21 September 2024
Nachhatar Singh Bhopal

 ਹੋਲਾ-ਮਹੱਲਾ/ਰੰਗ—ਨਛੱਤਰ ਸਿੰਘ ਭੋਗਲ, ਭਾਖੜੀਆਣਾ

1. ਹੋਲਾ-ਮਹੱਲਾ

ਬਾਜਾ ਵਾਲੇ ਸੰਤ ਸਿਪਾਹੀ
ਕੌਤਕ ਨਵਾਂ ਰਚਾਇਆ,
ਹੋਲੀ ਖੇਡਣ ਵਾਲ਼ਿਆਂ ਕੋਲੋਂ
ਹੋਲਾ ਸੀ ਖਿਡਵਾਇਆ।

ਅੱਖਾਂ ਮੋਹਰੇ ਤੱਕ ਜਾਲਮ ਨੂੰ
ਜੋ ਡਰਦੇ ਥਰ-ਥਰ ਕੰਬਣ,
ਉਹਨਾਂ ਨੂੰ ਲਾ ਗ਼ੈਰਤ ਦੇ ਟੀਕੇ
ਅਣਖ ‘ਨਾ ਜਿਊਣ ਸਿਖਾਇਆ।

ਸੁਪਨੇ ਵਿੱਚ ਨਾ ਕਰੀ ਲੜਾਈ
ਹਥਿਆਰ ਨਾ ਫੜਿਆ ਹੱਥੀ,
ਸੋਚ ਨੂੰ ਚਾੜ੍ਹਕੇ ਪਾਣ ਅਨੋਖੀ
ਮੈਦਾਨੇ-ਜੰਗ ਲੜਾਇਆ।

ਰੰਗ ਬਨਾਉਟੀ ਨੀਲੇ,ਪੀਲ਼ੇ
ਇਕ-ਦੂਜੇ ‘ਤੇ ਸੁੱਟਣ,
ਕੱਚੇ ਰੰਗਾਂ ਦੀ ਥਾਂ ਗੁਰੂ ਜੀ
ਲਹੂ ਦਾ ਰੰਗ ਚੜ੍ਹਾਇਆ।

ਡਾਂਗ ਸੋਟੀ ਨਾਂ ਫੜਕੇ ਵੇਖੀ
ਤਲਵਾਰ,ਢਾਲ ਨਾਂ ਨੇਜ਼ਾ,
ਉਹਨਾ ਨਿਮਾਣੇ ਹੱਥਾਂ ਦੇ ਵਿੱਚ
ਖੰਡਾ ਸੀ ਫੜਵਾਇਆ।

ਕਰਾਮਾਤ ਅੰਮ੍ਰਿਤ ਦੀ ਵਰਤੀ
ਗ਼ੈਰਤ ਉਹਨਾਂ ਦੀ ਜਾਗੀ,
ਚਿੜੀਆਂ ਤਾਂਈ ਸ਼ਕਤੀ ਦੇ ਕੇ
ਖ਼ੂਨੀ ਬਾਜ ਤੁੜਵਾਇਆ।

ਬਾਹਾਂ ਦੇ ਵਿੱਚ ਤਾਕਤ ਭਰਕੇ
ਦਿਲ ਵਿੱਚ ਹਿੰਮਤ-ਜ਼ੇਰਾ,
ਪਹੁਲ਼-ਖੰਡੇ ਦੀ ਦਾਤ ਬਖ਼ਸ਼ ਕੇ
ਸਿੱਖ ਤੋਂ,ਸਿੰਘ ਸਜਾਇਆ।

ਬਾਣੀ ਦੇ ਨਾਲ ਬਾਣਾ ਦਿੱਤਾ
ਸਿਰਾਂ ਤੇ ਸਜਣ ਦੁਮਾਲੇ,
ਪਛੜੇ ਅਤੇ ਨਿਤਾਣਿਆਂ ਤਾਂਈ
ਹੱਕ ਲੈਣਾ ਸਿੱਖਵਾਇਆ।

