1 March 2024

ਸੰਤ ਰਾਮ ਉਦਾਸੀ ਦੇ ਜਨਮ ਦਿਵਸ `ਤੇ: ਮੇਰੀ ਮੌਤ `ਤੇ ਨਾ ਰੋਇਓ— ✍️ਪ੍ਰਿੰ. ਸਰਵਣ ਸਿੰਘ

 

ਸੰਤ ਰਾਮ ਉਦਾਸੀ 20 ਅਪ੍ਰੈਲ 1939 ਨੂੰ ਜਿ਼ਲ੍ਹਾ ਬਰਨਾਲਾ ਦੇ ਪਿੰਡ ਰਾਏਸਰ, ਕੰਮੀਆਂ ਦੇ ਵਿਹੜੇ ਜੰਮਿਆ ਸੀ। ਉਹਦੇ ਪਿਤਾ ਮੇਹਰ ਸਿੰਘ ਨੇ ਸੀਰ ਕੀਤੇ, ਭੇਡਾਂ ਚਾਰੀਆਂ ਤੇ ਵਟਾਈ `ਤੇ ਖੇਤੀ ਕੀਤੀ। ਉਹਦੀ ਮਾਤਾ ਧੰਨ ਕੌਰ ਨੇ ਚੱਕੀਆਂ ਪੀਹਣ ਤੋਂ ਲੈ ਕੇ ਜ਼ਿੰਮੀਦਾਰਾਂ ਦਾ ਗੋਹਾ ਕੂੜਾ ਕੀਤਾ। ਉਦਾਸੀ ਦਾ ਪੜਦਾਦਾ ਭਾਈ ਕਾਹਲਾ ਸਿੰਘ ਆਪਣੇ ਸਮੇਂ ਦਾ ਚੰਗਾ ਗਵੰਤਰੀ ਸੀ। ਉਦਾਸੀ ਨੂੰ ਸਰੋਦੀ ਆਵਾਜ਼ ਆਪਣੇ ਪੜਦਾਦੇ ਤੋਂ ਵਿਰਸੇ ਵਿਚ ਮਿਲੀ। ਪੜਦਾਦਾ ਮਹਿਫ਼ਲਾਂ ਦਾ ਸ਼ਿੰਗਾਰ ਸੀ। ਮਹਿਫ਼ਲੀਏ ਉਸ ਨੂੰ ਭਾਈਕੇ ਦਿਆਲਪੁਰੇ ਤੋਂ ਰਾਏਸਰ ਲੈ ਆਏ। ਉਦਾਸੀ ਹੋਰੀਂ ਪੰਜ ਭਰਾ ਸਨ, ਗੁਰਦਾਸ ਸਿੰਘ, ਹਰਦਾਸ ਸਿੰਘ ਭੂਰਾ, ਪ੍ਰਕਾਸ਼ ਸਿੰਘ, ਸੰਤ ਰਾਮ ਉਦਾਸੀ ਤੇ ਗੁਰਦੇਵ ਸਿੰਘ ਕੋਇਲ। ਤਿੰਨ ਭੈਣਾਂ ਸਨ, ਸੱਤਿਆ, ਹਰਬੰਸ ਕੌਰ ਤੇ ਸੁਖਦੇਵ ਕੌਰ। ਭੈਣਾਂ ਦੇ ਨਿੱਕੇ ਨਾਂ ਸਨ ਕਾਕੀ, ਘੁੱਕੋ ਤੇ ਨਿੱਕੀ।

ਉਦਾਸੀ ਜਿਊਂਦਾ ਹੁੰਦਾ ਤਾਂ ਅਜੋਕੇ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਦਾ ਮੁੱਖ ਬੁਲਾਰਾ ਹੋਣਾ ਸੀ। ਉਸ ਨੇ ਹਜ਼ਾਰਾਂ ਦੇ `ਕੱਠਾਂ ਵਿਚ ਉੱਚੀ ਹੇਕ ਨਾਲ ਗਾਉਣਾ ਸੀ:

ਅਸੀਂ ਤੋੜੀਆਂ ਗ਼ੁਲਾਮੀ ਦੀਆਂ ਕੜੀਆਂ, ਬੜੇ ਹੀ ਅਸੀਂ ਦੁਖੜੇ ਜਰੇ
ਆਖਣਾ ਸਮੇਂ ਦੀ ਸਰਕਾਰ ਨੂੰ, ਉਹ ਗਹਿਣੇ ਸਾਡਾ ਦੇਸ ਨਾ ਧਰੇ…
ਦੇਸ਼ ਹੈ ਪਿਆਰਾ ਸਾਨੂੰ ਜਿ਼ੰਦਗੀ ਪਿਆਰੀ ਨਾਲੋਂ
ਦੇਸ਼ ਤੋਂ ਪਿਆਰੇ ਇਹਦੇ ਲੋਕ ਹਾਣੀਆਂ
ਅਸੀਂ ਤੋੜ ਦੇਣੀ, ਅਸੀਂ ਤੋੜ ਦੇਣੀ ਲਹੂ ਪੀਣੀ ਜੋਕ ਹਾਣੀਆਂ…

