24 April 2024

ਮਸ਼ਹੂਰ ਹੋਣਾ ਪਰ ਮਗ਼ਰੂਰ ਨਾ ਹੋਣਾ—ਗੁਰਸ਼ਰਨ ਸਿੰਘ ਕੁਮਾਰ

ਏਨਾ ਘੱਟ ਨਾ ਦਈਂ ਕਿ ਰੁਲ ਜਾਵਾਂ ਮੈਂ,
ਏਨਾ ਜ਼ਿਆਦਾ ਵੀ ਨਾ ਦਈਂ ਕਿ ਤੈਨੂੰ ਭੁੱਲ ਜਾਵਾਂ ਮੈਂ।
gursharan singh kumar
ਗੁਰਸ਼ਰਨ ਸਿੰਘ ਕੁਮਾਰ

ਜ਼ਿੰਦਗੀ ਵਿਚ ਸਫ਼ਲਤਾ ਲਈ ਆਸਾਨ ਰਸਤਾ ਨਹੀਂ ਹੁੰਦਾ ਪਰ ਜਦ ਕੋਈ ਮਨੁੱਖ ਸਫ਼ਲ ਹੋ ਜਾਂਦਾ ਹੈ ਤਾਂ ਉਸ ਲਈ ਸਾਰੇ ਰਸਤੇ ਹੀ ਆਸਾਨ ਹੋ ਜਾਂਦੇ ਹਨ। ਕੁਦਰਤ ਦੇ ਅਲੱਗ ਅਲੱਗ ਮੌਸਮ ਦੀ ਤਰ੍ਹਾਂ ਮਨੁੱਖਾ ਜ਼ਿੰਦਗੀ ਵਿਚ ਦੁੱਖ-ਸੁੱਖ, ਸਫ਼ਲਤਾ-ਅਸਫ਼ਲਤਾ, ਚੰਗੇ-ਮਾੜੇ ਦਿਨ, ਅਮੀਰੀ-ਗ਼ਰੀਬੀ ਅਤੇ ਜਿੱਤਾਂ-ਹਾਰਾਂ ਆਉਂਦੀਆਂ ਹੀ ਹਨ। ਸੁੱਖ-ਸਫ਼ਲਤਾ ਅਤੇ ਜਿੱਤਾਂ ਸਭ ਨੂੰ ਚੰਗੀਆਂ ਲੱਗਦੀਆਂ ਹਨ। ਇਨਾਂ ਨਾਲ ਬੰਦੇ ਨੂੰ ਖ਼ੁਸ਼ੀ ਮਿਲਦੀ ਹੈ। ਉਸ ਦੀ ਜ਼ਿੰਦਗੀ ਸੁਖੀ ਹੁੰਦੀ ਹੈ ਅਤੇ ਸਮਾਜ ਵਿਚ ਉਸ ਦਾ ਰੁਤਬਾ ਵਧਦਾ ਹੈ। ਉਹ ਅੱਗੋਂ ਹੋਰ ਵੀ ਮੁਸ਼ਕਲ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਹੁੰਦਾ ਹੈ। ਦੂਜੇ ਪਾਸੇ ਅਸਫ਼ਲਤਾਵਾਂ, ਹਾਰਾਂ ਅਤੇ ਦੁੱਖ ਕਿਸੇ ਬੰਦੇ ਨੂੰ ਵੀ ਚੰਗੇ ਨਹੀਂ ਲੱਗਦੇ। ਇਹ ਬੰਦੇ ਦੇ ਵਧਦੇ ਹੋਏ ਕਦਮਾਂ ਨੂੰ ਰੋਕਦੀਆਂ ਹਨ। ਇਨਾਂ ਨਾਲ ਬੰਦੇ ਦੇ ਅੰਦਰ ਨਿਰਾਸ਼ਾ ਪੈਦਾ ਹੁੰਦੀ ਹੈ। ਉਸ ਦੀਆਂ ਉਮੀਦਾਂ ’ਤੇ ਪਾਣੀ ਫ਼ਿਰ ਜਾਂਦਾ ਹੈ ਅਤੇ ਜ਼ਿੰਦਗੀ ਕੁਝ ਕਠਿਨ ਹੋ ਜਾਂਦੀ ਹੈ। ਇਸ ਵਿਚ ਕਾਫ਼ੀ ਧਨ, ਸ਼ਕਤੀ ਅਤੇ ਸਮਾਂ ਵੀ ਨਸ਼ਟ ਹੋ ਜਾਂਦਾ ਹੈ। ਇਸ ਲਈ ਬੰਦਾ ਕੁਝ ਢਹਿੰਦੀਆਂ ਕਲਾਂ ਵਿਚ ਜਾਣ ਲੱਗ ਪੈਂਦਾ ਹੈ। ਕਈ ਬੰਦੇ ਤਾਂ ਦਿਲ ਛੱਡ ਜਾਂਦੇ ਹਨ ਅਤੇ ਆਤਮ ਹੱਤਿਆ ਵਰਗੇ ਗ਼ਲਤ ਕਦਮ ਉਠਾ ਬੈਠਦੇ ਹਨ। ਪਰ ਇਹ ਦੁੱਖ-ਸੁੱਖ, ਅਸਫ਼ਲਤਾ-ਸਫ਼ਲਤਾ, ਜਿੱਤਾਂ-ਹਾਰਾਂ ਅਤੇ ਅਮੀਰੀ-ਗ਼ਰੀਬੀ ਜ਼ਿੰਦਗੀ ਦੇ ਅਟੁੱਟ ਅੰਗ ਹਨ। ਇਨਾਂ ਤੋਂ ਬਚਿਆ ਨਹੀਂ ਜਾ ਸਕਦਾ। ਜ਼ਿੰਦਗੀ ਵਿਚ ਧੁੱਪ ਛਾਂ ਦੀ ਤਰ੍ਹਾਂ ਇਹ ਸਭ ਕੁਝ ਆਉਣਾ ਹੀ ਆਉਣਾ ਹੈ। ਕੋਈ ਨਹੀਂ ਚਾਹੁੰਦਾ ਕਿ ਮੇਰੀ ਜ਼ਿੰਦਗੀ ਵਿਚ ਕੋਈ ਦੁੱਖ ਆਵੇ ਜਾਂ ਮੈਨੂੰ ਕਿਸੇ ਹਾਰ ਦਾ ਜਾਂ ਤੰਗੀ ਦਾ ਸਾਹਮਣਾ ਕਰਨਾ ਪਏ। ਪਰ ਇਹ ਗੱਲਾਂ ਮਨੁੱਖ ਨੂੰ ਆਤਮ ਚਿੰਤਨ ਲਈ ਪ੍ਰੇਰਦੀਆਂ ਹਨ। ਉਸ ਨੂੰ ਆਪਣੀਆਂ ਕਮੀਆਂ ਅਤੇ ਗ਼ਲਤੀਆਂ ਦਾ ਪਤਾ ਲੱਗਦਾ ਹੈ। ਉਹ ਇਨਾਂ ਕਮੀਆਂ ਨੂੰ ਦੂਰ ਕਰ ਕੇ ਅੱਗੇ ਨਾਲੋਂ ਮਜ਼ਬੂਤ ਬਣਦਾ ਹੈ। ਲੋੜ ਪਏ ਤਾਂ ਆਪਣੇ ਕੰਮ ਕਰਨ ਦੇ ਢੰਗ ਨੂੰ ਵੀ ਬਦਲਦਾ ਹੈ ਅਤੇ ਅੱਗੋਂ ਸਹੀ ਰਸਤੇ ਤੇ ਪੈਂਦਾ ਹੈ ਅਤੇ ਆਪਣੀ ਮੰਜ਼ਿਲ ਤੇ ਪਹੁੰਚ ਕੇ ਆਪਣੀ ਜ਼ਿੰਦਗੀ ਨੂੰ ਸਫ਼ਲ ਬਣਾਉਂਦਾ ਹੈ।