ਵਾਰ ਰੋਕਣ ਲਈ ਢਾਲ ਫੜਾਈ
ਕਮਰ-ਕੱਸੇ ਤਲਵਾਰਾਂ,
ਹੱਥਾਂ ਵਿੱਚ ਲਗਾਮ ਫੜਾਕੇ
ਘੋੜ ‘ਸਵਾਰ ਬਣਾਇਆ।

ਜਾਤ-ਪਾਤ ਦਾ ਖੰਡਨ ਕੀਤਾ
ਏਕ-ਉਂਕਾਰ ਦੀ ਪੂਜਾ,
ਨਾਂ ਕੋਈ ਵੈਰੀ ਨਹੀਂ ਬਿਗਾਨਾ
ਸਰਬੱਤ ਦਾ ਭਲਾ ਮਨਾਇਆ।

ਹਾਥੀ,ਘੋੜੇ,ਫ਼ੌਜਾਂ,ਲਸ਼ਕਰ
ਸ਼ਸਤਰ ਇਕੱਠੇ ਕੀਤੇ,
ਆਪਣੀ ਸੱਤਾ ਜਤਾਉਣੇ ਖ਼ਾਤਰ
ਨਗਾਰਾ ਇਕ ਮੜ੍ਹਵਾਇਆ।

ਸੁੱਤੀ ਹੋਈ ਕੌਮ ਜਗਾਈ
ਹੱਕ-ਧਰਮ ਲਈ ਲੱੜਨਾਂ,
ਨਛੱਤਰ ਭੋਗਲ,ਡਰਪੋਕਾਂ ਨੂੰ
ਗਿੱਦੜੋਂ ਸ਼ੇਰ ਬਣਾਇਆ।
***

2 “ਰੰਗ”

ਰੰਗਾਂ ਵਿੱਚ ਜੇ ਜੀਵਨ ਰੰਗਣਾ,
ਰੰਗਾਂ ਵਾਂਗਰ ਘੁਲ ਮਿਲ ਜਾਹ,
ਰੰਗਾਂ ਤੋਂ ਲੈ ਰੰਗ ਉਧਾਰੇ
ਆਪਣੀ ਦੁਨੀਆ ਨਵੀਂ ਵਸਾ।

ਮੇਰੀ ਸੁਰਤ ਵੀ ਰੰਗੀ ਜਾਵੇ
ਜਦ ਮੈਂ ਹਵਾ ਦੇ ਰੰਗ ਵੱਲ ਤੱਕਾਂ,
ਸਾਰੀ ਕਾਇਨਾਤ ਨੂੰ ਰੰਗ ਕੇ
ਆਪਣਾ ਰੰਗ ਉਹ ਦਏ ਚੜ੍ਹਾ।

ਪਾਣੀ ਦਾ ਰੰਗ ਸਿਫ਼ਤਾਂ ਭਰਿਆ
ਸੱਭ ਰੰਗਾਂ ਵਿੱਚ ਰਲ਼ ਜਾਂਦਾ ਏ,
ਸਿੱਖ ਲੈ ਸਾਂਝਾਂ ਪਾਉਣੀਆਂ ਇਸ ਤੋਂ,
ਐਸੀ ਕੋਈ ਵਿਉਂਤ ਬਣਾ।

ਕੇਸਰੀ,ਹਰਾ,ਜਾਂ ਹੋਵੇ ਭਗਵਾਂ
ਇਹ ਸੱਭ ਭੇਸ ਵਿਖਾਵੇ ਦੇ ਰੰਗ,
ਜੇ ਕਰ ਰੂਹ ਬੇਰੰਗੀ ਰੱਖੀ
ਐਵੇਂ ਧਰਮ ਦਾ ਰੌਲ਼ਾ ਨਾ ਪਾ।

ਹੁਸਨ ਦਾ ਰੰਗ ਮਗ਼ਰੂਰ ਬੜਾ ਹੈ
ਕੁਦਰਤ,ਦਾਤ ਅਨੋਖੀ ਬਖ਼ਸ਼ੀ,
ਤੱਕ,ਲਹਿੰਦੇ ਦੀ ਲਾਲੀ ਵਰਗਾ
ਸੁਰਖ਼ ਹੋਂਠਾਂ ਨੂੰ ਚੜ੍ਹਿਆ ਤਾਅ।