ਗੱਜਣਗੇ ਸ਼ੇਰ ਜਦੋਂ, ਭੱਜਣਗੇ ਕਾਇਰ ਸੱਭੇ
ਰੱਜਣਗੇ ਕਿਰਤੀ ਕਿਸਾਨ ਮੁੜ ਕੇ
ਜ਼ਰਾ ਹੱਲਾ ਮਾਰੋ, ਜ਼ਰਾ ਹੱਲਾ ਮਾਰੋ, ਕਿਰਤੀ ਕਿਸਾਨ ਜੁੜ ਕੇ…
ਸੁਣ ਲਵੋ ਕਾਗੋ, ਅਸੀਂ ਕਰ ਦੇਣਾ ਪੁੱਠੇ ਥੋਨੂੰ
ਘੁੱਗੀਆਂ ਦੇ ਬੱਚਿਆਂ ਨੂੰ ਕੋਹਣ ਵਾਲਿਓ
ਰੋਟੀ ਬੱਚਿਆਂ ਦੇ, ਰੋਟੀ ਬੱਚਿਆਂ ਦੇ ਹੱਥਾਂ ਵਿਚੋਂ ਖੋਹਣ ਵਾਲਿਓ…

ਉਹ ਲੋਕ-ਕਾਵਿ ਦਾ ਮਘਦਾ ਸੂਰਜ ਸੀ ਜੋ ਸਿਖਰ ਦੁਪਹਿਰੇ ਛਿਪ ਗਿਆ। ਕਵਿਤਾਵਾਂ ਲਿਖਦਾ ਤੇ ਗਾਉਂਦਾ ਕੇਵਲ 47 ਸਾਲ ਦੀ ਉੁਮਰੇ ਚਲਾਣਾ ਕਰ ਗਿਆ। ਉਹਦੀ ਕਾਵਿ-ਬੁਲੰਦੀ ਦਾ ਅੰਦਾਜ਼ਾ ‘ਕੰਮੀਆਂ ਦੇ ਵਿਹੜੇ’ ਵਾਲੇ ਇਸ ਗੀਤ ਤੋਂ ਲਾਇਆ ਜਾ ਸਕਦੈ:

ਮਾਂ ਧਰਤੀਏ! ਤੇਰੀ ਗੋਦ ਨੂੰ ਚੰਨ ਹੋਰ ਬਥੇਰੇ
ਤੂੰ ਮਘਦਾ ਰਈਂਂ ਵੇ ਸੂਰਜਾ ਕੰਮੀਆਂ ਦੇ ਵਿਹੜੇ
ਜਿਥੇ ਤੰਗ ਨਾ ਸਮਝਣ ਤੰਗੀਆਂ ਨੂੰ
ਜਿਥੇ ਮਿਲਣ ਅੰਗੂਠੇ ਸੰਘੀਆਂ ਨੂੰ
ਜਿਥੇ ਵਾਲ ਤਰਸਦੇ ਕੰਘੀਆਂ ਨੂੰ
ਨੱਕ ਵਗਦੇ ਅੱਖਾਂ ਚੁੰਨ੍ਹੀਆਂ ਤੇ ਦੰਦ ਕਰੇੜੇ
ਤੂੰ ਮਘਦਾ ਰਈਂ ਵੇ ਸੂਰਜਾ…

ਜਦੋਂ ਉਹ ਰੋਹ ਨਾਲ ਗਾਉਂਦਾ ਤਾਂ ਉਹਦੀ ਰੋਹੀਲੀ ਲਲਕਾਰ ਹੋਰ ਵੀ ਪ੍ਰਚੰਡ ਹੋ ਜਾਂਦੀ। ਆਪਣਾ ਖੱਬਾ ਹੱਥ ਕੰਨ `ਤੇ ਧਰ, ਸੱਜੀ ਬਾਂਹ ਆਕਾਸ਼ ਵੱਲ ਉਗਾਸਦਾ ਤਾਂ ਉਹਦੇ ਹਾਕ ਮਾਰਵੇਂ ਬੋਲ ਦੂਰ-ਦੂਰ ਤਕ ਗੂੰਜਦੇ। ਮਲਵਈ ਪੁੱਠ ਵਾਲੀ ਲਰਜ਼ਦੀ ਲਲਕਾਰ ਨਾਲ ਚਾਰ-ਚੁਫੇਰਾ ਲਰਜ਼ ਉੱਠਦਾ। ਉਹਦੀ ਬਾਗ਼ੀ ਸੁਰ ਹਜ਼ਾਰਾਂ ਸਰੋਤਿਆਂ ਨੂੰ ਝੰਜੋੜ ਦਿੰਦੀ। ਉਨ੍ਹਾਂ ਦੇ ਦਿਲਾਂ ਦਿਮਾਗਾਂ `ਤੇ ਜੰਮਿਆ ਜ਼ੰਗਾਲ ਉੱਤਰ ਜਾਂਦਾ। ਉਹ ਹਿੱਕ ਦੇ ਤਾਣ ਨਾਲ ਗਾਉਂਦਾ:

ਏਸ ਕੱਚੀ ਚਮਕੌਰ ਦੀ ਗੜ੍ਹੀ ਮੂਹਰੇ, ਕਿਲ੍ਹਾ ਦਿੱਲੀ ਦਾ ਅਸੀਂ ਝੁਕਾ ਦਿਆਂਗੇ
ਝੋਰਾ ਕਰੀਂ ਨਾ ਕਿਲ੍ਹੇ ਆਨੰਦਪੁਰ ਦਾ, ਕੁੱਲੀ ਕੁੱਲੀ ਨੂੰ ਕਿਲ੍ਹਾ ਬਣਾ ਦਿਆਂਗੇ
ਮਾਛੀਵਾੜੇ ਦੇ ਸੱਥਰ ਦੇ ਗੀਤ ਵਿਚੋਂ, ਅਸੀਂ ਉਠਾਂਗੇ ਚੰਡੀ ਦੀ ਵਾਰ ਬਣ ਕੇ
ਜਿਨ੍ਹਾਂ ਸੂਲਾਂ ਨੇ ਦਿੱਤਾ ਨਾ ਸੌਣ ਤੈਨੂੰ, ਛਾਂਗ ਦਿਆਂਗੇ ਖੰਡੇ ਦੀ ਧਾਰ ਬਣ ਕੇ…

ਉਹ ਵਿਦੇਸ਼ ਗਿਆ ਤਾਂ ‘ਵਿਦੇਸ਼ੀ ਹਵਾਵਾਂ ਦੇ ਨਾਂ’ ਗੀਤ ਗਾਇਆ ਜੀਹਨੂੰ ਸੁਣ ਕੇ ਪਰਵਾਸੀਆਂ ਦੇ ਹੰਝੂ ਵਹਿ ਤੁਰੇ:

ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼
ਕਰੇ ਜੋਦੜੀ ਨੀ ਇਕ ਦਰਵੇਸ਼
ਮੈਨੂੰ ਮੇਰੀ ਮਾਂ ਦੇ ਵਰਗਾ ਪਿਆਰ ਨੀ
ਮਿਲੂ ਕਿਹੜੀਆਂ ਵਲੈਤਾਂ `ਚੋਂ ਉਧਾਰ ਨੀ
ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼…

ਮੈਨੂੰ ਖਿੜਿਆ ਕਪਾਹ ਦੇ ਵਾਂਗ ਰਹਿਣ ਦੇ
ਘੱਟ ਮੰਡੀ ਵਿਚ ਮੁੱਲ ਪੈਂਦਾ ਪੈਣ ਦੇ
ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼
ਕਰੇ ਜੋਦੜੀ ਨੀ ਇਕ ਦਰਵੇਸ਼…

ਉਦਾਸੀ ਦੇ ਪਿੰਡ ਰਾਏਸਰ ਤੋਂ ਮੇਰਾ ਪਿੰਡ ਚਕਰ ਥੋੜੀ ਹੀ ਦੂਰ ਹੈ। ਉਮਰ ਪੱਖੋਂ ਅਸੀਂ ਹਾਣੀ ਸਾਂ। ਜਦੋਂ ਉਹ ਚਕਰ ਲਾਉਂਦਾ ਤਾਂ ਉਹਦੇ ਗੀਤ ਸੁਣਨ ਦਾ ਮੌਕਾ ਮਿਲ ਜਾਂਦਾ। ਕਦੇ ਕਦੇ ਉਹ ਢੁੱਡੀਕੇ ਵੀ ਫੇਰੀ ਪਾਉਂਦਾ ਜਿਥੇ ਮੈਂ ਪੜ੍ਹਾਉਂਦਾ ਸਾਂ। ਉਨ੍ਹੀਂ ਦਿਨੀਂ ਕਾਲਜਾਂ ਵਿਚ ਉਦਾਸੀ-ਉਦਾਸੀ ਹੁੰਦੀ। ਉਹ ਜਮਾਤੀ ਦੁਸ਼ਮਣਾਂ ਦੇ ਸਫਾਏ ਦੀਆਂ ਗੱਲਾਂ ਕਰਦਾ ਇਨਕਲਾਬੀ ਗੀਤ ਗਾਉਂਦਾ। ਕਵੀ ਦਰਬਾਰਾਂ ਵਿਚ ਸ਼ਿਵ ਕੁਮਾਰ ਦੀ ਆਪਣੀ ਥਾਂ ਸੀ। ਉਦਾਸੀ ਨੇ ਵਿਦਿਆਰਥੀ ਰੈਲੀਆਂ ਵਿਚ ਆਪਣੀ ਥਾਂ ਬਣਾ ਲਈ। ਸ਼ਿਵ ਕੁਮਾਰ ਪਿਆਰ ਮੁਹੱਬਤ, ਬਿਰਹਾ ਵਿਜੋਗ ਤੇ ਮੌਤ ਦੇ ਨਗ਼ਮੇ ਗਾਉਂਦਾ। ਉਦਾਸੀ ਇਨਕਲਾਬ ਦੀਆਂ ਹੇਕਾਂ ਲਾਉਂਦਾ। ਦੋਵੇਂ ਆਵਾਜ਼ ਦੇ ਧਨੀ ਸਨ ਜੋ ਬਿਨਾਂ ਸਾਜ਼ਾਂ ਤੋਂ ਤਰੰਨਮ ਵਿਚ ਗਾਉਂਦੇ। ਸ਼ਿਵ ਦਰਦੀਲਾ ਸੀ, ਉਦਾਸੀ ਰੋਹੀਲਾ। ਉਦਾਸੀ ਦੇ ਤੱਤੇ ਸਰੋਤੇ ਸ਼ਿਵ ਕੁਮਾਰ ਦੀਆਂ ਪੈਰੋਡੀਆਂ ਬਣਾ ਕੇ ਉਹਦਾ ਮਜ਼ਾਕ ਉਡਾਉਂਦੇ, ਭਗੌੜਾ ਦੱਸਦੇ।

ਉਦਾਸੀ ਨਾਲ ਜੱਗੋ ਤੇਰ੍ਵੀਆਂ ਹੋਈਆਂ। ਲੋਕ ਹਿਤਾਂ ਨੂੰ ਪ੍ਰਣਾਈਆਂ ਨਜ਼ਮਾਂ ਲਿਖਣ ਤੇ ਗਾਉਣ ਬਦਲੇ ਸਮੇਂ ਦੇ ਹਾਕਮਾਂ ਦੀ ਵਹਿਸ਼ੀ ਪੁਲਿਸ ਨੇ 11 ਜਨਵਰੀ 1971 ਨੂੰ ਪੋਹ ਦੀ ਠਰੀ ਰਾਤੇ ਉਸ ਨੂੰ ਚੁੱਕ ਲਿਆ ਤੇ ਲੱਡਾ ਕੋਠੀ ਦੇ ਕਸਾਈਖਾਨੇ ਵਿਚ ਲਿਆ ਸੁੱਟਿਆ। ਬੁੱਢੀ ਮਾਂ ਜਿਵੇਂ ਕਿਵੇਂ ਲੱਡਾ ਕੋਠੀ ਪਹੁੰਚੀ। ਡਰ ਸੀ ਕਿ ਉਦਾਸੀ ਨੂੰ ਕਿਤੇ ਝੂਠੇ ਪੁਲਿਸ ਮੁਕਾਬਲੇ ਵਿਚ ਮਾਰ ਨਾ ਦਿੱਤਾ ਹੋਵੇ। ਹੰਝੂੂ ਕੇਰਦੀ ਮਾਤਾ ਨੇ ਡੀ. ਐੱਸ. ਪੀ. ਅੱਗੇ ਅਰਜ਼ ਗੁਜ਼ਾਰੀ, “ਵੇ ਵੀਰਾ ਮੈਂ ਸੰਤ ਰਾਮ ਦੀ ਮਾਂ ਹਾਂ। ਆਪਣੇ ਪੁੱਤ ਨੂੰ ਮਿਲਣ ਆਈ ਆਂ। ਮਿਲਾ ਦਿਓ, ਰੱਬ ਥੋਡਾ ਭਲਾ ਕਰੇ।”

ਉਸ ਵੇਲੇ ਉਦਾਸੀ ਮੂਧੇ ਮੂੰਹ ਬੇਸੁਰਤ ਪਿਆ ਸੀ। ਉਸ ਨੂੰ ਏਨਾ ਕੁੱਟਿਆ ਮਾਰਿਆ ਗਿਆ ਸੀ ਕਿ ਉੱਠ ਨਹੀਂ ਸੀ ਸਕਦਾ। ਰੱਸਿਆਂ ਨਾਲ ਪੁੱਠਾ ਟੰਗ ਕੇ ਸਿਰ ਡੰਡਿਆਂ ਨਾਲ ਭੰਨਿਆਂ ਗਿਆ ਸੀ। ਸਿਰ ਹੇਠਾਂ ਵੱਡੀ ਮੋਮਬੱਤੀ ਬਾਲ ਕੇ ਸੇਕ ਦਿੱਤਾ ਗਿਆ ਸੀ ਤਾਂ ਕਿ ਦਿਮਾਗ ਦੀ ਮਿੱਝ ਢਾਲ ਕੇ ਉਦਾਸੀ ਨੂੰ ਕਮਲ਼ਾ ਕਰ ਦਿੱਤਾ ਜਾਵੇ। ਮੁੜ ਕੇ ਨਾ ਉਹ ਲਿਖ ਸਕੇ ਤੇ ਨਾ ਗਾ ਸਕੇ। ਹੱਥਾਂ ਦੇ ਪੋਟਿਆਂ ਨੂੰ ਸੂਈਆਂ ਮਾਰ ਕੇ ਛਾਣਨੀ ਕੀਤਾ ਹੋਇਆ ਸੀ। ਸਿਰ ਦੇ ਵਾਲ ਪੁੱਟ ਕੇ ਖੋਪੜੀ ਰੋਡੀ ਕੀਤੀ ਪਈ ਸੀ। ਉਤੋਂ ਪੋਹ ਦੀ ਕੱਕਰਮਾਰੀ ਠਾਰੀ। ਉਦਾਸੀ ਦੇ ਪੈਰਾਂ ਦੀਆਂ ਤਲ਼ੀਆਂ ਵਿਚ ਖ਼ੂੰਨ ਜੰਮਿਆ ਹੋਇਆ ਸੀ। ਸਰੀਰ ਦੇ ਸਾਰੇ ਜੋੜ ਡੰਡੇ ਮਾਰ-ਮਾਰ ਸੁਜਾਏ ਪਏ ਸਨ।

ਡੀ. ਐੱਸ. ਪੀ. ਨੇ ਮਾਈ ਨੂੰ ਪੁੱਛਿਆ, “ਜੇ ਉਦਾਸੀ ਨੂੰ ਦੂਰੋਂ ਦਿਖਾ ਦੇਈਏ ਤਾਂ ਕੋਈ ਇਤਰਾਜ਼ ਤਾਂ ਨਹੀਂ?”

ਮਮਤਾ ਦੀ ਮਾਰੀ ਮਾਂ ਨੇ ਕਿਹਾ, “ਵੇ ਵੀਰਾ, ਮੈਂ ਗਰੀਬਣੀ ਨੇ ਕਾਹਦਾ ਇਤਰਾਜ਼ ਕਰਨੈਂ? ਥੋਡੇ ਰਹਿਮ ਨਾਲ ਮੇਰਾ ਪੁੱਤ ਮੈਨੂੰ ਦਿਸ ਜੇ। ਮੈਂ ਸਮਝ ਲੂੰ ਮੇਰਾ ਪੁੱਤ ਜਿਊਂਦੈ! ਪੁਲਿਸ ਨੇ ਮਾਰਿਆ ਨੀ। ਮੈਂ ਤਾਂ ਉਹਨੂੰ ਦੇਖਣਾ ਈ ਚਾਹੁੰਨੀ ਆਂ। ਜੇ ਮੇਰੇ ਨੇੜੇ ਨੀ ਲੈ ਕੇ ਆਉਣਾ ਬੇਸ਼ਕ ਨਾ ਲਿਆਓ। ਮੈਨੂੰ ਦੂਰੋਂ ਈ ਖੜ੍ਹਾ ਦਿਖਾ ਦਿਓ। ਸੰਤ ਰਾਮ ਦੂਰੋਂ ਖੜ੍ਹਾ ਈ ਆਖ ਦੇਵੇ, ਬੇਬੇ ਮੈਂ ਜਿਔਨਾਂ। ਤੂੰ ਜਾਹ ਘਰ ਨੂੰ।”

ਹਵਾਲਦਾਰ ਬੈਰਕ ਵਿਚ ਜਾ ਕੇ ਉਦਾਸੀ ਨੂੰ ਹਲੂਣਨ ਲੱਗਾ, “ਓਏ ਉਦਾਸੀ, ਓਏ ਉਦਾਸੀ। ਉੱਠ ਓਏ, ਤੇਰੀ ਮਾਂ ਤੈਨੂੰ ਮਿਲਣ ਆਈ ਐ। ਬਾਹਰ ਖੜ੍ਹੀ ਐ ਤੇਰੀ ਮਾਂ। ਉੱਠ ਨਹੀਂ ਤਾਂ ਮਰਜੂ ਓਹ ਵੀ।”

‘ਮਾਂ’ ਸ਼ਬਦ ਨੇ ਉਦਾਸੀ ਦੀ ਸੁਰਤ ਮੋੜੀ। ਕਿਤੇ ਉਹ ਸੱਚੀਂ ਨਾ ਸਾਹ ਖਿੱਚਜੇ। ਉਹ ਔਖਾ ਸੌਖਾ ਮਾਂ ਤਕ ਪੁੱਜਾ ਤੇ ਦੂਰ ਸੀ ਸੋਚ ਕੇ ਬੋਲਿਆ, “ਮਾਂ, ਮੈਂ ਠੀਕ ਠਾਕ ਆਂ। ਤੂੰ ਕਿਤੇ ਮਮਤਾ ਦੇ ਪਿਆਰ `ਚ ਸਾਹ ਨਾ ਚੜ੍ਹਾ ਲਈਂ। ਏਥੇ ਫੇਰ ਕੌਣ ਸਾਂਭੂਗਾ ਤੈਨੂੰ?”

ਮਾਂ ਨੇ ਪੀੜਾਂ ਪਰੁੰਨੇ ਘਾਇਲ ਪੁੱਤਰ ਨੂੰ ਬੁਕਲ `ਚ ਲੈ ਕੇ ਪਿਆਰ ਦਿੱਤਾ ਤੇ ਕਿਹਾ, “ਪੁੱਤ ਤੇਰਾ ਰੱਬ ਰਾਖਾ। ਪੁੱਤ ਹੁਣ ਮੇਰਾ ਸਾਹ ਨੀ ਚੜ੍ਹਦਾ। ਤੂੰ ਮੇਰਾ ਫਿਕਰ ਨਾ ਕਰੀਂ।”

ਬੱਸ ਏਨੀ ਹੀ ਹੋ ਸਕੀ ਸੀ ਮੁਲਾਕਾਤ।

ਨਕਸਲਬਾੜੀ ਲਹਿਰ ਨਾਲ ਪਰਨਾਇਆ ਹੋਣ ਕਰਕੇ ਉਹ ਗੁਰਦਵਾਰਿਆਂ ਦੀਆਂ ਸਟੇਜਾਂ ਉਤੇ ਵੀ ਇਨਕਲਾਬੀ ਸਿੱਖ ਵਿਰਸੇ ਦੀਆਂ ਬਾਤਾਂ ਹੀ ਪਾਉਂਦਾ। ਸਰਕਾਰੀ ਕਵੀ ਦਰਬਾਰਾਂ `ਚ ਵੀ ਸਥਾਪਤੀ ਵਿਰੋਧੀ ਕਵਿਤਾਵਾਂ ਪੜ੍ਹਦਾ। ਅਫ਼ਸਰਾਂ ਦੀ ਉਹਨੇ ਕਦੇ ਖ਼ੁਸ਼ਾਮਦ ਨਹੀਂ ਕੀਤੀ ਤੇ ਨਾ ਹੀ ਸਰਕਾਰਾਂ ਦੇ ਸੋਹਲੇ ਗਾਏ। ਉਹ ਸਥਾਪਤੀ ਦੇ ਮੰਚ ਉਤੇ ਸਥਾਪਤੀ ਵਿਰੁੱਧ ਬੋਲਦਾ। ‘ਦਿੱਲੀਏ ਦਿਆਲਾ ਦੇਖ’ ਕਵਿਤਾ ਉਸ ਨੇ ਲਾਲ ਕਿਲੇ ਦੇ ਸਰਕਾਰੀ ਕਵੀ ਦਰਬਾਰ ਵਿਚ ਪੜ੍ਹੀ ਸੀ।

ਉਦਾਸੀ ਦੀ ਅਣਿਆਈ ਮੌਤ

ਡਰੋਲੀ ਭਾਈ ਦਾ ਗੁਰਚਰਨ ਸਿੰਘ ਸੰਘਾ ਢੁੱਡੀਕੇ ਪੜ੍ਹਦਿਆਂ ਉਦਾਸੀ ਦਾ ਦੋਸਤ ਬਣ ਗਿਆ ਸੀ। ਸਮਾਂ ਪਾ ਕੇ ਉਹ ਸ੍ਰੀ ਹਜ਼ੂਰ ਸਾਹਿਬ ਤੋਂ ਨਿਕਲਦੇ ‘ਸੱਚਖੰਡ ਪੱਤਰ’ ਦਾ ਸੰਪਾਦਕ ਬਣਿਆ। ਉਹ ਉਦਾਸੀ ਦੇ ਅੰਤਲੇ ਸਮੇਂ ਦਾ ਚਸ਼ਮਦੀਦ ਗਵਾਹ ਹੈ। ਉਸ ਦਾ ਲਿਖਤੀ ਬਿਆਨ ਹੈ: ਗੱਲ 1972-73 ਦੀ ਹੈ ਜਦ ਸੰਤ ਰਾਮ ਉਦਾਸੀ ਲੋਕਾਂ ਦੇ ਦਿਲ ਦੀ ਆਵਾਜ਼ ਬਣ ਗਿਆ ਸੀ। ਉਸ ਨੇ ਨਾਹਰਾ ਦਿੱਤਾ ਸੀ ‘ਗੁਰੂ ਗੋਬਿੰਦ ਸਿੰਘ ਦਾ ਰਾਹ, ਸਾਡਾ ਰਾਹ।’ ਮੈਂ ਉਸ ਸਮੇਂ ਢੁੱਡੀਕੇ ਦੇ ਲਾਲਾ ਲਾਜਪਤ ਰਾਏ ਕਾਲਜ ਦਾ ਵਿਦਿਆਰਥੀ ਸਾਂ। ਉਥੇ ਮੈਂ ਵੀ ਉਹਦੇ ਰਾਹ ਪੈ ਗਿਆ। ਮੇਰੀਆਂ ਕਵਿਤਾਵਾਂ ਪੰਜਾਬ ਸਟੂਡੈਂਟਸ ਯੂਨੀਅਨ ਦੇ ਪੋਸਟਰਾਂ ਦੇ ਹੈਡਿੰਗ ਬਣਨ ਲੱਗੀਆਂ…।

24 ਨਵੰਬਰ 2019 ਨੂੰ ਸਾਡਾ ਉਹੀ ਪੁਰਾਣਾ ਵਿਦਿਆਰਥੀ ਸੰਘਾ ਮੈਨੂੰ ਮੋਗੇ ਮਿਲਿਆ। ਉਸ ਨੇ ਆਖ਼ਰੀ ਗੱਲ ਦੱਸੀ: ਅਕਤੂਬਰ 1986 `ਚ ਉਦਾਸੀ ਮੈਨੂੰ ਬਾਘੇ ਪੁਰਾਣੇ ਸਾਹਿਤ ਸਭਾ ਦੀ ਮੀਟਿੰਗ ਵਿਚ ਮਿਲਿਆ ਸੀ। ਉਥੇ ਤੈਅ ਹੋਇਆ ਕਿ ਗੁਰਤਾ ਗੱਦੀ ਦਿਹਾੜੇ ਨੰਦੇੜ ਦੇ ਕਵੀ ਦਰਬਾਰ ਵਿਚ ਉਹ ਵੀ ਸ਼ਾਮਲ ਹੋਵੇਗਾ। 1 ਨਵੰਬਰ 1986 ਤੋਂ ਪ੍ਰੋਗਰਾਮ ਸ਼ੁਰੂ ਹੋਏ। ਅਖ਼ੀਰਲੀ ਰਾਤ 5 ਨਵੰਬਰ ਨੂੰ ਉੱਚ ਪਾਏ ਦਾ ਕਵੀ ਦਰਬਾਰ ਹੋਇਆ ਜਿਸ ਵਿਚ ਉਦਾਸੀ ਨੇ ਬਹੁਤ ਉੱਚੀ ਕਿੱਲ੍ਹ-ਕਿੱਲ੍ਹ ਕੇ ਗਾਇਆ ਤੇ ਬਾਜ਼ੀ ਲੈ ਗਿਆ। ਕਵੀ ਦਰਬਾਰ ਤੋਂ ਬਾਅਦ ਮੈਂ ਤੇ ਉਦਾਸੀ ਰਾਤ ਦੇ 2:45 ਵਜੇ ਤੱਕ `ਕੱਠੇ ਬੈਠੇ। ਉਦਾਸੀ ਮੇਰੇ ਗਲ ਲੱਗ ਕੇ ਰੋਣ ਲੱਗਾ…ਸੰਘੇ ਬਾਈ, ਮੈਂ ਜਿ਼ੰਦਗੀ ਤੋਂ ਤੰਗ ਆ ਗਿਆਂ। ਘਰ ਤੋਂ ਸੰਨਿਆਸ ਲੈਣਾ ਚਾਹੁੰਨਾਂ। ਤੂੰ ਥੋੜ੍ਹਾ ਬਹੁਤਾ ਸਾਥ ਦੇਹ। ਮੈਂ ਆਖਿਆ, ਉਦਾਸੀ ਤੂੰ ਘਬਰਾ ਨਾ। ਤੈਨੂੰ ਮੈਂ ਅੱਖਾਂ ਦੀਆਂ ਪੁਤਲੀਆਂ `ਚ ਲੁਕੋ ਸਕਦਾਂ। ਤੂੰ ਕੁੜੀਆਂ ਮੁੰਡੇ ਵਿਆਹ ਲੈ, ਫੇਰ ਜੋ ਕਹੇਂਗਾ ਕਰਾਂਗਾ। ਉੱਦਣ ਅਸੀਂ ਬਹੁਤ ਗੱਲਾਂ ਕੀਤੀਆਂ…।

‘ਬਹੁਤ’ ਗੱਲਾਂ ਦਾ ਬਹੁਤਾ ਵੇਰਵਾ ਦੇਣਾ ਸੰਘਾ ਮੁਨਾਸਬ ਨਹੀਂ ਸਮਝਦਾ।

ਪ੍ਰੋ. ਬਲਕਾਰ ਸਿੰਘ ਤੇ ਉਦਾਸੀ ਦੀਆਂ ਟਿਕਟਾਂ ਬੁੱਕ ਸਨ। ਉਸ ਦੀ ਵਿਗੜੀ ਹਾਲਤ ਦੇਖ ਕੇ ਮੈਂ ਉਹਨੂੰ ਆਪਣੇ ਕੋਲ ਰੱਖਣ ਦਾ ਬੜਾ ਯਤਨ ਕੀਤਾ। ਪਰ ਉਸ ਨੇ ਉੱਕਾ ਨਾਂਹ ਕਰ ਦਿੱਤੀ। ਸਵੇਰੇ ਸਾਹਜਰੇ ਹੀ ਉਹ ਬਲਕਾਰ ਸਿੰਘ ਨਾਲ ਗੱਡੀ ਚੜ੍ਹ ਗਿਆ। ਗੱਡੀ ਵਿਚ ਸੁੱਤੇ ਪਏ ਦੀ ਉਹਦੀ ਮੌਤ ਹੋ ਗਈ। ਉਹਦਾ ਸਸਕਾਰ ਮਨਵਾੜ ਦੇ ਸਿਵਿਆਂ ਵਿਚ ਕੀਤਾ ਗਿਆ ਤੇ ਹਜ਼ੂਰ ਸਾਹਿਬ ਭੋਗ ਪਾਉਣ ਪਿੱਛੋਂ ਫੁੱਲ ਗੋਦਾਵਰੀ ਨਦੀ ਵਿਚ ਤਾਰੇ ਗਏ।

ਅਜਿਹੀ ਹੋਣੀ ਸੀ ਪੰਜਾਬ ਦੇ ਜਾਏ, ਲੋਕ-ਕਾਵਿ ਦੇ ਮਘਦੇ ਸੂਰਜ, ਕੰਮੀਆਂ ਕਿਰਤੀਆਂ ਦੇ ਲੋਕ ਕਵੀ ਦੀ!

ਉਦਾਸੀ ਦੇ ਇਕ ਨਿੱਜੀ ਦੋਸਤ ਦੀ ਟਿੱਪਣੀ ਕਾਬਲੇ ਗੌ਼ਰ ਹੈ: ਜਦੋਂ ਕੋਈ ਉਦਾਸੀ ਵਰਗਾ ਕਵੀ ਤੁਰ ਜਾਂਦਾ ਹੈ ਤਾਂ ਲੋਕ ਇਸ ਨੂੰ ‘ਬੇਵਕਤੀ ਮੌਤ’ ਆਖ ਕੇ ਸ਼ੋਕ ਜ਼ਾਹਰ ਕਰਦੇ ਹਨ ਪਰ ਮੌਤ ਦੇ ਕਾਰਨਾਂ ਵੱਲ ਧਿਆਨ ਨਹੀਂ ਦਿੰਦੇ। ਉਦਾਸੀ ਦੀ ਮੌਤ ਦੇ ਕਾਰਨਾਂ ਵਿਚ ਨਕਸਲੀਆਂ ਦਾ ਖਿੰਡ ਕੇ ਖੱਖੜੀਆਂ ਕਰੇਲੇ ਹੋ ਜਾਣਾ, ਉਦਾਸੀ ਦਾ ਉਦਾਸ ਹੋ ਜਾਣਾ, ਵੱਖ ਵੱਖ ਗਰੁਪਾਂ ਵੱਲੋਂ ਉਦਾਸੀ ਨੂੰ ਮਾਨਸਿਕ ਢਾਰਸ ਦੇਣ ਦੀ ਬਜਾਏ, ਕਵੀ ਦੀ ਆਪਣੇ ਧੜੇ ਵੱਲ ਖਿੱਚ ਧੂਹ ਕਰਨੀ ਤੇ ਫਿਰ ਉਹਦਾ ਬਾਈਕਾਟ ਕਰ ਦੇਣਾ, ਸ਼ਾਮਲ ਹਨ। ਉਦਾਸੀ ਵੱਲੋਂ ਜਮਾਤੀ ਦੁਸ਼ਮਣਾਂ ਅਤੇ ਜਮਾਤੀ ਦੁਸ਼ਮਣਾਂ ਵੱਲੋਂ ਉਦਾਸੀ ਦਾ ਵਿਰੋਧ ਕਰਨਾ ਤਾਂ ਬਣਦਾ ਹੀ ਸੀ। ਅਫ਼ਸੋਸ ਕਿ ਉਹਦੀ ‘ਆਪਣੀ ਜਮਾਤ’ ਦੇ ਹੀ ਸਾਥੀਆਂ ਨੇ ਉਹਦਾ ਅੰਨ੍ਹਾਂ ਵਿਰੋਧ ਕੀਤਾ ਜਿਨ੍ਹਾਂ ਨੇ ਉਸ ਨੂੰ ਮੌਤ ਦੇ ਅੰਨ੍ਹੇ ਖੂਹ ਵੱਲ ਧੱਕ ਦਿੱਤਾ!