ਜੇ ਜ਼ਿੰਦਗੀ ਵਿਚ ਕਦੀ ਗ਼ਰੀਬੀ ਜਾਂ ਮੁਸ਼ਕਲ ਸਮਾਂ ਆ ਵੀ ਜਾਏ ਤਾਂ ਦਿਲ ਨਹੀਂ ਛੱਡਣਾ ਚਾਹੀਦਾ। ਜੇ ਚੰਗੇ ਦਿਨ ਨਹੀਂ ਰਹੇ ਤਾਂ ਮਾੜੇ ਦਿਨ ਵੀ ਨਹੀਂ ਰਹਿਣੇ। ਦੁੱਖ ਸੁੱਖ ਤਾਂ ਜ਼ਿੰਦਗੀ ਵਿਚ ਧੁੱਪ ਛਾਂ ਦੀ ਤਰ੍ਹਾਂ ਹੀ ਹਨ। ਦਿਨ ਫਿਰਦਿਆਂ ਦੇਰ ਨਹੀਂ ਲਗਦੀ। ਦ੍ਰਿੜ ਇਰਾਦੇ ਨਾਲ ਆਪਣੀ ਜ਼ਿਮੇਵਾਰੀ ਨਿਭਾਉਂਦੇ ਜਾਵੋ ਤੁਹਾਡੀ ਗ਼ਰੀਬੀ ਕੱਟੀ ਜਾਏਗੀ। ਕੋਈ ਪ੍ਰੇਸ਼ਾਨੀ ਜਾਂ ਬਿਮਾਰੀ ਹੋਵੇ ਤਾਂ ਉਹ ਵੀ ਪਿੱਛਾ ਛੱਡ ਜਾਏਗੀ। ਗ਼ਰੀਬੀ ਵਿਚ ਜਾਂ ਮੁਸ਼ਕਲ ਸਮੇਂ ਵਿਚ ਹੀ ਆਪਣੇ ਅਤੇ ਬੇਗਾਨੇ ਦੀ ਪਹਿਚਾਣ ਹੁੰਦੀ ਹੈ। ਇਹ ਹੀ ਪਰਖ ਦੀ ਘੜੀ ਹੁੰਦੀ ਹੈ। ਮੁਸੀਬਤ ਵਿਚ ਮਤਲਬੀ ਲੋਕ ਸਾਥ ਛੱਡ ਜਾਂਦੇ ਹਨ ਅਤੇ ਬੰਦੇ ਨੂੰ ਚਾਨਣ ਹੋ ਜਾਂਦਾ ਹੈ ਕਿਹੜਾ ਵਿਅਕਤੀ ਉਸ ਦਾ ਅਸਲੀ ਹਮਦਰਦ ਹੈ ਅਤੇ ਉਸ ਦੇ ਨਾਲ ਖੜਾ ਹੈ। ਜਿਹੜਾ ਵਿਅਕਤੀ ਇਸ ਸਮੇਂ ਤੁਹਾਨੂੰ ਹੌਸਲਾ ਦਿੰਦਾ ਹੈ ਅਤੇ ਤੁਹਾਡੀ ਮਦਦ ਕਰਦਾ ਹੈ, ਉਹ ਹੀ ਅਸਲ ਵਿਚ ਤੁਹਾਡਾ ਆਪਣਾ ਹੁੰਦਾ ਹੈ। ਮੰਜ਼ਿਲਾਂ ਆਸਾਨ ਹੋ ਜਾਂਦੀਆਂ ਹਨ ਜਦ ਕੋਈ ਕਹੇ-“ਫ਼ਿਕਰ ਨਾ ਕਰ, ਮੈਂ ਤੇਰੇ ਨਾਲ ਹਾਂ।”

