25 April 2024

ਬੁਲੰਦ ਸ਼ਾਇਰ ਸਿਰੀ ਰਾਮ ਅਰਸ਼: ਜਿਸ ਸਾਨੂੰ ਬਹੁਤਿਆਂ ਨੂੰ ਮਾਰਗ ਦਰਸ਼ਨ ਦਿੱਤਾ—ਪ੍ਰੋ. ਗੁਰਭਜਨ ਗਿੱਲ

-ਤੇਰਾਂ ਪੁਸਤਕਾਂ ਦੇ ਰਚਨਹਾਰੇ ਸਿਰੀ ਰਾਮ ਅਰਸ਼ ਦੀਅਾਂ ਚਾਰ ਗ਼ਜ਼ਲਾਂ-

ਸਿਰੀ ਰਾਮ ਅਰਸ਼ ਜੀ ਨੂੰ ਪਹਿਲੀ ਵਾਰ ਪੰਜਾਬ ਸਕੱਤਰੇਤ ਵਿੱਚ ਭੂਸ਼ਨ ਨੇ ਮਿਲਾਇਆ। ਸੁਖਪਾਲਵੀਰ ਸਿੰਘ ਹਸਰਤ ਜੀ ਨਾਲ ਵੀ ਉਥੇ ਹੀ ਮੁਲਾਕਾਤ ਹੋਈ। ਇਹ ਸਕੱਤਰੇਤ ਦੀ ਪਹਿਲੀ ਫੇਰੀ ਸੀ ਮੇਰੀ ਤੇ ਸ਼ਮਸ਼ੇਰ ਸਿੰਘ ਸੰਧੂ ਦੀ। ਸਾਲ 1976 ਸੀ। ਬਹਾਨਾ ਸਃ ਸੂਬਾ ਸਿੰਘ ਜੀ ਨੂੰ ਮਿਲਣਾ ਸੀ ਜੋ ਉਦੋਂ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਜੀ ਦੇ ਮੀਡੀਆ ਸਲਾਹਕਾਰ ਸਨ। ਹਸਰਤ ਜੀ ‘ਜਾਗ੍ਰਤੀ’ ਦੇ ਸੰਪਾਦਕ ਸਨ। ਅਰਸ਼ ਜੀ ਵੀ ਉਸੇ ਮਹਿਕਮੇ ਚ ਸਨ।
 
ਅਰਸ਼ ਜੀ ਨੇ ਦੱਸਿਆ ਕਿ ਉਹ ਵੀ ਲੁਧਿਆਣਾ ਤੋਂ ਹਨ। ਇਹ ਸਃ ਸੂਬਾ ਸਿੰਘ ਜੀ ਨੇ ਦੱਸਿਆ ਕਿ ਉਨ੍ਹਾਂ ਦਾ ਵੱਡਾ ਵੀਰ ਅਜੀਤ ਕੁਮਾਰ ਦਾਖਾ ਹਲਕੇ ਤੋਂ ਵਿਧਾਇਕ ਰਿਹੈ। ਸਾਦ ਮੁਰਾਦਾ ਲਿਆਕਤਵਾਨ ਬੰਦਾ ਸੀ ਅਜੀਤ ਕੁਮਾਰ। 1978-79 ਤੋਂ ਬਾਦ ਸਃ ਜਗਦੇਵ ਸਿੰਘ ਜੱਸੋਵਾਲ ਜੀ ਕਾਰਨ ਬਹੁਤ ਵਾਰ ਉਨ੍ਹਾਂ ਨੂੰ ਮਿਲਦੇ ਰਹੇ ਹਾਂ। ਪੱਕੇ ਅੰਬੇਦਕਰਵਾਦੀ ਸਨ।

ਸਿਰੀ ਰਾਮ ਅਰਸ਼ ਜੀ ਬਾਰੇ ਗੱਲ ਕਰਨ ਦਾ ਮਨੋਰਥ ਇਹੀ ਹੈ ਕਿ ਇਹ ਉਹ ਸੱਜਣ ਨੇ ਜਿੰਨ੍ਹਾਂ ਨੂੰ ਪੜ੍ਹ ਪੜ੍ਹ ਕੇ ਸਾਡੇ ਚੋਂ ਬਹੁਤਿਆਂ ਲਿਖਣ ਦੀ ਜਾਚ ਸਿੱਖੀ।
 
