਕਲਾਂ ਦਾ ਸਕਾਰਤਮਕ ਢੰਗ ਨਾਲ ਟਾਕਰਾ ਕਰਨ ਦਾ ਸੁਨੇਹਾ ਦਿੰਦੀ ਇਹ ਕਹਾਣੀ ਆਸ਼ਾਵਾਦੀ ਦਿਸ਼ਾ ਪ੍ਰਦਾਨ ਕਰਦੀ ਹੈ। “ਵੈਲਨਟਾਈਨਜ਼ ਡੇਅ”ਕਹਾਣੀ ਇਕ ਪਰਵਾਸੀ ਜੋੜੇ, ਬਿਅੰਤ ਤੇ ਰੋਜ਼ੀ, ਦੇ ਅਣਸੁਖਾਵੇ ਸੰਬੰਧਾਂ ਦਾ ਬਿਰਤਾਂਤ ਬਿਆਨ ਕਰਦੀ ਹੈ। ਪੜ੍ਹੀ ਲਿਖੀ, ਸੁਣੱਖੀ ਤੇ ਸਵੈਮਾਨ ਭਰਪੂਰ ਰੋਜ਼ੀ, ਜਗੀਰਦਾਰੀ ਪ੍ਰਵਿਰਤੀਆਂ ਦੇ ਮਾਲਕ ਬਿਅੰਤ ਦੇ ਰੁੱਖੇਪਣ, ਤੇ ਹਾਕਮਾਨਾ ਲਹਿਜ਼ੇ ਦਾ ਸ਼ਿਕਾਰ ਬਣੀ, ਆਪਣੀ ਧੀ ਤੇ ਪੁੱਤਰ ਨਾਲ ਕੈਲੀਫੋਰਨੀਆ ਆ ਵੱਸਦੀ ਹੈ। ਬਿਅੰਤ ਦਾ ਪਰਿਵਾਰਕ ਜ਼ਿੰਮੇਵਾਰੀਆਂ ਪ੍ਰਤੀ ਉਦਾਸੀਨ ਰਵਈਆ, ਰੋਜ਼ੀ ਨੂੰ ਪਰਿਵਾਰ ਦੀਆਂ ਮਾਇਕ ਲੋੜਾਂ ਦੀ ਪੂਰਤੀ ਲਈ ਵਰਜਿਤ ਰਾਹਾਂ ਵੱਲ ਧਕੇਲ ਦਿੰਦਾ ਹੈ। ਇਸ ਕਹਾਣੀ ਰਾਹੀਂ ਲੇਖਿਕਾ ਰਿਵਾਇਤੀ ਵਿਆਹ ਵਿਧੀ ਉੱਤੇ ਗੰਭੀਰ ਕਟਾਖ਼ਸ਼ ਕਰਦੀ ਹੋਈ, ਪਰਵਾਸ ਦੌਰਾਨ ਮਾਨਵੀ ਜੀਵਨ ਦੀ ਅਸਲੀਅਤ ਅਤੇ ਕਲਪਨਾਤਮਕ ਸੁਪਨ-ਸੰਸਾਰ ਵਿਚਲੇ ਟਕਰਾਉ ਦੀਆਂ ਪਰਤਾਂ ਖੋਲ੍ਹਦੀ ਨਜ਼ਰ ਆਉਂਦੀ ਹੈ। ਕਹਾਣੀ ਦੀ ਨਾਇਕਾ ਦਾ ਪੂਰੀ ਹਿੰਮਤ ਨਾਲ ਮੁਸ਼ਕਲ ਹਾਲਾਤਾਂ ਦਾ ਟਾਕਰਾ ਕਰਦੇ ਹੋਏ, ਨਵੇਂ ਰਾਹਾਂ ਉੱਤੇ ਚਲਣ ਦਾ ਹੌਂਸਲਾ ਕਰਣਾ, ਨਾਰੀ ਗੌਰਵ ਲਈ ਇਕ ਆਸ਼ਾਵਾਦੀ ਸੁਨੇਹਾ ਹੋ ਨਿਬੜਦਾ ਹੈ। ਕਹਾਣੀ ਵਿਚ ਫ਼ਲੈਸ਼-ਬੈਕ, ਵਾਰਤਾਲਾਪੀ ਸੰਵਾਦ, ਗਲਪੀ ਕਥਾ ਬਿਰਤਾਂਤ, ਅਤੇ ਸੰਕੇਤਕ ਵਿਸਥਾਰ-ਵਿਸ਼ਲੇਸ਼ਣ ਵਿਧੀਆਂ ਦੀ ਵਰਤੋਂ ਬਹੁਤ ਹੀ ਪ੍ਰਭਾਵਮਈ ਰੂਪ ਵਿਚ ਕੀਤੀ ਗਈ ਹੈ। “ਜਗਦੀਆਂ ਅੱਖਾਂ ਦਾ ਤਲਿੱਸਮ”ਕਹਾਣੀ ਅਜੋਕੇ ਸਮੇਂ ਦੀ ਅਹਿਮ ਲੋੜ – ਅੰਗਦਾਨ ਮੁਹਿੰਮ ਨੂੰ ਸਮਰਪਿਤ ਹੈ। ਅਮਰ ਕਰਮਾ ਔਰਗਨ ਡੋਨੇਸ਼ਨ ਸੁਸਾਇਟੀ ਦੇ ਕਾਰਜਾਂ ਦੇ ਇਰਦ ਗਿਰਦ ਉਸਾਰੀ ਇਸ ਕਹਾਣੀ ਦਾ ਮੰਤਵ, ਅਜੋਕੇ ਸਮਾਜ ਵਿਚ ਅੰਗਦਾਨ ਸੰਬੰਧਤ ਪ੍ਰਚਲਿਤ ਰੂੜੀਵਾਦੀ ਸੋਚ ਤੇ ਭਰਮ ਭੁਲੇਖਿਆਂ ਨੂੰ ਤੋੜਦੇ ਹੋਏ, ਲੋਕਾਂ ਨੂੰ ਅੰਗਦਾਨ ਦੇ ਮਹੱਤਵ ਤੋਂ ਸੁਚੇਤ ਕਰਨ ਦੇ ਨਾਲ ਨਾਲ, ਉਨ੍ਹਾਂ ਨੂੰ ਅਜਿਹੇ ਮਾਨਵ ਭਲਾਈ ਦੇ ਕਾਰਜਾਂ ਲਈ ਉਤਸ਼ਾਹਿਤ ਕਰਨਾ ਵੀ ਹੈ। ਲੇਖਿਕਾ ਨੇ ਮੈਂ ਪਾਤਰ ਲਈ ਮਨੋਬਚਨੀ ਵਿਧੀ ਦੀ ਵਰਤੋਂ ਕਰਦੇ ਹੋਏ ਵਿਸ਼ਾ-ਵਸਤੂ ਨੂੰ ਬਹੁਤ ਹੀ ਖੂਬਸੂਰਤ ਢੰਗ ਨਾਲ ਬਿਆਨਿਆ ਹੈ। ਵਿਸ਼ਵ ਭਰ ਵਿਚ ਲੋੜਵੰਦਾਂ ਲਈ ਮਨੁੱਖੀ ਅੰਗਾਂ ਦੀ ਉਪਲਬਧੀ ਦੀ ਘਾਟ, ਅਜਿਹੀ ਮੁਹਿੰਮ ਦੇ ਸਰੋਕਾਰਾਂ ਨੂੰ ਗਲੋਬਲ ਅਹਿਮੀਅਤ ਦਾ ਦਰਜਾ ਬਖ਼ਸ਼ਦੀ ਹੈ। ਮਨੁੱਖੀ ਭਾਈਚਾਰੇ ਤੇ ਸੁਚੱਜੀਆਂ ਮਾਨਵੀ ਕਦਰਾਂ ਕੀਮਤਾਂ ਨੂੰ ਉਤਸ਼ਾਹਿਤ ਕਰਦੀ ਇਹ ਕਹਾਣੀ ਵਿਸ਼ਵ-ਵਿਆਪੀ ਸਰੋਕਾਰਾਂ ਦੀ ਲਖਾਇਕ ਸਿੱਧ ਹੁੰਦੀ ਹੈ। ਕਿਤਾਬ ਦੀਆਂ ਆਖਰਲੀਆਂ ਚਾਰ ਕਹਾਣੀਆਂ ਹਨ; “ਜੁਗਨੂੰ”, “ਲੋਹ-ਪੁਰਸ਼”, “ਤੂੰ ਭਰੀ ਹੁੰਗਾਰਾ” ਅਤੇ “ਡਿਸਏਬਲ”। “ਜੁਗਨੂੰ” ਕਹਾਣੀ, ਅਜੋਕੇ ਤਕਨਾਲੋਜੀ ਯੁੱਗ ਵਿਚ, ਨਕਲੀ ਆਈ ਡੀ (ਸ਼ਨਾਖ਼ਤ) ਬਣਾ ਸੋਸ਼ਲ ਮੀਡੀਆਂ ਦੀ ਦੁਰਵਰਤੋਂ ਕਰਦੇ ਸ਼ਰਾਰਤੀ ਦਿਮਾਗਾਂ ਦੁਆਰਾ ਭੋਲੇ ਭਾਲੇ ਲੋਕਾਂ ਦਾ ਮਾਨਸਿਕ ਤੇ ਭਾਵਨਾਤਮਕ ਸ਼ੋਸ਼ਣ ਕਰਨ ਦੀ ਦੱਸ ਪਾਉਂਦੀ ਹੈ। ਇਹ ਕਥਾ ਬਿਰਤਾਂਤ ਅਜੋਕੇ ਸਮੇਂ ਦੀ ਅਤਿ ਵਿਕਸਿਤ ਸੂਚਨਾ-ਸੰਚਾਰ ਸਾਧਨਾਂ ਦੀ ਦੁਰਵਰਤੋਂ ਨਾਲ ਪੈਦਾ ਹੋ ਰਹੇ/ਕੀਤੇ ਜਾ ਰਹੇ ਮਸਲਿਆ ਜਿਵੇਂ ਕਿ ਮੀਡੀਆ ਅਡਿਕਸਨ, ਸਾਇਬਰ-ਟਰੈਪ ਤੇ ਸਾਈਬਰ ਕਰਾਈਮ ਨੂੰ ਫੋਕਸ ਵਿਚ ਲਿਆਉਂਦੀ ਹੈ, ਜੋ ਕਿ ਬਹੁਤ ਹੀ ਨਿਵੇਕਲੇ ਵਿਸ਼ੇ ਹਨ। “ਲੋਹ-ਪੁਰਸ਼’ਕਹਾਣੀ ਲੇਖਿਕਾ ਦੀ ਆਤਮ ਕਥਾ ਦਾ ਅੰਗ ਹੀ ਜਾਪਦੀ ਹੈ, ਜਿਸ ਵਿਚ ਉਸ ਨੇ ਆਪਣੇ ਪਿਤਾ ਦਾ ਕਿਰਦਾਰ ਬਹੁਤ ਹੀ ਖੂਬਸੂਰਤੀ ਨਾਲ ਸੰਜੋਇਆ ਹੈ, ਜੋ ਨਾਮਵਰ ਲੇਖਕ ਖੁਸ਼ਵੰਤ ਸਿੰਘ ਦੁਆਰਾ ਰਚਿਤ “ਦਾ ਪੋਟਰੇਟ ਔਫ ਏ ਲੇਡੀ”ਵਰਗੀ ਮਿਆਰੀ ਰਚਨਾ ਨਜ਼ਰ ਅਉਂਦੀ ਹੈ। “ਤੂੰ ਭਰੀ ਹੁੰਗਾਰਾ” ਇਕ ਸੁਹਜਵਾਦੀ ਕਹਾਣੀ ਹੋਣ ਦੇ ਨਾਲ ਨਾਲ ਆਵਾਸ ਤੇ ਪਰਵਾਸ ਵਿਚਕਾਰ ਸਮਤੋਲ ਬਣਾਈ ਰੱਖਣ ਦੇ ਪ੍ਰਤੀਕ ਵਜੋਂ ਉਭਰਦੀ ਹੈ। ਕਹਾਣੀ ਵਿਚਲਾ ਰਬੜ ਪਲਾਂਟ, ਜੋ ਕਿ ਪਰਵਾਸੀ ਭਾਈਚਾਰੇ ਦੀ ਹਾਸ਼ੀਆਗਤ ਸਥਿਤੀ ਦਾ ਪ੍ਰਤੀਕ ਜਾਪਦਾ ਹੈ, ਮੌਕਲੇ ਵਿਹੜੇ ਵਿਚ ਸਥਾਪਤੀ ਨਾਲ ਭਵਿੱਖਮਈ ਸੁਨਿਹਰੀ ਆਸ ਦਾ ਸੰਕੇਤ ਬਣ, ਪਰਵਾਸ ਤੋਂ ਆਵਾਸ ਵੱਲ ਵੱਧਦੀ ਸਾਰਥਿਕਤਾ ਦਾ ਆਸ਼ਾਮਈ ਸੁਨੇਹਾ ਦਿੰਦਾ ਨਜ਼ਰ ਆਉਂਦਾ ਹੈ। ਇਹ ਸਮੁੱਚਾ ਕਹਾਣੀ ਸੰਗ੍ਰਹਿ ਸਮਕਾਲੀ ਮਾਨਸਿਕ, ਸਮਾਜਿਕ, ਤੇ ਸਭਿਆਚਾਰਕ ਸਰੋਕਾਰਾਂ ਦੀ ਪੇਸ਼ਕਾਰੀ ਸਿੱਧੇ ਰੂਪ ਵਿੱਚ ਕਰਦਾ ਹੋਇਆ ਮਨੁੱਖਤਾ ਦੇ ਹੱਕ ਵਿੱਚ ਸੁਰ ਅਲਾਪਦਾ ਹੈ। ਲੇਖਿਕਾ ਸਮਾਜ ਵਿੱਚ ਦੁਖਾਂਤਕ ਦਸ਼ਾ ‘ਚ ਜ਼ਿੰਦਗੀ ਬਸਰ ਕਰ ਰਹੇ ਲੋਕਾਂ ਪ੍ਰਤੀ ਚਿੰਤਿਤ ਹੈ। ਉਹ ਸਮਾਜ ਦੀ ਅਜਿਹੀ ਸਥਿਤੀ ਲਈ ਜ਼ੁੰਮੇਵਾਰ ਕਾਰਨਾਂ ਦੀ ਨਿਸ਼ਾਨਦੇਹੀ ਕਰਦੀ ਨਜ਼ਰ ਆਉਂਦੀ ਹੈ। ਉਹ ਸੋਹਣੇ ਸਮਾਜ ਨੂੰ ਪੈਦਾ ਕਰਨ ਦੀ ਇੱਛਾ ਪਾਲਦੀ ਹੋਈ ਚੇਤੰਨਮਈ ਰਾਹਾਂ ਦਾ ਖੁਰਾ ਨੱਪਦੀ ਹੈ। ਸਮਾਜਿਕ ਤੇ ਸਭਿਆਚਾਰਕ ਕੁਰੀਤੀਆ ਨੂੰ ਖ਼ਤਮ ਕਰਕੇ ਸਮਾਨਤਾ, ਖੁਸ਼ਹਾਲੀ ਤੇ ਪ੍ਰਸਪਰ ਸੁਮੇਲਤਾ ਵਾਲਾ ਸਮਾਜ ਸਿਰਜਣ ਦੇ ਰਾਹਾਂ ਦੀ ਤਲਾਸ਼ ਕਰਦੀ ਸੁਰਜੀਤ ਹਰ ਅਮਾਨਵੀ ਅੰਸ਼ ਦਾ ਵਰਨਣ ਆਪਣੀਆਂ ਕਹਾਣੀਆਂ ‘ਚ ਪੂਰੀ ਬੇਬਾਕੀ ਨਾਲ ਕਰ ਜਾਂਦੀ ਹੈ। ਲੇਖਿਕਾ ਵਲੋਂ ਆਪਣੀਆਂ ਕਹਾਣੀਆਂ ਦੀ ਪੇਸ਼ਕਾਰੀ ਲਈ ਕਈ ਢੰਗਾਂ ਜਿਵੇਂ ਫ਼ਲੈਸ਼-ਬੈਕ, ਵਾਰਤਾਲਾਪੀ ਸੰਵਾਦ, ਗਲਪੀ ਕਥਾ ਬਿਰਤਾਂਤ, ਸੰਕੇਤਕ ਵਿਸਥਾਰ-ਵਿਸ਼ਲੇਸ਼ਣ ਆਦਿ ਦੀ ਬਾਖੂਬੀ ਵਰਤੋਂ ਕੀਤੀ ਹੈ। ਇਨ੍ਹਾਂ ਕਹਾਣੀਆਂ ਵਿਚ ਸਹਿਜਤਾ ਦਾ ਰੰਗ ਵੀ ਹੈ ਤੇ ਕਟਾਖ਼ਸ਼ ਵੀ, ਸ਼ੋਖੀ ਵੀ ਹੈ ਤੇ ਦਰਦ ਭਰੇ ਅਹਿਸਾਸ ਵੀ। “ਪਾਰਲੇ ਪੁਲ਼” ਦੀਆਂ ਕਹਾਣੀਆਂ ਅਜੋਕੇ ਮਨੁੱਖੀ ਸਰੋਕਾਰਾਂ ਦੇ ਆਸ਼ਾਵਾਦੀ ਹਲ ਸੁਝਾ ਉੱਜਲ ਮਾਨਵੀ ਭਵਿੱਖ ਲਈ ਪੁਲ਼ ਦਾ ਰੋਲ ਨਿਭਾਉਂਦੀਆਂ ਹੋਈਆਂ ਕਿਤਾਬ ਦੇ ਨਾਂ ਨੂੰ ਉਚਿਤ ਸਾਰਥਕਤਾ ਬਖ਼ਸ਼ਦੀਆਂ ਹਨ। ਮਨੁੱਖੀ ਸਰੋਕਾਰਾਂ ਤੇ ਆਸ਼ਾਵਾਦੀ ਸੋਚ ਨਾਲ ਲਬਰੇਜ਼ ਇਨ੍ਹਾਂ ਕਹਾਣੀਆਂ ਦਾ ਪੰਜਾਬੀ ਸਾਹਿਤ ਜਗਤ ਵਿਚ ਸਵਾਗਤ ਹੈ। ਸੁਰਜੀਤ ਅਜਿਹੀ ਵਿਲੱਖਣ ਸ਼ਖ਼ਸੀਅਤ ਹੈ ਜਿਸ ਨੇ ਆਪਣਾ ਸਮੁੱਚਾ ਜੀਵਨ ਸਮਾਜ-ਸੇਵਾ ਅਤੇ ਸਾਹਿਤਕ ਕਾਰਜਾਂ ਲਈ ਅਰਪਣ ਕੀਤਾ ਹੋਇਆ ਹੈ। ਉਹ ਸਮਾਜਿਕ ਅਤੇ ਸਭਿਆਚਾਰਕ ਮਸਲਿਆਂ ਦੀ ਸੰਚਾਰਕ (ਕਹਾਣੀਕਾਰਾ ਤੇ ਕਵਿੱਤਰੀ) ਵਜੋਂ ਅਨੁਸਰਣਯੋਗ ਮਾਡਲ ਹੈ। ਉਸ ਦੀ ਇਹ ਕਿਤਾਬ ਮਨੁੱਖੀ ਜੀਵਨ ਦੀਆਂ ਜਟਿਲ ਸਮੱਸਿਆਵਾਂ ਤੇ ਸੰਭਾਵੀ ਹਲਾਂ ਨੂੰ ਸਰਲ ਤੇ ਸਾਦਗੀ ਭਰੀ ਭਾਸ਼ਾ ਵਿਚ ਪ੍ਰਗਟਾਉਣ ਕਾਰਣ, ਪਾਠਕਾਂ ਦੇ ਗਿਆਨ ਦੇ ਦਾਇਰੇ ਨੂੰ ਮੋਕਲਾ ਕਰਣ ਵਿਚ ਅਹਿਮ ਰੋਲ ਅਦਾ ਕਰਨ ਦੇ ਸਮਰਥ ਹੈ। ਲੇਖਿਕਾ ਨੇ ਆਪਣੀ ਸੂਝ-ਬੂਝ ਤੇ ਵਿਦਵਤਾ ਨਾਲ ਪਾਠਕ ਨੂੰ ਵਿਸ਼ੇ ਨਾਲ ਜੋੜੀ ਰੱਖਣ ਵਿਚ ਸਫਲ ਰਹੀ ਹੈ। ਚਹੁ-ਰੰਗੇ ਸਰਵਰਕ ਨਾਲ ਡੀਲਕਸ ਬਾਇਡਿੰਗ ਵਾਲੀ ਤੇ ਵਧੀਆ ਗੁਣਤਾ ਵਾਲੇ ਕਾਗਜ਼ ਉੱਤੇ ਛਪੀ, ਇਹ ਰਚਨਾ, ਸੁੰਦਰ ਛਪਾਈ ਵਾਲੀ ਹੈ ਅਤੇ ਟਾਇਪਿੰਗ ਦੀਆਂ ਉਕਾਈਆਂ ਤੋਂ ਮੁਕਤ ਹੈ। ਇਸ ਕਿਤਾਬ ਦੀ ਛਪਾਈ ਦਾ ਉੱਦਮ ਪ੍ਰਸੰਸਾਂ ਯੋਗ ਹੈ, ਜੋ ਕਹਾਣੀ ਵਿਧਾ ਦੀ ਵਰਤੋਂ ਨਾਲ, ਸਮਕਾਲੀ ਮਾਨਵੀ ਹਾਲਾਤਾਂ ਬਾਰੇ ਗਲੋਬਲ ਪੱਧਰ ਦੇ ਪੁਖਤਾ ਸਾਹਿਤ ਦੀ ਉਪਲਬਧੀ ਲਈ, ਨਵੀਂ ਦਿਸ਼ਾ ਨਿਰਧਾਰਣ ਕਰਦਾ ਨਜ਼ਰ ਆਉਂਦਾ ਹੈ। “ਪਾਰਲੇ ਪੁਲ਼”ਇਕ ਅਜਿਹੀ ਕਿਤਾਬ ਹੈ ਜੋ ਹਰ ਵਿੱਦਿਅਕ ਅਦਾਰੇ ਦੀ ਲਾਇਬ੍ਰੇਰੀ ਦਾ ਸ਼ਿੰਗਾਰ ਬਨਣ ਦੀ ਹੱਕਦਾਰ ਹੈ। ਤਾਂ ਜੋ ਸਾਡੀ ਨਵੀਂ ਪੀੜ੍ਹੀ ਤੇ ਹੋਰ ਪਾਠਕ ਮਾਨਸਿਕ, ਸਮਾਜਿਕ ਅਤੇ ਸਭਿਆਚਾਰਕ ਸਮੱਸਿਆਵਾਂ/ਹਾਲਾਤਾਂ ਦਾ ਸਹੀ ਰੂਪ ਸਮਝ, ਉਨ੍ਹਾਂ ਦੇ ਸਹੀ ਹਲ ਦੇ ਅਮਲੀ ਕਾਰਜਾਂ ਨੂੰ ਆਪਣੇ ਜੀਵਨ ਚਲਣ ਦਾ ਅੰਗ ਬਣਾ ਕੇ, ਧਰਤੀ ਉੱਤੇ ਖੁਸ਼ਹਾਲ ਮਨੁੱਖੀ ਜੀਵਨ ਦੀ ਸਥਾਪਤੀ ਵਿਚ ਆਪਣਾ ਯੋਗਦਾਨ ਪਾ ਸਕਣ। |
*** 581 *** |
About the author

ਡਾ. ਦੇਵਿੰਦਰਪਾਲ ਸਿੰਘ
ਡਾ. ਦੇਵਿੰਦਰ ਪਾਲ ਸਿੰਘ ਅਧਿਆਪਕ ਅਤੇ ਲੇਖਕ ਹੈ।
ਅੱਜ ਕਲ ਉਹ ਕੈਨੇਡਾ ਦੇ ਸ਼ਹਿਰ ਮਿਸੀਸਾਗਾ ਵਿਖੇ ਕੈਨਬ੍ਰਿਜ਼ ਲਰਨਿੰਗ ਵਿੱਦਿਅਕ ਸੰਸਥਾ ਦੇ ਡਾਇਰੈਕਟਰ ਵਜੋਂ ਸੇਵਾ ਕਾਰਜ ਨਿਭਾ ਰਹੇ ਹਨ।
ਈਮੇਲ: drdpsn@gmail.com