12 June 2024
mai bashiran

ਮੋਇਆਂ-ਮੁੱਕਰਿਆਂ ਦੇ ਹੋਣ ਦਾ ਵਹਿਮ—ਬਲਜੀਤ ਖ਼ਾਨ ਸਪੁੱਤਰ ਮਾਈ ਬਸ਼ੀਰਾਂ

ਬੇਸ਼ੱਕ ਆਪਣੇ ਹੱਥੀਂ ਤੇਰਾ ਸਿਵਾ ਚਿਣਿਆ, ਭੋਗ ਪਾਏ ਪਰ ਸਾਲਾਂ ਬਾਅਦ ਵੀ ਵੀਰਿਆ, ਤੈਨੂੰ ਮਾਪਿਆਂ ਨੇ ਮਰਿਆਂ ‘ਚ ਨੀ ਗਿਣਿਆ। ਰੋਜ਼ ਤੇਰੀ ਰੋਟੀ ਪੱਕਦੀ ਏ ਭਾਵੇਂ ਅਗਲੀ ਸਵੇਰ ਭੈਣਾਂ ਟੁੱਕ ਕੇ ਚਿੜੀਆਂ-ਜਨੌਰਾਂ ਨੂੰ ਪਾ ਦਿੰਦੀਆਂ ਨੇ। ਤੇਰੀ ਉਡੀਕ ਹੁੰਦੀ ਏ, ਰਾਤੀਂ ਵੱਡਾ ਬੂਹਾ ਬੰਦ ਕਰਦਿਆਂ ਤੇਰੇ ਘਰ ਵੜਣ ਬਾਰੇ ਪੁੱਛਿਆ ਜਾਂਦਾ ਏ। ਹਰ ਹਾੜ੍ਹੀ-ਸਾਉਣੀ ਬਾਪੂ ਆੜ੍ਹਤੀਏ ਕੋਲੋਂ ਪੈਸੇ ਲਿਆ ਕੇ ਟੰਗਣੇ ‘ਤੇ ਟੰਗੀ ਤੇਰੀ ਪੈਂਟ ਦੀ ਜੇਬ ‘ਚ ਪਾ ਦਿੰਦਾ ਏ।

ਆਂਢ-ਗਵਾਂਢ ‘ਚੋਂ ਜਦੋਂ ਵੀ ਕੋਈ ਮੁੰਡਾ ਜੰਞ ਚੜ੍ਹਦਾ ਏ ਮਾਂ ਦੇ ਮੂੰਹੋਂ ਨਿੱਕਲ ਜਾਂਦਾ ਏ,”ਜਦੋਂ ਮੇਰਾ ਲਾਲ਼ ਘੋੜੀ ਚੜ੍ਹਿਆ ਦੁਨੀਆਂ ਖੜ੍ਹ-ਖੜ੍ਹ ਦੇਖੂਗੀ, ਚੰਨ ਵਰਗੀ ਨੂੰਹ ਲੈ ਕੇ ਆਊਂਗੀ!” ਉਦੋਂ ਉਹਦੀਆਂ ਅੱਖਾਂ ਦੀ ਚਮਕ ਦੇਖਣ ਵਾਲ਼ੀ ਹੁੰਦੀ ਏ।

ਤੂੰ ਵਿਹੜੇ ‘ਚ ਜਿਹੜਾ ਨਿੰਮ ਦਾ ਬੂਟਾ ਲਾਇਆ ਸੀ, ਕੰਮ ਕਰਦੀ ਹੰਭੀ-ਹਾਰੀ ਮਾਂ ਉਹਦੀ ਛਾਂ ‘ਚ ਬਹਿ ਕੇ ਝੱਟ ਹੀ ਤਰੋ-ਤਾਜ਼ਾ ਹੋ ਜਾਂਦੀ ਏ ਤੇ ਆਖਦੀ ਹੁੰਦੀ ਏ, “ਬੋਹੜਾਂ-ਪਿੱਪਲਾਂ ਦੀ ਛਾਂ ਕੀ ਰੀਸ ਕਰ ਲਊ ਮੇਰੇ ਪੁੱਤ ਦੀ ਲਾਈ ਨਿੰਮ ਦੀ!”

ਇੱਕ ਦਿਨ ਮਾਂ ਨੂੰ ਝੰਜੋੜ ਕੇ ਹਕੀਕਤ ਤੋਂ ਜਾਣੂੰ ਕਰਵਾਉਣ ਦੀ ਕੋਸ਼ਸ਼ ਕੀਤੀ ਸੀ, ਅੱਗੋਂ ਕਹਿੰਦੀ, “ਖਬਰਦਾਰ, ਜੇ ਅੱਗੇ ਤੋਂ ਇਉਂ ਕਿਹਾ! ਚੰਦਰੀਏ, ਸਕੇ ਭਰਾ ਨੂੰ ਮਰਿਆ ਕਹਿੰਦੀ ਏਂ?”