ਚੰਡੀਗੜ੍ਹ ਵੱਸਦੇ ਹਨ ਅਰਸ਼ ਜੀ। ਉਹ ਉਮਰ ਦੇ ਪੱਕੇ ਪੜਾਅ ਤੇ ਹਨ 1934 ਚ ਜਨਮੇ ਹੋਣ ਕਾਰਨ। ਸਨੇਹ ਦੇਣਾ ਤੇ ਲੈਣਾ ਜਾਣਦੇ ਹਨ।  ਉਨ੍ਹਾਂ ਬਾਰੇ ਸਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਉਹ ਕਿਹੋ ਜਿਹਾ ਲਿਖਦੇ ਹਨ। ਕਿੰਨਾ ਲਿਖ ਚੁਕੇ ਹਨ।

ਯੂਨੀਵਰਸਿਟੀ ਵਿਦਵਾਨਾਂ ਨੂੰ ਉਨ੍ਹਾਂ ਦੀ ਸਿਰਜਣਾ ਨੂੰ ਵਿਚਾਰ ਅਧੀਨ ਲਿਆ ਕੇ ਭਵਿੱਖ ਪੀੜ੍ਹੀਆਂ ਨਾਲ ਸਾਂਝ ਪੁਆਉੰਣੀ ਚਾਹੀਦੀ ਹੈ। ਭਾਸ਼ਾ ਵਿਭਾਗ ਵੀ ਉਨ੍ਹਾਂ ਨੂੰ ਸ਼੍ਰੋਮਣੀ ਪੰਜਾਬੀ ਕਵੀ ਪੁਰਸਕਾਰ ਦੇਣ ਦਾ ਐਲਾਨ ਹੋ ਚੁਕਾ ਹੈ।
 
ਧੰਨਵਾਦੀ ਹਾਂ ਰਾਮ ਲਾਲ ਭਗਤ ਜੀ ਦਾ, ਜਿੰਨ੍ਹਾਂ ਵੱਡੇ ਵੀਰ ਬਾਰੇ ਸਾਨੂੰ ਗੱਲ ਕਰਨ ਲਈ ਜਗਾਇਆ। 
 
ਸਿਰੀ ਰਾਮ ਅਰਸ਼ ਜੀ ਦੀਆਂ ਕਾਵਿ ਰਚਨਾਵਾਂ ਹਨ: 
ਰਬਾਬ (ਗਜ਼ਲ ਸੰਗ੍ਰਿਹ), 
ਤੁਮ ਚੰਦਨ (ਮਹਾਂਕਾਵਿ), 
ਅਗਨਾਰ, 
ਸੰਖ ਤੇ ਸਿੱਪੀਆਂ (ਗਜ਼ਲਾਂ)
ਸਰਘੀਆਂ ਤੇ ਸਮੁੰਦਰ (ਗਜ਼ਲਾਂ)
ਕਿਰਨਾਂ ਦੀ ਬੁੱਕਲ (ਗਜ਼ਲਾਂ)
ਸਪਰਸ਼ (ਗ਼ਜ਼ਲਾਂ)
ਪੁਰਸਲਾਤ (ਗਜ਼ਲਾਂ) 
ਗਜ਼ਲ ਸਮੁੰਦਰ (ਗਜ਼ਲਾਂ)
ਅਗੰਮੀ ਨੂਰ (ਮਹਾਂਕਾਵਿ), 
ਪੰਥ ਸਜਾਇਓ ਖਾਲਸਾ (ਮਹਾਂਕਾਵਿ),
ਸਮੁੰਦਰ ਸੰਜਮ (ਗ਼ਜ਼ਲ ਸੰਗ੍ਰਹਿ),
ਗੁਰੂ ਮਿਲਿਓ ਰਵਿਦਾਸ (ਮਹਾਂਕਾਵਿ ਹਿੰਦੀ)

ਸਿਰੀ ਰਾਮ ਅਰਸ਼ ਜੀ ਦੀਆਂ ਚਾਰ ਗ਼ਜ਼ਲਾਂ ਤੁਸੀਂ ਵੀ ਪੜ੍ਹੋ। 
 
ਚਾਰ ਗ਼ਜ਼ਲਾਂ
ਸਿਰੀ ਰਾਮ ਅਰਸ਼
 
1. 
 ਉਨ੍ਹਾਂ ਨੇ ਸੋਚਕੇ ਦਰਿਆ ਦੇ ਪਹਿਲਾਂ ਪੁਲ ਬਣਾ ਦਿੱਤਾ।
ਤੇ ਫਿਰ ਪੁਲ ‘ਤੇ ਚਿਰਾਗ਼ੀ ਵਾਸਤੇ ਲੁੱਡਣ ਬਠਾ ਦਿੱਤਾ।
 
ਜਦੋਂ ਦੇਖੇ ਮੈਂ ਝੱਖੜ ਵਧ ਰਹੇ ਮੇਰੇ ਨਗਰ ਵੱਲ ਨੂੰ,
ਤਦੋਂ ਘਰ ਦੇ ਬਨੇਰੇ ‘ਤੇ ਮੈਂ ਇੱਕ ਦੀਵਾ ਜਗਾ ਦਿੱਤਾ।
 
ਇਹ ਕੈਸੀ ਦੂਰ-ਅੰਦੇਸ਼ੀ ਹੈ ਮੇਰੇ ਰਾਹਬਰੋ! ਦੱਸੋ?
ਤੁਸੀਂ ਹੱਸਕੇ ਮਜ਼ਾਰਾਂ ਹੇਠਲਾ ਰਕਬਾ ਵਧਾ ਦਿੱਤਾ।
 
ਖ਼ਿਲਾਫ਼ ਉਨ੍ਹਾਂ ਦੇ ਜਿਨ੍ਹਾਂ ਨੇ ਜੋਸ਼ ਵਿੱਚ ਨਾਅਰੇ ਲਗਾਏ ਸਨ,
ਉਸੇ ਨੇ ਨਾਬਰਾਂ ਦੇ ਜੋਸ਼ ਨੂੰ ਗੂੰਗਾ ਬਣਾ ਦਿੱਤਾ।
 
ਜਿਹੜੇ ਦਰਬਾਰ ਵਿੱਚ ਜਾ ਕੇ ਸਿਰਾਂ ਦੇ ਮੁੱਲ ਪੈਂਦੇ ਹਨ,
ਵਤਨ ਦੇ ਸੂਰਬੀਰਾਂ ਨੇ ਉਸੇ ਦਰ ਦਾ ਪਤਾ ਦਿੱਤਾ।
 
ਕਿਵੇਂ ਮੁਫ਼ਲਿਸ ਵਿਚਾਰਾ ਏਸ ਥਾਂ ਕੱਟੇਗਾ ਦਿਨ ਆਪਣੇ,
ਤੁਸੀਂ ਲੋੜੀਂਦੀਆਂ ਵਸਤਾਂ ‘ਤੇ ਡਾਢਾ ਕਰ ਲਗਾ ਦਿੱਤਾ।
 
ਤੁਹਾਡਾ ਸ਼ੁਕਰੀਆ ਰੱਬਾ! ਜੋ ਕਹਿੰਦੇ ਹੋ, ਉਹ ਕਰਦੇ ਹੋ,
ਮੇਰੇ ਵਿੱਛੜੇ ਹੋਏ ਦਿਲਦਾਰ ਦਾ ਚਿਹਰਾ ਮੁੜ ਵਿਖਾ ਦਿੱਤਾ।
 
2. 
 
ਉਨ੍ਹਾਂ ਨੇ ਭੁੱਖਮਰੀ ਮੇਟਣ ਲਈ ਸ਼ਕਤੀ ਜੁਟਾ ਦਿੱਤੀ।
ਜੀਹਨੇ ਛੰਨਾਂ ਦੇ ਚੁੱਲ੍ਹਿਆਂ ਵਿੱਚ ਬਚੀ ਅਗਨੀ ਬੁਝਾ ਦਿੱਤੀ।
 
ਰਿਹਾ ਖਾਮੋਸ਼ ਤਾਂ ਉਨ੍ਹਾਂ ਨੇ ਮੈਨੂੰ ਬਖਸਿ਼ਆ ਅਹੁਦਾ,
ਜਾਂ ਜ਼ਾਲਿਮ ਨੂੰ ਕਿਹਾ ਜ਼ਾਲਿਮ ਤਾਂ ਫਾਂਸੀ ਦੀ ਸਜ਼ਾ ਦਿੱਤੀ।
 
ਤੁਸੀਂ ਸੂਰਜ ਤੁਸੀਂ ਪ੍ਰਕਾਸ਼ ਦੇ ਸੋਮੇ ਹੋ ਮੈਂ ਮੰਨਦਾਂ,
ਮਗਰ ਤੌਫੀਕ ਮੂਜਬ ਮੈਂ ਵੀ ਇਕ ਜੋਤੀ ਜਗਾ ਦਿੱਤੀ।
 
ਜਦੋਂ ਹਰਫਾਂ ਦੀ ਆਭਾ ਨੂੰ ਖੜੱਪੇ ਨਾਗ ਨੇ ਡੰਗਿਆ,
ਤਦੋਂ ਮਣੀਆਂ ਜੜੀ ਕੁਰਸੀ ਦੀ ਪ੍ਰਭੂਤਾ ਮੁਸਕਰਾ ਦਿੱਤੀ।
 
