28 March 2024

ਬਾਬਾ ਵੇ ਕਲਾ ਮਰੋੜ – ਨੀ ਨਿੱਕੀਏ ਲਾ ਦੇ ਜੋਰ -ਸ਼ਿਵਚਰਨ ਜੱਗੀ ਕੁੱਸਾ

ਬਾਬਾ ਵੇ ਕਲਾ ਮਰੋੜ – ਨੀ ਨਿੱਕੀਏ ਲਾ ਦੇ ਜੋਰ

-ਸ਼ਿਵਚਰਨ ਜੱਗੀ ਕੁੱਸਾ-

ਅੱਜ ਕੱਲ੍ਹ ਮਾਨੁੱਖੀ ਬੰਬਾਂ ਦਾ ਬੜਾ ਰੌਲਾ ਪਿਆ ਹੋਇਆ ਹੈ। ਪੰਜਾਬ, ਇੰਗਲੈਂਡ, ਇਜ਼ਰਾਈਲ, ਗਾਜ਼ਾ ਪੱਟੀ, ਜਿੱਧਰ ਦੇਖੋ ਇੱਕੋ ਹੀ ਕਾਂਵਾਂਰੌਲੀ: ਮਾਨੁੱਖੀ ਬੰਬ – ਮਾਨੁੱਖੀ ਬੰਬ! ਜਦੋਂ ਕੋਈ ਫੜ ਲਿਆ ਜਾਂਦੈ, ਰੌਲਾ ਪਾ ਦਿੱਤਾ ਜਾਂਦੈ, “ਇਹ ਮਾਨੁੱਖੀ ਬੰਬ ਸੀ!” ਚਾਹੇ ਅਗਲਾ ਨਿਰਦੋਸ਼ ਹੀ ਕਿਉਂ ਨਾ ਹੋਵੇ। ਇਕ ਵਾਰੀ ਦੁਨੀਆਂ ਦਾ ਕਾਲਜਾ ਜ਼ਰੂਰ ਕੱਢ ਦਿੱਤਾ ਜਾਂਦੈ। ਮੇਰੇ ਵਰਗਾ ਰਾਤ ਨੂੰ ਐਵੈਂ ਹੀ ਮੰਜੀ ‘ਚੋਂ ਬੁੜ੍ਹਕ-ਬੁੜ੍ਹਕ ਡਿੱਗੀ ਜਾਂਦੈ, “ਹਾਏ ਮਾਨੁੱਖੀ ਬੰਬ!” ਇੰਗਲੈਂਡ ਵਿਚ ਇਕ ਬੁਲਗਾਰੀਆ ਦੇ ਨਿਰਦੋਸ਼ ਵਿਅਕਤੀ ਨੂੰ ਐਂਵੇਂ ਹੀ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ, ਅਖੇ ਜੀ ਮਾਨੁੱਖੀ ਬੰਬ ਸੀ। ਲੰਡਨ ਦੇ ਪੁਲਸ ਮੁਖੀ ਦਾ ਬਿਆਨ ਹੈ, ਕਹਿੰਦਾ ਹੁਣ ਹਰ ਸ਼ੱਕੀ ਬੰਦੇ ਦੀ ਪੁੜਪੜੀ ਪਾੜਿਆ ਕਰਾਂਗੇ, ਅਖੇ ਬੰਬ ਨਾ ਚਲਾ ਦੇਵੇ! ਬੱਕਰੇ ਦੀ ਜਾਨ ਗਈ ਅਤੇ ਖਾਣ ਵਾਲੇ ਨੂੰ ਸੁਆਦ ਨਾ ਆਇਆ। ਜਦੋਂ ਕਿਸੇ ਨੂੰ ਧਰਮਰਾਜ ਦੇ ਡੇਰੇ ਪਹੁੰਚਾਉਣਾ ਹੋਵੇ, ਉਸ ‘ਤੇ ਮਾਨੁੱਖੀ ਬੰਬ ਦਾ ਲੇਬਲ ਲਾ ਕੇ ਗੋਲੀ ਪੁੜਪੁੜੀ ‘ਚ ਮਾਰੋ, ਕਰ ਦਿਓ  ਖਲਪਾੜਾਂ! ਬੱਸ, ਨਾ ਸਹਿਆ ਨਿਕਲੇ ਤੇ ਨਾ ਕੁੱਤੀ ਭੌਂਕੇ! ਨਾ ਮੁਰਦਾ ਉਠੇ ਅਤੇ ਨਾ ਹੀ ਅਦਾਲਤ ‘ਚ ਕੋਈ ਬਿਆਨ ਦੇਵੇ! ਸਤਿਨਾਮ ਸ੍ਰੀ ਵਾਹਿਗੁਰੂ! ਕੰਮ ਖਤਮ। ਪਿੱਛੇ ਜਿਹੇ ਤੋਂ ਤਕਰੀਬਨ ਹਰ ਰੋਜ ਹੀ ਅਖ਼ਬਾਰਾਂ, ਰਸਾਲਿਆਂ ਜਾਂ ਵੈੱਬ-ਸਾਈਟਾਂ ‘ਤੇ ਪੜ੍ਹਦੇ ਹਾਂ; ਫਲਾਨਾ ਸਿੰਘ ਗ੍ਰਿਫ਼ਤਾਰ, ਉਹ ਮਾਨੁੱਖੀ ਬੰਬ ਬਣਨ ਜਾ ਰਿਹਾ ਸੀ। ਮੈਨੂੰ ਹਾਲੇ ਤੱਕ ਇਹ ਸਮਝ ਨਹੀਂ ਆ ਰਹੀ ਕਿ ਇਹਨਾਂ ਕੋਲੇ ਕਿਹੜੀ ਗਿੱਦੜਸਿੰਗੀ ਜਾਂ ਛੜਯੰਤਰ ਹੈ ਕਿ ਇਹ ਸੁੰਘ ਕੇ ਹੀ ਦੱਸ ਦਿੰਦੇ ਹਨ ਕਿ ਇਹ ਤਾਂ ਭਾਈ ਮਾਨੁੱਖੀ ਬੰਬ ਸੀ। ਕੀਤੀਆਂ ਦੁੱਲਿਆ ਤੇਰੀਆਂ ਪੇਸ਼ ਲੱਧੀ ਦੇ ਆਈਆਂ। ਕਹਿਣ ਦਾ ਮਤਲਬ ਕੀਤੀਆਂ ਮੰਤਰੀਆਂ ਦੀਆਂ ਅਤੇ ਭੁਗਤ ਆਮ ਜਨਤਾ ਰਹੀ ਹੈ!

