27 July 2024
Nachhatar Singh Bhopal

“ਭਗਤ ਰਵਿਦਾਸ ਗੁਰੂ”—ਨਛੱਤਰ ਸਿੰਘ ਭੋਗਲ “ਭਾਖੜੀਆਣਾ” (U.K)

ਭਗਤ, ਔਲੀਆ, ਸੰਤ ਜਾਂ ਪੀਰ ਆਖਾਂ,
ਰੱਬੀ ਰੂਹ ਆਖਾਂ, ਧੰਨ ਰਵਿਦਾਸ ਗੁਰੂ।

ਸੰਤੋਖ ਦਾਸ ਦੇ ਘਰ ਇਕ ਪੁੱਤ ਜਾਇਆ
ਕਲਸ਼ਾਂ ਦੇਵੀ ਦੀ ਅੱਖ ਦਾ ਬਣੇ ਤਾਰਾ,
ਮੰਨੂਵਾਦ ਨਾਲ ਸਿੱਧਾ ਲਾਊ ਮੱਥਾ
ਭਲੇ-ਬੁਰੇ ਦਾ ਕਰੂ ਹਿਸਾਬ ਸਾਰਾ,
ਮਸੀਹਾ ਬਣੂ ਗਰੀਬਾਂ ਤੇ ਗੁਰਬਿਆਂ ਦਾ
ਕ੍ਰਾਂਤੀ ਨਵੀਂ ਲਿਆਂਊ ਰਵਿਦਾਸ ਗੁਰੂ।
    ਭਗਤ, ਔਲੀਆ, ਪੈਗ਼ੰਬਰ, ਪੀਰ ਆਖਾਂ,
    ਰੱਬੀ ਰੂਹ ਆਖਾਂ, ਧੰਨ ਰਵਿਦਾਸ ਗੁਰੂ।

ਕਾਂਸ਼ੀ ਸ਼ਹਿਰ ਸੀ ਗੜ੍ਹ ਬ੍ਰਾਹਮਣਾ ਦਾ
ਜਾਤ-ਪਾਤ ਦਾ ਉੱਗਿਆ ਰੁੱਖ ਕਹਿਰੀ,
ਮੰਨੂਪ੍ਰਸਤੀ ਦਾ ਛੂਕਦਾ ਸੱਪ ਉੱਥੇ
ਵਿਚਾਰੇ ਸ਼ੂਦਰਾਂ ਤੇ ਚੱਲਣਾ ਡੰਗ ਜ਼ਹਿਰੀ,
ਨਾਮ-ਬਾਣੀ ਵਿੱਚ ਉਸਨੇ ਲਾਈ ਟੁੱਭੀ
ਰੱਬੀ-ਰੂਪ ਦਿੰਦਾ ਧਰਵਾਸ ਗੁਰੂ।
    ਭਗਤ, ਔਲੀਆ, ਪੈਗ਼ੰਬਰ, ਪੀਰ ਆਖਾਂ,
    ਰੱਬੀ ਰੂਹ ਆਖਾਂ, ਧੰਨ ਰਵਿਦਾਸ ਗੁਰੂ।

“ਰੰਬੀ” ਉਸਦੀ ਜ਼ੁਲਮ ਦੀ ਖੱਲ ਲਾਹਵੇ
“ਆਰ” ਤਰਕ ਨਾਲ ਦਿਲਾਂ ਨੂੰ ਗੰਢਦੀ ਏ,
ਊਚ-ਨੀਚ ਦੀ ਸੋਚ ਨੂੰ ਖਤਮ ਕਰਦੀ
ਸਮਾਜ ਵਿਰੋਧੀ ਖਿਆਲਾਂ ਨੂੰ ਭੰਡਦੀ ਏ,
ਵਿਰੋਧਤਾ ਕਰੀ ਸੀ ਮੰਤਰਾਂ-ਤੰਤਰਾਂ ਦੀ
ਕਰਦਾ ਪਖੰਡ ਦਾ ਪਰਦਾਫ਼ਾਸ ਗੁਰੂ।
    ਭਗਤ, ਔਲੀਆ, ਪੈਗ਼ੰਬਰ, ਪੀਰ ਆਖਾਂ,
    ਰੱਬੀ ਰੂਹ ਆਖਾਂ, ਧੰਨ ਰਵਿਦਾਸ ਗੁਰੂ।