ਘਰੋਂ ਤੁਰਿਆ ਤਾਂ ਸੋਚੇ ਕਿਉਂ ਨਹੀਂ ਇਸ ਵਾਰ ਮਾਂ ਰੋਈ,
ਤੇ ਨਾ ਹੱਥ ਫੇਰ ਕੇ ਸਿਰ ‘ਤੇ ਉਹਨੂੰ ਕੋਈ ਦੁਆ ਦਿੱਤੀ।
 
ਜਿਹੜੀ ਪਰਬਤ ਦੀ ਚੋਟੀ ‘ਤੇ ਮਨੁੱਖਾਂ ਲਾ ਲਏ ਡੇਰੇ,
ਘਟਾਵਾਂ ਨੂੰ ਉਸੇ ਚੋਟੀ ਨੇ ਲੰਘਣ ਦੀ ਜਗ੍ਹਾ ਦਿੱਤੀ।
 
ਜਦੋਂ ਲੋਕਾਂ ਨੇ ਉਸ ਕੋਲੋਂ ਪਿਛੋਕੜ ਉਸ ਦਾ ਪੁੱਛਿਆ ਤਦ
ਉਹਨੇ ਚੌਪਾਲ ਵਿੱਚ ਪਿੱਪਲ ਦੀ ਇਕ ਟਹਿਣੀ ਲਗਾ ਦਿੱਤੀ।
 
ਤੁਸੀਂ ਰੱਬਾ! ਜਾਂ ਉਸ ਨੂੰ ਦੋਸ਼ੀਆਂ ਦੀ ਪਾਲ ਵਿੱਚ ਗਿਣਿਆ
ਤਾਂ ਨਾਂ ਲੈ ਕੇ ਤੁਹਾਡਾ ‘ਅਰਸ਼’ ਨੇ ਗਰਦਨ ਝੁਕਾ ਦਿੱਤੀ।
 
3.
 
ਸਿਰਜੀਆਂ ਪਹਿਲਾਂ ਗਰੀਬਾਂ ਵਾਸਤੇ ਦੁਸ਼ਵਾਰੀਆਂ।
ਫਿਰ ਉਨ੍ਹਾਂ ਵਿੱਚ ਵੰਡ ਛੰਡੀਆਂ ਹਨ ਤੁਸੀਂ ਬੇਕਾਰੀਆਂ।
 
ਸੁਣ ਸੁਤੰਤਰਤਾ! ਉਨ੍ਹਾਂ ਦਾ ਜ਼ਿਕਰ ਕਰਨਾ ਧਰਮ ਹੈ,
ਤੇਰਿਆਂ ਰਾਹਾਂ ਦੇ ਵਿੱਚ, ਜਾਨਾਂ ਜਿਨ੍ਹਾਂ ਨੇ ਵਾਰੀਆਂ।
 
ਅੱਜ ਉਸੇ ਘਰ ਨੂੰ ਨਵੀਂ ਖਿੜਕੀ ਲਗਾਉਣੀ ਪੈ ਗਈ
ਛੇਕ ਦਿੱਤੇ ਸਨ ਤੁਸੀਂ ਕੱਲ੍ਹ ਜਿਸ ਦੇ ਬੂਹੇ ਬਾਰੀਆਂ।
 
ਕੌਣ ਤਾਜ਼ੀ ਵਾ’ ਨੂੰ ਸ਼ਹਿਰਾਂ ‘ਚੋਂ ਚੁਰਾ ਕੇ ਲੈ ਗਿਆ?
ਨਾਲ ਬੰਨ੍ਹ ਕੇ ਲੈ ਗਿਆ ਬਾਲਾਂ ਦੀਆਂ ਕਿਲਕਾਰੀਆਂ।
 
ਦੇਖ ਲੈ! ਅਨਿਆਂ ਨੂੰ ਰੋਕਣ ਤੁਰ ਪਏ ਮਜ਼ਲੂਮ ਲੋਕ,
ਪੁੱਟ ਸੁੱਟਣਗੇ ਜੜ੍ਹਾਂ ਤੋਂ ਜੋ ਮੁਲਹਾਜ਼ੇਦਾਰੀਆਂ।
 
ਘੂਰਿਆ ਪਹਿਲਾਂ ਉਨ੍ਹਾਂ ਨੇ, ਫੇਰ ਦੇ ਦਿੱਤਾ ਸਰਾਪ,
ਖਤਮ ਨਾ ਪਰ ਕਰ ਸਕੇ ਹਰਫਾਂ ਦੀਆਂ ਮੁਖਤਾਰੀਆਂ।
 
ਉਹ ਮੁਕੱਦਸ ਕਹਿਣ ਹਰ ਇਕ ਰੰਗ ਦੀ ਦਸਤਾਰ ਨੂੰ,
ਲਕਸ਼ ਹੈ ਜਿਨ੍ਹਾਂ ਦਾ ਕਾਇਮ ਰੱਖਣੀਆਂ ਸਰਦਾਰੀਆਂ।
 
4. 
 