ਮੈਨੂੰ ਇਕ ਗੱਲ ਚੇਤੇ ਆ ਗਈ। ਇਕ ਵਾਰੀ ਕਿਸੇ ਰਾਜੇ ਦਾ ਹਾਥੀ ਜੰਗਲ ਵਿਚ ਗੁਆਚ ਗਿਆ। ਉਸ ਨੇ ਚਾਰ ਦੇਸ਼ਾਂ ਦੀ ਪੁਲਸ ਸੱਦ ਲਈ। ਜਪਾਨ, ਕੈਨੇਡਾ, ਇੰਗਲੈਡ ਅਤੇ ਭਾਰਤੀ ਪੁਲਸ। ਪਹਿਲਾਂ ਜਪਾਨ ਦੀ ਪੁਲਸ ਜੰਗਲ ਵਿਚ ਗਈ, ਦੋ ਕੁ ਦਿਨ ਖੌਝਦੀ ਰਹੀ, ਕੁਝ ਨਾ ਮਿਲਿਆ ਤਾਂ ਹੱਥ ਝਾੜਦੀ ਬਾਹਰ ਆ ਗਈ। ਫਿਰ ਕੈਨੇਡਾ ਦੀ ਪੁਲਸ ਜੰਗਲ ਵਿਚ ਦਾਖਲ ਹੋਈ, ਦੋ ਕੁ ਦਿਨਾਂ ਬਾਅਦ ਉਹਨਾਂ ਨੇ ਵੀ ਹੱਥ ਖੜ੍ਹੇ ਕਰ ਦਿੱਤੇ, ਹਾਥੀ ਉਹਨਾਂ ਨੂੰ ਵੀ ਨਾ ਮਿਲਿਆ। ਵਾਰੀ ਆਈ ਇੰਗਲੈਂਡ ਪੁਲੀਸ ਦੀ। ਹੱਥ ਉਹਨਾਂ ਦੇ ਵੀ ਨਿਰਾਸ਼ਾ ਹੀ ਲੱਗੀ, ਹਾਥੀ ਨਾ ਮਿਲਿਆ। ਅਖੀਰ ਵਾਰੀ ਭਾਰਤੀ ਪੁਲਸ ਦੀ ਆ ਗਈ। ਉਹ ਰੈਂਗੜੇ ਅਤੇ ਤਲੈਂਬੜ ਫੜ ਜੰਗਲ ਵਿਚ ਜਾ ਘੁਸੇ। ਸਾਰਾ ਦਿਨ ਹਾਥੀ ਨੂੰ ਭਾਲਦੇ ਰਹੇ, ਝਾੜੀਆਂ ਫਰੋਲਦੇ ਰਹੇ, ਨਾ ਮਿਲਿਆ। ਸ਼ਾਮ ਜਿਹੀ ਨੂੰ ਦੋ-ਦੋ ਪੈੱਗ ‘ਰੂੜੀ-ਮਾਰਕਾ‘ ਦੇ ਲਾ ਕੇ ਉਹਨਾਂ ਨੇ ਇਕ ਬਾਂਦਰ ਫੜ ਲਿਆ। ਬੱਸ, ਫਿਰ ਕੀ ਸੀ? ਬਾਂਦਰ ਦੇ ਦੇਹ ਛਿੱਤਰ ‘ਤੇ ਛਿੱਤਰ! ਦੇਹ ਲੱਤ, ਦੇਹ ਮੁੱਕੀ। ਵਿਚਾਰੇ ਬਾਂਦਰ ‘ਚ ਤਾਂ ਪਾ ਦਿੱਤੇ ਚਿੱਬ। ਬਾਂਦਰ ਥੱਲੇ ਪਿਆ ਕੁਰਲਾਈ ਜਾਵੇ ਬਈ ਮੇਰਾ ਕਸੂਰ ਕੀ ਐ? ਭਾਰਤੀ ਪੁਲਸ ਕਹਿੰਦੀ ਕਸੂਰ ਤੇਰਾ ਇਹੀ ਐ ਬਈ ਤੂੰ ਬਾਂਦਰ ਐਂ, ਹਾਥੀ ਨਹੀਂ! ਫੇਰ ਡਹਿ ਗਏ ਕੁੱਟਣ, ਦੇਹ ਜੁੱਤੀ ਤੇ ਜੁੱਤੀ, ਦੇਹ ਛਿੱਤਰ ਤੇ ਛਿੱਤਰ। ਬਾਂਦਰ ਫੇਰ ਪਿੱਟਿਆ ਬਈ ਮੇਰਾ ਖਹਿੜਾ ਕਿਵੇਂ ਛੱਡੋਂਗੇ? ਕਹਿੰਦੇ ਖਹਿੜਾ ਤਾਂ ਛੱਡਾਂਗੇ, ਬਈ ਕਹਿ ਮੈਂ ਹਾਥੀ ਐਂ। ਬਾਂਦਰ ਵਿਚਾਰਾ ਦੋਨੋਂ ਹੱਥ ਜੋੜ ਕੇ ਆਖੀ ਜਾਵੇ, “ਮੈਂ ਹਾਥੀ ਐਂ ਜੀ ਪੁਲਸ ਜੀ-ਮੈਂ ਹਾਥੀ ਐਂ!” ਉਹਨੂੰ ਉਂਗਲ ਲਾ ਕੇ ਜੰਗਲ ‘ਚੋਂ ਬਾਹਰ ਲੈ ਆਏ, ਕਹਿੰਦੇ ਲਓ ਰਾਜਾ ਸਾਹਿਬ ਆਪਣਾ ਹਾਥੀ! ਰਾਜਾ ਕਹਿੰਦਾ; ਉਏ ਇਹ ਤਾਂ ਬਾਂਦਰ ਐ। ਭਾਰਤੀ ਪੁਲਸ ਕਹੇ; ਜੀ ਇਹਨੂੰ ਆਪ ਈ ਪੁੱਛਲੋ ਬਈ ਇਹ ਕੀ ਐ-ਆਪੇ ਈ ਦੱਸੂ-ਬੇਸ਼ੱਕ ਪੁੱਛ ਲਵੋ। ਬਾਂਦਰ ਵਾਰ ਵਾਰ ਹੱਥ ਜੋੜ ਕੇ ਆਖੀ ਜਾਵੇ, “ਜੀ ਮੈਂ ਹਾਥੀ ਐਂ ਜੀ ਰਾਜਾ ਜੀ-ਮੈਂ ਹਾਥੀ ਐਂ!” ਐਹੋ ਜੀ ਕਲਾਕਾਰੀ ਤਾਂ ਭਾਰਤੀ ਪੁਲਸ ‘ਚ ਐ। ਬਾਂਦਰ ਤੋਂ ਮਿੰਟ ‘ਚ ਹਾਥੀ ਬਣਾ ਦੇਣਾ!