ਕਾਸ਼! ਇਨਕਲਾਬ ਨੂੰ ਪਰਨਾਏ ਇਸ ਲੋਕ ਕਵੀ ਨੂੰ ਉਹਦੇ ਹੀ ਸਾਥੀ ਜੇ ਝੇਡਾਂ ਨਾ ਕਰਦੇ, ਤੋਹਮਤਾਂ ਨਾ ਲਾਉਂਦੇ, ਬਦਖੋਹੀ ਨਾ ਕਰਦੇ ਅਤੇ ‘ਲੋਕ ਕਵੀ’ ਦੀ ਥਾਂ ‘ਨੋਟ ਕਵੀ’ ਤੇ ‘ਲਹੂ ਭਿੱਜੇ ਬੋਲਾਂ’ ਵਾਲਾ ਕਵੀ ਕਹਿਣ ਦੀ ਥਾਂ ‘ਸ਼ਰਾਬ ਭਿੱਜੇ ਬੋਲਾਂ’ ਵਾਲਾ ‘ਵਿਕਿਆ ਕਵੀ’ ਨਾ ਕਹਿੰਦੇ ਤਾਂ ਸੰਭਵ ਸੀ ਉਹ ਵੱਧ ਵਰ੍ਹੇ ਜਿਉਂਦਾ ਅਤੇ ਹੋਰ ਲਿਖਦਾ ਤੇ ਗਾਉਂਦਾ।

ਪੰਜਾਬੀ ਦੇ ਇਸ ਬਦਕਿਸਮਤ ਕਵੀ ਕੋਲ ਕੋਈ ਦੁਨਿਆਵੀ ਜਾਇਦਾਦ ਨਹੀਂ ਸੀ ਜਿਸ ਦੀ ਉਹ ਵਸੀਅਤ ਕਰਦਾ। ਫਿਰ ਵੀ ਉਸ ਨੇ ‘ਵਸੀਅਤ’ ਲਿਖੀ:

ਮੇਰੀ ਮੌਤ `ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ
ਮੇਰੇ ਲਹੂ ਦਾ ਕੇਸਰ ਰੇਤੇ `ਚ ਨਾ ਰਲਾਇਓ
ਮੇਰੀ ਜਿ਼ੰਦਗੀ ਵੀ ਕੀ? ਬਸ ਬੂਰ ਸਰਕੜੇ ਦਾ
ਆਹਾਂ ਦਾ ਸੇਕ ਕਾਫ਼ੀ ਤੀਲੀ ਬੇਸ਼ੱਕ ਨਾ ਲਾਇਓ
ਹੋਣਾ ਨਹੀਂ ਮੈਂ ਚਾਹੁੰਦਾ, ਸੜ ਕੇ ਸੁਆਹ ਇਕੇਰਾਂ
ਜਦ ਜਦ ਢਲੇਗਾ ਸੂਰਜ, ਕਣ ਕਣ ਮੇਰਾ ਜਲਾਇਓ
ਵਲਗਣ `ਚ ਕੈਦ ਹੋਣਾ, ਮੇਰੇ ਨਹੀਂ ਮੁਆਫ਼ਕ
ਯਾਰਾਂ ਦੇ ਵਾਂਗ ਅਰਥੀ ਸੜਕਾਂ `ਤੇ ਹੀ ਜਲਾਇਓ
ਜੀਵਨ ਤੋਂ ਮੌਤ ਤਾਈਂਂ, ਆਉਂਦੇ ਬੜੇ ਚੁਰਾਹੇ
ਜਿਸ ਦਾ ਹੈ ਪੰਧ ਬਿਖੜਾ ਓਸੇ ਹੀ ਰਾਹ ਲਿਜਾਇਓ
ਮੇਰੀ ਮੌਤ `ਤੇ ਨਾ ਰੋਇਓ…
***
153
***

About the author

ਪ੍ਰਿੰ. ਸਰਵਣ ਸਿੰਘ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