ਲੋਕਾਂ ਨੇ ਖ਼ੁਦ ਥਾਪੀ ਉਸ ਨੂੰ, ਲੋਕਾਂ ਦੀ ਸਰਕਾਰ ਕਹਾਂ!
ਮਹਿੰਗਾਈ ਦੀ ਜੜ੍ਹ ਨੂੰ ਕੀਕਣ, ਜਨਤਾ ਦੀ ਗ਼ਮਖ਼ਾਰ ਕਹਾਂ?
 
ਪੜ੍ਹ-ਲਿਖ ਕੇ ਕਿਉਂ ਥਾਂ-ਥਾਂ ਭਟਕਣ, ਕਿੱਥੇ ਨੌਕਰੀਆਂ ਗਈਆਂ?
ਵਿਹਲੇ ਫਿਰਦੇ ਯੁਵਕਾਂ ਨੂੰ ਮੈਂ, ਵਿਹਲੜ ਜਾਂ ਬੇਕਾਰ ਕਹਾਂ!
 
ਉੱਚੇ ਭਵਨਾਂ ਦਾ ਪੱਖ ਪੂਰੇ, ਹਾਮੀ ਵਿਸ਼ਵ ਤਿਜਾਰਤ ਦਾ,
ਨਿਰਧਨ ਨੂੰ ਨਾ ਗੌਲੇ ਉਸ ਨੂੰ, ਕੀਕਣ ਖਿਦਮਤਗਾਰ ਕਹਾਂ?
 
ਮੁਆਫ਼ ਤੁਸੀਂ ਕਰ ਦੇਣਾ ਯਾਰੋ! ਗਰਜ਼ਾਂ ਨੇ ਸੰਘੀ ਨੱਪੀ,
ਹਰਫ਼ਾਂ ਦੇ ਦੁਸ਼ਮਣ ਨੂੰ ਜੇਕਰ, ਅੱਜ ਦਾ ਕਾਦਰਯਾਰ ਕਹਾਂ।
 
ਅੱਜ ਮਾਝੀ ਸਾਡੀ ਕਿਸ਼ਤੀ ਨੂੰ, ਕਿਸ ਪੱਤਣ ’ਤੇ ਲੈ ਆਇਆ,
ਸੌ ਬੀਮਾਰ ਅਨਾਰ ਹੈ ਇੱਕੋ, ਕਿਸ ਕਿਸ ਨੂੰ ਹੱਕਦਾਰ ਕਹਾਂ?
 
ਰੰਗ-ਬਰੰਗੀਆਂ ਪੱਗਾਂ ਡਿੱਠੀਆਂ, ਗੁਣ ਸਨ ਅੱਡ-ਅੱਡ ਹਰ ਇੱਕ ਵਿੱਚ,
ਦੇਸ਼ ਲਈ ਕੁਰਬਾਨ ਜੋ ਹੋਈ, ਮੈਂ ਉਸ ਨੂੰ ਦਸਤਾਰ ਕਹਾਂ।
 
ਖੇਤਾਂ ਵਿੱਚ ਫ਼ਸਲਾਂ ਦੇ ਬਦਲੇ, ਹੁਣ ਕਰਜ਼ੇ ਹੀ ਉੱਗਦੇ ਹਨ,
ਅਰਸ਼ ਬਸੰਤੀ ਰੁੱਤ ਦੇ ਹੁੰਦੇ, ਰਿਣ ਨੂੰ ਕੀਕਣ ਦਾਰ ਕਹਾਂ?

***
556
***

About the author

ਪ੍ਰੋ. ਗੁਰਭਜਨ ਸਿੰਘ ਗਿੱਲ
ਪ੍ਰੋ. ਗੁਰਭਜਨ ਸਿੰਘ ਗਿੱਲ
gurbhajansinghgill@gmail.com | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਪ੍ਰੋ. ਗੁਰਭਜਨ ਸਿੰਘ ਗਿੱਲ

View all posts by ਪ੍ਰੋ. ਗੁਰਭਜਨ ਸਿੰਘ ਗਿੱਲ →