ਪਰ ਉਹ ਤਾਂ ਭਾਰਤੀ ਜਾਂ ਪੰਜਾਬ ਪੁਲਸ ਦੀ ਕਾਰਗੁਜ਼ਾਰੀ ਸੀ, ਪਰ ਹੁਣ ਤਾਂ ਇੰਗਲੈਂਡ ਵਾਲੇ ਵੀ ਪਿੱਛੇ ਨਹੀਂ ਰਹਿੰਦੇ ਦਿਸਦੇ। ਜੇ ਇਕ “ਕਲਾ ਮਰੋੜਨ” ਵਾਸਤੇ ਕਹਿੰਦੈ ਤਾਂ ਦੂਜਾ ਗੱਲ ਭੁੰਜੇ ਨਹੀਂ ਡਿੱਗਣ ਦਿੰਦਾ, “ਨੀ ਨਿੱਕੀਏ ਲਾ ਦੇ ਜੋਰ!” ਇਸ ਤੋਂ ਇਲਾਵਾ ਜਨੇਵਾ ਕਨਵੈਨਸ਼ਨ ਅਤੇ ਮਾਨੁੱਖੀ ਅਧਿਕਾਰਾਂ ਦਾ ਫ਼ੋਕਾ ਢੰਡੋਰਾ ਪਿੱਟਣ ਅਤੇ ਥਾਂ-ਥਾਂ ‘ਤੇ ਮੱਖੀ ਵਾਂਗ ਭਿਣਕਣ ਵਾਲੇ ਅਮਰੀਕਾ ਦਾ ਤਾਂ ਪਹਿਲਾਂ ਹੀ ‘ਦੈਂਗੜ-ਦੈਂਗੜ’ ਵਾਲਾ ਹਾਲ ਹੈ। ਅਲ-ਕਾਇਦਾ ਦੇ ਕੈਦੀਆਂ ਲਈ ਬਣਾਈ ਗਈ ਸਪੈਸ਼ਲ ਜੇਲ੍ਹ ਅਤੇ ਅਬੂ-ਗਰੀਬ ਜੇਲ੍ਹ ਵਾਲੇ ਕਾਂਡ ਕਿਸ ਤੋਂ ਗੁੱਝੇ ਹਨ? ਕੀ-ਕੀ ਸਲੂਕ ਇਹਨਾਂ ਦੇ ਸਿਪਾਹੀਆਂ ਅਤੇ ਸਿਪੈਹਣਾਂ ਨੇ ਜੰਗੀ ਕੈਦੀਆਂ ਨਾਲ ਕੀਤਾ, ਜਿਹੜਾ ਉਹ ਕਾਨੂੰਨੀ ਤੌਰ ‘ਤੇ ਕਰ ਹੀ ਨਹੀਂ ਸਕਦੇ ਸਨ! ਆਹੀ ਹਾਲ ਇੰਗਲੈਂਡ ਵਾਲੇ ਟੋਨੀ ਬਲੇਅਰ ਦਾ ਹੈ, ਬੁਸ਼ ਦਾ ਪੱਕਾ ‘ਜੀ ਹਜੂਰੀਆ’, ਤੈਨੂੰ ਤਾਪ ਚੜ੍ਹੇ ਮੈਂ ਹੂੰਗਾਂ ਤੇਰੀ ਮੇਰੀ ਇਕ ਜਿੰਦੜੀ। ਇਹ ਸਾਮਰਾਜੀ ਮੁਲਕ ਦਾ ਪ੍ਰਧਾਨ ਮੰਤਰੀ ਅਮਰੀਕਾ ਦੀ ਬੰਸਰੀ ਨਾਲ ਤਾਲ ਮਿਲਾਉਂਦੈ; ਜਿੱਥੇ ਚੱਲੇਂਗਾ ਚੱਲੂੰਗੀ ਨਾਲ ਤੇਰੇ, ਟਿਕਟਾਂ ਦੋ ਲੈਲੀਂ, ਚਾਹੇ ਉਹ ਇਰਾਕ ਅਤੇ ਚਾਹੇ ਅਫ਼ਗਾਨਿਸਤਾਨ ਹੋਵੇ! ਜਾਰਜ ਡਬਲਿਊ ਬੁਸ਼ ਇਕ ਵਾਰ ਸੀਟੀ ਮਾਰ ਦੇਵੇ ਸਹੀ, ਇਹ ਮਾਂ ਦਾ ਪੁੱਤ ਘੱਗਰੀ ਪਾ ਕੇ ਨੱਚਣੋਂ ਹੀ ਨਹੀਂ ਹੱਟਦਾ, “ਚੱਲੂੰਗੀ ਤੇਰੇ ਨਾਲ ਵੇ ਮੁੰਡਾ ਨ੍ਹੀ ਚੱਕਣਾ!” ਆਪਣੇ ਦੇਸ਼ ਵਾਸੀਆਂ ਬਾਰੇ ਸੋਚਣ ਚਾਹੇ ਨਾ ਸੋਚਣ ਬਈ ਉਹਨਾਂ ਨਾਲ ਕੀ ਬੀਤੂਗੀ, “ਵੇ ਸੂਬੇਦਾਰਾ ਦੋ ਮੰਜੀਆਂ ਦੀ ਥਾਂ-ਇਕ ਤੂੰ ਡਾਹ ਲਈਂ-ਇਕ ਮੈਂ ਡਾਹ ਲਊਂ-ਭੁੰਜੇ ਪਊ ਤੇਰੀ ਮਾਂ!” ਖਸਮਾਂ ਨੂੰ ਖਾਣ ਦੇਸ਼ ਵਾਸੀ!

ਇਕ ਗੱਲ ਹੋਰ ਪੜ੍ਹ ਕੇ ਮੈਂ ਬੜਾ ਹੈਰਾਨ ਹੋਇਆ। ਸਾਡੇ ਪ੍ਰਧਾਨ ਮੰਤਰੀ ਸ੍ਰ: ਮਨਮੋਹਣ ਸਿੰਘ ਜੀ ਅਫ਼ਗਾਨਿਸਤਾਨ ਗਏ ਅਤੇ ਉਹਨਾਂ ਨੇ ਅਫ਼ਗਾਨਿਸਤਾਨ ਨੂੰ 150 ਕਰੋੜ ਰੁਪਏ ਮਾਲੀ ਮੱਦਦ ਦੇਣ ਦਾ ਐਲਾਨ ਕਰ ਆਏ। ਬੁੜ੍ਹੀਆਂ ਅਕਸਰ ਕਹਿੰਦੀਆਂ ਸੁਣੀਂਦੀਆਂ ਸੀ, “ਭੁੱਖੀ ਮਰੇ – ਹਿਲਾਈ ਠਣਕੇ!” ਅਖੇ ਭੋਡੋ ਕੜ੍ਹਾਹ ਵੰਡਦੀ ਐਂ? ਉਹ ਕਹਿੰਦੀ, ਵੇ ਟੁੱਟ ਪੈਣਿਆਂ ਛੜਿਆ ਮੈਂ ਤਾਂ ਆਪ ਡਿਬਕਦੀ ਫਿਰਦੀ ਐਂ! ਆਪਦੇ ਮੁਲਕ ਵਿਚ ਦੁਨੀਆਂ ਦਾ ਬੁਰਾ ਹਾਲ ਹੈ, ਬੇਰੁਜ਼ਗਾਰੀ ਸਿਖ਼ਰ ‘ਤੇ ਹੈ, ਝੁੱਗੀਆਂ ਝੌਂਪੜੀਆਂ ਵਾਲੇ ਭੁੱਖੇ ਮਰੀ ਜਾ ਰਹੇ ਹਨ, ਲੋਕ ਭੁੱਖੇ ਤਿਹਾਏ ਸੜਕਾਂ ‘ਤੇ ਦਿਨ ਕਟੀ ਕਰ ਰਹੇ ਹਨ, 1984 ਦੇ ਦੰਗਿਆਂ ਦੇ ਸਿ਼ਕਾਰ ਪੀੜਤ ਪ੍ਰੀਵਾਰ ਨਿੱਤ ਸਰਕਾਰ ਦਾ ਪਿੱਟ ਸਿਆਪਾ ਕਰਦੇ ਹਨ, ਤੇ ਸਾਡੇ ਸਤਿਕਾਰਯੋਗ ਪ੍ਰਧਾਨ ਮੰਤਰੀ ਜੀ ਹਿੰਦੋਸਤਾਨ ਵੱਲੋਂ ਅਫ਼ਗਾਨਿਸਤਾਨ ਨੂੰ 150 ਕਰੋੜ ਰੁਪਏ ਮੱਦਦ ਬਖ਼ਸ਼ ਰਹੇ ਨੇ! ਮੈਂ ਨਹੀਂ ਕਹਿੰਦਾ ਕਿ ਲੋੜਵੰਦ ਦੀ ਸਹਾਇਤਾ ਨਹੀਂ ਕਰਨੀ ਚਾਹੀਦੀ, ਜ਼ਰੂਰ ਕਰਨੀ ਚਾਹੀਦੀ ਹੈ। ਭੁੱਖੇ ਦਾ ਮੂੰਹ ਗੁਰੂ ਦੀ ਗੋਲਕ! ਪਰ ਘੱਟੋ ਘੱਟ ਆਪਣੀ ਚਾਦਰ ਦੇਖ ਕੇ ਤਾਂ ਪੈਰ ਪਸਾਰਨੇ ਚਾਹੀਦੇ ਹਨ। ਘਰ ਦੇ ਜੁਆਕ ਭੁੱਖੇ ਮਰਦੇ ਹੋਣ ਤਾਂ ਬਾਪੂ ਫ਼ੋਕੀ ਸ਼ੋਹਰਤ ਲਈ ਸੱਥ ਵਿਚ ਲੰਗਰ ਲਾਉਂਦਾ ਚੰਗਾ ਨਹੀਂ ਲੱਗਦਾ! ਜੇ ਇਹਨਾਂ ਵਿਚੋਂ 50 ਕੁ ਕਰੋੜ ਰੁਪਏ ਦੰਗਾ ਪੀੜਤਾਂ ਨੂੰ ਦੇ ਦਿੱਤਾ ਜਾਂਦਾ ਤਾਂ ਆਪਦੇ ਹੀ ਦੇਸ਼ ਦੇ ਲੋਕ ਗੁਣ ਨਾ ਗਾਉਂਦੇ? ਅਸੀਸਾਂ ਨਾ ਦਿੰਦੇ?