ਦੋਸਤੋ ਜੇ ਤੁਸੀਂ ਆਪਣੀਆਂ ਮੁਸ਼ਕਲਾਂ ਨੂੰ ਹੱਲ ਕਰਨਾ ਚਾਹੁੰਦੇ ਹੋ, ਆਪਣੀ ਗ਼ਰੀਬੀ ਕੱਟਣਾ ਚਾਹੁੰਦੇ ਹੋ ਜਾਂ ਆਪਣੀਆਂ ਹਾਰਾਂ ਨੂੰ ਜਿੱਤਾਂ ਵਿਚ ਬਦਲਣਾ ਚਾਹੁੰਦੇ ਹੋ ਤਾਂ ਹੌਸਲੇ ਨਾਲ ਮਿਹਨਤ ਕਰਦੇ ਜਾਵੋ ਅਤੇ ਅੱਗੇ ਵਧਦੇ ਜਾਵੋ। ਮਿਹਨਤੀ ਮਨੁੱਖ ਕਦੀ ਬਦਨਸੀਬ ਨਹੀਂ ਹੋ ਸਕਦਾ। ਕਿਸੇ ਮੁਸਾਫ਼ਿਰ ਦੀ ਪ੍ਰੀਖਿਆ ਬਿਖੜੇ ਰਸਤਿਆਂ ਵਿਚ ਹੀ ਹੁੰਦੀ ਹੈ ਜਿੱਥੇ ਰਸਤੇ ਵਿਚ ਇੱਟਾਂ, ਰੋੜੇ, ਕੰਡੇ ਅਤੇ ਰੁਕਾਵਟਾਂ ਹੋਣ। ਕਿਸੇ ਮਲਾਹ ਦੀ ਪ੍ਰੀਖਿਆਂ ਤਾਂ ਹੀ ਹੁੰਦੀ ਹੈ ਜੇ ਹਵਾ ਦਾ ਰੁਖ ਉੱਲਟ ਦਿਸ਼ਾ ਵਿਚ ਹੋਵੇ। ਹਵਾ ਦੇ ਉੱਲਟ ਦਿਸ਼ਾ ਵਿਚ ਚਲੱਣ ਵਿਚ ਹੀ ਉਸ ਦੀ ਮਰਦਾਨਗੀ ਹੈ। ਹਵਾ ਦੇ ਰੁਖ ਨਾਲ ਤਾਂ ਸਾਰੇ ਹੀ ਚਲ ਲੈਂਦੇ ਹਨ। ਅਣਖ ਵਾਲੇ ਲੋਕ ਤਾਂ ਚੱਟਾਨਾਂ ਵਿਚੋਂ ਵੀ ਆਪਣਾ ਰਸਤਾ ਬਣਾ ਲੈਂਦੇ ਹਨ।

ਜੋ ਬੰਦਾ ਆਪਣੇ ਤੋਂ ਉੱਪਰ ਵਾਲਿਆਂ ਨੂੰ ਦੇਖ ਕੇ ਜ਼ਿੰਉਂਦਾ ਹੈ, ਉਸ ਦੇ ਮਨ ਵਿਚ ਜਲਨ ਅਤੇ ਈਰਖਾ ਹੁੰਦੀ ਹੈ। ਉਹ ਸਦਾ ਅਸੰਤੁਸ਼ਟ ਰਹਿੰਦਾ ਹੈ। ਉਹ ਆਪਣੇ ਆਪ ਨੂੰ ਨਿਮਾਣਾ, ਨਿਤਾਣਾ ਅਤੇ ਘਟੀਆ ਸਮਝਦਾ ਹੈ ਅਤੇ ਹਰ ਸਮੇਂ ਚਿੰਤਾ ਵਿਚ ਹੀ ਰਹਿੰਦਾ ਹੈ। ਉਹ, ਆਪਣੇ ’ਤੋਂ ਉਪਰਲਿਆਂ ਨਾਲ ਮੁਕਾਬਲਾ ਕਰਨ ਕਾਰਨ ਅਤੇ ਅਮੀਰ ਬਣਨ ਲਈ, ਭ੍ਰਿਸ਼ਟਾਚਾਰ ਵੀ ਕਰਦਾ ਹੈ। ਜਿਹੜਾ ਬੰਦਾ ਆਪਣੇ ਆਪ ਤੋਂ ਥੱਲੇ ਵਾਲਿਆਂ ਨੂੰ ਦੇਖ ਕੇ ਜ਼ਿੰਉਂਦਾ ਹੈ ਤਾਂ ਮੁਸੀਬਤਾਂ ਉਸ ਦੇ ਉੱਪਰੋਂ ਦੀ ਲੰਘ ਜਾਂਦੀਆਂ ਹਨ।

ਬੇਸ਼ੱਕ ਤੁਸੀਂ ਉੱਚੇ ਆਕਾਸ਼ ਵਿਚ ਉਡਾਰੀਆਂ ਲਾਓ ਪਰ ਤੁਹਾਡੇ ਪੈਰ ਧਰਤੀ ’ਤੇ ਜੁੜੇ ਹੋਣੇ ਚਾਹੀਦੇ ਹਨ। ਪਰਿੰਦੇ ਦੱਸਦੇ ਹਨ ਕਿ ਆਕਾਸ਼ ਵਿਚ ਰੈਨ-ਬਸੇਰੇ ਨਹੀਂ ਹੁੰਦੇ। ਇਸ ਲਈ ਕੋਈ ਪਰਿੰਦਾ ਆਕਾਸ਼ ਵਿਚ ਭਾਵੇਂ ਜਿੰਨਾ ਮਰਜ਼ੀ ਉੱਚਾ ਉੱਡ ਲਏ ਪਰ ਭੋਜਨ ਲੈਣ ਲਈ ਉਸ ਨੂੰ ਹੇਠਾਂ ਧਰਤੀ ’ਤੇ ਆਉਣਾ ਹੀ ਪੈਂਦਾ ਹੈ। ਆਪਣੀਆਂ ਉਪਲੱਬਧੀਆਂ ਦੀ ਖ਼ੁਸ਼ੀ ਹੋਣੀ ਕੁਦਰਤੀ ਗੱਲ ਹੈ। ਬੰਦੇ ਨੂੰ ਮਾਣ ਵੀ ਹੋਣਾ ਹੀ ਚਾਹੀਦਾ ਹੈ ਕਿ ਉਸ ਦੀ ਮਿਹਨਤ ਰੰਗ ਲਿਆਈ ਹੈ। ਇਸ ਨਾਲ ਉਸ ਅੰਦਰ ਨਿਮਰਤਾ ਆਉਣੀ ਚਾਹੀਦੀ ਹੈ। ਰੱਬ ਦੇ ਰੰਗਾਂ ਦਾ ਕੋਈ ਪਤਾ ਨਹੀਂ ਉਹ ਕਦੋਂ ਕਿਸੇ ਨੂੰ ਫ਼ਰਸ਼ ਤੋਂ ਚੁੱਕ ਕੇ ਅਰਸ਼ ’ਤੇ ਬਿਠਾ ਦਏ ਜਾਂ ਅਰਸ਼ ਤੋਂ ਲਿਆ ਕੇ ਫ਼ਰਸ਼ ’ਤੇ ਪਟਕ ਦਏ। ਸਮਾਂ ਅਤੇ ਕਿਸਮਤ ਬਦਲਦਿਆਂ ਦੇਰ ਨਹੀਂ ਲੱਗਦੀ। ਚੰਗੇ ਨਾਲ ਚੰਗਾ ਬਣੋ ਪਰ ਬੁਰੇ ਨਾਲ ਬੁਰਾ ਨਾ ਬਣੋ। ਹੀਰੇ ਨਾਲ ਹੀਰਾ ਤਰਾਸ਼ਿਆ ਜਾ ਸਕਦਾ ਹੈ ਪਰ ਚਿੱਕੜ ਨਾਲ ਚਿੱਕੜ ਸਾਫ਼ ਨਹੀਂ ਹੋ ਸਕਦਾ। ਤੁਹਾਡੀ ਨੇਕੀ ਤੁਹਾਡੀ ਸਭ ’ਤੋਂ ਚੰਗੀ ਪੂੰਜੀ ਨਿਵੇਸ਼ ਹੈ। ਜਿਸ ਵਿਚ ਕਦੀ ਕੋਈ ਘਾਟਾ ਪੈਣ ਦਾ ਕੋਈ ਜੋਖ਼ਮ ਨਹੀਂ ਹੁੰਦਾ। ਇਹ ਹਮੇਸ਼ਾਂ ਲਾਭ ਹੀ ਦਿੰਦੀ ਹੈ।