ਨਿੱਕੀ ਨੂੰ ਕਾਲਜ ਦਾਖਲ ਕਰਵਾਉਣ ਗਈ ਕਹਿੰਦੀ, “ਦੇਖੀਂ ਕਿਤੇ ਐਸਾ ਕਦਮ ਨਾ ਚੁੱਕ ਬੈਠੀਂ ਕਿ ਤੇਰੇ ਵੀਰ ਦਾ ਸਿਰ ਨੀਵਾਂ ਹੋਵੇ!” ਨਿੱਕੀ ਹਰ ਅੱਠੀਂ ਦਿਨੀਂ ਤੇਰਾ ਕਿਤਾਬਾਂ ਆਲ਼ਾ ਰਖਣਾ ਸਾਫ਼ ਕਰਨਾ ਨੀਂ ਭੁੱਲਦੀ ਤੇ ਨਾ ਈ ਭੁੱਲਦੀ ਏ ਹਰ ਰੱਖੜੀ ‘ਤੇ ਬਜ਼ਾਰੋਂ ਧਾਗਾ ਖਰੀਦਣਾ।

ਬਾਪੂ ਲੜ ਪਿਆ ਸੀ ਤਾਏ ਨਾਲ਼ ਜਦੋਂ ਉਹਨੇ ਤੇਰੇ ਬਾਰੇ ਢਿੱਲੀ ਗੱਲ ਕੀਤੀ ਸੀ। ਸ੍ਹੈਬਜਾਦਿਆਂ ਦੇ ਸ਼ਹੀਦੀ-ਦਿਹਾੜੇ ਵਾਲ਼ੇ ਦਿਨ ਸ਼ਾਮੀਂ ਅੱਖਾਂ ਮੀਟ ਕੇ ਕਈ ਘੰਟੇ ਬੈਠਾ ਰਿਹਾ, ਮੈਂ ਸੋਚਿਆ ਗੁਰੂ ਨਾਲ਼ ਲਿਵ ਲੱਗੀ ਏ ਸੋ ਰੋਟੀ ਲਈ ਬੁਲਾਇਆ ਨਾ ਪਰ ਜਦੋਂ ਦੇਖਿਆ ਅੱਖਾਂ ‘ਚੋਂ ਪ੍ਰਲ-ਪ੍ਰਲ ਹੰਝੂ ਵਗੀ ਜਾਂਦੇ ਸੀ। ਬਾਪੂ ਦੀਆਂ ਬਾਵਰੀਆਂ ਗੱਲਾਂ, ਅਖੇ, “ਸ਼ਹੀਦ ਮਰਦੇ ਤਾਂ ਨਹੀਂ ਹੁੰਦੇ?” ਸਹਿਜੇ ਈ ਪਤਾ ਲੱਗ ਜਾਂਦਾ ਏ ਕਿ ਦਮਾਗ਼ ਹਿੱਲੇ ਪਏ ਨੇ!

ਪਹਿਲਾਂ ਅਕਸਰ ਹੀ ਮਨ ‘ਚ ਸਵਾਲ ਉੱਠਦੇ ਹੁੰਦੇ ਸੀ, “ਕੀ ਇਹ ਝੱਲਾਪਣ, ਸ਼ੁਦਾਈਪੁਣਾ ਨੀਂ?” ਹੁਣ ਸੋਚਦੀ ਆਂ ਜੇ ਗੁਰੂ ਨੂੰ ਹਾਜਰ-ਹਜੂਰ ਮੰਨਿਆ ਜਾ ਸਕਦਾ ਏ, ਪ੍ਰਭੂ ਦੇ ਪ੍ਰਤੱਖ ਦਰਸ਼ਨਾਂ ਲਈ ਉਹਦਾ ਬੁੱਤ ਘੜਿਆ ਜਾ ਸਕਦਾ ਏ ਫਿਰ ਮੋਇਆਂ-ਮੁੱਕਰਿਆਂ ਦੇ ਹੋਣ ਦਾ ਵਹਿਮ ਪਾਲਣ ‘ਚ ਕੀ ਹਰਜ਼ ਏ? ਕੀ ਭੈੜ ਏ ਇਸ ਵਿੱਚ ਜੇ ਕੋਈ ਬਕਾਇਆ ਜ਼ਿੰਦਗੀ ਦੀ ਵਾਟ ਮੁਕਾਉਣ ਲਈ ਕਿਸੇ ਗ਼ੈਰ-ਹਾਜ਼ਰ ਨੂੰ ਆਸ-ਪਾਸ ਮਹਿਸੂਸ ਕਰਦਾ ਏ? ਜੂਨ ਕੱਟਣ ਲਈ ਲੋਕ ਫ਼ੋਟੋਆਂ ਦਾ ਆਸਰਾ ਵੀ ਤਾਂ ਲੈਂਦੇ ਨੇ। ਜੇਕਰ ਕੋਈ ਇਸ ਨੂੰ ਮਨੋਰੋਗ ਸਮਝਦਾ ਏ ਤਾਂ ਸਮਝੀ ਜਾਵੇ ਮੈਨੂੰ ਕੋਈ ਇਤਰਾਜ਼ ਨਹੀਂ।

ਕੀ ਲੈਣਾ ਏ ਹਕੀਕਤਾਂ ਤੋਂ ਜਾਣੂੰ ਹੋ ਕੇ?
ਤੇਰੀ ਮੌਜੂਦਗੀ ਦਾ ਭਰਮ ਕਾਫ਼ੀ ਏ!
***
201
***
ਬਲਜੀਤ ਖ਼ਾਨ ਸਪੁੱਤਰ ਮਾਈ ਬਸ਼ੀਰਾਂ— ਤਿੰਨ ਜੂਨ, ਵੀਹ ਸੌ ਇੱਕੀ 

About the author

balji_khan
ਬਲਜੀਤ ਖਾਨ, ਮੋਗਾ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

Smalsar, Moga, Punjab, India

ਬਲਜੀਤ ਖਾਨ, ਮੋਗਾ

Smalsar, Moga, Punjab, India

View all posts by ਬਲਜੀਤ ਖਾਨ, ਮੋਗਾ →