ਜਾਰਜ ਵਾਕਰ ਬੁਸ਼ ਨੇ ਤਾਂ ਬੜੇ ਦਮਗੱਜੇ ਮਾਰੇ ਸਨ, ਅਫ਼ਗਾਨਿਸਤਾਨ ਖ਼ੁਸ਼ਹਾਲ ਕਰ ਦਿਆਂਗੇ ਜੀ, ਇਰਾਕ ਨੂੰ ਸਵਰਗ ਬਣਾ ਦਿਆਂਗੇ। ਇੱਥੇ ਫ਼ਲਾਨਾ ਕਰ ਦਿਆਂਗੇ ਜੀ, ਧਿਔਂਕਾ ਕਰ ਦਿਆਂਗੇ ਜੀ, ਅਮਕਾ ਕਰ ਦਿਆਂਗੇ ਜੀ। ਹੁਣ? ਬੁਸ਼ ਨਾਲੋਂ ਚੰਗੇ ਤਾਂ ਸਾਡੇ ਪ੍ਰਧਾਨ ਮੰਤਰੀ ਸ੍ਰ: ਮਨਮੋਹਣ ਸਿੰਘ ਹਨ, ਜਿਹੜੇ ਘਰਦਿਆਂ ਦੇ ਗਲ ‘ਗੂਠਾ ਦੇ ਕੇ ਦੂਜਿਆਂ ਨੂੰ ਤਾਂ ਪਾਲਦੇ ਨੇ। ਹੈ ਕਿ ਨਹੀਂ ਦਰਿਆ ਦਿਲੀ? ਅਮਰੀਕਾ ਦਾ ਸਾਰਾ ਜੋਰ ਇਸ ਗੱਲ ‘ਤੇ ਲੱਗਿਆ ਹੋਇਆ ਹੈ ਕਿ ਉਸ ਤੋਂ ਬਿਨਾ ਕੋਈ ਐਟਮੀ ਹਥਿਆਰ ਨਾ ਬਣਾਵੇ, ਚਾਹੇ ਉਸ ਦਾ ਜਿੰਨਾਂ ਮਰਜ਼ੀ ਖਰਚਾ ਆ ਜਾਵੇ। ਪਹਿਲਾਂ ਕੋਰੀਆ ਅਤੇ ਹੁਣ ਇਰਾਨ ਨੂੰ ਧਮਕੀ ਦੇ ਮਾਰੀ ਹੈ। ਕੋਰੀਆ ਤਾਂ ਇਹਦੀ ਦੀ ਧਮਕੀ ਨੂੰ ਬਹੁਤੀ ਕੋਈ ਅਹਿਮੀਅਤ ਹੀ ਨਹੀਂ ਦਿੰਦਾ, ਬਰਾਬਰ ਦਾ ਸ਼ਰੀਕ ਜਿਉਂ ਹੋਇਆ! ਬੁਸ਼ ਵੀ ਚੱਡਿਆਂ ‘ਚ ਪੂਛ ਜਿਹੀ ਦੇ ਕੇ ਕੋਰੀਆ ਨੂੰ ਦੰਦੀਆਂ ਜਿਹੀਆਂ ਚਿੜਾਈ ਜਾਂਦਾ ਹੈ। ਪਰ ਕਰ ਕੁਝ ਵੀ ਨਹੀਂ ਸਕਦਾ। ਉਹ “ਵੱਡੇ ਸਿਰਾਂ” ਵਾਲੇ ਇਹਦੀ ਗੱਲ ‘ਤੇ ਕੰਨ ਹੀ ਨਹੀਂ ਧਰਦੇ। ਹੁਣ ਇਹ ਇਰਾਨ ਵਾਲਿਆਂ ਨੂੰ ਤੀਲੀ ਜਗਾ-ਜਗਾ ਕੇ ਦਿਖਾਈ ਜਾਂਦਾ ਹੈ; ਫ਼ੂਕ ਦਿਆਂਗੇ! ਪਰ ਦੁਨੀਆਂ ਨੂੰ ਇਹਦੀ ਸਮਝ ਆ ਗਈ ਹੈ ਕਿ ਅਫ਼ਗਾਨਿਸਤਾਨ ਅਤੇ ਇਰਾਕ ਦੀ ਲੜਾਈ ਕਿਉਂ ਲੜੀ ਗਈ ਸੀ, ਉਸ ਦੇ ਸਿੱਟੇ ਕੀ ਨਿਕਲੇ, ਕੀ ਦੁਨੀਆਂ ਉਥੇ ਹੁਣ ਸੁਖੀ ਹੈ? ਆਪਣੀ ਕਠਪੁਤਲੀ ਸਰਕਾਰ ਬਣਾ ਕੇ ਲੋਕਾਂ ਦੀ ਬਹੁਮਤ ਕੌਣ ਅਤੇ ਕਿਵੇਂ ਖੱਟੇਗਾ?