ਇੱਥੇ ਦੁਨੀਆਂ ਵਿਚ ਤਕੜੇ ਤੋਂ ਤਕੜੇ ਪਏ ਹਨ। ਅੱਜ ਤੱਕ ਕੋਈੇ ਸਾਰੇ ਜੱਗ ਨੂੰ ਨਹੀਂ ਜਿੱਤ ਸਕਿਆ। ਕਿਸੇ ਦੇ ਮਸ਼ਹੂਰ ਹੋਣ ਦਾ ਮਤਲਬ ਇਹ ਬਿਲਕੁਲ ਨਹੀਂ ਕਿ ਉਸ ਨੇ ਲੋਕਾਂ ਦੇ ਦਿਲ ਵਿਚ ਵੀ ਜਗ੍ਹਾ ਬਣਾ ਲਈ ਹੈ। ਉਸ ਦਾ ਨਾਮ ਕੇਵਲ ਲੋਕਾਂ ਵਿਚ ਜਾਣਿਆ ਹੀ ਜਾਂਦਾ ਹੈ ਪਰ ਉਸ ਦੀ ਕੋਈ ਇੱਜ਼ਤ ਨਹੀਂ ਹੁੰਦੀ। ਡਾਕੂ, ਚੋਰ, ਕਾਤਿਲ ਅਤੇ ਲੁਟੇਰੇ ਵੀ ਮਸ਼ਹੂਰ ਤਾਂ ਹੁੰਦੇ ਹਨ ਪਰ ਲੋਕ ਉਨ੍ਹਾਂ ਨਾਲ ਨਫ਼ਰਤ ਕਰਦੇ ਹਨ। ਜਦ ਤੁਸੀਂ ਆਪਣੇ ਮਨ ਦੀਆਂ ਖ਼ਾਹਿਸ਼ਾਂ ’ਤੇ ਕਾਬੂ ਪਾ ਲੈਂਦੇ ਹੋ ਤਾਂ ਮਨ ਦੀ ਸ਼ਾਂਤੀ ਮਿਲ ਜਾਂਦੀ ਹੈ।