ਇਕ ਬ੍ਰਾਹਮਣ ਹੀ ਵੇਦਾਂ ਨੂੰ ਪੱੜ੍ਹ ਸਕਦਾ
ਕੱਟਦਾ ਹੋਰੀ ਦੀਆਂ ਜੀਭਾਂ ਮੰਨੂਵਾਦ ਆਇਆ,
ਨੀਵੀਆਂ ਜਾਤਾਂ ਨਾ ਸੁੱਣ ਸਕਣ ਵੇਦ ਮੰਤਰ
ਸਿੱਕਾ ਢਾਲ਼ ਕੇ ਕੰਨੀ ਮੰਨੂਵਾਦ ਪਾਇਆ,
ਘਟਾਵਾਂ ਜ਼ੁਲਮ ਦੀਆਂ ਅੰਬਰੀਂ ਚੱੜ੍ਹ ਆਵਣ
ਪਰਗਟ ਰੂਹ ਹੁੰਦੀ ਖਾਸ-ਮ-ਖਾਸ ਗੁਰੂ।
    ਭਗਤ, ਔਲੀਆ, ਪੈਗ਼ੰਬਰ, ਪੀਰ ਆਖਾਂ,
    ਰੱਬੀ ਰੂਹ ਆਖਾਂ, ਧੰਨ ਰਵਿਦਾਸ ਗੁਰੂ।

ਪਾਣੀ ਗੰਗਾ ਦਾ ਕਦੇ ਨਹੀਂ ਭਿੱਟ ਹੁੰਦਾ
ਭ੍ਰਿਸ਼ਟ ਸਦਾ ਬ੍ਰਾਹਮਣੀ ਬੁੱਧ ਹੁੰਦੀ,
ਨੀਵੀਂ ਜਾਤ ਦੇ ਮਾਰੇ ਕੋਈ ਲੱਖ ਮੇਹਣੇ
ਸੋਚ ਗੁਰੂ ਰਵਿਦਾਸ ਦੀ ਸ਼ੁੱਧ ਹੁੰਦੀ,
ਇਸ ਵਿਸ਼ਵਾਸ ਨੂੰ ਕਦੇ ਨਾ ਖੁਰਨ ਦੇਵੀਂ
ਸਦਾ ਵੱਸਦਾ ਏ ਸਾਸਿ-ਸਵਾਸ ਗੁਰੂ।
    ਭਗਤ, ਔਲੀਆ, ਪੈਗ਼ੰਬਰ, ਪੀਰ ਆਖਾਂ,
    ਰੱਬੀ ਰੂਹ ਆਖਾਂ, ਧੰਨ ਰਵਿਦਾਸ ਗੁਰੂ।

ਢੋਰ ਢੋਂਵਦਾ, ਚੰਮ ਦਾ ਕੰਮ ਕਰਦਾ
ਕਿਰਤ ਕਰਦਾ ਹੈ ਗੰਢਦਾ ਜੁੱਤ-ਜੋੜੇ,
ਛੂਤ-ਛਾਤ ਦੇ ਭਾਂਡੇ ਨੂੰ ਮਾਰ ਠੋਕਰ
ਜਾਤ-ਪਾਤ ਦੇ ਫੰਧੇ ਦੇ ਤੰਦ ਤੋੜੇ,
ਇਸ ਗੱਲ ਤੇ ਸ਼ੱਕ ਨਹੀਂ ਰਹਿ ਜਾਂਦਾ
ਖ਼ਜ਼ਾਨਾ ਸ਼ਾਂਤੀ ਦਾ ਸੀ ਰਵਿਦਾਸ ਗੁਰੂ।
    ਭਗਤ, ਔਲੀਆ, ਪੈਗ਼ੰਬਰ, ਪੀਰ ਆਖਾਂ,
    ਰੱਬੀ ਰੂਹ ਆਖਾਂ, ਧੰਨ ਰਵਿਦਾਸ ਗੁਰੂ।

ਪੱਥਰ ਦਿਲ ਇਨਸਾਨਾ ਨੂੰ ਤਾਰਿਆ ਤੈਂ
ਗੋੜ੍ਹੇ ਡੁੱਬਣ ਦੀ ਸ਼ੰਕਾ ਮੁਕਾ ਦਿੱਤੀ
ਰੱਬ ਭਾਲ਼ਦੀ ਭੱਟਕਦੀ ਫਿਰ ਰਹੀ ਸੀ
ਮੀਰਾਂ ਬਾਈ ਤੇਰੇ ਦਰ ਪਹੁੰਚਾ ਦਿੱਤੀ,
ਨਛੱਤਰ ਭੋਗਲ ਜੇ ਤੇਰਾ ਵਿਸ਼ਵਾਸ ਹੋਵੇ
ਸਦਾ ਅੰਗ-ਸੰਗ, ਆਸ-ਪਾਸ ਗੁਰੂ।
    ਭਗਤ, ਔਲੀਆ, ਪੈਗ਼ੰਬਰ, ਪੀਰ ਆਖਾਂ,
    ਰੱਬੀ ਰੂਹ ਆਖਾਂ, ਧੰਨ ਰਵਿਦਾਸ ਗੁਰੂ।
**

ਨਛੱਤਰ ਸਿੰਘ ਭੋਗਲ
“ਭਾਖੜੀਆਣਾ” (U.K)

***
632
***
Nachhatar Singh Bhopal

ਨਛੱਤਰ ਸਿੰਘ ਭੋਗਲ, ਭਾਖੜੀਆਣਾ

View all posts by ਨਛੱਤਰ ਸਿੰਘ ਭੋਗਲ, ਭਾਖੜੀਆਣਾ →