ਪਿਛਲੇ ਦਿਨੀਂ ਅਮਰੀਕਾ ਦੇ ਮਿਸੀਸਿੱਪੀ ਅਤੇ ਨਿਊ ਓਰਲੀਨਜ਼ ਏਰੀਏ ਵਿਚ ‘ਹੈਰੀਕਨ ਕੈਟਰੀਨਾਂ’ ਨੇ ਕੀ ਤਬਾਹੀ ਮਚਾਈ। ਪੂਰੇ ਜਰਮਨ ਦੇਸ਼ ਜਿੰਨਾਂ ਇਲਾਕਾ ਫ਼ਨਾਂਹ ਹੋ ਗਿਆ। ਘੋਰ ਸੰਕਟ ਵਿਚ ਘਿਰੇ ਲੋਕ ਉਥੇ ਬੁਸ਼ ਦਾ ਸਿਆਪਾ ਕਰਦੇ ਟੈਲੀਵਿਯਨ ‘ਤੇ ਸਾਰੀ ਦੁਨੀਆਂ ਨੇ ਵੇਖੇ। ਕਈਆਂ ਨੇ ਇਕ ਸਟੇਡੀਅਮ ਵਿਚ ਸ਼ਰਨ ਲੈ ਕੇ ਆਪਣੀ ਅਤੇ ਆਪਣੇ ਪ੍ਰੀਵਾਰਾਂ ਦੀ ਜਾਨ ਬਚਾਈ। ਕਈ ਵਿਚਾਰੇ ਦੁਖੀ ਹੋਏ ਇਹ ਵੀ ਕਹਿੰਦੇ ਸੁਣੇ ਗਏ ਕਿ ਸੁਨਾਮੀ ਲਹਿਰਾਂ ਮੌਕੇ ਅਮਰੀਕਾ ਨੇ ਉਹਨਾਂ ਦੀ ਤੁਰੰਤ ਮੱਦਦ ਕੀਤੀ, ਸਾਡੀ ਭਾਵ ਆਪਣੇ ਦੇਸ਼ ਵਾਸੀਆਂ ਦੀ ਸਾਰ ਕਿਉਂ ਨਹੀਂ ਲੈ ਰਿਹਾ? ਕਈ ਕਹਿ ਰਹੇ ਸਨ ਕਿ ਬੁਸ਼ ਨੂੰ ‘ਕਾਲੇ‘ ਲੋਕਾਂ ਨਾਲ ਕੋਈ ਹਮਦਰਦੀ ਨਹੀਂ। ਉਧਰ ਬੁਸ਼ ਕਹਿ ਰਿਹਾ ਹੈ, ਮੱਦਦ ਆ ਰਹੀ ਹੈ! ਤੀਆਂ ਮਗਰੋਂ ਕਿਸੇ ਨੇ ਕੀ ਲੁੰਗੀ ਫ਼ੂਕਣੀ ਹੈ? ਕਿਸੇ ਦੇਸ਼ ਵਿਚ ਤਬਾਹੀ ਮਚਾਉਣੀ ਹੋਵੇ ਤਾਂ ਹਥਿਆਰ ਜਹਾਜਾਂ ਰਾਹੀ ਫੱਟ ਜਾ ਉਤਰਦੇ ਨੇ, ਪਰ ਜਦੋਂ ਆਪਣੇ ਹੀ ਲੋਕ ਮੁਸੀਬਤ ਵਿਚ ਫ਼ਸੇ ਹੋਣ, ਉਦੋਂ ‘ਕੱਲੇ ਬਿਆਨ: ਮੱਦਦ ਆ ਰਹੀ ਹੈ। ਕੱਟੇ ਨੂੰ ਮਣ ਦੁੱਧ ਦਾ ਕੀ ਭਾਅ? ਜਨਤਾ ਦੇ ਜੁਆਕ ਅੱਜ ਭੁੱਖੇ-ਪਿਆਸੇ ਮਰ ਰਹੇ ਨੇ, ਦੁਆਈਆਂ ਉਹਨਾਂ ਕੋਲ ਨਹੀਂ, ਫਿਰ ਮੱਦਦ ਪਹੁੰਚੂ ਕਦੋਂ? ਚਾਨਣੀ ਦਿਵਾਲੀ ਨੂੰ? ਸਾਡੇ ਪ੍ਰਧਾਨ ਮੰਤਰੀ ਜੀ ਇੱਥੇ ਵੀ ਸੋਲ੍ਹਾਂ ਕਲਾਂ ਸੰਪੂਰਨ ਨਿਕਲੇ, 50 ਲੱਖ ਡਾਲਰ ਇੱਥੇ ਵੀ ਦਾਨ ਕਰ ਦਿੱਤਾ। ਖਸਮਾਂ ਨੂੰ ਖਾਣ ਦਿੱਲੀ ਦੰਗਿਆਂ ਦੀਆਂ ਵਿਧਵਾਵਾਂ ਅਤੇ ਦੰਗਿਆਂ ਵਿਚ ਉਜੜੇ ਲੋਕ! ਅਸੀਂ ਸੇਵਾ ਸਾਧ ਦੀ ਕਰਨੀ, ਬੇਬੇ ਚਾਹੇ ਪਈ ਮਰਜੇ!