ਗੁਰਸ਼ਰਨ ਸਿੰਘ ਕੁਮਾਰ ਜੀ ਦੀਅਾਂ 9 ਪੁਸਤਕਾਂ

ਕਈ ਵਾਰੀ ਬੰਦੇ ਨੂੰ ਜ਼ਿੰਦਗੀ ਵਿਚ ਕੁਝ ਜ਼ਿਆਦਾ ਮਿਲ ਹੀ ਜਾਏ ਤਾਂ ਉਸ ਤੋਂ ਹਜ਼ਮ ਨਹੀਂ ਹੁੰਦਾ। ਧਨ ਅਤੇ ਵਡਿਆਈ ਨੂੰ ਸਬਰ ਨਾਲ ਬਰਦਾਸ਼ਤ ਕਰਨਾ ਹਰ ਇਕ ਦੇ ਵੱਸ ਦੀ ਗੱਲ ਨਹੀਂ। ਜ਼ਿਆਦਾ ਧਨਵਾਨ ਜਾਂ ਮਸ਼ਹੂਰ ਹੋਣ ਨਾਲ ਕਈ ਲੋਕਾਂ ਨੂੰ ਘੁਮੰਢ ਹੋ ਜਾਂਦਾ ਹੈ। ਘੁਮੰਢੀ ਦਾ ਸਿਰ ਹਮੇਸ਼ਾਂ ਨੀਵਾਂ ਹੀ ਹੁੰਦਾ ਹੈ। ਤੁਫ਼ਾਨ ਵਿਚ ਕਿਸ਼ਤੀਆਂ ਅਤੇ ਘੁਮੰਢ ਵਿਚ ਹੱਸਤੀਆਂ ਡੁੱਬ ਜਾਂਦੀਆਂ ਹਨ। ਬਿਨਾ ਗੁਣ ਤੋਂ ਹਾਸਿਲ ਕੀਤੀ ਹੋਈ ਮਸ਼ਹੂਰੀ ਥੋੜ੍ਹ ਚਿਰੀ ਹੀ ਹੁੰਦੀ ਹੈ। ਕਈ ਵਾਰੀ ਕਈ ਲੋਕ ਹੇਰਾ ਫੇਰੀ, ਚਲਾਕੀ ਜਾਂ ਗ਼ਲਤ ਢੰਗ ਨਾਲ ਆਪਣੀ ਲਿਆਕਤ ਤੋਂ ਕੁਝ ਜ਼ਿਆਦਾ ਪ੍ਰਾਪਤ ਕਰ ਲੈਂਦੇੁ ਹਨ ਤਾਂ ਉਹ ਵੀ ਮਗ਼ਰੂਰ ਹੋ ਜਾਂਦੇ ਹਨ। ਇਸ ਨਕਲੀ ਮਸ਼ਹੂਰੀ ਜਾਂ ਕਾਬਲੀਅਤ ਦਾ ਪਾਜ ਇਕ ਦਿਨ ਦੁਨੀਆਂ ਅੱਗੇ ਖੁਲ੍ਹ ਹੀ ਜਾਂਦਾ ਹੈ। ਜੇ ਭੇਡ ’ਤੇ ਸ਼ੇਰ ਦੀ ਖੱਲ ਪਾ ਦਿੱਤੀ ਜਾਏ ਤਾਂ ਉਹ ਸ਼ੇਰ ਨਹੀਂ ਬਣ ਜਾਂਦੀ। ਇਸੇ ਲਈ ਕਿਸੇ ਕਵੀ ਨੇ ਠੀਕ ਹੀ ਲਿਖਿਆ ਹੈ, ”ਸੱਚਾਈ ਛੁਪ ਨਹੀਂ ਸਕਤੀ ਬਨਾਵਟ ਕੇ ਅਸੂਲੋਂ ਸੇ, ਖ਼ੂਸ਼ਬੁ ਆ ਨਹੀਂ ਸਕਤੀ ਕਗ਼ਜ਼ ਕੇ ਫ਼ੂਲੋਂ ਸੇ।” ਜੇ ਅੱਜ ਤੁਹਾਡੀ ਗੁੱਡੀ ਆਸਮਾਨ ’ਤੇ ਚੜ੍ਹੀ ਹੋਈ ਹੈ ਤਾਂ ਘੁਮੰਡ ਨਾ ਕਰੋ। ਇਕ ਦਿਨ ਇਸ ਨੇ ਧਰਤੀ ’ਤੇ ਡਿੱਗਣਾ ਹੀ ਹੈ। ਆਪਣੀ ਔਕਾਤ ਵਿਚ ਰਹੋ। ਇਹ ਨਾ ਹੋਵੇ ਕਿ ‘ਹੌਛੇ ਜੱਟ ਕਟੋਰਾ ਲੱਭਾ, ਪਾਣੀ ਪੀ ਪੀ ਆਫ਼ਰਿਆ।’

ਤੁਸੀਂ ਬੇਸ਼ੱਕ ਮਸ਼ਹੂਰ ਹੋਣਾ ਪਰ ਕਦੀ ਮਗ਼ਰੂਰ ਨਾ ਹੋਣਾ। ਹੰਕਾਰ ਦੀ ਬਿਮਾਰੀ ਸ਼ਰਾਬ ਜਿਹੀ ਹੁੰਦੀ ਹੈ ਜਿਸਦਾ ਖ਼ੁਦ ਨੂੰ ਛੱਡ ਕੇ ਸਭ ਨੂੰ ਪਤਾ ਲੱਗ ਜਾਂਦਾ ਹੈ ਕਿ ਚੜ੍ਹ ਗਈ ਹੈ। ਬਾਦਸ਼ਾਹ ਤੋਂ ਫ਼ਕੀਰ, ਫ਼ਕੀਰ ਤੋਂ ਬਾਦਸ਼ਾਹ ਬਣਦਿਆਂ ਕਦੀ ਦੇਰ ਨਹੀਂ ਲੱਗਦੀ। ਕਈ ਲੋਕਾਂ ਕੋਲ ਜ਼ਿਆਦਾ ਤਾਕਤ ਅਤੇ ਧਨ ਆ ਜਾਂਦਾ ਹੈ ਤਾਂ ਉਹ ਮਗ਼ਰੂਰ ਹੋ ਜਾਂਦੇ ਹਨ। ਤਾਕਤ ਅਤੇ ਪੈਸਾ ਉਨ੍ਹਾਂ ਦੇ ਸਿਰ ਚੜ੍ਹ ਕੇ ਬੋਲਦਾ ਹੈ। ਹੰਕਾਰ ਨਾਲ ਉਨ੍ਹਾਂ ਦੀ ਧੌਣ ਆਕੜ ਜਾਂਦੀ ਹੈ।ਉਹ ਘੁਮੰਢੀ ਅਤੇ ਜ਼ਾਲਮ ਬਣ ਜਾਂਦੇ ਹਨ। ਇਨ੍ਹਾਂ ਜ਼ਾਲਮਾਂ ਦਾ ਫਿਰ ਅੰਤ ਵੀ ਬੁਰਾ ਹੀ ਹੁੰਦਾ ਹੈ। ਜੇ –“ਅੰਤ ਭਲੇ ਦਾ ਭਲਾ ਹੁੰਦਾ ਹੈ” ਤਾਂ “ਅੰਤ ਬੁਰੇ ਦਾ ਬੁਰਾ” ਵੀ ਤਾਂ ਹੁੰਦਾ ਹੈ। ਉਹ ਬੁਰੀ ਮੌਤੇ ਮਰਦੇ ਹਨ। ਵੱਡੇ ਵੱਡੇ ਤਾਨਾਸ਼ਾਹ, ਜਿੰਨਾ ਨੇ ਦੁਨੀਆਂ ਵਿਚ ਬਹੁਤ ਅੱਤ ਚੁੱਕੀ ਅਤੇ ਮਨੁੱਖਤਾ ਦਾ ਘਾਣ ਕੀਤਾ ਉਨ੍ਹਾਂ ਦਾ ਆਪਣਾ ਬਹੁਤ ਬੁਰਾ ਅੰਤ ਹੋਇਆ। ਆਮ ਤੋਰ ਤੇ ਉਹ ਕੁਦਰਤੀ ਮੌਤ ਨਹੀਂ ਮਰੇ ਸਗੋਂ ਉਨ੍ਹਾਂ ਨੂੰ ਬਹੁਤ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰਿਆ ਗਿਆ। ਇਸੇ ਲਈ ਕਹਿੰਦੇ ਹਨ ਕਿ-“ਹੰਕਾਰਿਆ, ਸੋ ਮਾਰਿਆ”। ਹੰਕਾਰ ਕਾਰਨ ਹੀ ਰਾਵਣ, ਕੋਰੂਆਂ ਅਤੇ ਕੰਸ ਦਾ ਨਾਸ ਹੋਇਆ।

