18 September 2024

ਮਾਂ ਦਿਵਸ ਤੇ–✍️ਡਾ: ਸਤਿੰਦਰਜੀਤ ਕੌਰ ਬੁੱਟਰ

ਮਾਂ ਦਿਵਸ 9 ਮਈ ਤੇ ਮਾਂ ਦੇ ਹਿਰਦੇ ਵਿੱਚੋ ਉਨ੍ਹਾਂ ਯੋਧਿਆਂ ਲੲੀ ਦੁਆਵਾਂ  ਤੇ ਹੌਸਲਾ ਅਫ਼ਜ਼ਾਈ ਲਈ ਜੋ ਸਭ ਦੇ ਭਲੇ ਲਈ ਜੂਝ ਰਹੇ  ਨੇ …….ਮਾਂ

ਮਾਂ ਦਿਵਸ ਤੇ ਮਾਂ ਪਹੁੰਚੀ ਹੈ
ਲਹੂ  ਦੇ ਆਪਣੇ ਦੀਪ ਜਗਾ ਕੇ
ਅੱਖ ਵਿੱਚ ਖੂਨੀ ਰੋਹ ਜਗਾ ਕੇ
ਸਿੰਘੂ ਬਾਰਡਰ ਤੇ ਆ ਪਹੁੰਚੀ ਹੈ
    ਮਾਂ ਦਿਵਸ ਤੇ ਮਾਂ ਪਹੁੰਚੀ ਹੈ।

ਰੁਲਦੇ ਦੇਖੇ ਲਾਲ ਨੇ ਉਸ ਨੇ
ਸਰਕਾਰ ਮੂਹਰੇ ਆ ਕੇ ਉਸ ਨੇ
ਅੱਖ ਨਾਲ ਅੱਖ ਮਿਲਾ ਕੇ ਉਸ ਨੇ
ਲੇਖਾ ਲੈਣ ਉਹ ਆ ਪਹੁੰਚੀ ਹੈ
     ਮਾਂ ਦਿਵਸ ਤੇ ਮਾਂ ਪਹੁੰਚੀ ਹੈ।

ਬੇਟੀ,ਬਹੂ ਤੇ ਬਜ਼ੁਰਗ ਲਿਆਈ
ਉਬਲਦੇ ਜ਼ਖਮਾਂ ਦੇ ਦਾਗ ਲਿਆਈ
ਸੁਰਖ ਲਾਟਾਂ ਦੇ ਸੁਰਖ ਚਿਰਾਗ ਲਿਆਈ
ਜਵਾਬ ਸਵਾਲਾਂ ਦੇ ਲੈਣ ਪਹੁੰਚੀ ਹੈ
    ਮਾਂ ਦਿਵਸ ਤੇ ਮਾਂ ਪਹੁੰਚੀ ਹੈ।

ਰਾਜਾ ਵੀ ਤਾਂ ਚਿਰਾਗ ਕਿਸੇ ਦਾ
ਕਾਹਤੋਂ ਇੰਝ ਉਹ ਜ਼ੁਲਮ ਕਮਾਵੇ
ਚੁੱਪ ਧਾਰੀ ਨਾ ਮੂੰਹੋਂ ਫੁਰਮਾਵੇ
ਫ਼ਰਿਆਦ ਉਹ ਲੈ ਕੇ ਆ ਪਹੁੰਚੀ ਹੈ
    ਮਾਂ ਦਿਵਸ ਤੇ ਮਾਂ ਪਹੁੰਚੀ ਹੈ।

ਕੀਤੀ ਮਾਂ ਨੇ ਸਾਰੀ ਗੁਫ਼ਤਗੂ
ਜਿਗਰ ਦੇ ਲਹੂ! ਮੇਰੇ ਬੱਚਿਓ
ਦਿਲ ਦੀ ਧੜਕਣ ਸੁੱਚੇ ਸੱਚਿਓ
ਦਿਲ ਨਾ ਛੱਡਿਓ! ਕਹਿਣ ਪਹੁੰਚੀ ਹੈ
    ਮਾਂ ਦਿਵਸ ਤੇ ਮਾਂ ਪਹੁੰਚੀ ਹੈ।

ਕਰੋਨਾ ਵੀ ਪਈ ਕਹਿਰ ਕਮਾਵੇ
ਰਾਜਾ ਕਾਨੂੰਨੀ ਲਹਿਰ ਚਲਾਵੇ
ਸੜਕਾਂ ਤੇ ਲਾਲਾਂ ਦੀ ਜਾਨ ਜਾਵੇ
ਇਨਸਾਫ ਲਈ ਇਹ ਆ ਪਹੁੰਚੀ ਹੈ
     ਮਾਂ ਦਿਵਸ ਤੇ ਮਾਂ ਪਹੁੰਚੀ ਹੈ।

ਤੋੜ ਦਿਉ ਜ਼ੁਲਮਾਂ ਦੇ ਘੇਰੇ
ਪਾ  ਲਵੋ  ਜੋ  ਹੱਕ  ਨੇ  ਤੇਰੇ
ਪੁੱਤਰਾਂ ਦੇ ਦੁੱਖ ਝੱਲਣ ਨਾ ਜੇਰੇ
ਕਾਲੇ ਕਾਨੂੰਨ ਮਿਟਾਣ ਪਹੁੰਚੀ ਹੈ
     ਮਾਂ ਦਿਵਸ ਤੇ ਮਾਂ ਪਹੁੰਚੀ ਹੈ।

ਮੇਰੇ ਬੱਚਿਓ! ਉੱਠੋ! ਤੁਰੋ ਅਗੇਰੇ
ਭਾਵੇਂ ਦੁੱਖੜੇ ਰਾਹਵਾਂ ‘ਚ ਬਥੇਰੇ
ਛੱਡਿਓ ਨਾ ਪੁੱਤਰ  ਤੁਸੀ  ਜੇਰੇ
ਸਭ ਏਹ ਆਖਣ ਦਿੱਲੀ ਪਹੁੰਚੀ ਹੈ
      ਮਾਂ ਦਿਵਸ ਤੇ ਮਾਂ ਪਹੁੰਚੀ ਹੈ।

ਆਪਣੀਆਂ ਮੰਗਾ ਮਨਾ ਕੇ ਉੱਠਿਓ
ਪੈੜਾਂ ਤੇ ਤੁਸੀਂ ਫੁੱਲ ਉਗਾਇਓ
ਨਵੀਂ ਸਵੇਰ ਝੜਾ ਕੇ ਜਾਇਓ
ਆਸ ਬਨਾਉਂਣ ਉਹ ਪਹੁੰਚੀ ਹੈ
      ‘ਬੁੱਟਰ’ ਮਾਂ ਦਿਵਸ ਤੇ ਮਾਂ ਪਹੁੰਚੀ ਹੈ।
***
175
***

Dr. satinderjit Kaur Butter

ਡਾ. ਸਤਿੰਦਰਜੀਤ ਕੌਰ ਬੁੱਟਰ

View all posts by ਡਾ. ਸਤਿੰਦਰਜੀਤ ਕੌਰ ਬੁੱਟਰ →