ਇਕ ਗੱਲ ਹੋਰ ਇੱਥੇ ਵਰਨਣਯੋਗ ਹੈ ਕਿ ਭੁੱਖ ਪਿਆਸ ਦੇ ਸਤਾਏ ਲੋਕ ਦੁਕਾਨਾਂ ਲੁੱਟਣ ਤੁਰ ਪਏ, ਜਦੋਂ ਦੁਕਾਨਾਂ ਲੁੱਟੀਆਂ ਜਾ ਰਹੀਆਂ ਸਨ, ਬਲਾਤਕਾਰ ਹੋ ਰਹੇ ਸਨ, ਗੋਲੀਆਂ ਚੱਲ ਰਹੀਆਂ ਸਨ, ਉਦੋਂ ਪੁਲੀਸ ਆਈ ਅਤੇ ਦੁਕਾਨਾਂ ਲੁੱਟਦੇ ਲੋਕ ਦੇਖ ਕੇ ਅੱਗੇ ਤੁਰ ਗਈ। ਇਹ ਸਾਰਾ ਬ੍ਰਿਤਾਂਤ ਵੀ ਸਾਰੀ ਦੁਨੀਆਂ ਨੇ ਟੈਲੀਵਿਯਨ ‘ਤੇ ਦੇਖਿਆ। ਜਦੋਂ ਪੁਲੀਸ ਦੇ ਕੰਟਰੋਲ ਤੋਂ ਗੱਲ ਬਾਹਰ ਹੋ ਗਈ ਤਾਂ ਫ਼ੌਜ ਬੁਲਾ ਕੇ ਹਰੀ ਝੰਡੀ ਦੇ ਦਿੱਤੀ ਕਿ ਜਿਹੜਾ ‘ਹੀਲ-ਹੁੱਜਤ’ ਕਰਦਾ ਹੈ, ਗੋਲੀ ਮਾਰੋ! ਪੜ੍ਹ ਦਿਓ ਕੀਰਤਨ ਸੋਹਿਲਾ! ਮੈਂ ਇਹ ਵੀ ਨਹੀਂ ਕਹਿੰਦਾ ਕਿ ਗੁੰਡਾ ਅਨਸਰਾਂ ਨੂੰ ਨੱਥ ਨਹੀਂ ਪਾਉਣੀ ਚਾਹੀਦੀ, ਜ਼ਰੂਰ ਠੋਕ ਕੇ ਪਾਉਣੀ ਚਾਹੀਦੀ ਹੈ, ਪਰ ਇਹ ਹਾਲਾਤ ਵਿਗੜੇ ਹੀ ਕਿਉਂ? ਜੱਗ ਜਾਣਦਾ ਹੈ! ਜੇ ਭੁੱਖਿਆਂ-ਪਿਆਸਿਆਂ ਨੂੰ ਸਮੇਂ ਸਿਰ ਖਾਣ-ਪੀਣ ਦੀਆਂ ਸਹੂਲਤਾਂ ਪ੍ਰਦਾਨ ਕਰ ਦਿੱਤੀਆਂ ਜਾਂਦੀਆਂ, ਇਹ ਦੁਖਾਂਤ ਸ਼ੁਰੂ ਹੀ ਨਹੀਂ ਹੋਣਾ ਸੀ। ਇਹ ਹੈ ਦੁਨੀਆਂ ਦੇ ਸ਼ਕਤੀਸ਼ਾਲੀ ਦੇਸ਼ ਅਮਰੀਕਾ ਦੇ ਕਾਨੂੰਨ ਅਤੇ ਪ੍ਰਬੰਦਕ ਢਾਂਚੇ ਦਾ ਹਾਲ! ਬਾਕੀ ਗ਼ਰੀਬ ਦੇਸ਼ਾਂ ਦਾ ਕੀ ਹਾਲ ਹੋਵੇਗਾ? ਭੁੱਖੇ-ਪਿਆਸੇ ਅਤੇ ਘਰੋਂ ਬੇਘਰ ਹੋਏ ਮਜਬੂਰ ਲੋਕਾਂ ਨਾਲ ਸਾਡੀ ਦਿਲੀ ਹਮਦਰਦੀ ਹੈ, ਪਰ ਵੋਟਰ ਦੇਖ ਕੇ ਕੱਛਾਂ ਵਜਾਉਣ ਵਾਲੇ ਲੀਡਰ ਕਿਸ ਦੇ ਸਕੇ ਹੁੰਦੇ ਹਨ?

*****

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ 2005)
(ਦੂਜੀ ਵਾਰ ਸਤੰਬਰ 2021)

***
357
***

About the author

ਸ਼ਿਵਚਰਨ ਜੱਗੀ ਕੁੱਸਾ
ਸ਼ਿਵਚਰਨ ਜੱਗੀ ਕੁੱਸਾ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਸ਼ਿਵਚਰਨ ਜੱਗੀ ਕੁੱਸਾ

View all posts by ਸ਼ਿਵਚਰਨ ਜੱਗੀ ਕੁੱਸਾ →