ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕਿਸਾਨ ਅੰਦੋਲਨ ਸਿਖਰ ਤੇ ਹੈ। ਕਿਸਾਨ ਅੰਦੋਲਨ ਵਿੱਚ ਸਿਰਫ ਓਹੀ ਲੋਕ ਸ਼ਾਮਿਲ ਨਹੀਂ ਹਨ ਜੋ ਦਿੱਲੀ ਦੇ ਬਾਰਡਰਾਂ ਤੇ ਬੈਠੇ ਦਿਸ ਰਹੇ ਹਨ ਬਲਕਿ ਕਿਸਾਨ ਅੰਦੋਲਨ ਤਾਂ ਅੱਜ ਘਰ-ਘਰ ਵਿੱਚ ਚੱਲ ਰਿਹ ਰਿਹਾ ਹੈ। ਜਿਸ ਦੀਆਂ ਨਿਗਾਹਾ ਜਾਂ ਕੰਨ ਕਿਸਾਨ ਅੰਦੋਲਨ ਦੀ ਜਿੱਤ ਵੱਲ ਹਨ ਉਹ ਸਾਰੇ ਕਿਸਾਨ ਅੰਦੋਲਨ ਦੇ ਸਮਰਥਕ ਹਨ।
ਅੱਜ ਸ਼ਹਿਰ–ਸ਼ਹਿਰ ਵਿੱਚ ਨੌ-ਜਵਾਨ, ਬਜ਼ੁਰਗ ਅਤੇ ਸਾਡੀਆਂ ਭੈਣਾ, ਬੀਬੀਆਂ ਹੱਥਾਂ ਵਿੱਚ ਸਰਕਾਰ ਵਿਰੁੱਧ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਤਖਤੀਆਂ ਲੈ ਕੇ ਚੌਕਾਂ ਵਿੱਚ ਖੜੇ ਹਨ, ਉਨ੍ਹਾਂ ਨੂੰ ਇਸ ਲਈ ਕਿਤੋਂ ਕੋਈ ਤਨਖਾਹ ਨਹੀਂ ਮਿਲਦੀ ਸਗੋਂ ਉਹ ਆਪਣੇ ਕੰਮ ਧੰਦੇ ਛੱਡ ਕੇ ਇਨ੍ਹਾਂ ਧਰਨਿਆਂ ਵਿੱਚ ਆਉਂਦੇ ਹਨ। ਇਹ ਇੱਕ ਜਜ਼ਬਾ ਹੈ। ਸਾਡੇ ਭੈਣ, ਭਰਾ, ਵੀਰ ਦੋਸਤ ਮਿੱਤਰ ਜੋ ਦਿੱਲੀ ਦੇ ਬਾਰਡਰਾਂ ਤੇ ਬੈਠੇ ਹਨ ਉਨ੍ਹਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਅਸੀਂ ਤੁਹਾਡੇ ਨਾਲ ਹਾਂ। ਇਨ੍ਹਾਂ ਦਿਨਾਂ ਵਿੱਚ ਮਈ-ਜੂਨ ਦੇ ਮਹੀਨੇ ਜਦ ਇੰਨੀ ਜਿ਼ਆਦਾ ਗਰਮੀ ਹੈ ਅਤੇ ਝੋਨਾ ਲਗਾਉਣ ਦਾ ਕੰਮ ਵੀ ਸ਼ੁਰੂ ਹੈ। ਕਿਸਾਨਾਂ ਦਾ ਕੰਮ ਪੂਰੇ ਜੋਰ ਤੇ ਹੈ ਇਸ ਵਕਤ ਜੇ ਦਿੱਲੀ ਦੇ ਬਾਰਡਰਾਂ ਤੇ ਲੋਕਾਂ ਦਾ ਇੰਨਾ ਇਕੱਠ ਹੈ ਤਾਂ ਸਮਾਂ ਆਉਣ ਤੇ, ਜ਼ਰੂਰਤ ਪੈਣ ਤੇ, ਜਦ ਕਿਸਾਨੀ ਆਗੂਆਂ ਦਾ ਬੁਲਾਵਾ ਆ ਗਿਆ ਤਾਂ ਦਿੱਲੀ ਦੇ ਬਾਰਡਰਾਂ ਤੇ ਤਿਲ ਸੁੱਟਨ ਨੂੰ ਥਾਂ ਨਹੀਂ ਮਿਲਣੀ। ਜਿਹੜੇ ਲੋਕ ਕਹਿੰਦੇ ਹਨ ਕਿ ਹੁਣ ਕਿਸਾਨ ਅੰਦੋਲਨ ਵਿੱਚ ਪਹਿਲਾਂ ਵਾਲੀ ਗੱਲ ਨਹੀਂ ਰਹੀਂ ਉਹ ਆਪਣੇ ਮਨ ਵਿੱਚੋਂ ਇਹ ਭੁਲੇਖਾ ਕੱਢ ਦੇਣ। ਦੇਖੋ! ਅੱਜ ਦੀ ਨੋ-ਜਵਾਨੀ। ਅੱਜ ਕਾਰਾਂ, ਗੱਡੀਆਂ ਵਿੱਚ ਹਥਿਆਰਾ ਜਾਂ ਆਰਕੈਸਟਰਾ ਵਾਲੀਆਂ ਨਾਲ ਨੱਚਨ ਟੱਪਣ ਵਾਲੇ ਗੀਤ ਨਹੀਂ ਚੱਲਦੇ ਸਗੋਂ ਕਿਸਾਨੀ ਸੰਘਰਸ਼ ਦੇ ਗੀਤ ਚੱਲਦੇ ਹਨ। ਕਦੇ ਕਿਸੇ ਨੇ ਸੋਚਿਆ ਸੀ ਵਿਆਹ ਵਾਲੀ ਕਾਰ ਦੇ ਮੂਹਰੇ ਕਿਸਾਨ ਅੰਦੋਲਨ ਦਾ ਝੰਡਾ ਲੱਗਿਆ ਹੋਵੇਗਾ ਜਾਂ ਕੋਈ ਵਿਆਹ ਦਾ ਫੇਰਾ ਪਾਉਣ ਕਿਸਾਨੀ ਧਰਨੇ ਤੇ ਆਵੇਗਾ? ਸਾਡੇ ਨੌ-ਜਵਾਨਾਂ ਦੀ ਸੋਚ ਏਨੀ ਛੇਤੀ ਚੰਗੇ ਪਾਸੇ ਮੁੜ ਆਵੇਗੀ? ਇਹ ਸਭ ਕਿਸਾਨ ਅੰਦੋਲਨ ਦੀ ਹੀ ਦੇਣ ਹੈ। ਅਸੀਂ ਇਸ ਕਿਸਾਨ ਅੰਦੋਲਨ ਵਿਚੋਂ ਬਹੁੱਤ ਕੁਝ ਖੱਟ ਲਿਆ ਅਤੇ ਖੱਟ ਰਹੇ ਹਾਂ। ਸਰਕਾਰਾਂ ਦੀਆਂ ਕਿਸਾਨ ਅੰਦੋਲਨ ਵਿਰੁੱਧ ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਕਿਸਾਨ ਅੰਦੋਲਨ ਪੂਰੀ ਚੜ੍ਹਦੀ ਕਲਾ ਵਿੱਚ ਹੈ। ਕਿਸਾਨ ਅੰਦੋਲਨ ਦਾ ਇੱਕ ਜਾਂ-ਬਾਜ ਸਿਪਾਹੀ ਦੀਪ ਸਿੱਧੂ ਕਈ ਮਹੀਨੇ ਸਾਲਾਖ਼ਾਂ ਪਿਛੇ ਰਹਿ ਕੇ ਜੇਲ੍ਹ ‘ਚੋ ਬਾਹਰ ਆਇਆ ਹੈ। ਕਾਲ ਕੋਠਰੀ ਵਿੱਚ ਵੀ ਉਸ ਦੇ ਹੌਸਲੇ ਪਸਤ ਨਹੀਂ ਹੋਏ ਸਗੋਂ ਉਸ ਦੇ ਬਾਹਰ ਆਉਣ ਨਾਲ ਨੌ-ਜਵਾਨਾਂ ਦੇ ਹੌਸਲੇ ਬੁਲੰਦ ਹੋ ਗਏ। ਇਥੇ ਇਹ ਵੀ ਜ਼ਿਕਰਯੋਗ ਗੱਲ ਹੈ ਕਿ ਦੀਪ ਸਿੱਧੂ ਖਿਲਾਫ ਕੁਝ ਲੋਕਾਂ ਵੱਲੋਂ ਬਹੁੱਤ ਕੂੜ ਪ੍ਰਚਾਰ ਕੀਤਾ ਗਿਆ। ਕਿਸੇ ਨੇ ਦੀਪ ਸਿੱਧੂ ਨੂੰ ਭਾਜਪਾ ਦਾ ਏਜੰਟ ਕਿਹਾ, ਕਿਸੇ ਨੇ ਗ਼ਦਾਰ ਕਿਹਾ ਤੇ ਕਿਸੇ ਨੇ ਉਸ ਨੂੰ ਨੌਟੰਕੀਬਾਜ ਕਿਹਾ, ਕੋਈ ਕਹਿੰਦਾ ਉਹ ਨੌ-ਜਵਾਨਾਂ ਨੂੰ ਗੁੰਮਰਾਹ ਕਰ ਰਿਹਾ ਹੈ। ਪਰ ਸੋਚਣ ਵਾਲੀ ਗੱਲ ਹੈ ਕਿ ਕੀ ਬੀ.ਜੇ.ਪੀ. ਦਾ ਬੰਦਾ ਤਿੰਨ-ਤਿੰਨ ਮਹੀਨੇ ਕਾਲ ਕੋਠੜੀ ਵਿੱਚ ਰਹਿ ਕੇ ਆਉਗਾ? ਜੇ ਉਹ ਭਾਜਪਾ ਦਾ ਬੰਦਾ ਹੁੰਦਾ ਤਾਂ ਪੁਲਿਸ ਵੱਲੋਂ ਉਸ ਨੂੰ ਤਿੰਨ-ਤਿੰਨ ਦਿਨ ਭੁੱਖਾ ਨਹੀਂ ਰੱਖਿਆ ਜਾਣਾ ਸੀ? ਕਈ-ਕਈ ਦਿਨ ਉਸ ਨੂੰ ਸੌਣ ਨਹੀਂ ਦਿੱਤਾ ਗਿਆ। ਅਜਿਹੇ ਤਸੀਹੇ ਸਰਕਾਰ ਦੇ ਬੰਦੇ ਨੂੰ ਨਹੀਂ ਦਿੱਤੇ ਜਾਂਦੇ। ਦੀਪ ਸਿੱਧੂ ‘ਸਿਲੈਬਰੇਟੀ ਪਰਸਨ’ ਹੈ ਉਹ ਫ਼ਿਲਮ ਇੰਡਸਟਰੀ ਨਾਲ ਸਬੰਧ ਰੱਖਦਾ ਹੈ। ਪੇਸ਼ੇ ਤੋਂ ਵਕੀਲ ਹੈ ਉਸ ਨੂੰ ਕੀ ਲੋੜ ਸੀ ਇਨ੍ਹਾਂ ਸੰਘਰਸ਼ਾਂ ਵਿੱਚ ਕੁੱਦਣ ਦੀ ? ਬੱਸ ਉਸ ਦੇ ਮਨ ਵਿੱਚ ਜਜ਼ਬਾ ਹੈ ਆਪਣੇ ਵਤਨ ਨੂੰ ਖੁਸਹਾਲ ਵੇਖਣ ਦਾ। ਕਈਆਂ ਦਾ ਕਹਿਣਾ ਹੈ ਕਿ ਦੀਪ ਸਿੱਧੂ ਖਾਲਸਤਾਨੀ ਸੋਚ ਵਾਲਾ ਹੈ, ਉਹ ਭਿੰਡਰਾ ਵਾਲੇ ਸੰਤਾਂ ਦਾ ਉਪਾਸ਼ਕ ਹੈ। ਪਿਆਰਿਓ! ਦੀਪ ਸਿੱਧੂ ਜੇਕਰ ਖਾਲਸਤਾਨੀ ਸੋਚ ਵਾਲਾ ਹੈ ਵੀ ਤਾਂ ਕਿਹੜੀ ਗੱਲ ਹੈ ਹਰ ਇੱਕ ਇਨਸਾਨ ਦੀ ਆਪਣੀ-ਆਪਣੀ ਸੋਚ ਹੁੰਦੀ ਹੈ। ਅੱਜ ਲੱਖਾਂ ਨੌ-ਜਵਾਨਾਂ ਦੇ ਮਨ ਵਿੱਚ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਵਸਦੇ ਹਨ, ਉਨ੍ਹਾਂ ਦੇ ਉਪਾਸ਼ਕ ਹੋਣ ਵਿੱਚ ਕੀ ਹਰਜ ਹੈ। ਪਰ ਸਾਨੂੰ ਇਹ ਜ਼ਰੂਰ ਯਾਦ ਰੱਖਣਾ ਚਾਹੀਦਾ ਹੈ ਕਿ ਕਿਸਾਨੀ ਸੰਘਰਸ਼ ਵਿੱਚ ਨੌ-ਜਵਾਨਾਂ ਨੂੰ ਨਾਲ ਤੋਰਨ ਵਿੱਚ ਦੀਪ ਸਿੱਧੂ ਦਾ ਬਹੁੱਤ ਵੱਡਾ ਰੋਲ ਹੈ। ਕਿਸਾਨੀ ਸੰਘਰਸ਼ ਵਿੱਚ ਸਰਕਾਰ ਦਾ ਲਾਡਲਾ ਪੁੱਤ ਕੋਰੋਨਾ, ਸਰਕਾਰ ਪ੍ਰਤੀ ਆਪਣੇ ਪੂਰੇ ਫਰਜ਼ ਨਿਭਾ ਰਿਹਾ ਹੈ। ਇਥੇ ਇਹ ਜ਼ਿਕਰ ਯੋਗ ਗੱਲ ਹੈ ਕਿ ਸਾਡੇ ਕਿਸਾਨ ਅੰਦੋਲਨ ਵਿੱਚ 200 ਤੋਂ ਵੱਧ ਕਿਸਾਨ ਵੀਰ ਸ਼ਹੀਦ ਹੋ ਗਏ ਹਨ ਪਰ ਉਨ੍ਹਾਂ ਵਿਚੋਂ ਕੋਈ ਵੀ ਕਰੋਨਾ ਨਾਲ ਨਹੀਂ ਮਰਿਆ। ਇਹ ਗੱਲ ਗਵਾਹ ਹੈ ਗੁਰੂ ਮਹਾਰਾਜ ਸਾਡੇ ਅੰਗ-ਸੰਗ ਸਹਾਈ ਹਨ। ਕੋਰੋਨਾ ਬੀਮਾਰੀ ਹੋ ਸਕਦੀ ਹੈ, ਇਸ ਵਿੱਚ ਕੋਈ ਸ਼ੱਕ ਨਹੀਂ ਪਰ ਇੱਥੇ ਇਹ ਗੱਲ ਸੋਚਣ ਵਾਲੀ ਹੈ ਕਿ ਜਿਹੜੇ ਵਿਚਾਰੇ ਲੋਕ ਹਸਪਤਾਲਾਂ ਵਿੱਚ ਜਾ ਰਹੇ ਹਨ ਉਨ੍ਹਾਂ ਵਿਚੋਂ ਕੋਈ ਹੀ ਮੁੜ ਕੇ ਆਉਂਦਾ ਹੈ ਜਦ ਕਿ ਘਰਾਂ ਵਿੱਚ ਕਵਾਰਨਟੀਨ ਹੋਏ ਕੋਰੋਨਾ ਦੇ ਮਰੀਜ਼ ਠੀਕ ਹੋ ਜਾਂਦੇ ਹਨ? ਇਸ ਦਾ ਸਿੱਟਾ ਕੀ ਨਿਕਲਦਾ ਹੈ? ਜਾਂ ਤਾਂ ਵੱਡੇ ਹਸਪਤਾਲਾਂ ਵਿੱਚ ਮਰੀਜ ਦੀ ਸਹੀ ਦੇਖ-ਭਾਲ ਨਹੀਂ ਹੋ ਰਹੀਂ ਜਾਂ ਫਿਰ ਕੋਰੋਨਾ ਸਿਆਸੀ ਡਰਾਮਾ ਹੈ। ਆਪਣੀ ਸੱਤਾ ਲਈ ਜਾਂ ਕਿਸੇ ਵੱਡੇ ਮਕਸਦ ਨੂੰ ਇਨਜਾਮ ਦੇਣ ਲਈ ਵੱਡੇ ਪੱਧਰ ਤੇ ਇਹ ਡਰਾਮਾ ਖੇਡਿਆ ਜਾ ਰਿਹਾ ਹੈ। ਕਿਤੇ ਇਹ ਤਾਂ ਨਹੀਂ ਕਿ ਸਰਕਾਰ ਆਮ ਲੋਕਾਂ ਨੂੰ ਕੁੱਟ-ਮਾਰ ਕਰਕੇ, ਘਰਾਂ ਵਿੱਚ ਬੰਦ ਕਰਕੇ ਆਪਣੇ ਮਨਸੂਬੇ ਪੂਰੇ ਕਰਨਾ ਚਾਹੁੰਦੀ ਹੈ? ਜੇਕਰ ਵਾਕਿਆ ਹੀ ਸਰਕਾਰ ਨੂੰ ਆਪਣੇ ਦੇਸ਼ ਵਾਸੀਆਂ ਦੀ ਫ਼ਿਕਰ ਹੈ, ਜੇਕਰ ਵਾਕਿਆ ਹੀ ਸਰਕਾਰ ਆਪਣੇ ਦੇਸ਼ ਵਾਸੀਆਂ ਨੂੰ ਕੋਰੋਨਾ ਕਾਰਨ ਘਰਾਂ ਅੰਦਰ ਵਾੜ ਰਹੀ ਹੈ ਤਾਂ ਸਰਕਾਰ ਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਸਰਕਾਰ ਦਾ ਫਰਜ਼ ਸਿਰਫ਼ ਆਪਣੇ ਦੇਸ਼ ਵਾਸੀਆਂ ਨੂੰ ਕੋਰੋਨਾ ਕਾਰਨ ਕੁੱਟ-ਮਾਰ ਕੇ ਘਰਾਂ ਅੰਦਰ ਵਾੜਣਾ ਹੀ ਨਹੀਂ ਹੈ ਸਗੋਂ ਘਰਾਂ ਅੰਦਰ ਬੈਠੇ ਦੇਸ਼ ਵਾਸੀਆਂ ਦੇ ਰੋਟੀ-ਪਾਣੀ ਅਤੇ ਰੋਜ਼ਮਰਾ ਦੀਆਂ ਚੀਜਾਂ ਦਾ ਪ੍ਰਬੰਧ ਕਰਨਾ ਵੀ ਸਰਕਾਰ ਦਾ ਹੀ ਫਰਜ਼ ਹੈ। ਦਿੱਲੀ ਦੇ ਬਾਰਡਰ ਤੇ ਕਿਸਾਨ ਅੰਦੋਲਨ ਵਿੱਚ ਬੈਠੇ ਵੀਰਾਂ, ਭੈਣਾਂ ਲਈ ਇਹ ਹੀ ਕਹਾਂਗਾ ਕਿ ਸਿਆਸੀ ਲੂੰਬੜ ਚਾਲਾਂ ਤਾਂ ਹਾਰ ਸਕਦੀਆਂ ਹਨ ਪਰ ਸਾਡੇ ਪਿੰਡਾ ਵਾਲੇ ਭੋਲੇ-ਭਾਲੇ ਲੋਕਾਂ ਦਾ ਇਕੱਠ ਕਦੇ ਨਹੀਂ ਹਾਰ ਸਕਦਾ। ਇਸ ਲਈ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹੋ! ਜਿੱਤ ਪੱਕੀ ਹੈ।
ਨੋਟ: ’ਲਿਖਾਰੀ’ ਵਿਚ ਪ੍ਰਕਾਸ਼ਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਭਵਨਦੀਪ ਸਿੰਘ ਪੁਰਬਾ
(ਮੁੱਖ ਸੰਪਾਦਕ: ਮਹਿਕ ਵਤਨ ਦੀ ਲਾਈਵ)
E-mail: bhawandeep.purba@gmail.com
Whatsapp or Help Line: +91 9988-92-9988