ਕਈ ਵਾਰੀ ਬੰਦਾ ਜਿਵੇਂ ਜਿਵੇਂ ਪੈਸੇ ਵੱਲੋਂ ਅਮੀਰ ਹੁੰਦਾ ਜਾਂਦਾ ਹੈ, ਤਿਵੇਂ ਤਿਵੇਂ ਉਹ ਦਿਲ ਤੋਂ ਗ਼ਰੀਬ ਹੁੰਦਾ ਜਾਂਦਾ ਹੈ। ਉਸ ਵਿਚ ਹੰਕਾਰ ਆਉਂਦਾ ਜਾਂਦਾ ਹੈ ਅਤੇ ਇਹ ਹੰਕਾਰ ਹੀ ਉਸ ਨੂੰ ਲੈ ਬੈਠਦਾ ਹੈ। ਕੋਈ ਮਨੁੱਖ ਜਦ ਮਸ਼ਹੂਰ ਹੋ ਜਾਂਦਾ ਹੈ ਤਾਂ ਚਾਪਲੂਸ ਲੋਕ ਵੀ ਉਸ ਨੂੰ ਘੇਰ ਲੈਂਦੇ ਹਨ। ਅਜਿਹੇ ਲੋਕਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ ਨਹੀਂ ਤੇ ਉਸਦਾ ਰਿਮੋਟ ਚਾਪਲੂਸਾਂ ਦੇ ਹੱਥ ਆ ਜਾਏਗਾ। ਫਿਰ ਉਹ ਉਸ ਤੋਂ ਆਪਣੀ ਮਰਜ਼ੀ ਅਨੁਸਾਰ ਗ਼ਲਤ ਕੰਮ ਵੀ ਕਰਵਾ ਸਕਦੇ ਹਨ ਕਿਉਂਕਿ ਉਸ ਦੀ ਆਪਣੀ ਆਜ਼ਾਦਾਨਾ ਤੋਰ ’ਤੇ ਸੋਚਣ ਦੀ ਸ਼ਕਤੀ ਖਤਮ ਹੋ ਜਾਂਦੀ ਹੈ। ਉਸ ਨੂੰ ਉਸ ਦਾ ਘੁਮੰਢ ਹੀ ਲੈ ਬੈਠਦਾ ਹੈ। ਸਿਆਣੇ ਲੋਕਾਂ ਤੇ ਚਾਪਲੂਸੀ ਦਾ ਉਲਟਾ ਪ੍ਰਭਾਵ ਪੈਂਦਾ ਹੈ ਚਾਪਲੂਸੀ ਨਾਲ ਕਿਸੇ ਮੂਰਖ ਤੋਂ ਹੀ ਕੰਮ ਲਿਆ ਜਾ ਸਕਦਾ ਹੈ।

ਇਹ ਠੀਕ ਹੈ ਕਿ ਮੁਸ਼ਕਲ ਅਤੇ ਗ਼ਰੀਬੀ ਦੇ ਸਮੇਂ ਵਿਚ ਸਬਰ ਸੰਤੋਖ ਬਹੁਤ ਜ਼ਰੂਰੀ ਹੈ ਪਰ ਇਸ ਦਾ ਮਤਲਬ ਇਹ ਵੀ ਨਹੀਂ ਕਿ ਬੰਦਾ ਵਿਹਲਾ ਬੈਠਾ ਰਹੇ ਅਤੇ ਮਿਹਨਤ ਤੋਂ ਹੀ ਮੂੰਹ ਮੋੜ ਲਏ। ਇਹ ਵੀ ਠੀਕ ਹੈ ਕਿ ਉਮੀਦ ਤੇ ਹੀ ਦੁਨੀਆਂ ਕਾਇਮ ਹੈ। ਸੁਪਨੇ ਸਾਰੇ ਹੀ ਦੇਖਦੇ ਹਨ ਪਰ ਸੁਪਨੇ ਸਾਕਾਰ ਉਨ੍ਹਾਂ ਦੇ ਹੀ ਹੁੰਦੇ ਹਨ ਜੋ ਸੁਪਨਿਆਂ ਨੂੰ ਪੂਰਾ ਕਰਨ ਲਈ ਆਪਣੇ ਸੁੱਖ ਆਰਾਮ ਦਾ ਤਿਆਗ ਕਰ ਕੇ ਦ੍ਰਿੜ ਇਰਾਦੇ ਨਾਲ ਮਿਹਨਤ ਕਰਦੇ ਹਨ। ਬੇਸ਼ੱਕ ਮੁਸੀਬਤ ਦੇ ਸਮੇਂ ਤੁਸੀਂ ਇਕੱਲਿਆਂ ਰਹਿ ਜਾਵੋ ਪਰ ਹਿੰਮਤ ਨਾ ਹਾਰੋ ਕਿਉਂਕਿ ਮਨੁੱਖ ਨੂੰ ਜ਼ਿੰਦਗੀ ਦੀ ਲੜਾਈ ਇਕੱਲਿਆਂ ਹੀ ਲੜਨੀ ਪੈਂਦੀ ਹੈ। ਅਜਿਹੇ ਸਮੇਂ ਲੋਕ ਸਲਾਹ ਤਾਂ ਦਿੰਦੇ ਹਨ ਪਰ ਸਾਥ ਕੋਈ ਨਹੀਂ ਦਿੰਦਾ।