ਹੌਂਸਲੇ ਦਾ ਵੀ ਰੰਗ ਅਨੋਖਾ
ਜੱਗ ਤੇ ਕਾਠੀ ਪਾਉਣੀ ਜਾਣੇ,
ਕੁਦਰਤ ਨਾਲ ਲੜਾਈ ਕਰਦਾ
ਸਾਗਰ, ਪਰਬਤ ਲੈਂਦਾ ਗਾਹ।

ਇਸ਼ਕੇ ਦਾ ਰੰਗ ਭਗਤੀ ਰੰਗਾ,
ਚੜ੍ਹੇ ਖ਼ੁਮਾਰੀ ਦੂਣ ਸਵਾਈ,
ਯਾਰ ਜਾਂ ਮੁਰਸ਼ਦ ਨੂੰ ਜੇ ਪਾਉਣਾ
ਪਹਿਲਾਂ ਆਪਣੇ ਰੰਗ ਮਿਟਾਅ।

ਦਇਆ ਦਾ ਰੰਗ ਹੈ ਵੱਡਮੁਲਾ
ਕੋਮਲ ਫੁੱਲਾਂ ਵਾਂਗਰ ਹਿਰਦਾ,
ਜਾਤ-ਪਾਤ,ਰੰਗ,ਨਸਲਾਂ ਛੱਡਕੇ
ਹਰ ਇਨਸਾਨ ਨੂੰ ਗਲ਼ੇ ਲਗਾ।

ਯਾਰੀ ਦਾ ਰੰਗ ਕਦੇ ਨਾਂ ਫਿੱਟੇ
ਯਾਰ ਹੋਣ ਜਦ ਕ੍ਰਿਸ਼ਨ ਸੁਦਾਮਾ,
ਭੁੱਲ ਅਮੀਰੀ ਅਤੇ ਗਰੀਬੀ
ਇਕ ਦੂਜੇ ਦੇ ਸਾਹ ਵਿੱਚ ਸਾਹ।

ਰੰਗ ਨੀਂਦ ਜਾਂ ਸੁਪਨੇ ਵਾਲਾ
ਆਸ,ਉਮੀਦਾਂ ਵਾਂਗ ਰੰਗੀਲਾ,
ਐਸਾ ਚੜ੍ਹਿਆ ਕਦੇ ਨਾ ਉੱਡੇ
ਉਮਰਾਂ-ਭਰ ਲਈ ਰੰਗ ਹੰਢਾ।

ਨਿਮਰਤਾ ਦਾ ਰੰਗ ਵਾਹਵਾ ਗੂੜ੍ਹਾ
ਸਹਿਣ-ਸ਼ੀਲਤਾ ਵਾਂਗਰ ਪੱਕਾ,
ਕਦੇ ਵੀ ਫਿੱਕਾ ਪੈਣ ਨਾ ਦੇਵੀਂ
ਪੱਕੇ ਰੰਗ ਦਾ ਰੱਖ ਸੁਭਾਅ।

ਨਛੱਤਰ ਭੋਗਲ ਜੇ ਮੇਰੀ ਮੰਨੇਂ
ਹਰ ਰੰਗ ਦਾ ਹੋਵੇਂ ਤੂੰ ਹਾਣੀ,
ਜਿਸ ਦਾ ਕੋਈ ਰੰਗ ਨਾ ਹੋਵੇ
ਰੂਹ ਨੂੰ ਐਸਾ ਰੰਗ ਚੜ੍ਹਾ।
**
ਨਛੱਤਰ ਸਿੰਘ ਭੋਗਲ “ਭਾਖੜੀਆਣਾ “
**
691

Nachhatar Singh Bhopal

ਨਛੱਤਰ ਸਿੰਘ ਭੋਗਲ, ਭਾਖੜੀਆਣਾ

View all posts by ਨਛੱਤਰ ਸਿੰਘ ਭੋਗਲ, ਭਾਖੜੀਆਣਾ →