ਇਹ ਕਿਹੜਾ ਪਰਦੂਸ਼ਨ ਹੈ
ਮੇਰੇ ਪਿੰਡ ਦੇ ਬਿਰਖਾਂ ਨੇ ਪੁੱਛਿਆ
ਸਾਡੀ ਹਵਾ ਕਿਉਂ ਹੌਲੀ ਹੌਲੀ , ਹੈ ਘੱਟ ਰਹੀ
ਇਹ ਕਿਹੜਾ ਪਰਦੂਸ਼ਨ ਹੈ
ਇਹ ਕਿਸਦਾ ਦੂਸ਼ਨ ਹੈ
ਸਾਡੇ ਪੱਤਿਆਂ ਦੀ ਰੰਗਤ
ਕਿਉਂ ਕਾਲੀ ਪੀਲੀ ਹੋ ਰਹੀ
ਜ੍ਹੜਾਂ ਦੀ ਜ਼ਰਖੇਜ਼ ਮਿੱਟੀ
ਕਿਉਂ ਰੇਤ ਬਰੇਤਾ ਹੋ ਰਹੀ
ਸਾਡੇ ਮੋਢਿਆਂ ਤੇ
ਪੰਛੀ ਆਉਣੇ ਘੱਟ ਰਹੇ
ਜ਼ਿੰਦਗੀ ਬਸਰ ਕਰਨ ਲਈ
ਆਲ੍ਹਣੇ ਨੇ ਘੱਟ ਰਹੇ
ਸਾਡੀਆਂ ਬਾਹਾਂ ਉੱਪਰ
ਹੁਣ ਪੀਂਘਾਂ ਕਿਉਂ ਨਹੀਂ ਪੈਂਦੀਆਂ
ਕੁੜੀਆਂ ਚਿੜੀਆਂ ਦੀਆਂ ਵੰਗਾਂ
ਨਜ਼ਰ ਕਿਉਂ ਨਹੀਂ ਆਉਂਦੀਆਂ
ਇਹ ਵੀ ਪੁੱਛਦੇ ਨੇ ਬਿਰਖ
ਕਿ ਪਿੰਡ ਦੇ ਸਿਵੇ ਹੁਣ
ਹਰ ਰੋਜ਼ ਕਿਉਂ ਬਲਦੇ ਨੇ
ਹਰੇ ਖੇਤਾਂ ਨੂੰ ਲੱਗੀ ਅੱਗ
ਖੇਤ ਕਿਉਂ ਜਲਦੇ ਨੇ
ਪਿੰਡ ਦੇ ਬਿਰਖ ਬੋਲਦੇ ਨੇ
ਪਿੰਡ ਦੇ ਬਾਲਾਂ ਨੂੰ ਟੋਲ਼ਦੇ ਨੇ
ਤੁਸੀਂ ਗੁੱਲੀ ਡੰਡਾ ਖੇਡਣਾ ਬੰਦ ਨਾ ਕਰਿਓ
ਹੱਸਣਾ ਖੇਡਣਾ ਬੰਦ ਨਾ ਕਰਿਓ
ਸਾਡੀਆਂ ਬਾਹਵਾਂ ਭਾਵੇਂ ਵੱਢ ਲੈਣਾ
ਕਲਮਾਂ ਤੇ ਫੱਟੀਆਂ ਘੜਨੀਆਂ
ਬੰਦ ਨਾ ਕਰਿਓ
ਜਾਬਰ ਤੇ ਇਨਸਾਫ਼ ਦੀ ਲੜਾਈ
ਬੰਦ ਨਾ ਕਰਿਓ
***
(61) |