ਪੈਸੇ ਦਾ ਗ਼ਰੂਰ ਨਾ ਕਰੋ। ਯਾਦ ਰੱਖੋ ਕਿ ਠੰਢ ਵਿਚ ਹੱਥ ਅਤੇ ਘੁਮੰਢ ਵਿਚ ਦਿਮਾਗ਼ ਕੰਮ ਨਹੀਂ ਕਰਦੇ। ਦੂਸਰੇ ਨੂੰ ਮੁਸੀਬਤ ਵਿਚ ਦੇਖ ਕੇ ਕਦੀ ਖ਼ੁਸ਼ ਨਹੀਂ ਹੋਣਾ ਚਾਹੀਦਾ, ਭਾਵੇਂ ਉਹ ਤੁਹਾਡਾ ਦੁਸ਼ਮਣ ਹੀ ਕਿਉਂ ਨਾ ਹੋਵੇ। ਦੂਸਰੇ ਦੀ ਮਜ਼ਬੂਰੀ ਜਾਂ ਬੇਬੱਸੀ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ। ਸਗੋਂ ਉਸ ਦੀ ਮਦਦ ਕਰਨੀ ਚਾਹੀਦੀ ਹੈ। ਆਪਣੀ ਔਕਾਤ ਨੂੰ ਕਦੀ ਨਾ ਭੁੱਲੋ। ਸਮਾਂ ਬਹੁਤ ਬਲਵਾਨ ਹੈ। ਸਟੇਸ਼ਨ ’ਤੇ ਭੀਖ ਮੰਗਣ ਵਾਲੀ ਰਾਣੋ (ਜੋ ਸਟੇਸ਼ਨ ਤੇ ਗਾਣਾ ਗਾ ਕੇ ਆਪਣਾ ਪੇਟ ਭਰਦੀ ਸੀ, ਉਸ ਤੇ ਮਿਉਜ਼ਿਕ ਡਾਇਰੈਕਟਰ ਦੀ ਨਜ਼ਰ ਪਈ (2019 ਵਿਚ) ਤਾਂ ਉਸ ਨੇ ਰਾਣੋ ਨੂੰ ਫਿਲਮਾਂ ਵਿਚ ਗਾਣੇ ਗਵਾ ਕੇ ਇਕ ਦਿਨ ਵਿਚ ਹੀ ਉਸ ਨੂੰ ਸਟਾਰ ਬਣਾ ਦਿੱਤਾ। ਉਹ ਰਾਤੋ ਰਾਤ ਏਅਰ ਕੰਡੀਸ਼ਨ ਥੱਲੇ ਸੌਂ ਰਹੀ ਹੈ ਅਤੇ ਕਰੌੜਾਂ ਦਾ ਮਾਲਿਕ ਪੀ ਚਿਦੰਬਰਮ (ਜੋ ਡਾ. ਮਨਮੋਹਨ ਸਿੰਘ ਦੀ ਸਰਕਾਰ ਵਿਚ ਖ਼ਜ਼ਾਨਾ ਮੰਤਰੀ ਸੀ ਅਤੇ ਬਹੁਤ ਹੀ ਤਾਕਤਵਰ ਗਿਣਿਆ ਜਾਂਦਾ ਸੀ) ਅੱਜ ਗ਼ੈਰ ਕਾਨੂੰਨੀ ਢੰਗ ਨਾਲ ਪੈਸਾ ਇਕੱਠਾ ਕਰਨ ਦੇ ਦੋਸ਼ ਵਿਚ) ਅੱਜ ਜੇਲ੍ਹ ਵਿਚ ਸੌਂ ਰਿਹਾ ਹੈ (ਅਗਸਤ, 2019)। ਲੋਕ ਤੁਹਾਨੂੰ ਤੁਹਾਡੇ ਅਹੁਦੇ ਤੋਂ ਨਹੀਂ ਪਹਿਚਾਣਦੇ ਸਗੋਂ ਤੁਹਾਡੀ ਸ਼ਖਸੀਅਤ ਅਤੇ ਗੁਣਾਂ ਦੀ ਹੀ ਕਦਰ ਕਰਦੇ ਹਨ। ਅਹੁਦਾ ਤਾਂ ਕਦੇ ਵੀ ਖੁਸ ਸਕਦਾ ਹੈ ਪਰ ਗੁਣਾਂ ਨੂੰ ਕੋਈ ਨਹੀਂ ਚੁਰਾ ਸਕਦਾ।

ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਮਸ਼ਹੂਰ ਹੋਣਾ ਅਤੇ ਕਾਮਯਾਬ ਹੋਣਾ ਦੋ ਅਲੱਗ ਅਲੱਗ ਗੱਲਾਂ ਹਨ। ਮਸ਼ਹੂਰ ਹੋਣਾ ਇਕ ਦੁਨਿਆਵੀਂ ਚੀਜ਼ ਹੈ। ਮਹਾਨ ਹੋਣਾ ਇਕ ਉੱਚੀ ਅਵਸਥਾ ਹੈ। ਸਾਨੂੰ ਇਸ ਫ਼ਰਕ ਨੂੰ ਸਮਝਣਾ ਚਾਹੀਦਾ ਹੈ ਕਿ ਮਸ਼ਹੂਰ ਪੁੱਠੇ ਜਾਂ ਗ਼ਲਤ ਕੰਮ ਕਰ ਕੇ ਵੀ ਹੋਇਆ ਜਾ ਸਕਦਾ ਹੈ ਜਦ ਕਿ ਕਾਮਯਾਬੀ ਲਈ ਉਸਾਰੂ ਅਤੇ ਲੋਕ ਭਲਾਈ ਦੇ ਕੰਮ ਕਰਨੇ ਪੈਂਦੇ ਹਨ। ਜ਼ਿਆਦਾ ਚਤੁਰਾਈਆਂ ਨਾਲ ਮਸ਼ਹੂਰ ਹੋਇਆ ਬੰਦਾ ਆਪਣੇ ਇਸ ਸਥਾਨ ’ਤੇ ਜ਼ਿਆਦਾ ਦੇਰ ਨਹੀਂ ਟਿਕਿਆ ਰਹਿ ਸਕਦਾ ਕਿਉਂਕਿ ਯੋਗਤਾ ਤੋਂ ਬਿਨਾ ਮਸ਼ਹੂਰ ਹੋਇਆ ਬੰਦਾ ਮੂੰਹ ਭਾਰ ਹੀ ਡਿੱਗਦਾ ਹੈ। ਜੇ ਤੁਸੀਂ ਮਸ਼ਹੂਰ ਹੋਣਾ ਚਾਹੁੰਦੇ ਹੋ ਤਾਂ ਦੂਜਿਆਂ ਦੀ ਲਕੀਰ ਮਿਟਾ ਕੇ ਆਪਣੀ ਲਕੀਰ ਵੱਡੀ ਕਰਨ ਦੀ ਕੋਸ਼ਿਸ਼ ਨਾ ਕਰੋ। ਤੁਸੀਂ ਦੂਜਿਆਂ ਨੂੰ ਕੁਚਲ ਕੇ ਜ਼ਿਆਦਾ ਦੂਰੀ ਤੱਕ ਅੱਗੇ ਨਹੀਂ ਜਾ ਸਕਦੇ। ਸਦਾ ਆਪਣੀ ਯੋਗਤਾ ਦੇ ਬਲ ਬੂਤੇ ਤੇ ਹੀ ਉੱਪਰ ਉੱਠੋ। ਤੁਹਾਡੀ ਯੋਗਤਾ ਤੁਹਾਨੂੰ ਕਦੀ ਹੇਠਾਂ ਨਹੀਂ ਡਿੱਗਣ ਦੇਵੇਗੀ।

ਸਬਰ ਵਾਲੇ ਲੋਕ ਆਪਣੀ ਮਿਹਨਤ ਨਾਲ ਉੱਪਰ ਉੱਠਦੇ ਹਨ। ਉਹ ਕਦੀ ਆਪਣੀ ਔਕਾਤ ਨੂੰ ਨਹੀਂ ਭੁਲਦੇ। ਉਹ ਕਦੀ ਹੰਕਾਰ ਵਿਚ ਨਹੀਂ ਆਉਂਦੇ ਕਿ ‘ਮੈਂ ਕਿੰਨਾ ਉੱਪਰ ਉੱਠ ਗਿਆ ਹਾਂ।’ ਉਹ ਹਮੇਸ਼ਾਂ ਯਾਦ ਰੱਖਦੇ ਹਨ ਕਿ ‘ਮੈਂ ਕਿੱਥੋਂ ਉੱਠ ਕੇ ਆਇਆਂ ਹਾਂ।’ ਆਪਣਾ ਮਾੜਾ ਸਮਾਂ ਹਮੇਸ਼ਾਂ ਉਨ੍ਹਾਂ ਦੇ ਚੇਤੇ ਵਿਚ ਰਹਿੰਦਾ ਹੈ ਜੋ ਉਨ੍ਹਾਂ ਨੂੰ ਕਦੀ ਮਗ਼ਰੂਰ ਨਹੀਂ ਹੋਣ ਦਿੰਦਾ। ਉਹ ਹਮੇਸ਼ਾਂ ਆਪਣੀਆਂ ਜੜਾਂ ਨਾਲ ਜੁੜੇ ਰਹਿੰਦੇ ਹਨ। ਜਦ ਤੱਕ ਪੱਤਾ ਆਪਣੀ ਟਹਿਣੀ ਨਾਲ ਜੁੜਿਆ ਰਹਿੰਦਾ ਹੈ, ਉਹ ਸੁਰੱਖਿਅਤ ਰਹਿੰਦਾ ਹੈ। ਟਾਹਣੀ ਨਾਲੋਂ ਟੁੱਟ ਕੇ ਉਹ ਸੁੱਕ ਜਾਂਦਾ ਹੈ ਅਤੇ ਮਿੱਟੀ ਵਿਚ ਰੁਲ ਜਾਂਦਾ ਹੈ। ਆਪਣੇ ਧਨ ਦਾ ਜਾਂ ਉੱਚੇ ਅਹੁਦੇ ਦਾ ਕਦੀ ਮਾਂ-ਪਿਓ ਨੂੰ ਰੋਅਬ ਨਾ ਦੇਣਾ। ਉਨ੍ਹਾਂ ਨੇ ਆਪਣੇ ਖ਼ੂਨ ਪਸੀਨੇ ਨਾਲ ਤੁਹਾਡੀ ਜ਼ਿੰਦਗੀ ਦੇ ਬੂਟੇ ਨੂੰ ਸਿੰਜਿਆ ਹੈ ਤਾਂ ਹੀ ਤੁਸੀਂ ਧਰਤੀ ’ਤੋਂ ਉੱਪਰ ਸਿਰ ਉਠਾ ਕੇ ਖੜੇ ਹੋ। ਇਸ ਲਈ ਉਨ੍ਹਾਂ ਦਾ ਬਾਦਸ਼ਾਹਾਂ ਦੀ ਤਰ੍ਹਾਂ ਸਤਿਕਾਰ ਕਰੋ। ਜ਼ਿੰਦਗੀ ਦਾ ਹਰ ਪਲ ਖ਼ੁਸ਼ ਰਹਿ ਕੇ ਜੀਓ ਕਿਉਂਕਿ ਰੋਜ਼ ਸ਼ਾਮ ਸਿਰਫ਼ ਸੂਰਜ ਹੀ ਨਹੀਂ ਢਲਦਾ, ਤੁਹਾਡੀ ਅਨਮੋਲ ਜ਼ਿੰਦਗੀ ਵੀ ਢਲਦੀ ਹੈ।
***
ਗੁਰਸ਼ਰਨ ਸਿੰਘ ਕੁਮਾਰ
# 1183, ਫੇਜ਼-10, ਮੁਹਾਲੀ
ਮੋਬਾਇਲ:-94631-89432
83608-42861

***
640
***

About the author

ਗੁਰਸ਼ਰਨ ਸਿੰਘ ਕੁਮਾਰ
ਗੁਰਸ਼ਰਨ ਸਿੰਘ ਕੁਮਾਰ
Mobile:094631-89432/83608-42861 | gursharan1183@yahoo.in | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਗੁਰਸ਼ਰਨ ਸਿੰਘ ਕੁਮਾਰ

View all posts by ਗੁਰਸ਼ਰਨ ਸਿੰਘ ਕੁਮਾਰ →